ਅਨੁਵਾਦ (Translate)

Saturday, 6 February 2016

ਪੰਜਾਬੀ ਗਲਪ ਆਲੋਚਨਾ ਦਾ ਪ੍ਰਬੁਧ ਤੇ ਪ੍ਰਤਿਬੱਧ ਆਲੋਚਕ : ਟੀ. ਆਰ. ਵਿਨੋਦ

ਡਾ. ਹਰਜੀਤ ਸਿੰਘ


ਪੰਜਾਬੀ ਗਲਪ ਆਲੋਚਨਾ ਦੇ ਸੰਸਥਾਪਕਾਂ, ਵਿਸਥਾਰਕਾਂ ਤੇ ਪ੍ਰਸਾਰਕਾਂ ਵਿਚੋਂ ਇਕ ਡਾ. ਜੋਗਿੰਦਰ ਸਿੰਘ ਰਾਹੀ ਦੀ ਮੌਤ ਤੋਂ ਸਤਾਰਾਂ ਦਿਨਾਂ ਮਗਰੋਂ ਪੰਜਾਬੀ ਗਲਪ ਆਲੋਚਨਾ ਦਾ ਦੂਜਾ ਪ੍ਰਬੁਧ ਚਿੰਤਕ ਡਾ. ਟੀ. ਆਰ. ਵਿਨੋਦ ਵੀ ਆਪਣੇ ਜੀਵਨ ਕਾਲ ਦੀ ਯਾਤਰਾ ਸੰਪੂਰਨ ਕਰ ਗਿਆ ਇਸ ਸੰਪੂਰਨਤਾ ਦੇ ਨਾਲ ਹੀ ਉਸ ਦੇ ਚਿੰਤਨ ਤੇ ਚੇਤਨਾ ਦਾ ਉਹ ਸਫ਼ਰ ਵੀ ਪੂਰਨ ਹੋ ਗਿਆ, ਜਿਹੜਾ ਉਸ ਨੇ 1959 ਈ. ਵਿਚ 'ਭਾਰਤੀ ਰਸ ਸਿਧਾਂਤ' ਨਾਮਕ ਆਲੋਚਨਾਤਮਿਕ ਨਿਬੰਧ ਨਾਲ ਕੀਤਾ ਸੀ ਡਾ. ਵਿਨੋਦ ਦੇ ਇਸ ਸਮੁੱਚੇ ਸਫ਼ਰ ਦਾ ਕੇਂਦਰੀ ਬਿੰਦੂ ਕਲਾਸੀਕਲ ਮਾਰਕਸਵਾਦੀ-ਚਿੰਤਨਧਾਰਾ ਉੱਤੇ ਆਧਾਰਿਤ ਰਿਹਾ ਹੈ, ਜਿਸ ਪ੍ਰਤੀ ਉਸ ਦੀ ਪਹੁੰਚ ਕਿਸੇ ਫ਼ੈਸ਼ਨ ਜਾਂ ਕਿਸੇ ਵਿਅਕਤੀ-ਵਿਸ਼ੇਸ਼ ਦੀ ਪ੍ਰੇਰਣਾ ਸਦਕਾ ਨਹੀਂ ਬਣੀ, ਸਗੋਂ ਉਸ ਦੇ ਡੂੰਘੇ ਅਧਿਐਨ ਅਤੇ ਜੀਵਨ-ਸਥਿਤੀਆਂ ਦੀ ਸਮਝ ਵਿਚੋਂ ਬਣੀ ਹੈ
   ਡਾ. ਵਿਨੋਦ ਦਾ ਜਨਮ 27 ਮਈ 1935 ਨੂੰ ਪਿੰਡ ਸੰਘੇੜਾ ਜਿਲ੍ਹਾਂ ਸੰਗਰੂਰ ਵਿਖੇ ਪਿਤਾ ਲੇਖ ਰਾਜ ਦੇ ਕਰਜੇ ਮਾਰੇ ਘਰ ਵਿਚ ਹੋਇਆ, ਜਿਸ ਕਾਰਨ ਉਹ ਸਦਾ ਹੀ ਸਾਧਨਾਂ ਦੇ ਅਭਾਵਾਂ ਦੇ ਸਨਮੁੱਖ ਰਿਹਾ ਪਰੰਤੂ ਫਿਰ ਵੀ ਉਹ ਆਪਣੀ ਅਸਾਧਾਰਨ ਮਿਹਨਤ, ਸਮਰੱਥਾ ਤੇ ਸਹਿਨਸ਼ੀਲਤਾ ਦੇ ਸਹਾਰੇ 1949 ਈ. ਤੱਕ ਦਸਵੀਂ ਤੇ ਮਗਰੋਂ ਐਮ. ਏ. ਪੰਜਾਬੀ, ਹਿੰਦੀ ਤੇ ਸਮਾਜ-ਸ਼ਾਸਤਰ ਅਤੇ ਬੀ. ਟੀ. ਤੇ ਪੀ-ਐਚ. ਡੀ ਦੀ ਪੜ੍ਹਾਈ ਪ੍ਰਾਈਵੇਟ ਵਿਦਿਅਰਥੀ ਦੇ ਰੂਪ ਵਿਚ ਕਰ ਗਿਆ ਇਹ ਉਸ ਦੀ ਮਿਹਨਤ ਤੇ ਸਾਧਨਾ ਦਾ ਹੀ ਪ੍ਰਮਾਣ ਹੈ ਕਿ ਉਹ 1959 ਤੋਂ 1984 ਤੱਕ ਕਾਲਜ ਪ੍ਰਾਧਿਆਪਕ, 1984 ਤੋਂ 1991 ਤੱਕ ਰੀਡਰ ਅਤੇ 1995 ਵਿਚ ਪ੍ਰੋਫੈਸਰ ਉਪਾਧੀ ਤੋਂ ਵਜੋਂ ਸੇਵਾ-ਮੁਕਤ ਹੋਇਆ ਡਾ. ਵਿਨੋਦ ਦੀਆਂ ਇਹ ਸਮੁੱਚੀਆਂ ਉਪਲੱਬਧੀਆਂ ਉਸ ਨੇ ਬਿਨਾਂ ਕਿਸੇ ਤਿਕੜਮਬਾਜੀ ਜਾਂ ਜੁਗਾੜਬੰਦੀ ਤੋਂ ਆਪਣੀ ਅਣਥੱਕ ਮਿਹਨਤ, ਸਾਧਨਾ ਤੇ ਅਕਾਦਮਿਕ ਪ੍ਰਤਿਬੱਧਤਾ ਦੇ ਸਹਾਰੇ ਪ੍ਰਾਪਤ ਕੀਤੀਆਂ ਹਨ, ਜਿਨਾਂ ਦਾ ਉਹ ਅਧਿਕਾਰੀ ਵੀ ਸੀ
