ਅਨੁਵਾਦ (Translate)

Tuesday 9 February 2016

ਜੋਗਿੰਦਰ ਸਿੰਘ ਰਾਹੀ ਦੀ ਗਲਪ-ਆਲੋਚਨਾ : ਅੰਤਰ-ਅਨੁਸ਼ਾਸਨੀ ਪਹੁੰਚ

ਡਾ. ਹਰਜੀਤ ਸਿੰਘ
the novel’s realism does not reside in the kind of life presents, 
but in the way to presents it. Ian Watt

ਪੰਜਾਬੀ ਸ਼ਬਦ-ਸਭਿਆਚਾਰ ਦੇ ਅੰਤਰਗਤ ਆਲੋਚਨਾਤਮਿਕ ਅਨੁਸ਼ਾਸਨ ਦਾ ਆਰੰਭ ਬਸਤੀਵਾਦੀ ਗਿਆਨਵਾਦ ਅਧੀਨ ਪ੍ਰਭਾਵਮਈ ਤੇ ਪ੍ਰਸੰਸਾਮਈ ਪ੍ਰਵਿਰਤੀ ਅਖ਼ਤਿਆਰ ਕਰਕੇ ਵਿਸ਼ੇਸ਼ਣੀ-ਆਲੋਚਨਾ ਦੇ ਰੂਪ ਵਿਚ ਸਾਹਮਣੇ ਆਉੱਦਾ ਹੈ, ਜਿਹੜਾ ਅੱਗੋਂ ਬਹਿਰੰਗ ਪ੍ਰਗਤੀਵਾਦੀ-ਮਾਰਕਸਵਾਦੀ ਸਿਧਾਂਤ ਦੇ ਆਗਮਨ ਦੁਆਰਾ ਸਿਧਾਂਤਕ-ਆਲੋਚਨਾ ਦੇ ਖੇਤਰ ਵਿਚ ਪ੍ਰਵੇਸ਼ ਕਰਦਾ ਵਿਸ਼ਲੇਸ਼ਣੀ-ਪ੍ਰਵਿਰਤੀ ਗ੍ਰਹਿਣ ਕਰਦਾ ਹੈ ਭਾਵੇਂ ਸਮਕਾਲੀ 'ਉੱਤਰ'ਦੀਆਂ ਸਥਿਤੀਆਂ ਅਧੀਨ ਇਹ ਵਿਸ਼ਲੇਸ਼ਣੀ-ਪ੍ਰਵਿਰਤੀ ਬਹੁ-ਕੇੱਦਰੀ ਸੁਰ ਅਖ਼ਤਿਆਰ ਕਰਦੀ ਹੋਈ ਵਿਭਿੰਨ ਆਲੋਚਨਾ-ਪੱਧਤੀਆਂ ਦੇ ਅੰਦਰਲੇ (intra) ਤੇ ਅੰਤਰਲੇ (inter) ਵਿਰੋਧਾਂ ਤੋਂ ਮੁਕਤ (ਜੋ ਅਸਲ ਵਿਚ ਨਹੀਂ ਹੈ) ਨਜ਼ਰੀ ਪੈਂਦੀ ਹੈ ਪ੍ਰੰਤੂ ਆਪਣੇ ਆਰੰਭਲੇ ਦੌਰ ਅਧੀਨ ਇਹ ਆਲੋਚਨਾਤਮਿਕ ਪ੍ਰਵਿਰਤੀ ਪ੍ਰਮੁੱਖ ਰੂਪ ਵਿਚ ਬਹਿਰੰਗ ਤੇ ਅੰਤਰੰਗ ਆਲੋਚਨਾ ਪੱਧਤੀਆਂ ਦੇ ਅੰਦਰਲੇ ਤੇ ਅੰਤਰਲੇ ਵਿਰੋਧਾਂ ਤੇ ਸੰਬਾਦਾਂ ਦੁਆਰਾ ਹੀ ਵਿਕਾਸਸ਼ੀਲ ਰਹਿੰਦੀ ਹੈ ਇਸ ਵਿਕਾਸ ਅਧੀਨ ਜਿਥੇ ਬਹਿਰੰਗ ਆਲੋਚਨਾ-ਪੱਧਤੀ ਸਾਹਿਤ-ਸਿਰਜਨਾ ਨੂੰ ਸਮਾਜ-ਸਾਪੇਖਕ ਹੋਂਦ ਮੰਨਦੀ ਹੋਈ ਸਮਾਜ ਦੀ ਆਧਾਰ ਤੇ ਪਰ-ਸੰਰਚਨਾ ਦੇ ਵਿਭਿੰਨ ਪੱਖਾਂ ਨੂੰ ਸੁਹਜਾਤਮਿਕ-ਤੱਤਾਂ ਦੇ ਸਮਾਵੇਸ਼ ਦੁਆਰਾ ਅਭਿਵਿਅਕਤੀ ਦੇਣ ਵਾਲੀ ਅਤੇ ਵਰਤਮਾਨ ਦੀਆਂ ਭਵਿੱਖਮੁੱਖੀ ਸੰਭਾਵਨਾਵਾਂ ਨੂੰ ਪਾਠਕ ਸਾਹਮਣੇ ਪੇਸ਼ ਕਰਨ ਵਾਲੀ ਸਿਰਜਨਾ ਸਵੀਕਾਰਦੀ ਪ੍ਰਸੰਗਮੂਲਕ ਪਰਿਪੇਖ ਤਿਆਰ ਕਰਦੀ ਹੈ ਉਥੇ ਇਸ ਆਲੋਚਨਾ-ਪੱਧਤੀ ਦੇ ਵਿਚਾਰਕ-ਵਿਰੋਧ ਤੇ ਸਿਧਾਂਤਕ-ਮਤਭੇਦ ਵਿਚੋਂ ਉਤਪੰਨ ਹੋਈ ਅੰਤਰੰਗ ਆਲੋਚਨਾ-ਪੱਧਤੀ ਸਾਹਿਤ-ਸਿਰਜਨਾ ਦੀ ਸਮਾਜ ਨਿਰਪੇਖ ਖ਼ੁਦਮੁਖ਼ਤਿਆਰ ਹੋਂਦ ਨੂੰ ਸਵੀਕਾਰਦੀ ਸਾਹਿਤ-ਸਿਰਜਨਾ ਦੇ ਅਰਥਾਂ ਨੂੰ ਅੰਦਰੂਨੀ ਸੰਰਚਨਾ ਵਿਚੋਂ ਨਿਰਧਾਰਨ ਕਰਨ 'ਤੇ ਜ਼ੋਰ ਦਿੰਦੀ ਹੈ ਇਹ ਆਲੋਚਨਾ-ਪੱਧਤੀ ਪੱਛਮੀ ਭਾਸ਼ਾ-ਵਿਗਿਆਨਿਕ ਮਾਡਲ ਉੱਤੇ ਅਧਾਰਿਤ ਰਚਨਾਕਾਰ ਦੇ ਜੀਵਨਮਈ ਵੇਰਵਿਆਂ ਅਤੇ ਇਤਿਹਾਸਕ ਪਰਿਪੇਖ ਨੂੰ ਪ੍ਰੋਖੇ ਕਰਦੀ ਹੋਈ ਗਲਪ/ਸਾਹਿਤ ਅਧਿਐਨ ਦਾ ਅਜਿਹਾ ਵਿਗਿਆਨਕ-ਸ਼ਾਸਤਰ ਉਸਾਨ ਲਈ ਕਾਰਜਸ਼ੀਲ ਰਹਿੰਦੀ ਹੈ, ਜਿਹੜਾ ਸਮਾਜਿਕ, ਇਤਿਹਾਸਕ, ਸਦਾਚਾਰਕ ਤੇ ਮਨੋਵਿਗਿਆਨਕ ਆਦਿ ਧਾਰਨਾਵਾਂ ਤੋਂ ਮੁਕਤ ਸਾਹਿਤ ਦੀ ਸਾਹਿਤਕਤਾ ਨਾਲ ਸੰਬੰਧਿਤ ਨਿਰੋਲ ਪਾਠਮੂਲਕ ਸਰੋਕਾਰਾਂ ਦਾ ਧਾਰਨੀ ਹੋਵੇ ਇਸ ਪ੍ਰਕਾਰ ਸਤੱਹੀ ਦ੍ਰਿਸ਼ਟੀ ਤੋਂ ਬਹਿਰੰਗ ਤੇ ਅੰਤਰੰਗ ਆਲੋਚਨਾ-ਪੱਧਤੀਆਂ ਵਿਚਕਾਰ ਗਲਪੀ-ਸਿਰਜਨਾ ਦੀ ਅਧਿਐਨ ਵਿਧੀ ਤੇ ਦ੍ਰਿਸ਼ਟੀ ਦਾ ਅੰਤਰ ਤੇ ਵਿਰੋਧ ਸਹਿਜ ਭਾਵ ਹੀ ਸਪੱਸ਼ਟ ਹੋ ਜਾਂਦਾ ਹੈ, ਜਿਸ ਨੂੰ ਵਿਸ਼ਲੇਸ਼ਣੀ ਪੰਜਾਬੀ ਆਲੋਚਨਾ ਦੇ ਇਤਿਹਾਸ ਦੇ ਆਰੰਭਲੇ ਦੌਰ ਅਧੀਨ ਪ੍ਰਤੱਖ ਤੇ ਪ੍ਰੋਖ ਰੂਪ ਵਿਚ ਗਤੀਸ਼ੀਲ ਵੇਖਿਆ ਜਾ ਸਕਦਾ ਹੈ
