ਅਨੁਵਾਦ (Translate)

Sunday 20 March 2016

ਕੇਸਰ ਸਿੰਘ ਕੇਸਰ ਦੀ ਗਲਪ-ਆਲੋਚਨਾ : ਸ਼੍ਰੇਣੀ-ਸੰਘਰਸ਼ ਦੀ ਪਛਾਣ

it is not the consciousness of men that determines their being, 
but, on the contrary their social being that 
determines their consciousness. 
K. Marx and F. Engels

ਮਨੁੱਖੀ-ਹੋਂਦ ਦਾ ਮੂਲ ਆਧਾਰ ਉਤਪਾਦਨ ਤੇ ਪੁਨਰ-ਉਤਪਾਦਨ ਦੀ ਪ੍ਰਕਿਰਿਆ ਉੱਤੇ ਨਿਰਭਰ ਕਰਦਾ ਹੈ, ਜਿਹੜਾ ਮਨੁੱਖ ਨੂੰ ਪ੍ਰਕਿਰਤੀ ਦੀਆਂ ਸ਼ੈਆਂ (objects) ਨਾਲ ਸੰਦਾਂ (means) ਤੇ ਕਿਰਤ (labor) ਦੇ ਸੁਮੇਲ ਦੁਆਰਾ (ਉਤਪਾਦਨ ਸ਼ਕਤੀਆਂ) ਉਤਪਾਦਨ ਪ੍ਰਕਿਰਿਆ ਵਿਚ ਕਾਰਜਸ਼ੀਲ ਹੋਣ ਲਈ ਮਜ਼ਬੂਰ ਕਰਦਾ ਹੈ ਇਸ ਸੰਦਰਭ ਵਿਚ ਮਨੁੱਖ ਪ੍ਰਕਿਰਤੀ ਦੇ ਮੁਕਾਬਲਤਨ ਆਪਣੀ ਵਿਅਕਤੀਗਤ ਸ਼ਕਤੀ ਦੀਆਂ ਸੀਮਾਵਾਂ ਨੂੰ ਸੰਭਾਵਨਾਵਾਂ ਵਿਚ ਤਬਦੀਲ ਕਰਨ ਲਈ ਬਾਹਰਮੁੱਖੀ ਨਿਯਮਾਂ ਅਧੀਨ ਨਿਸ਼ਚਿਤ ਸਮੂਹਿਕ ਸੰਬੰਧਾਂ ਵਿਚ ਬੱਝਦਾ ਹੈ ਇਨ੍ਹਾਂ ਸੰਬੰਧਾਂ ਦੀ ਪ੍ਰਵਿਰਤੀ ਮੂਲ ਰੂਪ ਵਿਚ ਅੱਗੋਂ ਉਤਪਾਦਨ ਦੀਆਂ ਸ਼ੈਆਂ ਤੇ ਸੰਦਾਂ (ਉਤਪਾਦਨ ਦੇ ਸਾਧਨਾਂ) ਦੀ ਮਲਕੀਅਤ 'ਤੇ ਨਿਰਭਰ ਕਰਦੀ ਹੋਈ ਪ੍ਰਚਲਿਤ ਉਤਪਾਦਨ-ਢੰਗਾਂ ਅਧੀਨ ਕਾਰਜਸ਼ੀਲ ਮਨੁੱਖੀ ਗੁੱਟਾਂ ਜਾਂ ਦਾਇਰਆਂ ਦੀ ਪ੍ਰਧਾਨ ਜਾਂ ਪ੍ਰਾਧੀਨ ਸਥਿਤੀ ਨਿਰਧਾਰਿਤ ਕਰਦੀ ਹੈ ਇਸ ਅਧੀਨ ਭਾਰੂ ਗੁੱਟ ਜਾਂ ਦਾਇਰੇ (ਬੁਨਿਆਦੀ ਰੂਪ ਵਿਚ ਸ਼ੋਸ਼ਕ-ਸ਼੍ਰੇਣੀਆਂ) ਆਪਣੀ ਹੋਂਦ ਦੇ ਆਰੰਭ ਤੋਂ ਸਮਕਾਲ ਤੱਕ ਕਿਸੇ ਨਾ ਕਿਸੇ ਰੂਪ ਵਿਚ ਉਤਪਾਦਨ ਦੀ ਪ੍ਰਕਿਰਿਆ ਤੋਂ ਬਾਹਰ ਰਹਿਕੇ ਵੀ ਉਪਜ ਦੇ ਵਧੇਰੇ ਹਿੱਸੇ 'ਤੇ ਕਾਬਜ਼ ਹੁੰਦੇ ਆਏ ਹਨ ਅਤੇ ਪ੍ਰਾਧੀਨ ਗੁੱਟਾਂ ਜਾਂ ਦਾਇਰਆਂ (ਬੁਨਿਆਦੀ ਰੂਪ ਵਿਚ ਸ਼ੋਸ਼ਿਤ-ਸ਼੍ਰੇਣੀ) ਦਾ ਸ਼ੋਸ਼ਣ ਕਰਦੇ ਰਹੇ ਹਨ ਇਸ ਸ਼ੋਸ਼ਣ ਦਾ ਅੰਤ ਸਦਾ ਸੰਬੰਧਿਤ ਸਮਾਜ ਦੀਆਂ ਸ਼ੋਸ਼ਿਤ-ਸ਼੍ਰੇਣੀਆਂ ਦੀ ਸ਼ੋਸ਼ਕ-ਸ਼ੇਣੀਆਂ ਵਿਰੁੱਧ ਵਿਕਸਤ ਹੋਈ ਚੇਤਨਾ ਤੇ ਯਤਨਾਂ ਦੁਆਰਾ ਵਿਕਾਸਮੁੱਖੀ-ਪਰਿਵਰਤਨ ਨੂੰ ਵਿਹਾਰਿਕ ਰੂਪ ਦੇ ਕੇ ਕੀਤਾ ਗਿਆ ਹੈ ਇਸ ਆਧਾਰ 'ਤੇ ਹੁਣ ਤੱਕ ਦੇ ਮਨੁੱਖੀ-ਸਮਾਜ ਦੇ ਇਤਿਹਾਸ ਵਿਚ, ਮੁੱਢਲੀ-ਸਮਾਜਵਾਦੀ (ਸ਼੍ਰੇਣੀ-ਰਹਿਤ ਵਿਵਸਥਾ), ਗੁਲਾਮਦਾਰੀ, ਸਾਮੰਤਵਾਦੀ, ਪੂੰਜੀਵਾਦੀ ਤੇ ਕਮਿਉਨਿਜ਼ਮ (ਮਾਰਕਸ ਦੀ ਭਵਿੱਖਬਾਣੀ ਅਨੁਸਾਰ) ਵਰਗੀਆਂ ਸਮਾਜਿਕ-ਆਰਥਿਕ ਵਿਵਸਥਾਵਾਂ ਵਿਕਸਤ ਹੋਈਆਂ ਹਨ ਜਿਸ ਕਾਰਨ ਹੁਣ ਤੱਕ ਦਾ ਵਿਦਮਾਨ ਸਮੁੱਚਾ ਮਨੁੱਖੀ-ਸਮਾਜ ਦਾ ਇਤਿਹਾਸ ਇਨ੍ਹਾਂ ਵਿਰੋਧੀ ਸ਼੍ਰੇਣੀਆਂ ਵਿਚਲੇ ਸੰਘਰਸ਼ ਦੇ ਸਿੱਟੇ ਵਜੋਂ ਹੀ ਹੋਂਦ ਗ੍ਰਹਿਣ ਕਰਦਾ ਆਇਆ ਹੈ ਇਸ ਲਈ ਹੀ ਮਾਰਕਸਵਾਦੀ ਫ਼ਲਸਫ਼ਾ ਵਿਰੋਧੀ ਹਿੱਤਾਂ ਤੇ ਅਕਾਂਖਿਆਵਾਂ ਵਾਲੀਆਂ ਸ਼੍ਰੇਣੀਆਂ ਵਿਚਲੇ ਵਿਰੋਧ ਨੂੰ ਸ਼੍ਰੇਣੀਗਤ-ਸਮਾਜ ਦੀ ਪ੍ਰਮੁੱਖ ਸੰਚਾਲਕ ਸ਼ਕਤੀ ਸਵੀਕਾਰ ਕਰਦਾ ਹੈ ਕਾਰਲ ਮਾਰਕਸ ਅਨੁਸਾਰ :
ਆਜ਼ਾਦ ਸ਼ਹਿਰੀ ਅਤੇ ਗੁਲਾਮ, ਰਾਠ ਅਤੇ ਸਾਧਾਰਨ ਮਨੁੱਖ, ਜਾਗੀਰਦਾਰ ਅਤੇ ਖ਼ੇਤ-ਗੁਲਾਮ, ਗਿਲਡ-ਮਾਲਕ ਅਤੇ ਕਾਰੀਗਰ, ਮਤਲਬ ਇਹ ਕਿ ਦੁਬਾਉਣ ਵਾਲਾ ਅਤੇ ਦਬਾਇਆ ਹੋਇਆ, ਇਕ ਦੂਜੇ ਦੇ ਲਗਾਤਾਰ ਵਿਰੁੱਧ ਖੜੇ ਹੁੰਦੇ ਸਨ, ਨਿਰੰਤਰ, ਕਦੀ ਪ੍ਰਤਖ, ਕਦੀ ਪ੍ਰੋਖ ਲੜਾਈ ਵਿਚ ਜੁਟੇ ਰਹਿੰਦੇ ਸਨ, ਅਜਿਹੀ ਲੜਾਈ ਜਿਹੜੀ ਹਰ ਵਾਰ ਜਾਂ ਤਾਂ ਸਮੁੱਚੇ ਤੌਰ ਉੱਤੇ ਸਮਾਜ ਦੀ ਇਨਕਲਾਬੀ ਮੁੜ-ਬਣਤਰ ਵਿਚ, ਜਾਂ ਲੜਾਈ-ਜੁਟੀਆਂ ਸ਼੍ਰੇਣੀਆਂ ਦੀ ਸਾਂਝੀ ਬਰਾਬਰੀ ਵਿਚ ਜਾ ਮੁਕਦੀ ਸੀ1
ਇਹ ਵਿਰੋਧੀ ਹਿੱਤਾਂ ਵਾਲੀਆਂ ਸ਼੍ਰੇਣੀਆਂ ਵਿਚਲਾ ਸੰਘਰਸ਼ ਸਮਾਜ ਦੀ ਆਧਾਰ ਸੰਰਚਨਾ ਵਿਚ ਕਾਰਜਸ਼ੀਲ ਰਹਿੰਦਾ ਹੈ ਅਤੇ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਸਮਾਜ ਦੀ ਪਰ-ਉਸਾਰ ਸੰਰਚਨਾ ਦੇ ਵਿਭਿੰਨ ਵਿਚਾਰਧਾਰਕ ਰੂਪਾਂ ਦੁਆਰਾ ਵੀ ਪ੍ਰਤੀਬਿੰਬਤ ਹੁੰਦਾ ਹੈ ਇਸ ਅਧੀਨ ਸਾਧਨ-ਸੰਪੰਨ ਸ਼੍ਰੇਣੀਆਂ ਸਮਾਜਕ-ਆਧਾਰ ਵਿਚਲੇ ਵਿਰੋਧਾਂ ਨੂੰ ਲੁਪਤ ਕਰਨ ਲਈ ਸਾਧਨ-ਵਿਪੰਨ ਸ਼੍ਰੇਣੀਆਂ ਦੀ ਚਿੰਤਨ, ਚੇਤਨਾ ਤੇ ਸੰਵੇਦਨਾ ਨੂੰ ਸੰਸਕ੍ਰਿਤਕ-ਕੰਡੀਸ਼ਨਿੰਗ ਦੁਆਰਾ ਇਸ ਪ੍ਰਕਾਰ ਰੂਪਾਂਤਰਿਤ ਕਰਨ ਦਾ ਯਤਨ ਕਰਦੀਆਂ ਹਨ ਕਿ ਉਨ੍ਹਾਂ ਦਾ ਸਮੁੱਚਾ ਚਿੰਤਨ, ਚੇਤਨਾ ਤੇ ਸੰਵੇਦਨਾ ਸਾਧਨ-ਸੰਪੰਨ ਸ਼੍ਰੇਣੀਆਂ ਦੇ ਹਿੱਤਾਂ ਤੇ ਇਛਾਵਾਂ ਦੇ ਹੀ ਅਨੁਕੂਲ ਹੋਵੇ ਅਜਿਹੀ ਪ੍ਰਕਿਰਿਆ ਵਿਚੋਂ ਲੰਘੀਆਂ ਸਾਧਨ-ਵਿਪੰਨ ਸ਼੍ਰੇਣੀਆਂ ਆਪਣੇ ਅਨੁਭਵ ਨੂੰ ਕੇਵਲ ਉਸੇ ਰੂਪ ਵਿਚ ਪਹਿਚਾਣਦੀਆਂ ਹਨ ਜਿਸ ਰੂਪ ਵਿਚ ਇਹ ਸਾਧਨ-ਸੰਪੰਨ ਸ਼੍ਰੇਣੀਆਂ ਨੂੰ ਸਵੀਕਾਰ ਹੁੰਦਾ ਹੈ ਅਜਿਹਾ ਕਰਨ ਲਈ ਸਾਧਨ-ਸੰਪੰਨ ਸ਼੍ਰੇਣੀਆਂ ਪ੍ਰਚਾਰ ਦੇ ਵਿਭਿੰਨ ਸਾਧਨਾਂ ਜਿਵੇਂ ਸਿੱਖਿਆ-ਸੰਸਥਾਵਾਂ, ਧਾਰਮਿਕ-ਸੰਸਥਾਵਾਂ, ਨਿਆਂ-ਸੰਸਥਾਵਾਂ, ਸਾਹਿਤਕ-ਕਿਰਤਾਂ ਤੇ ਹੋਰ ਪ੍ਰਚਾਰਕ ਸੰਸਥਾਵਾਂ ਦੇ ਮਾਧਿਅਮ ਦੁਆਰਾ ਸਾਧਨ-ਵਿਪੰਨ ਸ਼੍ਰੇਣੀਆਂ ਦੀ ਚੇਤਨਾ ਦਾ ਇਸ ਪ੍ਰਕਾਰ ਰੂਪਾਂਤ੍ਰਣ ਕਰਦੀਆਂ ਹਨ ਕਿ ਉਨ੍ਹਾਂ ਵਿਚੋਂ ਕਈਆਂ ਨੂੰ ਇਹ ਮਹਿਸੂਸ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੀ ਚੇਤਨਾ ਸਾਧਨ-ਸੰਪੰਨ ਸ਼੍ਰੇਣੀਆਂ ਦੀ ਵਿਚਾਰਧਾਰਾ ਦੇ ਅਨੁਕੂਲ ਬਣ ਗਈ ਹੈ ਇਹ ਸਥਿਤੀ ਉਦੋਂ ਤੱਕ ਮੌਜੂਦ ਰਹਿੰਦੀ ਹੈ ''ਜਦ ਤੱਕ ਤਤਕਾਲੀਨ ਉਤਪਾਦਨ ਸੰਬੰਧਾਂ ਤੇ ਉਤਪਾਦਨ ਸ਼ਕਤੀਆਂ ਵਿਚ ਕੋਈ ਤੀਬਰ ਅੰਤਰ-ਵਿਰੋਧ ਨਹੀਂ ਉਭਰਦਾ ਤਦ ਤੱਕ ਪ੍ਰਭੁਤਾ-ਸੰਪੰਨ ਵਰਗ ਦੀ ਵਿਚਾਰਧਾਰਾ ਤਰਕਸੰਗਤ, ਸੁਭਾਵਿਕ ਅਤੇ ਪੂਰਨ ਵਿਗਿਆਨਿਕ ਲਗਦੀ ਹੈ ਪ੍ਰੰਤੂ ਜਦ ਇਕ ਬਿੰਦੂ 'ਤੇ ਆਕੇ ਇਹ ਨਿਰੰਤਰਣ ਸਮਾਜਿਕ ਤੇ ਭੌਤਿਕ ਉਤਪਾਦਨ ਸ਼ਕਤੀਆਂ ਉੱਤੇ ਬੰਧਨ ਬਣ ਜਾਂਦਾ ਹੈ ਤਾਂ ਕਿਸੇ ਹੋਰ ਵਰਗ ਦੀ ਵਿਚਾਰਧਾਰਾ ਉਤਪਾਦਨ ਸ਼ਕਤੀਆਂ ਦੇ ਅਨੁਕੂਲ ਹੋਣ ਕਰਕੇ ਵਧੇਰੇ ਸਹੀ ਤੇ ਤਾਰਕਿਕ ਪ੍ਰਤੀਤ ਹੋਣ ਲੱਗਦੀ ਹੈ ਇਸ ਪ੍ਰਕਾਰ ਇਤਿਹਾਸਕ ਵਿਕਾਸ ਦੇ ਹਰੇਕ ਪੜਾਅ 'ਤੇ ਟੱਕਰ ਵਾਸਤਵਿਕ ਵਿਚ ਦੋ ਵਿਰੋਧੀ ਵਰਗ ਦ੍ਰਿਸ਼ਟੀਕੋਣਾਂ ਵਿਚ ਹੁੰਦੀ ਹੈ ਜਿਸ ਵਿਚ ਇਕ ਵਧੇਰੇ ਸਹੀ ਤੇ ਦੂਜਾ ਘੱਟ ਸਾਹਿਤਕਾਰ ਦੇ ਸਾਹਮਣੇ ਵਿਕਲਪ ਇਹ ਦੋ ਵਰਗਗਤ ਦ੍ਰਿਸ਼ਟੀਕੋਣਾਂ ਵਿਚੋਂ ਇਕ ਨੂੰ ਚੁਣਨਾ ਹੁੰਦਾ ਹੈ''2 ਇਸ ਤਰ੍ਹਾਂ ਸ਼੍ਰੇਣੀਗਤ-ਸਮਾਜ ਵਿਚ ਸਾਧਨ-ਸੰਪੰਨ ਤੇ ਸਾਧਨ-ਵਿਪੰਨ ਸ਼੍ਰੇਣੀਆਂ ਵਿਚਲਾ ਸੰਘਰਸ਼ ਸਮਾਜ ਦੀ ਆਧਾਰ-ਸੰਰਚਨਾ ਵਿਚ ਕਾਰਜਸ਼ੀਲ ਤਾਂ ਰਹਿੰਦਾ ਹੀ ਹੈ ਅਤੇ ਨਾਲ ਹੀ ਸਮਾਜ ਦੀ ਪਰ-ਉਸਾਰ ਸੰਰਚਨਾ, ਜਿਸ ਵਿਚ ਸਾਹਿਤ ਵਰਗੇ ਅਨੇਕਾਂ ਅੰਗਾ ਸ਼ਮੂਲੀਅਤ ਕਰਦੇ ਹਨ, ਵਿਚ ਵੀ ਜਟਿਲ ਰੂਪ ਵਿਚ ਪ੍ਰਗਟ ਹੁੰਦਾ ਹੈ, ਜਿਸ ਨੂੰ ਪਹਿਚਾਨ ਦਾ ਕਾਰਜ ਮਾਰਕਸਵਾਦੀ ਸਾਹਿਤ-ਆਲੋਚਨਾ ਦੇ ਪ੍ਰਮੁੱਖ ਪ੍ਰਯੋਜਨਾ ਵਿਚੋਂ ਇਕ (ਇਕਮਾਤਰ ਨਹੀਂ) ਹੈ