   ਭਾਵੇਂ ਡਾ. ਵਿਨੋਦ ਨੇ ਪਹਿਲਾਂ-ਪਹਿਲ ਊਰਦੂ ਸ਼ਾਇਰੀ ਤੇ ਕਹਾਣੀ-ਸਿਰਜਨਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਲਦੀ ਹੀ ਉਹ ਆਪਣੀ ਮੂਲ ਸਮਰੱਥਾ ਨੂੰ ਪਹਿਚਾਣਦਾ ਹੋਇਆ ਪੰਜਾਬੀ ਸਾਹਿਤ-ਚਿੰਤਨ ਦੇ ਖੇਤਰ ਵੱਲ ਪ੍ਰੇਰਿਤ ਹੋ ਗਿਆ ਇਸ ਖੇਤਰ ਨੂੰ ਉਸ ਨੇ ਆਪਣੇ ਜੀਵਨ ਕਾਲ ਦਾ ਇਕ ਲੰਬਾ ਸਮਾਂ ਦਿੱਤਾ ਅਤੇ ਅਧਿਐਨ ਤੇ ਅਧਿਆਪਨ ਦੇ ਪੱਧਰ 'ਤੇ ਇਸ ਖੇਤਰ ਨੂੰ ਪੂਰਨ ਸੁਹਿਰਦਤਾ ਤੇ ਸਪੱਸ਼ਟਤਾ ਨਾਲ ਨਿਭਾਇਆ ਉਸ ਦੇ ਦਰਮਿਆਨੇ ਕੱਦ ਤੇ ਪ੍ਰਭਾਵਸ਼ਾਲੀ ਆਵਾਜ਼ ਵਾਲਾ ਸਰਲ-ਚਿੱਤ ਵਿਅਕਤੀਤਵ ਸਦਾ ਹੀ ਉਸ ਦੇ ਅਧਿਆਪਨ ਕਾਰਜ ਦੇ ਅਤੇ ਉਸ ਦੇ ਵਿਚਾਰਾਂ ਦੇ ਸੰਚਾਰ ਦੀ ਸਪੱਸ਼ਟਤਾ ਸਦਾ ਹੀ ਉਸ ਦੇ ਅਧਿਐਨ ਦੇ ਅੰਗ-ਸੰਗ ਰਹੀ ਇਸ ਦਾ ਪ੍ਰਮਾਣ ਡਾ. ਵਿਨੋਦ ਦੁਆਰਾ ਆਪਣੇ ਜੀਵਨ ਕਾਲ ਦੌਰਾਨ ਨਿਭਾਈਆ ਦੋਸਤੀਆਂ ਅਤੇ ਉਸ ਦੀਆਂ ਉੱਨੀ ਦੇ ਕਰੀਬ ਮੌਲਿਕ ਤੇ ਅੱਠ ਦੇ ਕਰੀਬ ਸੰਪਾਦਿਤ ਪੁਸਤਕਾਂ ਹਨ ਇਨ੍ਹਾਂ ਦੇ ਅੰਤਰਗਤ ਉਸ ਨੇ ਸਾਹਿਤ-ਸਿਧਾਂਤ, ਪੰਜਾਬੀ-ਗਲਪ, ਪੰਜਾਬੀ-ਸੰਸਕ੍ਰਿਤੀ ਤੇ ਮੈਟਾ-ਆਲੋਚਨਾ ਵਰਗੇ  ਖੇਤਰਾਂ ਦਾ ਗਹਿਨ ਤੇ ਗੰਭੀਰ ਚਿੰਤਨ ਪੇਸ਼ ਕੀਤਾ ਹੈ ਇਸੇ ਕਾਰਨ ਹੀ ਪੰਜਾਬੀ ਸ਼ਬਦ-ਸਭਿਆਚਾਰ ਨੂੰ ਵਿਸਥਾਰਨ ਤੇ ਵਿਕਸਤ ਕਰਨ ਲਈ ਕਾਰਜਸ਼ੀਲ ਵਿਭਿੰਨ ਸੰਸਥਾਵਾਂ ਨੇ ਡਾ. ਵਿਨੋਦ ਨੂੰ ਸਮੇਂ-ਸਮੇਂ ਡਾ. ਰਵੀ ਪੁਰਸਕਾਰ (ਪੰਜਾਬੀ ਸਾਹਿਤ ਸਭਾ ਬਰਨਾਲਾ), ਡਾ. ਰਵੀ ਪੁਰਸਕਾਰ (ਰਵੀ ਸਾਹਿਤ ਟਰੱਸਟ, ਪਟਿਆਲਾ), ਡਾ. ਰਵੀ ਪੁਰਸਕਾਰ (ਕੇਂਦਰੀ ਪੰਜਾਬੀ ਸਾਹਿਤ ਸਭਾ) ਤੇ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ (ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ) ਨਾਲ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਉਸ ਦੇ ਚਿੰਤਨ ਦੀਆਂ ਵਿਭਿੰਨ ਪਰਤਾਂ ਤੇ ਪਸਾਰਾਂ ਨੂੰ ਵਿਸਥਾਰ ਵਿਚ ਜਾਨਣ ਲਈ ਵਿਭਿੰਨ ਯੂਨੀਵਰਸਿਟੀਆਂ ਅਧੀਨ ਉਸ ਦੇ ਅਧਿਐਨ-ਕਾਰਜ ਨੂੰ ਅਧਿਐਨ-ਵਸਤੂ ਵਜੋਂ ਗ੍ਰਹਿਣ ਕੀਤਾ ਗਿਆ ਅਤੇ ਐਮ. ਫਿਲ ਤੇ ਪੀ-ਐਚ. ਡੀ ਦੇ ਕਾਰਜ ਕਰਵਾਏ ਗਏ ਤੇ ਕਰਵਾਏ ਜਾ ਰਹੇ ਹਨ
