ਅਨੁਵਾਦ (Translate)

Thursday, 21 April 2016

ਮਿੱਥ ਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ): ਮੈਟਾ-ਆਲੋਚਨਾਤਿਮਕ ਅਧਿਐਨ

https://www.researchgate.net/publication/301611406_Mith_Te_Vartman_Sawrajbir_Da_Nat-Parpekh_mitha_te_varatamana_savarajabira_da_nata-paripekha_maita-alocanatimaka_adhi%27aina

ਸਾਹਿਤ-ਆਲੋਚਨਾ ਵਿਚਾਰਧਾਰਕ, ਸਿਧਾਂਤਕ, ਦਾਰਸ਼ਨਿਕ ਤੇ ਬੌਧਿਕ ਕਿਸਮ ਦਾ ਜਟਿਲ ਕਾਰਜ ਹੈ, ਜੋ ਨਾਟ-ਸਿਰਜਨਾ ਦੇ ਸੰਦਰਭ ਵਿਚ ਹੋਰ ਵੀ ਵਧੇਰੇ ਮੁਸ਼ਕਿਲ ਪ੍ਰਤੀਤ ਹੁੰਦਾ ਹੈ ਇਸ ਦਾ ਕਾਰਨ ਨਾਟ-ਸਿਰਜਨਾ ਦੇ ਪ੍ਰਦਰਸ਼ਨੀ ਤੇ ਸ਼ਬਦੀ ਸੁਭਾਅ ਵਾਲੀ ਦੋਹਰੀ ਪ੍ਰਵਿਰਤੀ ਵਿਚ ਲੁਪਤ ਹੈ, ਜਿਸ ਦਾ ਇਕ ਪੱਖ ਜਿਥੇ ਸ਼ਾਬਦਿਕ ਰੂਪ ਵਿਚ ਪਾਠਕ ਸਾਵੇਂ ਅਪੂਰਨ ਰੂਪ ਵਿਚ ਹੋਂਦ ਗ੍ਰਹਿਣ ਕਰਦਾ ਹੈ ਅਤੇ ਇਸ ਦਾ ਦੂਜਾ ਰੂਪ ਰੰਗਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਦੇ ਰੂਪ ਵਿੱਚ ਸੰਪੂਰਨ ਪੇਸ਼ ਹੁੰਦਾ ਹੈ ਇਸ ਦੇ ਅੰਤਰਗਤ ਲਿਖਤ ਪਾਠ ਦੇ ਨਾਲ ਪ੍ਰਦਰਸ਼ਤ ਪਾਠ ਵੀ ਸ਼ਾਮਿਲ ਹੁੰਦਾ ਹੈ, ਇਸ ਲਈ ਨਾਟਕਕਾਰ ਆਪਣੀ ਸਿਰਜਣਾ ਅਧੀਨ ਪਾਠਕ (reader) ਅਤੇ ਦਰਸ਼ਕ (viewer) ਦੋਹਾਂ ਨੂੰ ਮੁਖ਼ਾਤਿਬ ਹੁੰਦਾ, ਸਿਰਜਕ ਦੇ ਨਾਲ-ਨਾਲ ਕਰਾਫ਼ਟਮੈਨ ਦੀ ਭੂਮਿਕਾ ਵੀ ਨਿਭਾਉਂਦਾ ਹੈ ਇਸ ਕਾਰਨ ਹੀ ਨਾਟ-ਸਿਰਜਨਾ ਦੀ ਅੰਤਹਕਰਨ ਦੀ ਸੂਖ਼ਮਤਾ ਨੂੰ ਰੰਗ-ਮੰਚ ਤੇ ਸਮੂਰਤ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਜਿਸ ਵਿਚ ਪ੍ਰਦਰਸ਼ਿਤ ਕਲਾ ਤੱਤ ਨਾਟ-ਸਿਰਜਨਾ ਦੇ ਲਿਖਤ ਰੂਪ ਵਿੱਚ ਹੀ ਮੌਜੂਦ ਹੁੰਦੇ ਹਨ, ਜਿਨ੍ਹਾਂ ਨੂੰ ਰੰਗਮੰਚ ਤੇ ਡੀਕੋਡ ਕਰਨ ਦਾ ਕਾਰਜ ਨਿਰਦੇਸ਼ਕ ਕਰਦਾ ਹੋਇਆ ਨਾਟ-ਸਿਰਜਨਾ ਨੂੰ ਸੰਪੂਰਨਤਾ ਪ੍ਰਦਾਨ ਕਰਦਾ ਹੈ ਇਸ ਪ੍ਰਕਾਰ ਨਾਟ-ਸਿਰਜਨਾ ਇੱਕ ਮਿਸ਼ਰਿਤ/ਜਟਿਲ ਕਲਾ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ, ਜਿਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਆਦਿ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਇਸ ਪ੍ਰਕਾਰ ਦੀ ਕਲਾ ਦਾ ਅਧਿਐਨ-ਵਿਸ਼ਲੇਸ਼ਣ ਵੀ ਵਿਸ਼ੇਸ਼ ਪ੍ਰਕਾਰ ਦੇ ਸਿਧਾਂਤਕ ਤੇ ਵਿਹਾਰਿਕ ਮਾਡਲ ਦੀ ਮੰਗ ਕਰਦਾ ਹੈ, ਜਿਸ ਦਾ ਪੈਰਾਡਾਇਮ ਲਿਖਤ ਦੀਆਂ ਵਿਭਿੰਨ ਪਰਤਾਂ ਤੇ ਪਸਾਰਾਂ ਦੇ ਵਿਸ਼ਲੇਸ਼ਣ ਤੋਂ ਲੈ ਕੇ ਰੰਗਮੰਚ ਦੀਆਂ ਵਿਭਿੰਨ ਸ਼ੈਲੀਆਂ, ਨਿਰਦੇਸ਼ਨ ਕਲਾ, ਸੰਗੀਤ ਆਦਿ ਤੱਕ ਫੈਲਿਆ ਹੋਵੇ
ਪੰਜਾਬੀ ਸਾਹਿਤ-ਆਲੋਚਨਾ ਦੇ ਖੇਤਰ ਵਿਚ ਇਸ ਪ੍ਰਕਾਰ ਦੇ ਨਾਟ-ਅਧਿਐਨ ਦਾ ਕਾਰਜ ਪ੍ਰੋ. ਪਿਆਰਾ ਸਿੰਘ ਗਿੱਲ (ਨਾਟਕ ਰਤਨਾਕਰ, 1933), ਗੁਰਚਰਨ ਸਿੰਘ (ਪੰਜਾਬੀ ਨਾਟਕਕਾਰ, 1951), ਕੁਲਦੀਪ ਸਿੰਘ ਸੇਠੀ (ਨਾਟਕ ਸਿਧਾਂਤ ਤੇ ਪੰਜਾਬੀ ਨਾਟਕ, 1957), ਸੁਰਜੀਤ ਸਿੰਘ ਸੇਠੀ (ਨਾਟ ਕਲਾ, 1974), ਸੰਤ ਸਿੰਘ ਸੇਖੋਂ(ਨਾਟਕ ਕਲਾ ਤੇ ਮੇਰਾ ਅਨੁਭਵ, 1978), ਬਲਵੰਤ ਗਾਰਗੀ (ਰੰਗਮੰਚ, 1961 ਤੇ ਲੋਕ ਨਾਟਕ, 1999) ਆਦਿ ਤੋਂ ਹੁੰਦਾ ਹੈ ਅਤੇ ਸਮਕਾਲੀ ਪੰਜਾਬੀ ਨਾਟ-ਆਲੋਚਨਾ ਵਿਚ ਸਤੀਸ਼ ਕੁਮਾਰ ਵਰਮਾ, ਆਤਮਜੀਤ, ਪਾਲੀ ਭੁਪਿੰਦਰ, ਕਮਲੇਸ਼ ਉਪਲ ਆਦਿ ਦੇ ਆਲੋਚਨਾਤਿਮਕ ਕਾਰਜ ਦੇ ਰੂਪ ਵਿਚ ਅਗ੍ਰਸਰ ਰਹਿੰਦਾ ਹੈ ਪ੍ਰੰਤੂ ਪੰਜਾਬੀ ਨਾਟ-ਚਿੰਤਨ ਦੀ ਸਮੱਸਿਆ ਇਸ ਖੇਤਰ ਵਿਚ ਵਿਸ਼ੇਸ਼ੱਗ ਆਲੋਚਨਾ ਦੀ ਘਾਟ ਜਾਂ ਵਿਕੋਲਿਤਰੇ ਰੂਪ ਵਿਚ ਸਾਹਮਣੇ ਆਉਣ ਵਿਚ ਨਿਹਿਤ ਹੈ ਇਸ ਸੰਦਰਭ ਵਿਚ ਜਿਥੇ ਪੰਜਾਬੀ ਨਾਟ-ਸਿਰਜਨਾ ਆਪਣੇ ਆਰੰਭ ਤੋਂ ਯਥਾਰਥਵਾਦੀ ਸਰੂਪ ਗ੍ਰਹਿਣ ਕਰਦੀ, ਫੌਰੀ ਕਾਰਨਾਂ ਕਾਰਨ ਸਿਧਾਂਤਕ ਤੇ ਰੰਗਮੰਚ ਦੀ ਸਮਰੱਥਾ ਨਾਲ ਲਬਰੇਜ ਸੰਗਠਿਤ ਰੂਪ ਵਿਚ ਆਰੰਭ ਹੁੰਦੀ ਹੈ, ਉਥੇ ਪੰਜਾਬੀ ਨਾਟ-ਚਿੰਤਨ ਨਾਟ-ਪਾਠ ਦੇ ਵਿਸ਼ਲੇਸ਼ਣ-ਮੁੱਲਾਂਕਣ ਦਾ ਕਾਰਜ ਵਿਚ ਸਿਧਾਂਤਕ ਤੇ ਵਿਹਾਰਿਕ ਰੂਪ ਵਿਚ ਸੰਗਠਿਤ ਤੇ ਵਿਸ਼ੇਸ਼ੱਗਾਂ (ਅਪਵਾਦਾਂ ਮੌਜੂਦ ਹਨ) ਵਾਲਾ ਸਰੂਪ ਨਹੀਂ ਕਰ ਪਾਈ ਸੀ ਇਸ ਪ੍ਰਸੰਗ ਵਿਚ ਵਧੇਰੇ ਨਾਟ-ਚਿੰਤਕ ਸਮਾਨਯ ਸਾਹਿਤ-ਸਿਧਾਂਤਾਂ ਜਾਂ ਕਿਸੇ ਹੋਰ ਵਿਧਾ ਦੇ ਵਿਸ਼ੇਸ਼ੱਗ ਚਿੰਤਕ ਹੀ ਪੰਜਾਬੀ ਨਾਟਕ ਦਾ ਅਧਿਐਨ ਕਰਨ ਵੱਲ ਰੁਚਿਤ ਹੁੰਦੇ ਹਨ ਪ੍ਰੰਤੂ ਪੰਜਾਬੀ-ਨਾਟ ਚਿੰਤਨ ਦੇ ਵਿਕਾਸ ਲਈ ਪ੍ਰਾਪਤ ਵਿਲੋਕਲਿਤਰੇ ਮੌਲਿਕ ਤੇ ਵਿਸ਼ੇਸ਼ੱਗ ਖੋਜ/ਆਲੋਚਨਾਤਮਿਕ ਕਾਰਜਾਂ ਤੋਂ ਇਲਾਵਾ ਪੰਜਾਬੀ ਨਾਟਕ-ਸੰਰਚਨਾ ਦੀ ਸਮਝ ਹਿੱਤ ਹੋਰਾਨਾਂ ਵਿਧਾਵਾਂ ਦੇ ਆਲੋਚਕਾਂ ਨੇ ਆਪਣੀ ਸੰਪਾਦਿਤ ਕਲਾ ਦਾ ਪ੍ਰਦਰਸ਼ਨ ਕਰਦਿਆਂ ਅਨੇਕਾਂ ਸੰਪਾਦਿਤ ਪੁਸਤਕਾਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ, ਜਿਨ੍ਹਾਂ ਪੁਸਤਕਾਂ ਨੇ ਸੰਬੰਧਿਤ ਚਿੰਤਨ ਪਰੰਪਰਾ ਦੇ ਪ੍ਰਵਾਹ ਨੂੰ ਪਸਾਰਨ ਤੇ ਪ੍ਰਚਾਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ ਇਸ ਭੂਮਿਕਾ ਅਧੀਨ ਹੀ ਡਾ. ਸਰਬਜੀਤ ਸਿੰਘ ਦੁਆਰਾ ਸੰਪਾਦਿਤ ਪੁਸਤਕ ਮਿੱਥ ਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ) ਇਕ ਮਹੱਤਪੂਰਨ ਪੁਸਤਕ ਵਜੋਂ ਸਾਹਮਣੇ ਆਉਂਦੀ ਹੈ, ਜੋ ਸਮਕਾਲੀ ਨਾਟਕਕਾਰ ਸਵਰਾਜਬੀਰ ਦੀ ਨਾਟ-ਸਿਰਜਨ ਦੇ ਵਿਹਾਰ ਤੇ ਸ਼ਾਸਤਰ ਨੂੰ ਤਲਾਸ਼ਣ ਦਾ ਯਤਨ ਕਰਦੀ, ਕਲਾ ਭਾਰਤੀ ਮਿੱਥ-ਸੰਰਚਨਾ ਦੀਆਂ ਪਰਤਾਂ ਨੂੰ ਫਰੋਲਦੀ ਹੈ ਅਤੇ ਮਿੱਥ ਦੇ ਸਥਾਪਿਤ ਅਰਥਾਂ ਨੂੰ ਵਿਖੰਡਤ ਕਰਕੇ ਅਰਥਾਂ ਨੂੰ ਤਰਲਤਾ ਪ੍ਰਦਾਨ ਕਰਦੀਆਂ ਪਾਠ ਦੀਆਂ ਅਨੇਕਾਂ ਪਰਤਾਂ/ਪਸਾਰਾਂ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ ਇਸ ਪੁਸਤਕ ਵਿਚਲੀ ਭੂਮਿਕਾ ਦੇ ਅੰਤਰਗਤ ਡਾ. ਸਰਬਜੀਤ ਸਿੰਘ ਆਪਣੀ ਕਲਾਸੀਕਲ ਮਾਰਕਸਵਾਦੀ-ਦ੍ਰਿਸ਼ਟੀ ਦਾ ਪ੍ਰਮਾਣ ਦਿੰਦਾ ਹੋਇਆ ਨਾਟਕੀ-ਵਿਧਾ ਦੀ ਰੀਤੀਆਂ, ਸਵਰਾਜਬੀਰ ਦੀ ਨਾਟ-ਸਿਰਜਨਾ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਮੁੱਖ ਰੂਪ ਵਿਚ ਆਪਣੇ ਅਧਿਐਨ-ਵਸਤੂ ਬਣਾ ਦਿੰਦਾ ਪੁਸਤਕ ਵਿਚਲੇ ਮਜ਼ਮੂਨਾਂ ਬਾਰੇ ਖ਼ਾਮੋਸ਼ੀ ਧਾਰਨ ਕਰਦਾ ਹੈ ਅਤੇ ਉਨ੍ਹਾਂ ਦੀ ਸੰਬਾਦਿਤਾ ਦੀ ਪਛਾਣ ਨੂੰ ਪਾਠਕ ਦੀ ਬੌਧਿਕਤਾ ਦੀ ਕਾਰਜ ਭੂਮੀ ਦੀ ਵਸਤ ਬਣਾਉਂਦਾ ਹੈ ਇਸ ਤਰ੍ਹਾਂ ਦਾ ਆਲੋਚਨਾਤਿਮਕ ਨੁਕਤਾ ਨਿਰਸੰਦੇਹ ਪਾਠਕ ਨੂੰ ਪੁਸਤਕ ਨਾਲ ਜੋੜਨ ਦਾ ਇਕ ਮਹੱਤਵਪੂਰਨ ਬਿੰਦੂ ਹੈ, ਜਿਸ ਅਧੀਨ ਸਰਵ-ਪ੍ਰਥਮ ਅਧਿਐਨ-ਕਰਤਾ ਡਾ. ਗੁਰਇਕਬਾਲ ਸਿੰਘ ਦੇ ਆਲੋਚਨਾਤਮਿਕ-ਮਜ਼ਮੂਨ ਸਵਰਾਜਬੀਰ ਦੇ ਨਾਟਕ : ਮਿੱਥ ਦਾ ਨਵ-ਸਿਰਜਣ ਦੇ ਸਨਮੁੱਖ ਹੁੰਦਾ ਹੈ ਇਸ ਆਲੋਚਨਾਤਿਮਕ ਪਾਠ ਵਿਚ ਗੁਰਇਕਬਾਲ-ਆਲੋਚਨਾ ਸਵਰਾਜਬੀਰ ਦੀ ਸਮੁੱਚੀ ਨਾਟ-ਸਿਰਜਨਾ ਨੂੰ ਆਾਪਣੇ ਅਧਿਐਨ ਖੇਤਰ ਵਿਚ ਲੈਂਦਾ ਹੋਇਆ, ਪਾਠ ਤੋਂ ਪਰਿਪੇਖ, ਪਰਿਪੇਖ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਵੱਲ ਆਪਣੇ ਅਧਿਐਨ ਨੂੰ ਫੈਲਾਉਂਦਾ ਹੈ ਗੁਰਇਕਬਾਲ-ਆਲੋਚਨਾ ਇਸ ਮਜ਼ਮੂਨ ਅਧੀਨ ਸਵਰਾਜਬੀਰ ਦੀ ਨਾਟ-ਸਿਰਜਨਾ ਨੂੰ ਪੰਜਾਬੀ ਨਾਟ-ਪਰੰਪਰਾ ਅਧੀਨ ਰੱਖਕੇ ਵੇਖਦਾ, ਸਵਰਾਜਬੀਰ ਦੀ ਨਾਟ-ਸਿਰਜਨਾ ਦੀ ਵਿਭਿੰਨਤਾ ਤੇ ਨਵੀਨਤਾ ਨੂੰ ਸਥਾਪਿਤ ਕਰਦਾ ਹੈ ਅਤੇ ਉਸ ਦੀ ਨਾਟ-ਸਿਰਜਨਾ ਦੀਆਂ ਪ੍ਰਤੀਕ-ਪ੍ਰਬੰਧ ਨੂੰ ਨਵਿਆਉਂਦਾ ਹੋਇਆ, 'ਕ੍ਰਿਸ਼ਨ', 'ਮੇਦਨੀ' ਤੇ 'ਧਰਮ ਗੁਰੂ' ਨਾਟਕ ਵਿਚਲੇ ਅਰਥਾਂ ਨੂੰ ਵਰਤਮਾਨ ਪਰਿਪੇਖ ਵਿਚੋਂ ਤਲਾਸ਼ਦਾ ਹੈ ਇਸ ਦੇ ਅਰਥ ਨਿਰਧਾਰਨ ਦੀ ਪ੍ਰਕਿਰਿਆ ਦੇ ਅੰਤਰਗਤ ਗੁਰਇਕਬਾਲ-ਆਲੋਚਨਾ ਪਾਠਮੂਲਕ ਵਿਧੀ ਆਪਣਾਉਂਦੀ ਹੋਈ ਪਾਠ ਤੋਂ ਰਾਜਨੀਤਿਕ ਪਰਿਪੇਖ, ਰਾਜਨੀਤੀ ਤੋਂ ਆਰਥਕਿ ਪਰਿਪੇਖ ਵੱਲ ਅਗ੍ਰਸ ਹੁੰਦੀ ਹੈ ਅਤੇ ਇਨ੍ਹਾਂ ਦੀ ਵਿਆਖਿਆ ਲਈ ਬਾਰ-ਬਾਰ ਪਾਠ ਵੱਲ ਮੁੜਦਾ ਹੈ ਦਰਅਸਲ ਇਸ ਚੱਕਰੀ ਅਧਿਐਨ-ਵਿਧੀ ਦਾ ਅਧਾਰ-ਬਿੰਦੂ ਗੁਰਇਕਬਾਲ-ਆਲੋਚਨਾ ਦੀ ਨਵ-ਮਾਕਸਵਾਦੀ ਪਹੁੰਚ ਵਿਚ ਲੁਪਤ ਹੈ, ਜਿਸ ਅਧੀਨ ਉਹ ਬੰਧਨਯੁਕਤ ਸਿਧਾਂਤ ਚਿੰਤਨ ਦਾ ਮੁਦਾਈ ਹੋਣ ਦੀ ਬਜਾਇ ਸਥਾਪਿਤ ਦੀ ਵਿਸਥਾਪਿਤੀ ਦੀ ਦ੍ਰਿਸ਼ਟੀ ਤੋਂ ਸਮਸਤ ਸਰਵਰਾਜਬੀਰ ਨਾਟ-ਸਿਰਜਨਾ ਨੂੰ ਵੇਖਦੀ ਹੈ1
ਇਸ ਤੋਂ ਅੱਗੇ ਵਸਤੂ-ਨਿਸ਼ਠ ਦ੍ਰਿਸ਼ਟੀ ਦੁਆਰਾ ਸਵਰਾਜਬੀਰ ਦੀ ਨਾਟ-ਸਿਰਜਨਾ ਦੀ ਹੋਂਦ-ਵਿਧੀ ਨੂੰ ਸਮਾਜਿਕ-ਇਤਿਹਾਸਕ ਪ੍ਰਕਿਰਿਆ ਨਾਲ ਅੰਤਰ-ਸੰਬੰਧਿਤ ਕਰਕੇ ਤਲਾਸ਼ਣ ਦਾ ਯਤਨ ਕਰਦਾ ਤੇ ਪਰਿਵੇਸ਼ ਤੇ ਪਾਠ ਦੇ ਅੰਤਰਲੇ/ਅੰਦਰਲੇ ਸੰਬੰਧਾਂ ਨੂੰ ਵੇਖਦਾ ਡਾ. ਰਜਨੀਸ਼ ਬਹਾਦਰ ਸਿੰਘ ਦਾ ਮਜ਼ਮੂਨ ਸਵਰਾਜਬੀਰ ਦੇ ਨਾਟਕ : ਵਿਚਾਰਧਾਰਕ ਆਧਾਰ ਦ੍ਰਿਸ਼ਟੀਗੋਚਰ ਹੁੰਦਾ ਹੈ ਇਹ ਮਜ਼ਮੂਨ ਸਰਲ, ਸੰਕੇਤਕ ਤੇ ਸਪੱਸ਼ਟ ਵਾਕ-ਸੰਰਚਨਾ ਦੁਆਰਾ ਸਵਰਾਜਬੀਰ ਦੀ ਨਾਟ-ਸਿਰਜਨਾ ਦੇ ਵਿਚਾਰਧਾਰਕ ਆਧਾਰ ਦੀ ਪਹਿਚਾਣ ਕਰਦਾ, ਮਾਰਕਸਵਾਦੀ ਪਹੁੰਚ ਵਿਧੀ ਦੀ ਰੌਸ਼ਨੀ ਅਧੀਨ ਭਾਰਤੀ ਮਿੱਥ-ਸ਼ਾਸਤਰ ਦੇ ਅੰਤਰਗਤ ਕਾਰਜਸ਼ੀਲ ਦਲਿਤ ਤੇ ਦਮਿਤ ਸ਼੍ਰੇਣੀ ਦੇ ਦ੍ਰਿਸ਼ਟੀਕੋਣ ਨੂੰ ਅਗ੍ਰਭੂਮਿਤ ਕਰਦਾ ਨਜ਼ਰੀ ਪੈਂਦਾ ਹੈ ਇਸ ਪ੍ਰਸੰਗ ਵਿਚ ਇਸ ਆਲੋਚਨਾਤਿਮਕ ਮਜ਼ਮੂਨ ਦੀ ਵਿਸ਼ੇਸ਼ ਪ੍ਰਾਪਤੀ ਸਵਰਾਜਬੀਰ ਦੀ ਨਾਟ-ਸਿਰਜਨਾ ਅਧੀਨ ਕਾਰਜਸ਼ੀਲ ਵਿਚਾਰਧਾਰਕ ਅੰਸ਼ਾਂ ਤੇ ਸੁਹਾਤਮਿਕ ਰੀਤੀਆਂ ਦੀ ਸੰਤੁਲਿਨ ਪਹਿਚਾਣ ਕਰਨ ਵਿਚ ਨਿਹਿਤ ਹੈ, ਜੋ ਰਜਨੀਸ਼-ਆਲੋਚਨਾ ਅੰਤਰੰਗ ਤੇ ਬਾਹਰੰਗ ਆਲੋਚਨਾ ਤੋਂ ਪ੍ਰੇਰਿਤ ਮਿਸ਼ਰਤ ਭਾਂਤੀ ਆਲੋਚਨਾਤਿਮਕ ਪੱਧਤੀ ਦੀ ਦੇਣ ਹੈ ਇਸ ਅਧੀਨ ਰਜਨੀਸ਼ ਨਾਟ-ਆਲੋਚਨਾ ਵਿਹਾਰਿਕ ਧਰਾਤਲ ਉੱਤੇ ਸਵਰਾਜਬੀਰ ਦੇ ਨਾਟ-ਪਾਠਾਂ ਦਾ ਮੁਤੱਲਿਆ ਕਰਨ ਸਮੇਂ (ਅਪਵਾਦਾਂ ਨੂੰ ਛੱਡਕੇ) ਪਾਠਮੂਲਕ ਅਧਿਐਨ ਵਿਧੀ ਅਪਣਾਉਂਦੀ ਹੋਈ ਪ੍ਰਸੰਗ ਤੋਂ ਪਾਠ, ਕਈ ਵਾਰ ਪਾਠ ਤੋਂ ਪ੍ਰਸੰਗ ਵੱਲ ਜਾਂਦੀ, ਪਾਠਮੂਲਕ ਆਲੋਚਨਾਤਿਮਕ-ਪਹੁੰਚ ਅਖ਼ਤਿਆਰ ਕਰਦੀ ਹੈ ਇਸ ਪਹੁੰਚ ਕਾਰਨ ਹੀ ਰਜਨੀਸ਼ ਨਾਟ-ਆਲੋਚਨਾ ਸਵਰਾਜਬੀਰ ਨਾਟ-ਸਿਰਜਨਾ ਦੀ ਰਚਨਾ-ਵਸਤੂ, ਰਚਨਾ-ਵਿਧੀ ਤੇ ਰਚਨਾ-ਦ੍ਰਿਸ਼ਟੀ ਦੀ ਤ੍ਰੈ-ਦਿਸ਼ਾਵੀ ਪਹੁੰਚ ਅਪਣਾਉਂਦੀ ਹੈ2
