ਅਨੁਵਾਦ (Translate)

Friday 7 August 2020

ਟੈਰੀ ਈਗਲਟਨ: ਉੱਤਰ-ਆਧੁਨਿਕਤਾਵਾਦੀ ਕਿਥੋਂ ਆਉਂਦੇ ਹਨ? (Where Postpodermist Come from by Terry Eagleton)

https://www.researchgate.net/publication/343501888_utara-adhunikatavadi_kithom_a'unde_hana_Where_Postpodermist_Come_From

https://www.academia.edu/43802821/%E0%A8%89%E0%A9%B1%E0%A8%A4%E0%A8%B0_%E0%A8%86%E0%A8%A7%E0%A9%81%E0%A8%A8%E0%A8%BF%E0%A8%95%E0%A8%A4%E0%A8%BE%E0%A8%B5%E0%A8%BE%E0%A8%A6%E0%A9%80_%E0%A8%95%E0%A8%BF%E0%A8%A5%E0%A9%8B%E0%A8%82_%E0%A8%86%E0%A8%89%E0%A8%82%E0%A8%A6%E0%A9%87_%E0%A8%B9%E0%A8%A8_Where_Postpodermist_Come_from_by_Terry_Eagleton

ਅਨੁ. ਡਾ. ਹਰਜੀਤ ਸਿੰਘ

 ਅਤੇ ਪ੍ਰੋ. ਸਿਮਰਤ ਕਾਹਲੋਂ


ਸਾਂਰੰਸ਼: ਉੱਤਰ-ਆਧੁਨਿਕਤਾਵਾਦ ਦਾ ਇੱਕ ਵਿਆਪਕ ਮੁਲਾਂਕਣ ਅਤੇ ਸੱਭਿਆਚਾਰ 'ਤੇ ਇਸਦੇ ਪ੍ਰਭਾਵ ਨੂੰ ਪੇਸ਼ ਕੀਤਾ ਹੈ। ਉੱਤਰ-ਆਧੁਨਿਕਤਾਵਾਦ ਨੂੰ ਕਮਿਊਨਿਜ਼ਮ ਦੀ ਹਾਰ ਦੀ ਪ੍ਰਤੀਕ੍ਰਿਆ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ ਹੈ: ਇਹ ਪੂੰਜੀਵਾਦ ਦੀ "ਸਫ਼ਲਤਾ" ਪ੍ਰਤੀ ਹੁੰਗਾਰਾ ਹੈ

ਇੱਕ ਅਜਿਹੇ ਕ੍ਰਾਂਤੀਕਾਰੀ ਅੰਦੋਲਨ ਦੀ ਕਲਪਨਾ ਕਰੋ, ਜਿਸ ਨੂੰ ਇੱਕ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ। ਅਸਲ ਵਿਚ, ਇਹ ਹਾਰ ਇੰਨੀ ਕਰਾਰੀ ਹੋਵੇ ਕਿ ਜਿਸ ਨਾਲ ਇਸ ਕ੍ਰਾਂਤੀਕਾਰੀ ਅੰਦੋਲਨ ਦੀ ਜ਼ਿੰਦਗੀ ਭਰ ਮੁੜਕੇ ਖੜ੍ਹੇ ਹੋਣ ਦੀ ਸੰਭਾਵਨਾ ਹੀ ਖਤਮ ਹੋ ਗਈ ਹੋਵੇ। ਸਮਾਂ ਬੀਤਣ ਦੇ ਨਾਲ ਇਸ ਅੰਦੋਲਨ ਦੀਆਂ ਧਾਰਨਾਵਾਂ ਝੂਠੀਆਂ ਤੇ ਬੇਅਸਰ ਘੱਟ, ਪਰ ਅਪ੍ਰਸੰਗਿਕ ਵਧੇਰੇ ਲੱਗਣ ਲੱਗ ਜਾਣ। ਇਸ ਦੇ ਵਿਰੋਧੀ ਇਸ ਅੰਦੋਲਨ ਦੀਆਂ ਧਰਾਨਾਵਾਂ/ਸਿਧਾਂਤਾਂ ਦਾ ਖੰਡਨ ਕਰਨ ਨੂੰ ਘੱਟ ਜ਼ਰੂਰੀ ਸਮਝਣ ਦੀ ਬਜਾਇ ਉਸ ਦਾ ਅਧਿਐਨ ਪੁਰਾਤੱਤਵਾਦੀ ਨਜ਼ਰੀਏ ਨਾਲ ਕਰਨ ਜਿਵੇਂ ਕਿਸੇ ਨੇ ਸ਼ਾਇਦ ਟਾਮੇਸੀ ਦੇ ਬ੍ਰਹਿਮੰਡ ਵਿਗਿਆਨ ਜਾਂ ਥੌਮਸ ਕਿਵਨ ਦੇ ਵਿਦਵਤਾਵਾਦ ਉੱਤੇ ਵਿਚਾਰ ਕਰਨ ਹੋਵੇ ਇਥੇ ਇਹ ਵੀ ਸੰਭਵ ਹੈ ਕਿ ਕ੍ਰਾਂਤੀਕਾਰੀ ਆਪਣੇ-ਆਪ ਵਿਚ ਘੱਟ ਘਬਰਾਉਣ ਜਾਂ ਆਪਣੇ-ਆਪ ਵਿਚ ਘੱਟ ਤਰਕਹੀਣ ਮਹਿਸੂਸ ਕਰਨ ਦੀ ਬਜਾਇ ਇਹ ਮਹਿਸੂਸ ਕਰਨ ਕਿ ਉਹ ਜੋ ਭਾਸ਼ਾ ਬੋਲ ਰਹੇ ਹਨ, ਉਹ ਆਪਣੇ ਯੁੱਗ ਨਾਲ ਮੇਲ ਨਹੀਂ ਖਾਂਦੀ, ਜਿਵੇਂ ਪਲੈਟੋਵਾਦ ਜਾਂ ਦਰਬਾਰੀ-ਪਿਆਰ (courtly love) ਦੀ ਭਾਸ਼ਾ, ਜਿਸ ਬਾਰੇ ਵਰਤਮਾਨ ਸਮੇਂ ਵਿਚ ਕੋਈ ਇਹ ਪੁੱਛਣ ਦੀ ਲੋੜ ਮਹਿਸੂਸ ਨਹੀਂ ਕਰਦਾ ਕਿ ਇਹ ਭਾਸ਼ਾ ਠੀਕ ਸੀ ਜਾਂ ਗਲਤ। (ਹੁਣ ਸੋਚਣ ਵਾਲੀ ਗੱਲ ਹੈ ਕਿ) ਇਸ ਤਰ੍ਹਾਂ ਦੇ ਕਠੋਰ ਹਾਲਤਾਂ ਵਿੱਚ ਖੱਬੇ-ਪੱਖੀਆਂ ਦੀ ਸੰਭਾਵਿਤ ਪ੍ਰਤੀਕਿਰਿਆ ਕੀ ਹੋਵੇਗੀ?

(ਅਜਿਹੇ ਹਲਾਤਾਂ ਵਿਚ) ਬਿਨ੍ਹਾਂ ਸ਼ੱਕ ਬਹੁਤ ਸਾਰੇ ਖੱਬੇ-ਪੱਖੀ ਆਪਣੇ ਪਹਿਲਾਂ ਦੇ ਵਿਚਾਰਾਂ ਨੂੰ ਬੱਚਕਾਨੇ ਆਦਰਸ਼ਵਾਦ ਦਾ ਰੂਪ ਮੰਨਦੇ ਹੋਏ ਪਛਤਾਉਣਗੇ ਤੇ ਸਨਕੀ ਜਾਂ ਇਮਾਨਦਾਰੀ ਭਾਵ ਨਾਲ ਸੱਜੇ-ਪੱਖ ਵੱਲ ਮੁੜ ਜਾਣਗੇ। ਕਈ ਆਦਤਨ, ਚਿੰਤਾਜਨਕ ਜਾਂ ਉਦਰੇਵੇਂ ਕਰਕੇ ਆਪਣੀ ਕਾਲਪਨਿਕ ਪਛਾਣ ਦੇ ਨਾਲ ਚਿੰਬੜੇ ਰਹਿਣਗੇ ਅਤੇ ਪਾਗਲਪਨ ਦੇ ਖਤਰੇ ਮੁੱਲ ਲੈਣਗੇ ਇਸ ਦੌਰਾਨ ਕੁਝ ਛੋਟੇ ਖੱਬੇ-ਪੱਖੀ (ਸਮੂਹ) ਅਤਿ-ਆਸਾਵਾਦ ਦੇ ਲੱੜ ਲੱਗਦੇ ਹੋਏ, ਜਿੱਥੇ ਥੋੜੀ ਜਿਹੀ ਵੀ ਹਿੰਸਾ ਦੀ ਚਿੰਗਾਰੀ ਮਿਲੇਗੀ ਉੱਥੇ ਕ੍ਰਾਂਤੀ ਦੀ ਸ਼ੁਰੂਆਤ ਨੂੰ ਲੱਭਣਗੇ ਕਈ ਹੋਰਨਾਂ ਵਿਚ (ਵੀ) ਕ੍ਰਾਂਤੀਕਾਰੀ ਆਵੇਗ ਤਾਂ ਰਹੇਗਾ, ਪਰ ਉਹ ਕਿਸੇ ਹੋਰ ਪਾਸੇ ਪ੍ਰਵਾਸ ਕਰਨ ਲਈ ਮਜਬੂਰ ਹੋ ਜਾਣਗੇ। ਇਹ ਵੀ ਸੋਚਿਆ ਜਾ ਸਕਦਾ ਹੈ ਕਿ ਇਸ ਸਮੇਂ ਦੀ ਸੱਤਾਧਾਰੀ ਧਾਰਨਾ ਇਹ ਹੋਵੇਗੀ ਕਿ ਇਹ ਸਿਸਟਮ ਵਰਤਮਾਨ ਸਮੇਂ ਵਿਚ ਅਜਿੱਤ ਹੈ ਅਤੇ ਖੱਬੇ-ਪਾਸੇ ਦੀਆਂ ਬਹੁਤ ਸਾਰੀਆਂ ਧਾਰਨਾਵਾਂ ਇਸ ਨਿਰਾਸ਼ ਪੂਰਵ-ਕਲਪਨਾ ਵਿਚੋਂ ਹੀ ਪ੍ਰਵਾਹਿਤ ਹੋਈਆ ਹੋਣਗੀਆਂ ਉਦਾਹਰਨ ਲਈ ਇਥੇ ਕੋਈ ਇਹ ਉਮੀਦ ਵੀ ਹੋ ਸਕਦੀ ਹੈ ਕਿ ਸਿਸਟਮ ਦੇ ਉਸ ਹਾਸ਼ੀਏ ਤੇ ਤਰੇੜਾਂ ਵਿਚ ਦਿਲਚਸਪੀ ਵਧੇਰੇ ਪੈਦਾ ਹੋ ਜਾਏਗੀ, ਜਿਥੇ ਅਸਪੱਸ਼ਟ ਤੇ ਅਨਿਸ਼ਚਿਤ ਥਾਵਾਂ ਉੱਤੇ ਸਿਸਟਮ ਦੀ ਪਕੜ ਘੱਟ ਸੁਰੱਖਿਅਤ (ਜਾਂ ਮਜ਼ਬੂਤ) ਹੋਵੇਗੀ ਜੇਕਰ ਸਿਸਟਮ ਵਿਚ ਸੇਂਧ ਨਹੀਂ ਲਗਾਈ ਜਾ ਸਕਦੀ ਤਾਂ ਉਹ ਘੱਟੋ-ਘੱਟ ਉਨ੍ਹਾਂ ਸ਼ਕਤੀਆਂ ਨੂੰ (ਤਾਂ) ਤਲਾਸ਼ਿਆ ਜਾ ਸਕਦਾ ਹੈ, ਜੋ ਜਲਦੀ ਹੀ ਸਿਸਟਮ ਨੂੰ ਉਲੰਘ/ਪਛਾੜ ਸਕਣ ਜਾਂ ਸਿਸਟਮ ਤੋਂ ਪਾਰ ਜਾ ਸਕਣ ਅਜਿਹਾ ਹੋਵੇਗਾ ਤਾਂ ਕੋਈ (ਇਹ) ਅੰਦਾਜ਼ਾ ਲਗਾ ਸਕਦਾ ਹੈ ਕਿ ਇਸ ਸਥਿਤੀ ਵਿਚ ਹਾਸ਼ੀਆਗਤ ਸਮੂਹ ਦੀ ਸਲਾਘਾ/ਅਹਿਮੀਅਤ ਵੱਧ ਹੋਵੇਗੀ। ਪਰ ਇਹ ਅਸਲ ਵਿਚ ਇਕ ਮਜ਼ਬੂਰੀ ਹੋਵੇਗੀ ਕਿਉਂਕਿ ਖੱਬੇ-ਪਾਸਾ ਖੁਦ ਹੀ ਮੁੱਖਧਾਰਾ ਵਿੱਚੋਂ ਬੇਇਜੱਤ ਢੰਗ ਨਾਲ ਵਿਸਥਾਪਤ ਹੋ ਗਿਆ ਹੋਵੇਗਾ ਅਤੇ ਸ਼ਾਇਦ ਕੁਦਰਤੀ ਰੂਪ ਵਿਚ ਮੁੱਖਧਾਰਾ ਦੀਆਂ ਗੱਲਾਂ ਨੂੰ ਸ਼ੱਕ ਦੀ ਨਿਗਾਹਾ ਨਾਲ ਦੇਖੇਗਾਇਸ ਅਧੀਨ ਸਰਲ ਰੂਪ ਵਿਚ ਹਾਸ਼ੀਅਗਤ ਸਮੂਹ ਦੀ ਇਹ ਧਾਰਨਾ ਵੀ ਆ ਜਾਵੇਗੀ ਕਿ ਘੱਟ ਗਿਣਤੀ ਸਕਾਰਾਤਮਕ ਸਨ ਅਤੇ ਬਹੁ-ਗਿਣਤੀ ਜ਼ਬਰੀ ਢੰਗ ਨਾਲ ਦਮਨਕਾਰੀ ਫ਼ਾਸੀਵਾਦੀ ਸਮੂਹਾਂ, ਅੱਲਟਰ ਯੂਨੀਅਨਾਂ (Ulster Unionists) ਜਾਂ ਅੰਤਰਰਾਸ਼ਟਰੀ ਬੁਰਜੂਆਜੀ ਜਿਹੇ ਘੱਟ ਗਿਣਤੀ (ਵਾਲੇ ਸਮੂਹ) ਇਸ ਤਸਵੀਰ ਵਿਚ ਕਿਸ ਤਰ੍ਹਾਂ ਸਹੀ ਬੈਠੇਗੇ, ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਵੇਗਾ ਨਾ ਹੀ ਇਹ ਸਪੱਸ਼ਟ ਹੋਵੇਗਾ ਕਿ ਅਜਿਹੀ ਸਥਿਤੀ ਵਿਚ ਏ.ਐੱਨ.ਸੀ. (A.N.C., African National Congress) ਜਿਹੇ ਪੂਰਵ ਸੀਮਾਵਰਤੀ ਅੰਦੋਲਨ, ਜੋ ਹਾਸ਼ੀਅਗਤ ਹੋਣ ਦੇ ਬਾਵਜੂਦ (ਆਪਣੀ) ਸਥਾਪਤੀ ਤੋਂ ਬਾਅਦ ਕਿਸ ਤਰ੍ਹਾਂ ਦਮਨਕਾਰੀ ਹੋ ਗਿਆ। ਇਸ ਤਰ੍ਹਾਂ ਦੀ ਸੋਚ ਦਾ ਇਤਿਹਾਸਕ ਆਧਾਰ ਇਹ ਤੱਥ ਹੋਵੇਗਾ ਕਿ ਰਾਜਨੀਤਕ ਅੰਦੋਲਨ, ਜੋ ਇਕੋਂ ਸਮੇਂ ਜਨਤਕ, ਕੇਂਦਰੀ ਅਤੇ ਸਿਰਜਣਾਤਮਿਕ (ਕ੍ਰਾਂਤੀਕਾਰੀ) ਸਨ, ਹੁਣ ਕਾਰਜਸ਼ੀਲ ਨਹੀਂ ਰਹੇ ਦਰਅਸਲ ਇਕ ਅੰਦੋਲਨ ਦਾ ਵਿਚਾਰ, ਜਿਹੜਾ ਇਕੋਂ ਸਮੇਂ ਕੇਂਦਰੀ ਅਤੇ ਸਿਰਜਨਾਤਿਮਕ (ਕ੍ਰਾਂਤੀਕਾਰੀ) ਹੋਵੇਗਾ, ਹੁਣ ਵਿਰੋਧਾਭਾਸੀ ਪ੍ਰਤੀਤ ਹੋਵੇਗਾ ਇਸ ਲਈ ਵਿਆਪਕ, ਪ੍ਰਭਾਵਸ਼ਾਲੀ ਅਤੇ ਸਹਿਮਤੀ ਨੂੰ ਰਾਕਸ਼ੀ ਰੂਪ ਦੇਣ ਅਤੇ ਜੋ ਉਸ ਤੋਂ ਵੱਖਰਾ ਹੈ, ਉਸ ਨੂੰ ਰੋਮਾਂਚਕ ਰੰਗ ਦੇਣਾ ਕੁਦਰਤੀ ਪ੍ਰਤੀਤ ਹੋਵੇਗਾ ਇਹ ਸਭ ਤੋਂ ਵਧੇਰੇ ਉਨ੍ਹਾਂ ਵਿਰੋਧੀ ਨੌਜਵਾਨਾਂ ਦਾ ਰਵੱਈਆ ਹੋਵੇਗਾ, ਜਿਨ੍ਹਾਂ ਕੋਲ ਸਿਆਸੀ ਨਜ਼ਰੀਏ ਤੋਂ ਯਾਦ ਰੱਖਣ ਲਈ ਬਹੁਤ ਕੁਝ ਨਹੀਂ ਸੀ ਅਤੇ ਨਾ ਹੀ ਜਿਨ੍ਹਾਂ ਕੋਲ ਕੋਈ ਜਨਤਕ ਰੈਡੀਕਲ ਰਾਜਨੀਤੀ ਦਾ ਕੋਈ ਵਿਹਾਰਕ ਅਨੁਭਵ ਸੀ, ਪਰੰਤੂ ਉਨ੍ਹਾਂ ਨੇ ਦਮਨਕਾਰੀ ਬਹੁਲਤਾ ਨੂੰ ਅਨੁਭਵ ਕੀਤਾ ਹੋਵੇਗਾ

(ਪਰ) ਜੇ ਸਿਸਟਮ ਨੇ ਅਸਲ ਵਿਚ ਆਪਣੇ ਸਾਰੇ ਵਿਰੋਧਾਂ ਨੂੰ ਰੱਦ ਕਰ ਦਿੱਤਾ ਪ੍ਰਤੀਤ ਹੁੰਦਾ ਤਾਂ ਇਸ ਸਾਧਾਰਣ ਅਰਾਜਕਤਾਵਾਦੀ ਵਿਸ਼ਵਾਸ ਨੂੰ ਬਣਾ ਲੈਣਾ ਮੁਸ਼ਕਲ ਨਹੀਂ ਹੋਵੇਗਾ ਕਿ ਸਿਸਟਮ ਅਤਿਆਚਾਰੀ ਹੈ ਇਥੇ ਆਲੇ-ਦੁਆਲੇ ਕਿਸੇ (ਵਿਕੰਲਪਤ) ਦਿਲਕਸ਼ ਰਾਜਨੀਤਿਕ ਸਿਸਟਮ ਦੀ ਕੋਈ ਉਦਾਹਰਨ ਨਾ ਹੋਣ ਕਰਕੇ, ਇਹ ਦਾਅਵਾ ਸਪੱਸ਼ਟ ਰੂਪ ਵਿਚ ਤਰਕਸੰਗਤ ਪ੍ਰਤੀਤ ਹੋਵੇਗਾ (ਇਥੇ) ਇਕੋ ਇਕ ਵਾਸਤਵਿਕ ਆਲੋਚਨਾ ਸਿੱਧੇ ਤੌਰ 'ਤੇ ਸਿਸਟਮ ਦੇ ਬਾਹਰੋਂ ਉਭਰਨ ਦੀ ਸੰਭਾਵਨਾ ਹੋਵੇਗੀ ਅਤੇ ਇਸ ਲਈ ਅਜਿਹੇ ਸਮੇਂ ਅਧੀਨ "ਪਰ" ਦੀ ਅਰਾਧਨਾ ਕਰਨੀ ਵੀ ਸੁਭਾਵਿਕ ਹੋਵੇਗੀ (ਅਸਲ ਵਿਚ ਇਸ ਸਮੇਂ) ਕਿਸੇ ਵੀ ਅਜਿਹੀ ਚੀਜ਼ ਵਿਚ ਬਹੁਤ ਦਿਲਚਸਪੀ ਹੋਵੇਗੀ ਜੋ ਬਾਹਰੀ, ਵਿਅਰਥ, ਵਿਲੱਖਣ, ਸੰਗਠਿਤ ਨਹੀਂ ਹੋਣ ਵਾਲੀ (ਹੋਵੇਗੀ), ਚਾਹੇ ਉਹ ਆਰਡਰਵਰਾਂ (Aardvarks) ਵਰਗਾ ਅਜ਼ੀਬ ਜਾਨਵਰ ਹੋਵੇ ਜਾਂ ਅਲਫਾਸੈਂਚਰੀ (Alpha Centauri) ਵਰਗਾ ਵਿਲੱਖਣ ਤਾਰਾ। ਇਸ ਨਾਲ ਸਾਨੂੰ ਸਿਸਟਮ ਦੇ ਤਰਕ ਤੋਂ ਇਲਾਵਾ ਕੁਝ ਹੋਰ ਦੀ ਦਿਲਕਸ਼ ਝਲਕ ਮਿਲਣ ਦੀ ਸੰਭਾਵਨਾ (ਵੀ) ਹੋਵੇਗੀ ਪਰੰਤੂ ਇਹ ਰੋਮਾਂਟਿਕ ਅਤਿ-ਖੱਬੇਪੱਖੀ ਵਿਚਾਰ ਟੁੱਟਣਯੋਗ ਨਿਰਾਸ਼ਾਵਾਦ ਦੇ ਨਾਲ ਬਰਕਰਾਰ ਹੋਵੇਗਾ, ਕਿਉਂਕਿ ਤੱਥ ਇਹ ਹੈ ਕਿ ਜੇਕਰ ਸਿਸਟਮ ਸਰਬੱਤ ਸ਼ਕਤੀਸ਼ਾਲੀ ਹੈ ਤਾਂ ਇਸ ਪਰਿਭਾਸ਼ਾ ਅਨੁਸਾਰ ਸਿਸਟਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ, ਜਿਵੇਂ ਬ੍ਰਹਿਮੰਡ ਦੀ ਅਨੰਤਤਾ ਤੋਂ ਬਾਹਰ ਕੁਝ ਹੋਰ (ਹੋਣਾ ਸੰਭਵ) ਨਹੀਂ ਹੈ (ਪਰ ਫਿਰ ਵੀ) ਜੇਕਰ ਸਿਸਟਮ ਤੋਂ ਬਾਹਰ ਕੋਈ ਚੀਜ਼ ਹੋਵੇਗੀ ਵੀ ਤਾਂ ਉਹ ਪੂਰੀ ਤਰ੍ਹਾਂ ਅਣਪਛਾਤੀ ਹੋਵੇਗੀ, ਜੋ ਸਾਨੂੰ ਬਚਾਉਣ ਵਿੱਚ ਅਸਮਰੱਥ ਹੋਵੇਗੀ ਪਰ ਜੇ ਅਸੀਂ ਇਸ ਨੂੰ ਸਿਸਟਮ ਦੀ ਸੀਮਾ ਵਿਚ ਲਿਆਉਣ ਕੀ ਕੋਸ਼ਿਸ਼ ਕਰੀਏ, ਤਾਂ ਜੋ ਉਹ ਸਿਸਟਮ ਵਿਚ ਕੋਈ ਅਸਰਦਾਰ ਥਾਂ ਬਣਾ ਸਕੇ, ਤਾਂ ਇਸ ਸਥਿਤੀ ਵਿਚ ਸੀਮਾ ਵਿਚ ਆਉਂਦੇ ਸਮੇਂ ਇਸ (ਸਿਸਮਟ ਤੋਂ ਬਾਹਰੀ ਚੀਜ਼) ਦਾ ਪਰਵਾਲਾ ਸੁਭਾਅ ਤਰੁੰਤ ਰੂਪਮਾਨ ਹੋ ਜਾਵੇਗਾ, ਜਿਸ ਨਾਲ ਇਸਦੀ ਤਰਤੀਬਰਤਾ ਖਤਮ ਹੋ ਜਾਵੇਗੀ ਅਤੇ ਇਹ ਸਿਸਟਮ ਦਾ ਕੁਝ ਹੋਰ ਨਹੀਂ ਵਿਗਾੜ ਸਕੇਗੀ ਦਰਾਸਲ ਸਿਧਾਂਤ ਰੂਪ ਵਿਚ ਜੋ ਸਿਸਟਮ ਨੂੰ ਨਕਾਰ ਸਕਦਾ ਹੈ, ਉਹ ਵਿਹਾਰ ਪੱਧਰ 'ਤੇ ਤਰਾਕਿਕ ਰੂਪ ਵਿਚ ਅਜਿਹਾ ਕਰਨ ਦੇ ਸਮਰੱਥ ਨਹੀਂ ਹੋ ਸਕੇਗਾ, ਕਿਉਂਕਿ ਅਸੀਂ ਜੋ ਕੁਝ ਵੀ ਸਮਝ ਸਕਦੇ ਹਾਂ ਉਹ ਪਰਿਭਾਸ਼ਾ ਅਨੁਸਾਰ ਰੈਡੀਕਲ ਨਹੀਂ ਹੋ ਸਕਦਾ ਹੈ ਕਿਉਂਜੋ ਇਹ ਆਪਣੇ-ਆਪ ਹੀ ਸਿਸਟਮ ਦੇ ਅੰਦਰ/ਅੰਗ ਹੋਵੇਗਾ ਪਰ ਜੋ ਕੁਝ ਸਿਸਟਮ ਤੋਂ ਬਚਕੇ ਬਾਹਰ ਸੁਣਿਆ ਜਾਵੇਗਾ, ਉਹ ਸਿਰਫ ਰਹੱਸਮਈ ਬੁੜ-ਬੁੜ (mysterious murmur) ਤੋਂ ਬਿਨਾਂ ਹੋ ਕੁਝ ਨਹੀਂ ਹੋਵੇਗਾ

