ਅਨੁਵਾਦ (Translate)

Monday 15 February 2016

ਹਰਿਭਜਨ ਸਿੰਘ ਭਾਟੀਆ ਦੀ ਗਲਪ-ਆਲੋਚਨਾ : ਪੁਨਰ ਚਿੰਤਨ ਦੀ ਪ੍ਰਕਿਰਿਆ

given materials into a new product. Pierre Macherey

ਗਲਪੀ-ਸਿਰਜਨਾ ਮੋਟੇ ਰੂਪ ਵਿਚ ਵਸਤੂ-ਜਗਤ ਦਾ ਬਿੰਬਾਂ ਵਿਚ ਪੁਨਰ-ਸਿਰਜਤ ਰੂਪ ਹੁੰਦੀ ਹੈ ਇਸ ਪੁਨਰ-ਸਿਰਜਨਾ ਲਈ ਰਚਨਾਕਾਰ ਵਸਤੂ-ਜਗਤ ਨੂੰ ਅਧਿਐਨ ਵਸਤੂ ਬਣਾਉਂਦਾ ਹੋਇਆ ਉਸ ਨੂੰ ਪਾਠ ਵਾਂਗ ਗ੍ਰਹਿਣ ਕਰਦਾ ਉਸਨੂੰ ਕਲਾਤਮਿਕ ਨੇਮਾਂ ਦੇ ਅੰਤਰਗਤ ਢਾਲਦਾ ਹੈ ਅਜਿਹਾ ਕਰਦੇ ਸਮੇਂ ਰਚਨਾਕਾਰ ਦੀ ਭੂਮਿਕਾ ਅਧਿਐਨ-ਕਰਤਾ ਤੇ ਸਿਰਜਕ ਵਜੋਂ ਦੋਹਰੀ ਹੁੰਦੀ ਹੈ, ਜਿਸ ਦੋਹਰੀ ਭੂਮਿਕਾ ਅਧੀਨ ਰਚਨਾਕਾਰ ਵਸਤੂ-ਜਗਤ ਦੇ ਪ੍ਰਾਰੂਪਾਂ ਦੀ ਪੇਸ਼ਕਾਰੀ ਕਰਦਾ ਹੋਇਆ ਵਸਤੂ-ਜਗਤ ਦੇ ਵਿਭਿੰਨ ਤੱਤਾਂ (ਇਤਿਹਾਸ, ਧਰਮ, ਰਾਜਨੀਤੀ, ਕਲਾ, ਭਾਸ਼ਾ ਆਦਿ) ਨੂੰ  ਗਲਪੀ-ਸਿਰਜਨਾ ਅਧੀਨ ਮਿਸ਼ਰਤ ਰੂਪ ਵਿਚ ਸਮਾਉੱਦਾ ਹੈ ਇਸ ਕਾਰਨ ਮਿਸ਼ਰਤ ਰੂਪੀ ਸਿਰਜਨਾ ਦੇ ਅਰਥਾਂ ਨੂੰ ਵਿਭਿੰਨ ਪਾਠਕ ਆਪਣੀ ਚੇਤਨਾ ਦੇ ਪੱਧਰ ਅਨੁਸਾਰ ਵਿਭਿੰਨ ਕੋਣਾਂ ਤੋਂ ਗ੍ਰਹਿਣ ਕਰਦੇ ਹਨ ਅਤੇ ਗਲਪੀ-ਸਿਰਜਨਾ ਨੂੰ ਬਹੁ-ਅਰਥੀ ਹੋਂਦ ਦਾ ਦਰਜਾ ਦਿੰਦੇ ਹਨ ਪਰ ਵਿਡੰਬਨਾ ਇਹ ਹੈ ਕਿ ਗਲਪੀ-ਸਿਰਜਨਾ ਵਿਚ ਸਮੋਏ ਵਿਚਾਰ ਤੇ ਭਾਵ ਕਲਾਤਮਿਕ-ਬਿੰਬ ਅਧੀਨ ਲੁਪਤ ਤੇ ਸੁਹਜਾਤਮਿਕ ਤੱਤਾਂ ਵਿਚ ਵਲੀਨ ਹੋਏ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਦੇ ਪ੍ਰਤੱਖ ਅਰਥਾਂ ਨੂੰ ਗ੍ਰਹਿਣ ਕਰਨਾ ਇਕ ਜਟਿਲ ਤੇ ਕਠਿਨ ਕਾਰਜ ਹੁੰਦਾ ਹੈ ਇਸ ਜਟਿਲ ਤੇ ਕਠਿਨ ਕਾਰਜ ਦੀ ਗਹਿਨ ਸਮਝ ਹਿੱਤ ਹੀ ਗਲਪ-ਆਲੋਚਨਾ ਵਰਗਾ ਬੌਧਿਕ, ਸੰਕਲਪਾਤਮਿਕ ਤੇ ਵਿਗਿਆਨਕ ਅਨੁਸ਼ਾਸਨ ਹੋਂਦ ਵਿਚ ਆਉੱਦਾ ਹੈ, ਜਿਹੜਾ ਆਪਣੀ ਵਿਸ਼ਲੇਸ਼ਣੀ ਵਿਧੀ ਦੁਆਰਾ ਸਿਧਾਂਤਕ ਤੇ ਸੰਕਲਪਾਤਮਿਕ ਭਾਸ਼ਾ ਦੀ ਵਰਤੋਂ ਰਾਹੀਂ ਗਲਪੀ-ਸਿਰਜਨਾ ਵਿਚਲੇ ਭਾਵਾਂ ਤੇ ਵਿਚਾਰਾਂ ਨੂੰ ਕਥਨ ਦੀ ਪੱਧਰ 'ਤੇ ਲਿਆਉਂਦਾ ਹੈ ਅਤੇ ਇਸ ਵਿਚਲੀਆਂ ਖ਼ਾਮੋਸ਼ੀਆਂ ਨੂੰ ਜ਼ੁਬਾਨ ਦਿੰਦਾ ਹੈ ਅਜਿਹਾ ਕਰਦੇ ਸਮੇਂ ਆਲੋਚਕ ਰਚਨਾਕਾਰ ਦਾ ਅਨੁਆਈ ਜਾਂ ਪਿਛਲੱਗ ਨਹੀਂ ਬਣਦਾ ਸਗੋਂ ਉਸ ਕੋਲੋੱ ਵਿੱਥ ਸਥਾਪਿਤ ਕਰਦਾ ਹੋਇਆ, ਆਪਣੀ ਵਿਸ਼ੇਸ਼ ਵਿਚਾਰਧਾਰਾ ਤੇ ਵਿਧੀ ਦੀ ਸਹਾਇਤਾ ਲੈਂਦਾ ਹੈ ਆਪਣੀ ਇਸ ਵਿਸ਼ੇਸ਼ ਵਿਚਾਰਧਾਰਾ ਤੇ ਵਿਧੀ ਦੇ ਆਧਾਰ 'ਤੇ ਹੀ ਆਲੋਚਕ ਬਾਹਰਮੁੱਖੀ ਵਸਤੂ-ਜਗਤ ਤੇ ਗਲਪੀ-ਸਿਰਜਨਾ ਦੇ ਸਿਧਾਂਤ ਬਾਰੇ ਗਹਿਨ ਤੇ ਗੰਭੀਰ ਸਮਝ ਰੱਖਦਾ ਹੈ ਅਤੇ ਗਲਪੀ-ਸਿਰਜਨਾ ਤੇ ਵਸਤੂ-ਜਗਤ ਦੇ ਪਰਸਪਰ ਸੰਬੰਧਾਂ ਦਾ ਵਿਸ਼ਲੇਸ਼ਣ ਤੇ ਮੁੱਲਾਂਕਣ ਕਰਦਾ ਹੋਇਆ, ਇਨ੍ਹਾਂ ਦੇ ਬਹੁ-ਪਰਤੀ ਤੇ ਬਹੁ-ਪਾਸਾਰੀ ਸੁਭਾਅ ਦੇ ਨਵੀਨ ਆਯਾਮਾਂ ਨੂੰ ਪਾਠਕ ਸਾਹਵੇੱ ਅਗ੍ਰਭੂਮਿਤ ਕਰਦਾ ਹੈ
ਇਸ ਪ੍ਰਕਾਰ ਗਲਪੀ-ਸਿਰਜਨਾ ਵਸਤੂ-ਜਗਤ ਦਾ ਅਤੇ ਗਲਪ-ਆਲੋਚਨਾ ਗਲਪੀ-ਸਿਰਜਨਾ ਤੇ ਵਸਤੂ-ਜਗਤ ਦੋਹਾਂ ਦਾ ਅਧਿਐਨ-ਵਿਸ਼ਲੇਸ਼ਣ ਕਰਨ ਵਾਲੇ ਵਿਭਿੰਨ ਪੱਧਰੀ ਗਿਆਨਮੂਲਕ ਅਨੁਸ਼ਾਸਨ ਬਣਦੇ ਹਨ ਪ੍ਰੰਤੂ ਇਸ ਪ੍ਰਸੰਗ ਵਿਚ ਇਹ ਧਿਆਨਯੋਗ ਹੈ ਕਿ ਗਲਪ-ਆਲੋਚਨਾ ਗਲਪ ਨਾਲ ਸੰਬੰਧਿਤ ਗਿਆਨ ਲੜੀ ਦਾ ਉੱਤਮ ਪੱਧਰ ਜ਼ਰੂਰ ਹੈ ਪਰ ਇਸ ਲੜੀ ਦੀ ਇਕ ਕੜੀ ਵਜੋਂ ਅੰਤਿਮ ਤੇ ਨਿਰਣਾਇਕ ਪੱਧਰ ਨਹੀਂ, ਕਿਉਂਕਿ ਜਿਸ ਸੀਮਾ 'ਤੇ ਪਹੁੰਚਕੇ ਗਲਪ-ਆਲੋਚਨਾ ਦੀ ਭੂਮਿਕਾ ਸਮਾਪਿਤ ਹੁੰਦੀ ਹੈ ਉਸ ਸੀਮਾ ਤੋਂ ਅੱਗੇ ਆਲੋਚਨਾ ਦੀ ਆਲੋਚਨਾ ਜਾਂ ਮੈਟਾ-ਆਲੋਚਨਾ ਦੀ ਕਾਰਜ ਭੂਮੀ ਆਰੰਭ ਹੋ ਜਾਂਦੀ ਹੈ ਇਹ ਕਾਰਜ ਭੂਮੀ ਅਧੀਨ ਮੈਟਾ-ਆਲੋਚਨਾ ਵਰਗਾ ਅਨੁਸ਼ਾਸਨ ਗਲਪ-ਆਲੋਚਨਾ ਨੂੰ ਅਧਿਐਨ-ਵਸਤੂ ਬਣਾਉਂਦਾ ਹੋਇਆ ਉਸ ਦੀਆਂ ਧਾਰਨਾਵਾਂ, ਸਥਾਪਨਾਵਾਂ, ਸਿਧਾਂਤਾਂ ਆਦਿ ਦੇ ਅਧਿਐਨ ਰਾਹੀਂ ਉਸ ਦੀਆਂ ਸਮੱਸਿਆਵਾਂ ਤੇ ਸੰਭਾਵਨਾਵਾਂ ਨੂੰ ਉਸੇ ਪ੍ਰਕਾਰ ਉਜਾਗਰ ਕਰਦੀ ਹੈ ਜਿਵੇਂ ਗਲਪੀ-ਸਿਰਜਨਾ ਵਸਤੂ-ਜਗਤ ਦੀਆਂ ਅਤੇ ਗਲਪ-ਆਲੋਚਨਾ ਗਲਪੀ-ਸਿਰਜਨਾ ਤੇ ਵਸਤੂ-ਜਗਤ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਨੂੰ ਪ੍ਰੰਤੂ ਇਥੇ ਜਟਿਲਤਾ ਇਹ ਹੈ ਕਿ ਜਿਥੇ ਰਚਨਾਕਾਰ ਸਾਹਮਣੇ ਵਸਤੂ-ਜਗਤ ਦਾ ਇਕਹਿਰਾ ਅਤੇ ਗਲਪ-ਆਲੋਚਕ ਸਾਹਮਣੇ ਗਲਪੀ-ਸਿਰਜਨਾ ਤੇ ਵਸਤੂ-ਜਗਤ ਦਾ ਦੋਹਰਾ ਪ੍ਰਬੰਧ ਮੌਜੂਦ ਹੁੰਦਾ ਹੈ, ਉਥੇ ਮੈਟਾ-ਆਲੋਚਕ ਸਾਹਮਣੇ ਆਲੋਚਨਾਤਮਿਕ-ਸਿਰਜਨਾ, ਗਲਪੀ-ਸਿਰਜਨਾ ਤੇ ਵਸਤੂ-ਜਗਤ ਦਾ ਤੀਹਰਾ ਜਟਿਲ ਪ੍ਰਬੰਧ ਹੋਂਦ ਰੱਖਦਾ ਹੈ ਜਿਸ ਨੂੰ ਅਧਿਐਨ-ਵਸਤੂ ਵਜੋਂ ਅਪਣਾਉਂਦਾ ਮੈਟਾ-ਆਲੋਚਕ ਇਕ ਪਾਸੇ ਆਪਣੀ ਵਿਸ਼ੇਸ਼ ਆਲੋਚਨਾਤਮਿਕ-ਦ੍ਰਿਸ਼ਟੀ ਦੁਆਰਾ ਆਲੋਚਨਾ-ਸਿਧਾਂਤ ਦੀ ਪਹਿਚਾਣ ਵੱਲ ਸਫ਼ਰ ਕਰਦਾ ਹੋਇਆ ਆਲੋਚਨਾਤਮਿਕ-ਪਾਠ ਦੀ ਤਹਿ ਹੇਠ ਕਾਰਜਸ਼ੀਲ ਵਿਧੀ ਤੇ ਵਿਚਾਰਧਾਰਾ ਨੂੰ ਪਹਿਚਾਣਦਾ ਉਸ ਦੇ ਵਿਹਾਰਿਕ ਸੰਤੁਲਿਨ ਦਾ ਅਧਿਐਨ-ਵਿਸ਼ਲੇਸ਼ਣ ਕਰਦਾ ਹੈ, ਉਥੇ ਦੂਜੇ ਪਾਸੇ ਵਸਤੂ-ਜਗਤ ਤੇ ਗਲਪੀ-ਸਿਧਾਂਤ ਨੂੰ ਆਪਣੀ ਵਿਚਾਰਧਾਰਾ ਤੇ ਸੁਹਜ-ਮਾਡਲ ਦੀਆਂ ਧਾਰਨਾਵਾਂ ਅਨੁਸਾਰ ਸਮਝਦਾ ਹੋਇਆ (ਆਰੋਪਿਤ ਨਹੀਂ) ਸੰਬੰਧਿਤ ਆਲੋਚਨਾਤਮਿਕ-ਪਾਠ ਦੀਆਂ ਵਸਤੂ-ਜਗਤ ਤੇ ਗਲਪੀ-ਸਿਧਾਂਤ ਸੰਬੰਧੀ ਧਾਰਨਾਵਾਂ ਦੇ ਮੁੱਲਾਂਕਣ ਨੂੰ ਵੀ ਆਪਣੇ ਕਾਰਜ-ਖੇਤਰ ਅਧੀਨ ਲਿਆਉਂਦਾ ਹੈ ਇਸ ਪ੍ਰਕਾਰ ਮੈਟਾ-ਆਲੋਚਨਾ ਦਾ ਕਾਰਜ-ਖੇਤਰ ਆਲੋਚਨਾ-ਪਾਠ, ਗਲਪੀ-ਪਾਠ ਤੇ ਵਸਤੂ-ਜਗਤ ਨਾਲ ਸੰਬੰਧਿਤ ਵਧੇਰੇ ਜਟਿਲ ਤੇ ਪੂਰਨ-ਚਿੰਤਨੀ ਪ੍ਰਵਿਰਤੀ ਦਾ ਧਾਰਨੀ ਹੋ ਨਿਬੜਦਾ ਹੈ
ਪੰਜਾਬੀ-ਚਿੰਤਨ ਦੇ ਖੇਤਰ ਵਿਚ ਇਸ ਪ੍ਰਕਾਰ ਦੇ ਅਨੁਸ਼ਾਸਨ ਦਾ ਆਰੰਭਕ ਤੇ ਪ੍ਰਸਾਰਤ ਬਿੰਦੂ ਨਿਰਸੰਦੇਹ ਵਿਸ਼ੇਸ਼ ਪ੍ਰਤਿਭਾ ਤੇ ਪ੍ਰਭਾਵ ਵਾਲੇ ਸਾਹਿਤ ਚਿੰਤਕ ਹਰਿਭਜਨ ਸਿੰਘ ਭਾਟੀਆ ਦਾ ਆਲੋਚਨਾਤਮਿਕ ਕਾਰਜ ਹੈ, ਜਿਹੜਾ ਪੰਜਾਬੀ ਚਿੰਤਨ ਦੀਆਂ ਪਰਤਾਂ ਤੇ ਪਸਾਰਾਂ ਦਾ ਸੰਘਣੀ ਬੌਧਿਕ ਸ਼ੈਲੀ ਅਧੀਨ ਮਾਇਕ੍ਰੋ-ਅਧਿਐਨ ਪੇਸ਼ ਕਰਦਾ ਹੋਇਆ ਸਾਹਿਤ-ਸਿਧਾਂਤ, ਸਾਹਿਤ-ਆਲੋਚਨਾ ਤੇ ਸਾਹਿਤ-ਇਤਿਹਾਸ ਦੀ ਦਿਸ਼ਾ ਵਿਚ ਫੈਲਦਾ ਸਿਧਾਂਤ ਤੇ ਵਿਹਾਰ ਦੇ ਅੰਤਰ-ਸੰਬੰਧਾਂ ਤੇ ਅੰਤਰ-ਦਵੰਦਾਂ ਦੀ ਨਿਸ਼ਾਨਦੇਹੀ ਕਰਨ ਲਈ ਕਾਰਜ਼ਸ਼ੀਲ ਰਹਿੰਦਾ ਹੈ ਇਹ ਕਾਰਜਸ਼ੀਲਤਾ ਪੰਜਾਬੀ ਆਲੋਚਨਾ ਦਾ ਵਿਧੀਬੱਧ, ਵਿਗਿਆਨਿਕ ਤੇ ਵਸਤੂਪਰਕ ਵਿਸ਼ਲੇਸ਼ਣ-ਮੁੱਲਾਂਕਣ ਕਰਦੀ ਹੋਈ 'ਚਿੰਤਨ ਸੰਬੰਧੀ ਚਿੰਤਨ' ਵਰਗੇ ਨਵੀਨ ਅਨੁਸ਼ਾਸਨ ਨੂੰ ਪੰਜਾਬੀ ਚਿੰਤਨ ਅਧੀਨ ਪ੍ਰਵੇਸ਼ ਦਿਵਾਉੱਦੀ ਨਿਕਟ ਅਧਿਐਨ ਦੁਆਰਾ ਬੌਧਿਕਤਾ ਦਾ ਮੌਲਿਕ ਪ੍ਰਤੀਮਾਨ ਸਿਰਜਦੀ ਨਜ਼ਰੀ ਪੈਂਦੀ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਉਸ ਵੱਲੋਂ ਚਾਰ ਸਿਰਜਤ ਮੌਲਾ ਬਖ਼ਸ਼ ਕੁਸ਼ਤਾ : ਜੀਵਨ ਤੇ ਰਚਨਾ (1987), ਪੰਜਾਬੀ ਆਲੋਚਨਾ : ਸਿਧਾਂਤ ਤੇ ਵਿਹਾਰ (1988), ਪੰਜਾਬੀ ਗਲਪ : ਸੰਬਾਦ ਤੇ ਸਮੀਖਿਆ (2001) ਤੇ ਪੰਜਾਬੀ ਆਲੋਚਨਾ ਦਾ ਇਤਿਹਾਸ (2004) ਅਤੇ ਚੌਦਾਂ ਦੇ ਕਰੀਬ ਸੰਪਾਦਿਤ ਆਲੋਚਨਾਤਮਿਕ-ਪਾਠਾਂ ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ, ਜਿਹੜੇ ਵਿਸ਼ੇਸ਼ ਆਲੋਚਕ, ਆਲੋਚਨਾ ਇਤਿਹਾਸ, ਸਾਹਿਤ ਇਤਿਹਾਸ ਤੇ ਪੰਜਾਬੀ ਗਲਪ ਦੇ ਅਧਿਐਨ-ਵਿਸ਼ਲੇਸ਼ਣ ਦੀ ਦਿਸ਼ਾਵਾਂ ਵੱਲ ਫੈਲਦੇ ਹੋਏ ਭਾਟੀਆ-ਚਿੰਤਨ ਦੀ ਗੰਭੀਰਤਾ ਤੇ ਗਹਿਨਤਾ ਨੂੰ ਦ੍ਰਿਸ਼ਟੀਗੋਚਰ ਕਰਦੇ ਹਨ
ਇਨ੍ਹਾਂ ਫੈਲਾਵਾਂ ਵਿਚੋਂ ਭਾਟੀਆ-ਚਿੰਤਨ ਦੀ ਇਕ ਪ੍ਰਮੁੱਖ ਦਿਸ਼ਾ ਪੰਜਾਬੀ ਗਲਪ ਅਤੇ ਪੰਜਾਬੀ ਗਲਪ-ਸਮੀਖਿਆ ਦਾ ਮੁਤਾਲਿਆ ਕਰਨ ਨਾਲ ਸੰਬੰਧਿਤ ਹੈ, ਜਿਸ ਦਾ ਸੰਗਠਿਤ ਤੇ ਸੁਚੇਤ ਸਰੂਪ ਇਸ ਦੇ ਆਲੋਚਨਾਤਮਿਕ-ਪਾਠ 'ਪੰਜਾਬੀ ਗਲਪ : ਸੰਵਾਦ ਤੇ ਸਮੀਖਿਆ' (2001) ਵਿਚੋਂ ਨਜ਼ਰੀ ਪੈਂਦਾ ਹੈ ਇਸ ਆਲੋਚਨਾਤਮਿਕ-ਪਾਠ ਅਧੀਨ ਭਾਟੀਆ ਗਲਪ-ਆਲੋਚਨਾ ਦੀ ਮੌਲਿਕਤਾ ਪੰਜਾਬੀ ਗਲਪਕਾਰਾਂ ਸੰਬੰਧੀ ਵਿਦਮਾਨ ਚਿੰਤਨ ਨੂੰ ਪੁਨਰ-ਚਿੰਤਨ ਦੀ ਪ੍ਰਕਿਰਿਆ ਵਿਚ ਬੰਨਣ, ਸਥਾਪਿਤ ਗਲਪਕਾਰਾਂ ਦੀਆਂ ਵਿਸ਼ੇਸ਼ ਸਿਰਜਨਾਵਾਂ ਦੇ ਸੰਰਚਨਾਤਮਿਕ-ਢਾਂਚੇ ਨੂੰ ਫੋਲਣ ਅਤੇ ਸਥਾਪਤੀ ਲਈ ਕਾਰਜਸ਼ੀਲ ਗਲਪਕਾਰਾਂ ਦੀਆਂ ਸਿਰਜਨਾਵਾਂ ਦੀਆਂ ਸੰਭਾਵਨਾਵਾਂ ਤੇ ਸੀਮਾਵਾਂ ਨੂੰ ਦ੍ਰਿਸ਼ਟੀਗੋਚਰ ਕਰਨ ਲਈ ਬਣਤਰ ਤੋਂ ਥੀਮ, ਥੀਮ ਤੋਂ ਜੁਗਤ ਅਤੇ ਇਨ੍ਹਾਂ ਰਾਹੀਂ ਕਿਸੇ ਲੇਖਕ ਦੇ ਆਪਣੇ ਅਧਿਐਨ-ਵਸਤੂ ਪ੍ਰਤੀ ਹੁੰਗਾਰੇ (response) ਦੀ ਪਛਾਣ ਕਰਕੇ ਅੱਗੋਂ ਇਸ ਹੁੰਗਾਰੇ ਦੁਆਰਾ ਸੰਬੰਧਿਤ ਲੇਖਕ ਦੀ ਦ੍ਰਿਸ਼ਟੀ ਨੂੰ ਪਹਿਚਾਣ1 ਦੀ ਨਿਰੰਤਰਤਾ ਵਿਚ ਨਿਰਧਾਰਿਤ ਕੀਤੀ ਜਾ ਸਕਦੀ ਹੈ ਇਹ ਨਿਰੰਤਰਤਾ ਭਾਟੀਆ ਗਲਪ-ਆਲੋਚਨਾ ਦੇ ਹਰ ਮਜ਼ਮੂਨ ਅਧੀਨ ਕਾਰਜਸ਼ੀਲ ਰਹਿੰਦੀ ਹੈ ਅਤੇ ਇਸ ਗਲਪ-ਆਲੋਚਨਾ ਦੀ ਰਚਨਾ-ਵਸਤੂ, ਵਿਧੀ ਤੇ ਦ੍ਰਿਸ਼ਟੀ ਨੂੰ ਅਧਿਐਨ-ਬਿੰਦੂ ਗ੍ਰਹਿਣ ਕਰਨ ਵਾਲੀ ਤ੍ਰੈਮੁੱਖੀ ਪਹੁੰਚ-ਵਿਧੀ ਵੱਲ ਸੰਕੇਤ ਕਰਦੀ ਹੈ
ਇਸ ਤ੍ਰੈਮੁੱਖੀ ਪਹੁੰਚ-ਵਿਧੀ ਦੇ ਅੰਤਰਗਤ ਭਾਟੀਆ ਗਲਪ-ਆਲੋਚਨਾ ਰਚਨਾ-ਵਸਤੂ, ਵਿਧੀ ਤੇ ਦ੍ਰਿਸ਼ਟੀ ਦੀਆਂ ਵਿਭਿੰਨ ਦਿਸ਼ਾਵਾਂ ਵਿਚ ਨਹੀਂ ਫੈਲਦੀ, ਸਗੋਂ ਇਨ੍ਹਾਂ ਤਿੰਨ ਬਿੰਦੂਆਂ ਨੂੰ ਗਲਪੀ-ਸਿਰਜਨਾ ਦੇ ਆਧਾਰ-ਮੂਲਕ ਤੱਤ ਸਵੀਕਾਰਦੀ ਹੋਈ ਗਲਪੀ-ਪਾਠ ਦੇ ਅੰਤਰਗਤ ਇਨ੍ਹਾਂ ਬਿੰਦੂਆਂ ਦੇ ਅਸਤਿਤਵ ਨੂੰ ਇਕ ਜਟਿਲ ਪ੍ਰਬੰਧ ਵਿਚ ਬੰਨੇ ਹੋਏ ਕਿਆਸ ਕਰਕੇ ਪਹਿਚਾਣਦੀ ਹੈ ਇਸ ਪ੍ਰਸੰਗ ਵਿਚ ਭਾਟੀਆ ਗਲਪ-ਆਲੋਚਨਾ ਅਚੇਤ ਪੱਧਰ ਉੱਤੇ ਰਚਨਾ-ਵਿਧੀ ਨੂੰ ਵਸਤੂਗਤ-ਜਗਤ ਦੇ ਅਨੁਭਵ ਨੂੰ ਕਲਾਤਮਿਕ-ਬਿੰਬ (ਰਚਨਾ-ਵਸਤੂ) ਵਿਚ ਰੂਪਾਂਤ੍ਰਣ ਕਰਨ ਦੀ ਪ੍ਰਕਿਰਿਆ ਅਧੀਨ ਕਾਰਜਸ਼ੀਲ ਕਲਾਤਮਿਕ ਜੁਗਤਾਂ/ਤਕਨੀਕਾਂ ਦਾ ਸਮੂਹ ਕਿਆਸ ਕਰਦੀ ਹੈ, ਜਿਹੜੀ ਗਲਪੀ-ਸਿਰਜਨਾ ਨੂੰ ਵਸਤੂਗਤ-ਜਗਤ ਨਾਲੋਂ ਨਿਖੇੜਕੇ, ਨਿਵੇਕਲੇ ਕਲਾਤਮਿਕ ਵਿਧਾਨ ਵਿਚ ਬੰਨਦੀ ਅੱਗੋਂ ਰਚਨਾ-ਦ੍ਰਿਸ਼ਟੀ ਦੀ ਪ੍ਰਵਿਰਤੀ 'ਤੇ ਅਧਾਰਿਤ ਹੁੰਦੀ ਹੈ2 ਇਸ ਕਾਰਨ ਹੀ ਭਾਟੀਆ ਗਲਪ-ਆਲੋਚਨਾ ਇਨ੍ਹਾਂ ਤਿੰਨ ਅਧਾਰ ਤੱਤਾਂ ਦੀ ਸੰਜੀਵ, ਗਤੀਸ਼ੀਲ ਤੇ ਤਰਕਪੂਰਨ ਸੰਗਤੀ (consistency) ਨੂੰ ਗਲਪੀ-ਪਾਠ ਦੀ ਹੋਂਦ-ਵਿਧੀ ਦਾ ਅਧਾਰ ਮੰਨਦੀ ਹੋਈ, ਸਮੁੱਚੇ ਗਲਪੀ-ਪਾਠ (ਭੂਮਿਕਾ ਤੋਂ ਅੰਤ ਤੱਕ) ਨੂੰ ਇਕ ਪ੍ਰਬੰਧ ਵਜੋਂ ਵੇਖਦੀ ਹੈ ਅਤੇ ਆਪਣੀ ਅਧਿਐਨ-ਵਿਧੀ ਨੂੰ ਰਚਨਾ-ਵਸਤੂ ਤੋਂ ਰਚਨਾ-ਵਿਧੀ ਤੇ ਰਚਨਾ-ਵਿਧੀ ਤੋਂ ਰਚਨਾ ਦ੍ਰਿਸ਼ਟੀ ਦੀ ਨਿਸ਼ਾਨਦੇਹੀ ਕਰਨ ਵੱਲ ਫੈਲਾਉੱਦੀ ਹੈ ਜਿਸ ਬਾਰੇ ਟੀ਼ ਆਰ਼ ਵਿਨੋਦ ਲਿਖਦਾ ਹੈ :
ਇਸ ਕਿਤਾਬ (ਪੰਜਾਬੀ ਗਲਪ : ਸੰਵਾਦ ਤੇ ਸਮੀਖਿਆ) ਦੀ ਸਭ ਤੋਂ ਵੱਡੀ ਪ੍ਰਾਪਤੀ ਗਲਪ ਨੂੰ ਉਸਦੇ ਸਮਾਜ-ਸਭਿਆਚਾਰ ਅਤੇ ਗਲਪੀ-ਇਤਿਹਾਸ ਦੇ ਪ੍ਰਸੰਗ ਵਿਚ ਰੱਖ ਕੇ ਸੋਚਣ ਸਮਝਣ ਦੀ ਵਿਗਿਆਨਿਕ ਵਿਧੀ ਨੂੰ ਅਪਣਾਉਣਾ ਹੈ ਇਹ ਵਿਧੀ ਇਕ ਪਾਸਿਉੱ ਗਲਪੀ ਪਾਠ ਦੇ ਨਿਕਟੀ ਅਧਿਐਨ ਅਤੇ ਦੂਸਰੇ ਪਾਸਿਉੱ ਸਮਾਜ-ਸਭਿਆਚਾਰਕ ਪਾਠ ਦੇ ਨੇੜਵੇਂ ਸੁਮੇਲ ਵਿਚੋਂ ਆਪਣੀ ਹੋਂਦ ਗ੍ਰਹਿਣ ਕਰਦੀ ਹੈ ਨਾਵਲ ਜਾਂ ਕਹਾਣੀ ਦਾ ਪਾਠ, ਨਿਰਸੰਦੇਹ, ਕਲਪਿਤ ਸਥਿਤੀਆਂ ਦਾ ਇਕ ਤੋਂ ਜ਼ਿਆਦਾ ਜੁਗਤਾਂ ਦੀ ਵਰਤੋਂ ਦੁਆਰਾ ਹੋਂਦ ਗ੍ਰਹਿਣ ਕਰਨ ਵਾਲਾ ਪ੍ਰਬੰਧ ਹੁੰਦਾ ਹੈ ਇਨ੍ਹਾਂ ਜੁਗਤਾਂ ਦੀ ਵਰਤੋਂ ਨਾਲ ਗਲਪੀ ਪਾਠ ਜਿਥੇ ਵਾਸਤਵਿਕ ਪਾਠ ਨਾਲੋਂ ਆਪਣੀ ਵੱਖਰੀ ਕਲਾਤਮਕ ਹੋਂਦ ਗ੍ਰਹਿਣ ਕਰਦਾ ਹੈ ਉਥੇ ਗਲਪਕਾਰ ਦੀ ਵਾਸਤਵ ਪ੍ਰੀਤ ਰਚਨਾ-ਦ੍ਰਿਸ਼ਟੀ ਦੇ ਪ੍ਰਮਾਣ ਵੀ ਇਸ ਪ੍ਰਕਾਰ ਦੀ ਬਣਤਰ (ਸੰਰਚਨਾ) ਵਿਚ ਸਮਾਏ ਹੋਏ ਹੁੰਦੇ ਹਨ ਇਸ ਪ੍ਰਕਾਰ ਕੋਈ ਵੀ ਗਲਪੀ ਪਾਠ ਰਚਨਾ-ਵਸਤੂ, ਰਚਨਾ-ਵਿਧੀ ਤੇ ਰਚਨਾ-ਦ੍ਰਿਸ਼ਟੀ ਦਾ ਅੰਤਰ-ਸੰਬੰਧਿਤ ਪ੍ਰਬੰਧ ਹੋ ਨਿਬੜਦੀ ਹੈ ਹੱਥਲੀ ਕਿਤਾਬ ਵਿਚ ਡਾ਼ ਭਾਟੀਆ ਨੇ ਇਸੇ ਵਿਧੀ ਨੂੰ ਅਪਣਾਇਆ ਹੈ ਅਤੇ ਸਫ਼ਲ ਦਾ ਨਾਲ ਇਸਦੀ ਵਰਤੋਂ ਕੀਤੀ ਹੈ3
ਇਸ ਫੈਲਾਵ ਅਧੀਨ ਭਾਟੀਆ ਗਲਪ-ਆਲੋਚਨਾ ਦਾ ਇਕ ਪਚਾਣ-ਚਿੰਨ ਆਪਣੀ ਮੈਟਾ-ਚਿੰਤਨੀ ਪ੍ਰਵਿਰਤੀ ਨਾਲ ਵੀ ਸੰਬੰਧਿਤ ਹੈ, ਜਿਸ ਦੇ ਅੰਤਰਗਤ ਭਾਟੀਆ ਗਲਪ-ਆਲੋਚਨਾ ਰਚਨਾਕਾਰ ਨਾਲ ਸੰਬੰਧਿਤ ਪ੍ਰਾਪਤ 'ਪਰ' ਆਲੋਚਨਾ/ਟਿੱਪਣੀਆਂ ਨੂੰ ਲੈਕੇ ਪੁਨਰ-ਵਿਸ਼ਲੇਸ਼ਣ ਦੇ ਧਰਾਤਲ ਉੱਤੇ ਵਿਚਾਰਦੀ ਹੈ ਅਤੇ ਰਚਨਾਕਾਰ ਦੀਆਂ 'ਸਵੈ' ਆਲੋਚਨਾ/ਟਿੱਪਣੀਆਂ ਨੂੰ ਪਾਠ ਦੇ ਸੁਭਾਅ ਤੇ ਸਰੂਪ ਨਾਲ ਅੰਤਰ-ਸੰਬੰਧਿਤ ਕਰਕੇ ਸੰਬੰਧਿਤ ਰਚਨਾ ਦਾ ਮੁੱਲਾਂਕਣ ਪੇਸ਼ ਕਰਦੀ ਹੈ ਇਸ ਪ੍ਰਕਾਰ ਦਾ ਵਿਸ਼ਲੇਸ਼ਣ ਭਾਟੀਆ ਗਲਪ-ਆਲੋਚਨਾ ਅਧੀਨ ਗਤੀਸ਼ੀਲ ਉਸਦੀ ਮੈਟਾ-ਆਲੋਚਨਾਤਮਿਕ ਪਹੁੰਚ ਦਾ ਹੀ ਪ੍ਰਣਾਮ ਹੈ, ਜਿਹੜਾ ਇਸ ਗਲਪ-ਆਲੋਚਨਾ ਨੂੰ ਵਾਰ-ਵਾਰ ਸਿਧਾਂਤ-ਪਰਿਵੇਸ਼ ਵੱਲ ਅਤੇ ਸਿਧਾਂਤ ਤੇ ਵਿਹਾਰ ਦੇ ਪਰਸਰ ਸੰਬੰਧਾਂ ਨੂੰ ਵੇਖਣ ਵਾਲੀ ਅਧਿਐਨ-ਦਿਸ਼ਾ ਦੇ ਮੋਹ ਵੱਲ ਲੈ ਜਾਂਦਾ ਹੈ4 ਪ੍ਰੰਤੂ ਇਸ ਪ੍ਰਸੰਗ ਵਿਚ ਭਾਟੀਆ ਗਲਪ-ਆਲੋਚਨਾ ਦੀ ਇਸ ਦਿਸ਼ਾ ਦੀ ਪ੍ਰਾਪਤੀ ਇਸ ਦੇ ਸੰਬਾਦੀ ਸੁਭਾਅ ਵਿਚ ਲੁਪਤ ਹੈ, ਜਿਸ ਅਧੀਨ ਭਾਟੀਆ ਗਲਪ-ਆਲੋਚਨਾ (ਅਮੁਮਨ) ਸਰਵ-ਪ੍ਰਥਮ ਅਧਿਐਨ-ਸਮੱਗਰੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਨਜਿੱਠਦੀ ਹੋਈ ਸਵੈ ਨਿਰਧਾਰਿਤ ਪ੍ਰਸ਼ਨ ਨਾਲ ਅਧਿਐਨ-ਸਮੱਗਰੀ ਦੇ ਨਿਰਧਾਰਨ ਵੱਲ ਅਲਹਾਉੱਦੀ ਹੈ ਅਤੇ ਅੱਗੋਂ ਪੂਰਵ-ਪ੍ਰਾਪਤ ਵਿਸ਼ਲੇਸ਼ਣ-ਸਮੱਗਰੀ ਤੇ ਆਲੋਚਕਾਂ ਦੀਆਂ ਟਿੱਪਣੀਆਂ ਨਾਲ ਸੰਬਾਦ ਦੇ ਰਿਸ਼ਤੇ ਵਿਚ ਬੱਝਦੀ ਗਲਪੀ-ਪਾਠ ਦਾ ਮੁੱਲ ਅੰਕਿਤ ਪੁਨਰ-ਚਿੰਤਨ ਦੀ ਪ੍ਰਕਿਰਿਆ ਨਾਲ ਕਰਦੀ ਹੈ ਇਸ ਪ੍ਰਕਿਰਿਆ ਲਈ ਭਾਟੀਆ ਗਲਪ-ਆਲੋਚਨਾ ਦਾ ਰੁਖ਼ ਗਲਪਕਾਰ ਨਾਲ ਸੰਬੰਧਿਤ ਪੂਰਵ-ਪ੍ਰਾਪਤ 'ਸਵੈ' ਤੇ 'ਪਰ' ਧਾਰਨਾਵਾਂ, ਗਲਪਕਾਰ ਜਾਂ ਉਸਦੀਆਂ ਸੁਮੱਚੀਆਂ ਸਿਰਜਨਾਵਾਂ ਦਾ ਸਾਹਿਤ ਪਰੰਪਰਾ ਅਧੀਨ ਮਹੱਤਤਾ/ਸਥਾਨ ਅਤੇ ਵਿਸ਼ੇਸ਼ ਗਲਪੀ-ਸਿਰਜਨਾ ਦੇ ਵਿਸ਼ਲੇਸ਼ਣ ਮੁੱਲਾਂਕਣ ਕਰਨ ਵੱਲ ਦਾ ਹੁੰਦਾ ਜ਼ਿਆਦਾਤਰ ਸਿਧਾਂਤ, ਸੰਰਚਨਾ ਤੇ ਵਸਤੂ-ਸੰਸਾਰ ਦੀ ਪਹਿਚਾਣ ਵੱਲ ਹੁੰਦਾ ਹੈ
ਇਸ ਤੋਂ ਇਲਾਵਾ ਭਾਟੀਆ ਗਲਪ-ਆਲੋਚਨਾ ਦਾ ਇਕ ਵਿਸ਼ੇਸ਼ ਪਹਿਲੂ ਇਸ ਦੇ ਗਲਪੀ-ਮਾਡਲ ਦੀ ਹੋਂਦ-ਵਿਧੀ ਨਾਲ ਸੰਬੰਧਿਤ ਹੈ, ਜਿਸ ਅਧੀਨ ਭਾਟੀਆ ਗਲਪ-ਆਲੋਚਨਾ (ਅਚੇਤ ਪੱਧਰ 'ਤੇ) ਜੋਗਿੰਦਰ ਸਿੰਘ ਰਾਹੀ ਦੇ ਗਲਪੀ-ਮਾਡਲ ਦੇ ਨੇੜੇ ਵਿਚਰਦੀ ਪ੍ਰਤੀਤ ਹੁੰਦੀ ਹੈ ਇਸ ਵਿਚਰਨ ਅਧੀਨ ਭਾਟੀਆ ਗਲਪ-ਆਲੋਚਨਾ ਪ੍ਰਗਤੀਵਾਦੀ-ਯਥਾਰਥਵਾਦੀ ਸੁਭਾਅ ਤੇ ਸਰੂਪ ਅਖ਼ਤਿਆਰ ਕਰਦੀ ਹੋਈ ਗਲਪੀ-ਸਿਰਜਨਾ ਨੂੰ ਸੁਪਨੇ/ਆਦਰਸ਼ ਨੂੰ ਵਾਸਤਵਿਕਤਾ ਨਾਲ ਅੰਤਰ-ਸੰਬੰਧਿਤ ਕਰਦੇ ਇਨ੍ਹਾਂ ਵਿਚਲੇ ਤਨਾਉ ਨੂੰ ਪਹਿਚਾਣ ਵਾਲੀ ਸਿਰਜਨਾ ਸਵੀਕਾਰਦੀ ਹੈ ਭਾਟੀਆ ਗਲਪ-ਆਲੋਚਨਾ ਅਨੁਸਾਰ ਗਲਪੀ-ਸਿਰਜਨਾ ਸੁਪਨੇ/ਆਦਰਸ਼ ਸਿਰਜਨ ਕਰਨ ਦੀ ਬਜਾਇ ਸੁਪਨੇ/ਆਦਰਸ਼ਾਂ ਦੀ ਮਿੱਥ ਨੂੰ ਯਥਾਰਥਕ-ਦ੍ਰਿਸ਼ਟੀ ਨਾਲ ਵਿਖੰਡਤ ਕਰਦੀ ਹੋਈ ਮਿੱਥ-ਭੰਜਨ ਦਾ ਕਾਰਜ ਕਰਦੀ ਹੈ ਇਸ ਲਈ ਭਾਟੀਆ ਗਲਪ-ਆਲੋਚਨਾ ਲਈ (ਅਚੇਤ ਪੱਧਰ 'ਤੇ) ਆਧੁਨਿਕ ਗਲਪੀ-ਸਿਰਜਨਾਵਾਂ ਉਹ ਸਿਰਜਨਾਵਾਂ ਹਨ ਜਿਹੜੀਆਂ ਯਥਾਰਥਕ-ਦ੍ਰਿਸ਼ਟੀ ਦੁਆਰਾ ਮਨੁੱਖ ਦੀ ਮਿੱਥਕ/ਆਦਰਸ਼ਕ ਸੁਪਨ-ਪੂਰਤੀ ਤੇ ਵਾਸਤਵਿਕ-ਪ੍ਰਾਪਤੀ ਦੇ ਵਿਚਲੇ ਤਨਾਉ ਨੂੰ ਗਲਪੀ-ਪਾਤਰਾਂ ਦੀ ਤ੍ਰਾਸਦਿਕ ਸਥਿਤੀ ਬਣਾਕੇ ਪ੍ਰਸਤੁਤ ਕਰਦੀਆਂ ਹਨ ਅਜਿਹਾ ਇਸ ਲਈ ਵਾਪਰਦਾ ਹੈ ਕਿਉਂਕਿ ਗਲਪੀ-ਸਿਰਜਨਾ ਅਧੀਨ ਪ੍ਰਸਤੁਤੀ ਪਾਉੱਦਾ ਅਸੰਤੁਲਿਤ ਸਮਾਜਿਕ-ਵਿਵਸਥਾ ਦਾ ਮਨੁੱਖ/ਪਾਤਰ ਦੀਆਂ ਅਕਾਂਖਿਆਵਾਂ ਨੂੰ ਇਹ ਸਮਾਜਿਕ-ਵਿਵਸਥਾ ਜਿਥੇ ਪਦਾਰਥਕ-ਵਸਤੂਆਂ ਦੀ ਅਮੁੱਕ ਪੂਰਤੀ ਨਾਲ ਬਲ ਦਿੰਦੀ ਹੈ ਉਥੇ ਆਪਣੇ ਅਸੰਤੁਲਿਤ ਸੁਭਾਅ ਕਾਰਨ ਉਨ੍ਹਾਂ ਅਕਾਂਖਿਆਵਾਂ ਦੀ ਪ੍ਰਾਪਤੀ ਲਈ ਉਚਿੱਤ ਸਾਧਨ ਉਪਲੱਭਧ ਨਹੀਂ ਹੁੰਦੇ ਹਨ ਇਸ ਕਾਰਨ ਮਨੁੱਖ/ਪਾਤਰ ਦੀ ਸੁਪਨ/ਅਦਾਰਸ਼ ਪੂਰਤੀ ਸਦਾ ਸਥਿਤੀਆਂ ਦੀ ਕਠੋਰਤਾ ਨਾਲ ਟਕਰਾਕੇ ਵਿਖੰਡਤ ਹੁੰਦੀ ਹੋਈ ਵਾਸਤਵਿਕ-ਪ੍ਰਾਪਤੀ ਤੇ ਸੁਪਨ-ਪੂਰਤੀ ਵਿਚਕਾਰਲੇ ਅਸੰਤੁਲਿਨ ਕਾਰਨ ਉਸ ਨੂੰ ਤਨਾਉ ਦਾ ਭਾਗੀਦਾਰ ਬਣਾਉੱਦੀ ਹੈ ਇਸ ਕਾਰਨ ਹੀ ਭਾਟੀਆ ਗਲਪ-ਆਲੋਚਨਾ ਦਾ ਵਿਹਾਰਿਕ ਅਧਿਐਨ ਵਧੇਰੇ ਪਾਤਰ, ਥੀਮ ਤੇ ਵਸਤੂ-ਯਥਾਰਥ ਵਿਚਲੇ 'ਤਨਾਉ' ਦੀ ਪਹਿਚਾਣ ਉੱਤੇ ਕੇਂਦਰਿਤ ਹੁੰਦਾ ਹੈ ਅਤੇ ਗਲਪਕਾਰ ਕੋਲੋਂ ਇਸ ਤ੍ਰਾਸਦਿਕ ਸਥਿਤੀ ਨੂੰ ਪ੍ਰਸਤੁਤ ਕਰਨ ਲਈ ਗਿਆਨਮੂਲਕ ਕਾਰਜ ਨਿਭਾਉਣ ਦੀ ਮੰਗ ਕਰਦਾ ਹੈ ਇਸ ਅਧੀਨ ਗਲਪੀ-ਪਾਤਰ ਦੇ (ਰੁਮਾਂਸ/ਮਹਾਂਕਾਵਿ ਵਾਂਗ) ਸੁਪਨਿਆਂ ਦੀ ਜਿੱਤ ਦੀ ਥਾਂ ਸੁਪਨਿਆ/ਆਦਰਸ਼ਾਂ ਦੀ ਹਾਰ ਪ੍ਰਸਤੁਤ ਕਰਕੇ ਪਾਠਕ ਦੀ ਚੇਤਨਾ ਸਾਹਵੇਂ ਵਿਦਮਾਨ ਵਾਸਤਵਿਕਤਾ ਦਾ ਪ੍ਰਤੱਖ ਵਿਕਲਪ ਪੇਸ਼ ਕਰਨ ਦੀ ਬਜਾਇ ਵਾਸਤਵਿਕ ਸਥਿਤੀਆਂ ਪ੍ਰਤੀ 'ਕਿੰਤੂ' ਉਤਪੰਨ ਕਰਨਾ ਹੀ ਕਾਫ਼ੀ ਹੈ, ਜਿਸ ਦੇ 'ਉੱਤਰ' ਸਥਿਤੀਆਂ ਦੇ ਕਲੇਵਰ ਵਿਚ ਹੀ ਸਿਮਟੀ ਧੁਨੀ ਦੇ ਰੂਪ ਵਿਚ ਪਾਠਕ ਤੱਕ ਸੰਚਾਲਿਤ ਹੁੰਦੇ ਹਨ ਇਸ ਕਾਰਨ ਹੀ ਭਾਟੀਆ ਗਲਪ-ਆਲੋਚਨਾ ਗਲਪੀ-ਪਾਠ ਵਿਚੋਂ ਕਿਸੇ ਪ੍ਰਤੱਖ ਪ੍ਰਚਾਰ ਜਾਂ ਦਿਸ਼ਾ-ਨਿਰਦੇਸ਼ ਦੀ ਤਲਾਸ਼ ਕਰਨ ਦੀ ਬਜਾਇ ਗਲਪੀ-ਬਿੰਬ ਦੀਆਂ ਕਲਾਤਮਿਕ-ਰੀਤੀਆਂ ਅਤੇ ਕਲਾਤਮਿਕ-ਰੀਤੀਆਂ ਪਿਛੇ ਕਾਰਜਸ਼ੀਲ ਵਿਸ਼ਵ-ਦ੍ਰਿਸ਼ਟੀਕੋਣ ਨੂੰ ਨਿਰਧਾਰਿਤ ਕਰਕੇ ਗਲਪੀ-ਬਿੰਬ ਦੀ ਸਹਿਜਤਾ ਤੇ ਸੁਭਾਵਿਕਤਾ ਨੂੰ ਆਪਣੀ ਸਮੀਖਿਆ ਦਾ ਪ੍ਰਮੁੱਖ (ਇਕ ਮਾਤਰ ਨਹੀਂ) ਪ੍ਰਤੀਮਾਨ ਸਿਰਜਦੀ ਹੈ ਇਸ ਪ੍ਰਸੰਗ ਵਿਚ ਭਾਟੀਆ ਗਲਪ-ਆਲੋਚਨਾ ਆਪਣੇ ਮਜ਼ਮੂਨ 'ਲਾਲ ਬੱਤੀ : ਰਚਨਾ ਵਿਰਚਨਾ' ਵਿਚ  ਲਿਖਦੀ ਹੈ :
ਲਾਲ ਬੱਤੀ ਨਾਵਲ ਵਿਚ ਲੇਖਕ ਦਾ ਦ੍ਰਿਸ਼ਟੀਕੋਣ ਗਲਪ-ਬਿੰਬਾਂ ਰਾਹੀਂ ਵੀ ਉਜਾਗਰ ਹੁੰਦਾ ਹੈ ਅਤੇ ਬਿਰਤਾਂਤਕਾਰ ਤੇ ਦੂਸਰੇ ਪਾਤਰਾਂ ਦੀਆਂ ਗਿਆਨ-ਮੂਲਕ ਟਿੱਪਣੀਆਂ ਵਿਚੋਂ ਵੀ ਕਈ ਵਾਰ ਇਹ ਗਿਆਨ-ਮੂਲਕ ਟਿੱਪਣੀਆਂ ਅਨੁਭਵ ਉਪਰ ਹਾਵੀ ਹੋ ਕੇ ਗਲਪ-ਬਿੰਬ ਨੂੰ ਤ੍ਰੇੜਦੀਆਂ ਹਨ ਲੇਖਕ ਭੂਮਿਕਾ ਵਿਚ ਇਸ ਖੇਤਰ ਸੰਬੰਧੀ ਪਹਿਲਾਂ ਆਪਣੇ ਗਿਆਨ ਨੂੰ ਪੇਸ਼ ਕਰਦਾ ਹੈ ਅਤੇ ਫਿਰ ਉਸੇ ਨੂੰ ਗਲਪ ਵਿਚ ਢਾਲਦਾ ਹੈ ਗਲਪ ਵਿਚ ਢਾਲਦਾ ਹੋਇਆ ਵੀ ਉਹ ਉੱਚੀ ਸੁਰ ਵਾਲੀਆਂ ਟਿੱਪਣੀਆਂ ਕਿਧਰੇ ਪਾਤਰਾਂ ਦੇ ਮੂੰਹੋਂ ਅਤੇ ਕਿਧਰੇ ਬਿਰਤਾਂਤਕਾਰ ਪਾਸੋੱ ਬੁਲਵਾਉਂਦਾ ਹੈਲੇਖਕ ਦਾ ਰਚਨਾ-ਵਸਤੂ ਸੰਬੰਧੀ ਗਿਆਨ਼ਮੁੜ ਮੁੜ ਸਥਿਤੀ ਵਿਸ਼ਲੇਸ਼ਣ ਲਈ ਉਕਸਾਉੱਦਾ ਹੈ (ਜੋ) ਅਸੁਭਾਵਿਕਤਾ ਦਾ ਪ੍ਰਭਾਵ ਸਿਰਜਦਾ ਹੈ5
ਇਸ ਤਰ੍ਹਾਂ ਭਾਵੇਂ ਭਾਟੀਆ ਗਲਪ-ਆਲੋਚਨਾ ਕਿਸੇ ਗਲਪੀ-ਪਾਠ ਦੇ ਅੰਤਰਗਤ ਵਿਚਾਰਧਾਰਾ ਦੇ ਪ੍ਰਤੱਖ ਪ੍ਰਗਟਾਵ ਨੂੰ ਸਵੀਕਾਰ ਨਹੀਂ ਕਰਦੀ ਹੈ ਪ੍ਰੰਤੂ ਇਸ ਦਾ ਭਾਵ ਇਹ ਬਿਲਕੁਲ ਨਹੀਂ ਕਿ ਭਾਟੀਆ ਗਲਪ-ਆਲੋਚਨਾ ਗਲਪੀ-ਪਾਠ ਵਿਚੋਂ ਵਿਚਾਰਾਂ ਨੂੰ ਘਟਾਕੇ ਵੇਖਣ ਵਾਲੀ ਬੰਦ-ਅੰਤੀ (close ended) ਸੰਰਚਨਾਵਾਦੀ/ਰੂਪਵਾਦੀ ਆਲੋਚਨਾ ਦੇ ਧਰਾਤਲ ਉੱਤੇ ਵਿਚਰਦੀ ਹੈ ਸਗੋਂ ਇਸ ਦੇ ਵਿਪਰੀਤ ਭਾਟੀਆ ਗਲਪ-ਆਲੋਚਨਾ ਅੰਤਰ-ਅਨੁਸ਼ਾਸਨੀ ਪਹੁੰਚ-ਵਿਧੀ ਗ੍ਰਹਿਣ ਕਰਦੀ ਹੋਈ ਭਾਵੇਂ ਵਿਹਾਰ ਦੇ ਦਰਸ਼ਨ (philosophy of praxis) ਤੋਂ ਪ੍ਰੇਰਿਤ ਨਹੀਂ ਹੁੰਦੀ, ਪ੍ਰੰਤੂ ਪ੍ਰੋਖ ਰੂਪ ਵਿਚ ਇਸ ਅਲੋਚਨਾ ਦੀ ਆਲੋਚਨਾਤਮਿਕ-ਦ੍ਰਿਸ਼ਟੀ ਆਪਣੇ ਸਮੁੱਚੇ ਕਾਰਜਾਂ ਦੇ ਪ੍ਰਸੰਗ ਵਿਚ ਵਿਕਾਸਮਈ ਰੁਖ਼ ਅਖ਼ਤਿਆਰ ਕਰਦੀ ਪ੍ਰਗਤੀਵਾਦੀ ਸੁਭਾਅ ਦੀ ਧਾਰਨੀ ਜ਼ਰੂਰ ਬਣਦੀ ਹੈ ਇਸ ਸੰਦਰਭ ਵਿਚ ਇਹ ਆਲੋਚਨਾ ਸ਼੍ਰੇਣੀਗਤ ਸੁਭਾਅ ਤੇ ਸਰੂਪ ਵਾਲੀ ਵਿਦਮਾਨ ਪੂੰਜੀਵਾਦੀ ਵਿਵਸਥਾ ਦੀਆਂ ਮੰਡੀ ਅਧਾਰਿਤ ਲੁਪਤ ਨੀਤੀਆਂ ਤੇ ਨੀਤਾਂ ਤੋਂ ਸੁਚੇਤ ਆਲੋਚਨਾਤਮਿਕ-ਯਥਾਰਥਵਾਦੀ ਨਜ਼ਰੀਏ ਦੇ ਲੜ ਲੱਗਦੀ ਨਜ਼ਰੀ ਪੈਂਦੀ ਹੈ ਜਿਸ ਦੇ ਅੰਤਰਗਤ ਭਾਟੀਆ ਗਲਪ-ਆਲੋਚਨਾ ਗਲਪੀ-ਬਿੰਬ ਅਧੀਨ ਕਿਸੇ ਭਵਿੱਖਮੁੱਖੀ ਪਰਿਵਰਤਨ ਵਿਚ ਸਪੱਸ਼ਟ ਤੇ ਪੂਰਨ-ਵਿਸ਼ਵਾਸ ਪ੍ਰਗਟ ਕਰਨ ਦੀ ਬਜਾਇ ਵਿਦਮਾਨ ਵਾਸਤਵਿਕਤਾ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਣ ਦੇ ਨੁਕਤਾ ਨੂੰ ਵਧੇਰੇ ਸਾਰਥਕ ਕਿਆਸ ਕਰਦੀ ਮਨੁੱਖ-ਹਿਤੈਸ਼ੀ ਦ੍ਰਿਸ਼ਟੀ ਗ੍ਰਹਿਣ ਕਰਦੀ ਪ੍ਰਤੀਤ ਹੁੰਦੀ ਹੈ ਇਸ ਕਾਰਨ ਹੀ ਭਾਟੀਆ ਗਲਪ-ਆਲੋਚਨਾ ਦੀ ਰਚਨਾਕਾਰ ਤੋਂ ਮੰਗ ਗਲਪੀ-ਪਾਠ ਵਿਚਲੇ ਪ੍ਰਵੇਸ਼ ਨੂੰ ਵੱਧ ਤੋਂ ਵੱਧ ਸੀਮਿਤ ਰੱਖਣ ਤੇ ਲੁਪਤ ਤਰੀਕੇ ਨਾਲ ਵਿਦਮਾਨ ਰਹਿਕੇ ਗਲਪੀ-ਬਿੰਬ ਤੇ ਪਾਤਰਾਂ ਦੇ ਅਸਤਿਤਵ ਨੂੰ ਸੁਰੱਖਿਅਤ ਰੱਖਣ ਅਤੇ ਜੀਵਨ-ਦ੍ਰਿਸ਼ਟੀਕੋਣ ਨੂੰ ਪੇਸ਼ ਕਰਨ ਦੀ ਹੈ ਭਾਟੀਆ ਗਲਪ-ਆਲੋਚਨਾ ਅਨੁਸਾਰ ਅਜਿਹਾ ਤਦ ਹੀ ਸੰਭਵ ਹੰਦਾ ਹੈ ਜਦੋਂ ਰਚਨਾਕਾਰ ਵਸਤੂ-ਨਿਸ਼ਠ ਰਚਨਾ-ਦ੍ਰਿਸ਼ਟੀ ਦਾ ਧਾਰਨੀ ਹੁੰਦਾ ਹੋਇਆ ਬਿਰਤਾਂਤ ਦੱਸਣ ਦੀ ਥਾਂ ਦਿਖਾਉਣ ਦੀ ਨਾਟਕੀ ਜੁਗਤ ਨੂੰ ਪ੍ਰਯੋਗ ਵਿਚ ਲਿਆਉਂਦਾ ਹੈ ਇਸ ਜੁਗਤ ''ਵਿਚ ਜ਼ਿੰਦਗੀ ਸਰਬ-ਗਿਆਨੀ ਲੇਖਕ ਦੇ ਭਾਸ਼ਣਾਂ ਅਤੇ ਟਿੱਪਣੀਆਂ ਦੀ ਬਜਾਇ ਰਿਸ਼ਤਿਆਂ ਵਿਚ ਵਿਚਰਦੇ ਪਾਤਰਾਂ ਦੀਆਂ ਕਿਰਿਆਵਾਂ, ਘਟਨਾਵਾਂ ਅਤੇ ਸਥਿਤੀਆਂ ਦੇ ਰੂਪ ਵਿਚ ਜਿਉੱਦੇ-ਜਾਗਦੇ ਅਤੇ ਚਲਦੇ-ਫਿਰਦੇ ਦ੍ਰਿਸ਼ ਵਾਂਗ ਪਾਠਕ ਸਾਹਮਣੇ ਖੁਲ੍ਹਦੀ ਹੈ''6 ਇਸ ਪ੍ਰਸੰਗ ਵਿਚ ਭਾਟੀਆ ਗਲਪ-ਆਲੋਚਨਾ ਦਾ 'ਜਲ ਬਿਨ ਕੁੰਭ' ਨਾਵਲੀ-ਪਾਠ ਦੇ ਵਿਸ਼ਲੇਸ਼ਣ ਨੂੰ ਵੇਖਿਆ ਜਾ ਸਕਦਾ ਹੈ :
ਇਸ ਰਚਨਾ ਵਿਚ ਥੀਮ ਦੀ ਉਸਾਰੀ ਲਈ ਵਰਤੀਆਂ ਗਈਆਂ ਨਾਵਲੀ ਜੁਗਤ ਵਿਚੋਂ ਸਭ ਤੋਂ ਮਹੱਤਵਪੂਰਨ ਜੁਗਤ ਅਨੁਭਵ ਦੇ ਸਮੂਰਤੀਕਰਨ ਦੀ ਹੈ ਲੇਖਿਕਾ ਨੇ ਆਪਣੇ ਅਨੁਭਵ ਨੂੰ ਕਥਨ (telling) ਦੇ ਢਾਂਚੇ ਦੀ ਬਜਾਏ ਪੇਸ਼ਕਾਰੀ (showing) ਦੀ ਪੱਧਰ ਉੱਪਰ ਚਿਤ੍ਰਿਆ ਹੈ ਫਲਸਰੂਪ, ਅਨੁਭਵ ਨਾਲ ਸੰਬੰਧਿਤ ਹਰ ਨਿੱਕਾ-ਨੰਨ੍ਹਾ ਵੇਰਵਾ ਤੇ ਘਟਨਾ ਇਕ ਸਜੀਵ ਸ਼ਕਲ ਅਖ਼ਤਿਆਰ ਕਰਕੇ ਸਾਮ੍ਹਣੇ ਆਉੱਦੇ ਹਨ7
ਪੇਸ਼ਕਾਰੀ ਦੀ ਇਸ ਵਿਧੀ ਨੂੰ ਮਹੱਤਵ ਦੇਣ ਕਾਰਨ ਹੀ ਭਾਟੀਆ ਗਲਪ-ਆਲੋਚਨਾ ਪਾਠ ਸਾਹਮਣੇ ਇਕ ਇਕ ਬੁੱਧੀ-ਵਿਵੇਕ ਵਾਲੇ ਪਾਠਕ ਦੀ ਹੋਂਦ ਨੂੰ ਸਵੀਕਾਰ ਕਰਦੀ ਹੈ, ਜਿਹੜਾ ਆਪਣੀ ਬੁੱਧੀ ਸਮਰੱਥਾ ਤੇ ਸੀਮਾ ਅਧੀਨ ਗਲਪ-ਪਾਠ ਦੇ ਚਿੰਨ੍ਹਾਂ ਨੂੰ ਡੀਕੋਡ ਕਰਦਾ ਹੋਇਆ ਅਰਥ ਗ੍ਰਹਿਣ ਕਰਦਾ ਹੈ ਅਤੇ ਗਲਪੀ-ਪਾਠ ਨੂੰ ਬਹੁ-ਅਰਥੀ ਹੋਂਦ ਪ੍ਰਦਾਨ ਕਰਦਾ ਹੈ, ਜਿਸ ਦੀ ਤਲਾਸ਼ ਭਾਟੀਆ ਗਲਪ-ਆਲੋਚਨਾ ਦੀ ਪੁਨਰ-ਚਿੰਤਨ ਵਾਲੀ ਪ੍ਰਵਿਰਤੀ ਦੀ ਮੂਲ ਪਹਿਚਾਣ ਬਣਦੀ ਹੈ
ਇਸ ਦੇ ਨਾਲ ਹੀ ਭਾਟੀਆ ਗਲਪ-ਆਲੋਚਨਾ ਗਲਪੀ-ਸਿਰਜਨਾ ਦੇ ਸੰਭਾਵੀ ਗੁਣ (probability) ਨੂੰ ਮਹੱਤਤਾ ਦਿੰਦੀ ਗਲਪੀ-ਪਾਠ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਂਕਣ ਕਰਨ ਲਈ ਪਾਠ ਤੇ ਪ੍ਰਸੰਗ ਦੇ ਅੰਤਰ-ਸੰਬੰਧਾਂ ਵੱਲ ਵਿਸ਼ੇਸ਼ ਧਿਆਨ ਕੇੱਦਰਿਤ ਕਰਦੀ ਹੈ ਇਸ ਸੰਦਰਭ ਵਿਚ ਭਾਟੀਆ ਗਲਪ-ਆਲੋਚਨਾ ਦੀ ਪ੍ਰਮੁੱਖ ਪ੍ਰਾਪਤੀ ਪਾਠਮੂਲਕ ਅਧਿਐਨ-ਵਿਧੀ ਨੂੰ ਅੰਤਰ-ਅਨੁਸ਼ਾਸ਼ਨੀ ਦ੍ਰਿਸ਼ਟੀ ਦੁਆਰਾ ਗ੍ਰਹਿਣ ਕਰਨ ਦੀ ਹੈ, ਜਿਸ ਅਧੀਨ ਇਹ ਗਲਪ-ਆਲੋਚਨਾ ਪਾਠ ਦੀਆਂ ਵਿਭਿੰਨ ਪਰਤਾਂ ਤੇ ਪਸਾਰਾਂ ਨੂੰ ਪੁਨਰ-ਚਿੰਤਨ ਦੀ ਸਮੱਗਰੀ ਬਣਾਉੱਦੀ ਹੋਈ ਆਪਣੀਆਂ ਮੌਲਿਕ ਧਾਰਨਾਵਾਂ ਦ੍ਰਿਸ਼ਟੀਗੋਚਰ ਕਰਦੀ ਹੈ ਇਨ੍ਹਾਂ ਧਾਰਨਾਵਾਂ ਦਾ ਮੂਲ ਆਧਾਰ ਭਾਟੀਆ ਗਲਪ-ਆਲੋਚਨਾ ਦੀ ਗਲਪੀ-ਪਾਠ ਦੀ ਹੋਂਦ-ਵਿਧੀ ਨੂੰ ਸਮਝਣ ਵਾਲੀ ਇਸ ਧਾਰਨਾ ਉੱਤੇ ਅਧਾਰਿਤ ਹੈ ਕਿ ਗਲਪੀ-ਪਾਠ ਵਸਤੂ-ਜਗਤ ਉੱਤੇ ਨਹੀਂ, ਸਗੋਂ ਵਸਤੂ-ਜਗਤ ਦੇ ਅਨੁਭਵ ਉੱਤੇ ਅਧਾਰਿਤ ਹੁੰਦਾ ਹੈ, ਜਿਹੜਾ ਵਸਤੂ-ਜਗਤ ਦੇ ਯਥਾਰਥ (reality) ਨੂੰ ਪੇਸ਼ ਕਰਦਾ ਸੰਭਾਵੀ ਗੁਣ ਦਾ ਧਾਰਨੀ ਹੁੰਦਾ ਹੈ ਇਸ ਕਾਰਨ ਹੀ ਭਾਟੀਆ ਗਲਪ-ਆਲੋਚਨਾ ਯਥਾਰਥਮੁੱਖ-ਗਲਪ ਦੀ ਸਾਰਥਕਤਾ ਕਲਪਿਤ-ਵੇਰਵਿਆਂ ਦੇ ਸੰਭਾਵੀ ਗੁਣ ਵਿਚ ਨਿਸ਼ਚਿਤ ਕਰਦੀ ਗਲਪੀ-ਬਿੰਬ ਤੇ ਵਸਤੂ-ਜਗਤ ਦੇ ਸੰਬੰਧਾਂ ਤੇ ਦਵੰਦਾਂ ਨੂੰ ਸਹਿਜਤਾ ਤੇ ਸੁਭਾਵਿਕਤਾ ਸਿਰਜਨ ਦੇ ਪੈਰਾਮੀਟਰ ਰਾਹੀਂ ਵੇਖਦੀ ਹੈ ਅਤੇ ਇਸ ਸਹਿਜਤਾ ਤੇ ਸੁਭਾਵਿਕਤਾ ਨੂੰ ਨਾਵਲੀ-ਪਾਠ ਦੇ ਵਿਸ਼ੇਸ਼ ਸਿਰਜਨਾਤਮਿਕ ਸੰਦਰਭ ਨਾਲ ਸੰਬੰਧਿਤ ਕਰਦੀ ਹੈ ਭਾਟੀਆ ਗਲਪ-ਸਿਰਜਨਾ ਇਸ ਸਿਰਜਨਾਤਮਿਕ-ਸੰਦਰਭ ਨੂੰ ਨਾਵਲੀ-ਜਗਤ ਤੇ ਵਸਤੂ-ਜਗਤ ਨੂੰ ਵਰਗੇਵੇ ਤੇ ਵਖਰੇਵੇ ਦੇ ਅੰਤਰ-ਸੰਬੰਧਾਂ ਵਿਚ ਬੰਨਕੇ ਸਾਪੇਖ-ਖ਼ੁਦਮੁਖਤਾਰੀ ਪ੍ਰਦਾਨ ਕਰਨ ਵਾਲਾ ਮਹੱਤਵਪੂਰਨ ਤੱਤ ਸਵੀਕਾਰ ਦੀ ਹੈ
ਜ਼ਿੰਦਗੀ ਦੀ ਹਕੀਕਤ ਨੂੰ ਇੱਕੋ ਵੇਲੇ ਵਿਸਥਾਰ ਅਤੇ ਗਹਿਰਾਈ ਨਾਲ ਸਿਰਜਣ ਵਾਲੀ ਵਿਧਾ ਦਾ ਨਾਂ ਨਾਵਲ ਹੈ ਨਾਵਲ ਦੇ ਦੋ ਸਪੱਸ਼ਟ ਵਰਗ ਅਕਸਰ ਵੇਖਣ ਨੂੰ ਮਿਲਦੇ ਹਨ: ਪ੍ਰਤੀਕਮਈ ਅਤੇ ਸਮਕਾਲੀ ਸਮਾਜ ਨੂੰ ਵਿਸ਼ੇਸ਼ ਇਤਿਹਾਸਕ ਪਰਿਸਥਿਤੀ ਵਿਚ ਪੂਰੀ ਸ਼ਿੱਦਤ ਅਤੇ ਬਰੀਕਬੀਨੀ ਨਾਲ ਚਿਤਰਣ ਵਾਲੇ ਕਥਾ, ਕਥਾਨਕ, ਪਾਤਰਾਂ ਅਤੇ ਸੰਦਰਭ ਦੀ ਸਹਾਇਤਾ ਨਾਲ ਲੇਖਕ ਇਕ ਅਜਿਹਾ ਗਲਪੀ ਸੰਸਾਰ ਸਿਰਜਦਾ ਹੈ ਜਿਸਦੀ ਵਾਸਤਵਿਕ ਜਗਤ ਨਾਲ ਸਮਰੂਪਤਾ ਹੁੰਦੀ ਹੈ ਇਸ ਗਲਪੀ-ਸੰਸਾਰ ਵਿਚਲੀ ਸਾਮਗ੍ਰੀ ਅਨੇਕ ਪ੍ਰਸੰਗਾਂ ਤੋਂ ਟੁੱਟਕੇ ਨਵੀਨ ਸੰਦਰਭ ਵਿਚ ਆ ਜੁੜਦੀ ਹੈ ਸਾਮ੍ਰਗੀ ਦੇ ਨਵੀਨ ਸੰਦਰਭ ਵਿਚ ਆ ਜੁੜਣ ਸਦਕਾ ਨਾਵਲ-ਰਚਨਾ  ਇਕ ਜਟਿਲ ਚਿਹਨ ਪ੍ਰਬੰਧ ਦਾ ਰੂਪ ਅਖ਼ਤਿਆਰ ਕਰ ਜਾਂਦੀ ਹੈ8   
ਇਸ ਪ੍ਰਕਾਰ ਭਾਟੀਆ ਗਲਪ-ਅਲੋਚਨਾ ਦਾ ਇਹ ਸੰਪੇਖ ਅਧਿਐਨ ਦੱਸਦਾ ਹੈ ਕਿ ਭਾਟੀਆ ਗਲਪ-ਆਲੋਚਨਾ ਗਲਪੀ-ਪਾਠ ਨੂੰ ਵਸਤੂ-ਯਥਾਰਥ ਨੂੰ ਸਮੁੱਚਤਾ, ਗਹਿਨਤਾ ਤੇ  ਜਟਿਲਤਾ ਵਿਚ ਪਕੜਨ ਤੇ ਵਿਸ਼ੇਸ਼ ਸੰਦਰਭ ਵਿਚ ਪ੍ਰਸਤੁਤ ਕਰਨ ਵਾਲੀ ਸਿਰਜਨਾ ਮੰਨਦੀ ਹੈ, ਜਿਸ ਅਧੀਨ ਵਿਭਿੰਨ ਪ੍ਰਕਾਰ ਦੀਆਂ ਰਚਨਾਤਮਿਕ-ਜੁਗਤਾਂ ਗਤੀਸ਼ੀਲ ਰਹਿੰਦੀਆਂ ਹਨ, ਜਿਨ੍ਹਾਂ ਨੂੰ ਭਾਟੀਆ ਗਲਪ-ਆਲੋਚਨਾ ਬਿਰਤਾਂਤਕ ਸੰਕਲਪਾਂ ਦੀ ਸਪੱਸ਼ਟਤਾ ਦੁਆਰਾ ਵਿਸ਼ਲੇਸ਼ਣ ਦੇ ਪੱਧਰ ਉੱਤੇ ਲੈ ਜਾਕੇ ਸਮਝਣਯੋਗ ਬਣਾਉੱਦੀ ਹੈ ਇਨ੍ਹਾਂ ਸਿਧਾਂਤਕ ਸੰਕਲਪਾਂ ਦੀ ਸਪੱਸ਼ਟਤਾ ਹੀ ਅੱਗੋਂ ਭਾਟੀਆ ਗਲਪ-ਆਲੋਚਨਾ ਨੂੰ ਭਾਵੁਕਤਾ ਤੇ ਸਹਾਨੁਭੂਤੀ ਤੋਂ ਪਾਰ ਲੈ ਜਾਂਦੀ ਹੋਈ ਸੰਘਣੇ ਸਿਧਾਂਤ ਧਰਾਤਲ ਉੱਤੇ ਕਾਰਜਸ਼ੀਲ ਰੱਖਦੀ ਪ੍ਰਤੀਤ ਹੁੰਦੀ ਹੈ, ਜੋ ਇਸ ਗਲਪ-ਆਲੋਚਨਾ ਦੀ ਮੈਟਾ-ਆਲੋਚਨਾਤਮਿਕ ਪਿਠਭੂਮੀ ਦਾ ਹੀ ਪਰਿਣਾਮ  ਅਤੇ ਪੰਜਾਬੀ ਗਲਪ-ਆਲੋਚਨਾ ਦੀ ਪ੍ਰਾਪਤੀ ਹੈ
0-0-0

ਹਵਾਲੇ ਤੇ ਟਿੱਪਣੀਆਂ :
1. ਹਰਿਭਜਨ ਸਿੰਘ ਭਾਟੀਆ, ਪੰਜਾਬੀ ਗਲਪ : ਸੰਬਾਦ ਤੇ ਸਮੀਖਿਆ, ਪੰਨਾ-6
2. ਰਚਨਾਕਾਰ ਰਚਨਾ-ਦ੍ਰਿਸ਼ਟੀ ਦੁਆਰਾ ਚੁਣੇ ਅਨੁਭਵ ਦੇ ਵਿਸ਼ੇਸ਼ ਵਿਚਾਰਧਾਰਿਕ ਪ੍ਰਭਾਵ ਨੂੰ ਕਾਇਮ ਰੱਖਣ ਲਈ ਰਚਨਾਕਾਰ ਅਚੇਤ/ਸੁਚੇਤ ਰੂਪ ਵਿਚ ਉਸ ਦੀ ਅਭਿਵਿਅਕਤੀ ਲਈ ਸੰਬੰਧਿਤ ਰਚਨਾ-ਦ੍ਰਿਸ਼ਟੀ ਦੇ ਸਮਰੂਪ ਪ੍ਰਵਿਰਤੀ ਵਾਲੀ ਰਚਨਾ-ਵਿਧੀ/ਜੁਗਤਾਂ ਨੂੰ ਹੀ ਅਪਣਾਉਂਦਾ ਜਾਂ ਸਿਰਜਦਾ ਹੈ ਹਰਜੀਤ ਸਿੰਘ, ਪੰਜਾਬੀ ਦਾ ਮਾਰਕਸੀ ਗਲਪ-ਸ਼ਾਸਤਰ : ਵਿਨੋਦ ਗਲਪ-ਚਿੰਤਨ, ਪੰਨਾ-23
3. ਟੀ਼ ਆਰ਼ ਵਿਨੋਦ, ਪੰਜਾਬੀ ਆਲੋਚਨਾ ਸ਼ਾਸਤਰ, ਪੰਨਾ-171
4. ਇਸ ਤਰ੍ਹਾਂ ਦੀ ਪ੍ਰਵਿਰਤੀ ਦੀ ਮਹੱਤਤਾ ਦੱਸਦੀ ਹੋਈ ਭਾਟੀਆ ਗਲਪ-ਆਲੋਚਨਾ ਦਾ ਕਥਨ ਹੈ : ਕਿਸੇ ਵੀ ਕਿਰਤ ਦੀ ਭੂਮਿਕਾ ਵਿਚ ਉਸ ਰਚਨਾ ਸੰਬੰਧੀ ਲੇਖਕਾਂ ਵਲੋੱ ਜਾਂ ਕਿਸੇ ਵਿਦਵਾਨ ਵੱਲੋਂ ਹਰਫ਼ ਜ਼ਰੂਰੀ ਤੌਰ ਉਪਰ ਉਸ ਲਿਖਤ ਦੇ ਅੰਤਰਲੇ ਸੱਚ ਵੱਲ ਠੀਕ ਸੰਕੇਤ ਨਹੀਂ ਕਰ ਰਹੇ ਹੁੰਦੇ ਪਰ ਤਾਂ ਵੀ ਜਦ ਕੋਈ ਅਧਿਏਤਾ ਕਿਸੇ ਕਿਰਤ ਦੇ ਅੰਦਰ ਦਾਖ਼ਲ ਹੋਣ ਲੱਗਦਾ ਹੈ ਤਾਂ ਅਜਿਹੇ ਕਥਨ ਜ਼ਰੂਰ ਹੀ ਉਸ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਇਨ੍ਹਾਂ ਕਥਨਾਂ ਨੂੰ ਜਾਣੇ ਬਗੈਰ ਅੱਗੇ ਲੱਗ ਜਾਣਾ ਓਡੀ ਹੀ ਵੱਡੀ ਭੁੱਲ ਹੁੰਦੀ ਹੈ ਜਿੱਡੀ ਇਨ੍ਹਾਂ ਨੂੰ ਹਰਫ਼ੇ-ਆਖ਼ਿਰ ਗ੍ਰਹਿਣ ਕਰ ਲੈਣਾ ਪੰਜਾਬੀ ਗਲਪ : ਸੰਬਾਦ ਤੇ ਸਮੀਖਿਆ, ਪੰਨਾ-28-29
5. ਉਹੀ, ਪੰਨਾ-166
6. ਗੁਰਦਿਆਲ ਸਿੰਘ, 'ਨਾਵਲ ਵਿਚ ਦ੍ਰਿਸ਼ਟੀ-ਬਿੰਦੂ', ਨਾਵਲ ਸ਼ਾਸਤਰ ਤੇ ਪੰਜਾਬੀ ਨਾਵਲ, ਸੰਪਾ਼ ਐਸ਼ ਕੇ਼ ਦਵੇਸ਼ਵਰ, ਪੰਨਾ-112
7. ਉਹੀ, ਪੰਜਾਬੀ ਗਲਪ : ਸੰਬਾਦ ਤੇ ਸਮੀਖਿਆ, ਪੰਨਾ-83
8. ਉਹੀ, ਪੰਨਾ-128


Tuesday 9 February 2016

ਜੋਗਿੰਦਰ ਸਿੰਘ ਰਾਹੀ ਦੀ ਗਲਪ-ਆਲੋਚਨਾ : ਅੰਤਰ-ਅਨੁਸ਼ਾਸਨੀ ਪਹੁੰਚ

ਡਾ. ਹਰਜੀਤ ਸਿੰਘ
the novel’s realism does not reside in the kind of life presents, 
but in the way to presents it. Ian Watt

ਪੰਜਾਬੀ ਸ਼ਬਦ-ਸਭਿਆਚਾਰ ਦੇ ਅੰਤਰਗਤ ਆਲੋਚਨਾਤਮਿਕ ਅਨੁਸ਼ਾਸਨ ਦਾ ਆਰੰਭ ਬਸਤੀਵਾਦੀ ਗਿਆਨਵਾਦ ਅਧੀਨ ਪ੍ਰਭਾਵਮਈ ਤੇ ਪ੍ਰਸੰਸਾਮਈ ਪ੍ਰਵਿਰਤੀ ਅਖ਼ਤਿਆਰ ਕਰਕੇ ਵਿਸ਼ੇਸ਼ਣੀ-ਆਲੋਚਨਾ ਦੇ ਰੂਪ ਵਿਚ ਸਾਹਮਣੇ ਆਉੱਦਾ ਹੈ, ਜਿਹੜਾ ਅੱਗੋਂ ਬਹਿਰੰਗ ਪ੍ਰਗਤੀਵਾਦੀ-ਮਾਰਕਸਵਾਦੀ ਸਿਧਾਂਤ ਦੇ ਆਗਮਨ ਦੁਆਰਾ ਸਿਧਾਂਤਕ-ਆਲੋਚਨਾ ਦੇ ਖੇਤਰ ਵਿਚ ਪ੍ਰਵੇਸ਼ ਕਰਦਾ ਵਿਸ਼ਲੇਸ਼ਣੀ-ਪ੍ਰਵਿਰਤੀ ਗ੍ਰਹਿਣ ਕਰਦਾ ਹੈ ਭਾਵੇਂ ਸਮਕਾਲੀ 'ਉੱਤਰ'ਦੀਆਂ ਸਥਿਤੀਆਂ ਅਧੀਨ ਇਹ ਵਿਸ਼ਲੇਸ਼ਣੀ-ਪ੍ਰਵਿਰਤੀ ਬਹੁ-ਕੇੱਦਰੀ ਸੁਰ ਅਖ਼ਤਿਆਰ ਕਰਦੀ ਹੋਈ ਵਿਭਿੰਨ ਆਲੋਚਨਾ-ਪੱਧਤੀਆਂ ਦੇ ਅੰਦਰਲੇ (intra) ਤੇ ਅੰਤਰਲੇ (inter) ਵਿਰੋਧਾਂ ਤੋਂ ਮੁਕਤ (ਜੋ ਅਸਲ ਵਿਚ ਨਹੀਂ ਹੈ) ਨਜ਼ਰੀ ਪੈਂਦੀ ਹੈ ਪ੍ਰੰਤੂ ਆਪਣੇ ਆਰੰਭਲੇ ਦੌਰ ਅਧੀਨ ਇਹ ਆਲੋਚਨਾਤਮਿਕ ਪ੍ਰਵਿਰਤੀ ਪ੍ਰਮੁੱਖ ਰੂਪ ਵਿਚ ਬਹਿਰੰਗ ਤੇ ਅੰਤਰੰਗ ਆਲੋਚਨਾ ਪੱਧਤੀਆਂ ਦੇ ਅੰਦਰਲੇ ਤੇ ਅੰਤਰਲੇ ਵਿਰੋਧਾਂ ਤੇ ਸੰਬਾਦਾਂ ਦੁਆਰਾ ਹੀ ਵਿਕਾਸਸ਼ੀਲ ਰਹਿੰਦੀ ਹੈ ਇਸ ਵਿਕਾਸ ਅਧੀਨ ਜਿਥੇ ਬਹਿਰੰਗ ਆਲੋਚਨਾ-ਪੱਧਤੀ ਸਾਹਿਤ-ਸਿਰਜਨਾ ਨੂੰ ਸਮਾਜ-ਸਾਪੇਖਕ ਹੋਂਦ ਮੰਨਦੀ ਹੋਈ ਸਮਾਜ ਦੀ ਆਧਾਰ ਤੇ ਪਰ-ਸੰਰਚਨਾ ਦੇ ਵਿਭਿੰਨ ਪੱਖਾਂ ਨੂੰ ਸੁਹਜਾਤਮਿਕ-ਤੱਤਾਂ ਦੇ ਸਮਾਵੇਸ਼ ਦੁਆਰਾ ਅਭਿਵਿਅਕਤੀ ਦੇਣ ਵਾਲੀ ਅਤੇ ਵਰਤਮਾਨ ਦੀਆਂ ਭਵਿੱਖਮੁੱਖੀ ਸੰਭਾਵਨਾਵਾਂ ਨੂੰ ਪਾਠਕ ਸਾਹਮਣੇ ਪੇਸ਼ ਕਰਨ ਵਾਲੀ ਸਿਰਜਨਾ ਸਵੀਕਾਰਦੀ ਪ੍ਰਸੰਗਮੂਲਕ ਪਰਿਪੇਖ ਤਿਆਰ ਕਰਦੀ ਹੈ ਉਥੇ ਇਸ ਆਲੋਚਨਾ-ਪੱਧਤੀ ਦੇ ਵਿਚਾਰਕ-ਵਿਰੋਧ ਤੇ ਸਿਧਾਂਤਕ-ਮਤਭੇਦ ਵਿਚੋਂ ਉਤਪੰਨ ਹੋਈ ਅੰਤਰੰਗ ਆਲੋਚਨਾ-ਪੱਧਤੀ ਸਾਹਿਤ-ਸਿਰਜਨਾ ਦੀ ਸਮਾਜ ਨਿਰਪੇਖ ਖ਼ੁਦਮੁਖ਼ਤਿਆਰ ਹੋਂਦ ਨੂੰ ਸਵੀਕਾਰਦੀ ਸਾਹਿਤ-ਸਿਰਜਨਾ ਦੇ ਅਰਥਾਂ ਨੂੰ ਅੰਦਰੂਨੀ ਸੰਰਚਨਾ ਵਿਚੋਂ ਨਿਰਧਾਰਨ ਕਰਨ 'ਤੇ ਜ਼ੋਰ ਦਿੰਦੀ ਹੈ ਇਹ ਆਲੋਚਨਾ-ਪੱਧਤੀ ਪੱਛਮੀ ਭਾਸ਼ਾ-ਵਿਗਿਆਨਿਕ ਮਾਡਲ ਉੱਤੇ ਅਧਾਰਿਤ ਰਚਨਾਕਾਰ ਦੇ ਜੀਵਨਮਈ ਵੇਰਵਿਆਂ ਅਤੇ ਇਤਿਹਾਸਕ ਪਰਿਪੇਖ ਨੂੰ ਪ੍ਰੋਖੇ ਕਰਦੀ ਹੋਈ ਗਲਪ/ਸਾਹਿਤ ਅਧਿਐਨ ਦਾ ਅਜਿਹਾ ਵਿਗਿਆਨਕ-ਸ਼ਾਸਤਰ ਉਸਾਨ ਲਈ ਕਾਰਜਸ਼ੀਲ ਰਹਿੰਦੀ ਹੈ, ਜਿਹੜਾ ਸਮਾਜਿਕ, ਇਤਿਹਾਸਕ, ਸਦਾਚਾਰਕ ਤੇ ਮਨੋਵਿਗਿਆਨਕ ਆਦਿ ਧਾਰਨਾਵਾਂ ਤੋਂ ਮੁਕਤ ਸਾਹਿਤ ਦੀ ਸਾਹਿਤਕਤਾ ਨਾਲ ਸੰਬੰਧਿਤ ਨਿਰੋਲ ਪਾਠਮੂਲਕ ਸਰੋਕਾਰਾਂ ਦਾ ਧਾਰਨੀ ਹੋਵੇ ਇਸ ਪ੍ਰਕਾਰ ਸਤੱਹੀ ਦ੍ਰਿਸ਼ਟੀ ਤੋਂ ਬਹਿਰੰਗ ਤੇ ਅੰਤਰੰਗ ਆਲੋਚਨਾ-ਪੱਧਤੀਆਂ ਵਿਚਕਾਰ ਗਲਪੀ-ਸਿਰਜਨਾ ਦੀ ਅਧਿਐਨ ਵਿਧੀ ਤੇ ਦ੍ਰਿਸ਼ਟੀ ਦਾ ਅੰਤਰ ਤੇ ਵਿਰੋਧ ਸਹਿਜ ਭਾਵ ਹੀ ਸਪੱਸ਼ਟ ਹੋ ਜਾਂਦਾ ਹੈ, ਜਿਸ ਨੂੰ ਵਿਸ਼ਲੇਸ਼ਣੀ ਪੰਜਾਬੀ ਆਲੋਚਨਾ ਦੇ ਇਤਿਹਾਸ ਦੇ ਆਰੰਭਲੇ ਦੌਰ ਅਧੀਨ ਪ੍ਰਤੱਖ ਤੇ ਪ੍ਰੋਖ ਰੂਪ ਵਿਚ ਗਤੀਸ਼ੀਲ ਵੇਖਿਆ ਜਾ ਸਕਦਾ ਹੈ
ਪ੍ਰੰਤੂ ਵਿਸ਼ਵ-ਪੱਧਤੀ ਆਲੋਚਨਾ ਦੇ ਸਮਾਨਾਂਤਰ ਪੰਜਾਬੀ ਗਲਪ-ਆਲੋਚਨਾ ਦੇ ਅੰਤਰਗਤ ਵੀ ਇਨ੍ਹਾਂ ਦੋਹਾਂ ਪਰਸਪਰ ਵਿਰੋਧੀ ਆਲੋਚਨਾ-ਪੱਧਤੀਆਂ ਅਧੀਨ ਸਮਨਿਵੈ ਬਠਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਦਾ ਪੰਜਾਬੀ ਗਲਪ-ਆਲੋਚਨਾ ਦੇ ਅੰਤਰਗਤ ਸਰਵ-ਪ੍ਰਥਮ ਸਰੂਪ ਬਹਿਰੰਗ ਤੇ ਅੰਤਰੰਗ ਅਲੋਚਨਾ ਪੱਧਤੀਆਂ ਦੇ ਸੰਬਾਦ ਵਿਚੋਂ ਸਿਧਾਂਤਕ ਤੇ ਵਿਹਾਰਿਕ ਆਧਾਰ ਤਿਆਰ ਕਰਦੀ 'ਰਾਹੀ ਗਲਪ-ਆਲੋਚਨਾ' (ਪੰਜਾਬੀ ਨਾਵਲ, ਮਸਲੇ ਗਲਪ ਦੇ, ਸਮਾਂ ਤੇ ਸੰਵਾਦ ਤੇ ਜੋਤ ਜੁਗਤ ਦੀ ਬਾਰਤਾ) ਦੇ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ ਇਸ ਗਲਪ-ਆਲੋਚਨਾ ਦੀ ਸਭ ਤੋਂ ਵੱਡੀ ਪ੍ਰਾਪਤੀ ਅੰਤਰ-ਸੰਬਾਦ ਦੀ ਪ੍ਰਕਿਰਿਆ ਦੁਆਰਾ ਆਰੰਭਿਕ ਪੰਜਾਬੀ ਮਾਰਕਸਵਾਦੀ-ਆਲੋਚਨਾ ਦੀਆਂ ਵਿਰੋਧਤਾਈਆਂ ਤੇ ਅਪ੍ਰਾਪਤੀਆਂ ਅਤੇ ਸਮਕਾਲੀ ਰੂਪਵਾਦੀ-ਸੰਰਚਨਾਵਾਦੀ ਆਲੋਚਨਾ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਤੋਂ ਸੁਚੇਤ ਗਲਪੀ-ਸਿਰਜਨਾ ਦੇ ਪ੍ਰਕਾਰਜ ਅਤੇ ਰੂਪ ਦੇ ਸੰਮਿਸ਼ਰਤ ਅਧਿਐਨ ਨੂੰ ਮਹੱਤਤਾ ਦੇਣ ਵਿਚ ਨਿਹਿਤ ਹੈ ਇਸ ਸੰਮਿਸ਼ਰਤ ਸਰੂਪ ਅਧੀਨ ਰਾਹੀ ਗਲਪ-ਆਲੋਚਨਾ ਯਥਾਰਥ-ਬੋਧ ਦੀ ਵਿਗਿਆਨਿਕ ਵਿਧੀ ਨੂੰ ਆਧਾਰ ਰੂਪ ਵਿਚ ਗ੍ਰਹਿਣ ਕਰਦੀ ਹੋਈ ਪੰਜਾਬੀ ਗਲਪੀ-ਟੈਕਸਟ ਦੀ ਮੌਲਿਕਤਾ ਤੇ ਮਹੱਤਤਾ ਨੂੰ ਅੰਤਰ-ਅਨੁਸ਼ਾਸ਼ਨੀ ਪਹੁੰਚ ਵਿਧੀਆਂ ਦੁਆਰਾ ਸਮਝਣ-ਸਮਝਾਉਣ ਦਾ ਯਤਨ ਕਰਦੀ ਹੈ ਅਤੇ ਸਮਾਜ-ਸ਼ਾਸਤਰੀ, ਵਿਧਾ-ਸ਼ਾਸਤਰੀ, ਮਾਨਵ-ਸ਼ਾਸਤਰੀ ਤੇ ਵਿਚਾਰਧਾਰਕ ਆਦਿ ਮਾਡਲਾਂ ਨੂੰ ਆਤਮ-ਸਾਤ ਕਰਕੇ ਨਿਰਯੰਤਰ ਵਿਕਾਸ ਪ੍ਰਕਿਰਿਆ ਅਧੀਨ ਗਿਆਨ-ਸ਼ਾਸਤਰੀ ਰੁਖ਼ ਅਖ਼ਤਿਆਰ ਕਰਦੀ ਹੈ ਇਸ ਗਿਆਨ-ਸ਼ਾਸਤਰੀ ਰੁਖ਼ ਦੇ ਅੰਤਰਗਤ ਇਹ ਗਲਪ-ਆਲੋਚਨਾ ਉਧਾਰਿਤ ਸਿਧਾਂਤ ਚਿੰਤਨ ਨੂੰ ਅਗਰਭੂਮੀ ਵਿਚ ਕਾਰਜਸ਼ੀਲ ਕਰਨ ਦੇ ਵਿਪਰੀਤ ਮੌਲਿਕ ਸਮਨਿਵੈ ਅਧਾਰਿਤ ਸਿਧਾਂਤ-ਚਿੰਤਨ ਨੂੰ ਪਿਠਭੂਮੀ ਵਿਚ ਗਤੀਸ਼ੀਲਤਾ ਪ੍ਰਦਾਨ ਕਰਨ ਉੱਤੇ ਬਲ ਦਿੰਦੀ ਹੈ ਇਸ ਕਾਰਨ ਹੀ ਸਮੁੱਚੀ ਰਾਹੀ-ਆਲੋਚਨਾ ਵਿਚ ਉਪਲੱਭਧ ਵਿਕੋਲਿਤਰੇ ਸਿਧਾਂਤ-ਚਿੰਤਨ (ਖ਼ਾਸ ਕਰ 'ਨਾਵਲ ਰੂਪ : ਖ਼ੁਦਮੁਖ਼ਤਾਰੀ ਦੀ ਸਮੱਸਿਆ' ਮਜ਼ਮੂਨ ਅਧੀਨ) ਦੇ ਅੰਤਰਗਤ ਸਿਧਾਂਤ ਤੇ ਵਿਹਾਰ ਦੇ ਅੰਤਰ ਤਨਾਉ ਤੇ ਟਕਰਾਉ ਨੂੰ ਸੁਲਝਾਉਣ ਤੇ ਸਮਝਾਉ ਦੀ ਮੂਲ ਚਿੰਤਾ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਕਾਰਜਸ਼ੀਲ ਰਹਿੰਦੀ ਹੈ
ਇਸ ਕਾਰਜਸ਼ੀਲਤਾ ਅਧੀਨ ਰਾਹੀ ਗਲਪ-ਆਲੋਚਨਾ ਸਰਵ-ਪ੍ਰਥਮ ਨਾਵਲ-ਆਲੋਚਨਾ ਦੇ ਖੇਤਰ ਵਿਚ ਗਤੀਸ਼ੀਲ ਹੁੰਦੀ ਹੋਈ ਵਸਤੂ-ਜਗਤ ਤੇ ਨਾਵਲੀ-ਜਗਤ ਦੇ ਦਵੰਦਾਤਮਿਕ ਸੰਬੰਧਾਂ ਨੂੰ ਵੇਖਦੀ ਨਾਵਲੀ-ਜਗਤ ਦੀ ਖ਼ੁਦਮੁਖ਼ਤਾਰ ਹੋਂਦ ਨੂੰ ਤਰਕਪੂਰਨ ਰੂਪ ਵਿਚ ਸਥਾਪਿਤ ਕਰਦੀ ਹੈ ਇਸ ਪ੍ਰਸੰਗ ਵਿਚ ਰਾਹੀ ਨਾਵਲ-ਆਲੋਚਨਾ ਦਾ ਖ਼ੁਦਮੁਖ਼ਤਾਰੀ ਦਾ ਸੰਕਲਪ ਭਾਸ਼ਾ-ਵਿਗਿਆਨ ਉੱਤੇ ਆਸ਼ਰਿਤ ਰੂਪ-ਕੇੱਦਰਿਤ ਆਲੋਚਨਾ-ਪੱਧਤੀਆਂ ਦੇ ਨਿਰਪੇਖ ਖ਼ੁਦਮੁਖ਼ਤਾਰੀ ਦੇ ਸੰਕਲਪ ਵਾਂਗ ਬੌਧਿਕ-ਰਹੱਸਵਾਦ ਦੇ ਨੇੜੇ ਨਹੀਂ ਵਿਚਰਦਾ, ਸਗੋਂ ਇਹ ਆਲੋਚਨਾ ਨਾਵਲੀ-ਵੇਰਵਿਆਂ ਦੇ ਸਮਰੂਪ ਵੇਰਵਿਆਂ ਦੀ ਵਸਤੂ-ਜਗਤ ਵਿਚਲੀ ਤਲਾਸ਼ ਨੂੰ ਅਸੰਭਵ ਕਿਆਸ ਕਰਦੀ ਹੋਈ ਨਾਵਲੀ-ਜਗਤ ਨੂੰ ਆਤਮ (subject) ਤੇ ਅਨਾਤਮ (object) ਦੇ ਦਵੰਦਾਤਮਿਕ ਸੰਬੰਧਾਂ ਵਿਚੋਂ ਉਪਜੇ ਅਨੁਭਵ ਦੇ ਕਲਾਤਮਿਕ ਰੂਪਾਂਤ੍ਰਣ ਦੁਆਰਾ ਅਸਤਿਤਵ ਵਿਚ ਆਇਆ ਪ੍ਰਾਰੂਪ ਸਵੀਕਾਰਦੀ ਹੈ ਨਾਵਲੀ-ਜਗਤ ਦਾ ਇਹ ਅਸਤਿਤਵੀ ਪ੍ਰਾਰੂਪ ਰਾਹੀ ਨਾਵਲ-ਆਲੋਚਨਾ ਅਨੁਸਾਰ ਵਸਤੂ-ਜਗਤ ਨਾਲ ਸੰਬੰਧ ਰੱਖਦਾ ਹੋਇਆ ਵੀ ਰਚਨਾਕਾਰ ਦੀਆਂ ਰਚਨਾਤਮਿਕ-ਲੋੜਾਂ ਵਿਚੋਂ ਗੁਜਰ ਕੇ ਵਸਤੂ-ਜਗਤ ਪ੍ਰਤੀ ਨਵੀਨ ਦ੍ਰਿਸ਼ਟੀਕੋਣ ਦਾ ਸੰਚਾਲਨ ਕਰਦਾ ਹੈ ਅਤੇ ਆਪਣੇ ਕਲਾਤਮਿਕ-ਪੱਧਰ ਅਨੁਸਾਰ ਵਿਸ਼ੇਸ਼ ਵਿਧੀ, ਦ੍ਰਿਸ਼ਟੀ ਤੇ ਸੰਦਰਭ ਦੁਆਰਾ ਸਾਪੇਖ-ਖ਼ੁਦਮੁਖ਼ਤਾਰੀ ਦਾ ਧਾਰਨੀ ਬਣਦਾ ਹੈ
ਪਹਿਲਾ ਕਾਰਨ ਤਾਂ ਇਹ ਹੈ ਕਿ ਹਰ ਨਾਵਲਕਾਰ ਆਪਣੀ ਪਾਤਰ-ਰਚਨਾ ਵਿਚ ਵਸਤੂ-ਜਗਤ ਵਿਚ ਪ੍ਰਾਪਤ ਪ੍ਰਾਰੂਪਾਂ ਤੋਂ ਪ੍ਰੇਰਿਤ ਹੋ ਕਿ ਵੀ ਨਾਵਲੀ ਪੱਧਰ ਉੱਤੇ ਆਪਣੇ ਵਿਸ਼ੇਸ਼ ਕਲਾਤਮਕ ਵਿਵੇਕ ਦੀਆਂ ਲੋੜਾਂ ਦੀ ਪੂਰਤੀ ਲਈ ਉਨ੍ਹਾਂ ਵਿਚ ਕੁਛ ਵਾਧੇ-ਘਾਟੇ ਵੀ ਕਰਦਾ ਹੈ ਦੂਜੇ, ਜੇ ਉਹ ਸਚੇਤ ਪੱਧਰ ਉੱਤੇ ਅਜਿਹਾ ਵਾਧਾ-ਘਾਟਾ ਨਾ ਵੀ ਕਰਨਾ ਚਾਹੇ ਤਾਂ ਵੀ ਸਾਦੇ ਤੋਂ ਸਾਦੇ ਮਨੁੱਖ ਦੀ ਜ਼ਿੰਦਗੀ ਵੀ ਏਨੀ ਜਟਿਲ ਹੁੰਦੀ ਹੈ ਕਿ ਉਸ ਦੇ ਸਾਰੇ ਅਤੇ ਸਾਰੀਆਂ ਸੰਭਾਵਨਾਵਾਂ ਨੂੰ ਸਿਰਜ ਸਕਣਾ ਵੈਸੇ ਹੀ ਕਿਸੇ ਨਾਵਲਕਾਰ ਲਈ ਸੰਭਵ ਨਹੀਂ ਹੁੰਦਾ…….ਤੀਜਾ, ਜੇ ਇਨ੍ਹਾਂ ਸਮੱਸਿਆਵਾਂ ਦੇ ਬਾਵਜੂਦ ਕਿਸੇ ਨਾਵਲੀ ਪਾਤਰ ਦਾ ਵਾਸਤਵਿਕ ਪ੍ਰਾਰੂਪ ਮਿਲ ਵੀ ਜਾਂਵੇ ਤਾਂ ਇਕ ਚੀਜ਼ ਫਿਰ ਵੀ ਗੁੰਮ ਹੋਵੇਗੀ ਤੇ ਉਹ ਹੈ ਸੰਦਰਭ1
ਇਸ ਕਾਰਨ ਹੀ ਵਿਚਾਰਧਾਰਕ ਪੱਧਰ 'ਤੇ ਰਾਹੀ ਨਾਵਲ-ਆਲੋਚਨਾ ਦਾ ਖ਼ੁਦਮੁਖ਼ਤਾਰੀ ਦਾ ਸੰਕਲਪ ਸਥਾਪਤੀਮੂਲਕ ਰੂਪ-ਕੇੱਦਰਿਤ ਆਲੋਚਨਾ-ਪੱਧਤੀਆਂ ਉੱਤੇ ਪ੍ਰੋਖ ਕਿੰਤੂ ਕਰਦਾ ਹੋਇਆ ਯਥਾਰਥ-ਬੋਧ ਦੀ ਵਿਗਿਆਨਿਕ-ਵਿਧੀ ਅਧੀਨ ਨਾਵਲੀ-ਜਗਤ ਤੇ ਵਸਤੂ-ਜਗਤ ਵਿਚਕਾਰ ਸੰਖੇਪਤਾ ਦੇ ਸੰਬੰਧਾਂ ਨੂੰ ਸਵੀਕਾਰਦਾ ਹੈ ਅਤੇ ਇਸ ਸੰਬੰਧ ਦੀ ਸਾਰਥਕਤਾ ਨਾਵਲੀ-ਜਗਤ ਵਿਚਲੇ ਵੇਰਵਿਆਂ ਦੀ ਵਸਤੂ-ਜਗਤ ਵਿਚਲੀ ਹੋਂਦ ਜਾਂ ਅਣਹੋਂਦ ਉੱਤੇ ਨਿਰਭਰ ਕਰਨ ਦੀ ਬਜਾਇ ਨਾਵਲੀ-ਜਗਤ ਦੇ ਉਸ ਵਿਸ਼ੇਸ਼ 'ਰਚਨਾਤਮਿਕ-ਵਿਵੇਕ' ਦੀ ਤਰਕਪੂਰਤਾ ਵਿਚ ਨਿਹਿਤ ਹੁੰਦੀ ਹੈ ਜਿਹੜਾ ਨਾਵਲੀ-ਜਗਤ ਤੇ ਵਸਤੂ-ਜਗਤ ਦੇ ਸਮਰੂਪ ਹੋਣ ਦਾ ਭਰਮ-ਸਿਰਜਦਾ ਹੈ
ਪ੍ਰੰਤੂ ਧਿਆਨਯੋਗ ਨੁਕਤਾ ਇਹ ਹੈ ਕਿ ਵਸਤੂ-ਜਗਤ ਉਤਪਾਦਨ ਤੇ ਪੁਨਰ-ਉਤਪਾਦਨ ਦੀ ਪ੍ਰਕਿਰਿਆ ਅਧੀਨ ਮਨੁੱਖੀ ਅਮਲ ਤੇ ਚੇਤਨਾ ਦੇ ਪਰਸਪਰ ਸੰਬੰਧਾਂ ਦੁਆਰਾ ਸਦਾ ਗਤੀਸ਼ੀਲ ਰਹਿੰਦਾ ਹੈ ਅਤੇ ਪਰਤਵੇਂ ਰੂਪ ਵਿਚ ਮਨੁੱਖੀ-ਚੇਤਨਾ ਨੂੰ ਪ੍ਰਭਾਵਿਤ ਕਰਦਾ ਹੋਇਆ ਸਮਾਜਿਕ-ਪ੍ਰਤੀਮਾਨਾਂ ਵਿਚਲੀ ਤਬਦੀਲੀ ਦਾ ਕਾਰਨ ਬਣਦਾ ਹੈ ਇਸ ਤਬਦੀਲੀ ਸਦਕਾ ਨਾਵਲੀ-ਸਿਰਜਨਾ ਵਿਚਲੇ ਰਚਨਾਤਮਿਕ-ਵਿਵੇਕ ਦੀ ਤਰਕਪੂਰਨਤਾ ਦੇ ਪ੍ਰਤੀਮਾਨ ਵੀ ਮਨੁੱਖੀ-ਚੇਤਨਾ ਦੇ ਵਿਕਾਸ ਅਨੁਸਾਰ ਸਹਿਭਾਵ ਹੀ ਤਬਦੀਲ ਹੁੰਦੇ ਜਾਂਦੇ ਹਨ, ਜਿਸ ਕਾਰਨ ਇਕ ਵਿਸ਼ੇਸ਼ ਸਮੇਂ ਤੇ ਸਥਾਨ ਵਿਚ ਤਰਕਪੂਰਨ ਤੇ ਸੰਭਾਵੀ ਪ੍ਰਤੀਤ ਹੁੰਦੀ ਸਥਿਤੀ ਪਰਿਵਰਤਤ ਹੋਈਆਂ ਸਮਾਜਕ/ਭੌਤਿਕ ਪ੍ਰਸਥਿਤੀਆਂ ਅਧੀਨ ਅਣਹੋਣੀ/ਅਸੰਭਵ ਪ੍ਰਤੀਤ ਹੋਣ ਲੱਗਦੀ ਹੈ ਇਸ ਲਈ ਨਾਵਲੀ-ਸਿਰਜਨਾ ਦੇ ਯਥਾਰਥਕ ਤੇ ਸੰਭਾਵੀ ਹੋਣ ਦੇ ਗੁਣਾਂ ਨੂੰ ਕੇਵਲ ਉਸੇ ਵਿਸ਼ੇਸ਼ ਸਮੇਂ ਤੇ ਸਥਾਨ ਦੇ ਸਥਾਪਿਤ ਮਾਪਦੰਡਾਂ/ਪ੍ਰਤੀਮਾਨਾਂ ਦੁਆਰਾ ਹੀ ਸਮਝਿਆ ਤੇ ਸਮਝਾਇਆ ਜਾ ਸਕਦਾ, ਜਿਨ੍ਹਾਂ ਵਿਸ਼ੇਸ਼ ਮਾਪਦੰਡਾਂ/ਪ੍ਰਤੀਮਾਨਾਂ ਵਿਚੋਂ ਨਾਵਲੀ-ਸਿਰਜਨਾ ਨੇ ਸਾਰਥਕ ਤੇ ਮੰਨਣਯੋਗ ਹੋਂਦ ਗ੍ਰਹਿਣ ਕੀਤੀ ਹੁੰਦੀ ਹੈ ਇਸ ਪ੍ਰਸੰਗ ਵਿਚ ਰਾਹੀ ਨਾਵਲ-ਆਲੋਚਨਾ ਸਿਧਾਂਤਕ ਪੱਧਰ 'ਤੇ (ਵਿਹਾਰਿਕ ਪੱਧਰ 'ਤੇ ਨਹੀਂ) ਆਧੁਨਿਕ-ਚੇਤਨਾ ਦਾ ਨਿਰੂਪਣ ਕਰਦੀ ਹੋਈ ਪੁਰਾਣੀ ਤੇ ਸਮਾਂ ਵਿਹਾ ਚੁੱਕੀ ਚੇਤਨਾ ਅਤੇ ਚੇਤਨਾ-ਰੂਪਾਂ ਦੀ ਤਤਕਾਲੀ ਸਥਿਤੀਆਂ/ਪ੍ਰਸਥਿਤੀਆਂ ਦੇ ਅਨੁਰੂਪ ਉਨ੍ਹਾਂ ਦੇ ਸੰਭਾਵੀ ਗੁਣ ਦੀ ਤਤਕਾਲੀ ਸਾਰਥਕਤਾ ਤੇ ਸੰਭਾਵਨਾ ਨੂੰ ਸਵੀਕਾਰਨ ਤੋਂ ਗੁਰੇਜ਼ ਕਰਦੀ ਨਜ਼ਰੀ ਪੈਂਦੀ ਹੈ ਜਿਵੇਂ :-
ਮਿਥ ਕਥਾ, ਮਹਾਂਕਾਵਿ, ਰੁਮਾਂਸ ਕਥਾ, ਬੀਰ ਕਥਾ ਜਾਂ ਜਨਮਸਾਖੀਆਂ ਆਦਿ ਵਰਗੇ ਪੁਰਾਣੇ ਰੂਪਾਂ ਨੂੰ ਸੰਭਾਵ ਜਾਂ ਸੰਭਾਵਿਤਾ ਦੇ ਨਿਯਮ ਦੀ ਲੋੜ ਨਹੀਂ ਸੀ ਉਹ ਆਪੋ-ਆਪਣੇ ਖਾਸੇ ਅਨੁਸਾਰ ਇਸ ਨਿਯਮ ਨੂੰ ਤੋੜਦੇ ਹਨ ਉਨ੍ਹਾਂ ਦੇ ਪਛਾਣ-ਚਿੰਨ੍ਹ ਇਸ ਨਿਯਮ ਨੂੰ ਤੋੜਨ ਦੀਆਂ ਵਿਸ਼ੇਸ਼ ਨੀਤੀਆਂ ਵਿਚ ਹੀ ਮਿਲਣਗੇ2
ਇਸ ਗੁਰੇਜ਼ ਅਧੀਨ ਰਾਹੀ ਨਾਵਲ-ਆਲੋਚਨਾ ਇਸ ਨੁਕਤੇ ਨੂੰ ਪ੍ਰੋਖੇ ਕਰ ਜਾਂਦੀ ਹੈ ਕਿ ਤਤਕਾਲੀਨ ਸਮੇਂ ਤੇ ਸਥਾਨ ਵਿਚ ਪਾਠਕ/ਸ੍ਰੋਤੇ ਲਈ ਗਲਪੀ-ਸਿਰਜਨਾ ਦੇ ਰਚਨਾਤਮਿਕ-ਵਿਵੇਕ ਦੀ ਤਰਕਪੂਰਨਤਾ ਦਾ ਆਧਾਰ ਸਮਕਾਲੀ ਤੱਥਾਂ (facts) ਦੀ ਬਜਾਇ ਤਤਕਾਲੀਨ ਯੁੱਗ-ਦ੍ਰਿਸ਼ਟੀ ਦੇ ਅਨੁਰੂਪ ਸੱਚ ਦੀ ਪੇਸ਼ਕਾਰੀ ਉਤੇ ਨਿਰਭਰ ਕਰਦਾ ਹੈ ਇਸ ਕਾਰਨ ਮਿੱਥ, ਮਹਾਂਕਾਵਿ ਤੇ ਰੁਮਾਂਸ ਆਦਿ ਗਲਪੀ-ਸਿਰਜਨਾਵਾਂ ਵੀ ਸੰਬੰਧਿਤ ਯੁੱਗ ਅਧੀਨ ਸੰਭਾਵਿਤਾ ਦੇ ਪੈਰਾਮੀਟਰ ਅਧੀਨ ਹੀ ਵਿਚਰਦੀਆਂ ਸੰਬੰਧਿਤ ਯੁੱਗ ਅਧੀਨ ਮੰਨਣਯੋਗਤਾ ਦਾ ਦਰਜਾ ਰੱਖਦੀਆਂ ਹਨ ਪ੍ਰੰਤੂ ਇਸ ਦੇ ਬਾਵਜੂਦ ਰਾਹੀ ਨਾਵਲ-ਆਲੋਚਨਾ ਦੀ ਇਸ ਸੰਦਰਭ ਵਿਚ ਵੱਡੀ ਪ੍ਰਾਪਤੀ ਨਾਵਲੀ-ਸਿਰਜਨਾ ਤੇ ਪੂਰਵਵਰਤੀ ਗਲਪੀ-ਸਿਰਜਨਾਵਾਂ ਦੇ ਅੰਤਰ-ਪਾਠੀ (inter-texuality) ਸੰਬੰਧਾਂ ਨੂੰ ਪਹਿਚਾਣਕੇ ਅਤੇ ਨਾਵਲੀ-ਸਿਰਜਨਾ ਅਧੀਨ ਮਿੱਥਾਂ ਤੇ ਆਦਰਸ਼ਾਂ ਦੇ ਨਿਰੂਪਣ ਨੂੰ ਯਥਾਰਥਵਾਦੀ-ਦ੍ਰਿਸ਼ਟੀ ਨਾਲ ਪਹਿਚਾਣ ਵਿਚ ਨਿਹਿਤ ਜ਼ਰੂਰ ਹੈ
ਇਸ ਤੋਂ ਇਲਾਵਾ ਰਾਹੀ ਨਾਵਲ-ਆਲੋਚਨਾ ਦਾ ਇਕ ਬੁਨਿਆਦੀ ਸਰੋਕਾਰ ਨਾਵਲੀ-ਸਿਰਜਨਾ ਨੂੰ ਵਿਧਾਗਤ ਜ਼ਾਵੀਏ ਤੋਂ ਵੇਖਣ ਨਾਲ ਸੰਬੰਧਿਤ ਹੈ ਇਸ ਅਧੀਨ ਰਾਹੀ ਨਾਵਲ-ਆਲੋਚਨਾ ਨਾਵਲੀ-ਸਿਰਜਨਾ ਨੂੰ ਆਲੋਚਨਾਤਮਿਕ-ਯਥਾਰਥਵਾਦੀ ਨਜ਼ਰੀਏ ਤੋਂ ਵੇਖਦੀ ਇਸਨੂੰ ਮਨੁੱਖੀ-ਜੀਵਨ ਦੀ ਤ੍ਰਾਸਦਿਕ ਸਥਿਤੀ/ਪ੍ਰਸਥਿਤੀਆਂ ਨੂੰ ਅਭਿਵਿਅਕਤ ਕਰਨ ਵਾਲਾ 'ਵਿਡੰਬਨਾਗਤ' (ironic mode) ਰੂਪ ਕਿਆਸ ਕਰਦੀ ਹੈ ਭਾਵੇਂ ਰਾਹੀ ਨਾਵਲ-ਆਲੋਚਨਾ ਨਾਵਲੀ-ਰੂਪ ਦੀ ਇਸ ਵਿਧਾਗਤ ਵਿਸ਼ੇਸ਼ਤਾ ਨੂੰ ਆਪਣੀ ਬਹੁ-ਭਾਸ਼ਾਈ ਸਮਰੱਥਾ ਦੁਆਰਾ ਪੱਛਮੀ ਸਿਧਾਂਤਕਾਰ ਪਾਸੋੱ ਗ੍ਰਹਿਣ ਕਰਦੀ ਹੈ, ਪਰ ਇਸ ਸੰਦਰਭ ਵਿਚ ਇਸ ਨਾਵਲ-ਆਲੋਚਨਾ ਦੀ ਮੌਲਿਕਤਾ ਵਿਡੰਬਨਾ ਦੇ ਤੱਤ ਨੂੰ ਪੰਜਾਬੀ ਨਾਵਲੀ-ਪਰੰਪਰਾ ਉੱਤੇ ਆਰੋਪਿਤ (application) ਕਰਨ ਦੀ ਬਜਾਇ ਨਿਗਮਨਾਤਮਕ (deductive method) ਵਿਧੀ ਦੁਆਰਾ ਇਸ ਤੱਤ ਨੂੰ ਪੰਜਾਬੀ ਨਾਵਲੀ-ਪਰੰਪਰਾ ਵਿਚੋਂ ਤਲਾਸ਼ਣ ਵਿਚ ਮੌਜ਼ੂਦ ਹੈ ਜਿਸ ਦਾ ਮੂਲ ਪ੍ਰਯੋਜਨ ਵਸਤੂ-ਪ੍ਰਾਰੂਪਾਂ ਉੱਤੇ ਕਿੰਤੂ ਕਰਕੇ ਮਨੁੱਖੀ-ਚੇਤਨਾ ਨੂੰ ਸਕਾਰਾਤਮਿਕ ਗਿਆਨ ਦੇ ਲੜ ਲਾਉਣਾ ਹੁੰਦਾ ਹੈ ਦਰਅਸਲ ਰਾਹੀ ਨਾਵਲ-ਆਲੋਚਨਾ ਦੇ ਅੰਤਰਗਤ 'ਵਿਡੰਬਨਾ-ਤੱਤ' ਦਾ ਪ੍ਰਯੋਗ ਅਜਿਹੇ ਸੰਕਲਪ ਵਜੋਂ ਹੋਇਆ ਹੈ ਜਿਹੜਾ ਇਕਮਾਤਰ ਨਾਵਲੀ-ਸਿਰਜਨਾ ਦੀ ਵਿਧਾਗਤ ਵਿਸ਼ੇਸ਼ਤਾ ਦਾ ਹੀ ਲਖਾਇਕ ਨਹੀਂ ਸਗੋਂ ਇਸ ਦੇ ਵਸਤੂ-ਪ੍ਰਾਰੂਪਾਂ ਨਾਲ ਜੁੜਨ ਦਾ ਵੀ ਪ੍ਰਤੀਕ ਹੈ ਕਿਉਂਕਿ ਰਾਹੀ ਨਾਵਲ-ਆਲੋਚਨਾ ਅਨੁਸਾਰ ਨਾਵਲੀ-ਸਿਰਜਨਾ ਦੀ ਮੂਲ ਵਿਧਾਗਤ ਪਹਿਚਾਣ 'ਵਿਡੰਬਨਾ' ਦੀ ਪ੍ਰਸਤੁਤੀ ਦੀ ਸਾਰਥਕਤਾ ਇਕ ਪਾਸੇ ਨਾਵਲੀ-ਪ੍ਰਾਰੂਪ ਅਧੀਨ ਮਿੱਥਾਂ/ਆਦਰਸ਼ਾਂ ਨੂੰ ਵਾਸਤਵਿਕਤਾ ਦੇ ਸੰਦਰਭ ਵਿਚ ਪਹਿਚਾਨਕੇ ਇਨ੍ਹਾਂ ਵਿਚਲੇ ਤਨਾਉ ਨੂੰ ਉਜਾਗਰ ਕਰਨ ਦੇ ਕਾਰਜ ਵਿਚ ਮੌਜ਼ੂਦ ਹੈ ਅਤੇ ਦੂਜੇ ਪਾਸੇ ਇਸ ਦੀ ਸਾਰਥਕਤਾ ਵਿਦਮਾਨ ਵਸਤੂ-ਜਗਤ ਦੀ ਮਿੱਥਕ-ਵਿਵਸਥਾ ਬਾਰੇ 'ਕਿੰਤੂ' ਦੇ ਰੂਪ ਵਿਚ ਗਿਆਨ ਪ੍ਰਦਾਨ ਕਰਕੇ ਮਿੱਥ-ਵਿਸਿਰਜਨ (demystification) ਦੇ ਕਾਰਜ ਵਿਚ ਲੁਪਤ ਹੈ ਜਿਹੜਾ ਮਿੱਥ-ਵਿਸਿਰਜਕ ਗਿਆਨ ਅਸੰਤੁਲਿਤ ਮਿੱਥਕ ਮੰਡੀ-ਸਮਾਜ ਦੇ ਮਨੁੱਖ ਦੀ ਸੁਪਨ-ਪੂਰਤੀ ਅਤੇ ਸਥਿਤੀਆਂ ਦੀ ਕਠੋਰਤਾ ਨਾਲ ਟਕਰਾਕੇ ਵਿਖੰਡਤ ਹੋਈ ਵਾਸਤਵਿਕ-ਪ੍ਰਾਪਤੀ ਵਿਚਲੇ ਤਨਾਉ ਦੇ ਕਾਰਨਾਂ ਨਾਲ ਸੰਬੰਧਿਤ ਹੈ ਇਸ ਤਰ੍ਹਾਂ ਰਾਹੀ ਨਾਵਲ-ਆਲੋਚਨਾ ਦੇ ਅੰਤਰਗਤ ਵਿਡੰਬਨਾ ਦਾ ਤੱਤ ਵਸਤੂ-ਰੂਪ ਵਿਚ ਸਮਾਜਿਕ-ਹੋਂਦ ਨਾਲ ਅਤੇ ਪ੍ਰਕ੍ਰਿਆ-ਰੂਪ ਵਿਚ ਨਾਵਲੀ-ਜਗਤ ਨਾਲ ਸੰਬੰਧਿਤ ਹੁੰਦਾ ਹੋਇਆ ਵਸਤੂ-ਜਗਤ ਨੂੰ ਸਮਝਣ ਦੀ ਦ੍ਰਿਸ਼ਟੀ ਤੇ ਨਾਵਲੀ-ਜਗਤ ਨੂੰ ਚਿਤਰਨ ਦੀ ਵਿਧੀ ਵਜੋਂ ਸਾਕਾਰ ਹੁੰਦਾ ਹੈ ਅਤੇ ਨਾਲ ਹੀ ਨਾਵਲੀ-ਜਗਤ ਤੇ ਵਸਤੂ-ਜਗਤ ਦੇ ਦਵੰਦਾਤਮਿਕ ਸੰਬੰਧਾਂ ਨੂੰ ਉਜਾਗਰ ਕਰਦਾ ਹੈ ਪ੍ਰੰਤੂ ਸਮੱਸਿਆ ਇਹ ਹੈ ਕਿ ਵਿਚਾਰਧਾਰਕ ਪੱਧਰ 'ਤੇ ਰਾਹੀ ਨਾਵਲ-ਆਲੋਚਨਾ ਅਧੀਨ ਵਿਡੰਬਨਾ-ਤੱਤ ਦੀ ਪ੍ਰਸਤੁਤੀ ਇਕਮਾਤਰ ਆਲੋਚਨਾਤਮਿਕ-ਯਥਾਰਥਵਾਦ ਦੇ ਘੇਰੇ ਦੇ ਅੰਤਰਗਤ ਹੀ ਕਾਰਜਸ਼ੀਲ ਰਹਿੰਦੀ ਹੈ, ਜਿਸ ਕਾਰਨ ਰਾਹੀ ਨਾਵਲ-ਆਲੋਚਨਾ ਵਸਤੂ-ਜਗਤ ਦੇ ਅੰਤਰ-ਵਿਰੋਧਾਂ ਤੇ ਤਨਾਵਾਂ ਦੇ ਸਮਾਧਾਨ ਲਈ ਕਿਸੇ ਪ੍ਰਕਾਰ ਦੇ ਸੰਭਾਵੀ ਵਿਕਾਸਮੂਲਕ-ਪਰਿਵਰਤਨ ਦੀ ਚੇਤਨਾ ਨਾਲ ਪ੍ਰਤੱਖ ਰੂਪ ਵਿਚ ਸੰਬੰਧਿਤ ਹੋਣ ਦੀ ਬਜਾਇ ਨਾਵਲੀ-ਜਗਤ ਦੀਆਂ ਕਲਾਤਮਿਕ ਰੀਤੀਆਂ ਅਧੀਨ ਰੂਪਾਂਤ੍ਰਤ-ਯਥਾਰਥ ਵਿਚੋਂ ਮਨੁੱਖ-ਹਿਤੈਸ਼ੀ ਡੂੰਘੀ ਮਾਨਵੀ ਅਕਾਂਖਿਆ ਜਾਂ ਸੁਪਨੇ ਦੇ ਪ੍ਰਗਤੀਸ਼ੀਲ ਅੰਸ਼ਾਂ ਨੂੰ ਤਲਾਸ਼ਣ ਤੱਕ ਹੀ ਸੀਮਿਤ ਰਹਿ ਜਾਂਦੀ ਹੈ, ਜੋ ਇਸ ਆਲੋਚਨਾ ਦੇ ਸੁਚੇਤ (ਜੋ ਅਚੇਤ ਪੱਧਰ 'ਤੇ ਸੰਭਵ ਨਹੀਂ) ਵਿਚਾਰਧਾਰਕ ਪ੍ਰਤਿਬੱਧਤਾ ਤੋਂ ਨਿਰਪੇਖ ਰਹਿਣ ਦਾ ਹੀ ਪਰਿਮਾਣ ਹੈ