ਪ੍ਰੰਤੂ ਵਿਸ਼ਵ-ਪੱਧਤੀ ਆਲੋਚਨਾ ਦੇ ਸਮਾਨਾਂਤਰ ਪੰਜਾਬੀ ਗਲਪ-ਆਲੋਚਨਾ ਦੇ ਅੰਤਰਗਤ ਵੀ ਇਨ੍ਹਾਂ ਦੋਹਾਂ ਪਰਸਪਰ ਵਿਰੋਧੀ ਆਲੋਚਨਾ-ਪੱਧਤੀਆਂ ਅਧੀਨ ਸਮਨਿਵੈ ਬਠਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਦਾ ਪੰਜਾਬੀ ਗਲਪ-ਆਲੋਚਨਾ ਦੇ ਅੰਤਰਗਤ ਸਰਵ-ਪ੍ਰਥਮ ਸਰੂਪ ਬਹਿਰੰਗ ਤੇ ਅੰਤਰੰਗ ਅਲੋਚਨਾ ਪੱਧਤੀਆਂ ਦੇ ਸੰਬਾਦ ਵਿਚੋਂ ਸਿਧਾਂਤਕ ਤੇ ਵਿਹਾਰਿਕ ਆਧਾਰ ਤਿਆਰ ਕਰਦੀ 'ਰਾਹੀ ਗਲਪ-ਆਲੋਚਨਾ' (ਪੰਜਾਬੀ ਨਾਵਲ, ਮਸਲੇ ਗਲਪ ਦੇ, ਸਮਾਂ ਤੇ ਸੰਵਾਦ ਤੇ ਜੋਤ ਜੁਗਤ ਦੀ ਬਾਰਤਾ) ਦੇ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ ਇਸ ਗਲਪ-ਆਲੋਚਨਾ ਦੀ ਸਭ ਤੋਂ ਵੱਡੀ ਪ੍ਰਾਪਤੀ ਅੰਤਰ-ਸੰਬਾਦ ਦੀ ਪ੍ਰਕਿਰਿਆ ਦੁਆਰਾ ਆਰੰਭਿਕ ਪੰਜਾਬੀ ਮਾਰਕਸਵਾਦੀ-ਆਲੋਚਨਾ ਦੀਆਂ ਵਿਰੋਧਤਾਈਆਂ ਤੇ ਅਪ੍ਰਾਪਤੀਆਂ ਅਤੇ ਸਮਕਾਲੀ ਰੂਪਵਾਦੀ-ਸੰਰਚਨਾਵਾਦੀ ਆਲੋਚਨਾ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਤੋਂ ਸੁਚੇਤ ਗਲਪੀ-ਸਿਰਜਨਾ ਦੇ ਪ੍ਰਕਾਰਜ ਅਤੇ ਰੂਪ ਦੇ ਸੰਮਿਸ਼ਰਤ ਅਧਿਐਨ ਨੂੰ ਮਹੱਤਤਾ ਦੇਣ ਵਿਚ ਨਿਹਿਤ ਹੈ ਇਸ ਸੰਮਿਸ਼ਰਤ ਸਰੂਪ ਅਧੀਨ ਰਾਹੀ ਗਲਪ-ਆਲੋਚਨਾ ਯਥਾਰਥ-ਬੋਧ ਦੀ ਵਿਗਿਆਨਿਕ ਵਿਧੀ ਨੂੰ ਆਧਾਰ ਰੂਪ ਵਿਚ ਗ੍ਰਹਿਣ ਕਰਦੀ ਹੋਈ ਪੰਜਾਬੀ ਗਲਪੀ-ਟੈਕਸਟ ਦੀ ਮੌਲਿਕਤਾ ਤੇ ਮਹੱਤਤਾ ਨੂੰ ਅੰਤਰ-ਅਨੁਸ਼ਾਸ਼ਨੀ ਪਹੁੰਚ ਵਿਧੀਆਂ ਦੁਆਰਾ ਸਮਝਣ-ਸਮਝਾਉਣ ਦਾ ਯਤਨ ਕਰਦੀ ਹੈ ਅਤੇ ਸਮਾਜ-ਸ਼ਾਸਤਰੀ, ਵਿਧਾ-ਸ਼ਾਸਤਰੀ, ਮਾਨਵ-ਸ਼ਾਸਤਰੀ ਤੇ ਵਿਚਾਰਧਾਰਕ ਆਦਿ ਮਾਡਲਾਂ ਨੂੰ ਆਤਮ-ਸਾਤ ਕਰਕੇ ਨਿਰਯੰਤਰ ਵਿਕਾਸ ਪ੍ਰਕਿਰਿਆ ਅਧੀਨ ਗਿਆਨ-ਸ਼ਾਸਤਰੀ ਰੁਖ਼ ਅਖ਼ਤਿਆਰ ਕਰਦੀ ਹੈ ਇਸ ਗਿਆਨ-ਸ਼ਾਸਤਰੀ ਰੁਖ਼ ਦੇ ਅੰਤਰਗਤ ਇਹ ਗਲਪ-ਆਲੋਚਨਾ ਉਧਾਰਿਤ ਸਿਧਾਂਤ ਚਿੰਤਨ ਨੂੰ ਅਗਰਭੂਮੀ ਵਿਚ ਕਾਰਜਸ਼ੀਲ ਕਰਨ ਦੇ ਵਿਪਰੀਤ ਮੌਲਿਕ ਸਮਨਿਵੈ ਅਧਾਰਿਤ ਸਿਧਾਂਤ-ਚਿੰਤਨ ਨੂੰ ਪਿਠਭੂਮੀ ਵਿਚ ਗਤੀਸ਼ੀਲਤਾ ਪ੍ਰਦਾਨ ਕਰਨ ਉੱਤੇ ਬਲ ਦਿੰਦੀ ਹੈ ਇਸ ਕਾਰਨ ਹੀ ਸਮੁੱਚੀ ਰਾਹੀ-ਆਲੋਚਨਾ ਵਿਚ ਉਪਲੱਭਧ ਵਿਕੋਲਿਤਰੇ ਸਿਧਾਂਤ-ਚਿੰਤਨ (ਖ਼ਾਸ ਕਰ 'ਨਾਵਲ ਰੂਪ : ਖ਼ੁਦਮੁਖ਼ਤਾਰੀ ਦੀ ਸਮੱਸਿਆ' ਮਜ਼ਮੂਨ ਅਧੀਨ) ਦੇ ਅੰਤਰਗਤ ਸਿਧਾਂਤ ਤੇ ਵਿਹਾਰ ਦੇ ਅੰਤਰ ਤਨਾਉ ਤੇ ਟਕਰਾਉ ਨੂੰ ਸੁਲਝਾਉਣ ਤੇ ਸਮਝਾਉ ਦੀ ਮੂਲ ਚਿੰਤਾ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਕਾਰਜਸ਼ੀਲ ਰਹਿੰਦੀ ਹੈ
ਇਸ ਕਾਰਜਸ਼ੀਲਤਾ ਅਧੀਨ ਰਾਹੀ ਗਲਪ-ਆਲੋਚਨਾ ਸਰਵ-ਪ੍ਰਥਮ ਨਾਵਲ-ਆਲੋਚਨਾ ਦੇ ਖੇਤਰ ਵਿਚ ਗਤੀਸ਼ੀਲ ਹੁੰਦੀ ਹੋਈ ਵਸਤੂ-ਜਗਤ ਤੇ ਨਾਵਲੀ-ਜਗਤ ਦੇ ਦਵੰਦਾਤਮਿਕ ਸੰਬੰਧਾਂ ਨੂੰ ਵੇਖਦੀ ਨਾਵਲੀ-ਜਗਤ ਦੀ ਖ਼ੁਦਮੁਖ਼ਤਾਰ ਹੋਂਦ ਨੂੰ ਤਰਕਪੂਰਨ ਰੂਪ ਵਿਚ ਸਥਾਪਿਤ ਕਰਦੀ ਹੈ ਇਸ ਪ੍ਰਸੰਗ ਵਿਚ ਰਾਹੀ ਨਾਵਲ-ਆਲੋਚਨਾ ਦਾ ਖ਼ੁਦਮੁਖ਼ਤਾਰੀ ਦਾ ਸੰਕਲਪ ਭਾਸ਼ਾ-ਵਿਗਿਆਨ ਉੱਤੇ ਆਸ਼ਰਿਤ ਰੂਪ-ਕੇੱਦਰਿਤ ਆਲੋਚਨਾ-ਪੱਧਤੀਆਂ ਦੇ ਨਿਰਪੇਖ ਖ਼ੁਦਮੁਖ਼ਤਾਰੀ ਦੇ ਸੰਕਲਪ ਵਾਂਗ ਬੌਧਿਕ-ਰਹੱਸਵਾਦ ਦੇ ਨੇੜੇ ਨਹੀਂ ਵਿਚਰਦਾ, ਸਗੋਂ ਇਹ ਆਲੋਚਨਾ ਨਾਵਲੀ-ਵੇਰਵਿਆਂ ਦੇ ਸਮਰੂਪ ਵੇਰਵਿਆਂ ਦੀ ਵਸਤੂ-ਜਗਤ ਵਿਚਲੀ ਤਲਾਸ਼ ਨੂੰ ਅਸੰਭਵ ਕਿਆਸ ਕਰਦੀ ਹੋਈ ਨਾਵਲੀ-ਜਗਤ ਨੂੰ ਆਤਮ (subject) ਤੇ ਅਨਾਤਮ (object) ਦੇ ਦਵੰਦਾਤਮਿਕ ਸੰਬੰਧਾਂ ਵਿਚੋਂ ਉਪਜੇ ਅਨੁਭਵ ਦੇ ਕਲਾਤਮਿਕ ਰੂਪਾਂਤ੍ਰਣ ਦੁਆਰਾ ਅਸਤਿਤਵ ਵਿਚ ਆਇਆ ਪ੍ਰਾਰੂਪ ਸਵੀਕਾਰਦੀ ਹੈ ਨਾਵਲੀ-ਜਗਤ ਦਾ ਇਹ ਅਸਤਿਤਵੀ ਪ੍ਰਾਰੂਪ ਰਾਹੀ ਨਾਵਲ-ਆਲੋਚਨਾ ਅਨੁਸਾਰ ਵਸਤੂ-ਜਗਤ ਨਾਲ ਸੰਬੰਧ ਰੱਖਦਾ ਹੋਇਆ ਵੀ ਰਚਨਾਕਾਰ ਦੀਆਂ ਰਚਨਾਤਮਿਕ-ਲੋੜਾਂ ਵਿਚੋਂ ਗੁਜਰ ਕੇ ਵਸਤੂ-ਜਗਤ ਪ੍ਰਤੀ ਨਵੀਨ ਦ੍ਰਿਸ਼ਟੀਕੋਣ ਦਾ ਸੰਚਾਲਨ ਕਰਦਾ ਹੈ ਅਤੇ ਆਪਣੇ ਕਲਾਤਮਿਕ-ਪੱਧਰ ਅਨੁਸਾਰ ਵਿਸ਼ੇਸ਼ ਵਿਧੀ, ਦ੍ਰਿਸ਼ਟੀ ਤੇ ਸੰਦਰਭ ਦੁਆਰਾ ਸਾਪੇਖ-ਖ਼ੁਦਮੁਖ਼ਤਾਰੀ ਦਾ ਧਾਰਨੀ ਬਣਦਾ ਹੈ