ਇਸ ਦੇ ਨਾਲ ਟੀਨਾ ਮਨਚੰਦਾ ਦਾ ਮਜ਼ਮੂਨ ਸਮਕਾਲੀ ਪੰਜਾਬੀ ਨਾਟਕ ਅਤੇ ਸਵਰਾਜਬੀਰ ਗੁਰਇਕਬਾਲ ਤੇ ਰਜਨੀਸ਼ ਬਹਾਦਰ ਦੀ ਆਲੋਚਨਾਤਮਿਕ ਪਹੁੰਚ ਤੋਂ ਵਿੱਥ ਉੱਤੇ ਵਿਚਰਦਾ ਹੋਇਆ, ਸਵਰਾਜਬੀਰ ਦੀ ਨਾਟ-ਸਿਰਜਨਾ ਨੂੰ ਪੰਜਾਬੀ ਨਾਟ-ਪਰੰਪਰਾ ਅਧੀਨ ਰੱਖਕੇ ਅਧਿਐਨ ਕਰਨ ਦਾ ਦਾਅਵਾ ਕਰਦਾ ਹੈ ਪ੍ਰੰਤੂ ਅੱਠ ਪੰਨਿਆ ਦੇ ਇਸ ਆਲੋਚਨਾਤਿਮਕ ਨਿਬੰਧ ਵਿਚ ਦੋ ਪੰਨੇ ਹੀ ਸਵਰਾਜਬੀਰ ਦੀ ਨਾਟ-ਸਿਰਜਨਾ ਦਾ ਅਧਿਐਨ ਦਲਿਤ-ਦ੍ਰਿਸ਼ਟੀ ਦੀ ਰਹਿਨੁਮਾਈ ਵਿਚ ਕਰਦਾ, ਬੇਲੋੜੇ, ਨਿਰਾਰਥਕ ਤੇ ਅਪ੍ਰਸੰਗਿਕ ਵਿਸਥਾਰ ਦਾ ਸ਼ਿਕਾਰ ਹੈ ਇਸ ਦੇ ਮੁਕਾਬਲਨ ਡਾ. ਮੋਹਨਜੀਤ ਦਾ ਮਜ਼ਮੂਨ ਨਟੂਆ ਭੇਖ ਦਿਖਾਵੇ ਬਹੁ ਬਿਧਿ, ਸਵਰਾਜਬੀਰ ਦੇ ਨਾਟਕਾਂ ਦੀਆਂ ਜੁਗਤਾਂ ਵਧੇਰੇ ਮਹੱਤਤਾ ਦਾ ਧਾਰਨੀ ਹੈ, ਜਿਸ ਵਿਚ ਮੋਹਨਜੀਤ ਨੇ ਭਾਰਤੀ ਤੇ ਪੱਛਮੀ ਨਾਟ-ਸ਼ਾਸਤਰ ਅਧੀਨ ਨਿਰਧਾਰਿਤ ਨਾਟ-ਜੁਗਤਾਂ ਦੀ ਦਾਰਸ਼ਨਿਕ ਵਿਆਖਿਆ ਦੁਆਰਾ ਸਵਰਾਜਬੀਰ ਦੇ ਨਾਟਕਾਂ ਦੀਆਂ ਕਲਾਤਮਿਕ ਰੀਤੀਆਂ ਨੂੰ ਤਲਾਸ਼ਿਆਂ ਹੈ ਮੋਹਨਜੀਤ ਦਾ ਇਹ ਅਧਿਐਨ ਸਵਰਾਜਬੀਰ ਦੀ ਨਾਟ-ਸਿਰਜਨਾ ਤੇ ਭਾਰਤੀ-ਸਾਹਿਤ ਵਿਚਲੇ ਅੰਤਰਪਾਠਕ-ਸੰਬੰਧਾਂ (inter-textual relationship) ਨੂੰ ਪਹਿਚਾਨਣ ਦਾ ਵਿਸ਼ੇਸ਼ ਤੇ ਸਾਰਥਕ ਯਤਨ ਹੈ
ਇਨ੍ਹਾਂ ਉਪਰੋਕਤ ਆਲੋਚਨਾਤਮਿਕ ਮਜ਼ਮੂਨਾਂ, ਜੋ ਸਵਰਾਜਬੀਰ ਨਾਟ-ਸਿਰਜਨਾ ਨੂੰ ਸਮੁੱਚੇ ਰੂਪ ਵਿਚ ਅਧਿਐਨ-ਵਸਤ ਵਜੋਂ ਗ੍ਰਹਿਣ ਕਰਦੇ ਹਨ, ਦੇ ਨਾਲ ਹੀ ਸੰਬੰਧਿਤ ਪੁਸਤਕ ਵਿਚ ਸਵਰਾਜਬੀਰ ਨਾਟ-ਸਿਰਜਨਾ ਦੇ ਵਿਭਿੰਨ ਪਸਾਰਾਂ ਨੂੰ ਅੰਸ਼ਕ ਰੂਪ (ਵੱਖਰੇ-ਵੱਖਰੇ ਨਾਟਕਾਂ ਨੂੰ) ਵਿਚ ਵੀ ਵਿਸ਼ਲੇਸ਼ਣ-ਮੁਲਾਂਕਣ ਦੇ ਘੇਰੇ ਵਿਚ ਲਿਆ ਗਿਆ ਹੈ ਇਸ ਅਧੀਨ ਸਰਵ ਪ੍ਰਥਮ ਸਵਰਾਜਬੀਰ ਨਾਟ-ਸਿਰਜਨਾ ਦੇ ਪ੍ਰਮੁੱਖ ਅੰਸ਼ ਕ੍ਰਿਸ਼ਨ ਨੂੰ ਵਿਭਿੰਨ ਵਿਧਾਵਾਂ ਦੇ ਆਲੋਚਕਾਂ ਵੱਲੋਂ ਆਪਣੇ ਅਧਿਐਨ ਖੇਤਰ ਵਿਚ ਲਿਆ ਹੈ, ਜਿਸ ਦੇ ਅੰਤਰਗਤ ਤੇਜਵੰਤ ਸਿੰਘ ਗਿੱਲ ਦਾ ਆਲੋਚਨਾਤਿਮਕ-ਮਜ਼ਮੂਨ ਨਾਟਕ ਕ੍ਰਿਸ਼ਨ ਦੀਆਂ ਅੰਤਰੀਵ ਪਰਤਾਂ ਧਿਆਨਦੇਣ-ਯੋਗ ਤੇ ਸਿਰਨਾਤਮਿਕ ਨਿਬੰਧ ਹੈ ਇਹ ਨਿਬੰਧ ਆਪਣੀ ਆਧਾਰ ਭੂਮੀ ਇਤਾਵਲੀ ਚਿੰਤਕ ਅਨਾਤੋਲ ਗ੍ਰਾਮਸ਼ੀ (Antonio Grahmsci) ਦੇ ਸਿਧਾਂਤਕ-ਚਿੰਤਨ ਨੂੰ ਅਵਚੇਤਨੀ ਧਰਾਤਲ ਉੱਤੇ ਕਾਰਜਸ਼ੀਲ ਕਰਦਾ ਹੋਇਆ ਸੁਬੋਧ ਤੇ ਲੋਕ-ਬੋਧ ਦੇ ਅੰਤਰ ਵਿਚੋਂ ਕ੍ਰਿਸ਼ਨ ਦੀ ਸਥਾਪਿਤ ਤੇ ਵਿਸਥਾਪਿਤ ਹੁੰਦੇ ਪ੍ਰਤੀਰੂਪ ਨੂੰ ਭਾਰਤੀ ਸਾਹਿਤ ਪਰੰਪਰਾ ਤੇ ਸਭਿਆਚਾਰਕ ਸਪੇਸ ਵਿਚੋਂ ਤਲਾਸ਼ਦਾ ਹੈ ਅਜਿਹਾ ਕਰਦੇ ਸਮੇਂ ਗ੍ਰਾਮਸ਼ੀ ਦਾ ਹੈਜਮਨੀ (hegemony) ਦਾ ਸੰਕਲਪ ਅਤੇ ਦਵੰਦਾਤਿਮਕ-ਇਤਿਹਾਸਕ ਦ੍ਰਿਸ਼ਟੀ ਸਦਾ ਉਸਦੇ ਚਿੰਤਨ ਦੇ ਅਵਚੇਤਨੀ ਧਰਾਤਲ ਵਿਚੋਂ ਆਪਣੀ ਕਨਸੋਈਆਂ ਦਿੰਦੀ ਹੈ ਇਸ ਦਾ ਇਕ ਪ੍ਰਮਾਣ ਕ੍ਰਿਸ਼ਨ ਨਾਟਕ ਦੀਆਂ ਅੰਤਰੀਵ ਪਰਤਾਂ ਫਰੋਲਦੇ ਹੋਏ ਸੁਪਨੇ ਦੀ ਵਿਆਖਿਆ ਸਮੇਂ ਨਜ਼ਰਸਾਨੀ ਹੁੰਦੀ ਹੈ, ਜਿਸ ਅਧੀਨ ਤੇਜਵੰਤ-ਆਲੋਚਨਾ ਸੁਪਨੇ ਦੀ ਵਿਆਖਿਆ ਲਈ ਫਰਾਇਡਵਾਦੀ ਚਿੰਤਨ ਦੀ ਟੇਕ ਲੈਣ ਦੀ ਬਜਾਇ ਆਪਣੀ ਵਿਚਾਰਧਾਰਕ ਸਪੱਸ਼ਟਤਾ ਕਾਰਨ ਸੁਪਨੇ ਦੇ ਸਰੂਪ ਤੇ ਸੁਭਾਅ ਨੂੰ ਦਵੰਦਾਤਿਮਕ-ਇਤਿਹਾਸ ਨਜ਼ਰੀਏ ਤੋਂ ਸਮਝ ਵੱਲ ਤੁਰਦੀ ਹੈ ਅਤੇ ਸੁਪਨੇ ਦੀ ਭੂਮੀ ਨੂੰ ਆਦਰਸਕ/ਭ੍ਰਮਕ ਸਥਿਤੀ ਵਜੋਂ ਹੀ ਸਪੱਸ਼ਟ ਕਰਦੀ ਹੈ3 ਇਸ ਨਾਲ ਤੇਜਵੰਤ-ਆਲੋਚਨਾ ਸਵਰਾਜਬੀਰ ਨਾਟ-ਸਿਰਜਨਾ ਦੀਆਂ ਅੰਤਰੀਵ ਪਰਤਾਂ ਨੂੰ ਵਿਚਾਰਧਾਰਕ ਸਪੱਸ਼ਟਤਾ ਤੇ ਸੰਤੁਲਿਨਤਾ ਦੁਆਰਾ ਕਰਦੀ ਹੈ
ਇਸ ਦੇ ਨਾਲ ਹੀ ਡਾ. ਸਰਬਜੀਤ ਸਿੰਘ ਨੇ ਆਪਣੇ ਆਲੋਚਨਾਤਿਮਕ-ਨਿਬੰਧ ਕ੍ਰਿਸ਼ਨ : ਰਾਜਨੀਤਕ ਪ੍ਰਵਚਨ ਅਧੀਨ ਵੀ ਸਵਰਾਜਬੀਰ ਨਾਟ-ਸਿਰਜਨਾ ਦੇ ਅਧਿਐਨ ਲਈ ਦਵੰਦਾਤਮਿਕ-ਇਤਿਹਾਸਵਾਦੀ ਦਰਸ਼ਨ ਦੀ ਸਹਾਇਤਾ ਲਈ ਹੈ ਜਿਸ ਦੇ ਅੰਤਰਗਤ ਸਿਧਾਂਤ ਤੋਂ ਸਫ਼ਰ ਆਰੰਭ ਕਰਦਿਆਂ ਸਰਬਜੀਤ-ਆਲੋਚਨਾ ਰਾਜਨੀਤਿਕ ਚੇਤਨਾ ਤੋਂ ਆਰਥਿਕਤਾ ਅਤੇ ਆਰਥਿਕਤਾ ਤੋਂ ਭਵਿੱਖਮੁੱਖੀ ਵਿਕਾਸਮੁੱਖੀ-ਪਰਿਵਰਤਨ ਦੀ ਸੋਝੀ ਨੂੰ ਪਾਠ ਵਿਚੋਂ ਪਹਿਚਾਨਣ ਦਾ ਯਤਨ ਕਰਦਾ ਹੈ ਅਤੇ ਨਾਲ ਹੀ ਹੈਜਮਨੀਕਲ ਸਥਿਤੀ (hegemony situation) ਨੂੰ ਵੀ ਆਪਣੀ ਦ੍ਰਿਸ਼ਟੀ ਅਧੀਨ ਲਿਆਉਂਦਾ ਹੈ ਪ੍ਰੰਤੂ ਇਥੇ ਸਰਬਜੀਤ-ਆਲੋਚਨਾ ਦੀ ਸਮੱਸਿਆ ਮਿਥਿਹਾਸ ਨੂੰ ਇਤਿਹਾਸ ਨਾਲੋਂ ਨਿਖੇੜਦਿਆਂ ਹੋਇਆ, ਮਿਥਿਹਾਸ ਨੂੰ ਕਾਲਪਨਿਕ/ਵਿਸ਼ਵਾਸ ਅਧਾਰਿਤ ਅਤੇ ਇਤਿਹਾਸ ਨੂੰ ਤੱਥ ਅਧਾਰਿਤ ਕਿਆਸ ਕਰਨ ਵਿਚ ਨਿਸਚਿਤ ਹੈ, ਜਿਸ ਕਾਰਨ ਸਰਬਜੀਤ-ਆਲੋਚਨਾ ਦੀ ਮਕਾਨਕੀ ਪਦਾਰਥਵਾਦੀ ਦ੍ਰਿਸ਼ਟੀ ਇਸ ਨੁਕਤੇ ਤੋਂ ਆਵੇਸਲੀ ਹੈ ਕਿ ਇਤਿਹਾਸ ਲਿਖਣ ਦਾ ਮੌਜੂਦਾ ਦਸਤਾਵੇਜੀ ਪੈਟਰਨ ਪੱਛਮੀ ਸਭਿਅਤਾ ਤੋਂ ਉਧਰਿਤ/ਆਰੋਪਿਤ ਕੀਤਾ ਗਿਆ ਹੈ, ਜਦੋਂ ਕਿ ਭਾਰਤੀ ਪ੍ਰਸੰਗ ਵਿਚ ਇਤਿਹਾਸ ਲਿਖਣ ਦਾ ਕਾਰਜ ਤਤਕਾਲੀਨ ਸਥਿਤੀਆਂ/ਪ੍ਰਸਥਿਤੀਆਂ ਨੂੰ ਸਿਰਜਨਾਤਿਮਕ ਬਿਰਤਾਂਤਕ ਰੂਪ ਅਧੀਨ ਕੋਡਿਡ (coded) ਕਰਨ ਦਾ ਹੈ ਇਸ ਪ੍ਰਸੰਗ ਵਿਚ ਦਰਕਾਰ ਇਨ੍ਹਾਂ ਕੋਡਾਂ ਨੂੰ ਸੁਬੋਧ ਧਾਰਨੀ ਜੈਵਿਕ ਬੁੱਧੀਜੀਵੀਆਂ (organic intellectuals) ਵੱਲੋਂ ਡੀਕੋਡ ਕਰਨ ਦੀ ਮੰਗ ਕਰਦਾ ਹੈ, ਪ੍ਰੰਤੂ ਸਿਧਾਂਤਕ ਪੱਧਰ ਤੇ ਇਸ ਨੁਕਤੇ ਦੇ ਸੁਚੇਤ ਪੱਧਰ ਤੋਂ ਨਿਰਲੇਪ ਹੈ4
ਪ੍ਰੰਤੂ ਉਪਰੋਕਤ ਸਿਧਾਂਤਕ ਵਿਸੰਗਤੀ ਦੇ ਬਾਵਜੂਦ ਸਰਬਜੀਤ-ਆਲੋਚਨਾ ਸਵਰਾਜਬੀਰ ਨਾਟ-ਸਿਰਜਨਾ ਦੇ ਰਾਜਨੀਤਿਕ ਪ੍ਰਵਚਨ ਦੇ ਲੁਪਤ ਤੇ ਮਹੀਨ ਬਿੰਦੂਆਂ ਤੇ ਆਧਾਰ ਤੱਤਾਂ ਨੂੰ ਪਹਿਚਾਨਣ ਵਿਚ ਸਫ਼ਲ ਰਹੀ ਹੈ, ਜਿਸ ਸਫ਼ਲਤਾ ਅਧੀਨ ਸਰਬਜੀਤ-ਆਲੋਚਨਾ ਰਾਜਨੀਤਿਕ ਮੁਕਤੀ ਦੇ ਪ੍ਰਵਚਨ ਨੂੰ ਉਭਾਰਦੀ, ਅਤੀਤ ਦੇ ਅਧਿਐਨ ਵਿਚ ਵਰਤਮਾਨ ਨੂੰ ਸਮਝਦੀ ਹੈ ਇਸ ਪ੍ਰਕਾਰ ਦਾ ਯਤਨ ਹੀ ਅਗਲੇਰੇ ਮਜ਼ਮੂਨ ਨਾਟਕ ਕ੍ਰਿਸ਼ਨ : ਮਿੱਥ ਦਾ ਵਿਸਥਾਪਨ ਵਿਚ ਡਾ. ਓਮਾ ਸੇਠੀ ਕਰਦੀ ਨਜ਼ਰੀ ਪੈਂਦੀ ਹੈ, ਜੋ ਪੂਰਵਲੇ ਮਜ਼ਮੂਨਾਂ ਦਾ ਅਨੁਕਰਨ ਕਰਦੀ ਪ੍ਰਤੀਤ ਹੁੰਦੀ ਹੈ ਅਤੇ ਇਨ੍ਹਾਂ ਨਿਬੰਧਾਂ ਦੇ ਵਿਧਾਨ ਵਿਚ ਭਾਵੇਂ ਅੰਤਰ ਦ੍ਰਿਸ਼ਟੀਗੋਚਰ ਹੁੰਦਾ ਹੈ, ਪ੍ਰੰਤੂ ਦ੍ਰਿਸ਼ਟੀ, ਵਿਧੀ ਤੇ ਵਸਤੂ ਦੀ ਸਾਂਝ ਇਸ ਪੱਧਰ ਤੱਕ ਹੈ ਕਿ ਇਹ ਨਿਬੰਧ ਕਈ ਧਾਰਨਾਵਾਂ ਵਿਚ ਇਕ-ਦੂਜੇ ਦਾ ਪ੍ਰਤੀਰੂਪ ਜਾਪਦੇ ਹਨ5
ਇਸ ਤੋਂ ਅੱਗੇ ਸਵਰਾਜਬੀਰ ਨਾਟ-ਸਿਰਜਨਾ ਦੀ ਅਧਿਐਨ-ਵਿਸ਼ਲੇਸ਼ਣ ਕਰਦੀ ਸੰਬੰਧਿਤ ਪੁਸਤਕ ਸਵਰਾਜਬੀਰ ਨਾਟ-ਸਿਰਜਨਾ ਦੇ ਦੂਜੇ ਮਹੱਤਵਪੂਰਨ ਪਾਸਾਰ 'ਧਰਮ ਗੁਰੂ' ਦਾ ਪੰਜ ਆਲੋਚਨਾਤਮਿਕ-ਮਜ਼ਮੂਨਾਂ ਅਧੀਨ ਮੁਲਾਂਕਣ ਕਰਦੀ ਹੈ ਇਸ ਅਧੀਨ ਸ਼ਾਂਤੀ ਦੇਵ ਦੁਆਰਾ ਰਚਿਤ ਧਰਮ ਗੁਰੂ : ਕਥਾਵਸਤੂ ਦੀ ਪੁਨਰ ਸਿਰਜਣਾ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਸ ਦੇ ਅੰਤਰਗਤ ਸ਼ਾਂਤੀ ਦੇਵ ਨੇ ਭਾਰਤੀ ਮਿੱਥ ਸਿਰਜਣਾ ਦਾ ਬਿਆਨ ਕਰਦਿਆਂ ਇਸ ਦੀ ਪੁਨਰ-ਸਿਰਜਣਾ ਦੀ ਗੱਲ ਕੀਤੀ ਹੈ ਅਤੇ ਸਾਹਿਤ-ਸਿਰਜਨਾ ਦੀਆਂ ਵਿਸ਼ੇਸ਼ ਰੂਪਾਗਤ ਸੀਮਾਵਾਂ ਕਾਰਨ ਤਬਦੀਲ ਹੁੰਦੇ ਸੁਭਾਅ ਤੇ ਸਰੂਪ ਨੂੰ ਆਪਣੀ ਅਧਿਐਨ ਦ੍ਰਿਸ਼ਟੀ ਅਧੀਨ ਲਿਆਂਦਾ ਹੈ ਇਸ ਦੇ ਨਾਲ ਹੀ ਚਮਨ ਲਾਲ ਨੇ 'ਧਰਮ ਗੁਰੂ' ਦੀ ਪਿਠਭੂਮੀ ਦੀ ਤਲਾਸ਼ ਕਰਦਿਆਂ ਬ੍ਰਾਹਮਵਾਦੀ ਕਰਦਾਂ-ਕਿਮਤਾਂ ਦੀ ਨਿਸ਼ਾਨਦੇਹੀ ਦੁਆਰਾ ਦਲਿਤ ਦ੍ਰਿਸ਼ਟੀ ਦੀ ਪਹਿਚਾਣ ਦੀ ਦਿਸ਼ਾ ਵਿਚ ਸਫ਼ਰ ਕੀਤਾ ਹੈ ਅਤੇ ਆਧੁਨਿਕ ਯੁੱਗ ਦੀਆਂ ਅੰਤਰ-ਸੰਬੰਧਿਤ ਕਦਰਿਆਂ ਕਥਾ ਦੀ ਪੁਨਰ-ਵਿਆਖਿਆ ਨੂੰ ਸਿਧਾਂਤ ਪੱਧਰ ਉੱਤੇ ਵਿਚਾਰਨ ਦਾ ਯਤਨ ਕੀਤਾ ਹੈ ਪ੍ਰੰਤੂ ਇਸ ਮਜ਼ਮੂਨ ਦੀ ਸਮੱਸਿਆ ਸੰਕਲਪ ਦੀ ਅਸਪੱਸ਼ਟਤਾ ਵਿਚ ਦਿਖਾਦੀ ਦਿੰਦੀ ਹੈ, ਜਿਸ ਦੇ ਅੰਤਰਗਤ ਦਲਿਤ-ਦ੍ਰਿਸ਼ਟੀ ਤੇ ਪ੍ਰਗਤੀਵਾਦੀ-ਦ੍ਰਿਸ਼ਟੀ ਨੂੰ ਨਿਖੇੜਨ ਦਾ ਭ੍ਰਮਕ ਯਤਨ ਵੀ ਸਾਹਮਣੇ ਆਉਂਦਾ ਹੈ ਇਸ ਭ੍ਰਮਕ ਯਤਨ ਨੂੰ ਤੋੜਨ ਦਾ ਕਾਰਜ ਸਰਬਜੀਤ ਸਿੰਘ ਨੇ ਆਪਣੇ ਆਲੋਚਨਾਤਮਿਕ ਪੱਤਰ ਧਰਮ ਗੁਰੂ : ਪਾਪ ਅਤੇ ਪੁੰਨ ਦਵੰਦ ਵਿਚ ਕੀਤਾ ਹੈ ਅਤੇ ਜਿਸ ਨੂੰ ਸਤਿੰਦਰ ਸਿੰਘ ਨੂਰ ਨੇ ਧਰਮ ਗੁਰੂ : ਪੰਜਾਬੀ ਨਾਟਕ ਦੇ ਵਿਧੀ-ਵਿਧਾਨ ਦੀ ਤਲਾਸ਼ ਅਧੀਨ ਨਵੀਨ ਪਰਿਪੇਖ ਪ੍ਰਦਾਨ ਕੀਤੇ ਹਨਇਸ ਅਧੀਨ ਨੂਰ ਆਲੋਚਨਾ ਨੇ ਅੰਤਰ-ਅਨੁਸ਼ਾਸ਼ਨੀ ਪਹੁੰਚ ਵਿਧੀ ਦੁਆਰਾ ਧਰਮ ਗੁਰੂ ਦੀ ਵਸਤੂ ਤੇ ਵਿਧੀ ਨੂੰ ਸਮੁੱਚੇ ਰੂਪ ਵਿਚ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦਿਆਂ, ਭਾਰਤੀ ਬਿਰਤਾਂਤ ਦੇ ਪ੍ਰਸੰਗ ਵਿਚੋਂ ਪਹਿਚਾਨਣ ਦਾ ਉਪਰਾਲਾ ਕੀਤਾ ਅਤੇ ਸਵਰਾਜਬੀਰ ਦੇ ਨਾਟਕਾਂ ਦੇ ਅੰਤਰ-ਸੰਬੰਧਾਂ ਨੂੰ ਵੀ ਆਪਣੇ ਅਧਿਐਨ ਖੇਤਰ ਅਧੀਨ ਲਿਆ ਹੈਅਜਿਹਾ ਕਦੇ ਸਮੇਂ ਨੂਰ-ਆਲੋਚਨਾ ਪੱਛਮੀ ਤੇ ਭਾਰਤੀ ਨਾਟ-ਵਿਧੀਆਂ ਦੇ ਅੰਤਰ-ਸੰਬੰਧ ਤੇ ਭਾਰਤੀ ਨਾਟ-ਸਿਰਜਨਾ ਦੇ ਅੰਦਰਲੇ-ਸੰਬੰਧਾਂ ਨੂੰ ਕੇਂਦਰ ਬਿੰਦੂ ਬਣਾਉਂਦੀ, ਸਵਰਾਜਬੀਰ ਨਾਟ-ਸਿਰਜਨਾ ਦੀ ਮੌਲਿਕਤਾ ਨੂੰ ਉਭਾਰਦੀ ਹੈ6
ਸੰਬੰਧਿਤ ਪੁਸਤਕ ਇਸ ਅਧਿਐਨ ਤੋਂ ਅੱਗੇ ਖਿਸਕਦੀ ਸਵਰਾਜਬੀਰ ਨਾਟ-ਸਿਰਜਨਾ ਦੇ ਤੀਜੇ ਪਾਸਾਰ 'ਮੇਦਨੀ' ਵੱਲ ਤੁਰਦੀ ਹੈ, ਜਿਸ ਦੇ ਅੰਤਰਗਤ ਪਹਿਲਾਂ ਭਾਰਤੀ-ਮਿੱਥ ਪਰੰਪਰਾ ਦੀ ਕਥਾਮੂਲਕ ਵਿਆਖਿਆ ਕਰਦਾ, ਮੇਦਨੀ ਦਾ ਸਮੱਸਿਆਕਾਰ ਪਰਮਿੰਦਰ ਸਿੰਘ ਦਾ ਇਕ ਮਹੱਤਵਪੂਰਨ ਤੇ ਮਾਇਨੇਖੇਜ ਨਿਬੰਧ ਹੈ ਭਾਰਤੀ ਮਿੱਥ-ਦਰਸ਼ਨ ਦੀ ਸਮਝ ਵਿਚ ਮਜ਼ਮੂਨ ਦੇ ਆਰ-ਪਾਰ ਫੈਲੀ ਹੋਈ ਹੈ ਅਤੇ ਖੋਜਮੂਲਕ ਗ੍ਰਹਿਨ ਦ੍ਰਿਸ਼ਟੀ ਇਸ ਮਜ਼ਮੂਨ ਦੇ ਸਦਾ ਅੰਗ-ਸੰਗ ਨਜ਼ਰੀ ਪੈਂਦੀ ਹੈ ਇਸ ਕਾਰਨ ਹੀ ਸਮੁੱਚੇ ਆਲੋਚਨਾਤਮਿਕ ਨਿਬੰਧ ਵਿਚ ਮੇਦਨੀ ਤੋਂ ਪ੍ਰਿਥਵੀ ਬਣਨ ਦੀ ਯਾਤਰਾ ਤੇ ਔਰਤ ਦੇ ਅਸਿਸਤਵੀ ਮਸਲਿਆਂ ਤੱਕ ਅੰਤਰ-ਵਿਖਿਆਖਿਆ ਇਸ ਨਿਬੰਧ ਵਿਚ ਗਿਆਨਮੂਲਕ ਸਰੋਕਾਰਾਂ ਦੇ ਰੂਪ ਵਿਚ ਸਮਲਿਤ ਹੁੰਦੀ ਹੈ ਇਸ ਦੇ ਪ੍ਰਮਾਣ ਸਰੂਪ ਇਸ ਨਿਬੰਧ ਵਿਚ ਧਿਆਨ ਦਾ ਸੰਘਣਾਪਨ/ਗੰਭੀਰਤਾ ਤੇ ਦ੍ਰਿਸ਼ਟੀ ਦੀ ਗਹਿਨਤਾ ਦਾ ਪ੍ਰਵੇਸ਼ ਹੁੰਦਾ, ਇਸ ਨਿਬੰਧ ਨੂੰ ਵਿਸ਼ੇਸ਼ ਅਰਥਾਂ ਦਾ ਧਾਰਨੀ ਬਣਾਉਂਦਾ ਹੈ ਇਸ ਦਾ ਹੀ ਇਕ ਪਾਸਾਰ ਸਰਜਬੀਤ ਸਿੰਘ ਦੇ ਮਜ਼ਮੂਨ ਮੇਦਨੀ : ਧਰਮ, ਸੱਤਾ ਅਤੇ ਸਿਆਸਤ ਦੀ ਵਿਆਕਰਣ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਜਿਸ ਅਧੀਨ ਸਰਬਜੀਤ-ਆਲੋਚਨਾ ਆਪਣੀ ਮਾਰਕਸਵਾਦੀ ਦ੍ਰਿਸ਼ਟੀ ਦੇ ਘੇਰੇ ਦੇ ਅੰਤਰਗਤ ਹੀ ਵਿਚਰਦੀ ਹੋਈ ਮੇਦਨੀ ਦੀ ਮਿੱਥ-ਕਥਾ ਤੋਂ ਨਾਰੀ ਦੀ ਹੋਂਦ ਤੇ ਹੋਣੀ ਦੇ ਬਿਰਤਾਂਤ ਵੱਲ ਵੱਧਦਾ, ਇਸ ਨੂੰ ਸਮਾਜਿਕ-ਆਰਥਿਕ ਸਿਆਸਤ ਤੇ ਸੱਤਾ ਨਾਲ ਜੜਦਾ ਹੈ ਇਸ ਪ੍ਰਕਿਰਿਆ ਅਧੀਨ ਸਰਬਜੀਤ-ਆਲੋਚਨਾ ਸੱਤਾ ਦੇ ਦਮਨ ਤੇ ਸ਼ਕਤੀ ਦੇ ਜਬਰ ਸਦਾ ਆਪਣੇ ਚਿੰਤਨ ਦੇ ਕੇਂਦਰ ਵਿਚ ਰੱਖਦੀ ਹੈ7
ਇਸ ਵਿਚਾਰ ਨੂੰ ਹੀ ਡਾ. ਮਨਮੋਹਨ ਦਾ ਮਜ਼ਮੂਨ ਮੇਦਨੀ : ਸਮ-ਸਾਮਿਅਕਤਾ ਦਾ ਮਿਥਕ ਵਸਤੂਕਰਣ ਹੈ, ਜੋ ਸੱਤਾ-ਸ਼ਕਤੀ ਦੇ ਪ੍ਰਵਚਨ ਨੂੰ ਸਮਝਦਾ-ਸਮਝਾਉਂਦਾ ਹੋਇਆ, ਭਾਰਤੀ ਨਿਆਇ ਵਿਵਸਥਾ ਤੇ ਭਾਰਤੀ ਸਮਾਜ ਵਿਚਲੀ ਔਰਤ ਦੀ ਸਥਿਤੀ ਦੇ ਅਧਿਐਨ-ਵਿਸ਼ਲੇਸ਼ਣ ਦੇ ਨਾਲ-ਨਾਲ ਮੇਦਨੀ ਨਾਟ-ਸਿਰਜਨਾ ਦੇ ਇਕਹਿਰੀ ਸੰਬੰਧਿਤਾ ਦੇ ਨੁਕਤੇ ਨੂੰ ਉਭਾਰਦਾ ਹੈ ਅਤੇ ਹੋਰਨਾਂ ਮਜ਼ਮੂਨਾਂ ਤੋਂ ਵਿੱਥ ਸਥਾਪਿਤ ਕਰਦਾ, ਨਾਟ-ਸਿਰਜਨਾ ਦੀ ਵਿਸੰਗਤੀਆਂ ਨੂੰ ਕੇਂਦਰ ਵਿਚ ਲਿਆਉਂਦਾ ਹੈ ਇਹ ਸੰਬੰਧਿਤ ਪੁਸਤਕ ਵਿਚ ਸੰਖੇਖ ਆਕਾਰ ਤੇ ਸੰਬਾਦੀ ਸੁਭਾਅ ਵਾਲਾ ਪ੍ਰਥਮ ਮਜ਼ਮੂਨ ਹੈਇਸ ਤੋਂ ਅੱਗੇ ਉਪਰੋਕਤ ਆਲੋਚਕਾਂ ਸਤਿੰਦਰ ਸਿੰਘ ਨੂਰ ਸ਼ਾਇਰੀ ਦਾ ਪਰਿਪੇਖ, ਡਾ. ਮਨਮੋਹਨ ਸ਼ਬਦ ਦੇ ਹੋਂਦ ਦੇ ਸੰਘਰਸ਼ ਦਾ ਪ੍ਰਵਚਨ : ਸ਼ਾਇਰੀ ਤੇ ਸਰਬਜੀਤ ਸਿੰਘ ਵਿਪਰੀਤ ਦੀ ਰੀਤ : ਸ਼ਾਇਰੀ ਦੇ ਆਲੋਚਨਾਤਮਿਕ-ਮਜ਼ਮੂਨ ਹੀ ਸਰਵਰਾਜਬੀਰ ਨਾਟ-ਚਿੰਤਨ ਦੇ ਅਗਲੇਰੇ ਪਾਸਾਰ ਸ਼ਾਇਰੀ ਦਾ ਵਿਸ਼ਲੇਸ਼ਣ-ਮੁੱਲਾਂਕਣ ਕਰਦੇ ਹਨ ਇਨ੍ਹਾਂ ਮਜ਼ਮੂਨਾਂ ਦੇ ਅੰਤਰਗਤ ਵੀ ਉਪਰੋਕਤ ਆਲੋਚਕਾਂ ਨਿਸ਼ਚਿਤ ਆਲੋਚਨਾ ਦ੍ਰਿਸ਼ਟੀ ਤੇ ਵਿਧੀ ਨੂੰ ਵੇਖਿਆ ਜਾ ਸਕਦਾ ਹੈ, ਭਿੰਨਤਾ ਸਿਰਫ਼ ਵਸਤੂ ਦੇ ਪੱਧਰ 'ਤੇ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ
ਇਸ ਪ੍ਰਕਾਰ ਸਮੁੱਚੇ ਰੂਪ ਵਿਚ ਮਿੱਥ ਅਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ) ਸਮੁੱਚੇ ਰੂਪ ਵਿਚ ਵਿਭਿੰਨ ਆਲੋਚਨਾਤਮਿਕ ਦ੍ਰਿਸ਼ਟੀਆਂ ਵਾਲੇ ਵਿਭਿੰਨ ਪੰਜਾਬੀ ਆਲੋਚਕਾਂ ਦੇ ਮਜ਼ਮੂਨਾਂ ਸਪੇਸ ਸਿਰਜਦੇ ਹਨ, ਜੋ ਸਵਰਾਜਬੀਰ ਨਾਟ-ਸਿਰਜਨਾ ਦੀਆਂ ਗ੍ਰਹਿਨ ਪਰਤਾਂ/ਪਸਾਰਾਂ ਨੂੰ ਗੰਭੀਰ ਤੇ ਵਿਭਿੰਨ ਦ੍ਰਿਸ਼ਟੀਆਂ ਨਾਲ ਅਗ੍ਰਭੂਮਿਤ ਕਰਦੇ ਹਨ ਇਸ ਪੁਸਤਕ ਦੀ ਅਹਿਮ ਪ੍ਰਾਪਤ ਭਾਰਤੀ ਮਿੱਥ/ਇਤਿਹਾਸ ਦੀ ਰਹਿਨੁਮਾਈ ਦੁਆਰਾ ਸਵਰਾਜਬੀਰ ਨਾਟ-ਸਿਰਜਨਾ ਨੂੰ ਵੇਖਣ ਵਿਚ ਨਿਹਿਤ ਹੈ, ਜਿਸ ਅਧੀਨ ਪੱਛਮੀ ਸਿਧਾਂਤ ਚੇਤਨਾ ਦਾ ਮਕਾਨਕੀ ਰੂਪ (ਜੋ ਵਧੇਰੇ ਪੰਜਾਬੀ ਆਲੋਚਨਾ ਵਿਚ ਵਿਖਦਾ ਹੈ) ਸਵਰਾਜਬੀਰ ਨਾਟ-ਸਿਰਜਨਾ ਉੱਤੇ ਜਬਰੀ ਆਰੋਪਿਤ ਕਰਨਾ ਕਰਨ ਦੀ ਬਜਾਇ ਪੰਜਾਬੀ/ਭਾਰਤੀ ਨਾਟ-ਚਿੰਤਨ ਤੋਂ ਅੰਤਰ-ਦ੍ਰਿਸ਼ਟੀਆਂ ਗ੍ਰਹਿਣ ਕਰਦੇ ਹਨ ਨਿਰਸ਼ੰਦੇਹ, ਇਸ ਪੁਸਤਕ ਪੰਜਾਬੀ ਨਾਟ-ਚਿੰਤਨ ਦੀ ਪਰੰਪਰਾ ਤੇ ਪ੍ਰਵਾਹ ਵਿਚ ਮਹੱਤਵਪੂਰਨ ਵਾਧਾ ਹੈ

ਹਵਾਲੇ ਤੇ ਟਿੱਪਣੀਆਂ :
1. ''(ਸਵਰਾਜਬੀਰ ਦੇ) ਨਾਟਕ ਜਿਥੇ ਸੰਰਚਨਾ ਪੱਖੋਂ ਜਟਿਲ ਹਨ ਉਥੇ ਵਿਚਾਰਧਾਰਕ ਦ੍ਰਿਸ਼ਟੀ ਤੋਂ ਭਾਰਤੀ ਇਤਿਹਾਸ-ਮਿਥਿਹਾਸ ਦੀਆਂ ਤੰਦਾਂ ਵਿਚੋਂ ਵਿਵਸਥਾਈ ਤੱਤਾਂ ਦੀ ਪਛਾਣ ਕਰਕੇ ਅਜੋਕੇ ਸਮਾਜ ਵਿਚ ਫੈਲੇ ਦਮਨ ਅਤੇ ਸੋਸ਼ਣ ਨੂੰ ਉਭਾਰਦੇ ਹੋਏ ਮਿੱਥ ਦਾ ਪੁਨਰ ਸਿਰਜਣ ਨਹੀਂ ਸਗੋਂ ਨਵ-ਸਿਰਜਨ ਕਰਦੇ ਹਨ ਇਹੋ ਨਵ-ਸਿਰਜਨਾ ਵਰਤਮਾਨ ਵਿਚ ਪ੍ਰਸੰਗਿਕ ਗ੍ਰਹਿਣ ਕਰਦਾ ਹੈ'' ਸਰਬਜੀਤ ਸਿੰਘ (ਸੰਪਾ.),ਮਿੱਥ ਅਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ), ਗੁਰਇਕਬਾਲ ਸਿੰਘ, 'ਸਵਰਾਜਬੀਰ ਦੇ ਨਾਟਕ : ਮਿੱਥ ਦਾ ਨਵ-ਸਿਰਜਣ', ਪੰਨਾ-35
2. ''ਉਹ (ਸਵਰਾਜਬੀਰ) ਵਿਚਾਰ ਨੂੰ ਨਾਟਕਾਂ ਵਿਚ ਪੇਸ਼ ਕਰਦੇ ਹੋਏ ਕਲਾਤਮਕ ਜੁਗਤਾਂ ਦੀ ਸੁਚੇਤ ਵਰਤੋਂ ਕਰਕੇ ਕਲਾਤਮਕ ਵਸਤ ਵਿਚ ਰੂਪਾਂਤਰਿਤ ਕਰਦਾ ਹੈ ਪਾਤਰ੍ਹਾਂ ਦੇ ਲਾਊਡ ਹੋਣ ਦਾ ਵੀ ਵਿਚਾਰਧਾਰਾਈ ਤਰਕ ਨਾਟਕਾਂ ਦੀ ਟੈਕਸਟ ਵਿਚੋਂ ਉਭਾਰਦਾ ਹੈ'' ਉਹੀ, ਰਜਨੀਸ਼ ਬਹਾਦਰ ਸਿੰਘ, 'ਸਵਰਾਜਬੀਰ ਦੇ ਨਾਟਕ : ਵਿਚਾਰਧਾਰਕ ਆਧਾਰ', ਪੰਨਾ-35
3. ''ਆਰੰਭ ਦੇ ਸਮੂਹ ਗਾਣ ਤੋਂ ਪ੍ਰਭਾਵ ਲਿਆ ਜਾ ਸਕਦਾ ਹੈ ਕਿ ਦ੍ਰਿਸ਼ ਸੁਪਨੇ ਦੀ ਨਿਆਈਂ ਹੈ, ਜਿਸ ਨੂੰ ਮਨੋਵਿਗਿਆਨਕ ਦੀ ਥਾਂ ਵਿਚਾਰਧਾਰਾ ਅਨੁਸਾਰ ਸਮਝਣਾ ਵਧੇਰੇ ਲਾਭਵੰਦ ਹੋ ਸਕਦਾ ਹੈ ਇਸ ਪਰਖ ਤੋਂ ਸਿੱਧ ਹੋ ਜਾਂਦਾ ਹੈ ਕਿ ਇਹ ਸੁਪਨਾ ਤਾਂ ਦਰਅਸਲ ਭੁਲਾਵਾ ਹੈ, ਜਿਸ ਨੂੰ ਸੱਤਾਧਾਰੀ ਵਰਗ ਆਪਣੀ ਹਿੱਤ-ਪੂਰਤੀ ਖਾਤਰ ਸਾਧਾਰਣ ਜਨਤਾ ਨੂੰ ਦਬਾਉਣ ਅਤੇ ਕੁਚਲਣ ਲਈ ਵਰਤੋਂ ਵਿਚ ਲਿਆਉਂਦਾ ਆਇਆ ਹੈ'' ਉਹੀ, ਤੇਜਵੰਤ ਸਿੰਘ ਗਿੱਲ,'ਨਾਟਕ ਕ੍ਰਿਸ਼ਨ ਦੀਆਂ ਅੰਤਰੀਵ ਪਰਤਾਂ', ਪੰਨਾ-83