ਪ੍ਰੰਤੂ ਇਹ ਨੁਕਤਾ ਵਿਚਾਰਨਯੋਗ ਹੈ ਕਿ ਸੁਚੇਤ ਵਿਚਾਰਧਾਰਕ ਪ੍ਰਤਿਬੱਧਤਾ ਤੋਂ ਨਿਰਲੇਪਤਾ ਦਾ ਇਹ ਨੁਕਤਾ ਰਾਹੀ ਨਾਵਲ-ਆਲੋਚਨਾ ਨੂੰ ਵਧੇਰੇ ਸੰਤੁਲਿਤ ਤੇ ਸਪੱਸ਼ਟ ਧਰਾਤਲ ਉੱਤੇ ਲੈ ਜਾਂਦਾ ਹੈ ਕਿਉਂਕਿ ਜਦੋਂ ਰਚਨਾ-ਦ੍ਰਿਸ਼ਟੀ ਦੇ ਮਾਧਿਅਮ ਦੁਆਰਾ ਵਿਚਾਰਧਾਰਾ ਨਾਵਲੀ-ਸਿਰਜਨਾ ਵਿਚ ਪ੍ਰਵੇਸ਼ ਕਰਦੀ ਹੈ ਤਾਂ ਉਸ ਅਧੀਨ ਇਕ ਖਾਲੀ-ਸਥਾਨ (absence) ਪ੍ਰਗਟ ਹੋ ਜਾਂਦਾ ਹੈ (ਕਿਉਂਕਿ ਕਿਸੇ ਨਾਵਲੀ-ਸਿਰਜਨਾ ਵਿਚ ਰਚਨਾਕਾਰ ਦੀ ਵਿਚਾਰਧਾਰਕ ਰਚਨਾ-ਦ੍ਰਿਸ਼ਟੀ ਦੀ ਚੋਣ ਦੁਆਰਾ ਪ੍ਰਵੇਸ਼ ਪਾਉਂਦਾ ਵਾਸਤਵਿਕ-ਪ੍ਰਾਰੂਪ ਦੇ ਕੁਝ ਅੰਸ਼ ਪ੍ਰਤੀਕੂਲ ਹੋਣ ਕਾਰਨ ਨਾਵਲੀ-ਸਿਰਜਨਾ 'ਚੋੱ ਗ਼ੈਰ-ਹਾਜ਼ਰ ਰਹਿੰਦੇ ਹਨ) ਰਚਨਾਕਾਰ ਭਾਵੇਂ ਇਨ੍ਹਾਂ ਵਿਰੋਧਾਂ ਨੂੰ ਵੱਖਰਾ ਕਰਨ ਦੀ ਚੇਸ਼ਟਾ ਕਰਦਾ ਹੈ, ਪਰ ਫਿਰ ਵੀ ਕੁਝ--ਕੁਝ ਭਿੰਨਤਾ ਅਜਿਹੀ ਅਵੱਸ਼ ਰਹਿ ਜਾਂਦੀ ਹੈ, ਜਿਹੜੀ ਖ਼ੁਦ ਵਿਚਾਰਧਾਰਾ ਦੀ ਉਪਜ ਹੁੰਦਾ ਹੈ ਕਿਉੱਜੋ ਕੁਝ ਕਹਿਣ ਲਈ ਅਜਿਹੇ 'ਬਹੁਤ ਕੁਝ' ਦੀ ਅਣਦੇਖੀ ਕਰਨੀ ਪੈਂਦੀ ਹੈ ਜੋ ਕਿਹਾ ਨਹੀਂ ਜਾ ਸਕਦਾ ਹੈ3 ਇਸ ਲਈ ਇਕ ਪ੍ਰਮਾਣਿਕ ਆਲੋਚਨਾਤਮਿਕ-ਕਾਰਜ ਲਈ ਨਾਵਲੀ-ਸਿਰਜਨਾ ਵਿਚ ਬਿੰਬਾਂ ਦੀ ਭਾਸ਼ਾ ਦੁਆਰਾ ਸੰਚਾਲਿਤ 'ਕਿਹਾ' ਤੇ 'ਅਣਕਿਹਾ' ਵਿਰੋਧ ਤੇ ਸਹਿਯੋਗ ਦੇ ਸੰਬੰਧਾਂ ਵਿਚ ਬੱਝੇ ਮਹੱਤਤਾ ਦੇ ਧਾਰਨੀ ਹੁੰਦੇ ਹਨ ਅਤੇ ਇਸ ਮਹੱਤਤਾ ਦੀ ਪਹਿਚਾਣ ਦਾ ਸੰਤੁਲਿਤ ਤੇ ਸਾਰਥਕ ਆਧਾਰ ਨਿਰਸੰਦੇਹ, ਬੰਧ-ਸਿਸਟਮ ਵਾਲੀ ਆਲੋਚਨਾ-ਦ੍ਰਿਸ਼ਟੀ (ਜੋ ਖੁਦ ਇਕ ਨਿਸ਼ਚਿਤ ਦਿਸ਼ਾ ਵੱਲ ਚਲਦੀ ਹੋਈ 'ਖਾਲੀ ਸਥਾਨ' ਦੀ ਸ਼ਿਕਾਰ ਹੁੰਦੀ ਹੈ) ਦੇ ਮੁਕਾਬਲੇ ਖੁੱਲੇ-ਅੰਤ (open ended) ਵਾਲੀ ਦ੍ਰਿਸ਼ਟੀ ਦੁਆਰਾ ਹੀ ਤਿਆਰ ਕੀਤਾ ਜਾ ਸਕਦਾ ਹੈ ਇਸ ਆਧਾਰ ਨੂੰ ਰਾਹੀ ਨਾਵਲ-ਆਲੋਚਨਾ ਸੁਚੇਤ ਵਿਚਾਧਾਰਕ ਪ੍ਰਤਿਬੱਧਤਾ ਤੋਂ ਨਿਰਲੇਪ ਰਹਿਕੇ ਨਾਵਲੀ-ਸਿਰਜਨਾ ਦੇ ਅਧਿਐਨ ਲਈ ਬਹਿਰੰਗ ਤੇ ਅੰਤਰੰਗ ਆਲੋਚਨਾ-ਦ੍ਰਿਸ਼ਟੀ ਦੇ ਸਮਨਿਵੈ ਦੁਆਰਾ ਤਿਆਰ ਕਰਦੀ ਹੈ ਅਤੇ ਨਾਵਲੀ-ਸਿਰਜਨਾ ਵਿਚ 'ਕਹੇ' ਅਤੇ 'ਅਣਕਹੇ' ਦੇ ਦਵੰਦਾਤਮਿਕ ਸੰਬੰਧਾਂ ਦੀ ਮਹੀਨ ਅਤੇ ਤਾਰਕਿਕ ਪਹਿਚਾਣ ਵੱਲ ਅਗ੍ਰਸਰ ਹੁੰਦੀ ਹੈ ਇਸ ਪਹਿਚਾਣ ਅਧੀਨ ਇਹ ਆਲੋਚਨਾ ਪਹਿਲਾਂ ਨਾਵਲੀ-ਸਿਰਜਨਾ ਦੇ ਥੀਮਿਕ ਵਿਸ਼ਲੇਸ਼ਣ ਦੁਆਰਾ ਉਸਦੇ ਵਿਧਾਗਤ, ਕਲਾਤਮਿਕ, ਸਮਾਜਕ, ਸੰਸਕ੍ਰਿਤਕ ਤੇ ਇਤਿਹਾਸਕ ਆਦਿ ਤੱਥਾਂ ਦੇ ਚੇਤਨ (ਪਾਠ) ਨੂੰ ਸਥਾਪਿਤ ਕਰਦੀ ਹੈ ਅਤੇ ਪਿਛੋਂ ਇਨ੍ਹਾਂ ਸਥਾਪਿਤ-ਤੱਥਾਂ ਨਾਲ ਸੰਬੰਧਿਤ ਅਵਚੇਤਨ (ਪ੍ਰਸੰਗ) ਨੂੰ ਅਗਰਭੂਮਿਤ ਕਰਨ ਵੱਲ ਰੁਚਿਤ ਹੁੰਦੀ ਹੈ ਇਸ ਦੇ ਅੰਤਰਗਤ ਰਾਹੀ ਨਾਵਲ-ਆਲੋਚਨਾ ਆਪਣੇ ਵਿਸ਼ਲੇਸ਼ਣੀ ਤੇ ਮੁੱਲਾਂਕਣੀ ਕਾਰਜ ਦਾ ਆਰੰਭ ਨਾਵਲੀ-ਸਿਰਜਨਾ ਦੇ ਚੇਤਨ ਤੋਂ ਅਵਚੇਤਨ ਅਰਥਾਤ ਪਾਠ ਤੋਂ ਪ੍ਰਸੰਗ ਵੱਲ ਚੱਲਦੀ ਹੋਈ ਕਿਸੇ ਪੂਰਵ ਨਿਸ਼ਚਿਤ ਸਿਧਾਂਤਕ-ਮਾਡਲ ਨੂੰ ਬਾਹਰੋਂ ਆਰੋਪਿਤ ਕਰਨ ਵਾਲੇ ਉਨ੍ਹਾਂ ਸਿਧਾਂਤਕ ਉਲਾਰਾਂ ਤੇ ਵਿਹਾਰਕ ਸਮੱਸਿਆਵਾਂ ਤੋਂ ਨਿਰਲੇਪ ਰਹਿੰਦੀ ਹੈ, ਜਿਹੜੀਆਂ ਪੂਰਵ-ਰਾਹੀ ਪੰਜਾਬੀ ਨਾਵਲ-ਆਲੋਚਨਾ ਨੂੰ ਮਕਾਨਕੀ ਰੂਪ ਦੇਣ ਲਈ ਕਾਰਜਸ਼ੀਲ ਸਨ ਇਸ ਪ੍ਰਕਾਰ ਰਾਹੀ ਨਾਵਲ-ਆਲੋਚਨਾ ਦਾ ਸਮਨਿਵੈ ਅਧਾਰਿਤ ਅਧਿਐਨ-ਮਾਡਲ ਇਸ ਆਲੋਚਨਾ ਨੂੰ ਨਾਵਲੀ-ਸਿਰਜਨਾ ਦੇ ਸਤਹੀ ਅਰਥਾਂ ਤੱਕ ਹੀ ਸੀਮਿਤ ਕਰਨ ਦੀ ਬਜਾਇ ਵਿਹਾਰਿਕ ਪੱਧਰ 'ਤੇ ਨਾਵਲੀ-ਸਿਰਜਨਾ ਦੇ ਸ਼ਿਲਪ-ਵਿਧਾਨ ਵਿਚ ਲੁਪਤ ਗਹਿਨ ਅਰਥਾਂ ਦੀ ਪਹਿਚਾਣ ਲੈ ਜਾਂਦਾ ਹੋਇਆ ਨਾਵਲੀ-ਸਿਰਜਨਾ ਦੇ ਬਹੁਅਰਥੀ ਸੁਭਾਅ ਬਾਰੇ ਗਿਆਨ ਦੇਣ ਦੇ ਨਾਲ-ਨਾਲ, ਇਸ ਵਿਚਲੀਆਂ ਖ਼ਾਮੋਸ਼ੀਆਂ ਨੂੰ ਜ਼ੁਬਾਨ ਦਿੰਦਾ ਨਾਵਲੀ-ਸਿਰਜਨਾ ਦੇ ਥੀਮਿਕ ਤੇ ਵਿਚਾਰਧਾਰਾਕ ਪ੍ਰਕਾਰਜ ਦੇ ਅੰਤਰ-ਸੰਬੰਧਾਂ ਤੇ ਸੰਵਾਦਾਂ ਨੂੰ ਪਹਿਚਾਣ ਤੱਕ ਲੈ ਪੁੱਜਦਾ ਹੈ
ਇਸ ਪਹਿਚਾਣ ਦਾ ਪ੍ਰਮਾਣਿਕ ਸਰੂਪ ਰਾਹੀ ਨਾਵਲ-ਆਲੋਚਨਾ ਲਈ ਕੇਵਲ ਉਹੀ ਹੈ ਜਿਸ ਅਧੀਨ ਰਚਨਾਕਾਰ ਨਾਵਲੀ-ਸਿਰਜਨਾ ਅਧੀਨ ਲੁਪਤ ਤਰੀਕੇ ਨਾਲ ਵਿਦਮਾਨ ਰਹਿੰਦਾ ਹੋਇਆ ਗਲਪੀ-ਬਿੰਬ ਅਤੇ ਪਾਤਰਾਂ ਦੇ ਅਸਤਿਤਵ ਨੂੰ ਸੁਰੱਖਿਅਤ ਰੱਖਕੇ ਵਸਤੂ-ਦ੍ਰਿਸ਼ਟੀ ਨੂੰ ਰਚਨਾਤਮਿਕ-ਵਿਵੇਕ ਅਧੀਨ ਰੂਪਾਂਤ੍ਰਤ ਕਰਦਾ ਹੈ ਅਜਿਹਾ ਕਰਨਾ ਕਿਸੇ ਰਚਨਾਕਾਰ ਲਈ ਤਦ ਹੀ ਸੰਭਵ ਹੁੰਦਾ ਹੈ ਜਦੋਂ ਰਚਨਾਕਾਰ ਮਹਿਦੂਦ-ਚੇਤਨਾ ਦੀ ਮਹੱਤਤਾ ਨੂੰ ਸਵੀਕਾਰਦਾ ਹੋਇਆ ਘਟਨਾਵਾਂ ਨੂੰ ਦੱਸਣ (telling) ਦੀ ਥਾਂ ਦਿਖਾਉਣ (showing) ਦੀ ਨਾਟਕੀ-ਜੁਗਤ ਦਾ ਪ੍ਰਯੋਗ ਕਰਦਾ ਹੈ ਅਤੇ ਵਰਨਣ ਨੂੰ ਬਿਰਤਾਂਤ ਦਾ ਸਹਾਇਕ ਬਣਾਕੇ ਪੇਸ਼ ਕਰਦਾ ਪਾਠਕ ਦੇ ਵਿਵੇਕ ਅਤੇ ਰਚਨਾਤਮਿਕ-ਸ਼ਕਤੀ ਦੀ ਸਮਰੱਥਾ ਉੱਤੇ ਵਿਸ਼ਵਾਸ ਪ੍ਰਗਟਾਉਂਦਾ ਹੈ
ਗਲਪਕਾਰ ਅਗਰਭੂਮੀ ਵਿਚ ਸੂਤਰਧਾਰ ਦੀ ਬੋਲੋੜੀ ਭੂਮਿਕਾ ਨਿਭਾਉਣ ਦੀ ਬੇਸਬਰੀ ਦਿਵਾਏਗਾ ਤਾਂ ਸੰਭਵ ਹੀ ਇਕ ਐਸੀ ਸੰਰਚਨਾ ਬਣ ਸਕਦੀ ਹੈ ਜਿਸ ਦੀ ਤਹਿ ਵਿਚ ਸੂਰਤਧਾਰ ਦੇ ਕਥਨਾਂ ਤੋਂ ਬਿਲਕੁਲ ਵਿਰੋਧੀ ਅਰਥ ਸੰਰਚਨਾ ਦੀ ਹੇਠਲੀ ਤਹਿ ਵਿਚੋਂ ਲਾਵੇ ਵਾਂਗੂੰ ਫੁੱਟ ਸਕਦੇ ਹਨ ਐਸੀ ਸਥਿਤੀ ਦੁਆਰਾ ਬਣਿਆ ਅੰਤਰ-ਵਿਰੋਧ ਸੂਰਤਧਾਰ ਦੇ ਪ੍ਰਵਚਨ ਨੂੰ ਘੁਣ ਵਾਂਗ ਅੰਦਰੋਂ ਹੀ ਖਾ ਸਕਦਾ ਹੈ4
ਇਸ ਕਾਰਨ ਹੀ ਰਾਹੀ ਨਾਵਲ-ਆਲੋਚਨਾ ਨਾਵਲੀ-ਸਿਰਜਨਾ ਦੀ ਭਾਸ਼ਾ ਨੂੰ (ਡੋਰਥੀ ਵਾਨ ਗ੍ਹੈੱਟ ਦੇ ਹਵਾਲੇ ਨਾਲ) 'ਬਿੰਬਾਂ ਦੀ ਭਾਸ਼ਾ' ਦੀ ਆਖਦੀ ਹੋਈ ਇਸ ਦੇ ਅਧਿਐਨ ਲਈ 'ਪੜ੍ਹਤਮੁੱਖੀ' ਰੁਖ਼ ਅਪਣਾਉੱਦੀ ਪਾਠ ਵਿਚਲੇ ਬਿਰਤਾਂਤ ਦੀ ਵਿਆਖਿਆ ਤੇ ਵਿਸ਼ਲੇਸ਼ਣ ਕਰਦੀ ਹੈ ਅਜਿਹਾ ਕਰਦੇ ਸਮੇਂ ਰਾਹੀ ਨਾਵਲ-ਆਲੋਚਨਾ ਸਰਵ-ਪ੍ਰਥਮ ਨਾਵਲੀ-ਰੂਪ ਦੀਆਂ ਰਚਨਾਤਮਿਕ ਰੀਤੀਆਂ ਦਾ ਅਧਿਐਨ ਕਰਦੀ ਰਚਨਾ ਦਾ ਨਾਵਲੀ-ਪਰੰਪਰਾ ਅਧੀਨ ਅੰਤਰ-ਪਾਠੀ ਸੰਬੰਧਾਂ ਰਾਹੀਂ ਸਥਾਨ ਅਤੇ ਰਚਨਾ ਦੇ ਰਚਨਾ-ਦ੍ਰਿਸ਼ਟੀ ਦੇ ਸਰੋਕਾਰਾਂ ਨੂੰ ਉਜਾਗਰ ਕਰਦੀ ਹੈ ਅਤੇ ਨਾਲ ਹੀ ਹੋਰਨਾਂ ਆਲੋਚਕਾਂ ਦੀਆਂ ਸੰਬੰਧਿਤ ਰਚਨਾ ਬਾਰੇ ਸਥਾਪਿਤ ਧਾਰਨਾਵਾਂ ਨਾਲ ਵੀ ਸੰਵਾਦ ਦਾ ਰਿਸ਼ਤਾ ਸਥਾਪਿਤ ਕਰਦੀ ਹੈ ਜਿਸ ਦੀ ਧੁਨੀ ਨਾਵਲੀ-ਪਰੰਪਰਾ ਦੇ ਅੰਤਰਗਤ ਮੌਜ਼ੂਦ ਕਈਆਂ ਭ੍ਰਾਂਤੀਆਂ ਨੂੰ ਦਰੁਸਤ ਕਰਨ ਦਾ ਸਿਧਾਂਤਕ ਯਤਨ ਵੀ ਕਰਦੀ ਹੈ
ਰਾਹੀ ਨਾਵਲ-ਆਲੋਚਨਾ ਦੀ ਇਹ ਸਿਧਾਂਤਕ-ਚੇਤਨਾ, ਨਿਰਵਿਵਾਦ, ਵਿਸ਼ਵ-ਪੱਧਰੀ ਗਲਪ-ਸ਼ਾਸਤਰੀਆਂ ਦੇ ਉਨ੍ਹਾਂ ਸੰਕਲਪਾਂ ਉੱਤੇ ਆਸ਼ਰਿਤ ਹੈ ਜਿਨ੍ਹਾਂ ਰਾਹੀਂ ਉਨ੍ਹਾਂ ਵਿਦਵਾਨਾਂ ਨੇ ਗਲਪੀ-ਸਿਰਜਨਾ ਅਧੀਨ ਕਾਰਜਸ਼ੀਲ ਲੁਪਤ 'ਆਮ' ਨੇਮਾਂ ਦਾ ਸੁਚੇਤ, ਸੰਗਠਿਤ ਤੇ ਸੀਮਾਬੱਧ ਪ੍ਰਬੰਧ ਦਾ ਨਿਰਮਾਣ ਕਰਦਿਆਂ ਨਾਵਲੀ-ਸਿਰਜਨਾ ਦੀ ਸਮਝ ਤਿਆਰ ਕਰਨ ਦਾ ਕਾਰਜ ਕੀਤਾ ਹੈ ਇਨ੍ਹਾਂ ਵਿਦਵਾਨਾਂ ਵਿਚੋਂ ਰਾਹੀ ਨਾਵਲ-ਆਲੋਚਨਾ ਇਆਨ ਵਾਟ, ਡੋਰਥੀ ਵਾਨ ਗ੍ਹੈਂਟ, ਮਾਰਕ ਸ਼ੋਰਰ, ਜਾਰਜ ਲੁਕਾਚ ਤੇ ਮਿਸ਼ਾਇਲ ਬਾਖ਼ਤੀਨ ਦੇ ਕ੍ਰਮਾਵਾਰ ਯਥਾਰਕ-ਵਿਧਾ, ਵਿਅਕਤੀਕਰਨ ਤੇ ਪ੍ਰਤੀਨਿਧੀਕਰਨ, ਅਮਿੱਥੀਕਰਨ, ਪਾਤਰ-ਪੋੜੀ ਤੇ ਸੰਬਾਦ ਦੇ ਸੰਕਲਪਾਂ ਤੇ ਸਿਧਾਂਤਾਂ ਨੂੰ ਗ੍ਰਹਿਣ ਕੀਤਾ ਹੈ ਇਸ ਪ੍ਰਸੰਗ ਵਿਚ ਰਾਹੀ ਨਾਵਲ-ਆਲੋਚਨਾ ਦੀ ਅਹਿਮ ਪ੍ਰਾਪਤੀ ਇਨ੍ਹਾਂ ਸੰਕਲਪਾਂ ਨੂੰ ਜਜ਼ਬ ਕਰੇ ਪੰਜਾਬੀ ਨਾਵਲੀ-ਪਾਠਾਂ ਵਿਸ਼ੇਸ਼ ਸੰਦਰਭ ਵਿਚ ਸਰਲ ਤੇ ਸਪੱਸ਼ਟ ਆਲੋਚਨਾਤਮਿਕ ਭਾਸ਼ਾ ਨਾਲ ਸਮਝਣ ਅਤੇ ਇਨ੍ਹਾਂ ਸੰਕਲਪਾਂ ਤੇ ਸਿਧਾਂਤਾਂ ਦੇ ਅੰਤਰ-ਸੰਬੰਧਾਂ ਤੇ ਅੰਤਰ-ਵਿਰੋਧਾਂ ਦੀਆਂ ਕਨਸੋਈਆਂ ਨੂੰ ਸਮਝਣਯੋਗ ਬਣਾਉਣ ਦੀ ਵਿਧੀ ਵਿਚ ਨਿਹਿਤ ਹੈ ਪ੍ਰੰਤੂ ਇਸ ਸੰਦਰਭ ਵਿਚ ਸਮੱਸਿਆ ਇਹ ਹੈ ਕਿ ਇਨ੍ਹਾਂ ਸੰਕਲਪਾਂ ਤੇ ਸਿਧਾਂਤਾਂ ਨੂੰ ਸਪੱਸ਼ਟ ਕਰਨ ਦੇ ਮੋਹ ਅਧੀਨ ਰਾਹੀ ਨਾਵਲ-ਆਲੋਚਨਾ ਕਈ ਵਾਰ ਦੋਹਰਾਮੂਲਕ ਪ੍ਰਵਿਰਤੀ ਦੀ ਧਾਰਨੀ ਹੋ ਜਾਂਦੀ ਹੈ ਅਤੇ ਇਕੋ ਪੰਜਾਬੀ ਨਾਵਲੀ-ਪਾਠਾਂ ਨੂੰ ਮਸਾਲ ਵਜੋਂ ਚੁਣਨ ਦੇ ਦੋਹਰਾਉ ਤੋਂ ਮੁਕਤ ਨਹੀਂ ਰਹਿੰਦੀ, ਜਿਸ ਕਾਰਨ ਹੀ ਪੰਜਾਬੀ ਨਾਵਲੀ-ਪਾਠਾਂ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁਲਾਂਕਣ ਦਾ ਦੋਹਰਾਉ ਇਸ ਆਲੋਚਨਾ ਅਧੀਨ ਕਈ ਪੱਧਰਾਂ ਉੱਤੇ ਕਾਰਜਸ਼ੀਲ ਦ੍ਰਿਸ਼ਟੀਗੋਚਰ ਹੁੰਦਾ ਹੈ