ਪਹਿਲਾ ਕਾਰਨ ਤਾਂ ਇਹ ਹੈ ਕਿ ਹਰ ਨਾਵਲਕਾਰ ਆਪਣੀ ਪਾਤਰ-ਰਚਨਾ ਵਿਚ ਵਸਤੂ-ਜਗਤ ਵਿਚ ਪ੍ਰਾਪਤ ਪ੍ਰਾਰੂਪਾਂ ਤੋਂ ਪ੍ਰੇਰਿਤ ਹੋ ਕਿ ਵੀ ਨਾਵਲੀ ਪੱਧਰ ਉੱਤੇ ਆਪਣੇ ਵਿਸ਼ੇਸ਼ ਕਲਾਤਮਕ ਵਿਵੇਕ ਦੀਆਂ ਲੋੜਾਂ ਦੀ ਪੂਰਤੀ ਲਈ ਉਨ੍ਹਾਂ ਵਿਚ ਕੁਛ ਵਾਧੇ-ਘਾਟੇ ਵੀ ਕਰਦਾ ਹੈ ਦੂਜੇ, ਜੇ ਉਹ ਸਚੇਤ ਪੱਧਰ ਉੱਤੇ ਅਜਿਹਾ ਵਾਧਾ-ਘਾਟਾ ਨਾ ਵੀ ਕਰਨਾ ਚਾਹੇ ਤਾਂ ਵੀ ਸਾਦੇ ਤੋਂ ਸਾਦੇ ਮਨੁੱਖ ਦੀ ਜ਼ਿੰਦਗੀ ਵੀ ਏਨੀ ਜਟਿਲ ਹੁੰਦੀ ਹੈ ਕਿ ਉਸ ਦੇ ਸਾਰੇ ਅਤੇ ਸਾਰੀਆਂ ਸੰਭਾਵਨਾਵਾਂ ਨੂੰ ਸਿਰਜ ਸਕਣਾ ਵੈਸੇ ਹੀ ਕਿਸੇ ਨਾਵਲਕਾਰ ਲਈ ਸੰਭਵ ਨਹੀਂ ਹੁੰਦਾ…….ਤੀਜਾ, ਜੇ ਇਨ੍ਹਾਂ ਸਮੱਸਿਆਵਾਂ ਦੇ ਬਾਵਜੂਦ ਕਿਸੇ ਨਾਵਲੀ ਪਾਤਰ ਦਾ ਵਾਸਤਵਿਕ ਪ੍ਰਾਰੂਪ ਮਿਲ ਵੀ ਜਾਂਵੇ ਤਾਂ ਇਕ ਚੀਜ਼ ਫਿਰ ਵੀ ਗੁੰਮ ਹੋਵੇਗੀ ਤੇ ਉਹ ਹੈ ਸੰਦਰਭ1
ਇਸ ਕਾਰਨ ਹੀ ਵਿਚਾਰਧਾਰਕ ਪੱਧਰ 'ਤੇ ਰਾਹੀ ਨਾਵਲ-ਆਲੋਚਨਾ ਦਾ ਖ਼ੁਦਮੁਖ਼ਤਾਰੀ ਦਾ ਸੰਕਲਪ ਸਥਾਪਤੀਮੂਲਕ ਰੂਪ-ਕੇੱਦਰਿਤ ਆਲੋਚਨਾ-ਪੱਧਤੀਆਂ ਉੱਤੇ ਪ੍ਰੋਖ ਕਿੰਤੂ ਕਰਦਾ ਹੋਇਆ ਯਥਾਰਥ-ਬੋਧ ਦੀ ਵਿਗਿਆਨਿਕ-ਵਿਧੀ ਅਧੀਨ ਨਾਵਲੀ-ਜਗਤ ਤੇ ਵਸਤੂ-ਜਗਤ ਵਿਚਕਾਰ ਸੰਖੇਪਤਾ ਦੇ ਸੰਬੰਧਾਂ ਨੂੰ ਸਵੀਕਾਰਦਾ ਹੈ ਅਤੇ ਇਸ ਸੰਬੰਧ ਦੀ ਸਾਰਥਕਤਾ ਨਾਵਲੀ-ਜਗਤ ਵਿਚਲੇ ਵੇਰਵਿਆਂ ਦੀ ਵਸਤੂ-ਜਗਤ ਵਿਚਲੀ ਹੋਂਦ ਜਾਂ ਅਣਹੋਂਦ ਉੱਤੇ ਨਿਰਭਰ ਕਰਨ ਦੀ ਬਜਾਇ ਨਾਵਲੀ-ਜਗਤ ਦੇ ਉਸ ਵਿਸ਼ੇਸ਼ 'ਰਚਨਾਤਮਿਕ-ਵਿਵੇਕ' ਦੀ ਤਰਕਪੂਰਤਾ ਵਿਚ ਨਿਹਿਤ ਹੁੰਦੀ ਹੈ ਜਿਹੜਾ ਨਾਵਲੀ-ਜਗਤ ਤੇ ਵਸਤੂ-ਜਗਤ ਦੇ ਸਮਰੂਪ ਹੋਣ ਦਾ ਭਰਮ-ਸਿਰਜਦਾ ਹੈ
ਪ੍ਰੰਤੂ ਧਿਆਨਯੋਗ ਨੁਕਤਾ ਇਹ ਹੈ ਕਿ ਵਸਤੂ-ਜਗਤ ਉਤਪਾਦਨ ਤੇ ਪੁਨਰ-ਉਤਪਾਦਨ ਦੀ ਪ੍ਰਕਿਰਿਆ ਅਧੀਨ ਮਨੁੱਖੀ ਅਮਲ ਤੇ ਚੇਤਨਾ ਦੇ ਪਰਸਪਰ ਸੰਬੰਧਾਂ ਦੁਆਰਾ ਸਦਾ ਗਤੀਸ਼ੀਲ ਰਹਿੰਦਾ ਹੈ ਅਤੇ ਪਰਤਵੇਂ ਰੂਪ ਵਿਚ ਮਨੁੱਖੀ-ਚੇਤਨਾ ਨੂੰ ਪ੍ਰਭਾਵਿਤ ਕਰਦਾ ਹੋਇਆ ਸਮਾਜਿਕ-ਪ੍ਰਤੀਮਾਨਾਂ ਵਿਚਲੀ ਤਬਦੀਲੀ ਦਾ ਕਾਰਨ ਬਣਦਾ ਹੈ ਇਸ ਤਬਦੀਲੀ ਸਦਕਾ ਨਾਵਲੀ-ਸਿਰਜਨਾ ਵਿਚਲੇ ਰਚਨਾਤਮਿਕ-ਵਿਵੇਕ ਦੀ ਤਰਕਪੂਰਨਤਾ ਦੇ ਪ੍ਰਤੀਮਾਨ ਵੀ ਮਨੁੱਖੀ-ਚੇਤਨਾ ਦੇ ਵਿਕਾਸ ਅਨੁਸਾਰ ਸਹਿਭਾਵ ਹੀ ਤਬਦੀਲ ਹੁੰਦੇ ਜਾਂਦੇ ਹਨ, ਜਿਸ ਕਾਰਨ ਇਕ ਵਿਸ਼ੇਸ਼ ਸਮੇਂ ਤੇ ਸਥਾਨ ਵਿਚ ਤਰਕਪੂਰਨ ਤੇ ਸੰਭਾਵੀ ਪ੍ਰਤੀਤ ਹੁੰਦੀ ਸਥਿਤੀ ਪਰਿਵਰਤਤ ਹੋਈਆਂ ਸਮਾਜਕ/ਭੌਤਿਕ ਪ੍ਰਸਥਿਤੀਆਂ ਅਧੀਨ ਅਣਹੋਣੀ/ਅਸੰਭਵ ਪ੍ਰਤੀਤ ਹੋਣ ਲੱਗਦੀ ਹੈ ਇਸ ਲਈ ਨਾਵਲੀ-ਸਿਰਜਨਾ ਦੇ ਯਥਾਰਥਕ ਤੇ ਸੰਭਾਵੀ ਹੋਣ ਦੇ ਗੁਣਾਂ ਨੂੰ ਕੇਵਲ ਉਸੇ ਵਿਸ਼ੇਸ਼ ਸਮੇਂ ਤੇ ਸਥਾਨ ਦੇ ਸਥਾਪਿਤ ਮਾਪਦੰਡਾਂ/ਪ੍ਰਤੀਮਾਨਾਂ ਦੁਆਰਾ ਹੀ ਸਮਝਿਆ ਤੇ ਸਮਝਾਇਆ ਜਾ ਸਕਦਾ, ਜਿਨ੍ਹਾਂ ਵਿਸ਼ੇਸ਼ ਮਾਪਦੰਡਾਂ/ਪ੍ਰਤੀਮਾਨਾਂ ਵਿਚੋਂ ਨਾਵਲੀ-ਸਿਰਜਨਾ ਨੇ ਸਾਰਥਕ ਤੇ ਮੰਨਣਯੋਗ ਹੋਂਦ ਗ੍ਰਹਿਣ ਕੀਤੀ ਹੁੰਦੀ ਹੈ ਇਸ ਪ੍ਰਸੰਗ ਵਿਚ ਰਾਹੀ ਨਾਵਲ-ਆਲੋਚਨਾ ਸਿਧਾਂਤਕ ਪੱਧਰ 'ਤੇ (ਵਿਹਾਰਿਕ ਪੱਧਰ 'ਤੇ ਨਹੀਂ) ਆਧੁਨਿਕ-ਚੇਤਨਾ ਦਾ ਨਿਰੂਪਣ ਕਰਦੀ ਹੋਈ ਪੁਰਾਣੀ ਤੇ ਸਮਾਂ ਵਿਹਾ ਚੁੱਕੀ ਚੇਤਨਾ ਅਤੇ ਚੇਤਨਾ-ਰੂਪਾਂ ਦੀ ਤਤਕਾਲੀ ਸਥਿਤੀਆਂ/ਪ੍ਰਸਥਿਤੀਆਂ ਦੇ ਅਨੁਰੂਪ ਉਨ੍ਹਾਂ ਦੇ ਸੰਭਾਵੀ ਗੁਣ ਦੀ ਤਤਕਾਲੀ ਸਾਰਥਕਤਾ ਤੇ ਸੰਭਾਵਨਾ ਨੂੰ ਸਵੀਕਾਰਨ ਤੋਂ ਗੁਰੇਜ਼ ਕਰਦੀ ਨਜ਼ਰੀ ਪੈਂਦੀ ਹੈ ਜਿਵੇਂ :-
ਮਿਥ ਕਥਾ, ਮਹਾਂਕਾਵਿ, ਰੁਮਾਂਸ ਕਥਾ, ਬੀਰ ਕਥਾ ਜਾਂ ਜਨਮਸਾਖੀਆਂ ਆਦਿ ਵਰਗੇ ਪੁਰਾਣੇ ਰੂਪਾਂ ਨੂੰ ਸੰਭਾਵ ਜਾਂ ਸੰਭਾਵਿਤਾ ਦੇ ਨਿਯਮ ਦੀ ਲੋੜ ਨਹੀਂ ਸੀ ਉਹ ਆਪੋ-ਆਪਣੇ ਖਾਸੇ ਅਨੁਸਾਰ ਇਸ ਨਿਯਮ ਨੂੰ ਤੋੜਦੇ ਹਨ ਉਨ੍ਹਾਂ ਦੇ ਪਛਾਣ-ਚਿੰਨ੍ਹ ਇਸ ਨਿਯਮ ਨੂੰ ਤੋੜਨ ਦੀਆਂ ਵਿਸ਼ੇਸ਼ ਨੀਤੀਆਂ ਵਿਚ ਹੀ ਮਿਲਣਗੇ2
