ਅਨੁਵਾਦ (Translate)

Thursday 6 April 2017

'ਹੋਣੀ ਮਨੁੱਖੀ ਸਭਿਅਤਾ ਦੀ' ਸਿਧਾਂਤ ਤੋਂ ਸਿਰਜਨਾ ਤੱਕ

https://www.researchgate.net/publication/315799396_%27Honi_Manokhi_Sabheyata_Di%27_Sidhant_to_Sirjna_Tak


Experience without theory is blind, but theory without experience is mere intellectual play.
Immanuel Kant
'ਸਿਧਾਂਤ' ਬਾਹਰਮੁੱਖੀ-ਵਾਸਤਵਿਕਤਾ ਅਧੀਨ ਕਾਰਜਸ਼ੀਲ ਲੁਪਤ 'ਆਮ' ਨੇਮਾਂ ਦਾ ਸੁਚੇਤ, ਸੰਗਠਿਤ ਤੇ ਸੀਮਾਬੱਧ ਪ੍ਰਬੰਧ ਹੁੰਦਾ ਹੈ। ਇਹ ਪ੍ਰਬੰਧ ਬਾਹਰਮੁੱਖੀ-ਵਾਸਤਵਿਕਤਾ ਦੀ ਸਮਝ ਵਿਚੋਂ ਪੈਦਾ ਹੁੰਦਾ ਹੋਇਆ ਪਰਤਵੇਂ ਰੂਪ ਵਿਚ ਬਾਹਰਮੁੱਖੀ-ਵਾਸਤਵਿਕਤਾ ਦੇ ਯਥਾਰਥ ਨੂੰ ਸਮਝਾਉਣ ਹਿੱਤ ਗਤੀਸ਼ੀਲ ਰਹਿੰਦਾ ਹੈ। ਇਹ ਗਤੀਸ਼ੀਲਤਾ ਹੀ ਸਿਧਾਂਤ ਨੂੰ ਵਿਹਾਰਕ ਰੂਪਾਂ ਨਾਲ ਦਵੰਦਾਤਮਿਕ ਪੱਧਰ 'ਤੇ ਜੋੜਦੀ ਹੈ ਅਤੇ ਸਿਧਾਂਤ ਦੀ ਪਰਿਵਰਤਨਸ਼ੀਲਤਾ ਤੇ ਮਹੱਤਤਾ ਨੂੰ ਦ੍ਰਿੜ ਕਰਵਾਉਂਦੀ ਹੈ। ਸਾਹਿਤ-ਸਿਧਾਂਤ ਦੇ ਪ੍ਰਸੰਗ ਵਿਚ ਵਿਸ਼ੇਸ਼ ਨੁਕਤਾ ਇਹ ਹੈ ਕਿ ਸਿਧਾਂਤ ਤੇ ਸਿਰਜਨਾ/ਵਿਹਾਰਕ-ਰੂਪ ਦਾ ਇਹ ਸੰਬੰਧ ਭਾਵੇਂ ਪਰਸਪਰ ਧਰਾਤਲ ਦੇ ਜੁੜਿਆ ਹੋਇਆ ਹੈ, ਪਰ ਇਸ ਦੀ ਸੁਚੇਤ, ਸੰਗਠਿਤ ਤੇ ਸੀਮਾਬੱਧ ਵਿਸ਼ੇਸ਼ ਦ੍ਰਿਸ਼ਟੀ ਵਾਲੀ ਪ੍ਰਵਿਰਤੀ ਸਿਧਾਂਤ ਦੇ ਸਿਰਜਨਾ/ਵਿਹਾਰਕ-ਰੂਪ ਵਿਚਲੇ ਪ੍ਰਵੇਸ਼ ਨੂੰ ਸਦਾ ਵਿਵਾਦਗ੍ਰਸਤ ਮਸਲਾਂ ਬਣਾ ਦਿੰਦੀ ਹੈ। ਕਿਉਂਕਿ ਸ਼ਬਦ-ਸਿਰਜਨਾ ਨੂੰ (ਖਾਸ ਕਰ ਗਲਪੀ ਰੂਪ) ਅਜਿਹੀ ਸਮਾਜ-ਸਾਪੇਖਕ ਹੋਂਦ ਕਿਆਸ ਕੀਤਾ ਜਾਂਦਾ ਹੈ, ਜਿਹੜੀ ਸਮਾਜ ਦੀ ਸਭਿਅਤਾ ਤੇ ਸੰਸਕ੍ਰਿਤੀ ਦੇ ਵਿਭਿੰਨ ਪੱਖਾਂ ਨੂੰ ਸੁਹਜਾਤਮਿਕ-ਤੱਤਾਂ ਦੇ ਸਮਨੈਵ ਦੁਆਰਾ ਅਭਿਵਿਅਕਤ ਕਰਦੀ ਹੈ। ਇਸ ਅਭਿਵਿਅਕਤੀ ਦਾ ਸੁਹਜਾਤਮਿਕ-ਧਰਾਤਲ, ਸਿਧਾਂਤ ਨੂੰ ਪ੍ਰਾਥਮਿਕਤਾ ਅਤੇ ਸਿਰਜਨਾਤਮਿਕ ਤੱਤਾਂ ਨੂੰ ਦਰਕਿਨਾਰ ਕਰਨ ਕਾਰਨ ਰਚਨਾਤਮਿਕ-ਵਿਵੇਕ ਨੂੰ ਖੰਡਿਤ ਕਰਦਾ ਸੰਕਟਗ੍ਰਸਟ ਸਥਿਤੀ ਦਾ ਸਿਕਾਰ ਹੋ ਜਾਂਦਾ ਹੈ। ਪ੍ਰੰਤੂ ਇਸ ਪ੍ਰਸੰਗ ਵਿਚ ਧਿਆਨਯੋਗ ਨੁਕਤਾ ਇਹ ਹੈ ਕਿ ਵਿਸ਼ਵ ਸਾਹਿਤ ਦੇ ਸੰਦਰਭ ਵਿਚ ਸਦੀਵੀਂ ਤੇ ਮਹਾਨਤਮ ਸਿਰਜਨਾਵਾਂ ਕਿਸੇ ਨ ਕਿਸੇ ਮੌਲਿਕ ਸਿਧਾਂਤ ਜਾਂ ਸਿਧਾਂਤ ਚੇਤਨਾ ਨੂੰ ਆਪਣੇ ਅੰਦਰ ਸਮੋਈ ਰੱਖਦੀਆਂ ਸਿਧਾਂਤ ਨੂੰ ਰਚਨਾਤਮਿਕ-ਵਿਵੇਕ ਦੀ ਤਾਰਕਿਕਤਾ ਨਾਲ ਪੇਸ਼ ਕਰਦੀਆਂ ਹਨ (ਜਿਵੇਂ ਕਾਮੂ ਦਾ ਨਾਵਲ +ਚਵਤਜਦਕਗ ਤੇ ਗੋਰਕੀ ਦਾ 'ਮਾਂ')। ਇਨ੍ਹਾਂ ਮਹਾਨਤਮ ਰਚਨਾਵਾਂ ਵਿਚ ਸਿਧਾਂਤ ਦਾ ਸਿਰਜਨਾ ਵਿਚ ਪ੍ਰਵੇਸ਼ ਰਚਨਾਕਾਰ ਦੀ ਤਾਰਕਿਕ ਰਚਨਾ-ਦ੍ਰਿਸ਼ਟੀ ਅਤੇ ਰਚਨਾ-ਵਿਧੀਆਂ ਦੀ ਚੋਣ ਦੀ ਸੰਗਤੀ ਅਧੀਨ ਹੀ ਪ੍ਰਵੇਸ਼ ਪਾਉਂਦਾ ਹੈ, ਕਿਉਂਕਿ ਰਚਨਾਕਾਰ ਦੀ ਰਚਨਾ-ਦ੍ਰਿਸ਼ਟੀ, ਜੀਵਨ-ਦ੍ਰਿਸ਼ਟੀ ਤੇ ਯੁੱਗ-ਦ੍ਰਿਸ਼ਟੀ 'ਤੇ ਆਧਾਰਿਤ ਰਚਨਾਤਮਿਕ ਵੇਰਵਿਆਂ ਵਿਚ ਪਈ ਅਜਿਹੀ ਵਿਚਾਰਧਾਰਕ ਸਿਰਜਨਾਤਮਿਕ ਸ਼ਕਤੀ ਹੈ, ਜਿਹੜੀ ਕੇਂਦਰੀ ਸੰਗਠਨੀ ਤੱਤ ਵਜੋਂ ਸਮੁੱਚੇ ਰਚਨਾ-ਪ੍ਰਬੰਧ ਨੂੰ ਆਪਣੇ ਕਲੇਵਰ (ਵਸਤੂ ਤੇ ਵਿਧੀ ਤੱਕ) ਵਿਚ ਲੈਂਦੀ ਹੈ ਅਤੇ ਸੰਬੰਧਿਤ ਸਮਾਜ ਦੇ ਵਿਅਕਤੀਆਂ ਦੀ ਜੀਵਨ-ਦ੍ਰਿਸ਼ਟੀ ਨਾਲ ਦਵੰਦਾਤਮਿਕ ਸੰਬੰਧਾਂ ਵਿਚ ਬੰਨੀ ਹੁੰਦੀ ਹੈ।1 ਇਹ ਰਚਨਾ-ਦ੍ਰਿਸ਼ਟੀ ਹੀ ਅੱਗੋਂ ਰਚਨਾ-ਵਿਧੀ ਨੂੰ ਨਿਰਧਾਰਿਤ ਕਰਦੀ ਹੈ, ਜੋ ਵਸਤੂਗਤ-ਜਗਤ ਦੇ ਅਨੁਭਵ ਨੂੰ ਕਲਾਤਮਿਕ-ਬਿੰਬ (ਰਚਨਾ-ਵਸਤੂ) ਵਿਚ ਰੂਪਾਂਤ੍ਰਣ ਕਰਨ ਦੀ ਪ੍ਰਕਿਰਿਆ ਅਧੀਨ ਕਾਰਜਸ਼ੀਲ ਕਲਾਤਮਿਕ ਜੁਗਤਾਂ/ਤਕਨੀਕਾਂ ਦਾ ਸਮੂਹ ਹੁੰਦੀ ਹੈ। ਇਹ ਕਲਾਤਮਿਕ ਜੁਗਤਾਂ/ਤਕਨੀਕਾਂ ਦਾ ਸਮੂਹ ਹੀ ਗਲਪੀ-ਸਿਰਜਨਾ ਨੂੰ ਵਸਤੂਗਤ-ਜਗਤ ਨਾਲੋਂ ਨਿਖੇੜਕੇ, ਨਿਵੇਕਲੇ ਕਲਾਤਮਿਕ ਵਿਧਾਨ ਵਿਚ ਬੰਨਦਾ ਸਾਪੇਖ-ਖ਼ੁਦਮੁਖ਼ਤਾਰ ਹੋਂਦ ਪ੍ਰਦਾਨ ਕਰਦਾ ਹੈ ਅਤੇ ਕਲਾਤਮਿਕ-ਵਿਵੇਕ ਦੀ ਤਰਕਪੂਰਨਤਾ ਨੂੰ ਸਿਰਜਦਾ ਹੋਇਆ ਗਲਪੀ-ਸਿਰਜਨਾ ਨੂੰ ਮੰਨਣਯੋਗ ਤੇ ਸੰਚਾਰਮੁੱਖੀ ਬਣਾਉਂਦਾ ਹੈ।2 ਇਸ ਕਾਰਨ ਕਿਸੇ ਸਿਰਜਨਾ ਵਿਚਲੇ ਸਿਧਾਂਤ ਤੇ ਉਸ ਦੇ ਰਚਨਾ-ਵਸਤੂ ਦੇ ਰਚਨਾਤਮਿਕ-ਵਿਵੇਕ ਵਿਚ ਪਰਿਵਰਤਤ ਹੋਣ ਦੀ ਪ੍ਰਕਿਆ ਨੂੰ ਉਸ ਰਚਨਾਕਾਰ ਦੀ ਰਚਨਾ-ਦ੍ਰਿਸ਼ਟੀ ਤੇ ਰਚਨਾ ਦੀ ਰਚਨਾ-ਵਿਧੀ ਦੇ ਅਧਿਐਨ ਵਿਚੋਂ ਹੀ ਪਹਿਚਾਣਿਆ ਜਾ ਸਕਦਾ ਹੈ।
ਇਸ ਪ੍ਰਸੰਗ ਵਿਚ ਕੇਵਲ ਕਲੋਟੀ ਦਾ ਨਾਵਲ 'ਹੋਣੀ ਮਨੁੱਖੀ ਸਭਿਅਤਾ ਦੀ' ਇਕਮਾਤਰ ਮਾਨਵੀ-ਸਭਿਅਤਾ ਦੀ ਇਤਿਹਾਸਕ ਯਾਤਰਾ ਅਤੇ ਇਸ ਦੀ ਸਤਹੀ ਚੇਤਨਾ ਦਾ ਹੀ ਰੂਪਾਂਤ੍ਰਣ ਨਹੀਂ ਕਰਦਾ, ਸਗੋਂ ਇਸ ਚੇਤਨਾ ਦੇ ਚਿੰਤਨੀ-ਰੂਪ ਨੂੰ ਗਲਪੀ-ਬਿੰਬ ਵਿਚ ਰੂਪਾਂਤ੍ਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਮਨੁੱਖੀ-ਵਿਕਾਸ ਤੇ ਮਨੁੱਖੀ-ਸਮਾਜ ਦੇ ਸਿਸਟਮ ਤੇ ਸੰਰਚਨਾ ਦੀਆਂ ਵਿਗਿਆਨਿਕ ਤੇ ਤਰਕਸੰਗਤ ਪਰਤਾਂ ਤੇ ਪਸਾਰਾਂ ਨੂੰ ਵੀ ਗਲਪੀ-ਪ੍ਰਰੂਪ ਰਾਹੀਂ ਦ੍ਰਿਸ਼ਟੀਗੋਚਰ ਕਰਨ ਦਾ ਯਤਨ ਕਰਦਾ ਹੈ। ਇਸ ਯਤਨ ਅਧੀਨ ਰਚਨਾਕਾਰ ਮਨੁੱਖੀ ਸਭਿਅਤਾ ਤੇ ਸਾਂਸਕ੍ਰਿਤੀ ਦੇ ਇਤਿਹਾਸਕ ਸਫ਼ਰ ਅਤੇ ਇਸ ਦੀ ਸੱਤਾ-ਸ਼ਕਤੀ ਦੇ ਪ੍ਰਤੱਖ/ਪ੍ਰੋਖ ਸਾਧਨਾਂ ਦੀ ਸਮਰੱਥਾ ਅਤੇ ਇਨ੍ਹਾਂ ਦੀ ਕਾਰਜ-ਭੂਮੀ ਨੂੰ ਵਾਸਤਵਿਕ ਭੂਮਿਕਾ ਸਹਿਤ ਇਤਿਹਾਸਕ-ਪਦਾਰਥਵਾਦੀ ਸਿਧਾਂਤਕ ਦ੍ਰਿਸ਼ਟੀ ਦੀ ਰੌਸ਼ਨੀ ਅਧੀਨ ਅਭਿਵਿਅਕਤ ਕਰਦਾ ਹੈ। ਭਾਵੇਂ ਨਾਵਲੀ-ਪਾਠ ਦੀ ਪੜ੍ਹਤ ਤੋਂ ਰਚਨਾਕਾਰ ਦੀ ਰਚਨਾ-ਦ੍ਰਿਸ਼ਟੀ ਪਰਾ-ਮਨੋਵਿਗਿਆਨਿਕ ਆਧਾਰ ਤੋਂ ਹੋਂਦ ਗ੍ਰਹਿਣ ਕਰਦੀ ਪ੍ਰਤੀਤ ਹੁੰਦੀ ਹੈ, ਪ੍ਰੰਤੂ ਇਸ ਪ੍ਰਸੰਗ ਵਿਚ ਧਿਆਨਯੋਗ ਨੁਕਤਾ ਇਹ ਹੈ ਕਿ ਪਰਾ-ਮਨੋਵਿਗਿਆਨ ਰਚਨਾਕਾਰ ਦੀ ਦ੍ਰਿਸ਼ਟੀ ਦਾ ਆਧਾਰ ਨਹੀਂ, ਸਗੋਂ ਉਸ ਦੀ ਇਕ ਵਿਧੀ ਹੈ, ਜਿਸ ਦੀ ਸਹਾਇਤਾ ਨਾਲ ਰਚਨਾਕਾਰ ਸ਼੍ਰੇਣੀ-ਸੰਘਰਸ਼ ਉੱਤੇ ਅਧਾਰਿਤ ਮਨੁੱਖੀ-ਸਭਿਅਤਾ ਦੇ ਉੱਚੇ ਤੋਂ ਉੱਚੇ (ਉੱਤਮ ਨਹੀਂ) ਵਿਕਾਸ ਪੜ੍ਹਾਵਾਂ ਨੂੰ ਕਥਾ ਦੇ ਗਿਆਨਮੂਲਕ ਸੰਗਠਿਨ ਵਿਚ ਰੂਪਾਂਤ੍ਰਣ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਕੋਸ਼ਿਸ਼ ਦੇ ਅੰਤਰਗਤ ਰਚਨਾਕਾਰ ਮਾਰਕਸਵਾਦੀ ਸਿਧਾਂਤ-ਚਿੰਤਨ ਨਾਲ ਪ੍ਰਤੀਬੱਧਤਾ ਰੱਖਦਾ ਹੋਇਆ, ਮਨੁੱਖੀ-ਹੋਂਦ ਦਾ ਇਕਮਾਤਰ ਆਧਾਰ ਉਤਪਾਦਨ ਤੇ ਪੁਨਰ-ਉਤਪਾਦਨ ਦੀ ਪ੍ਰਕਿਰਿਆ ਵਿਚੋਂ ਤਲਾਸ਼ਦਾ ਹੈ (ਜਿਵੇਂ ਦੁਮੇਲ ਤੇ ਕੁਨਬ-ਕਥਾ ਵਾਲੇ ਕਾਂਡ ਵਿਚ), ਜਿਹੜਾ ਮਨੁੱਖ ਨੂੰ ਪ੍ਰਕਿਰਤੀ ਵਸਤੂ ਤੇ ਵਰਤਾਰਿਆਂ ਨਾਲ ਨਾਲ ਸੰਦਾਂ (tools) ਤੇ ਕਿਰਤ (labour) ਦੇ ਸੁਮੇਲ ਦੁਆਰਾ (ਉਤਪਾਦਨ ਸ਼ਕਤੀਆਂ) ਉਤਪਾਦਨ ਪ੍ਰਕਿਰਿਆ ਵਿਚ ਕਾਰਜਸ਼ੀਲ ਹੋਣ ਲਈ ਮਜ਼ਬੂਰ ਵੀ ਕਰਦਾ ਹੈ। ਇਸ ਸੰਦਰਭ ਵਿਚ ਮਨੁੱਖ ਪ੍ਰਕਿਰਤੀ ਦੇ ਮੁਕਾਬਲਨ ਆਪਣੀ ਵਿਅਕਤੀਗਤ ਸ਼ਕਤੀ ਦੀਆਂ ਸੀਮਾਵਾਂ ਨੂੰ ਸੰਭਾਵਨਾਵਾਂ ਵਿਚ ਤਬਦੀਲ ਕਰਨ ਲਈ ਬਾਹਰਮੁੱਖੀ ਨਿਯਮਾਂ ਅਧੀਨ ਨਿਸ਼ਚਿਤ ਸਮੂਹਿਕ ਸੰਬੰਧਾਂ ਵਿਚ ਬੱਝਦਾ ਹੈ (ਜਿਵੇਂ ਝੀਲ ਅੰਮਾਂ ਅਤੇ ਉਸ ਦੇ ਵੰਸ਼ਾਂ ਦਾ ਕੁਨਬਾ)। ਇਨ੍ਹਾਂ ਸੰਬੰਧਾਂ ਦੀ ਪ੍ਰਵਿਰਤੀ ਮੂਲ ਰੂਪ ਵਿਚ ਉਤਪਾਦਨ ਦੀਆਂ ਸ਼ੈਆਂ ਤੇ ਸੰਦਾਂ (ਉਤਪਾਦਨ ਦੇ ਸਾਧਨਾਂ) ਦੀ ਮਲਕੀਅਤ 'ਤੇ ਨਿਰਭਰ ਕਰਦੀ ਹੈ ਅਤੇ ਪ੍ਰਚਲਿਤ ਉਤਪਾਦਨ-ਢੰਗਾਂ ਅਧੀਨ ਕਾਰਜਸ਼ੀਲ ਮਨੁੱਖੀ ਗੁੱਟਾਂ ਜਾਂ ਦਾਰਿਆਂ ਦੀ ਭਾਰੂ ਜਾਂ ਪ੍ਰਾਧੀਨ ਸਥਿਤੀ ਨਿਰਧਾਰਿਤ ਕਰਦੀ ਹੈ (ਜਿਵੇਂ ਅੰਨ੍ਹਾ ਖੂਹ/ਹਨੇਰ ਗੁਫਾ ਵਾਲੇ ਕਾਂਡ ਦੇ ਦੂਜੇ ਭਾਗ ਵਿਚ ਨਿੱਜੀ ਜਾਈਦਾਦ ਤੋਂ ਬਾਅਦ ਪੈਂਦਾ ਹੋਈ ਸਥਿਤੀ)। ਇਸ ਅਧੀਨ ਭਾਰੂ ਗੁੱਟ ਜਾਂ ਦਾਇਰੇ (ਬੁਨਿਆਦੀ ਰੂਪ ਵਿਚ ਸ਼ੋਸ਼ਕ-ਸ਼੍ਰੇਣੀਆਂ) ਆਪਣੀ ਹੋਂਦ ਦੇ ਆਰੰਭ ਤੋਂ ਸਮਕਾਲ ਤੱਕ ਕਿਸੇ ਨਾ ਕਿਸੇ ਰੂਪ ਵਿਚ ਉਤਪਾਦਨ ਦੀ ਪ੍ਰਕਿਰਿਆ ਤੋਂ ਬਾਹਰ ਰਹਿਕੇ ਵੀ ਉਪਜ ਦੇ ਵਧੇਰੇ ਹਿੱਸੇ 'ਤੇ ਕਾਬਜ਼ ਹੁੰਦੇ ਆਏ ਹਨ ਅਤੇ ਪ੍ਰਾਧੀਨ ਗੁੱਟਾਂ ਜਾਂ ਦਾਰਿਆਂ (ਬੁਨਿਆਦੀ ਰੂਪ ਵਿਚ ਸ਼ੋਸ਼ਿਤ-ਸ਼੍ਰੇਣੀ) ਦਾ ਸ਼ੋਸ਼ਣ ਕਰਦੇ ਰਹੇ ਹਨ (ਜਿਵੇਂ ਮਹਾਂ ਦੋਸ਼ ਵਾਲੇ ਕਾਂਡ ਵਿਚ ਆਰੀਆਂ ਤੇ ਬ੍ਰਾਮਣ ਜਾਤੀ ਦਾ ਦਾਵਿੜ ਜਾਤੀ ਦਾ ਸ਼ੋਸ਼ਣ)। ਇਸ ਸ਼ੋਸ਼ਣ ਦਾ ਅੰਤ ਸਦਾ ਸੰਬੰਧਿਤ ਸਮਾਜ ਦੀਆਂ ਸ਼ੋਸ਼ਿਤ-ਸ਼੍ਰੇਣੀਆਂ ਦੀ ਸ਼ੋਸ਼ਕ-ਸ਼ੇਣੀਆਂ ਵਿਰੁੱਧ ਵਿਕਸਤ ਹੋਈ ਚੇਤਨਾ ਤੇ ਯਤਨਾਂ ਦੁਆਰਾ ਵਿਕਾਸਮੁੱਖੀ-ਪਰਿਵਰਤਨ ਨੂੰ ਵਿਹਾਰਿਕ ਰੂਪ ਦੇਕੇ ਕੀਤਾ ਗਿਆ ਹੈ (ਜਿਵੇਂ ਮਹਾਂ ਦੋਸ਼ ਵਾਲੇ ਕਾਂਡ ਵਿਚ ਮੋਹਨੀ ਵੱਲੋਂ ਦਾਵਿੜ ਜਾਤ ਨੂੰ ਜਾਗ੍ਰਿਤ ਕਰਨਾ)। ਇਸ ਆਧਾਰ 'ਤੇ ਹੁਣ ਤੱਕ ਦੇ ਮਨੁੱਖੀ-ਸਮਾਜ ਦੇ ਇਤਿਹਾਸ ਵਿਚ, ਮੁੱਢਲੀ ਸ਼੍ਰੇਣੀ-ਰਹਿਤ ਵਿਵਸਥਾ (ਦੁਮੇਲ, ਕੁਨਬ ਕਥਾ, ਆਮਲਾ ਅਤੇ ਤੁਲਸੀ ਵਾਲੇ ਕਾਂਡ), ਗੁਲਾਮਦਾਰੀ (ਮਹਾਂ ਦੋਸ਼, ...ਇਹ ਭਲੇ...ਇਹ ਮੰਦੇ... ਵਾਲੇ ਕਾਂਡ), ਸਾਮੰਤਵਾਦੀ (ਮਹਾਂ ਦੋਸ਼ ਵਾਲਾ ਕਾਂਡ), ਪੂੰਜੀਵਾਦੀ (ਅੰਨ੍ਹਾ ਖੂਹ/ਹਨੇਰ ਗੁਫਾ ਦਾ ਪਹਿਲਾ ਕਾਂਡ) ਤੇ ਕਮਿਉਨਿਜ਼ਮ (ਮਾਰਕਸ ਦੀ ਭਵਿੱਖਬਾਣੀ ਅਨੁਸਾਰ ਸ਼੍ਰੇਣੀ ਰਹਿਤ ਵਿਵਸਥਾ ਜਿਸ ਦੀ ਉੱਤਮਤਾ ਦੀਆਂ ਕਨਸੋਈਆਂ ਨਾਵਲੀ-ਸਿਰਜਨਾ ਵਿਚੋਂ ਸੁਣਾਈ ਦਿੰਦੀਆਂ ਹਨ) ਵਰਗੀਆਂ ਸਮਾਜਿਕ-ਆਰਥਿਕ ਵਿਵਸਥਾਵਾਂ ਵਿਕਸਤ ਹੋਈਆਂ ਹਨ। ਇਸ ਕਾਰਨ ਹੁਣ ਤੱਕ ਦਾ ਵਿਦਮਾਨ ਸਮੁੱਚੇ ਮਨੁੱਖੀ-ਸਮਾਜ ਦਾ ਇਤਿਹਾਸ ਇਨ੍ਹਾਂ ਵਿਰੋਧੀ ਸ਼੍ਰੇਣੀਆਂ ਵਿਚਲੇ ਸੰਘਰਸ਼ ਦੇ ਸਿੱਟੇ ਵਜੋਂ ਹੀ ਹੋਂਦ ਗ੍ਰਹਿਣ ਕਰਦਾ ਆਇਆ, ਜਿਸ ਦੀ ਪੇਸ਼ਕਾਰੀ ਹੱਥਲੀ ਨਾਵਲੀ-ਸਿਰਜਨਾ ਅਧੀਨ ਸਹਿਜੇ ਹੀ ਨਜ਼ਰੀ ਪੈਂਦੀ ਹੈ। ਪ੍ਰੰਤੂ ਇਸ ਨਾਵਲੀ-ਸਿਰਜਨਾ ਦੀ ਰਚਨਾ-ਵਸਤੂ ਦੇ ਸੰਦਰਭ ਵਿਚ ਵਿਚਾਰਨਯੋਗ ਨੁਕਤਾ ਇਹ ਹੈ ਕਿ ਇਸ ਅਧੀਨ ਮਾਨਵੀ ਸਭਿਅਤਾ ਤੇ ਸਾਂਸਕ੍ਰਿਤੀ ਦੇ ਇਤਿਹਾਸ ਤੇ ਪਰਾ-ਇਤਿਹਾਸ ਦੀ ਸੰਭਾਵੀ ਚਰਿੱਤਰ ਦੀ ਮਕਾਨਕੀ ਤੇ ਲਕੀਰੀ ਪੇਸ਼ਕਾਰੀ ਦੀ ਬਜਾਇ ਮਾਨਵੀ ਸਭਿਅਤਾ ਤੇ ਸਾਂਸਕ੍ਰਿਤੀ ਦੇ ਦਵੰਦਾਤਮਿਕ ਸੰਬੰਧਾਂ ਦੀਆਂ ਕਨਸੋਈਆਂ ਵੀ ਸੁਣਾਈ ਦਿੰਦੀਆਂ ਹਨ। ਇਸ ਕਾਰਨ ਨਾਵਲੀ-ਸਿਰਜਨਾ ਦੇ ਅੰਤਰਗਤ ਤਤਕਾਲੀਨ ਸੰਭਾਵੀ ਸਮਾਜਿਕ ਢਾਂਚੇ ਦਾ ਸਮੁੱਚਾ ਤੇ ਸੰਗਠਿਤ ਚਿੱਤਰ ਤੇ ਚਰਿੱਤਰ ਪ੍ਰਤੱਖ ਤੇ ਪ੍ਰੋਖ ਰੂਪ ਵਿਚ ਉਜਾਗਰ ਹੁੰਦਾ ਹੈ। ਇਸ ਚਿੱਤਰ ਤੇ ਚਰਿੱਤਰ ਦਾ ਉਭਰਨਾ ਰਚਨਾਕਾਰ ਦੇ ਵਿਸ਼ਾਲ ਅਧਿਐਨ ਤੇ ਗਹਿਨ ਵਿਸ਼ਲੇਸ਼ਣੀ ਦ੍ਰਿਸ਼ਟੀ ਦਾ ਹੀ ਪ੍ਰਮਾਣ ਹੈ। ਇਸ ਦੇ ਫਲਸਰੂਪ ਵਿਸ਼ਾਲ ਕੈਨਵਸ ਅਤੇ ਚੇਤਨਾ ਤੇ ਚਿੰਤਨ ਦੇ ਸਮਾਵੇਸ਼ ਵਾਲੀ ਬੌਧਿਕ ਸਿਰਜਨਾ ਦਾ ਅਸਤਿਤਵ ਸੰਭਵ ਹੋ ਸਕਿਆ ਹੈ। ਜਿਹੜੀ ਆਪਣੀ ਵਸਤੂ ਦੇ ਅੰਤਰਗਤ ਜਿਥੇ ਮਾਨਵੀ ਇਤਿਹਾਸ ਦੇ ਭਾਰਤੀ ਪ੍ਰਸੰਗ ਨੂੰ ਉਭਾਰਦੀ ਹੈ, ਉਥੇ ਵਿਸ਼ਵ ਰਾਜ ਸੱਤਾ ਤੇ ਸ਼ਕਤੀ ਦੀਆਂ ਲੁਪਤ ਨੀਤੀਆਂ ਤੇ ਨੀਤ ਦੇ ਯਥਾਰਥ ਨੂੰ ਵੀ ਉਜਾਗਰ ਕਰਦੀ ਹੈ (ਜਿਵੇਂ ਅੰਨ੍ਹਾਂ ਖੂਹ/ਹਨੇਰ ਗੁਫਾ ਵਾਲੇ ਕਾਂਡ ਵਿਚ Supreme Chamber of Commerce and Industry ਦੇ ਯਥਾਰਥ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਡੇਵਿਡ ਤੇ ਅਮਰੀਕ ਦੀਆਂ ਪਰਾ-ਮਨੋਵਿਗਿਆਨਿਕ ਉਡਾਣਾਂ)। ਇਸ ਯਥਾਰਥ ਅਧੀਨ ਰਚਨਾਕਾਰ ਆਲੋਚਨਾਤਮਿਕ ਪ੍ਰਵਿਰਤੀ ਅਖ਼ਤਿਆਰ ਕਰਦਾ ਹੋਇਆ ਸਮਕਾਲੀ ਅਸੰਤੁਲਿਤ ਵਿਵਸਥਾ ਦੇ 'ਦਮਨਕਾਰੀ ਉਪਕਰਣਾਂ' (repressive state apparatuses) ਤੇ 'ਵਿਚਾਰਧਾਰਕ ਉਪਕਰਣਾਂ' (ideological state apparatuses)3 ਦੇ ਪ੍ਰਯੋਗ ਦੁਆਰਾ ਮਨੁੱਖੀ ਸੋਚ ਤੇ ਸਰੀਰ ਨੂੰ ਵਿਦਮਾਨ ਰਾਜ ਸੱਤਾ ਤੇ ਸ਼ਕਤੀ ਦੇ ਅਨੁਕੂਲ ਕਰਨ ਦੇ ਸਾਧਨਾਂ ਅਤੇ ਸਥਾਪਿਤ ਸ਼੍ਰੇਣੀਆਂ ਵੱਲੋਂ ਸਵੈ-ਹਿੱਤ ਦੇ ਸੁਆਰਥ ਅਧੀਨ ਜੰਗਾਂ, ਬੀਮਾਰੀਆਂ, ਵਿਸ਼ਵੀਕਰਨ, ਹਥਿਆਰਾਂ, ਖਾਣੇ ਤੇ ਟੈਕਨਾਲੋਜੀ ਵਰਗੇ ਵਸਤੂਆਂ ਤੇ ਵਰਤਾਰਿਆਂ ਦੇ ਮਨੁੱਖ-ਦਵੈਸ਼ੀ ਪ੍ਰਤੱਖ ਤੇ ਪ੍ਰੋਖ ਪ੍ਰਯੋਗ ਨੂੰ ਵੀ ਆਪਣੇ ਚਿੰਤਨ ਦਾ ਵਿਸ਼ਾ ਬਣਾਉਂਦਾ ਹੈ। ਇਸ ਨਾਵਲੀ-ਸਿਰਜਨਾ ਦੀ ਵੱਡੀ ਪ੍ਰਾਪਤੀ ਹੀ ਇਸ ਚੇਤਨਾ ਅਤੇ ਚਿੰਤਨ ਦੀਆਂ ਭਵਿੱਖਮੂਖੀ ਸੰਭਾਵਨਾਵਾਂ ਨੂੰ ਗਿਆਨਮੂਲਕ ਰੂਪ ਵਿਚ ਪੇਸ਼ ਕਰਨ ਵਿਚ ਲੁਪਤ ਹੈ, ਜਿਹੜਾ ਨਾ ਕੇਵਲ ਵਿਦਮਾਨ ਵਾਸਤਵਿਕਤਾ ਦਾ ਹੀ ਤੱਤ-ਸਾਰ ਪੇਸ਼ ਨਹੀਂ ਕਰਦਾ ਹੈ ਸਗੋਂ ਇਸ ਵਾਸਤਕਿਤਾ ਦੇ ਲੁਪਤ ਯਥਾਰਥ ਨੂੰ ਵੀ ਦ੍ਰਿਸ਼ਟੀਗੋਚਰ ਕਰਦਾ ਹੈ।
ਇਸ ਤਰ੍ਹਾਂ ਰਚਨਾਕਾਰ ਸੁਚੇਤ ਤੇ ਸੁਨਿਸ਼ਚਿਤ ਰੂਪ ਵਿਚ ਮਨੁੱਖ-ਹਿਤੈਸ਼ੀ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਰੱਖਦਾ ਹੋਇਆ ਗਤੀਸ਼ੀਲ ਮਾਰਕਸਵਾਦੀ-ਸਿਧਾਂਤ ਚੌਖਟ ਨੂੰ 'ਹੋਣੀ ਮਨੁੱਖੀ ਸਭਿਅਤਾ ਦੀ' ਨਾਵਲ ਦੇ ਸਿਰਜਨਾਤਮਿਕ ਵਿਧਾਨ ਵਿਚ ਗਿਆਨਮੂਲਕ ਰੂਪ ਵਿਚ ਰੂਪਾਂਤ੍ਰਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਗਿਆਨਮੂਲਕ ਸੰਗਠਿਨ ਦੇ ਅੰਤਰਗਤ ਰਚਨਾਕਾਰ ਨਾਵਲੀ-ਸਿਰਜਨਾ ਅਧੀਨ ਸਿਧਾਂਤ-ਚਿੰਤਨ ਨੂੰ ਅਗਰਭੂਮੀ ਵਿਚ ਕਾਰਜਸ਼ੀਲ ਕਰਨ ਦੇ ਵਿਪਰੀਤ ਪਿਠਭੂਮੀ ਵਿਚ ਗਤੀਸ਼ੀਲਤਾ ਪ੍ਰਦਾਨ ਕਰਨ ਦਾ ਭਰਪੂਰ ਯਤਨ ਕਰਦਾ ਪ੍ਰਤੀਤ ਹੁੰਦਾ ਹੈ। ਇਸ ਯਤਨ ਕਾਰਨ ਹੀ ਸਮੁੱਚੇ ਨਾਵਲੀ-ਸਿਰਜਨਾ ਦੀ ਬਿਰਤਾਂਤਕਾਰੀ ਸਰਲ ਜਾਂ ਲਕੀਰੀ ਸੰਗਠਿਨ ਦਾ ਅਨੁਸ਼ਰਨ ਕਰਨ ਦੀ ਬਜਾਇ ਖੰਡਨੀ ਸਰੂਪ ਤੇ ਸੁਭਾਅ ਵਾਲੀਆਂ ਜਟਿਲ ਬਿਰਤਾਂਤਕ-ਜੁਗਤਾਂ ਦਾ ਸਹਾਰਾ ਲੈਦੀ ਹੈ, ਜਿਸ ਅਧੀਨ ਨਾਵਲੀ-ਸੰਗਠਿਨ ਅਮਰੀਕ ਦੇ ਜੀਵਨ-ਅਨੁਭਵ, ਜੈਨੀ ਦੀ ਸਿਰਜਨਾਤਮਿਕ ਸ਼ਬਦ-ਸ਼ਕਤੀ ਅਤੇ ਮਾਨਵੀ-ਇਤਿਹਾਸ ਦੇ ਦ੍ਰਿਸ਼ ਆਦਿ ਦੇ ਰੂਪ ਵਿਚ ਸਕਾਰ ਹੁੰਦਾ ਹੈ। ਇਹ ਸਕਾਰ ਰੂਪ ਹੱਥਲੀ ਨਾਵਲੀ-ਸਿਰਜਨਾ ਦੇ ਅੰਤਰਗਤ ਦੱਸਣ ਦੀ ਬਜਾਇ ਦਿਖਾਉਣ ਦੀ ਰਚਨਾਤਮਿਕ-ਜੁਗਤ ਦੁਆਰਾ ਪੇਸ਼ ਹੁੰਦਾ ਹੈ ਜਿਸ ਦੇ ਅੰਤਰਗਤ ਰਚਨਾਕਾਰ ਨਾਵਲੀ-ਸਿਰਜਨਾ ਅਧੀਨ (ਵਧੇਰੇ ਪੱਧਰਾਂ 'ਤੇ) ਲੁਪਤ ਤਰੀਕੇ ਨਾਲ ਵਿਦਮਾਨ ਹੁੰਦਾ ਹੋਇਆ ਨਾਵਲੀ-ਬਿੰਬ ਤੇ ਪਾਤਰਾਂ ਦੇ ਅਸਤਿਤਵ ਨੂੰ ਸੁਰੱਖਿਅਤ ਰੱਖਕੇ ਆਪਣੇ ਜੀਵਨ-ਫ਼ਲਸਫ਼ੇ ਨੂੰ ਪੇਸ਼ ਕਰਦਾ ਹੈ। ਪਰ ਧਿਆਨਦੇਣ-ਯੋਗ ਨੁਕਤਾ ਇਹ ਹੈ ਕਿ ਹੱਥਲੀ ਸਮੁੱਚੀ ਨਾਵਲੀ-ਸਿਰਜਨਾ ਇਸ ਤਾਰਕਿਕ ਵਿਧੀ ਦਾ ਪ੍ਰਯੋਗ ਵਿਆਪਕ ਰੂਪ ਵਿਚ ਨਹੀਂ ਹੋਇਆ ਮਿਲਦਾ, ਸਗੋਂ ਇਸ ਵਿਧੀ ਨੂੰ ਰਚਨਾਕਾਰ ਕਈ ਵਾਰ ਦਰਕਿਨਾਰ ਕਰਦਾ ਹੋਇਆ ਪਾਤਰਾਂ ਦੇ ਅਸਤਿਤਵ ਅਤੇ ਗਲਪੀ-ਬਿੰਬ ਦੀ ਤਾਰਕਿਕਤਾਂ ਨੂੰ ਖੰਡਿਤ ਕਰਦਾ ਸਵੈ-ਪ੍ਰਚਾਰ ਕਰਤਾ ਦੇ ਰੂਪ ਵਿਚ ਸਕਾਰ ਹੁੰਦਾ ਵੀ ਪ੍ਰਤੀਤ ਹੁੰਦਾ ਹੈ। ਭਾਵੇਂ ਰਚਨਾਕਾਰ ਦਾ ਇਹ ਚਿੰਤਨ ਨਿਰਸੰਦੇਹ ਮਨੁੱਖ-ਹਿਤੈਸ਼ੀ ਦ੍ਰਿਸ਼ਟੀ ਤੇ ਅਗਰਗਾਮੀ ਚੇਤਨਾ ਦਾ ਧਾਰਨੀ ਹੈ ਪ੍ਰੰਤੂ ਕਈ ਪੱਧਰ 'ਤੇ ਨਾਵਲੀ-ਵਿਧਾਨ ਦੀ ਸਮੱਸਿਆ ਇਸ ਮਨੁੱਖ-ਹਿਤੈਸ਼ੀ ਚਿੰਤਨ ਵਿਚ ਹੀ ਲੁਪਤ ਹੈ, ਜਿਸ ਅਧੀਨ ਰਚਨਾਕਾਰ ਮਨੁੱਖ ਦੇ ਸਮਾਜਿਕ ਇਤਿਹਾਸ ਦੇ ਤੱਥਾਂ ਨੂੰ ਇਕਮਾਤਰ 'ਜਾਣਕਾਰੀ' ਦੇ ਧਰਾਤਲ ਉੱਤੇ ਪੇਸ਼ ਕਰਦਾ ਹੋਇਆ ਇਨ੍ਹਾਂ ਤੱਥਾਂ ਨੂੰ ਗਲਪੀ-ਸੱਚ ਵਿਚ ਰੂਪਾਂਤ੍ਰਤ ਕਰਕੇ 'ਗਿਆਨਮੂਲਕ-ਰੂਪ' ਵਿਚ ਨਹੀਂ ਢਾਲ ਸਕਿਆ। ਇਸ ਕਾਰਨ ਨਾਵਲ ਵਿਚੋਂ ਰਚਨਾਤਮਿਕ-ਵਿਵੇਕ ਦੀ ਬਜਾਇ ਰਚਨਾਕਾਰ ਦਾ ਵਿਵੇਕ ਹੀ ਜਾਣਕਾਰੀ ਤੇ ਵਰਨਣ ਦੇ ਰੂਪ ਵਿਚ ਹੀ (ਗਿਆਨ ਰੂਪ ਵਿਚ ਨਹੀਂ) ਸਾਹਮਣੇ ਆਉਂਦਾ ਹੈ। ਇਸ ਨਾਲ ਜਿਥੇ ਨਾਵਲੀ-ਸਿਰਜਨਾ ਦਾ ਰਚਨਾਤਮਿਕ-ਵਿਵੇਕ ਵਿਖੰਡਤ ਹੁੰਦਾ ਹੈ ਉਥੇ ਗਲਪ ਦੀ ਮੰਨਣਯੋਗਤਾ ਤੇ ਸਿਰਜਨਾ ਦੀ ਸੁਹਜਾਤਮਿਕ ਸਮਰੱਥਾ ਵੀ ਪ੍ਰੋਖੇ ਹੋ ਜਾਂਦੀ ਹੈ। ਇਸ ਦੇ ਨਾਲ ਹੀ ਰਚਨਾਕਾਰ ਪਾਤਰਾਂ ਦੀ ਵਾਰਤਾਲਾਪ, ਜੋ ਪਾਤਰ ਨੂੰ ਚਰਿੱਤਰ ਤੇ ਕਥਾ ਨੂੰ ਗਤੀ ਪ੍ਰਦਾਨ ਕਰਦੀ ਹੈ, ਦੀ ਸੰਭਾਵਨਾ ਨੂੰ ਪਹਿਚਾਣਨ ਤੋਂ ਸਹਿਜ ਹੀ ਅਵੇਸਲਾ ਰਹਿ ਜਾਂਦਾ ਹੈ। ਜਿਸ ਕਾਰਨ ਹੱਥਲੀ ਨਾਵਲੀ-ਸਿਰਜਨਾ ਵਿਚਲਾ ਬੌਧਿਕਤਾ ਦਾ ਅੰਸ਼ ਕਈ ਪੱਧਰ 'ਤੇ ਇਕਮਾਤਰ ਸਮਝ ਦੇ ਧਰਾਤਲ ਉੱਤੇ ਹੀ ਕਾਰਜਸ਼ੀਲ ਰਹਿੰਦਾ ਹੋਇਆ ਪਾਠਕ ਦੀ ਸੁਹਜਾਤਮਿਕ ਮਨੋ-ਦਸ਼ਾ ਦੇ ਅਨੁਰੂਪ ਨਾ ਹੁੰਦਾ ਹੋਇਆ ਬੋਝਲ ਵੀ ਮਹਿਸੂਸ ਹੁੰਦਾ ਹੈ।
ਇਨ੍ਹਾਂ ਸੰਗਠਨੀ ਵਿਸੰਗਤੀਆਂ ਦੇ ਬਾਵਜੂਦ ਇਸ ਨਾਵਲੀ-ਸਿਰਜਨਾ ਦੀ ਅਹਿਮ ਪ੍ਰਾਪਤੀ ਮਨੁੱਖ-ਹਿਤੈਸ਼ੀ ਵਿਹਾਰਿਕ ਮਾਰਕਸਵਾਦੀ-ਸਿਧਾਂਤਕ ਮਾਡਲ ਨੂੰ ਗਤੀਸ਼ੀਲ ਰੂਪ ਵਿਚ ਵਿਖਾਉਣ ਦੀ ਹੈ, ਜਿਹੜਾ ਸ਼੍ਰੇਣੀਗਤ-ਸਮਾਜ ਦੀਆਂ ਸ਼੍ਰੇਣੀਆਂ ਦੇ ਅੰਤਰ ਤੇ ਅੰਦਰਲੇ ਵਿਰੋਧਾਂ ਨੂੰ ਸਮਾਜਿਕ ਵਿਕਾਸ ਦਾ ਆਧਾਰ ਦਿਖਾਉਂਦਾ ਹੈ ਅਤੇ ਸ਼੍ਰੇਣੀਗਤ-ਸਮਾਜਿਕ ਵਿਵਸਥਾ ਦੀ ਸ਼ੋਸ਼ਣਕਾਰੀ ਤੇ ਮਨੁੱਖ-ਦਵੈਸ਼ੀ ਪ੍ਰਵਿਰਤੀ ਨੂੰ ਉਜਾਗਰ ਕਰਦਾ ਹੋਇਆ ਇਸ ਦੇ ਵਿਕਲਪ ਵਜੋਂ ਸ਼੍ਰੇਣੀ-ਰਹਿਤ ਵਿਵਸਥਾ ਨੂੰ ਸਥਾਪਿਤ ਕਰਨ ਵਾਲੀ ਮਨੁੱਖ-ਹਿਤੈਸ਼ੀ ਚੇਤਨਾ ਦੀ ਧੁਨੀ ਸੰਚਾਲਿਤ ਕਰਦਾ ਹੈ। ਇਸ ਪ੍ਰਸੰਗ ਵਿਚ ਹੱਥਲੀ ਨਾਵਲੀ-ਸਿਰਜਨਾ ਆਰਥਿਕ-ਆਧਾਰ ਤੋਂ ਇਲਾਵਾ ਸੰਸਕ੍ਰਿਤਕ-ਉਸਾਰ ਦੀਆਂ ਵਿਭਿੰਨ ਪਰਤਾਂ ਨੂੰ ਵੀ ਆਪਣੇ ਕਲੇਵਰ ਵਿਚ ਲੈਂਦੀ ਹੋਈ ਸਥਾਪਿਤ-ਵਿਵਸਥਾ ਵਲੋਂ ਸੱਤਾ-ਸਥਾਪਤੀ ਲਈ ਪ੍ਰਯੋਗ ਵਿਚ ਲਿਆਂਦੇ ਸਥੂਲ-ਸੂਖਮ ਉਪਕਰਣਾਂ ਦੀ ਵੀ ਪਹਿਚਾਣ ਕਰਵਾਉਂਦੀ ਹੈ। ਇਸ ਸੰਦਰਭ ਵਿਚ ਮਹੱਤਵਪੂਰਨ ਨੁਕਤਾ ਇਹ ਵੀ ਹੈ ਕਿ ਰਚਨਾਕਾਰ ਦਾ ਦ੍ਰਿਸ਼ਟੀਕੋਣ ਸਮਾਜਵਾਦੀ ਬਲਾਕ ਦੇ ਵਿਗਠਨ ਉਪਰੰਤ ਵੀ ਮਾਰਕਸੀ-ਚਿੰਤਨ ਵਿਚੋਂ ਆਪਣਾ ਆਧਾਰ ਤਲਾਸ਼ਦ ਕਰਦਾ ਹੈ ਅਤੇ ਸਮਕਾਲੀ ਸਥਿਤੀ ਤੋਂ ਹਤਾਸ਼ ਜਾਂ ਨਿਰਾਸ਼ ਹੋਣ ਦੀ ਬਜਾਇ ਵਿਸ਼ਵੀਕਰਨ ਵਰਗੇ ਭ੍ਰਮਕ ਵਰਤਾਰਿਆਂ, ਵਿਚਾਰਾਂ, ਵਸਤੂਆਂ ਆਦਿ ਦੇ ਸਮਵਿੱਥ ਸਮਾਜਵਾਦੀ-ਨਿਜ਼ਾਮ ਦੀ ਪ੍ਰਸੰਗਿਕਤਾ ਅਤੇ ਸਾਰਥਕਤਾ ਨੂੰ ਪ੍ਰੋਖ ਰੂਪ ਵਿਚ ਤਾਰਕਿਕ, ਵਿਗਿਆਨਿਕ ਤੇ ਸੁਹਿਰਦਤਾ ਅਧਾਰਿਤ ਵਿਖਾਉਂਦਾ ਹੈ, ਜੋ ਨਿਰਸੰਦੇਹ ਮਨੁੱਖੀ-ਵਿਕਾਸ ਦੀ ਸੰਭਾਵੀ ਮਨੁੱਖੀ-ਹਿਤੈਸ਼ੀ ਦਿਸ਼ਾ ਹੋ ਸਕਦੀ ਹੈ।
ਹਵਾਲੇ :
1. ਹਰਜੀਤ ਸਿੰਘ, ਮਾਰਕਸਵਾਦੀ ਪੰਜਾਬੀ ਗਲਪ ਆਲੋਚਨਾ-ਦ੍ਰਿਸ਼ਟੀ, ਪੰਨਾ-30
2. ਉਹੀ, ਪੰਨਾ-42
3. ''ਅਲਥੂਸਰ, ਰਾਜ ਸ਼ਕਤੀ ਤੇ ਰਾਜ ਨਿਯੰਤ੍ਰਣ ਵਿਚਕਾਰ ਇਕ ਮਹੱਤਵਪੂਰਨ ਅੰਤਰ ਸਥਾਪਿਤ ਕਰਦਾ ਹੈ। ਰਾਜ ਸ਼ਕਤੀ ਨੂੰ ਬਣਾਈ ਰੱਖਣ ਲਈ ਅਲਥੂਸਰ 'ਦਮਨਕਾਰੀ ਸੰਰਚਨਾ' ਦੇ ਸੰਕੇਤਕ-ਪਦ ਵਰਤੋਂ ਕਰਦਾ ਹੈ ਜਿਸ ਤੋਂ ਉਸ ਦਾ ਭਾਵ ਬਾਹਰੀ ਸ਼ਕਤੀਆਂ (ਜਿਵੇਂ ਅਦਾਲਤਾਂ, ਜੇਲਾਂ, ਪੁਲਿਸ ਤੇ ਫੌਜ ਆਦਿ ਸੰਸਥਾਵਾਂ) ਤੋਂ ਹੈ। ਪਰ ਰਾਜ ਸ਼ਕਤੀ ਨੂੰ ਬਣਾਈ ਰੱਖਣਾ ਵਧੇਰੇ ਸੂਖ਼ਮ (ਮਸਲਾ) ਹੈ ਜੋ ਦਿਖਾਵੇ ਦੀ ਸਰੁੱਖਿਆ ਰਾਹੀਂ ਨਾਗਰਿਕਾ ਦੀ ਅੰਦਰੂਨੀ ਸਹਿਮਤੀ ਪ੍ਰਾਪਤ ਕਰਕੇ ਕੀਤਾ ਜਾਂਦਾ ਹੈ। ਇਸ ਨੂੰ ਅਲਥੂਸਰ 'ਵਿਚਾਰਧਾਰਕ ਸੰਰਚਨਾ' ਜਾਂ 'ਵਿਚਾਰਧਾਰਕ ਉਪਕਰਣ' ਕਹਿੰਦਾ ਹੈ। ਇਥੇ ਰਾਜਨੀਤਿਕ ਪਾਰਟੀਆਂ, ਸਕੂਲ, ਮੀਡੀਆ, ਚਰਚ, ਪਰਿਵਾਰ ਅਤੇ ਕਲਾ (ਸਾਹਿਤ ਸਹਿਤ) ਆਦਿ ਅਜਿਹੇ ਗਰੁੱਪ ਹਨ ਜਿਹੜੇ ਵਿਚਾਰਧਾਰਾ (ਵਿਚਾਰਾਂ ਤੇ ਵਿਹਾਰਾਂ ਦਾ ਸਮੂਹ) ਨੂੰ ਸੰਜੋ ਕੇ ਰੱਖਦੇ ਹਨ ਤੇ ਜਿਨ੍ਹਾਂ ਦਾ ਉਦੇਸ਼ ਸਹਾਨਭੂਤੀ ਨਾਲ ਰਾਜ ਤੇ ਰਾਜਨੀਤਿਕ ਪੱਧਰ ਨੂੰ ਬਣਾਈ ਰੱਖਣਾ ਹੁੰਦਾ ਹੈ। ਇਸ ਪ੍ਰਕਾਰ ਅਸੀਂ ਮਹਿਸੂਸ ਤਾਂ ਇਹ ਕਰਦੇ ਹਾਂ ਕਿ ਅਸੀਂ ਸਭ ਕੁਝ ਆਪਣੀ ਮਰਜ਼ੀ ਨਾਲ ਕੀਤਾ ਹੈ ਪਰ ਵਾਸਤਵ ਵਿਚ ਇਹ ਸਾਰਾ ਕੁਝ ਸਾਡੇ 'ਤੇ ਠੋਸਿਆ ਹੁੰਦਾ ਹੈ।'' Peter Barry, Beginning Theory: An Introduction to Literary and Cultural Theory,  p. 164



‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...