ਅਜਿਹੀ ਸੋਚ ਨੇ ਕਿਸੇ ਅਜਿਹੇ ਸਿਸਟਮ ਦੀ ਪੂਰੀ ਧਾਰਨਾ ਨੂੰ ਹੀ ਤਿਆਗ ਦਿੱਤਾ ਹੈ ਜੋ ਅੰਤਰਿਕ ਰੂਪ ਵਿਚ ਵਿਰੋਧਾਭਾਸੀ ਹੈ (ਅਤੇ) ਜਿਸ ਨੇ ਆਪਣੇ ਦਿਲ (ਕੇਂਦਰ) ਵਿਚ ਉਹ ਸਥਾਪਤ ਕਰ ਲਿਆ ਹੈ ਜੋ ਸੰਭਾਵਿਤ ਰੂਪ ਵਿਚ ਇਸ ਦਾ ਵਿਨਾਸ਼ ਕਰ ਸਕਦਾ ਹੈ ਇਹ (ਇਸ) ਸਿਸਟਮ ਦੇ ਅੰਦਰ ਤੇ ਬਾਹਰ ਦੇ ਦੋ ਸਖ਼ਤ ਵਿਰੋਧੀ ਵਿਕਲਪਾਂ ਦੇ ਰੂਪ ਵਿਚ ਮੌਜੂਦ ਹੈ ਇੱਥੇ ਸਿਸਟਮ ਦੇ ਅੰਦਰ ਹੋਣ ਦਾ ਮੱਤਲਬ ਅਪਰਾਧ ਵਿਚ ਸਹਿਯੋਗੀ ਹੋਣਾ ਅਤੇ ਬਾਹਰ ਹੋਣ ਦਾ ਮੱਤਲਬ ਨਪੁੰਸਕ ਹੋ ਜਾਣਾ ਹੈ ਇਸ ਯੁੱਗ ਦੀ ਇਸ ਖਾਸ ਵਿਚਾਰਕ ਸ਼ੈਲੀ ਨੂੰ ਅਜ਼ਾਦੀ-ਪਸੰਦ ਨਿਰਾਸ਼ਾਵਾਦ ਵਜੋਂ ਵੇਖਿਆ ਜਾ ਸਕਦਾ ਹੈ ਅਜ਼ਾਦੀ-ਪਸੰਦ ਇਸ ਲਈ ਕਿਉਂਕਿ ਇਹਨੇ ਸਾਡੇ ਕੋਲ ਜੋ ਹੈ, ਉਸ ਤੋਂ ਬਿਲਕੁੱਲ ਵੱਖਰੀ ਕਿਸੇ ਚੀਜ ਦਾ ਸੁਪਨਾ ਦੇਖਣਾ ਨਹੀਂ ਛੱਡਿਆ ਹੋਵੇਗਾ ਅਤੇ ਨਿਰਾਸ਼ਾਵਾਦੀ ਇਸ ਲਈ ਕਿਉਂਕਿ ਕਨੂੰਨ ਅਤੇ ਸੱਤੇ ਦੇ ਸਰਵਸ਼ਕਤੀਮਾਨ ਹੋਣ ਦੇ ਪ੍ਰਤੀ ਮਨੁੱਖ ਇੰਨਾ ਜਿਆਦਾ ਸਹਿਜ ਹੋਵੇਗਾ ਕਿ ਉਹ ਸ਼ਾਇਦ ਸੋਚਦਾ ਹੋਵੇਗਾ ਕਿ ਉਸਦਾ ਸੁਪਨਾ ਸ਼ਾਇਦ ਹੀ ਕਦੇ ਪੂਰਾ ਹੋਵੇ ਜੇਕਰ ਕੋਈ ਅਜੇ ਵੀ ਬਿਨਾ ਕਿਸੇ ਕਰਤੇ/ਮਨੁੱਖ ਦੀ ਭੂਮਿਕਾ ਤੋਂ ਉਲਟ-ਫੇਰ ਵਿੱਚ ਵਿਸ਼ਵਾਸ ਕਰਦਾ ਹੈ, ਤਾਂ ਇਹ ਕਲਪਨਾ ਕਰਨਾ ਸੰਭਵ ਹੈ ਕਿ ਸਿਸਟਮ ਨੇ ਕਿਸੇ ਤਰੀਕੇ ਆਪਣੇ-ਆਪ ਨੂੰ ਖਤਮ ਕਰਕੇ ਆਪਣੇ ਤਰਕ ਨੂੰ ਵਿਸਥਾਪਿਤ ਕਰ ਲਿਆ ਹੈ, ਇਸ ਸੋਚ ਤੁਹਾਨੂੰ ਖਾਸ ਰੈਡੀਕਲਵਾਦ ਦੇ ਨਾਲ ਖਾਸ ਸੰਦੇਹਵਾਦ ਨੂੰ ਮਿਲਾਣ ਦੀ ਆਗਿਆ ਦੇਵੇਗੀ

ਜੇਕਰ ਸਿਸਟਮ ਸਰਬਸ਼ਕਤੀਮਾਨ ਰੱਬ ਵਾਂਗ ਹਰ ਜਗ੍ਹਾ ਹਾਜ਼ਰ ਹੈ ਅਤੇ ਕਿਸੇ ਵਿਸ਼ੇਸ਼ ਥਾਂ ਉੱਤੇ ਦ੍ਰਿਸ਼ਟੀਗੋਚਰ ਨਹੀਂ, ਇਸ ਲਈ ਵਿਰੋਧਾਭਾਸ਼ਕ ਰੂਪ ਵਿਚ ਇਹ ਵਿਸ਼ਵਾਸ ਕਰਨਾ ਸੰਭਵ ਹੋ ਸਕਦਾ ਹੈ ਕਿ ਸਿਸਟਮ ਹੈ ਹੀ ਨਹੀਂ ਸਿਸਟਮ ਬਹੁਤ ਹੀ ਗੁੰਝਲਦਾਰ ਹੈ, ਜਿਸ ਨੂੰ ਦਰਸਾਇਆ ਨਹੀਂ ਜਾ ਸਕਦਾ, ਇਹ ਦਾਅਵਾ ਕਰਨਾ ਵੀ ਇਸ ਧਾਰਨਾ ਤੋਂ ਥੋੜਾ ਹੀ ਅਲੱਗ ਹੈ ਕਿ ਸਿਸਟਮ ਮੌਜੂਦ ਹੀ ਨਹੀਂ ਹੈ ਜਿਸ ਸਮੇਂ ਦੀ ਅਸੀਂ ਕਲਪਨਾ ਕਰ ਰਹੇ ਹਾਂ ਉਸ ਵਿਚ ਕੁਝ ਲੋਕ ਵਾਸਤਵਿਕ ਸਮਾਜਿਕ ਸਮੁੱਚਤਾ ਦੀ ਤਾਨਾਸ਼ਾਹੀ ਖਿਲਾਫ ਰੌਲਾਂ ਪਾਉਂਦੇ ਦਿਖਾਈ ਦੇਣਗੇ, ਜਦਕਿ ਦੂਜੇ ਲੋਕ ਸਮੁੱਚਤਾ ਦੇ ਪੂਰੇ ਵਿਚਾਰ ਨੂੰ ਵਿਖੰਡਤ ਕਰਨ ਵਿੱਚ ਵਿਅਸਤ ਹੋਣਗੇ, ਜੋ ਇਹ ਦਾਅਵਾ ਕਰਨਗੇ ਕਿ ਸਮੁੱਚਤਾ ਕੇਵਲ ਸਾਡੇ ਦਿਮਾਗ ਵਿੱਚ ਹੀ ਹੈ ਉਪਰੋਕਤ ਵਿਚਾਰਾਂ ਨੂੰ ਸਿਧਾਂਤਕ ਤੌਰ ਤੇ ਇਕ ਹਰਜ਼ਾਨੇ ਵਜੋਂ ਵੇਖਿਆ ਜਾ ਸਕਦਾ ਹੈ, ਕਿਉਂਕਿ ਸਮਾਜਿਕ ਸਮੁੱਚਤਾ ਨੂੰ ਵਿਹਾਰਿਕ ਰੂਪ ਵਿਚ ਸਮਝਣਾ ਮੁਸ਼ਕਿਲ ਹੈ। ਜੇਕਰ (ਅਸੀਂ) ਕੋਈ ਵੱਡੇ ਪੱਧਰ ਤੇ ਰਾਜਨੀਤਿਕ ਕਾਰਜ ਨਹੀਂ ਕਰ ਸਕਦੇ ਅਤੇ ਕਥਿਤ (so-called) ਛੋਟੇ ਪੱਧਰ ਤੇ ਹੀ ਰਾਜਨੀਤਿਕ ਕਾਰਜ ਕਰਨ ਦੇ (ਸਮਰੱਥ) ਹੋਈਏ ਤਾਂ ਮਜ਼ਬੂਰੀ ਨੂੰ ਮਹਾਤਮਾ ਗਾਂਧੀ (necessity into a virtue) ਸਮਝਣ ਵਾਂਗ ਇਸ ਨੂੰ ਹੀ ਸੱਚਾ/ਚੰਗਾ ਮੰਨ ਲੈਂਦੇ ਹਾਂ ਅਤੇ ਆਪਣੇ-ਆਪ ਨੂੰ ਇਹ ਕਹਿਕੇ ਹੌਸ਼ਲਾ ਦਿੰਦੇ ਹਾਂ ਕਿ ਸਮਾਜਿਕ ਸਮੁੱਚਤਾ ਇਕ ਭਰਮ ਹੈ ("ਪਰਾਭੌਤਿਕ ਭਰਮ" ਤੁਹਾਡੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ ਅਤੇ ਤੁਸੀਂ ਪ੍ਰਭਾਵਸ਼ਾਲੀ ਹੁੰਦੇ ਹੋ)। ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਸਮੁੱਚਤਾ ਦੇ ਸੰਕਲਪ ਨੂੰ ਬਦਲਣ ਵਿਚ ਕੋਈ ਸਿਆਸੀ ਏਜੰਟ ਹੈ ਜਾਂ ਨਹੀਂ, ਕਿਉਂਕਿ ਸਮੁੱਚਤਾ ਵਰਗੀ ਚੀਜ਼ ਹੈ ਹੀ ਨਹੀਂ, ਜਿਸ ਨੂੰ ਬਦਲਿਆ ਜਾ ਸਕਦਾ ਹੋਵੇ। ਇਹ ਇਸ ਤਰ੍ਹਾਂ ਹੀ ਹੈ ਜਿਵੇਂ ਬਰੈਂਡ ਕੱਟਣ ਵਾਲੀ ਛੁਰੀ ਗੁਆਚਣ ਤੇ ਉਸ ਨੂੰ ਲੱਭਣ ਦੇ ਮੁਕਾਬਲੇ ਇਹ ਐਲਾਨ ਕਰ ਦਿੱਤਾ ਜਾਵੇ ਕਿ ਬਰੈਂਡ ਪਹਿਲਾ ਤੋਂ ਕੱਟੀ ਹੋਈ ਹੀ ਹੈ ਪਰ ਸਮੁੱਚਤਾ ਇਸ ਲਈ ਵੀ ਇਕ ਭੁਲੇਖਾ/ਭਰਮ ਲੱਗ ਸਕਦੀ ਹੈ ਕਿਉਂਕਿ ਕੋਈ ਐਸਾ ਪ੍ਰਤੱਖ ਰਾਜਨੀਤਕ ਏਜੰਟ ਨਹੀਂ ਹੋਵੇਗਾ, ਜਿਸ ਲਈ ਸਮਾਜ ਆਪਣੇ-ਆਪ ਨੂੰ ਸਮੁੱਚਤਾ ਵਿਚ ਪੇਸ਼ ਕਰ ਸਕੇ ਕਈ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਇਹ ਸਮਝ ਦੀ ਲੋੜ ਹੁੰਦੀ ਹੈ ਕਿ ਸਿਸਟਮ ਉਨ੍ਹਾਂ ਨੂੰ ਅਜ਼ਾਦੀ ਦੇਣ ਵਿਚ ਸਹਾਇਕ ਹੋਵੇਗਾ ਜਾਂ ਨਹੀਂ ਅਤੇ ਫਿਰ ਇਨ੍ਹਾਂ ਦੀ ਇਹ ਸਮਝ ਸਮੁੱਚੇ ਸਿਸਟਮ ਦੇ ਸਿਰਫ਼ ਇਕ ਤੁਸ਼ ਭਾਗ, ਜਿਹੜਾ ਉਨ੍ਹਾਂ ਨੂੰ ਪ੍ਰਭਾਵਿਤ ਕਰਦਾ ਹੈ, ਨੂੰ ਹੀ ਸਮਝਦੀ ਹੈ ਇਥੇ ਸਥਾਨਿਕ ਅਤੇ ਵਿਸ਼ਵੀ ਸਿਰਫ਼ ਵਿਰੋਧੀ ਜਾਂ ਸਿਧਾਂਤਿਕ ਵਿਕੰਲਪ ਨਹੀਂ ਹਨ, ਜਿਸ ਤਰ੍ਹਾਂ ਉਨ੍ਹਾਂ ਬੁੱਧੀਜੀਵੀਆਂ ਲਈ ਹੋ ਸਕਦੇ ਹਨ ਜੋ ਵੱਡਾ ਸੋਚਣ ਨੂੰ ਤਰਜ਼ੀਹ ਦਿੰਦੇ ਹਨ ਜਾਂ ਉਹ ਸੰਗਾਊ ਵਿਦਿਅਕ ਵਿਦਵਾਨ ਜੋ ਇਸਨੂੰ ਠੋਸ ਸੱਚ ਦੇ ਨਾਲ ਰਹਿਣਾ ਪਸੰਦ ਕਰਦੇ ਹਨ ਬਲਕਿ ਇਸ ਤੋਂ ਪਰ੍ਹੇ ਜਦੋਂ ਵੀ ਪਰੰਪਰਾਗਤ ਸਿਆਸੀ ਏਜੰਟ ਕੁਝ ਮੁਸ਼ਕਲ ਵਿਚ ਹੁੰਦੇ ਹਨ, ਤਾਂ ਨਾਲ ਹੀ ਸਮਾਜਿਕ ਸਮੁੱਚਤਾ ਦਾ ਸੰਕਲਪ ਵੀ ਮੁਸ਼ਕਲ ਵਿਚ ਹੁੰਦਾ ਹੈ, ਕਿਉਂਕਿ ਇਨ੍ਹਾਂ ਏਜੰਟਾਂ ਦੀ ਲੋੜ ਹੀ ਇਨ੍ਹਾਂ ਨੂੰ ਸ਼ਕਤੀ ਦਿੰਦੀ ਹੈ

ਇਸ ਗੁੰਝਲਦਾਰ ਸੰਪੂਰਨਤਾ ਨੂੰ ਸਮਝਣ ਲਈ ਕੁਝ ਸਖ਼ਤ ਵਿਸ਼ਲੇਸ਼ਣ ਦੀ ਜ਼ਰੂਰਤ ਹੈ, ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਅਜਿਹੇ ਹਿੰਮਤੀ ਸਿਧਾਂਤਕ ਵਿਚਾਰ ਫੈਸ਼ਨ ਤੋਂ ਬਾਹਰ ਹੋਣ ਅਤੇ ਜਿਸ ਪ੍ਰਕਾਰ ਦੇ ਯੁੱਗ ਦੀ ਅਸੀਂ ਕਲਪਨਾ ਕਰ ਰਹੇ ਹਾਂ ਉਸ ਵਿਚ (ਇਹ ਵਿਚਾਰ) ਲੈਗਿੰਕ, ਅਤਿ-ਵਿਗਿਆਨਿਕ ਜਾਂ ਇਹ ਹੈ ਕੀ? ਕਹਿਕੇ ਰੱਦ ਕਰ ਦਿੱਤਾ ਜਾਵੇ। ਜਦੋਂ ਤੁਹਾਨੂੰ ਕੋਈ ਖਾਸ ਫ਼ਰਕ ਨਹੀਂ ਪੈਂਦਾ ਕਿ ਜਿਸ ਸਥਿਤੀ ਵਿਚ ਤੁਸੀਂ ਹੋ ਉਸ ਵਿਚ ਤੁਹਾਡਾ ਸਟੈਂਡ ਕੀ ਹੈ ਤਾਂ ਤੁਸੀਂ ਅਸਧਾਰਨ, ਭਾਜਵਾਦੀ ਤੇ ਅਨਿਸ਼ਚਿਤ ਹੋ ਸਕਦੇ ਹੋ, ਜਿਵੇਂ ਕਿ ਜੇ ਤੁਸੀਂ ਈਥਾਕਾ ਜਾਂ ਇਰਵਿਨ ਵਿਚ ਪ੍ਰੋਫੈਸਰ ਹੋ ਤਾਂ ਤੁਹਾਡਾ ਉਥੇ ਕੀ ਸਟੈਂਡ ਹੈ ਅਜਿਹੇ ਹਾਲਤਾਂ ਵਿਚ ਸੰਭਵ ਹੈ ਕਿ ਤੁਸੀਂ ਅਦਰਸ਼ਵਾਦੀ ਬਣ ਜਾਉ, ਪਰ ਇਹ ਪੁਰਾਣੇ ਅਰਥਾਂ ਵਿਚ ਨਹੀਂ, ਸਗੋਂ ਕੁਝ ਨਵੇਂ ਅਰਥਾਂ ਵਿਚ। ਜਿਸ ਪ੍ਰਮੁੱਖ ਤਰੀਕੇ ਨਾਲ ਅਸੀਂ ਸੰਸਾਰ ਨੂੰ ਜਾਣਦੇ ਹਾਂ, ਨਿਰਸੰਦੇਹ ਉਹ ਅਭਿਆਸ ਹੈ। ਜੇ ਕਿਸੇ ਵੀ ਅਭਿਆਸ ਤੋਂ ਸਾਨੂੰ ਬਾਹਰ ਕੀਤਾ ਗਿਆ ਹੈ ਤਾਂ ਅਸੀਂ ਜਲਦੀ ਹੀ ਇਹ ਸੋਚਣ ਲੱਗ ਪਵਾਗੇ ਕਿ ਕੀ ਇੱਥੇ ਕੁਝ ਵਾਸਤਵਿਕ ਤੌਰ ਤੇ ਮੌਜੂਦ ਵੀ ਹੈ ਜਾਂ ਨਹੀਂ ਅਜਿਹੇ ਯੁੱਗ ਵਿਚ ਅਸੀਂ ਉਮੀਦ ਕਰਦੇ ਹਾਂ ਕਿ ਯਥਾਰਥ ਇਕ ਅਜਿਹੀ ਚੀਜ਼ ਹੈ, ਜੋ ਸਾਡਾ ਪ੍ਰਤੀਰੋਧ ਕਰਦੀ ਹੈ (ਜਿਵੇਂ ਫਰੈਡਰਿਕ ਜੇਮਸਨ ਨੇ ਕਿਹਾ ਹੈ ਕਿ ਇਤਿਹਾਸ ਉਹ ਹੈ ਜੋ ਸਾਨੂੰ ਦੁੱਖ ਦਿੰਦਾ ਹੈ) ਇਸ ਵਿਚਾਰ ਦਾ ਸਥਾਨ ਉਹ ਵਿਸ਼ਵਾਸ ਲੈ ਲਵੇਗਾ, ਜਿਸ ਅਨੁਸਾਰ ਸੰਸਾਰ ਉਹ ਹੈ ਜੋ ਬਣਾਇਆ ਗਿਆ ਹੈ। ਬਿਨਾਂ ਸ਼ੱਕ ਇਹ ਵਿਚਾਰ ਇਕ ਸ਼ੁੱਧ "ਸੱਭਿਆਚਾਰਵਾਦ" ਦੇ ਹੱਥਾਂ ਵਿਚ ਚਲਾਇਆ ਜਾਵੇਗਾ, ਜੋ ਇਸ ਨੂੰ ਅਹਿਮੀਅਤ ਨਹੀਂ ਦੇਵੇਗਾ ਕਿ ਭੌਤਿਕ ਮਨੁੱਖੀ ਜੀਵ ਦੇ ਰੂਪ ਵਿਚ ਮਰਦਾਂ ਅਤੇ ਔਰਤਾਂ ਵਿਚ ਕੀ ਸਾਂਝਾ ਸੀ ਅਤੇ ਪ੍ਰਕ੍ਰਿਤੀ ਬਾਰੇ ਸਾਰੀਆਂ ਧਾਰਨਾਵਾਂ ਕੱਪਟੀ ਰਹੱਸਵਾਦ ਹਨ ਇਥੇ ਇਸ ਗੱਲ ਦਾ ਅਹਿਸਾਸ ਨਹੀਂ ਹੋਵੇਗਾ ਕਿ ਅਜਿਹਾ ਸਭਿਆਚਾਰਵਾਦ, ਅਰਥ-ਸ਼ਾਸਤਰਵਾਦ ਜਾਂ ਜੀਵ-ਵਿਗਿਆਨਵਾਦ ਜਿਨਾਂ ਸੰਕੀਰਨ ਹੈ ਮਨੁੱਖੀ ਚੇਤਨਾ ਦੇ ਬੌਧਿਕ ਤੇ ਯਥਾਰਥਕ ਵੇਰਵੇ ਵਿਹਾਰਕਤਾਵਾਦ ਅਤੇ ਸੰਪੇਖਤਾਵਾਦ ਲਈ ਮੈਦਾਨ ਤਿਆਰ ਕਰਨਗੇ, ਕਿਉਂਕਿ ਇਥੇ ਇਸ ਨੂੰ ਜਾਨਣ ਵਿਚ ਤੁਹਾਡਾ ਕੋਈ ਸਿਆਸੀ ਪੱਧਰ ਤੇ ਦਾਅ ਉੱਤੇ ਨਹੀਂ ਲੱਗਿਆ ਹੋਵੇਗਾ ਹਰ ਚੀਜ਼ ਇਕ ਵਿਆਖਿਆ ਬਣ ਜਾਵੇਗੀ, ਜਿਸ ਵਿਚ ਇਹ ਧਾਰਨਾ ਖੁਦ ਵੀ ਵਿਆਖਿਆ ਬਣਕੇ ਸ਼ਾਮਲ ਹੋਵੇਗੀ ਅਤੇ ਇਹ ਦੇ ਨਾਲ ਹੀ ਇਕ ਹੋਰ ਚੀਜ਼ ਦਾ ਨਾਸ਼ ਹੋ ਜਾਵੇਗਾ ਉਹ ਹੈ ਇਹ ਵਿਚਾਰ ਕਿ ਸਮੁੱਚੀ ਮਨੁੱਖਤਾ ਨੂੰ ਕੋਈ ਚੀਜ਼ ਇਕ ਜਾਂ ਇਕੱਠਾ ਨਹੀਂ ਰੱਖ ਸਕਦੀ ਹੈ ਅਤੇ ਮਨੁੱਖਤਾ ਇਕੱਠੀ ਹੋਕੇ ਕੋਈ ਮਹੱਤਵਪੂਰਨ ਕਾਰਜ ਕਰ ਸਕੇ। ਅਜਿਹੀ ਮਹੱਤਵਪੂਰਨ ਕਾਰਵਾਈ ਹੁਣ ਘੱਟ ਨਜ਼ਰ ਆਵੇਗੀ, ਜਿਸ ਦੇ ਨਤੀਜਾ ਵਜੋਂ ਇਕ ਵਾਰ ਫਿਰ ਤੋਂ ਮਜ਼ਬੂਰੀ ਨੂੰ ਮਹਾਮਤਾ ਗਾਂਧੀ (virtue out of necessity) ਮੰਨਦੇ ਹੋਏ ਅਸੰਗਠਿਤ, ਵਿਕੇਂਦਰਿਤ, ਅਖੰਡ ਮਾਨਸਿਕਤਾ ਵਾਲੇ ਮਨੁੱਖੀ ਵਿਸੇ ਦੀ ਪ੍ਰਸ਼ੰਸਾ ਦੇ ਗੀਤ ਗਾਏ ਜਾਣਗੇ ਇਹ ਇਕ ਅਜਿਹੀ ਮਨੁੱਖਤਾ ਵੀ ਨਹੀਂ ਹੋਵੇਗੀ ਜੋ ਕੰਧ ਤੋਂ ਇਕ ਬੋਤਲ ਨੂੰ ਵੀ ਥੱਲੇ ਸੁੱਟ ਸਕੇ, ਇਕ ਸਟੇਟ ਨੂੰ ਹੇਠਾਂ ਸੁੱਟਣ ਦੀ ਗੱਲ ਤਾਂ (ਇਸ ਲਈ) ਦੂਰ ਹੋਵੇਗੀ ਪਰ ਫਿਰ ਵੀ ਸਰਮਾਏਦਾਰੀ ਦੇ ਪੁਰਾਣੇ, ਜਿਆਦਾ ਕਲਾਸੀਕਲ ਪੜਾਅ ਦੇ ਸੰਜਮਿਤ ਵਿਸ਼ਿਆਂ ਦੀ ਤੁਲਨਾ ਵਿਚ ਇਸ ਮਨੁੱਖਤਾ ਨੂੰ ਅਗਹਾਂਵਧੂ ਮਨੁੱਖਤਾ ਦੇ ਰੂਪ ਵਿਚ ਪੇਸ਼ ਕੀਤਾ ਜਾਵੇਗਾ ਇਸ ਵਿਸ਼ੇ ਨੂੰ ਇਕ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਕਿ ਇਕ ਉਤਪਾਦਕ (ਇਕਸਾਰ, ਅਨੁਸ਼ਾਸਤ, ਸਵੈ-ਨਿਰਧਾਰਨ) ਦੇ ਰੂਪ ਵਿਚ ਵਿਅਕਤੀ ਦੀ ਧਾਰਨਾ ਨੇ ਉਪਭੋਗੀ ਦੇ ਰੂਪ ਵਿਚ (ਮੋਬਾਈਲ, ਅਲਕੋਹਲ, ਲਾਲਚ ਤੋਂ ਬਣੀ) ਵਿਅਕਤੀ ਦੀ ਧਾਰਨਾ ਅੱਗੇ ਹਾਰ ਮੰਨ ਲਈ ਹੈ।