   ਡਾ. ਵਿਨੋਦ ਦੇ ਸਾਹਿਤ ਚਿੰਤਨ ਦਾ ਸਫ਼ਰ ਭਾਵੇਂ 'ਭਾਰਤੀ ਰਸ ਸਿਧਾਂਤ' (1959) ਦੁਆਰਾ ਆਰੰਭ ਹੁੰਦਾ ਹੋਇਆ 'ਪੰਜਾਬੀ ਆਲੋਚਨਾ ਸ਼ਾਸਤਰ' (2007) ਤੱਕ ਲੰਬਾ ਸਫ਼ਰ ਕਰਦਾ ਹੈ ਫਿਰ ਵੀ ਉਸ ਦੇ ਚਿੰਤਨ ਵਿਚ ਕੇਂਦਰੀ ਧੁਨੀ ਕਲਾਸੀਕਲ ਮਾਰਕਸਵਾਦ ਦੀ ਹੀ ਗੂੰਜਦੀ ਹੈ, ਜਿਹੜੀ ਉਸ ਦੇ ਸਮੁੱਚੇ ਚਿੰਤਨ ਦੀਆਂ ਸੰਭਾਵਨਵਾਂ ਤੇ ਸੀਮਾਵਾਂ ਨੂੰ ਨਿਰਧਾਰਿਤ ਕਰਦੀ ਹੈ ਇਸ ਧੁਨੀ ਪ੍ਰਤੀ ਡਾ. ਵਿਨੋਦ ਦੀ ਪ੍ਰਤਿਬੱਧਤਾ ਇਥੋ ਤੱਕ ਹੈ ਕਿ ਉਹ ਸਮਾਜਵਾਦੀ ਬਲਾਕ ਦੇ ਵਿਗਠਨ ਉਪਰੰਤ ਵੀ ਮਾਰਕਸਵਾਦੀ-ਚਿੰਤਨਧਾਰਾ ਵਿਚ ਪੂਰਨ ਰੂਪ ਵਿਚ ਵਿਸ਼ਵਾਸ ਪ੍ਰਗਟ ਕਰਦਾ ਰਿਹਾ ਹੈ ਅਤੇ ਸਮਕਾਲੀ ਸਥਿਤੀਆਂ ਤੋਂ ਹਤਾਸ਼ ਜਾਂ ਨਿਰਾਸ਼ ਹੋਣ ਦੀ ਬਜਾਇ ਸਮਾਜਵਾਦੀ-ਵਿਸ਼ਵੀਕਰਨ ਦੀ ਪ੍ਰਸੰਗਿਕਤਾ ਅਤੇ ਸਾਰਥਕਤਾ ਨੂੰ ਪੂਰਨ ਤਾਰਕਿਕਤਾ ਤੇ ਪ੍ਰਤਿਬੱਧਤਾ ਨਾਲ ਦ੍ਰਿੜ ਕਰਵਾਉਂਦਾ ਰਿਹਾ ਹੈ ਦਿਲਚਸਪ ਨੁਕਤਾ ਇਹ ਹੈ ਕਿ ਡਾ. ਵਿਨੋਦ ਇਸ ਮਾਰਕਸਵਾਦੀ-ਸਿਧਾਂਤ ਨੂੰ ਕਿਸੇ ਮਕਾਨਕੀ ਰੂਪ ਵਿਚ ਗ੍ਰਹਿਣ ਕਰਨ ਦੀ ਬਜਾਇ ਇਸ ਨੂੰ ਆਪਣੇ ਚਿੰਤਨ ਦਾ ਵਿਸ਼ਾ ਬਣਾਕੇ ਆਤਮਸਾਤ ਕਰਕੇ ਹੀ ਸਵੀਕਾਰਦਾ ਹੈ ਇਸ ਨਾਲ ਡਾ. ਵਿਨੋਦ ਦਾ ਚਿੰਤਨ ਪੰਜਾਬ ਦੀ ਵਿਵਸਥਾ ਅਤੇ ਪੰਜਾਬੀ-ਸਾਹਿਤ ਦੀਆਂ ਆਰਥਿਕ ਤੇ ਸੰਸਕ੍ਰਿਤਕ ਪਰਤਾਂ ਨੂੰ ਇਕੋ ਸਮੇਂ ਪਕੜਨ ਦੀ ਸਮਰੱਥਾਂ ਰੱਖਦਾ ਹੈ ਇਸ ਨਾਲ ਉਹ ਵਿਹਾਰਿਕ ਪੱਧਰ 'ਤੇ ਪਾਠ ਤੇ ਪ੍ਰਸੰਗ ਦੇ ਅੰਤਰਲੇ ਤੇ ਅੰਦਰਲੇ ਸੰਬੰਧਾਂ ਨੂੰ ਪਹਿਚਾਨਦਾ ਹੋਇਆ ਆਪਣੀ ਪੂਰਵਲੀ ਮਾਰਕਸਵਾਦੀ ਪੰਜਾਬੀ-ਆਲੋਚਨਾ ਤੋਂ ਵਧੇਰੇ ਮੌਲਿਕ ਤੇ ਸੰਤੁਲਿਤ ਧਰਾਤਲ 'ਤੇ ਖਲੋਉਂਦਾ ਹੈ ਇਸ ਸੰਤੁਲਿਤ ਧਰਾਤਲ 'ਤੇ ਡਾ. ਵਿਨੋਦ ਲਈ ਸਾਹਿਤ-ਸਿਰਜਨਾ ਸਮਾਜ-ਸਾਪੇਖਕ ਹੋਂਦ ਹੈ, ਜਿਹੜੀ ਸਮਾਜ ਦੀ ਸਭਿਅਤਾ ਤੇ ਸੰਸਕ੍ਰਿਤੀ ਦੇ ਵਿਭਿੰਨ ਪੱਖਾਂ ਨੂੰ ਸੁਹਜਾਤਮਿਕ-ਤੱਤਾਂ ਦੇ ਸਮਾਵੇਸ਼ ਦੁਆਰਾ ਅਭਿਵਿਅਕਤ ਕਰਦੀ ਹੈ ਅਤੇ ਵਰਤਮਾਨ ਦੀਆਂ ਭਵਿੱਖਮੁੱਖੀ ਸੰਭਾਵਨਾਵਾਂ ਨੂੰ ਪਾਠਕ ਸਾਹਮਣੇ ਪੇਸ਼ ਕਰਦੀ ਹੈ ਇਸ ਦੇ ਅਧਿਐਨ ਲਈ ਡਾ. ਵਿਨੋਦ ਆਪਣੀ ਸੂਤ੍ਰਿਕ ਸ਼ੈਲੀ ਦੁਆਰਾ ਵਿਆਖਿਆ, ਵਿਸ਼ਲੇਸ਼ਣ ਤੇ ਮੁਲਾਂਕਣ ਨੂੰ ਇਕ ਇਕਾਈ ਵਜੋਂ ਸੰਗਠਿਤ ਕਰਦਾ ਹੋਇਆ ਸਿਧਾਂਤਕ ਤੇ ਵਿਹਾਰਿਕ ਪੱਧਰ 'ਤੇ ਸੰਤੁਲਿਤ, ਸਪੱਸ਼ਟ ਤੇ ਸੂਖਮ ਦ੍ਰਿਸ਼ਟੀ ਦਾ ਪ੍ਰਮਾਣ ਪੇਸ਼ ਕਰਦਾ ਹੈ ਇਸ ਅਧੀਨ ਉਹ ਸਾਹਿਤ-ਪਾਠ ਵਿਚ ਪੇਸ਼ ਸਮਾਜਕ-ਯਥਾਰਥ 'ਤੇ ਆਧਾਰਿਤ ਕਲਾਤਮਕ-ਬਿੰਬ ਦਾ ਅੰਗ ਨਿਖੇੜਾ (ਵਿਸ਼ਲੇਸ਼ਣ) ਕਰਕੇ ਉਸਦੇ ਕਲਾਤਮਕ ਪੱਖ ਨੂੰ ਸਮਝਣ ਲਈ ਸਮਾਜਕ ਤੱਥ ਵੱਲ ਜਾਂਦਾ ਹੈ ਅਤੇ ਸਮਾਜਕ-ਯਥਾਰਥ ਪ੍ਰਤੀ ਆਪਣੇ ਗਿਆਨ ਦੇ ਆਧਾਰ 'ਤੇ ਸਾਹਿਤ-ਪਾਠ ਦੇ ਕਲਾਤਮਿਕ ਪੱਧਰ ਦਾ ਮੁਲਾਂਕਣ ਪੇਸ਼ ਕਰਦਾ ਹੈ ਅਜਿਹਾ ਕਰਦੇ ਸਮੇਂ ਡਾ. ਵਿਨੋਦ ਸਾਹਿਤ-ਕਿਰਤ ਦੇ ਵਿਚਾਰਧਾਰਕ ਤੇ ਕਲਾਤਮਿਕ ਪੱਖ ਬਾਰੇ ਪੂਰਨ ਸੁਚੇਤ ਰਹਿੰਦਾ ਹੈ ਅਤੇ ਆਪਣੀ ਪਾਠਮੂਲਕ-ਵਿਧੀ ਦੁਆਰਾ ਸਦਾ ਪਾਠ ਤੋਂ ਪ੍ਰਸੰਗ ਵੱਲ ਸਫ਼ਰ ਕਰਦਾ ਹੋਇਆ ਵਿਭਿੰਨ ਪਾਸਾਰ ਗ੍ਰਹਿਣ ਕਰਦਾ ਹੈ ਇਹ ਪਾਸਾਰ ਡਾ. ਵਿਨੋਦ ਦੇ ਪੰਜਾਬੀ-ਗਲਪ (ਨਾਵਲ ਤੇ ਕਹਾਣੀ) ਅਧਿਐਨ ਅਧੀਨ ਵਧੇਰੇ ਸਪੱਸ਼ਟ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ 
    ਇਸ ਪ੍ਰਸੰਗ ਵਿਚ ਡਾ. ਵਿਨੋਦ ਲਈ ਨਾਵਲ ਆਧੁਨਿਕ ਪੂੰਜੀਵਾਦੀ-ਯੁੱਗ (ਸ਼੍ਰੇਣੀਗਤ-ਸਮਾਜ) ਦਾ ਅਜਿਹਾ ਗਦਾਤਮਿਕ-ਬਿਰਤਾਂਤਕ ਰੂਪਾਕਾਰ ਹੈ, ਜਿਹੜਾ ਯਥਾਰਥਕ-ਦ੍ਰਿਸ਼ਟੀ ਦੁਆਰਾ ਜਿਥੇ ਪੂੰਜੀਵਾਦੀ-ਯੁੱਗ ਦੇ ਅੰਤਰ-ਵਿਰੋਧਾਂ ਤੇ ਅੰਤਰ-ਸੰਬੰਧਾਂ ਨੂੰ ਪੂਰਨ ਵਿਸ਼ਾਲਤਾ ਤੇ ਸਮੁੱਚਤਾ ਵਿਚ ਸਮਾਜਿਕ ਤੇ ਸੁਹਜਾਤਮਿਕ ਤੱਤਾਂ ਦੇ ਸਮਾਵੇਸ ਰਾਹੀਂ ਅਭਿਵਿਅਕਤ ਕਰਦਾ ਹੈ ਉਥੇ ਨਾਲ ਹੀ ਪੂੰਜੀਵਾਦੀ-ਯੁੱਗ ਦੇ ਅੰਤਰ-ਵਿਰੋਧਾਂ ਤੇ ਅੰਤਰ-ਸੰਬੰਧਾਂ ਦੇ ਸਮਾਧਾਨ ਲਈ ਇਨ੍ਹਾਂ ਦੀਆਂ ਭਵਿੱਖਮੁਖੀ ਸੰਭਾਵਨਾਵਾਂ (ਸ਼੍ਰੇਣੀ-ਰਹਿਤ ਸਮਾਜ) ਨੂੰ ਵੀ ਪਾਠਕ ਸਾਹਮਣੇ ਪੇਸ਼ ਕਰਦਾ ਹੈ ਇਸ ਲਈ ਡਾ. ਵਿਨੋਦ ਨਾਵਲ ਦੇ ਅਧਿਐਨ ਲਈ ਇਸ ਵਿਚ ਵਿਦਮਾਨ ਰਚਨਾਕਾਰ ਦੇ ਦ੍ਰਿਸ਼ਟੀਕੋਣ ਨੂੰ ਉਸਦੀ ਸ਼੍ਰੇਣੀਗਤ ਸਥਿਤੀ ਦੇ ਪ੍ਰਸੰਗ ਵਿਚ ਪਹਿਚਾਨਣ ਨੂੰ ਵਧੇਰੇ ਮਹੱਤਵ ਦਿੰਦਾ ਹੈ ਅਤੇ ਇਸ ਦ੍ਰਿਸ਼ਟੀਕੋਣ ਨੂੰ ਨਾਵਲ ਵਿਚ ਵਿਦਮਾਨ ਸਥਿਤੀਆਂ ਵਿਚਲੇ ਅੰਤਰ-ਸੰਬੰਧਾਂ ਵਿਚੋਂ ਉਜਾਗਰ ਕਰਦਾ ਹੈ ਇਸ ਪ੍ਰਕ੍ਰਿਆ ਅਧੀਨ ਡਾ. ਵਿਨੋਦ ਨਾਵਲ ਵਿਚਲੇ ਰਚਨਾਕਾਰ ਦੇ ਦ੍ਰਿਸ਼ਟੀਕੋਣ ਨੂੰ ਸੁਹਜਾਤਮਿਕ ਤੱਤ ਨਾਲ ਲਬਰੇਜ਼ ਹੋਏ ਰੂਪ ਵਿਚ ਹੀ ਸਕਾਰਾਤਮਿਕ ਮੰਨਦਾ ਹੈ, ਕਿਉਂਜੋ ਡਾ. ਵਿਨੋਦ ਲਈ ਸਾਹਿਤ ਅਧੀਨ ਪ੍ਰਚਾਰ ਤਾਂ ਸੰਭਵ ਹੈ ਪਰ ਪ੍ਰਚਾਰ ਅਧੀਨ ਸਾਹਿਤ ਨਹੀਂ ਪ੍ਰਚਾਰ ਤੇ ਸਾਹਿਤ ਦੀ ਇਸ ਸਮੱਸਿਆ ਦੇ ਤਾਰਕਿਕ ਹੱਲ ਲਈ ਡਾ. ਵਿਨੋਦ 'ਧੁਨੀ' ਵਰਗੇ ਸੰਕੇਤਕ-ਪਦ ਦਾ ਨਿਰਮਾਣ ਕਰਦਾ ਹੈ, ਜਿਹੜਾ ਸੰਕੇਤਕ-ਪਦ ਸੁਹਜ ਤੇ ਸਮਾਜ ਦੇ ਦੋਹਰੇ ਪੱਧਰ ਨਾਲ ਸਮਾਨਾਂਤਰ ਰੂਪ ਵਿਚ ਜੁੜਿਆ ਹੋਇਆ ਗਲਪੀ-ਬਿੰਬ ਦੇ ਆਂਤਰਿਕ-ਤਰਕ ਵਜੋਂ ਪ੍ਰਗਟ ਹੁੰਦਾ ਹੈ ਅਤੇ ਪਾਠਕ ਲਈ ਸੰਦੇਸ਼ ਸੰਚਾਲਿਤ ਕਰਦਾ ਹੈ ਵਿਹਾਰਿਕ ਪੱਧਰ 'ਤੇ ਇਸ ਪ੍ਰਕਾਰ ਦੀ 'ਧੁਨੀ' ਦੇ ਅਧਿਐਨ ਲਈ ਡਾ. ਵਿਨੋਦ ਪਹਿਲਾਂ ਨਾਵਲੀ-ਸਿਰਜਨਾ ਦੇ ਵਿਸ਼ਲੇਸ਼ਣ ਦੁਆਰਾ ਉਸਦੇ ਕਲਾਤਮਕ, ਸਮਾਜਕ, ਸੰਸਕ੍ਰਿਤਕ ਤੇ ਇਤਿਹਾਸਕ ਆਦਿ ਤੱਥਾਂ ਦੇ ਚੇਤਨ ਨੂੰ ਸਥਾਪਿਤ ਕਰਦਾ ਹੈ ਅਤੇ ਪਿਛੋਂ ਇਨ੍ਹਾਂ ਸਥਾਪਿਤ-ਤੱਥਾਂ ਨਾਲ ਸੰਬੰਧਿਤ ਅਵਚੇਤਨ ਨੂੰ ਆਪਣੇ ਬਾਹਰਮੁੱਖੀ-ਸਿਧਾਂਤਕ ਮਾਡਲ ਰਾਹੀਂ ਅਗਰਭੂਮਿਤ ਕਰਦਾ ਹੈ ਇਸ ਸੰਦਰਭ ਵਿਚ ਧਿਆਨਯੋਗ ਇਹ ਹੈ ਕਿ ਡਾ. ਵਿਨੋਦ ਨਾਵਲੀ-ਆਲੋਚਨਾ ਆਪਣੇ ਵਿਸ਼ਲੇਸ਼ਣ ਤੇ ਮੁਲਾਂਕਣ ਦਾ ਆਰੰਭ ਪਾਠ ਤੋਂ ਪ੍ਰਸੰਗ ਵੱਲ ਚੱਲਦੇ ਹੋਇਆ ਕਰਦਾ ਹੈ, ਜਿਸ ਨਾਲ ਉਹ ਵਿਚਾਰਧਾਰਾ ਨੂੰ ਬਾਹਰੋਂ ਆਰੋਪਿਤ ਕਰਨ ਵਾਲੇ ਉਨ੍ਹਾਂ ਸਿਧਾਂਤਕ ਉਲਾਰਾ ਤੇ ਵਿਹਾਰਕ ਸਮੱਸਿਆਵਾਂ ਤੋਂ ਨਿਰਲੇਪ ਰਹਿੰਦਾ ਹੈ ਜਿਹੜੀਆਂ ਪੂਰਵ-ਵਿਨੋਦ ਪੰਜਾਬੀ ਨਾਵਲ-ਆਲੋਚਨਾ ਨੂੰ ਮਕਾਨਕੀ ਰੂਪ ਪ੍ਰਦਾਨ ਕਰਦੀਆਂ ਹਨ ਡਾ. ਵਿਨੋਦ ਜਿਥੇ ਆਪਣੀ ਪੂਰਵਵਰਤੀ ਸ਼ੁੱਧ ਪ੍ਰਸੰਗਗਤ ਨਾਵਲ-ਆਲੋਚਨਾ ਤੋਂ ਨਿਖੇੜਾ ਸਥਾਪਿਤ ਕਰਦਾ ਹੈ ਉਥੇ ਆਪਣੀ ਸਮਕਾਲੀ ਸ਼ੁੱਧ ਪਾਠਗਤ ਆਲੋਚਨਾ ਨੂੰ ਨਕਾਰਦਾ ਹੋਇਆ ਇਨ੍ਹਾਂ ਦੋਹਾਂ ਆਲੋਚਨਾ-ਪੱਧਤੀਆਂ ਦੇ ਸਿਧਾਂਤਕ-ਮਾਡਲਾਂ ਵਿਚਕਾਰ ਸੰਤੁਲਿਨ ਬਿਠਾਉਣ ਦਾ ਯਤਨ ਕਰਦਾ ਹੈ ਇਸ ਅਧੀਨ ਡਾ. ਵਿਨੋਦ ਆਪਣੀ ਪੂਰਵਲੀ ਨਾਵਲ-ਆਲੋਚਨਾ ਦੀਆਂ ਸਮੱਸਿਆ ਦਾ ਸੁਚੇਤ ਪੱਧਰ 'ਤੇ ਸਮਾਧਨ ਕਰਨ ਲਈ ਕਾਰਜਸ਼ੀਲ ਨਜ਼ਰੀ ਪੈਂਦਾ ਹੈ ਅਤੇ ਨਾਲ ਹੀ ਆਪਣੇ ਸਿਧਾਂਤਕ ਪੱਖ ਤੋਂ ਅੱਗੇਂ ਤੁਰਦਾ ਵੀ ਪ੍ਰਤੀਤ ਹੁੰਦਾ ਹੈ ਇਸ ਅੱਗੇ ਤੁਰਨ ਦੇ ਯਤਨ ਵਿਚ ਉਹ ਆਗਮਨ (inductive) ਤੇ ਨਿਗਮਨ (inductive) ਵਿਧੀ ਦੀ ਸੰਯੁਕਤੀ ਦੁਆਰਾ ਸਿਧਾਂਤ ਤੇ ਵਿਹਾਰ ਦੇ ਦਵੰਦਾਤਮਕ ਸੰਬੰਧਾਂ ਨੂੰ ਸਥਾਪਿਤ ਕਰਦੀ ਹੋਇਆ ਸਾਮਾਨਯ ਸਿਧਾਂਤ ਰਾਹੀਂ ਵਿਸ਼ੇਸ਼ ਪਾਠ ਨੂੰ ਅਤੇ ਵਿਸ਼ੇਸ਼ ਪਾਠ ਰਾਹੀਂ ਸਾਮਾਨਯ ਸਿਧਾਂਤ ਨੂੰ ਵੇਖਦਾ ਹੈ, ਜਿਵੇਂ ਡਾ. ਵਿਨੋਦ ਦਾ ਮੱਤ ਹੈ ''ਕਿ ਮੈਨੂੰ ਜੇ ਨਾਵਲ ਪੜ੍ਹਨ ਦਾ ਵੱਲ ਸਭ ਤੋਂ ਵੱਧ ਸਿਖਾਇਐ ਤਾਂ ਉਹ ਗੁਰਦਿਆਲ ਸਿੰਘ ਦੇ ਨਾਵਲਾਂ ਨੇ ਸਿਖਾਇਐ,'' ਜਦੋਂ ਕਿ ਉਸ ਦਾ ਵਧੇਰੇ ਵਿਹਾਰਿਕ ਕਾਰਜ ਮਾਰਕਵਾਦੀ ਆਲੋਚਨਾ-ਮਾਡਲ ਅਧੀਨ ਗੁਰਦਿਆਲ ਸਿੰਘ ਦੀ ਨਾਵਲੀ-ਸਿਰਜਨਾ ਨਾਲ ਹੀ ਸੰਬੰਧਿਤ ਹੈ ਇਸ ਨਾਲ ਡਾ. ਵਿਨੋਦ ਜਿਥੇ ਆਪਣੀ ਸਮਕਾਲੀ ਸਮੇਂ ਅਨੁਸਾਰ ਆਪਣੇ ਸਿਧਾਂਤ ਦੀ ਪ੍ਰਸੰਗਿਕਤਾ ਨੂੰ ਬਣਾਈ ਰੱਖਦਾ ਹੈ ਉਥੇ ਸਿਧਾਂਤ ਤੇ ਵਿਹਾਰ ਦੇ ਤਨਾਉ ਤੇ ਟਕਰਾਉ ਨੂੰ ਵੀ ਹੱਲ ਕਰਦਾ ਹੈ ਇਸ ਪ੍ਰਕਾਰ ਡਾ. ਵਿਨੋਦ ਨਾਵਲ ਨੂੰ ਰਚਨਾ-ਵਸਤੂ, ਦ੍ਰਿਸ਼ਟੀ ਤੇ ਵਿਧੀ ਦੇ ਤ੍ਰੈ-ਮੁੱਖੀ ਸੰਕਲਪ ਦੇ ਸੰਦਰਭ ਵਿਚ ਰੱਖਕੇ ਵੇਖਦਾ ਹੋਇਆ, ਨਾਵਲ ਦੀ ਵਸਤ ਨੂੰ ਉਸ ਦੇ ਸਮਾਜ-ਸਭਿਆਚਾਰਕ ਪ੍ਰਸੰਗ ਵਿਚ ਰੱਖ ਕੇ ਵੇਖਦਾ ਹੈ ਤੇ ਨਾਵਲ ਵਿਚਲੇ ਤਨਾਉ, ਵਿਰੋਧਾਂ ਤੇ ਟਕਰਾਵਾਂ ਦੀ ਪਹਿਚਾਣ ਨਾਵਲ ਦੇ ਗਲਪੀ-ਬਿੰਬਾਂ ਵਿਚਲੇ ਕਲਾਤਮਿਕਤਾ ਦੁਆਰਾ ਕਰਦਾ ਹੈ
     ਇਸ ਨਾਵਲ-ਆਲੋਚਨਾ ਦੇ ਸਮਾਨਾਂਤਰ ਹੀ ਡਾ. ਵਿਨੋਦ ਦੀ ਕਹਾਣੀ-ਆਲੋਚਨਾ ਵੀ ਸੰਤੁਲਿਤ ਮਾਰਕਸਵਾਦੀ ਅਧਿਐਨ-ਮਾਡਲ 'ਤੇ ਹੀ ਉਸਰਦੀ ਹੈ, ਜਿਸ ਦੇ ਅੰਤਰਗਤ ਡਾ. ਵਿਨੋਦ  ਕਹਾਣੀ-ਸਿਰਜਨਾ ਦਾ ਮੂਲ ਧਰਮ 'ਮਨੁੱਖੀ-ਅਮਲ' ਨੂੰ ਸਥਿਤੀਆਂ ਵਿਚਲੇ 'ਤਣਾਉ-ਟਕਰਾਉ' ਸਹਿਤ ਪ੍ਰਗਟਾਉਣਾ ਮੰਨਦਾ ਹੈ, ਜਿਸ ਦੀ ਵਿਧੀ ਵਰਨਣ ਦੀ ਬਜਾਇ 'ਬਿਰਤਾਂਤਕ' ਹੁੰਦੀ ਹੈ ਇਸ ਨਾਲ ਡਾ. ਵਿਨੋਦ ਕਹਾਣੀ-ਸਿਰਜਨਾ ਨੂੰ ਸਾਹਿਤ ਦਾ ਸਭ ਤੋਂ ਪ੍ਰਚੀਨ ਰੂਪ ਸਿੱਧ ਕਰਦਾ ਹੈ ਤੇ ਇਸ ਦੀ 'ਰਚਨਾ-ਸਮੱਗਰੀ' ਮਨੁੱਖੀ-ਅਮਲ ਨੂੰ, 'ਪ੍ਰਗਟਾਉ-ਵਿਧੀ' ਬਿਰਤਾਂਤ ਨੂੰ ਅਤੇ 'ਹੋਂਦ-ਵਿਧੀ' ਤਨਾਉ/ਟਕਰਾਉ ਨੂੰ ਸਵੀਕਾਰਦਾ ਹੈ ਡਾ. ਵਿਨੋਦ ਲਈ ਇਨ੍ਹਾਂ ਤੱਤਾਂ ਦੀ ਹੋਂਦ ਹੀ ਕਿਸੇ ਕਹਾਣੀ-ਸਿਰਜਨਾ ਨੂੰ ਕਿਸੇ ਯੁੱਗ-ਵਿਸ਼ੇਸ਼ ਦੇ ਸਾਹਿਤਕ-ਖੇਤਰ ਅਧੀਨ ਵੱਖਰੀ ਤੇ ਵਿਸ਼ੇਸ਼ ਹੋਂਦ ਪ੍ਰਦਾਨ ਕਰਦੀ ਹੈ ਅਤੇ ਇਨ੍ਹਾਂ ਬੁਨਿਆਦੀ ਤੱਤਾਂ ਦੇ ਯੁੱਗ-ਦ੍ਰਿਸ਼ਟੀ ਦੇ ਸਮਾਨਾਂਤਰ ਪਰਿਵਰਤਤ ਹੁੰਦੇ ਸੁਭਾਅ ਤੇ ਸਰੂਪ ਅਨੁਸਾਰ ਹੀ ਕੋਈ ਕਹਾਣੀ-ਸਿਰਜਨਾ ਕਿਸੇ ਯੁੱਗ-ਵਿਸ਼ੇਸ਼ ਅਧੀਨ ਸਾਰਥਕ ਭੁਮਿਕਾ ਨਿਭਾਉਂਦੀ ਹੈ ਇਹ ਭੂਮਿਕਾ ਡਾ. ਵਿਨੋਦ ਲਈ ਵਿਸ਼ੇਸ਼ ਅਰਥਾਂ ਦੀ ਧਾਰਨੀ ਹਰ ਯੁੱਗ ਦੀਆਂ ਕਹਾਣੀ-ਸਿਰਜਨਾਵਾਂ ਦੇ ਵਿਸ਼ੇਸ਼ ਵਿਚਾਰਧਾਰਕ ਖ਼ਾਸੇ ਉੱਤੇ ਨਿਰਭਰ ਕਰਦੀ ਹੈ ਇਸ ਕਾਰਨ ਡਾ. ਵਿਨੋਦ ਕਿਸੇ ਯੁੱਗ-ਵਿਸ਼ੇਸ਼ ਦੇ ਕਹਾਣੀ-ਰੂਪਾਂ ਨੂੰ ਸੰਬੰਧਿਤ ਯੁੱਗ-ਦ੍ਰਿਸ਼ਟੀ ਅਧੀਨ ਪੈਦਾ ਹੋਈ ਰਚਨਾ-ਦ੍ਰਿਸ਼ਟੀ 'ਤੇ ਆਧਾਰਿਤ ਵਿਸ਼ੇਸ਼ ਵਿਚਾਰਧਾਰਕ ਤੇ ਸੁਹਜਾਤਮਿਕ ਰੂਪ ਮੰਨਦਾ ਹੈ ਇਸ ਨਾਲ ਡਾ. ਵਿਨੋਦ ਕਹਾਣੀ-ਸਿਰਜਨਾ ਦੇ ਵਿਕਾਸ ਨੂੰ ਮਨੁੱਖੀ ਵਿਕਾਸ ਦੇ ਸਮਾਨਾਂਤਰ ਰੱਖਕੇ ਸਮਝਦਾ ਹੋਇਆ ਇਸ ਨੂੰ ਸਮਾਜ-ਸਾਪੇਖਕ ਹੋਂਦ ਮੰਨਦਾ ਹੈ ਅਤੇ ਇਸ ਆਧਾਰ 'ਤੇ ਹੀ ਪੰਜਾਬੀ ਕਹਾਣੀ ਦੀ ਇਤਿਹਾਸਕਾਰੀ ਦੇ ਜਟਿਲ ਵਰਤਾਰੇ ਨੂੰ ਵੀ ਆਪਣੇ ਚਿੰਤਨ-ਚੇਤਨਾ ਵਿਚ ਥਾਂ ਦਿੰਦਾ ਹੈ ਇਸ ਅਧੀਨ ਡਾ. ਵਿਨੋਦ ਪੰਜਾਬੀ ਦੀਆਂ ਕਹਾਣੀ-ਸਿਰਜਨਾਵਾਂ ਅਤੇ ਵਿਆਕਤੀ-ਵਿਸ਼ੇਸ਼ ਕਹਾਣੀਕਾਰਾਂ ਦੀਆਂ ਵਿਸ਼ੇਸ਼ ਸਿਰਜਨਾਵਾਂ ਨੂੰ ਅਧਿਐਨ ਦਾ ਕੇਂਦਰ ਬਣਾਉਂਦਾ ਹੋਇਆ ਜਿਥੇ ਕਹਾਣੀ-ਸਿਰਜਨਾ ਨੂੰ ਪਾਠ ਤੇ ਪ੍ਰਸੰਗ ਦੇ ਸੰਬੰਧਾਂ ਰਾਹੀਂ ਪਹਿਚਾਣਦਾ ਹੈ ਉਥੇ ਵਿਅਕਤੀ-ਵਿਸ਼ੇਸ਼ ਕਹਾਣੀਕਾਰਾਂ ਦੀ ਕਹਾਣੀ-ਕਲਾ ਨੂੰ ਉਨ੍ਹਾਂ ਦੇ ਜੀਵਨਮੂਲਕ-ਵੇਰਵਿਆਂ ਤੇ ਰਚਨਾ-ਦ੍ਰਿਸ਼ਟੀ ਦੇ ਪਰਸਪਰ ਸੰਬੰਧਾਂ ਰਾਹੀਂ ਵੇਖਦਾ ਹੈ ਇਸ ਲਈ ਉਹ ਆਪਣੀ ਇਕਾਗਰ ਸਮਨਵੈਵਾਦੀ ਦ੍ਰਿਸ਼ਟੀ ਤੇ ਪੜ੍ਹਤਮੁੱਖੀ ਵਿਧੀ ਨੂੰ ਅਪਣਾਉਦਾ ਹੋਇਆ ਕਹਾਣੀ-ਸਿਰਜਨਾਵਾਂ ਦੀਆਂ ਵਿਭਿੰਨ ਪਰਤਾਂ ਤੇ ਪਾਸਾਰਾਂ ਨੂੰ ਅਗ੍ਰਭੂਮਿਤ ਕਰਦਾ ਹੈ ਇਸ ਤਰ੍ਹਾਂ ਡਾ. ਵਿਨੋਦ ਰਚਨਾ-ਵਸਤੂ, ਰਚਨਾ-ਦ੍ਰਿਸ਼ਟੀ ਤੇ ਰਚਨਾ-ਵਿਧੀ ਦੇ ਤ੍ਰੈਮੁੱਖੀ ਸੰਕਲਪ ਦੇ ਆਧਾਰ 'ਤੇ ਕਹਾਣੀ-ਸਿਰਜਨਾਵਾਂ ਨੂੰ ਸ਼੍ਰੇਣੀਗਤ-ਸਮਾਜ ਵਿਚਲੇ ਅੰਤਰ ਵਿਰੋਧਾਂ, ਤਨਾਵਾਂ ਤੇ ਟਕਾਰਾਵਾਂ ਨੂੰ ਪੇਸ਼ ਕਰਨ ਵਾਲਾ ਰੂਪ ਸਵੀਕਾਰਦਾ ਹੈ, ਜਿਸ ਦਾ ਅਧਿਐਨ ਡਾ. ਵਿਨੋਦ ਆਪਣੀ ਸੁਹਜ ਤੇ ਸਮਾਜ ਸ਼ਾਸਤਰ ਦੇ ਸਮਨਵੈ ਵਿਚੋਂ ਅਰਜਿਤ ਕੀਤੀ ਵਿਧੀ ਤੇ ਸੰਤੁਲਿਤ ਮਾਰਕਸਵਾਦੀ ਦ੍ਰਿਸ਼ਟੀ ਦੁਆਰਾ ਕਰਦਾ ਹੈ ਅਤੇ ਪਾਠ ਤੇ ਪ੍ਰਸੰਗ ਦੇ ਅੰਤਰਲੇ ਤੇ ਅੰਦਰਲੇ ਸੰਬੰਧਾਂ/ਵਿਰੋਧਾਂ ਨੂੰ ਪਹਿਚਾਣਦਾ ਹੈ