ਪ੍ਰੰਤੂ ਇਸ ਦੇ ਬਾਵਜੂਦ ਵੀ ਰਾਹੀ ਨਾਵਲ-ਆਲੋਚਨਾ ਆਪਣੀ ਅੰਤਰ-ਅਨੁਸ਼ਾਸਨੀ ਵਿਧੀ ਦੁਆਰਾ ਨਾਵਲੀ-ਸਿਰਜਨਾ ਵਿਚਲੀ ਬਣਤਰ ਤੇ ਬੁਣਤਰ ਅਧੀਨ ਕਾਰਜਸ਼ੀਲ ਰਚਨਾਤਮਿਕ ਨੇਮਾਂ ਨੂੰ ਪਹਿਚਾਣਦੀ ਹੈ ਅਤੇ ਆਪਣੀ ਵਿਸ਼ੇਸ਼ ਰਚਨਾਤਮਿਕ ਸ਼ੈਲੀ ਰਾਹੀਂ ਪੰਜਾਬੀ ਨਾਵਲੀ-ਸ਼ਾਸਤਰ ਨੂੰ ਸਿਸਟਿਮਕ ਢਾਂਚੇ 'ਤੇ ਉਸਾਰਨ ਦਾ ਯਤਨ ਕਰਦੀ ਹੈ ਇਸ ਯਤਨ ਅਧੀਨ ਰਾਹੀ ਨਾਵਲ-ਆਲੋਚਨਾ ਅੰਤਰ-ਅਨੁਸ਼ਾਸਨੀ ਪਹੁੰਚ ਦੇ ਆਧਾਰ 'ਤੇ ਆਪਣੇ ਸਿਧਾਂਤਕ-ਮਾਡਲ ਦਾ ਨਿਰੂਪਣ ਕਰਦੀ ਹੋਈ ਨਾਵਲੀ-ਸਿਰਜਨਾ ਨੂੰ ਵਿਧਾਗਤ ਨਜ਼ਰੀਏ ਤੋਂ ਅਜਿਹਾ ਖੁੱਲ੍ਹੇ-ਡੁੱਲੇ ਗਦਾਤਮਿਕ-ਬਿਰਤਾਂਤਕ ਰੂਪਾਕਾਰ ਸਵੀਕਾਰਦੀ ਹੈ, ਜਿਹੜਾ ਵਿਡੰਬਨਾ ਦੇ ਜ਼ਾਵੀਏ ਤੋਂ ਵਸਤੂ-ਪ੍ਰਾਰੂਪ ਦੇ ਵਿਭਿੰਨ ਪੱਖਾਂ ਨੂੰ ਉਨ੍ਹਾਂ ਦੀ ਵਿਸ਼ਾਲਤਾ ਤੇ ਸਮੁੱਚਤਾ ਵਿਚ ਪੁਨਰ-ਸਿਰਜਤ ਕਰਦਾ ਹੋਇਆ ਵਸਤੂ-ਪ੍ਰਾਰੂਪ ਪ੍ਰਤੀ ਨਵੀਨ ਸਮਝ ਪੈਦਾ ਕਰਦਾ ਹੈ ਅਤੇ ਆਪਣੇ ਰਚਨਾਤਮਿਕ-ਵਿਧਾਨ ਦੀਆਂ ਵਿਸ਼ੇਸ਼ਤਾਵਾਂ ਅਧੀਨ ਸਾਪੇਖ-ਖ਼ੁਦਮੁਖ਼ਤਾਰੀ ਦਾ ਧਾਰਨੀ ਹੁੰਦਾ ਹੈ
ਇਸ ਨਾਵਲ-ਆਲੋਚਨਾ ਦੇ ਨਾਲ ਹੀ ਰਾਹੀ ਗਲਪ-ਆਲੋਚਨਾ ਦਾ ਦੂਜਾ ਪਸਾਰ ਕਹਾਣੀ ਆਲੋਚਨਾ ਨਾਲ ਸੰਬੰਧਿਤ ਹੈ, ਜਿਸ ਅਧੀਨ ਰਾਹੀ ਕਹਾਣੀ-ਆਲੋਚਨਾ ਕਹਾਣੀ-ਸਿਰਜਨਾ ਦੀ ਹੋਂਦ-ਵਿਧੀ ਤੇ ਪ੍ਰਗਟਾਉ ਵਿਧੀ ਨੂੰ ਕਹਾਣੀ-ਸਿਰਜਨਾ ਦੇ ਅਕਾਰ ਵਿਚ ਨਿਹਿਤ ਕਰਨ ਦੀ ਬਜਾਇ ਉਨ੍ਹਾਂ ਵਿਸ਼ੇਸ਼ ਰੂਪਾਗਤ-ਵਿਸ਼ੇਸ਼ਤਾਵਾਂ ਰਾਹੀਂ ਵੇਖਦੀ ਹੈ, ਜਿਹੜੀਆਂ ਕਹਾਣੀ-ਸਿਰਜਨਾ ਦੇ ''ਨੂੰ ਸਾਹਿਤ ਦੇ ਹੋਰ ਰੂਪਾਂ ਨਾਲੋਂ ਨਿਖੇੜਦੀਆਂ ਤੇ ਵੱਖਰੀ ਤੇ ਸੁਤੰਤਰ ਹੋਂਦ ਪ੍ਰਦਾਨ ਕਰਦੀਆਂ ਹਨ''5 ਪ੍ਰੰਤੂ ਇਸ ਦੇ ਬਾਵਜੂਦ ਰਾਹੀ ਕਹਾਣੀ-ਆਲੋਚਨਾ ਕਹਾਣੀ-ਸਿਰਜਨਾ ਦੀ ਸਭ ਤੋਂ ਮਹੱਤਵਪੂਰਨ ਰੂਪਾਗਤ-ਵਿਸ਼ੇਸ਼ਤਾ ਇਸ ਦੇ ਨਿੱਕੇ ਹੋਣ ਵਿਚ ਹੀ ਨਿਹਿਤ ਕਰਦੀ ਹੈ, ਜਿਹੜਾ ਨਿੱਕਾਪਨ ਨਿਰਸੰਦੇਹ ਕਹਾਣੀ-ਸਿਰਜਨਾ ਦੇ ਆਕਾਰ ਉਤੇ ਅਧਾਰਿਤ ਨਹੀਂ ਸਗੋਂ ਇਸ ਵਿਚਲੀ ਵਸਤੂ ਦੀ ਸੰਕੁਚਿਤ ਪੇਸ਼ਕਾਰੀ 'ਤੇ ਨਿਰਭਰ ਹੈ ਇਸ ਪ੍ਰਸਤੁਤੀ ਲਈ ਕਹਾਣੀ-ਸਿਰਜਨਾ ਦੀਆਂ ਰੂਪਾਗਤ-ਸੀਮਾਵਾਂ ਅਨੁਸਾਰ ਵਸਤੂ ਦੀ ਪ੍ਰਸਤੁਤੀ ਵਿਆਖਿਆ, ਉਪਦੇਸ਼ ਜਾਂ ਵਰਨਣ ਦੀ ਬਜਾਇ ਇਕ ਵਿਸ਼ੇਸ਼ ਪ੍ਰਕਾਰ ਦੇ ਕਲਾਤਮਿਕ ਸੰਜਮ 'ਤੇ ਨਿਰਭਰ ਕਰਦੀ ਹੈ, ਜਿਸ ਵਿਚ ਸੰਖੇਪਤਾ ਤੇ ਸੰਕੇਤਕਤਾ ਦੇ ਗੁਣ ਦੀ ਮੌਜੂਦਗੀ ਹੁੰਦੀ ਹੈ ਇਹ ਸੰਖੇਪਤਾ ਤੇ ਸੰਕੇਤਕਤਾ ਦਾ ਇਹ ਗੁਣ ਹੀ ਰਾਹੀ ਕਹਾਣੀ-ਆਲੋਚਨਾ ਲਈ ਕਹਾਣੀ ਦੀ ਵਿਧਾਮੂਲਕ ਵਿਲੱਖਣਤਾ ਤੇ ਪਹਿਚਾਣ ਨੂੰ ਸਥਾਪਿਤ ਕਰਨ ਵਾਲਾ ਤੱਤ ਹੈ ਇਸ ਕਾਰਨ ਹੀ ਰਾਹੀ ਕਹਾਣੀ-ਆਲੋਚਨਾ ਕਹਾਣੀ ਵਿਚ ਬਿਰਤਾਂਤ ਦੀ ਪ੍ਰਸਤੁਤੀ ਲਈ ਵਰਨਣ/ਵਿਆਖਿਆ ਦੇ ਅਧਿਕ ਪ੍ਰਯੋਗ ਦੀ ਮਨਾਹੀ ਨੂੰ ਲਾਗੂ ਕਰਦੀ ਹੈ, ਜਿਹੜੀ ਵਰਨਣ/ਵਿਆਖਿਆ ਦੀ ਵਰਜਣਾ ਕਹਾਣੀ ਨੂੰ ਆਪਣੇ ਮਨੋਰਥ-ਪੂਰਤੀ ਲਈ ਆਦੇਸ਼ ਦੀ ਥਾਂ ਸੁਝਾਉ ਦੇਣ ਦਾ ਪੈਂਤੜਾ ਅਪਣਾਉਣ ਲਈ ਮਜਬੂਰ ਕਰਦੀ ਕਹਾਣੀ ਨੂੰ ਆਪਣੇ 'ਨਾਮ' ਤੇ 'ਆਕਾਰ' ਵਾਲੇ ਪ੍ਰਾਚੀਨ ਰੂਪਾਕਾਰਾਂ ਨਾਲੋਂ ਨਿਖੇੜ ਹੈ
ਇਸ (ਕਹਾਣੀ) ਦਾ ਢੰਗ ਸੂਖ਼ਮ ਇਸ਼ਾਰੇ ਦਾ ਹੈ ਨਿੱਕੀ ਕਹਾਣੀ ਵਿਚ ਕਿਸੇ ਉਚੇਚੀ ਵਿਆਖਿਆ, ਉਪਦੇਸ਼, ਪ੍ਰਚਾਰ ਜਾਂ ਸਿੱਖਿਆ ਲਈ ਕੋਈ ਥਾਂ ਨਹੀਂ ਇਸ ਦੀ ਪ੍ਰਗਟਾਉ-ਵਿਧੀ ਵਿਚ ਇਕ ਕਿਸਮ ਦਾ ਕਲਾਤਮਕ ਸੰਜਮ ਦਰਕਾਰ ਹੈ ਗੱਲ ਥੋੜੀ ਕਹੀ ਜਾਂਦੀ ਹੈ ਪਰ ਇਹ ਥੋੜ੍ਹੀ ਗੱਲ ਨਾਲ ਵੀ ਪਾਠਕ ਦੀ ਸੋਚ ਨੂੰ ਇਕ ਵੱਡੀ ਜੁੰਬਿਸ਼ ਮਿਲਦੀ ਹੈ਼ਨਿੱਕੀ ਕਹਾਣੀ ਆਧੁਨਿਕ ਪਾਠਕ ਨੂੰ ਇਕ ਸਿਆਣਾ ਤੇ ਸੋਚਵਾਨ ਵਿਅਕਤੀ ਮੰਨਦੀ ਹੈ ਇਸ ਲਈ ਇਹ ਉਸ ਨਾਲ ਆਦੇਸ਼ ਦੀ ਜ਼ੁਬਾਨ ਵਿਚ ਨਹੀਂ ਸੁਝਾਅ ਦੀ ਜ਼ੁਬਾਨ ਵਿਚ ਗੱਲ ਕਰਦੀ ਹੈ6
ਇਸ ਤੋਂ ਇਲਾਵਾ ਰਾਹੀ ਕਹਾਣੀ-ਆਲੋਚਨਾ ਅਨੁਸਾਰ ਕਹਾਣੀ ਦੇ ਸੰਖੇਪਤਾ ਤੇ ਸੰਕੇਤਕਤਾ ਦੇ ਗੁਣ ਕਹਾਣੀ-ਸਿਰਜਨਾ ਨੂੰ ਬਹੁ-ਪਾਸਾਰੀ ਦੀ ਥਾਂ ਬਹੁ-ਪਰਤੀ (ਜਦੋਂ ਕਿ ਨਾਵਲੀ-ਸੰਗਠਨ ਵਿਚ ਪਰਤ ਦੇ ਨਾਲ-ਨਾਲ ਇਤਿਹਾਸਕ ਪਾਸਾਰ ਵੀ ਸ਼ਾਮਿਲ ਹੁੰਦੇ ਹਨ) ਬਣਾਉਂਦੇ ਹਨ ਰਾਹੀ ਕਹਾਣੀ-ਆਲੋਚਨਾ ਲਈ ਇਸ ਪ੍ਰਕਾਰ ਦੀ ਬਹੁ-ਪਰਤੀ ਸੰਰਚਨਾ ਦਾ ਆਧਾਰ ਵਿਸ਼ੇਸ਼ ਪ੍ਰਕਾਰ ਦੀ ਵਿਅੰਜਨਾਤਮਿਕ ਭਾਸ਼ਾ ਹੈ, ਜਿਹੜੀ ਸਮਾਜਕ-ਯਥਾਰਥ ਦੀ ਭ੍ਰਮਕ ਵਿਵਸਥਾ ਨੂੰ ਵਿਅੰਗ, ਕਟਾਕਸ਼, ਕੋਮਲਤਾ ਆਦਿ ਦੇ ਉਪਕਰਣਾਂ ਨਾਲ ਆਪਣਾ ਨਿਸ਼ਾਨਾ ਬਣਾਉੱਦੀ ਹੈ ਅਤੇ ਵਿਧੀ ਦੇ ਪੱਧਰ 'ਤੇ ਪ੍ਰਾਚੀਨ ਕਥਾਵਾਂ ਵਾਂਗ ਬਿਰਤਾਂਤ ਦਾ ਬਿਆਨ ਕਰਨ ਦੀ ਬਜਾਇ ਬਿਰਤਾਂਤ ਦਾ ਸਿਰਜਨ ਕਰਦੀ ਬਿਰਤਾਂਤ ਨੂੰ ਦੱਸਦੀ ਨਹੀਂ ਸਗੋਂ ਵਿਖਾਉਣ ਦਾ ਯਤਨ ਕਰਦੀ ਹੈ ਇਸ ਯਤਨ ਕਾਰਨ ਹੀ ਰਾਹੀ ਕਹਾਣੀ-ਆਲੋਚਨਾ ਦੇ ਸਿਧਾਂਤਕ ਧਰਾਲਤ ਉੱਤੇ ਕਹਾਣੀ-ਸਿਰਜਨਾ ਆਧੁਨਿਕ ਕਹਾਣੀ-ਰੂਪ ਨਾ ਤਾਂ ਨਾਵਲ ਦਾ ਛੋਟਾ ਰੂਪ ਹੈ ਤੇ ਨਾ ਹੀ ਨਿਰੋਲ ਪ੍ਰਾਚੀਨ ਕਥਾ-ਰੂਪਾਂ ਦਾ ਵਿਕਸਿਤ ਰੂਪ, ਸਗੋਂ ਕਹਾਣੀ ਆਧੁਨਿਕ ਸੰਵੇਦਨਾ ਦੇ ਅਧੀਨ ਵਿਕਸਤ ਹੋਇਆ ਰੂਪਾਕਾਰ ਹੈ, ਜਿਸ ਦੀ ਆਧੁਨਿਕ ਕਾਲ ਵਿਚ ਹੋਂਦ ਸੰਖੇਪਤਾ ਤੇ ਸੰਕੇਤਕਤਾ ਦੇ ਗੁਣ ਅਧੀਨ ਲੁਪਤ ਹੈ ਅਤੇ ਜੋ ਮਨੁੱਖੀ ਤਨਾਉ/ਟਕਰਾਉ ਨੂੰ ਵਿਡੰਬਨਾ ਦੇ ਜ਼ਾਬੀਏ ਤੋਂ ਚਿਤਰਦਾ, ਇਤਿਹਾਸ ਪਾਸਾਰਾਂ ਵਿਚ ਜਾਣ ਤੋਂ ਗੁਰੇਜ਼ ਕਰਦਾ ਹੈ
ਇਸ ਪ੍ਰਕਾਰ ਰਾਹੀ ਗਲਪ-ਆਲੋਚਨਾ ਦਾ ਇਹ ਸੰਪੇਖ ਅਧਿਐਨ ਦਰਸਾਉਂਦਾ ਹੈ ਕਿ ਰਾਹੀ ਗਲਪ-ਆਲੋਚਨਾ ਆਪਣੀ ਅੰਤਰ-ਅਨੁਸ਼ਾਸਨੀ ਵਿਧੀ ਦੁਆਰਾ ਗਲਪੀ-ਸਿਰਜਨਾ ਵਿਚਲੀ ਬਣਤਰ ਤੇ ਬੁਣਤਰ ਅਧੀਨ ਕਾਰਜਸ਼ੀਲ ਰਚਨਾਤਮਿਕ ਨੇਮਾਂ ਨੂੰ ਪਹਿਚਾਣਦੀ ਹੈ ਅਤੇ ਆਪਣੀ ਵਿਸ਼ੇਸ਼ ਰਚਨਾਤਮਿਕ ਸ਼ੈਲੀ ਰਾਹੀਂ ਪੰਜਾਬੀ ਗਲਪੀ-ਸ਼ਾਸਤਰ ਨੂੰ ਸਿਸਟਿਮਕ ਢਾਂਚੇ 'ਤੇ ਉਸਾਰਨ ਦਾ ਯਤਨ ਕਰਦੀ ਹੈ
0-0-0

ਹਵਾਲੇ ਤੇ ਟਿੱਪਣੀਆਂ :
1. ਜੋਗਿੰਦਰ ਸਿੰਘ ਰਾਹੀ, ਪੰਜਾਬੀ ਨਾਵਲ, ਪੰਨਾ-10
2. ਉਹੀ, ਮਸਲੇ ਗਲਪ ਦੇ, ਪੰਨਾ-24
3. ਗੋਪੀ ਚੰਦ ਨਾਰੰਗ, ਸੰਰਚਨਾਵਾਦ ਉੱਤਰ-ਸੰਰਚਨਾਵਾਦ ਅਤੇ ਪੂਰਵੀ ਕਾਵਿ-ਸ਼ਾਸਤਰ, ਪੰਨਾ-229
4. ਜੋਗਿੰਦਰ ਸਿੰਘ ਰਾਹੀ, 'ਗਲਪ ਦੀ ਭਾਸ਼ਾ', ਖੋਜ ਦਰਪਣ (ਪੰਜਾਬੀ ਗਲਪ ਵਿਸ਼ੇਸ਼ ਅੰਕ), ਪੰਨਾ-4
5. ਉਹੀ, ਜੋਤ ਜੁਗਤ ਕੀ ਬਾਰਤਾ, ਪੰਨਾ-52
6. ਉਹੀ, ਪੰਨਾ-52


‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...