"ਖੱਬੇ ਪੱਖੀ" ਕੱਟੜਵਾਦੀ ਜੇਕਰ ਅਜਿਹੇ ਸਮੇਂ ਵਿਚ ਵਿਵਹਾਰਵਾਦੀ, ਸੰਪੇਖਤਾਵਾਦੀ, ਬਹੁਲਤਾਵਾਦੀ, ਵਿਰੰਚਨਾਵਾਦੀ ਹੁੰਦੇ ਤਾਂ ਇਨ੍ਹਾਂ ਨੂੰ ਵੀ ਖ਼ਤਰਨਾਕ ਤੌਰ ਤੇ ਕ੍ਰਾਂਤੀਕਾਰੀ ਮੰਨਿਆ ਜਾ ਸਕਦਾ ਸੀ। ਕਿਉਂਕਿ ਕੀ ਪੂੰਜੀਵਾਦ ਨੂੰ ਜਿਉਂਦੇ ਰਹਿਣ ਲਈ ਪੱਕੀਆਂ ਬੁਨਿਆਦਾਂ, ਸਥਾਈ ਪਛਾਣਾਂ, ਸੰਪੂਰਨ ਅਥਾਰਟੀ, ਪਾਰਲੌਕਿਕ ਨਿਸ਼ਚਿਤਤਾ ਦੀ ਜ਼ਰੂਰਤ ਨਹੀਂ? ਅਤੇ ਜਿਨਾਂ ਵਿਚਾਰਾਂ ਦੀ ਅਸੀਂ ਕਲਪਨਾ ਕਰ ਰਹੇ ਹਾਂ, ਉਹ ਇਸ ਉੱਤੇ ਰੋਕ ਨਹੀਂ ਲਗਾਉਂਦੇਇਸ ਦਾ ਜਵਾਬ ਇਕ ਸਹਿਮੀ ਹੋਈ ਹਾਂ ਤੇ ਨਾਂਹ ਦੋਵੇਂ ਵਿਚ ਹੋ ਸਕਦਾ ਹੈ। ਇਹ ਸੱਚ ਹੈ ਕਿ ਪੂੰਜੀਵਾਦ ਨੇ ਹੁਣ ਤੱਕ ਤਾਂ ਕਿਸੇ ਵੀ ਤਰ੍ਹਾਂ ਅਜੇ ਵੀ ਆਪਣੀ ਸੱਤਾ ਨੂੰ ਬੇ-ਸੁਆਲ ਨੈਤਿਕ ਆਧਾਰ ਨਾਲ ਜੋੜਣ ਦੀ ਲੋੜ ਮਹਿਸੂਸ ਕੀਤੀ ਹੈ ਉਦਾਹਰਨ ਲਈ ਉੱਤਰੀ ਅਮਰੀਕਾ ਵਿੱਚ ਧਾਰਮਿਕ ਵਿਸ਼ਵਾਸ ਵੱਲ ਦੇਖੋ ਅਤੇ ਦੂਜੇ ਪਾਸੇ ਬ੍ਰਿਟਿਸ਼ਸ ਵੱਲ ਦੇਖੋ, ਜੋ ਇੱਕ ਨਾਸਤਿਕ ਟੋਲਾ ਹਨ ਕੋਈ ਬ੍ਰਿਟਿਸ਼ ਰਾਜਨੇਤਾ ਜਨਤਕ ਰੂਪ ਵਿਚ ਪਰਮਾਤਮਾ ਦਾ ਆਵਾਹਨ ਕਰੇ ਤਾਂ ਇਸ ਤੋਂ ਸ਼ਰਮ ਦੀ ਚੀਜ਼ ਉਸ ਲਈ ਕੋਈ ਹੋਰ ਨਹੀਂ ਬਣ ਸਕਦੀ ਹੈ ਅਤੇ ਬਹੁਤ ਘੱਟ ਬ੍ਰਿਟਿਸ਼ਸ ਮਿਲਣਗੇ ਜੋ ਬ੍ਰਿਟੇਨ ਨੂੰ ਪਾਰਲੌਕਿਕ ਸੰਕਲਪ ਵਿਚ ਵੇਖਣਗੇ, ਮੁਕਾਬਲਨ ਅਮਰੀਕੀਆਂ ਦੇ ਜੋ ਅਕਸਰ ਹੀ ਅਮਰੀਕਾਂ ਨੂੰ ਇਕ ਪਰਾਲੌਕਿਕ ਸੰਕਲਪ ਦੇ ਰੂਪ ਵਿਚ ਪੇਸ਼ ਕਰਦੇ ਹਨ। ਦੂਜੇ ਸ਼ਬਦਾਂ ਵਿਚ ਇਹ ਸਪੱਸ਼ਟ ਨਹੀਂ ਹੈ ਕਿ ਵਿਕਸਤ ਪੂੰਜੀਵਾਦੀ ਪ੍ਰਣਾਲੀ ਵਿਚ ਪ੍ਰਾਸਰੀਰਕ ਗੱਲਾਂ ਦੀ ਕਿੰਨੀ ਕੁ ਲੋੜ ਹੈ, (ਪਰ) ਇਹ ਨਿਸ਼ਚਿਤ ਤੌਰ 'ਤੇ ਸੱਚ ਹੈ ਕਿ ਇਸਦੇ ਨਿਰੰਤ੍ਰਤ ਧਰਮ ਨਿਰਪੱਖਤਾ ਅਤੇ ਤਰਕਸੰਗਤ ਓਪਰੇਸ਼ਨ ਨੇ ਇਸਦੇ ਧਾਰਮਿਕ ਦਾਅਵਿਆਂ ਨੂੰ ਖੰਡਿਤ ਕਰਨ ਦੀ ਧਮਕੀ ਦਿੱਤੀ ਹੈ ਫਿਰ ਵੀ ਇਸ ਦੇ ਬਾਵਜੂਦ ਇਹ ਸਪੱਸ਼ਟ ਹੈ ਕਿ ਵਿਹਾਰਕਤਾ (pragmatism) ਅਤੇ ਬਹੁਲਤਾ (plurality) ਤੋਂ ਬਗੈਰ ਸਿਸਟਮ ਬਿਲਕੁਲ ਨਹੀਂ ਰਹਿ ਸਕਦਾ ਅੰਤਰ, "ਹਾਈਬ੍ਰਿਡਿਟੀ", ਭਿੰਨਤਾ, ਗਤੀਸ਼ੀਲ-ਬੇਚੈਨੀ ਪੂੰਜੀਵਾਦੀ ਉਤਪਾਦਨ ਢੰਗ ਵਿਚ ਸੁਭਾਵਿਕ ਹੈ ਅਤੇ ਇਸ ਲਈ ਇਹ ਕੋਈ ਮੂਲ ਰੂਪ ਵਿਚ ਰੈਡੀਕਲ ਵਰਤਾਰਾ ਨਹੀਂ ਹੈ ਇਸ ਲਈ ਜੇਕਰ ਇਕ ਪਾਸੇ ਸੋਚਣ ਦੇ ਇਹ ਤਰੀਕੇ ਸਿਸਟਮ ਉੱਤੇ ਰੋਕ ਲਾਉਂਦੇ ਹਨ ਤਾਂ ਦੂਜੀ ਥਾਂ 'ਤੇ ਪੁਨਰ ਸਿਰਜਨ ਵੀ ਕਰਦੇ ਹਨ

ਜੇਕਰ ਇਕ ਦਮਨਕਾਰੀ ਸਿਸਟਮ ਹਰ ਚੀਜ਼ ਨੂੰ ਨਿਯੰਤ੍ਰਿਤ ਕਰਦਾ ਜਾਪਦਾ ਹੈ ਤਾਂ ਕੁਦਰਤੀ ਤੌਰ 'ਤੇ ਇਸ ਵਿਚ ਇਸ ਤਰ੍ਹਾਂ ਦੇ ਕੋਨੇ ਦੀ ਤਲਾਸ਼ ਕਰਨੀ ਪਵੇਗੀ, ਜਿਥੇ ਇਹ ਘੱਟ ਸੱਚ ਹੋਵੇ ਅਤੇ ਜਿਥੇ ਅਜ਼ਾਦੀ/ਬੇਤਰਤੀਬੀ/ਅਨੰਦ ਅਜੇ ਵੀ ਅਸਥਿਰ ਰੂਪ ਵਿਚ ਜਿਉਂਦੇ ਹੋਣਸ਼ਾਇਦ ਤੁਸੀਂ ਇਸ ਨੂੰ ਇੱਛਾ, ਪ੍ਰਵਚਨ, ਸਰੀਰ, ਅਵਚੇਤਨ ਕਹਿ ਸਕਦੇ ਹੋ ਇਸ ਸਮੇਂ ਵਿੱਚ ਮਨੋਵਿਗਿਆਨਕ-ਵਿਧੀ ਵਿੱਚ ਦਿਲਚਸਪੀ ਨੂੰ ਤੇਜ਼ ਕੀਤਾ ਜਾ ਸਕਦਾ ਹੈ, ਕਿਉਂਕਿ ਮਨੋਵਿਗਿਆਨ ਸਿਰਫ਼ ਸੋਚਣ ਵਾਲੇ ਦੀ ਸੰਵੇਦਨਾਸ਼ੀਲਤਾ ਨਹੀਂ, ਜਿਸ ਵਿਚ ਬੌਧਿਕ ਪੱਧਰ ਤੇ ਅਕਰਸ਼ਕ ਭੌਤਿਕ ਸਮੱਗਰੀ ਨੂੰ ਸ਼ਾਮਿਲ ਕੀਤਾ ਗਿਆ ਹੋਵੇ। ਬਲਕਿ ਇਹ ਤਾਂ ਬਿਨ੍ਹਾਂ ਰਾਜਨੀਤੀਕਰਨ ਦੇ ਕ੍ਰਾਂਤੀਕਾਰੀ ਚੜ੍ਹਤ ਦਾ ਪ੍ਰਤੀਕ ਹੈ। ਜੇਕਰ ਸਟੇਟ/ਰਾਜ ਨੂੰ ਉਤਪਾਦਾਂ ਦੀ ਵਿਧੀ ਅਤੇ ਸਿਵਲ ਸੁਸਾਇਟੀ ਦੇ ਹੱਲ ਵਰਗੇ ਸਵਾਲ ਬਹੁਤ ਔਖੇ ਲੱਗਣ ਤਾਂ ਇੱਕ ਵਿਅਕਤੀ ਆਪਣੇ ਰਾਜਨੀਤਕ ਧਿਆਨ ਨੂੰ ਹੋਰ ਵਧੇਰੇ ਨਜ਼ਦੀਕੀ ਅਤੇ ਤਤਕਾਲੀ, ਜਿਆਦਾ ਜੀਵੰਤ ਅਤੇ ਸਥੂਲ ਜਿਹੇ ਸਰੀਰ ਵੱਲ ਲੈਕੇ ਜਾ ਸਕਦਾ ਹੈ  'ਕੋਰੀਓਲੋਨਸ ਦੀ ਗੁਦਾ ਨੂੰ ਵਾਪਸ ਲਗਾਉ' ਸਿਰਲੇਖ ਵਰਗਾ ਕਾਨਫਰੰਸ ਵਿਚ ਪੇਸ਼ ਕੀਤਾ ਪੇਪਰ ਉਸ ਭੀੜ ਨੂੰ ਆਪਣੇ ਆਕਰਸ਼ਿਤ ਕਰੇਗਾ, ਜਿਨਾਂ ਨੇ ਕਦੇ ਬਰਜ਼ੂਆਜ਼ੀ ਬਾਰੇ ਸੁਣਿਆ ਨਹੀਂ ਹੋਵੇਗਾ, ਪਰ ਜੋ ਲੌਡੇਬਾਜ਼ੀ (buggery) ਬਾਰੇ ਸਭ ਜਾਣਦੇ ਹੋਣਗੇ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਬਿਨਾਂ ਸ਼ੱਕ ਉਨ੍ਹਾਂ ਸਮਾਜਾਂ ਵਿਚ ਖਾਸ ਤੌਰ 'ਤੇ ਨਿਸ਼ਾਨਬੱਧ ਕੀਤਾ ਜਾਵੇਗਾ ਜਿਨ੍ਹਾਂ ਵਿਚ ਵੈਸੇ ਹੀ ਮਜ਼ਬੂਤ ਸਮਾਜਵਾਦੀ ਪਰੰਪਰਾ ਦੀ ਘਾਟ ਹੈ ਨਿਸਚਿਤ ਰੂਪ ਵਿਚ ਸਰਵ-ਭੌਤਿਕਤਾਵਾਦ ਦੇ ਪ੍ਰਤੀ ਸੰਦੇਹ ਰੱਖਣ ਵਾਲੀ ਵਿਚਾਰਾਂ ਦੀ ਸ਼ੈਲੀ ਹੋਣ ਦੇ ਬਾਵਜੂਦ ਇਕ ਪ੍ਰਕਾਰ ਦੀ ਵਿਸ਼ੇਸ਼ ਰਾਜਨੀਤਕ ਸਥਿਤੀਆਂ ਦੇ ਇਕ ਅਪ੍ਰਮਾਣਿਕ ਸਪੱਸ਼ਟੀਕਰਨ ਤੋਂ ਜਿਆਦਾ ਕੁਝ ਨਹੀਂ ਹੈ। ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸਰੀਰਕ (ਸਥੂਲ) ਅਤੇ ਲੈਗਿੰਗਤਾ ਦੇ ਪ੍ਰਤੀ ਇਸ ਪ੍ਰਕਾਰ ਦੀ ਚਿੰਤਾਂ ਇਕ ਵਿਆਪਕ ਰਾਜਨੀਤਿਕ ਗਹਿਨਤਾ ਤੇ ਸਮਰਿਧੀ ਅਤੇ ਸੰਪੂਰਨ ਵਿਸਥਾਪਨਾ ਨੂੰ ਇਕੋਂ ਸਮੇਂ ਪ੍ਰਗਟ ਕਰੇਗੀ ਇਹ ਗੱਲ ਕਿਸੇ ਭਾਸ਼ਾ ਅਤੇ ਸਭਿਆਚਾਰ ਵਿਚ ਵੱਧਦੇ ਹੋਏ ਧਿਆਨ ਨੂੰ ਦੇਖਕੇ ਕਹੀ ਜਾ ਸਕਦੀ ਹੈ ਅਤੇ (ਭਾਸ਼ਾ ਤੇ ਸੰਸਕ੍ਰਿਤੀ) ਉਹ ਵਿਸ਼ੇ ਹਨ ਜਿਥੇ ਬੁੱਧੀਜੀਵੀ ਭੌਤਿਕ-ਉਤਪਾਦਨ (ਦੇ ਅਧਿਐਨ) ਦੇ ਮੁਕਾਬਲੇ ਜਿਆਦਾ ਸੌਖੇ ਮਹਿਸੂਸ ਕਰਦੇ ਹਨ