    ਡਾ. ਵਿਨੋਦ ਦੇ ਇਸ ਗਲਪ-ਅਧਿਐਨ ਦਾ ਸਮੁੱਚਾ ਆਧਾਰ ਉਸ ਦਾ ਸੰਤੁਲਿਤ ਬਾਹਰਮੁੱਖੀ ਗਲਪ-ਸ਼ਾਸਤਰ ਹੀ ਬਣਦਾ ਹੈ, ਜਿਸ ਨੂੰ ਉਸ ਅਪਣਾਉਣ ਤੇ ਉਸਾਰਨ ਦਾ ਦੋਹਰਾ ਕਾਰਜ ਕਰਦਾ ਹੈ ਡਾ. ਵਿਨੋਦ ਦੇ ਇਸ ਬਾਹਰਮੁੱਖੀ ਗਲਪੀ-ਮਾਡਲ ਦੇ ਮੁਕਾਬਲੇ ਡਾ. ਰਾਹੀ ਦੇ ਅੰਤਰ-ਅਨੁਸ਼ਾਸਨੀ ਗਲਪੀ-ਮਾਡਲ ਦਾ ਵੀ ਵਿਸ਼ੇਸ਼ ਸਥਾਨ ਹੈ ਇਸ ਅਧੀਨ ਡਾ. ਰਾਹੀ ਆਪਣੀ ਅੰਤਰ-ਅਨੁਸ਼ਾਸਨੀ ਵਿਧੀ ਦੁਆਰਾ ਗਲਪੀ-ਸਿਰਜਨਾ ਵਿਚਲੀ ਬਣਤਰ ਤੇ ਬੁਣਤਰ ਅਧੀਨ ਕਾਰਜਸ਼ੀਲ ਰਚਨਾਤਮਿਕ ਨੇਮਾਂ ਨੂੰ ਪਹਿਚਾਣਦਾ ਹੈ ਅਤੇ ਆਪਣੀ ਵਿਸ਼ੇਸ਼ ਰਚਨਾਤਮਿਕ ਸ਼ੈਲੀ ਰਾਹੀਂ ਪੰਜਾਬੀ ਗਲਪ-ਸ਼ਾਸਤਰ ਨੂੰ ਸਿਸਟਿਮਕ ਢਾਂਚੇ 'ਤੇ ਉਸਾਰ ਦਾ ਯਤਨ ਕਰਦਾ ਹੈ ਇਸ ਨਾਲ ਡਾ. ਵਿਨੋਦ ਤੇ ਡਾ. ਰਾਹੀ ਦੇ ਗਲਪੀ-ਸਿਧਾਂਤਾਂ ਵਿਚਕਾਰ ਵਿਰੋਧ ਦੀ ਬਜਾਇ ਕੇਵਲ ਅੰਤਰ ਹੀ ਸਪੱਸ਼ਟ ਹੁੰਦਾ ਹੈ ਇਸ ਕਾਰਨ ਭਵਿੱਖ ਲਈ ਇਹ ਤਵੱਕੋ ਕੀਤੀ ਜਾ ਸਕਦੀ ਹੈ ਕਿ ਇਹ ਦੋਨ੍ਹਾਂ ਪੰਜਾਬੀ ਗਲਪ-ਆਲੋਚਕਾਂ ਦੇ ਗਲਪੀ-ਮਾਡਲਾਂ ਦਾ ਸੁਮੇਲ ਹੀ ਪੰਜਾਬੀ ਦੇ ਭਵਿੱਖਮੁੱਖੀ ਸੰਤੁਲਿਤ, ਸਪੱਸ਼ਟ ਤੇ ਸੂਖਮ ਗਲਪ-ਸ਼ਾਸਤਰ ਦਾ ਆਧਾਰ ਬਣੇ ਇਸ ਲਈ ਜ਼ਰੂਰਤ ਡਾ. ਵਿਨੋਦ ਤੇ ਡਾ. ਰਾਹੀ ਦੇ ਚਿੰਤਨ ਨੂੰ ਖੁੱਲ੍ਹੇ ਅੰਤ ਵਾਲੀ (open ended) ਆਲੋਚਨਾ-ਦ੍ਰਿਸ਼ਟੀ ਦੁਆਰਾ ਤਰਤੀਬਬੱਧ ਤੇ ਸੰਗਠਿਤ ਰੂਪ ਵਿਚ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਨ ਦੀ ਹੈ

ਸਹਾਇਕ ਪੁਸਤਕ ਸੂਚੀ
ਟੀ. ਆਰ. ਵਿਨੋਦ, ਪੰਜ ਨਾਵਲ : ਇਕ ਮੁਲਾਂਕਣ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1984
ਉਹੀ, ਪੰਜਾਬੀ ਨਾਵਲ ਅਧਿਐਨ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1988
ਉਹੀ, ਪੰਜਾਬੀ ਕਹਾਣੀ ਅਧਿਐਨ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ,1989
ਉਹੀ, ਆਓ ਨਾਵਲ ਪੜ੍ਹੀਏ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 1999
ਉਹੀ, ਪੰਜਾਬੀ ਆਲੋਚਨਾ ਸ਼ਾਸਤਰ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2007

No comments:

Post a Comment

‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...