4. ''(ਮਿੱਥ) ਵਿਚ ਦਰਸ਼ਨ, ਵਿਚਾਰਧਾਰਾ, ਤਰਕ ਅਤੇ ਕਲਪਨਾ ਦਾ ਅਦਭੁੱਤ ਮਿਸ਼ਰਣ ਹੁੰਦਾ ਹੈ ਇਹ ਮਿਸ਼ਰਣ ਐਨਾ ਸੰਘਣਾ, ਜਟਿਲ, ਕਲਾਤਮਕ ਅਤੇ ਸੁਹਜ-ਭਰਪੂਰ ਹੁੰਦਾ ਹੈ ਕਿ ਇਹ ਇਤਿਹਾਸ ਦਾ ਭਰਮ ਸਿਰਜ ਦਿੰਦਾ ਹੈਇਸ ਵਿਚ ਇਤਿਹਾਸਕ ਤੱਥ, ਤੱਤ ਅਤੇ ਤਰਕ ਭਾਵੇਂ ਕੁਝ ਵੀ ਨਾ ਹੋਵੇ ਪਰੰਤੂ ਵਿਸ਼ਵਾਸ਼/ਆਸਥਾ ਦਾ ਆਧਾਰ ਆਵੱਸ਼ਕ ਹੁੰਦਾ ਹੈ'' ਉਹੀ, ਸਰਬਜੀਤ ਸਿੰਘ, 'ਕ੍ਰਿਸ਼ਨ : ਰਾਜਨੀਤਕ ਪ੍ਰਵਚਨ', ਪੰਨਾ-95
5. ''ਇਹ ਕਾਵਿ-ਨਾਟ ਦਾ ਵਿਸ਼ਾ-ਵਸਤੂ ਕ੍ਰਿਸ਼ਨ ਦੀ ਜੀਵਨ ਲੀਲ੍ਹਾ ਨਾਲ ਸੰਬੰਧ ਰਖਦਾ ਹੈ ਲਾਡ ਲਡੰਦੇ ਬਾਲਕ, ਮਨਮੋਹਕ ਪ੍ਰੇਮੀ, ਸ਼ਕਤੀਸ਼ਾਲੀ ਸਾਸ਼ਕ ਅਤੇ ਜਾਣੀ-ਜਾਣ ਭਗਵਾਨ ਦੇ ਰੂਪ ਵਿਚ ਯੁਗਾਂ ਯੁਗ੍ਹਾਂਤਰ੍ਹਾਂ ਤੋਂ ਭਗਤੀ ਲੋਕ-ਬੋਧ ਵਿਚ ਕ੍ਰਿਸ਼ਨ ਦਾ ਸਥਾਨ ਸਰੱਖਿਅਤ ਆਇਆ ਹੈ.....ਸਵਰਾਜਬੀਰ ਦੇ ਕਾਵਿ-ਨਾਟ ਵਿਚ ਵੀ ਕ੍ਰਿਸ਼ਨ ਅਨਾਇਕ ਵਜੋਂ ਹੀ ਪੇਸ਼ ਹੁੰਦਾ ਹੈ'' ਉਹੀ, ਤੇਜਵੰਤ ਸਿੰਘ ਗਿੱਲ, 'ਨਾਟਕ ਕ੍ਰਿਸ਼ਨ ਦੀਆਂ ਅੰਤਰੀਵ ਪਰਤਾਂ', ਪੰਨਾ-79 ਤੇ 81
''ਪਰੰਪਰਾ ਵਿਚ ਕ੍ਰਿਸ਼ਨ ਮੱਖਣਚੋਰ ਜਾਂ ਰਾਸ ਲੀਲਾ ਵਿਚ ਵਧੇਰੇ ਅਰਥਵਾਨ ਬਣਦਾ ਹੈ ਅਤੇ ਸਮਾਜੀ ਰੂੜ੍ਹੀਗਤ ਰੂਪ ਵਿਚ ਪ੍ਰਮਾਤਮਾ ਬਣਦਾ ਹੈ ਤਾਂ ਸਵਰਾਜਬੀਰ ਉਸਨੂੰ ਛਣ/ਪਲ/ਵੇਰਵ੍ਹੇ/ਘਟਨਾ ਆਦਿ ਵਿਚੋਂ....ਪਛਾਣ ਰਿਹਾ'' ਉਹੀ, ਸਰਬਜੀਤ ਸਿੰਘ,'ਕ੍ਰਿਸ਼ਨ : ਰਾਜਨੀਤਕ ਪ੍ਰਵਚਨ', ਪੰਨਾ-97
''ਕ੍ਰਿਸ਼ਨ ਨਾਟਕ ਵਿਚ ਉਸ ਨੇ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਰਾਸ ਲੀਲਾਵਾਂ ਜਾਂ ਕ੍ਰਿਸ਼ਨ-ਭਗਤੀ ਦੇ ਵੇਰਵਿਆਂ ਨੂੰ ਆਪਣੀ ਰਚਨਾ ਦੀ ਕਥਾ-ਵਸਤੂ ਨਹੀਂ ਬਣਾਇਆ'' ਉਹੀ, ਓਮਾ ਸੇਠੀ,'ਨਾਟਕ ਕ੍ਰਿਸ਼ਨ : ਮਿੱਥ ਦਾ ਵਿਸਥਾਪਨ', ਪੰਨਾ-117
6. ''ਇਸ ਨਾਟਕ ਤੋਂ ਸਵਰਾਜਬੀਰ ਦੀ ਜੋ ਨਾਟਕੀ ਦ੍ਰਿਸ਼ਟੀ ਤੋਂ ਅਗੇਰੇ ਤੁਰਨ ਦੀ ਸਮੱਰਥਾ ਪ੍ਰਗਟ ਹੋਣੀ ਸ਼ੁਰੂ ਹੁੰਦੀ ਹੈ, ਉਸ ਦਾ ਸਰੋਕਾਰ ਨਾਟਕੀ ਵਿਧੀਆਂ ਨਾਲ ਹੈ ਉਹ ਕਈ ਪਿਛਲੇ ਨਾਟਕਕਾਰਾਂ ਵਾਂਗ ਨਾਟ-ਵਿਧੀਆਂ ਕੇਵਲ ਪੱਛਮੀ ਦੀਆਂ ਵਿਧੀਆਂ ਚੋਂ ਨਹੀਂ ਤਲਾਸ਼ਦਾ, ਸਗੋਂ ਆਪਣੇ ਵਿਰਸੇ ਚੋਂ ਤਲਾਸ਼ਣ ਦਾ ਯਤਨ ਕਰਦਾ ਹੈ.......ਅੰਤ ਤਕ ਪਹੁੰਚਦਿਆਂ ਬਰੈਖ਼ਤੀ ਵਿਧੀਆਂ ਵੀ ਨਾਟਕ ਵਿਚ ਰਚ ਮਿਚ ਗਈਆਂ ਹਨ, ਪਰ ਉਸ ਕਥਾ ਨੂੰ ਰੂਪਾਂਤ੍ਰਿਤ ਕਰਦਾ ਹੈ, ਜਿਸ ਨਾਲ ਉਹ ਭਾਰਤੀ ਮਨੁੱਖ ਦੇ ਅਵਚੇਤਨ ਤਕ ਇਕ ਲੀਕ ਪਾ ਸਕੇ'' ਉਹੀ, ਸਤਿੰਦਰ ਸਿੰਘ ਨੂਰ, 'ਧਰਮ ਗੁਰੂ : ਪੰਜਾਬੀ ਨਾਟਕ ਦੇ ਵਿਧੀ-ਵਿਧਾਨ ਦੀ ਤਲਾਸ਼', ਪੰਨਾ-155
7. ਸਵਰਾਜਬੀਰ ਦਮਨ ਅਤੇ ਜ਼ਬਰ ਦੇ ਵਿਰੋਧ ਵਿਚ ਸੁੰਨ ਹੋ ਚੁੱਕੀਆਂ ਧਿਰਾਂ ਨੂੰ ਹਲੂਣਦਾ ਹੈ ਜੋ ਲਾਸ਼ ਬਣ ਗਈਆਂ ਹਨ ਪ੍ਰਤੀਕਾਤਮਕ ਤੌਰ ਤੇ ਸਭ ਲਾਸ਼ਾਂ ਬਣਨ ਪਿੱਛੇ ਉਸਦਾ ਗੰਭੀਰ ਅਰਥ ਸਿਰਜਣ ਪਿਆ ਹੈ ਇਕ ਤਾਂ ਸਿਸਟਮ ਨੇ ਲਾਸ਼ ਬਣਾ ਦਿਤੇ ਹਨ ਅਤੇ ਦੂਸਰੇ ਸਿਸਟਮ ਦੀ ਲਾਸ਼ ਹਨ....ਬੁਰਜ਼ੂਆਂ ਡੈਮੋਕਰੇਸੀ ਅਤੇ ਤੰਤਰ-ਪ੍ਰਬੰਧ ਨੇ ਨਿਆਂਇਕ ਸ਼ਕਤੀਆਂ ਅਤੇ ਧਿਰਾਂ ਨੂੰ ਨਿਪੁੰਨਸਕ ਕਰਕੇ ਲਾਸ਼ ਵਿਚ ਤਬਦੀਲ ਕਰ ਦਿੱਤਾ ਹੈ ਉਹੀ, ਸਰਜਬੀਤ ਸਿੰਘ, 'ਮੇਦਨੀ : ਧਰਮ, ਸੱਤਾ ਅਤੇ ਸਿਆਸਤ ਦੀ ਵਿਆਕਰਣ', ਪੰਨਾ-191

No comments:

Post a Comment

‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...