ਇਸ ਗੁਰੇਜ਼ ਅਧੀਨ ਰਾਹੀ ਨਾਵਲ-ਆਲੋਚਨਾ ਇਸ ਨੁਕਤੇ ਨੂੰ ਪ੍ਰੋਖੇ ਕਰ ਜਾਂਦੀ ਹੈ ਕਿ ਤਤਕਾਲੀਨ ਸਮੇਂ ਤੇ ਸਥਾਨ ਵਿਚ ਪਾਠਕ/ਸ੍ਰੋਤੇ ਲਈ ਗਲਪੀ-ਸਿਰਜਨਾ ਦੇ ਰਚਨਾਤਮਿਕ-ਵਿਵੇਕ ਦੀ ਤਰਕਪੂਰਨਤਾ ਦਾ ਆਧਾਰ ਸਮਕਾਲੀ ਤੱਥਾਂ (facts) ਦੀ ਬਜਾਇ ਤਤਕਾਲੀਨ ਯੁੱਗ-ਦ੍ਰਿਸ਼ਟੀ ਦੇ ਅਨੁਰੂਪ ਸੱਚ ਦੀ ਪੇਸ਼ਕਾਰੀ ਉਤੇ ਨਿਰਭਰ ਕਰਦਾ ਹੈ ਇਸ ਕਾਰਨ ਮਿੱਥ, ਮਹਾਂਕਾਵਿ ਤੇ ਰੁਮਾਂਸ ਆਦਿ ਗਲਪੀ-ਸਿਰਜਨਾਵਾਂ ਵੀ ਸੰਬੰਧਿਤ ਯੁੱਗ ਅਧੀਨ ਸੰਭਾਵਿਤਾ ਦੇ ਪੈਰਾਮੀਟਰ ਅਧੀਨ ਹੀ ਵਿਚਰਦੀਆਂ ਸੰਬੰਧਿਤ ਯੁੱਗ ਅਧੀਨ ਮੰਨਣਯੋਗਤਾ ਦਾ ਦਰਜਾ ਰੱਖਦੀਆਂ ਹਨ ਪ੍ਰੰਤੂ ਇਸ ਦੇ ਬਾਵਜੂਦ ਰਾਹੀ ਨਾਵਲ-ਆਲੋਚਨਾ ਦੀ ਇਸ ਸੰਦਰਭ ਵਿਚ ਵੱਡੀ ਪ੍ਰਾਪਤੀ ਨਾਵਲੀ-ਸਿਰਜਨਾ ਤੇ ਪੂਰਵਵਰਤੀ ਗਲਪੀ-ਸਿਰਜਨਾਵਾਂ ਦੇ ਅੰਤਰ-ਪਾਠੀ (inter-texuality) ਸੰਬੰਧਾਂ ਨੂੰ ਪਹਿਚਾਣਕੇ ਅਤੇ ਨਾਵਲੀ-ਸਿਰਜਨਾ ਅਧੀਨ ਮਿੱਥਾਂ ਤੇ ਆਦਰਸ਼ਾਂ ਦੇ ਨਿਰੂਪਣ ਨੂੰ ਯਥਾਰਥਵਾਦੀ-ਦ੍ਰਿਸ਼ਟੀ ਨਾਲ ਪਹਿਚਾਣ ਵਿਚ ਨਿਹਿਤ ਜ਼ਰੂਰ ਹੈ
ਇਸ ਤੋਂ ਇਲਾਵਾ ਰਾਹੀ ਨਾਵਲ-ਆਲੋਚਨਾ ਦਾ ਇਕ ਬੁਨਿਆਦੀ ਸਰੋਕਾਰ ਨਾਵਲੀ-ਸਿਰਜਨਾ ਨੂੰ ਵਿਧਾਗਤ ਜ਼ਾਵੀਏ ਤੋਂ ਵੇਖਣ ਨਾਲ ਸੰਬੰਧਿਤ ਹੈ ਇਸ ਅਧੀਨ ਰਾਹੀ ਨਾਵਲ-ਆਲੋਚਨਾ ਨਾਵਲੀ-ਸਿਰਜਨਾ ਨੂੰ ਆਲੋਚਨਾਤਮਿਕ-ਯਥਾਰਥਵਾਦੀ ਨਜ਼ਰੀਏ ਤੋਂ ਵੇਖਦੀ ਇਸਨੂੰ ਮਨੁੱਖੀ-ਜੀਵਨ ਦੀ ਤ੍ਰਾਸਦਿਕ ਸਥਿਤੀ/ਪ੍ਰਸਥਿਤੀਆਂ ਨੂੰ ਅਭਿਵਿਅਕਤ ਕਰਨ ਵਾਲਾ 'ਵਿਡੰਬਨਾਗਤ' (ironic mode) ਰੂਪ ਕਿਆਸ ਕਰਦੀ ਹੈ ਭਾਵੇਂ ਰਾਹੀ ਨਾਵਲ-ਆਲੋਚਨਾ ਨਾਵਲੀ-ਰੂਪ ਦੀ ਇਸ ਵਿਧਾਗਤ ਵਿਸ਼ੇਸ਼ਤਾ ਨੂੰ ਆਪਣੀ ਬਹੁ-ਭਾਸ਼ਾਈ ਸਮਰੱਥਾ ਦੁਆਰਾ ਪੱਛਮੀ ਸਿਧਾਂਤਕਾਰ ਪਾਸੋੱ ਗ੍ਰਹਿਣ ਕਰਦੀ ਹੈ, ਪਰ ਇਸ ਸੰਦਰਭ ਵਿਚ ਇਸ ਨਾਵਲ-ਆਲੋਚਨਾ ਦੀ ਮੌਲਿਕਤਾ ਵਿਡੰਬਨਾ ਦੇ ਤੱਤ ਨੂੰ ਪੰਜਾਬੀ ਨਾਵਲੀ-ਪਰੰਪਰਾ ਉੱਤੇ ਆਰੋਪਿਤ (application) ਕਰਨ ਦੀ ਬਜਾਇ ਨਿਗਮਨਾਤਮਕ (deductive method) ਵਿਧੀ ਦੁਆਰਾ ਇਸ ਤੱਤ ਨੂੰ ਪੰਜਾਬੀ ਨਾਵਲੀ-ਪਰੰਪਰਾ ਵਿਚੋਂ ਤਲਾਸ਼ਣ ਵਿਚ ਮੌਜ਼ੂਦ ਹੈ ਜਿਸ ਦਾ ਮੂਲ ਪ੍ਰਯੋਜਨ ਵਸਤੂ-ਪ੍ਰਾਰੂਪਾਂ ਉੱਤੇ ਕਿੰਤੂ ਕਰਕੇ ਮਨੁੱਖੀ-ਚੇਤਨਾ ਨੂੰ ਸਕਾਰਾਤਮਿਕ ਗਿਆਨ ਦੇ ਲੜ ਲਾਉਣਾ ਹੁੰਦਾ ਹੈ ਦਰਅਸਲ ਰਾਹੀ ਨਾਵਲ-ਆਲੋਚਨਾ ਦੇ ਅੰਤਰਗਤ 'ਵਿਡੰਬਨਾ-ਤੱਤ' ਦਾ ਪ੍ਰਯੋਗ ਅਜਿਹੇ ਸੰਕਲਪ ਵਜੋਂ ਹੋਇਆ ਹੈ ਜਿਹੜਾ ਇਕਮਾਤਰ ਨਾਵਲੀ-ਸਿਰਜਨਾ ਦੀ ਵਿਧਾਗਤ ਵਿਸ਼ੇਸ਼ਤਾ ਦਾ ਹੀ ਲਖਾਇਕ ਨਹੀਂ ਸਗੋਂ ਇਸ ਦੇ ਵਸਤੂ-ਪ੍ਰਾਰੂਪਾਂ ਨਾਲ ਜੁੜਨ ਦਾ ਵੀ ਪ੍ਰਤੀਕ ਹੈ ਕਿਉਂਕਿ ਰਾਹੀ ਨਾਵਲ-ਆਲੋਚਨਾ ਅਨੁਸਾਰ ਨਾਵਲੀ-ਸਿਰਜਨਾ ਦੀ ਮੂਲ ਵਿਧਾਗਤ ਪਹਿਚਾਣ 'ਵਿਡੰਬਨਾ' ਦੀ ਪ੍ਰਸਤੁਤੀ ਦੀ ਸਾਰਥਕਤਾ ਇਕ ਪਾਸੇ ਨਾਵਲੀ-ਪ੍ਰਾਰੂਪ ਅਧੀਨ ਮਿੱਥਾਂ/ਆਦਰਸ਼ਾਂ ਨੂੰ ਵਾਸਤਵਿਕਤਾ ਦੇ ਸੰਦਰਭ ਵਿਚ ਪਹਿਚਾਨਕੇ ਇਨ੍ਹਾਂ ਵਿਚਲੇ ਤਨਾਉ ਨੂੰ ਉਜਾਗਰ ਕਰਨ ਦੇ ਕਾਰਜ ਵਿਚ ਮੌਜ਼ੂਦ ਹੈ ਅਤੇ ਦੂਜੇ ਪਾਸੇ ਇਸ ਦੀ ਸਾਰਥਕਤਾ ਵਿਦਮਾਨ ਵਸਤੂ-ਜਗਤ ਦੀ ਮਿੱਥਕ-ਵਿਵਸਥਾ ਬਾਰੇ 'ਕਿੰਤੂ' ਦੇ ਰੂਪ ਵਿਚ ਗਿਆਨ ਪ੍ਰਦਾਨ ਕਰਕੇ ਮਿੱਥ-ਵਿਸਿਰਜਨ (demystification) ਦੇ ਕਾਰਜ ਵਿਚ ਲੁਪਤ ਹੈ ਜਿਹੜਾ ਮਿੱਥ-ਵਿਸਿਰਜਕ ਗਿਆਨ ਅਸੰਤੁਲਿਤ ਮਿੱਥਕ ਮੰਡੀ-ਸਮਾਜ ਦੇ ਮਨੁੱਖ ਦੀ ਸੁਪਨ-ਪੂਰਤੀ ਅਤੇ ਸਥਿਤੀਆਂ ਦੀ ਕਠੋਰਤਾ ਨਾਲ ਟਕਰਾਕੇ ਵਿਖੰਡਤ ਹੋਈ ਵਾਸਤਵਿਕ-ਪ੍ਰਾਪਤੀ ਵਿਚਲੇ ਤਨਾਉ ਦੇ ਕਾਰਨਾਂ ਨਾਲ ਸੰਬੰਧਿਤ ਹੈ ਇਸ ਤਰ੍ਹਾਂ ਰਾਹੀ ਨਾਵਲ-ਆਲੋਚਨਾ ਦੇ ਅੰਤਰਗਤ ਵਿਡੰਬਨਾ ਦਾ ਤੱਤ ਵਸਤੂ-ਰੂਪ ਵਿਚ ਸਮਾਜਿਕ-ਹੋਂਦ ਨਾਲ ਅਤੇ ਪ੍ਰਕ੍ਰਿਆ-ਰੂਪ ਵਿਚ ਨਾਵਲੀ-ਜਗਤ ਨਾਲ ਸੰਬੰਧਿਤ ਹੁੰਦਾ ਹੋਇਆ ਵਸਤੂ-ਜਗਤ ਨੂੰ ਸਮਝਣ ਦੀ ਦ੍ਰਿਸ਼ਟੀ ਤੇ ਨਾਵਲੀ-ਜਗਤ ਨੂੰ ਚਿਤਰਨ ਦੀ ਵਿਧੀ ਵਜੋਂ ਸਾਕਾਰ ਹੁੰਦਾ ਹੈ ਅਤੇ ਨਾਲ ਹੀ ਨਾਵਲੀ-ਜਗਤ ਤੇ ਵਸਤੂ-ਜਗਤ ਦੇ ਦਵੰਦਾਤਮਿਕ ਸੰਬੰਧਾਂ ਨੂੰ ਉਜਾਗਰ ਕਰਦਾ ਹੈ ਪ੍ਰੰਤੂ ਸਮੱਸਿਆ ਇਹ ਹੈ ਕਿ ਵਿਚਾਰਧਾਰਕ ਪੱਧਰ 'ਤੇ ਰਾਹੀ ਨਾਵਲ-ਆਲੋਚਨਾ ਅਧੀਨ ਵਿਡੰਬਨਾ-ਤੱਤ ਦੀ ਪ੍ਰਸਤੁਤੀ ਇਕਮਾਤਰ ਆਲੋਚਨਾਤਮਿਕ-ਯਥਾਰਥਵਾਦ ਦੇ ਘੇਰੇ ਦੇ ਅੰਤਰਗਤ ਹੀ ਕਾਰਜਸ਼ੀਲ ਰਹਿੰਦੀ ਹੈ, ਜਿਸ ਕਾਰਨ ਰਾਹੀ ਨਾਵਲ-ਆਲੋਚਨਾ ਵਸਤੂ-ਜਗਤ ਦੇ ਅੰਤਰ-ਵਿਰੋਧਾਂ ਤੇ ਤਨਾਵਾਂ ਦੇ ਸਮਾਧਾਨ ਲਈ ਕਿਸੇ ਪ੍ਰਕਾਰ ਦੇ ਸੰਭਾਵੀ ਵਿਕਾਸਮੂਲਕ-ਪਰਿਵਰਤਨ ਦੀ ਚੇਤਨਾ ਨਾਲ ਪ੍ਰਤੱਖ ਰੂਪ ਵਿਚ ਸੰਬੰਧਿਤ ਹੋਣ ਦੀ ਬਜਾਇ ਨਾਵਲੀ-ਜਗਤ ਦੀਆਂ ਕਲਾਤਮਿਕ ਰੀਤੀਆਂ ਅਧੀਨ ਰੂਪਾਂਤ੍ਰਤ-ਯਥਾਰਥ ਵਿਚੋਂ ਮਨੁੱਖ-ਹਿਤੈਸ਼ੀ ਡੂੰਘੀ ਮਾਨਵੀ ਅਕਾਂਖਿਆ ਜਾਂ ਸੁਪਨੇ ਦੇ ਪ੍ਰਗਤੀਸ਼ੀਲ ਅੰਸ਼ਾਂ ਨੂੰ ਤਲਾਸ਼ਣ ਤੱਕ ਹੀ ਸੀਮਿਤ ਰਹਿ ਜਾਂਦੀ ਹੈ, ਜੋ ਇਸ ਆਲੋਚਨਾ ਦੇ ਸੁਚੇਤ (ਜੋ ਅਚੇਤ ਪੱਧਰ 'ਤੇ ਸੰਭਵ ਨਹੀਂ) ਵਿਚਾਰਧਾਰਕ ਪ੍ਰਤਿਬੱਧਤਾ ਤੋਂ ਨਿਰਪੇਖ ਰਹਿਣ ਦਾ ਹੀ ਪਰਿਮਾਣ ਹੈ
ਪ੍ਰੰਤੂ ਇਹ ਨੁਕਤਾ ਵਿਚਾਰਨਯੋਗ ਹੈ ਕਿ ਸੁਚੇਤ ਵਿਚਾਰਧਾਰਕ ਪ੍ਰਤਿਬੱਧਤਾ ਤੋਂ ਨਿਰਲੇਪਤਾ ਦਾ ਇਹ ਨੁਕਤਾ ਰਾਹੀ ਨਾਵਲ-ਆਲੋਚਨਾ ਨੂੰ ਵਧੇਰੇ ਸੰਤੁਲਿਤ ਤੇ ਸਪੱਸ਼ਟ ਧਰਾਤਲ ਉੱਤੇ ਲੈ ਜਾਂਦਾ ਹੈ ਕਿਉਂਕਿ ਜਦੋਂ ਰਚਨਾ-ਦ੍ਰਿਸ਼ਟੀ ਦੇ ਮਾਧਿਅਮ ਦੁਆਰਾ ਵਿਚਾਰਧਾਰਾ ਨਾਵਲੀ-ਸਿਰਜਨਾ ਵਿਚ ਪ੍ਰਵੇਸ਼ ਕਰਦੀ ਹੈ ਤਾਂ ਉਸ ਅਧੀਨ ਇਕ ਖਾਲੀ-ਸਥਾਨ (absence) ਪ੍ਰਗਟ ਹੋ ਜਾਂਦਾ ਹੈ (ਕਿਉਂਕਿ ਕਿਸੇ ਨਾਵਲੀ-ਸਿਰਜਨਾ ਵਿਚ ਰਚਨਾਕਾਰ ਦੀ ਵਿਚਾਰਧਾਰਕ ਰਚਨਾ-ਦ੍ਰਿਸ਼ਟੀ ਦੀ ਚੋਣ ਦੁਆਰਾ ਪ੍ਰਵੇਸ਼ ਪਾਉਂਦਾ ਵਾਸਤਵਿਕ-ਪ੍ਰਾਰੂਪ ਦੇ ਕੁਝ ਅੰਸ਼ ਪ੍ਰਤੀਕੂਲ ਹੋਣ ਕਾਰਨ ਨਾਵਲੀ-ਸਿਰਜਨਾ 'ਚੋੱ ਗ਼ੈਰ-ਹਾਜ਼ਰ ਰਹਿੰਦੇ ਹਨ) ਰਚਨਾਕਾਰ ਭਾਵੇਂ ਇਨ੍ਹਾਂ ਵਿਰੋਧਾਂ ਨੂੰ ਵੱਖਰਾ ਕਰਨ ਦੀ ਚੇਸ਼ਟਾ ਕਰਦਾ ਹੈ, ਪਰ ਫਿਰ ਵੀ ਕੁਝ--ਕੁਝ ਭਿੰਨਤਾ ਅਜਿਹੀ ਅਵੱਸ਼ ਰਹਿ ਜਾਂਦੀ ਹੈ, ਜਿਹੜੀ ਖ਼ੁਦ ਵਿਚਾਰਧਾਰਾ ਦੀ ਉਪਜ ਹੁੰਦਾ ਹੈ ਕਿਉੱਜੋ ਕੁਝ ਕਹਿਣ ਲਈ ਅਜਿਹੇ 'ਬਹੁਤ ਕੁਝ' ਦੀ ਅਣਦੇਖੀ ਕਰਨੀ ਪੈਂਦੀ ਹੈ ਜੋ ਕਿਹਾ ਨਹੀਂ ਜਾ ਸਕਦਾ ਹੈ3 ਇਸ ਲਈ ਇਕ ਪ੍ਰਮਾਣਿਕ ਆਲੋਚਨਾਤਮਿਕ-ਕਾਰਜ ਲਈ ਨਾਵਲੀ-ਸਿਰਜਨਾ ਵਿਚ ਬਿੰਬਾਂ ਦੀ ਭਾਸ਼ਾ ਦੁਆਰਾ ਸੰਚਾਲਿਤ 'ਕਿਹਾ' ਤੇ 'ਅਣਕਿਹਾ' ਵਿਰੋਧ ਤੇ ਸਹਿਯੋਗ ਦੇ ਸੰਬੰਧਾਂ ਵਿਚ ਬੱਝੇ ਮਹੱਤਤਾ ਦੇ ਧਾਰਨੀ ਹੁੰਦੇ ਹਨ ਅਤੇ ਇਸ ਮਹੱਤਤਾ ਦੀ ਪਹਿਚਾਣ ਦਾ ਸੰਤੁਲਿਤ ਤੇ ਸਾਰਥਕ ਆਧਾਰ ਨਿਰਸੰਦੇਹ, ਬੰਧ-ਸਿਸਟਮ ਵਾਲੀ ਆਲੋਚਨਾ-ਦ੍ਰਿਸ਼ਟੀ (ਜੋ ਖੁਦ ਇਕ ਨਿਸ਼ਚਿਤ ਦਿਸ਼ਾ ਵੱਲ ਚਲਦੀ ਹੋਈ 'ਖਾਲੀ ਸਥਾਨ' ਦੀ ਸ਼ਿਕਾਰ ਹੁੰਦੀ ਹੈ) ਦੇ ਮੁਕਾਬਲੇ ਖੁੱਲੇ-ਅੰਤ (open ended) ਵਾਲੀ ਦ੍ਰਿਸ਼ਟੀ ਦੁਆਰਾ ਹੀ ਤਿਆਰ ਕੀਤਾ ਜਾ ਸਕਦਾ ਹੈ ਇਸ ਆਧਾਰ ਨੂੰ ਰਾਹੀ ਨਾਵਲ-ਆਲੋਚਨਾ ਸੁਚੇਤ ਵਿਚਾਧਾਰਕ ਪ੍ਰਤਿਬੱਧਤਾ ਤੋਂ ਨਿਰਲੇਪ ਰਹਿਕੇ ਨਾਵਲੀ-ਸਿਰਜਨਾ ਦੇ ਅਧਿਐਨ ਲਈ ਬਹਿਰੰਗ ਤੇ ਅੰਤਰੰਗ ਆਲੋਚਨਾ-ਦ੍ਰਿਸ਼ਟੀ ਦੇ ਸਮਨਿਵੈ ਦੁਆਰਾ ਤਿਆਰ ਕਰਦੀ ਹੈ ਅਤੇ ਨਾਵਲੀ-ਸਿਰਜਨਾ ਵਿਚ 'ਕਹੇ' ਅਤੇ 'ਅਣਕਹੇ' ਦੇ ਦਵੰਦਾਤਮਿਕ ਸੰਬੰਧਾਂ ਦੀ ਮਹੀਨ ਅਤੇ ਤਾਰਕਿਕ ਪਹਿਚਾਣ ਵੱਲ ਅਗ੍ਰਸਰ ਹੁੰਦੀ ਹੈ ਇਸ ਪਹਿਚਾਣ ਅਧੀਨ ਇਹ ਆਲੋਚਨਾ ਪਹਿਲਾਂ ਨਾਵਲੀ-ਸਿਰਜਨਾ ਦੇ ਥੀਮਿਕ ਵਿਸ਼ਲੇਸ਼ਣ ਦੁਆਰਾ ਉਸਦੇ ਵਿਧਾਗਤ, ਕਲਾਤਮਿਕ, ਸਮਾਜਕ, ਸੰਸਕ੍ਰਿਤਕ ਤੇ ਇਤਿਹਾਸਕ ਆਦਿ ਤੱਥਾਂ ਦੇ ਚੇਤਨ (ਪਾਠ) ਨੂੰ ਸਥਾਪਿਤ ਕਰਦੀ ਹੈ ਅਤੇ ਪਿਛੋਂ ਇਨ੍ਹਾਂ ਸਥਾਪਿਤ-ਤੱਥਾਂ ਨਾਲ ਸੰਬੰਧਿਤ ਅਵਚੇਤਨ (ਪ੍ਰਸੰਗ) ਨੂੰ ਅਗਰਭੂਮਿਤ ਕਰਨ ਵੱਲ ਰੁਚਿਤ ਹੁੰਦੀ ਹੈ ਇਸ ਦੇ ਅੰਤਰਗਤ ਰਾਹੀ ਨਾਵਲ-ਆਲੋਚਨਾ ਆਪਣੇ ਵਿਸ਼ਲੇਸ਼ਣੀ ਤੇ ਮੁੱਲਾਂਕਣੀ ਕਾਰਜ ਦਾ ਆਰੰਭ ਨਾਵਲੀ-ਸਿਰਜਨਾ ਦੇ ਚੇਤਨ ਤੋਂ ਅਵਚੇਤਨ ਅਰਥਾਤ ਪਾਠ ਤੋਂ ਪ੍ਰਸੰਗ ਵੱਲ ਚੱਲਦੀ ਹੋਈ ਕਿਸੇ ਪੂਰਵ ਨਿਸ਼ਚਿਤ ਸਿਧਾਂਤਕ-ਮਾਡਲ ਨੂੰ ਬਾਹਰੋਂ ਆਰੋਪਿਤ ਕਰਨ ਵਾਲੇ ਉਨ੍ਹਾਂ ਸਿਧਾਂਤਕ ਉਲਾਰਾਂ ਤੇ ਵਿਹਾਰਕ ਸਮੱਸਿਆਵਾਂ ਤੋਂ ਨਿਰਲੇਪ ਰਹਿੰਦੀ ਹੈ, ਜਿਹੜੀਆਂ ਪੂਰਵ-ਰਾਹੀ ਪੰਜਾਬੀ ਨਾਵਲ-ਆਲੋਚਨਾ ਨੂੰ ਮਕਾਨਕੀ ਰੂਪ ਦੇਣ ਲਈ ਕਾਰਜਸ਼ੀਲ ਸਨ ਇਸ ਪ੍ਰਕਾਰ ਰਾਹੀ ਨਾਵਲ-ਆਲੋਚਨਾ ਦਾ ਸਮਨਿਵੈ ਅਧਾਰਿਤ ਅਧਿਐਨ-ਮਾਡਲ ਇਸ ਆਲੋਚਨਾ ਨੂੰ ਨਾਵਲੀ-ਸਿਰਜਨਾ ਦੇ ਸਤਹੀ ਅਰਥਾਂ ਤੱਕ ਹੀ ਸੀਮਿਤ ਕਰਨ ਦੀ ਬਜਾਇ ਵਿਹਾਰਿਕ ਪੱਧਰ 'ਤੇ ਨਾਵਲੀ-ਸਿਰਜਨਾ ਦੇ ਸ਼ਿਲਪ-ਵਿਧਾਨ ਵਿਚ ਲੁਪਤ ਗਹਿਨ ਅਰਥਾਂ ਦੀ ਪਹਿਚਾਣ ਲੈ ਜਾਂਦਾ ਹੋਇਆ ਨਾਵਲੀ-ਸਿਰਜਨਾ ਦੇ ਬਹੁਅਰਥੀ ਸੁਭਾਅ ਬਾਰੇ ਗਿਆਨ ਦੇਣ ਦੇ ਨਾਲ-ਨਾਲ, ਇਸ ਵਿਚਲੀਆਂ ਖ਼ਾਮੋਸ਼ੀਆਂ ਨੂੰ ਜ਼ੁਬਾਨ ਦਿੰਦਾ ਨਾਵਲੀ-ਸਿਰਜਨਾ ਦੇ ਥੀਮਿਕ ਤੇ ਵਿਚਾਰਧਾਰਾਕ ਪ੍ਰਕਾਰਜ ਦੇ ਅੰਤਰ-ਸੰਬੰਧਾਂ ਤੇ ਸੰਵਾਦਾਂ ਨੂੰ ਪਹਿਚਾਣ ਤੱਕ ਲੈ ਪੁੱਜਦਾ ਹੈ
ਇਸ ਪਹਿਚਾਣ ਦਾ ਪ੍ਰਮਾਣਿਕ ਸਰੂਪ ਰਾਹੀ ਨਾਵਲ-ਆਲੋਚਨਾ ਲਈ ਕੇਵਲ ਉਹੀ ਹੈ ਜਿਸ ਅਧੀਨ ਰਚਨਾਕਾਰ ਨਾਵਲੀ-ਸਿਰਜਨਾ ਅਧੀਨ ਲੁਪਤ ਤਰੀਕੇ ਨਾਲ ਵਿਦਮਾਨ ਰਹਿੰਦਾ ਹੋਇਆ ਗਲਪੀ-ਬਿੰਬ ਅਤੇ ਪਾਤਰਾਂ ਦੇ ਅਸਤਿਤਵ ਨੂੰ ਸੁਰੱਖਿਅਤ ਰੱਖਕੇ ਵਸਤੂ-ਦ੍ਰਿਸ਼ਟੀ ਨੂੰ ਰਚਨਾਤਮਿਕ-ਵਿਵੇਕ ਅਧੀਨ ਰੂਪਾਂਤ੍ਰਤ ਕਰਦਾ ਹੈ ਅਜਿਹਾ ਕਰਨਾ ਕਿਸੇ ਰਚਨਾਕਾਰ ਲਈ ਤਦ ਹੀ ਸੰਭਵ ਹੁੰਦਾ ਹੈ ਜਦੋਂ ਰਚਨਾਕਾਰ ਮਹਿਦੂਦ-ਚੇਤਨਾ ਦੀ ਮਹੱਤਤਾ ਨੂੰ ਸਵੀਕਾਰਦਾ ਹੋਇਆ ਘਟਨਾਵਾਂ ਨੂੰ ਦੱਸਣ (telling) ਦੀ ਥਾਂ ਦਿਖਾਉਣ (showing) ਦੀ ਨਾਟਕੀ-ਜੁਗਤ ਦਾ ਪ੍ਰਯੋਗ ਕਰਦਾ ਹੈ ਅਤੇ ਵਰਨਣ ਨੂੰ ਬਿਰਤਾਂਤ ਦਾ ਸਹਾਇਕ ਬਣਾਕੇ ਪੇਸ਼ ਕਰਦਾ ਪਾਠਕ ਦੇ ਵਿਵੇਕ ਅਤੇ ਰਚਨਾਤਮਿਕ-ਸ਼ਕਤੀ ਦੀ ਸਮਰੱਥਾ ਉੱਤੇ ਵਿਸ਼ਵਾਸ ਪ੍ਰਗਟਾਉਂਦਾ ਹੈ
ਗਲਪਕਾਰ ਅਗਰਭੂਮੀ ਵਿਚ ਸੂਤਰਧਾਰ ਦੀ ਬੋਲੋੜੀ ਭੂਮਿਕਾ ਨਿਭਾਉਣ ਦੀ ਬੇਸਬਰੀ ਦਿਵਾਏਗਾ ਤਾਂ ਸੰਭਵ ਹੀ ਇਕ ਐਸੀ ਸੰਰਚਨਾ ਬਣ ਸਕਦੀ ਹੈ ਜਿਸ ਦੀ ਤਹਿ ਵਿਚ ਸੂਰਤਧਾਰ ਦੇ ਕਥਨਾਂ ਤੋਂ ਬਿਲਕੁਲ ਵਿਰੋਧੀ ਅਰਥ ਸੰਰਚਨਾ ਦੀ ਹੇਠਲੀ ਤਹਿ ਵਿਚੋਂ ਲਾਵੇ ਵਾਂਗੂੰ ਫੁੱਟ ਸਕਦੇ ਹਨ ਐਸੀ ਸਥਿਤੀ ਦੁਆਰਾ ਬਣਿਆ ਅੰਤਰ-ਵਿਰੋਧ ਸੂਰਤਧਾਰ ਦੇ ਪ੍ਰਵਚਨ ਨੂੰ ਘੁਣ ਵਾਂਗ ਅੰਦਰੋਂ ਹੀ ਖਾ ਸਕਦਾ ਹੈ4
ਇਸ ਕਾਰਨ ਹੀ ਰਾਹੀ ਨਾਵਲ-ਆਲੋਚਨਾ ਨਾਵਲੀ-ਸਿਰਜਨਾ ਦੀ ਭਾਸ਼ਾ ਨੂੰ (ਡੋਰਥੀ ਵਾਨ ਗ੍ਹੈੱਟ ਦੇ ਹਵਾਲੇ ਨਾਲ) 'ਬਿੰਬਾਂ ਦੀ ਭਾਸ਼ਾ' ਦੀ ਆਖਦੀ ਹੋਈ ਇਸ ਦੇ ਅਧਿਐਨ ਲਈ 'ਪੜ੍ਹਤਮੁੱਖੀ' ਰੁਖ਼ ਅਪਣਾਉੱਦੀ ਪਾਠ ਵਿਚਲੇ ਬਿਰਤਾਂਤ ਦੀ ਵਿਆਖਿਆ ਤੇ ਵਿਸ਼ਲੇਸ਼ਣ ਕਰਦੀ ਹੈ ਅਜਿਹਾ ਕਰਦੇ ਸਮੇਂ ਰਾਹੀ ਨਾਵਲ-ਆਲੋਚਨਾ ਸਰਵ-ਪ੍ਰਥਮ ਨਾਵਲੀ-ਰੂਪ ਦੀਆਂ ਰਚਨਾਤਮਿਕ ਰੀਤੀਆਂ ਦਾ ਅਧਿਐਨ ਕਰਦੀ ਰਚਨਾ ਦਾ ਨਾਵਲੀ-ਪਰੰਪਰਾ ਅਧੀਨ ਅੰਤਰ-ਪਾਠੀ ਸੰਬੰਧਾਂ ਰਾਹੀਂ ਸਥਾਨ ਅਤੇ ਰਚਨਾ ਦੇ ਰਚਨਾ-ਦ੍ਰਿਸ਼ਟੀ ਦੇ ਸਰੋਕਾਰਾਂ ਨੂੰ ਉਜਾਗਰ ਕਰਦੀ ਹੈ ਅਤੇ ਨਾਲ ਹੀ ਹੋਰਨਾਂ ਆਲੋਚਕਾਂ ਦੀਆਂ ਸੰਬੰਧਿਤ ਰਚਨਾ ਬਾਰੇ ਸਥਾਪਿਤ ਧਾਰਨਾਵਾਂ ਨਾਲ ਵੀ ਸੰਵਾਦ ਦਾ ਰਿਸ਼ਤਾ ਸਥਾਪਿਤ ਕਰਦੀ ਹੈ ਜਿਸ ਦੀ ਧੁਨੀ ਨਾਵਲੀ-ਪਰੰਪਰਾ ਦੇ ਅੰਤਰਗਤ ਮੌਜ਼ੂਦ ਕਈਆਂ ਭ੍ਰਾਂਤੀਆਂ ਨੂੰ ਦਰੁਸਤ ਕਰਨ ਦਾ ਸਿਧਾਂਤਕ ਯਤਨ ਵੀ ਕਰਦੀ ਹੈ
ਰਾਹੀ ਨਾਵਲ-ਆਲੋਚਨਾ ਦੀ ਇਹ ਸਿਧਾਂਤਕ-ਚੇਤਨਾ, ਨਿਰਵਿਵਾਦ, ਵਿਸ਼ਵ-ਪੱਧਰੀ ਗਲਪ-ਸ਼ਾਸਤਰੀਆਂ ਦੇ ਉਨ੍ਹਾਂ ਸੰਕਲਪਾਂ ਉੱਤੇ ਆਸ਼ਰਿਤ ਹੈ ਜਿਨ੍ਹਾਂ ਰਾਹੀਂ ਉਨ੍ਹਾਂ ਵਿਦਵਾਨਾਂ ਨੇ ਗਲਪੀ-ਸਿਰਜਨਾ ਅਧੀਨ ਕਾਰਜਸ਼ੀਲ ਲੁਪਤ 'ਆਮ' ਨੇਮਾਂ ਦਾ ਸੁਚੇਤ, ਸੰਗਠਿਤ ਤੇ ਸੀਮਾਬੱਧ ਪ੍ਰਬੰਧ ਦਾ ਨਿਰਮਾਣ ਕਰਦਿਆਂ ਨਾਵਲੀ-ਸਿਰਜਨਾ ਦੀ ਸਮਝ ਤਿਆਰ ਕਰਨ ਦਾ ਕਾਰਜ ਕੀਤਾ ਹੈ ਇਨ੍ਹਾਂ ਵਿਦਵਾਨਾਂ ਵਿਚੋਂ ਰਾਹੀ ਨਾਵਲ-ਆਲੋਚਨਾ ਇਆਨ ਵਾਟ, ਡੋਰਥੀ ਵਾਨ ਗ੍ਹੈਂਟ, ਮਾਰਕ ਸ਼ੋਰਰ, ਜਾਰਜ ਲੁਕਾਚ ਤੇ ਮਿਸ਼ਾਇਲ ਬਾਖ਼ਤੀਨ ਦੇ ਕ੍ਰਮਾਵਾਰ ਯਥਾਰਕ-ਵਿਧਾ, ਵਿਅਕਤੀਕਰਨ ਤੇ ਪ੍ਰਤੀਨਿਧੀਕਰਨ, ਅਮਿੱਥੀਕਰਨ, ਪਾਤਰ-ਪੋੜੀ ਤੇ ਸੰਬਾਦ ਦੇ ਸੰਕਲਪਾਂ ਤੇ ਸਿਧਾਂਤਾਂ ਨੂੰ ਗ੍ਰਹਿਣ ਕੀਤਾ ਹੈ ਇਸ ਪ੍ਰਸੰਗ ਵਿਚ ਰਾਹੀ ਨਾਵਲ-ਆਲੋਚਨਾ ਦੀ ਅਹਿਮ ਪ੍ਰਾਪਤੀ ਇਨ੍ਹਾਂ ਸੰਕਲਪਾਂ ਨੂੰ ਜਜ਼ਬ ਕਰੇ ਪੰਜਾਬੀ ਨਾਵਲੀ-ਪਾਠਾਂ ਵਿਸ਼ੇਸ਼ ਸੰਦਰਭ ਵਿਚ ਸਰਲ ਤੇ ਸਪੱਸ਼ਟ ਆਲੋਚਨਾਤਮਿਕ ਭਾਸ਼ਾ ਨਾਲ ਸਮਝਣ ਅਤੇ ਇਨ੍ਹਾਂ ਸੰਕਲਪਾਂ ਤੇ ਸਿਧਾਂਤਾਂ ਦੇ ਅੰਤਰ-ਸੰਬੰਧਾਂ ਤੇ ਅੰਤਰ-ਵਿਰੋਧਾਂ ਦੀਆਂ ਕਨਸੋਈਆਂ ਨੂੰ ਸਮਝਣਯੋਗ ਬਣਾਉਣ ਦੀ ਵਿਧੀ ਵਿਚ ਨਿਹਿਤ ਹੈ ਪ੍ਰੰਤੂ ਇਸ ਸੰਦਰਭ ਵਿਚ ਸਮੱਸਿਆ ਇਹ ਹੈ ਕਿ ਇਨ੍ਹਾਂ ਸੰਕਲਪਾਂ ਤੇ ਸਿਧਾਂਤਾਂ ਨੂੰ ਸਪੱਸ਼ਟ ਕਰਨ ਦੇ ਮੋਹ ਅਧੀਨ ਰਾਹੀ ਨਾਵਲ-ਆਲੋਚਨਾ ਕਈ ਵਾਰ ਦੋਹਰਾਮੂਲਕ ਪ੍ਰਵਿਰਤੀ ਦੀ ਧਾਰਨੀ ਹੋ ਜਾਂਦੀ ਹੈ ਅਤੇ ਇਕੋ ਪੰਜਾਬੀ ਨਾਵਲੀ-ਪਾਠਾਂ ਨੂੰ ਮਸਾਲ ਵਜੋਂ ਚੁਣਨ ਦੇ ਦੋਹਰਾਉ ਤੋਂ ਮੁਕਤ ਨਹੀਂ ਰਹਿੰਦੀ, ਜਿਸ ਕਾਰਨ ਹੀ ਪੰਜਾਬੀ ਨਾਵਲੀ-ਪਾਠਾਂ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁਲਾਂਕਣ ਦਾ ਦੋਹਰਾਉ ਇਸ ਆਲੋਚਨਾ ਅਧੀਨ ਕਈ ਪੱਧਰਾਂ ਉੱਤੇ ਕਾਰਜਸ਼ੀਲ ਦ੍ਰਿਸ਼ਟੀਗੋਚਰ ਹੁੰਦਾ ਹੈ
ਪ੍ਰੰਤੂ ਇਸ ਦੇ ਬਾਵਜੂਦ ਵੀ ਰਾਹੀ ਨਾਵਲ-ਆਲੋਚਨਾ ਆਪਣੀ ਅੰਤਰ-ਅਨੁਸ਼ਾਸਨੀ ਵਿਧੀ ਦੁਆਰਾ ਨਾਵਲੀ-ਸਿਰਜਨਾ ਵਿਚਲੀ ਬਣਤਰ ਤੇ ਬੁਣਤਰ ਅਧੀਨ ਕਾਰਜਸ਼ੀਲ ਰਚਨਾਤਮਿਕ ਨੇਮਾਂ ਨੂੰ ਪਹਿਚਾਣਦੀ ਹੈ ਅਤੇ ਆਪਣੀ ਵਿਸ਼ੇਸ਼ ਰਚਨਾਤਮਿਕ ਸ਼ੈਲੀ ਰਾਹੀਂ ਪੰਜਾਬੀ ਨਾਵਲੀ-ਸ਼ਾਸਤਰ ਨੂੰ ਸਿਸਟਿਮਕ ਢਾਂਚੇ 'ਤੇ ਉਸਾਰਨ ਦਾ ਯਤਨ ਕਰਦੀ ਹੈ ਇਸ ਯਤਨ ਅਧੀਨ ਰਾਹੀ ਨਾਵਲ-ਆਲੋਚਨਾ ਅੰਤਰ-ਅਨੁਸ਼ਾਸਨੀ ਪਹੁੰਚ ਦੇ ਆਧਾਰ 'ਤੇ ਆਪਣੇ ਸਿਧਾਂਤਕ-ਮਾਡਲ ਦਾ ਨਿਰੂਪਣ ਕਰਦੀ ਹੋਈ ਨਾਵਲੀ-ਸਿਰਜਨਾ ਨੂੰ ਵਿਧਾਗਤ ਨਜ਼ਰੀਏ ਤੋਂ ਅਜਿਹਾ ਖੁੱਲ੍ਹੇ-ਡੁੱਲੇ ਗਦਾਤਮਿਕ-ਬਿਰਤਾਂਤਕ ਰੂਪਾਕਾਰ ਸਵੀਕਾਰਦੀ ਹੈ, ਜਿਹੜਾ ਵਿਡੰਬਨਾ ਦੇ ਜ਼ਾਵੀਏ ਤੋਂ ਵਸਤੂ-ਪ੍ਰਾਰੂਪ ਦੇ ਵਿਭਿੰਨ ਪੱਖਾਂ ਨੂੰ ਉਨ੍ਹਾਂ ਦੀ ਵਿਸ਼ਾਲਤਾ ਤੇ ਸਮੁੱਚਤਾ ਵਿਚ ਪੁਨਰ-ਸਿਰਜਤ ਕਰਦਾ ਹੋਇਆ ਵਸਤੂ-ਪ੍ਰਾਰੂਪ ਪ੍ਰਤੀ ਨਵੀਨ ਸਮਝ ਪੈਦਾ ਕਰਦਾ ਹੈ ਅਤੇ ਆਪਣੇ ਰਚਨਾਤਮਿਕ-ਵਿਧਾਨ ਦੀਆਂ ਵਿਸ਼ੇਸ਼ਤਾਵਾਂ ਅਧੀਨ ਸਾਪੇਖ-ਖ਼ੁਦਮੁਖ਼ਤਾਰੀ ਦਾ ਧਾਰਨੀ ਹੁੰਦਾ ਹੈ
ਇਸ ਨਾਵਲ-ਆਲੋਚਨਾ ਦੇ ਨਾਲ ਹੀ ਰਾਹੀ ਗਲਪ-ਆਲੋਚਨਾ ਦਾ ਦੂਜਾ ਪਸਾਰ ਕਹਾਣੀ ਆਲੋਚਨਾ ਨਾਲ ਸੰਬੰਧਿਤ ਹੈ, ਜਿਸ ਅਧੀਨ ਰਾਹੀ ਕਹਾਣੀ-ਆਲੋਚਨਾ ਕਹਾਣੀ-ਸਿਰਜਨਾ ਦੀ ਹੋਂਦ-ਵਿਧੀ ਤੇ ਪ੍ਰਗਟਾਉ ਵਿਧੀ ਨੂੰ ਕਹਾਣੀ-ਸਿਰਜਨਾ ਦੇ ਅਕਾਰ ਵਿਚ ਨਿਹਿਤ ਕਰਨ ਦੀ ਬਜਾਇ ਉਨ੍ਹਾਂ ਵਿਸ਼ੇਸ਼ ਰੂਪਾਗਤ-ਵਿਸ਼ੇਸ਼ਤਾਵਾਂ ਰਾਹੀਂ ਵੇਖਦੀ ਹੈ, ਜਿਹੜੀਆਂ ਕਹਾਣੀ-ਸਿਰਜਨਾ ਦੇ ''ਨੂੰ ਸਾਹਿਤ ਦੇ ਹੋਰ ਰੂਪਾਂ ਨਾਲੋਂ ਨਿਖੇੜਦੀਆਂ ਤੇ ਵੱਖਰੀ ਤੇ ਸੁਤੰਤਰ ਹੋਂਦ ਪ੍ਰਦਾਨ ਕਰਦੀਆਂ ਹਨ''5 ਪ੍ਰੰਤੂ ਇਸ ਦੇ ਬਾਵਜੂਦ ਰਾਹੀ ਕਹਾਣੀ-ਆਲੋਚਨਾ ਕਹਾਣੀ-ਸਿਰਜਨਾ ਦੀ ਸਭ ਤੋਂ ਮਹੱਤਵਪੂਰਨ ਰੂਪਾਗਤ-ਵਿਸ਼ੇਸ਼ਤਾ ਇਸ ਦੇ ਨਿੱਕੇ ਹੋਣ ਵਿਚ ਹੀ ਨਿਹਿਤ ਕਰਦੀ ਹੈ, ਜਿਹੜਾ ਨਿੱਕਾਪਨ ਨਿਰਸੰਦੇਹ ਕਹਾਣੀ-ਸਿਰਜਨਾ ਦੇ ਆਕਾਰ ਉਤੇ ਅਧਾਰਿਤ ਨਹੀਂ ਸਗੋਂ ਇਸ ਵਿਚਲੀ ਵਸਤੂ ਦੀ ਸੰਕੁਚਿਤ ਪੇਸ਼ਕਾਰੀ 'ਤੇ ਨਿਰਭਰ ਹੈ ਇਸ ਪ੍ਰਸਤੁਤੀ ਲਈ ਕਹਾਣੀ-ਸਿਰਜਨਾ ਦੀਆਂ ਰੂਪਾਗਤ-ਸੀਮਾਵਾਂ ਅਨੁਸਾਰ ਵਸਤੂ ਦੀ ਪ੍ਰਸਤੁਤੀ ਵਿਆਖਿਆ, ਉਪਦੇਸ਼ ਜਾਂ ਵਰਨਣ ਦੀ ਬਜਾਇ ਇਕ ਵਿਸ਼ੇਸ਼ ਪ੍ਰਕਾਰ ਦੇ ਕਲਾਤਮਿਕ ਸੰਜਮ 'ਤੇ ਨਿਰਭਰ ਕਰਦੀ ਹੈ, ਜਿਸ ਵਿਚ ਸੰਖੇਪਤਾ ਤੇ ਸੰਕੇਤਕਤਾ ਦੇ ਗੁਣ ਦੀ ਮੌਜੂਦਗੀ ਹੁੰਦੀ ਹੈ ਇਹ ਸੰਖੇਪਤਾ ਤੇ ਸੰਕੇਤਕਤਾ ਦਾ ਇਹ ਗੁਣ ਹੀ ਰਾਹੀ ਕਹਾਣੀ-ਆਲੋਚਨਾ ਲਈ ਕਹਾਣੀ ਦੀ ਵਿਧਾਮੂਲਕ ਵਿਲੱਖਣਤਾ ਤੇ ਪਹਿਚਾਣ ਨੂੰ ਸਥਾਪਿਤ ਕਰਨ ਵਾਲਾ ਤੱਤ ਹੈ ਇਸ ਕਾਰਨ ਹੀ ਰਾਹੀ ਕਹਾਣੀ-ਆਲੋਚਨਾ ਕਹਾਣੀ ਵਿਚ ਬਿਰਤਾਂਤ ਦੀ ਪ੍ਰਸਤੁਤੀ ਲਈ ਵਰਨਣ/ਵਿਆਖਿਆ ਦੇ ਅਧਿਕ ਪ੍ਰਯੋਗ ਦੀ ਮਨਾਹੀ ਨੂੰ ਲਾਗੂ ਕਰਦੀ ਹੈ, ਜਿਹੜੀ ਵਰਨਣ/ਵਿਆਖਿਆ ਦੀ ਵਰਜਣਾ ਕਹਾਣੀ ਨੂੰ ਆਪਣੇ ਮਨੋਰਥ-ਪੂਰਤੀ ਲਈ ਆਦੇਸ਼ ਦੀ ਥਾਂ ਸੁਝਾਉ ਦੇਣ ਦਾ ਪੈਂਤੜਾ ਅਪਣਾਉਣ ਲਈ ਮਜਬੂਰ ਕਰਦੀ ਕਹਾਣੀ ਨੂੰ ਆਪਣੇ 'ਨਾਮ' ਤੇ 'ਆਕਾਰ' ਵਾਲੇ ਪ੍ਰਾਚੀਨ ਰੂਪਾਕਾਰਾਂ ਨਾਲੋਂ ਨਿਖੇੜ ਹੈ