ਇਸ ਸਮੇਂ ਦੇ ਨਿਰਾਸ਼ਾਵਾਦ ਵਿਚ ਇਹ ਸੋਚਿਆ ਜਾ ਸਕਦਾ ਹੈ ਕਿ ਕੁਝ ਲੋਕ ਇਸ ਗੱਲ ਤੇ ਜੋਰ ਪਾਉਣਗੇ ਕਿ ਪ੍ਰਵਚਨ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਹੈ, ਕਿਸ ਤਰ੍ਹਾਂ ਨਿਯਮਤ ਕੀਤਾ ਗਿਆ ਹੈ ਜਾਂ ਕਿਸ ਤਰ੍ਹਾਂ ਸ਼ਕਤੀ ਦੀ ਅਵਾਜ਼ ਬਣਦਾ ਹੈ। ਜਦਕਿ ਦੂਜੇ ਲੋਕ ਵਧੇਰੇ ਆਜ਼ਾਦੀ ਦੀ ਭਾਵਨਾ ਨੂੰ ਪ੍ਰਗਟ ਕਰਦੇ ਹੋਏ ਇਹ ਸਪੱਸ਼ਟ ਕਰਨਗੇ ਕਿ ਸੰਕੇਤਕ ਰੋਮਾਂਚ ਤੇ ਚਲਾਕੀ ਕਿਸ ਤਰ੍ਹਾਂ ਨਾਲ ਸਿਸਟਮ ਨੂੰ ਧੋਖਾ ਦਿੰਦੇ ਹਨ। ਭਾਵੇਂ ਜੋ ਹੋ ਜਾਏ ਇਸ ਦੌਰ ਵਿਚ ਅਸੀਂ ਭਾਸ਼ਾ-ਵਿਗਿਆਨਕ ਪ੍ਰਭਾਵ ਦੇ ਹੇਠ ਹੋਵਾਗੇ ਕਿਉਂਕਿ ਜਿਹੜੀ ਚੀਜ਼ ਅਰਾਜਨੀਤਿਕ ਤੌਰ ਤੇ ਪ੍ਰਤੱਖ ਨਹੀਂ ਹੋਵੇਗੀ ਉਹ ਪ੍ਰਵਚਨ ਜਾਂ ਸੰਕੇਤਾਂ ਜਾਂ ਪਾਠਕਤਾ (textuality) ਦੇ ਮਾਧਿਅਮਾ ਰਾਹੀਂ ਦਰਾਉਣੀ ਸੰਭਵ ਹੋਵੇਗੀ। ਪਾਠ ਜਾਂ ਭਾਸ਼ਾ ਦੀ ਅਜ਼ਾਦੀ ਪੂਰੇ ਸਿਸਟਮ ਦੀ ਅਸੁਤੰਤਰਤਾ ਦਾ ਮੁਆਵਜ਼ਾ ਭਰੇਗੀ। ਅਜੇ ਵੀ ਇਕ ਪ੍ਰਕਾਰ ਦੇ ਯੂਟੋਪੀਆਂ ਦੀ ਕਲਪਨਾ ਕਾਈਮ ਰਹੇਗੀ, ਪਰ ਉਹ ਹੁਣ ਜਿਆਦਾ ਤਰ੍ਹਾਂ ਕਵਿਤਾ ਦੇ ਦਾਇਰੇ ਵਿਚ ਮਿਲੇਗੀ ਅਤੇ ਸੋਚ ਸ਼ੈਲੀ ਦੇ "ਅੱਤਵਾਦੀ" (extremist) ਰੂਪ ਅਪਣਾਉਂਦਿਆਂ ਹੋਇਆ ਇਹ ਵੀ ਸੋਚਣਾ ਸੰਭਵ ਹੋਵੇਗਾ ਕਿ ਭਵਿੱਖ ਦਾ ਯਟੋਪੀਆਂ ਜੋ ਹੈ ਉਹ ਹੁਣ ਵਰਤਮਾਨ ਹੈ ਅਤੇ ਇਹ ਯੂਟੋਪਿਆ ਪਹਿਲਾਂ ਹੀ ਅਨੰਦ ਦੀ ਤੀਬਰਤਾ, ​​ਬਹੁਪਰਤੀ ਸਵੈਦਤਾ ਤੇ ਬਾਜ਼ਾਰਾਂ ਦੀ ਗੱਲ-ਬਾਤ ਅਤੇ ਸ਼ਾਪਿੰਗ ਮਾਲ ਦੇ ਰੂਪ ਵਿੱਚ ਪਹੁੰਚ ਚੁੱਕਾ ਹੈਉਦੋਂ ਜ਼ਰੂਰ ਇਤਿਹਾਸ ਸਭ ਤੋਂ ਪਹਿਲਾਂ ਖਤਮ ਹੋ ਗਿਆ ਹੋਵੇਗਾ ਅਤੇ ਇਕ ਅਜਿਹਾ ਅੰਤ ਜੋ ਰੈਡੀਕਲ ਰਾਜਨੀਤੀ ਦੀ ਕਾਰਵਾਈ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਨਿਹਿਤ ਹੈ, ਜੇ ਕੋਈ ਸਮੂਹਿਕ ਕਾਰਵਾਈ ਆਮ ਤੌਰ 'ਤੇ ਸੰਭਵ ਦਿਖਾਈ ਨਹੀਂ ਦਿੰਦੀ ਹੈ ਤਾਂ ਇਤਿਹਾਸ ਬੇਤਰਤੀਬ ਅਤੇ ਦਿਸ਼ਾਹੀਣ ਦਿਸੇਗਾ ਅਤੇ ਇਹ ਦਾਅਵਾ ਕਰਨ ਲਈ ਕਿ ਹੁਣ ਕੋਈ ਵੀ "ਮਹਾਂ ਬਿਰਤਾਂਤ" ਨਹੀਂ ਰਹਿ ਗਿਆ, ਇਹ ਕਹਿਣ ਦੇ ਬਰਾਬਰ ਹੋਵੇਗਾ ਕਿ ਇਹਨਾਂ ਹਾਲਤਾਂ ਵਿਚ ਅਸਰਦਾਰ ਬਿਰਤਾਂਤ ਦੀ ਕਲਪਨਾ ਕਿਸ ਤਰ੍ਹਾਂ ਕੀਤੀ ਜਾਵੇ, ਇਹ ਸਾਨੂੰ ਨਹੀਂ ਪਤਾ ਇਸ ਵਿਚਾਰ ਦੇ ਅੰਤਰਗਤ ਇਤਿਹਾਸ ਦਾ ਅੰਤ ਹੋ ਗਿਆ ਹੋਵੇਗਾ ਕਿਉਂਕਿ ਆਖ਼ਰਕਾਰ ਆਜ਼ਾਦੀ ਪ੍ਰਾਪਤ ਕੀਤੀ ਜਾ ਚੁੱਕੀ ਹੋਵੇਗੀ। ਮਾਰਕਸਵਾਦੀਆਂ ਲਈ ਆਜ਼ਾਦੀ ਦੀ ਪ੍ਰਾਪਤੀ ਇਕ ਨਵੇਂ ਇਤਿਹਾਸ ਦੀ ਸ਼ੁਰੂਆਤ ਹੋਵੇਗੀ ਅਤੇ ਉਹ ਸਭ ਕੁਝ ਦਾ ਅੰਤ ਹੋਵੇਗਾ ਜਿਸ ਨੂੰ ਅਸੀਂ ਹੁਣ ਤੱਕ ਜਾਣਿਆ ਹੈ: ਉਹ ਨੀਰਸ ਪੂਰਵ-ਇਤਿਹਾਸਕ ਮਹਾ-ਬਿਰਤਾਂਤ, ਜੋ ਅਸਲ ਵਿਚ ਸਿਰਫ ਕਿਲਤ, ਦੁੱਖ ਅਤੇ ਸੰਘਰਸ਼ ਦੀ ਘਸੀ ਕਹਾਣੀ ਹੈ

ਮੁਰਖ਼ ਤੋਂ ਮੁਰਖ਼ ਪਾਠਕ ਨੂੰ ਵੀ ਹੁਣ ਤੱਕ ਇਹ ਅੰਦਾਜ਼ਾ ਹੋ ਚੁੱਕਿਆ ਹੋਵੇਗਾ ਕਿ ਜਿਹੜੀ ਸਥਿਤੀ ਨੂੰ ਮੈਂ ਬਿਆਨ ਕਰ ਰਿਹਾ ਹਾਂ ਉਹ ਪੂਰੀ ਤਰ੍ਹਾਂ ਕਾਲਪਨਿਕ ਨਹੀਂ ਹੈ ਫਿਰ ਸਾਨੂੰ ਅਜਿਹੀ ਸਥਿਤੀ ਦੀ ਕਲਪਨਾ ਕਿਉਂ ਕਰਨੀ ਚਾਹੀਦੀ ਹੈ, ਜਿਹੜੀ ਕਿ ਸਾਡੇ ਸਾਹਮਣੇ ਖੜੀ ਹੈ? ਕੀ ਇਸ ਗੁੰਝਲਦਾਰ ਸਕੀਮ ਦੁਆਰਾ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ? ਮੈਂ ਸੋਚਦਾ ਹਾਂ ਕਿ ਇਹ ਇਕ ਕਿਸਮ ਦਾ ਵਿਚਾਰਕ ਪ੍ਰਯੋਗ ਹੈ ਜਿਸ ਦੁਆਰਾ ਅਸੀਂ ਅਸਲੀ ਇਤਿਹਾਸ ਨੂੰ ਬ੍ਰੈਕਟਾਂ ਵਿਚ ਰੱਖਕੇ ਇਹ ਪਛਾਣ ਸਕਦੇ ਹਾਂ ਕਿ ਉੱਤਰ-ਆਧੁਨਿਕ ਸਿਧਾਂਤ ਦੀ ਕੇਂਦਰੀ ਵਿਸ਼ੇਸ਼ਤਾ ਪ੍ਰਮੁੱਖ ਸਿਆਸੀ ਹਾਰ ਦਾ ਪ੍ਰਮਾਣ ਹੈਉੱਤਰ-ਆਧੁਨਿਕ ਸੱਭਿਆਚਾਰ ਨਾਲ ਸਾਹਮਣਾ ਹੋਣ 'ਤੇ ਅਸੀਂ ਮੁੜ ਪਿਛੇ ਵੱਲ ਤੁਰ ਪੈਂਦੇ ਹਾਂ ਜਦੋਂ ਤੱਕ ਇਹ ਹਾਰ ਦੀ ਮੁੱਢ ਤੱਕ ਨਹੀਂ ਪਹੁੰਚ ਜਾਂਦੇ। (ਇਥੇ ਇਹ ਮਸਲਾ ਨਹੀਂ ਹੈ ਕਿ ਇਹ ਹਾਰ ਉਨੀ ਹੀ ਸੰਪੂਰਨ ਤੇ ਨਿਰਣਾਇਕ ਰਹੀ ਹੈ ਜਾਂ ਨਹੀਂ, ਜਿਨੀ ਉੱਤਰ-ਆਧੁਨਿਕਤਾਵਾਦ ਦੀ ਮੌਜੂਦਗੀ।) ਇਹ ਸਾਰੇ ਕਾਲਪਨਿਕ ਉੱਦਮ ਵਿਚ ਪੂਰਵ-ਕਲਪਨਾ ਸ਼ਾਮਿਲ ਹੈ ਅਤੇ ਇਸ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ ਜਿਸ ਤਰ੍ਹਾਂ ਕੋਈ ਵਿਆਕਤੀ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਜਾਂ ਰਾਸ਼ਟਰੀ ਮੁਕਤੀ ਅੰਦੋਲਨ ਦੇ ਤਾਣੇ-ਬਾਣੇ ਦੇ ਨਸ਼ਟ ਹੋਣ ਜਾਣ ਤੋਂ ਬਾਅਦ (ਇਸ ਨੂੰ) ਵਿਡੰਬਨਾ ਲਈ ਜਾਂ ਰਾਜਨੀਤਿਕ ਦਰੂਸਤੀ ਜਾਂ ਸਸਤੇ ਗਲਪ ਦੇ ਰੂਪ ਵਿਚ ਪੇਸ਼ ਕਰੇ ਪਰ ਜੇ ਅਸੀਂ ਇਹ ਕਹੀਏ ਕਿ ਉੱਤਰ-ਆਧੁਨਿਕਤਾਵਾਦ ਇਕ ਸਿਆਸੀ ਇਤਿਹਾਸ ਦਾ ਇਕ ਅਟੱਲ ਨਤੀਜਾ ਨਹੀਂ ਹੈ, (ਤਾਂ ਵੀ ਇਹ) ਤਰਕਸੰਗਤ ਹੈ, (ਠੀਕ ਉਸ ਤਰ੍ਹਾਂ ਹੀ) ਜਿਸ ਤਰ੍ਹਾਂ ਕਿੰਗ ਲੀਅਰ ਦਾ ਪੰਜਵਾਂ ਕਾਂਡ ਪਹਿਲੇ ਚਾਰ ਕਾਂਡਾ ਤੋਂ ਪ੍ਰਭਾਵਤ ਨਹੀਂ ਹੁੰਦਾ, ਪਰ ਇਹ ਇਕ ਸੰਯੋਗ ਵੀ ਨਹੀਂ ਹੈ