ਇਸ (ਕਹਾਣੀ) ਦਾ ਢੰਗ ਸੂਖ਼ਮ ਇਸ਼ਾਰੇ ਦਾ ਹੈ ਨਿੱਕੀ ਕਹਾਣੀ ਵਿਚ ਕਿਸੇ ਉਚੇਚੀ ਵਿਆਖਿਆ, ਉਪਦੇਸ਼, ਪ੍ਰਚਾਰ ਜਾਂ ਸਿੱਖਿਆ ਲਈ ਕੋਈ ਥਾਂ ਨਹੀਂ ਇਸ ਦੀ ਪ੍ਰਗਟਾਉ-ਵਿਧੀ ਵਿਚ ਇਕ ਕਿਸਮ ਦਾ ਕਲਾਤਮਕ ਸੰਜਮ ਦਰਕਾਰ ਹੈ ਗੱਲ ਥੋੜੀ ਕਹੀ ਜਾਂਦੀ ਹੈ ਪਰ ਇਹ ਥੋੜ੍ਹੀ ਗੱਲ ਨਾਲ ਵੀ ਪਾਠਕ ਦੀ ਸੋਚ ਨੂੰ ਇਕ ਵੱਡੀ ਜੁੰਬਿਸ਼ ਮਿਲਦੀ ਹੈ਼ਨਿੱਕੀ ਕਹਾਣੀ ਆਧੁਨਿਕ ਪਾਠਕ ਨੂੰ ਇਕ ਸਿਆਣਾ ਤੇ ਸੋਚਵਾਨ ਵਿਅਕਤੀ ਮੰਨਦੀ ਹੈ ਇਸ ਲਈ ਇਹ ਉਸ ਨਾਲ ਆਦੇਸ਼ ਦੀ ਜ਼ੁਬਾਨ ਵਿਚ ਨਹੀਂ ਸੁਝਾਅ ਦੀ ਜ਼ੁਬਾਨ ਵਿਚ ਗੱਲ ਕਰਦੀ ਹੈ6
ਇਸ ਤੋਂ ਇਲਾਵਾ ਰਾਹੀ ਕਹਾਣੀ-ਆਲੋਚਨਾ ਅਨੁਸਾਰ ਕਹਾਣੀ ਦੇ ਸੰਖੇਪਤਾ ਤੇ ਸੰਕੇਤਕਤਾ ਦੇ ਗੁਣ ਕਹਾਣੀ-ਸਿਰਜਨਾ ਨੂੰ ਬਹੁ-ਪਾਸਾਰੀ ਦੀ ਥਾਂ ਬਹੁ-ਪਰਤੀ (ਜਦੋਂ ਕਿ ਨਾਵਲੀ-ਸੰਗਠਨ ਵਿਚ ਪਰਤ ਦੇ ਨਾਲ-ਨਾਲ ਇਤਿਹਾਸਕ ਪਾਸਾਰ ਵੀ ਸ਼ਾਮਿਲ ਹੁੰਦੇ ਹਨ) ਬਣਾਉਂਦੇ ਹਨ ਰਾਹੀ ਕਹਾਣੀ-ਆਲੋਚਨਾ ਲਈ ਇਸ ਪ੍ਰਕਾਰ ਦੀ ਬਹੁ-ਪਰਤੀ ਸੰਰਚਨਾ ਦਾ ਆਧਾਰ ਵਿਸ਼ੇਸ਼ ਪ੍ਰਕਾਰ ਦੀ ਵਿਅੰਜਨਾਤਮਿਕ ਭਾਸ਼ਾ ਹੈ, ਜਿਹੜੀ ਸਮਾਜਕ-ਯਥਾਰਥ ਦੀ ਭ੍ਰਮਕ ਵਿਵਸਥਾ ਨੂੰ ਵਿਅੰਗ, ਕਟਾਕਸ਼, ਕੋਮਲਤਾ ਆਦਿ ਦੇ ਉਪਕਰਣਾਂ ਨਾਲ ਆਪਣਾ ਨਿਸ਼ਾਨਾ ਬਣਾਉੱਦੀ ਹੈ ਅਤੇ ਵਿਧੀ ਦੇ ਪੱਧਰ 'ਤੇ ਪ੍ਰਾਚੀਨ ਕਥਾਵਾਂ ਵਾਂਗ ਬਿਰਤਾਂਤ ਦਾ ਬਿਆਨ ਕਰਨ ਦੀ ਬਜਾਇ ਬਿਰਤਾਂਤ ਦਾ ਸਿਰਜਨ ਕਰਦੀ ਬਿਰਤਾਂਤ ਨੂੰ ਦੱਸਦੀ ਨਹੀਂ ਸਗੋਂ ਵਿਖਾਉਣ ਦਾ ਯਤਨ ਕਰਦੀ ਹੈ ਇਸ ਯਤਨ ਕਾਰਨ ਹੀ ਰਾਹੀ ਕਹਾਣੀ-ਆਲੋਚਨਾ ਦੇ ਸਿਧਾਂਤਕ ਧਰਾਲਤ ਉੱਤੇ ਕਹਾਣੀ-ਸਿਰਜਨਾ ਆਧੁਨਿਕ ਕਹਾਣੀ-ਰੂਪ ਨਾ ਤਾਂ ਨਾਵਲ ਦਾ ਛੋਟਾ ਰੂਪ ਹੈ ਤੇ ਨਾ ਹੀ ਨਿਰੋਲ ਪ੍ਰਾਚੀਨ ਕਥਾ-ਰੂਪਾਂ ਦਾ ਵਿਕਸਿਤ ਰੂਪ, ਸਗੋਂ ਕਹਾਣੀ ਆਧੁਨਿਕ ਸੰਵੇਦਨਾ ਦੇ ਅਧੀਨ ਵਿਕਸਤ ਹੋਇਆ ਰੂਪਾਕਾਰ ਹੈ, ਜਿਸ ਦੀ ਆਧੁਨਿਕ ਕਾਲ ਵਿਚ ਹੋਂਦ ਸੰਖੇਪਤਾ ਤੇ ਸੰਕੇਤਕਤਾ ਦੇ ਗੁਣ ਅਧੀਨ ਲੁਪਤ ਹੈ ਅਤੇ ਜੋ ਮਨੁੱਖੀ ਤਨਾਉ/ਟਕਰਾਉ ਨੂੰ ਵਿਡੰਬਨਾ ਦੇ ਜ਼ਾਬੀਏ ਤੋਂ ਚਿਤਰਦਾ, ਇਤਿਹਾਸ ਪਾਸਾਰਾਂ ਵਿਚ ਜਾਣ ਤੋਂ ਗੁਰੇਜ਼ ਕਰਦਾ ਹੈ
ਇਸ ਪ੍ਰਕਾਰ ਰਾਹੀ ਗਲਪ-ਆਲੋਚਨਾ ਦਾ ਇਹ ਸੰਪੇਖ ਅਧਿਐਨ ਦਰਸਾਉਂਦਾ ਹੈ ਕਿ ਰਾਹੀ ਗਲਪ-ਆਲੋਚਨਾ ਆਪਣੀ ਅੰਤਰ-ਅਨੁਸ਼ਾਸਨੀ ਵਿਧੀ ਦੁਆਰਾ ਗਲਪੀ-ਸਿਰਜਨਾ ਵਿਚਲੀ ਬਣਤਰ ਤੇ ਬੁਣਤਰ ਅਧੀਨ ਕਾਰਜਸ਼ੀਲ ਰਚਨਾਤਮਿਕ ਨੇਮਾਂ ਨੂੰ ਪਹਿਚਾਣਦੀ ਹੈ ਅਤੇ ਆਪਣੀ ਵਿਸ਼ੇਸ਼ ਰਚਨਾਤਮਿਕ ਸ਼ੈਲੀ ਰਾਹੀਂ ਪੰਜਾਬੀ ਗਲਪੀ-ਸ਼ਾਸਤਰ ਨੂੰ ਸਿਸਟਿਮਕ ਢਾਂਚੇ 'ਤੇ ਉਸਾਰਨ ਦਾ ਯਤਨ ਕਰਦੀ ਹੈ
0-0-0

ਹਵਾਲੇ ਤੇ ਟਿੱਪਣੀਆਂ :
1. ਜੋਗਿੰਦਰ ਸਿੰਘ ਰਾਹੀ, ਪੰਜਾਬੀ ਨਾਵਲ, ਪੰਨਾ-10
2. ਉਹੀ, ਮਸਲੇ ਗਲਪ ਦੇ, ਪੰਨਾ-24
3. ਗੋਪੀ ਚੰਦ ਨਾਰੰਗ, ਸੰਰਚਨਾਵਾਦ ਉੱਤਰ-ਸੰਰਚਨਾਵਾਦ ਅਤੇ ਪੂਰਵੀ ਕਾਵਿ-ਸ਼ਾਸਤਰ, ਪੰਨਾ-229
4. ਜੋਗਿੰਦਰ ਸਿੰਘ ਰਾਹੀ, 'ਗਲਪ ਦੀ ਭਾਸ਼ਾ', ਖੋਜ ਦਰਪਣ (ਪੰਜਾਬੀ ਗਲਪ ਵਿਸ਼ੇਸ਼ ਅੰਕ), ਪੰਨਾ-4
5. ਉਹੀ, ਜੋਤ ਜੁਗਤ ਕੀ ਬਾਰਤਾ, ਪੰਨਾ-52
6. ਉਹੀ, ਪੰਨਾ-52


No comments:

Post a Comment

‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...