ਪਰ ਕੀ ਇਹ ਉਹੀ ਇਤਿਹਾਸ ਨੂੰ ਸਰਲ ਕਰਨ ਵਾਲੀ ਵਿਆਖਿਆ ਨਹੀਂ ਹੈ, ਜੋ ਉੱਤਰ-ਆਧੁਨਿਕਤਾ ਨੂੰ ਅਤਿ ਦਰਜੇ ਦੀ ਨਾ-ਪਸੰਦ ਹੈ? ਨਹੀਂ, ਕਿਉਂਕਿ ਇੱਥੇ ਅਜਿਹਾ ਕੁਝ ਨਹੀਂ ਕਿਹਾ ਗਿਆ ਹੈ ਕਿ ਉੱਤਰ-ਆਧੁਨਿਕਤਾਵਾਦ ਕੇਵਲ ਇੱਕ ਰਾਜਨੀਤਿਕ ਅਸਫਲਤਾ ਦਾ ਨਤੀਜਾ ਹੈ ਇਹ ਦੇਖਣਾ ਔਖਾ ਹੈ ਕਿ ਮੈਡੋਨਾ ਜਾਂ ਮੋਕ-ਗੌਟਿਕ ਇਮਾਰਤਾਂ ਜਾਂ ਅੰਬੇਰਟੋ ਈਕੋ ਦਾ ਗਲਪ ਅਜਿਹੇ ਝੁਕਾਉ ਦੀ ਉੱਤਪਤੀ ਕਿਸ ਤਰ੍ਹਾਂ ਹੈ? ਹਾਲਾਂਕਿ ਕੁਝ ਯੋਗ ਸੱਭਿਆਚਾਰਕ ਟਿੱਪਣੀਕਾਰ ਸ਼ਾਇਦ ਇਹ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਉੱਤਰ-ਆਧੁਨਿਕਤਾਵਾਦ ਦੇ ਬਹੁਤ ਸਾਰੇ ਸ੍ਰੋਤ ਹਨ ਜਿਵੇਂ ਆਪਣੇ-ਆਪ ਵਿਚ ਆਧੁਨਿਕਤਾਵਾਦ, ਅਖੌਤੀ ਉੱਤਰ-ਉਦਯੋਗੀਕਰਨ, ਨਵੀਆਂ ਸਿਆਸੀ ਤਾਕਤਾਂ, ਸੱਭਿਆਚਾਰਕ ਨਵੇਂ ਵਿਚਾਰਾਂ ਨੂੰ ਪੈਂਦਾ ਕਰਨ ਵਾਲੇ ਵਰਗ ਦਾ ਪੁਨਰ-ਉਤਪਾਦਨ, ਵਸਤੂ-ਜੀਵਨ ਦੁਆਰਾ ਸੱਭਿਆਚਾਰਕ ਜੀਵਨ ਵਿਚ ਦਾਖਲ, ਕਲਾ ਲਈ ਇੱਕ "ਸਵੈ-ਸੰਪੰਨ" ਜਗ੍ਹਾ ਦੀ ਘਾਟ, ਕੁਝ ਕਲਾਸੀਕਲ ਬੁਰਜ਼ਵਾ ਵਿਚਾਰਧਾਰਾ ਦੀ ਥਕਾਵਟ ਆਦਿ। ਪਰ ਕੁਝ ਵੀ ਕਹਿ ਲਓ, ਇਹ ਇਕ ਰਾਜਨੀਤਿਕ ਹਾਰ ਦੀ ਸੰਤਾਨ ਹੈ ਉੱਤਰ-ਆਧੁਨਿਕਤਾ ਦੁਆਰਾ ਲਿੰਗ ਤੇ ਨਸਲ ਦੇ ਮੁੱਦੇ ਚੁੱਕਕੇ ਇਕ ਪਾਸੇ ਤਾਂ ਖੱਬੇ-ਪੱਖੀ ਪੱਛਮੀ ਗੋਰੀ ਮਰਦ ਪ੍ਰਧਾਨ ਵਿਚਾਰਧਾਰਾ ਦੇ ਗੱੜ ਵਿਚ ਸੇਂਧ ਲਾਈ ਹੈ ਤੇ ਨਾਲ ਹੀ ਦੂਜੇ ਪਾਸੇ (ਆਪਣੀ ਵਿਧਾਰਧਾਰਾ ਨੂੰ) ਇਕ ਪ੍ਰਮੁੱਖ ਸਭਿਆਚਾਰਕ ਪ੍ਰਵਚਨ ਉੱਤੇ ਅਧਾਰਿਤ ਕੀਤਾ ਹੈ, ਜੋ ਕਿ ਦੁਨੀਆਂ ਦੇ ਉਸੇ (ਪੱਛਮੀ ਗੋਰੀ ਮਰਦ ਪ੍ਰਧਾਨ ਵਿਚਾਰਧਾਰਾ ਦੀ) ਨੁਕੜ ਨਾਲ ਸੰਬੰਧ ਰੱਖਦਾ ਹੈ। ਇਹ ਮਹੱਤਵਪੂਰਨ ਪੂਰਵ ਅਨੁਮਾਨਾਂ ਨੇ ਵੀ ਅਕਸਰ ਉਸ ਸ਼ਕਤੀ ਨੂੰ ਨਜ਼ਰ ਅੰਦਾਜ਼ ਕੀਤਾ ਹੈ, ਜੋ ਰੋਜ਼ਾਨਾ ਜੀਵਨ ਦਾ ਅਦਿੱਖ ਰੰਗ ਹੈ ਅਤੇ ਸਾਡੀ ਹੋਂਦ ਨੂੰ ਨਿਰਧਾਰਤ ਕਰਦੀ ਹੈ ਅਤੇ ਸ਼ਾਬਦਿਕ ਤੌਰ ਤੇ ਕਦੇ-ਕਦੇ ਹਰੇਕ ਭਾਗ ਵਿੱਚ ਵੱਡੇ ਪੈਮਾਨੇ ਤੇ ਰਾਸ਼ਟਰਾਂ ਦੀ ਕਿਸਮਤ ਅਤੇ ਉਹਨਾਂ ਦੇ ਵਿਚਕਾਰ ਆਪਸੀ ਸੰਘਰਸ਼ ਦਾ ਵੀ ਨਿਰਮਾਣ ਕਰਦੀ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਹਰ ਦਮਨਕਾਰੀ ਸ਼ਕਤੀ ਨੂੰ ਆਸਾਨੀ ਨਾਲ ਵਿਚਾਰਿਆ ਜਾ ਸਕਦਾ ਹੈ, ਉਸ ਸ਼ਕਤੀ ਨੂੰ ਵਧੇਰੇ ਜਿਹੜੀ ਕਿ ਅਕਸਰ ਲੰਬੇ ਸਮੇਂ ਦਾ ਏਜੰਡਾ ਤੈਅ ਰੱਖਦੀ ਹੈ ਜਾਂ ਕੇਂਦਰ ਨਾਲ ਸਾਂਝ ਕਰਦੀ ਹੈ। ਇਹ ਪੂੰਜੀ ਦੀ ਸ਼ਕਤੀ ਹੁਣ ਇੰਨੀ ਗੁੰਝਲਦਾਰ ਹੈ ਕਿ ਖੱਬੇਪਾਸੇ ਦੇ ਬਹੁਮੱਤ ਨੇ ਵੀ ਇਸ ਨੂੰ ਕੁਦਰਤੀ ਅਤੇ ਅਟੁੱਟ ਢਾਂਚੇ ਵਜੋਂ ਮਨਜ਼ੂਰ ਕਰ ਲਿਆ ਹੈ ਇੱਥੇ ਅਨੁਸਾਰੀ ਅਨੁਭਵ ਲਈ ਇੱਕ ਹਾਰੇ ਹੋਏ ਸੱਜੇ-ਪੱਖ ਦੀ ਕਲਪਨਾ ਕਰਨ ਦੀ ਜ਼ਰੂਰਤ ਹੈ, ਜੋ ਕਿ ਰਾਜਸ਼ਾਹੀ, ਪਰਿਵਾਰ ਅਤੇ ਸ਼ਿਸ਼ਟਾਚਾਰ ਦੀ ਮੌਤ ਬਾਰੇ ਵਿਚਾਰ ਕਰ ਰਿਹਾ ਹੈ ਪਰ ਜਾਇਦਾਦ ਦੇ ਖ਼ਤਮ ਹੋਣ ਜਾਣ ਦੇ ਮੁੱਦੇਤੇ ਚੁੱਪੀ ਸ਼ਖ਼ਤ ਚੁੱਪੀ ਧਾਰਨ ਕਰ ਰੱਖਦਾ ਹੈ, ਜਦ ਕਿ ਉਹ ਉਨ੍ਹਾਂ ਦੀ ਹੋਂਦ ਨਾਲ ਜੁੜੀ ਚੀਜ਼ ਹੈ, ਕਿਉਂਕਿ ਉਨ੍ਹਾਂ ਵੱਜੋਂ ਜਾਇਦਾਦ ਉੱਤੇ ਮਾਲਕੀਅਤ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ ਗਿਆ ਹੈ ਜਿਸ ਨੂੰ ਵਾਪਸ ਕਰਨਾ ਕੇਵਲ ਸਿਧਾਂਤਕ ਹੀ ਪ੍ਰਤੀਤ ਹੁੰਦਾ ਹੈ।

ਉੱਤਰ-ਆਧੁਨਿਕ ਸਭਿਆਚਾਰ ਨੇ ਕਲਾਵਾਂ ਦੇ ਪੂਰੇ ਖੇਤਰ ਵਿਚ ਇੱਕ ਅਮੀਰ, ਸਹਾਸੀ ਅਤੇ ਉਤਸ਼ਾਹ ਭਰੀ ਕ੍ਰਿਤੀਆਂ ਨੂੰ ਤਿਆਰ ਕੀਤਾ ਹੈ, ਜੋ ਉਨ੍ਹਾਂ ਦੇ ਹਿਸਾਬ ਨਾਲ ਕਲਾ ਹਨ ਇਸ ਨੇ ਬਹੁਤ ਸਾਰੇ ਨਿਸ਼ਚਤ ਆਧਰਾਂ ਨੂੰ ਹਿੱਲਾ ਦਿੱਤਾ ਹੈ, ਕੁਝ ਵਿਰਾਸਤੀ ਸਮੁੱਚਤਾਵਾਂ ਨੂੰ ਖੋਲ ਦਿੱਤਾ ਹੈ, ਕੁਝ ਇਮਾਨਦਾਰੀ ਨਾਲ ਬਣਾਈ ਗਈ ਸ਼ੁੱਧਤਾ ਨੂੰ ਤੋੜਿਆ ਹੈ, ਕੁਝ ਦਮਨਕਾਰੀ ਨਿਯਮਾਂ ਨੂੰ ਝੁਠਲਾਇਆ ਹੈ ਅਤੇ ਕੁਝ ਤਿੱਖੀ ਨਜ਼ਰ ਵਾਲੀਆਂ ਨੀਤੀਆਂ ਨੂੰ ਹਿਲਾਇਆ ਵੀ ਹੈ ਇਸ ਦੇ ਨਾਲ ਹੀ ਇਸ ਨੇ ਸਿਆਸੀ ਤੌਰ 'ਤੇ ਪ੍ਰੋਖ ਸ਼ੰਕਾਵਾਦ, ਇਕ ਭੜਕੀਲੀ ਲੋਕਪ੍ਰਿਅਤਾ, ਇਕ ਖੂਨੀ ਨੈਤਿਕ ਸੰਪੇਖਵਾਦ ਅਤੇ ਇਕ ਫਰੇਬਜਾਲ ਦੇ ਅੱਗੇ ਆਤਮ ਸਮਰਪਣ ਕੀਤਾ ਹੈ ਅਸੀਂ ਵੀ ਇਸ ਮੁਕਤ-ਦੁਨੀਆਂ ਦੇ ਅਨੁਸਾਰੀ ਹੋ ਸਕਦੇ ਹਾਂ, ਕਿਉਂਕਿ ਸਾਰੀਆਂ ਮਰਿਆਦਾਵਾਂ ਮਨਇੱਛਤ ਹਨ ਆਪਣੇ ਸਿਆਸੀ ਵਿਰੋਧੀਆਂ ਦੇ ਅਧਾਰ ਨੂੰ ਹਲਾਉਂਦੇ ਹੋਏ ਇਸ ਉੱਤਰ-ਆਧੁਨਿਕ ਸਭਿਆਚਾਰ ਨੇ ਆਪਣੇ ਅਧਾਰ ਨੂੰ ਵੀ ਹਿਲਾ ਲਿਆ ਹੈ ਅਤੇ ਉਸ ਕੋਲ ਆਪਣੇ ਆਪ ਵਿਚ ਹੋਰ ਕੋਈ ਕਾਰਨ ਨਹੀਂ ਰਿਹਾ ਕਿ ਅਸੀਂ ਫਾਸ਼ੀਵਾਦ ਦਾ ਵਿਰੋਧ ਕਿਉਂ ਕਰੀਏ, ਸਿਵਾਏ ਇਸ ਕਮਜੋਰ ਤਰਕ ਦੇ ਕਿ ਫਾਸ਼ੀਵਾਦ ਅਜਿਹਾ ਤਰੀਕਾ ਨਹੀਂ ਹੈ ਕਿ (ਜਿਸ ਨਾਲ) ਅਸੀਂ ਸੈਂਸਕ (Sussex) ਜਾਂ ਸੈਕਰਾਮੈਂਟੋ (Sacramento) ਵਿਚ ਕੰਮ ਕਰ ਸਕਦੇ ਹਾਂ ਇਸ ਨੇ ਆਪਣੀ ਪੈਰੋਡੀ ਵਾਲੀ ਭਾਵਨਾ ਨਾਲ ਉੱਚ-ਸੱਭਿਆਚਾਰ ਦੀ ਡਰਾਉਣੀ ਨੀਚਤਾ ਨੂੰ ਨਿੱਚਾ ਦਿਖਾਇਆ ਹੈ ਅਤੇ ਜਿਸ ਨਾਲ ਵਸਤੂ ਰੂਪ ਦੀ ਨਕਲ ਨਾਲ ਬਾਜ਼ਾਰ ਦੀ ਕਮਜ਼ੋਰ ਤਾਰਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਸਫ਼ਲਤਾ ਪ੍ਰਾਪਤ ਹੋਈ ਹੈ ਇਸ ਨੇ ਸਥਾਨਿਕ, ਪ੍ਰਦੇਸ਼ਕ ਤੇ ਖੇਤਰੀ ਸ਼ਕਤੀ ਨੂੰ ਮੁਕਤ ਕੀਤਾ ਹੈ ਅਤੇ ਵਿਸ਼ਵ ਨੂੰ ਇਕਸਾਰ ਉਦਾਸਮਈ ਸਥਾਨ ਬਣਾਉਣ ਵਿੱਚ ਯੋਗਦਾਨ ਪਾਇਆ ਹੈ ਸੱਚ ਵਰਗੇ ਸੰਕਲਪਾਂ ਦੇ ਸਾਹਮਣੇ ਇਸ ਦੀ ਘਬਰਾਹਟ ਨੇ ਬਿਸ਼ਪਾਂ (ਧਰਮਗੁਰੂਆਂ) ਨੂੰ ਚਿੰਤਤ ਕਰ ਦਿੱਤਾ ਹੈ ਅਤੇ ਵਪਾਰਕ ਅਧਿਕਾਰੀਆਂ ਨੂੰ ਮੋਹਿਤ ਕੀਤਾ ਹੈ ਇਹ ਨਿਰੰਤਰ ਤੌਰ 'ਤੇ ਇਹ ਵਿਆਖਿਆ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰਦਾ ਹੈ ਕਿ ਸੰਸਾਰ ਕੀ ਹੈ ਅਤੇ ਇਸ ਦੇ ਨਾਲ ਸੰਸਾਰ ਦੀ ਵਿਆਖਿਆ ਕਰੀ ਵੀ ਜਾ ਰਿਹਾ ਹੈ ਇਹ ਬ੍ਰਹਿਮੰਡੀ ਨੈਤਿਕ ਨਿਰਦੇਸ਼ਾਂ ਨਾਲ ਭਰਿਆ ਹੋਇਆ ਹੈ ਜਿਵੇਂ ਬਹੁਲਤਾ ਦੀ ਥਾਂ ਵਿਅਕਤੀਵਾਦੀ ਸ਼੍ਰੇਸਟਤਾ, ਪਛਾਣ ਤੋਂ ਭਿੰਨਤਾ, ਇਕਰੂਪਤਾ ਤੋਂ ਭਿੰਨਤਾ ਦੀ ਉੱਤਮਤਾ ਹੈ, ਹਲਾਕਿ ਇਹ ਅਜਿਹੇ ਸਾਰੇ ਵਿਸ਼ਵ-ਵਿਆਪੀ ਵਿਸ਼ਵਾਸਾਂ ਨੂੰ ਦਮਨਕਾਰੀ ਮੰਨਦਾ ਹੈ ਇਹ ਮਨੁੱਖਾਂ ਨੂੰ ਕਾਨੂੰਨ ਅਤੇ ਬੰਦਸ਼ ਤੋਂ ਆਜ਼ਾਦ ਹੋਣ ਦਾ ਸੁਪਨਾ ਦੇਖਦਾ ਹੈ, ਜੋ ਇਕ "ਵਿਸ਼ਾ-ਸਥਿਤੀ" ਤੋਂ ਦੂਜੀ ਸਥਿਤੀ ਵਿਚੋਂ ਅਸਤੁੰਸ਼ਟ ਰੂਪ ਵਿਚ ਸਰਲ ਰਿਹਾ ਹੋਵੇ ਅਤੇ ਮਨੁੱਖੀ ਵਿਸ਼ੇ ਨੂੰ ਸੱਭਿਆਚਾਰਕ ਤਾਕਤਾਂ ਦੇ ਪੱਕੇ ਪ੍ਰਭਾਵ ਤੋਂ ਵੱਧ ਨਹੀਂ ਦੇਖਦਾ ਇਹ ਸ਼ੈਲੀ ਤੇ ਅਨੰਦ ਵਿੱਚ ਵਿਸ਼ਵਾਸ਼ ਕਰਦਾ ਹੈ ਅਤੇ ਆਮ ਤੌਰ 'ਤੇ ਉਹਨਾਂ ਟੈਕਸਟਾਂ/ਪਾਠਾਂ ਨੂੰ ਸਿਰਜਤ ਕਰਦਾ ਹੈ, ਜੋ ਸ਼ਾਇਦ ਇੱਕ ਕੰਪਿਊਟਰ ਦੁਆਰਾ ਬਣਾਈਆਂ ਗਈਆਂ ਹੋਣ

ਇਹ ਸਭ ਉੱਤਰ-ਆਧੁਨਿਕਤਾਵਾਦੀ ਵਿਵਹਾਰ ਦੇ ਦਵੰਦਵਾਦੀ ਮੁਲਾਂਕਣ ਨਾਲ ਸੰਬੰਧਿਤ ਹੈ ਅਤੇ ਉੱਤਰ-ਆਧੁਨਿਕਤਾਵਾਦ ਆਪਣੇ ਆਪ ਵਿਚ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਦਵੰਦਵਾਦੀ ਸੋਚ ਨੂੰ ਪਰਾਭੌਤਿਕ ਕੂੜੇਦਾਨ ਵਿਚ ਸੁੱਟਿਆ ਜਾ ਸਕਦਾ ਹੈ। ਇੱਥੇ ਸ਼ਾਇਦ ਇਹ ਮਾਰਕਸਵਾਦ ਤੋਂ ਬਹੁਤ ਭਿੰਨ ਹੈ ਆਮ ਤੌਰ 'ਤੇ ਮਾਰਕਸਵਾਦੀਆਂ ਨੂੰ "ਸਿਧਾਂਤਿਕ-ਚਿੰਤਕਾਂ" ਵਜੋਂ ਹੀ ਮੰਨਿਆ ਜਾਂਦਾ ਰਿਹਾ ਹੈ, ਫਿਰ ਵੀ ਇਹ ਮੰਨਿਆ ਜਾਂਦਾ ਹੈ ਕਿ ਪ੍ਰਬੁੱਧ ਬੁਰਜੁਆ ਉਦਾਰੀਕਰਨ ਦੀ ਅਮੀਰ ਪਰੰਪਰਾ ਤੋਂ ਬਿਨਾਂ ਪ੍ਰਮਾਣਿਕ ਸਮਾਜਵਾਦ ਨਹੀਂ ਹੋ ਸਕਦਾ ਉੱਤਰ-ਆਧੁਨਿਕਤਾਵਾਦ ਦੁਆਰਾ ਬਹੁਲਤਾਵਾਦ ਪ੍ਰਤੀ ਸਮਰਪਨ, ਪਰਿਵਰਤਨਸ਼ੀਲਤਾ, ਖੁੱਲ੍ਹਾ ਅੰਤ ਦੇ ਸਵੈ-ਐਲਾਨ ਕੀਤੇ ਗਏ ਹਨ, ਪਰੰਤੂ ਫਿਰ ਵੀ ਲਗਾਤਾਰ ਮਨੁੱਖਤਾਵਾਦ, ਉਦਾਰਵਾਦ, ਗਿਆਨ, ਕੇਂਦਰਿਤਤਾ ਦੇ ਵਿਸ਼ੇ ਅਤੇ ਬਾਕੀ ਹੋਰ ਵਿਸ਼ਿਆ ਦੀ ਨਿੰਦਿਆਂ ਕਰਦੇ ਦੇਖੇ ਜਾ ਸਕਦੇ ਹਨ ਪਰ ਬੁਰਜੂਆ ਗਿਆਨਵਾਦ ਸਮਾਜਿਕ ਸ਼੍ਰੇਣੀ ਦੀ ਤਰ੍ਹਾਂ ਹੈ: ਇਸ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਸ ਵਿਚੋਂ ਹੋਕੇ ਰਾਹ ਕੱਡਣਾ ਪੈਣਾ ਹੈ ਕਿਸੇ ਵੀ ਹੋਰ ਬਿੰਦੂ ਨਾਲੋਂ ਜ਼ਿਆਦਾ ਇਸ ਬਿੰਦੂ ਉੱਤੇ ਹੀ ਮਾਰਕਸਵਾਦ ਅਤੇ ਉੱਤਰ-ਆਧੁਨਿਕਤਾਵਾਦ ਵਿਚ ਸ਼ਾਇਦ ਸਭ ਤੋਂ ਵੱਧ ਵੱਖਰਤਾ ਹੈ।

ਉੱਤਰ-ਆਧੁਨਿਕਤਾਵਾਦ ਦੀ ਅੱਖ ਵਿਡੰਬਨਾ ਪ੍ਰਤੀ ਬਹੁਤ ਸਜੱਗ ਹੈ, ਪਰ ਇਕ ਵਿਡੰਬਨਾ ਅਜਿਹੀ ਹੈ ਕਿ ਇਹ ਇਸ ਦੀ ਅੱਖ ਤੋਂ ਬਚਕੇ ਨਿਕਲਦੀ ਜਾਪਦੀ ਹੈ ਉਸ ਸਮੇਂ ਜਦੋਂ ਇਹ ਕ੍ਰਾਂਤੀ ਦੇ ਵਿਚਾਰ ਨੂੰ "ਅਲੌਕਿਕ" ਦੱਸ ਰਹੀ ਸੀ ਅਤੇ ਇੱਕ "ਸਮੂਹਿਕ ਵਿਸ਼ੇ" ਦੀ ਧਾਰਨਾ ਦੀ ਭਾਵਨਾ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਸੀ ਅਤੇ ਸਮੁੱਚਤਾ ਦੇ ਖ਼ਤਰਿਆਂ 'ਤੇ ਜ਼ੋਰ ਦੇ ਰਹੀ ਸੀ, ਤਾਂ ਉਸੇ ਸਮੇਂ ਨਤੀਜਾ ਇਹ ਨਿਕਲਿਆ ਕਿ ਸਾਰਿਆਂ ਤੋਂ ਘੱਟ ਉਮੀਦ ਵਾਲੀ ਥਾਂ ਕ੍ਰਾਂਤੀ ਆ ਗਈ ਅਤੇ ਕਿਸੇ ਪ੍ਰਕਾਰ ਦੇ ਸਮੂਹਿਕ ਵਿਸ਼ੇ ਨੇ ਉੱਤਰ-ਪੂੰਜੀਵਾਦੀ ਨੌਕਰਸ਼ਾਹੀ ਉੱਤੇ ਹਮਲਾ ਕਰ ਦਿੱਤਾ ਜਾਇਰ ਤੌਰ ਤੇ ਇਸ ਪਰਿਵਰਤਨ ਦਾ ਮੌਜੂਦਾ ਨਤੀਜਾ ਇਹ ਨਹੀਂ ਹੈ ਕਿ ਕੋਈ ਵੀ ਸਮਾਜਵਾਦੀ ਇਸ ਉੱਤੇ ਅਰਾਮ ਨਾਲ ਵਿਚਾਰ ਕਰ ਸਕਦੇ; ਪਰ ਪੂਰਬੀ ਯੂਰਪ ਦੇ ਨਾਟਕੀ ਉਥਲ-ਪੁਥਲ ਨੇ ਪੱਛਮੀ ਉੱਤਰ-ਆਧੁਨਿਕਤਾ ਦੀਆਂ ਬਹੁਤ ਸਾਰੀਆਂ ਧਾਰਨਾਵਾਂ ਨੂੰ ਝੂਠਲਾਇਆ ਹੈ ਇਹ ਉੱਥਲ-ਪੁੱਥਲ ਉੱਤਰ-ਆਧੁਨਿਕਤਾਵਾਦ ਦਾ ਪਰਦਾਫ਼ਾਸ ਕਰਦੀ ਹੋਈ ਉੱਤਰ-ਆਧੁਨਿਕਤਾਵਾਦੀਆਂ ਨੂੰ ਉਦਾਰਵਾਦੀ ਪੂੰਜੀਵਾਦੀ ਬੁੱਧੀ-ਜੀਵੀਆਂ ਦੇ ਥੱਕੇ ਹੋਏ ਅੰਗ ਵਜੋਂ ਉਜਾਗਰ ਕੀਤਾ ਹੈ, ਜਿਨ੍ਹਾਂ ਨੇ ਆਪਣੀਆਂ ਸਥਾਨਿਕ ਸਮੱਸਿਆਵਾਂ ਨੂੰ ਵਿਆਪਕ ਮਾਨਵੀ ਸਥਿਤੀ ਮੰਨ ਲਿਆ ਹੈ, ਬਿਲਕੁਲ ਉਨ੍ਹਾਂ ਬ੍ਰਹਿਮੰਡੀ ਵਿਚਾਰਧਾਰਾਵਾਂ ਵਾਂਗ ਜਿਨ੍ਹਾਂ ਦਾ ਇਹ ਖੰਡਨ ਕਰਦੀ ਹੈਪਰ, ਭਾਵੇਂ ਕਿ ਉੱਤਰ-ਆਧੁਨਿਕਵਾਦ ਦੇ ਪੂਰਬ ਵਿਚ ਜੋ ਵਾਪਰਿਆ ਉਸ ਨੂੰ ਉੱਤਰ-ਆਧੁਨਿਕਤਾ ਤੋਂ ਉਪਯੋਗੀ ਰੂਪ ਵਿਚ "ਦੂਰ" ਕੀਤਾ ਗਿਆ ਹੈ, ਲੇਕਿਨ ਇਹ ਉਸ ਦੇ ਪਤਨ ਕਾਰਨ ਉਤਪਨ ਨਹੀਂ ਹੋਇਆ ਹੈ ਉੱਤਰ-ਆਧੁਨਿਕਤਾਵਾਦ ਸਮਾਜਵਾਦ ਦੀ ਹਾਰ ਦਾ ਪ੍ਰਤੀਕਰਮ ਘੱਟ ਹੈ (ਜੋ ਕਿ ਹਰ ਹਾਲ ਵਿਚ ਇਸ ਸਮੇਂ ਤੋਂ ਪੂਰਵ ਹੋਇਆ ਹੈ) ਅਤੇ ਪੂੰਜੀਵਾਦ ਦੀ "ਸਫਲਤਾ" ਪ੍ਰਤੀ ਜਵਾਬ ਵਧੇਰੇ ਹੈ। ਇਸ ਲਈ ਇੱਥੇ ਇੱਕ ਹੋਰ ਵਿਡੰਬਨਾ ਹੈਸੰਕਟਗ੍ਰਸਤ 1990 ਦੇ ਦਹਾਕੇ ਵਿੱਚ ਪੂੰਜੀਵਾਦੀ ਸਫ਼ਲਤਾ ਨੂੰ ਕੁਦਰਤ ਦਾ ਨਿਯਮ ਤੇ ਅਪਰਿਵਰਤਨਸ਼ੀਲ ਨਿਯਮ ਮੰਨਣਾ ਥੋੜਾ ਅਜੀਬ ਨਾਲੋਂ ਵੀ ਜ਼ਿਆਦਾ ਲਗਦਾ ਹੈ ਜੇਕਰ ਇਹ ਉਸ ਤਰ੍ਹਾਂ ਅਣਇਤਿਹਾਸਕ ਨਿਰਪੇਖਵਾਦ (ਨਿਰਕੁਸ਼ ਸ਼ਾਸਨਵਾਦ) ਹੈ, ਜਿਸ ਤਰ੍ਹਾਂ ਉਪਰੋਤਕ ਉੱਤਰ-ਆਧੁਨਿਕਤਾਵਾਦੀ ਤਿੱਖੀ ਪ੍ਰਤੀਕਿਰਿਆ ਕਰਦੇ ਹਨ, ਤਾਂ ਇਹ ਦੇਖਣਾ ਔਖਾ ਹੁੰਦਾ ਹੈ ਕਿ ਇਹ ਅਸਲ ਵਿਚ ਕੀ ਹੈ

(Where do postmodernists come from? ਨਵ-ਮਾਰਕਸਵਾਦੀ ਚਿੰਤਕ ਟੈਰੀ-ਈਗਲਟਨ ਦੁਆਰਾ “Monthly Review”: 47 (3). 59-70, 1995 July ਵਿਚ ਪ੍ਰਕਾਸ਼ਤ ਪੱਤਰ ਹੈ। ਇਸ ਪੱਤਰ ਨੂੰ ਅਨੁਵਾਦ ਕਰਨ ਲਈ ਅਸੀਂ ਸ਼੍ਰੀਮਾਨ Martin Paddio ਦੇ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ, ਜਿਨ੍ਹਾਂ ਬਿਨ੍ਹਾਂ ਕਿਸੇ ਦੇਰੀ ਤੋਂ ਅਨੁਵਾਦ ਕਰਨ ਦੀ ਆਗਿਆ ਦਿੱਤੀ)

‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...