ਮਾਰਕਸਵਾਦੀ ਪੰਜਾਬੀ ਸਾਹਿਤ-ਆਲੋਚਨਾ ਦੇ ਖੇਤਰ ਅਧੀਨ ਇਸ ਪ੍ਰਯੋਜਨ ਦੀ ਭੂਮਿਕਾ ਤੇ ਭੂਮੀ ਸਿਰਜਨ ਵਾਲਿਆਂ ਵਿਚ ਕੇਸਰ ਸਿੰਘ ਕੇਸਰ ਦਾ ਨਾਂ ਵਿਸ਼ੇਸ਼ ਅਰਥਾਂ ਦਾ ਧਾਰਨੀ ਹੈ, ਜਿਸ ਦੀ ਸਾਹਿਤ-ਆਲੋਚਨਾ ਬਹੁ-ਵਿਧਾਈ ਰੁਖ਼ ਅਖ਼ਤਿਆਰ ਕਰਦੀ ਹੋਈ ਆਪਣੇ ਅਧਿਐਨ-ਖੇਤਰ ਨੂੰ ਮਾਰਕਸਵਾਦੀ ਸਾਹਿਤ ਅਧਿਐਨ-ਮਾਡਲ ਉੱਤੇ ਆਸ਼ਰਿਤ ਕਰਦੀ ਪੰਜਾਬੀ ਕਵਿਤਾ, ਨਾਟਕ, ਖੋਜ, ਆਲੋਚਨਾ ਤੇ ਗਲਪ ਤੱਕ ਪਸਾਰਦੀ ਹੈ ਉਸ ਦੇ ਇਨ੍ਹਾਂ ਪਾਸਾਰਾਂ ਨੂੰ ਉਸ ਦੇ ਮੌਲਿਕ ਆਲੋਚਨਾਤਮਿਕ-ਪਾਠਾਂ ਸਾਹਿਤ-ਖੋਜ ਅਤੇ ਸਾਹਿਤ-ਆਲੋਚਨਾ (1984, 2002), ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ (1987, 2005) ਤੇ ਵਰਗ ਸੰਘਰਸ਼ ਅਤੇ ਗਲਪ ਸਾਹਿਤ (1992) ਅਤੇ ਸੰਪਾਦਿਤ-ਪਾਠਾਂ ਗ਼ਦਰ ਲਹਿਰ ਦੀ ਕਵਿਤਾ (1995), ਡਾ਼ ਹਰਿਭਜਨ ਸਿੰਘ ਅਭਿਨੰਦਨ ਗ੍ਰੰਥ (1994) ਤੇ ਡਾ਼ ਅਤਰ ਸਿੰਘ ਅਭਿਨੰਦਨ ਗ੍ਰੰਥ (1995) ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਇਨ੍ਹਾਂ ਆਲੋਚਨਾਤਮਿਕ ਪਾਠਾਂ ਦੇ ਅੰਤਰਗਤ ਸਾਹਿਤ-ਸਿਰਜਨਾ, ਪ੍ਰਵਿਰਤੀ-ਚਿੰਤਨ, ਪੰਜਾਬੀ ਖੋਜ ਦੇ ਮੁੱਲਾਂਕਣ, ਆਲੋਚਨਾ ਪ੍ਰਣਾਲੀਆਂ ਦੇ ਸਿਧਾਂਤਕ-ਢਾਂਚੇ ਤੇ ਉਨ੍ਹਾਂ ਦੀ ਵਿਚਾਰਧਾਰਕ ਪਹੁੰਚ ਆਦਿ ਬਾਰੇ ਉਸ ਦਾ ਮਹੀਨ ਤੇ ਸਪੱਸ਼ਟ ਅਧਿਐਨ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਹੜਾ ਸਾਹਿਤ-ਸਿਰਜਨਾ ਦੀਆਂ ਪਰਤਾਂ ਨੂੰ ਪਾਠ ਤੇ ਪ੍ਰਸੰਗ ਦੇ ਦਵੰਦਾਤਮਿਕ ਨੂੰ ਵੇਖਣ ਵਾਲੀ ਤਰਕਸੰਗਤ ਤੇ ਸੰਪੂਰਨ ਆਲੋਚਨਾ-ਵਿਧੀ ਦੁਆਰਾ ਅਗ੍ਰਭੂਮਿਤ ਕਰਦਾ ਖ਼ੁਦ ਵੀ ਅਨੇਕਾਂ ਪਾਸਾਰ ਗ੍ਰਹਿਣ ਕਰਦਾ ਹੈ ਇਸ ਦਾ ਇਕ ਮਹੱਤਵਪੂਰਨ ਪਾਸਾਰ ਕੇਸਰ ਸਿੰਘ ਕੇਸਰ ਦੇ ਆਲੋਚਨਾਤਮਿਕ-ਪਾਠ 'ਕੇਸਰ ਸਿੰਘ ਕੇਸਰ ਗਲਪ-ਚਿੰਤਨ'ਦੇ ਰੂਪ ਵਿਚੋਂ ਵੀ ਵੇਖਿਆ ਜਾ ਸਕਦਾ ਹੈ (ਜਿਸ ਦਾ ਅਧਿਐਨ ਕਰਨਾ ਇਸ ਮਜ਼ਮੂਨ ਦਾ ਮੂਲ ਸਰੋਕਾਰ ਹੈ), ਜਿਹੜਾ ਕੇਸਰ ਸਿੰਘ ਕੇਸਰ ਦੇ ਪੂਰਵਲੇ ਪੰਜਾਬੀ ਗਲਪੀ-ਵਿਧਾ ਦੇ ਅਧਿਐਨ ਉੱਤੇ ਅਧਾਰਿਤ ਆਲੋਚਨਾਤਮਿਕ-ਪਾਠ 'ਵਰਗ ਸੰਘਰਸ਼ ਅਤੇ ਗਲਪ ਸਾਹਿਤ' ਦਾ ਹੀ ਵਿਸਤ੍ਰਰਿਤ ਰੂਪ ਹੈ ਜਿਸ ਅਧੀਨ ਕੇਸਰ ਗਲਪ-ਆਲੋਚਨਾ ਮਕਾਨਕੀ ਮਾਰਕਸਵਾਦੀ ਚਿੰਤਕਾਂ ਵਾਂਗ ਉਪਰੋਕਤ ਸ਼੍ਰੇਣੀ-ਸੰਘਰਸ਼ ਦੇ ਸੰਕਲਪ ਨੂੰ ਆਰੋਪਿਤ ਕਰਨ ਦੀ ਬਜਾਇ ਇਸ ਨੂੰ ਭਾਰਤੀ/ਪੰਜਾਬੀ ਸਮਾਜਿਕ-ਆਰਥਿਕ ਵਿਵਸਥਾ ਦੇ ਅਨੁਕੂਲ ਕਰਕੇ ਆਲੋਚਨਾਤਮਿਕ ਤੇ ਸਿਰਜਨਾਤਮਿਕ ਢੰਗ ਨਾਲ ਗਲਪੀ-ਬਿੰਬ ਵਿਚੋਂ ਉਭਾਰਨ ਦਾ ਯਤਨ ਕਰਦੀ ਹੈ ਅਤੇ ਸ਼੍ਰੇਣੀ-ਸੰਘਰਸ਼ ਦੀ ਪਹਿਚਾਣ ਨੂੰ ਮੱਧਮ-ਧੁਨੀ ਵਿਚ ਆਪਣੀ ਆਲੋਚਨਾਤਮਿਕ-ਪਹੁੰਚ ਦੀ ਮੂਲ ਸੁਰ ਬਣਾਉਂਦੀ ਹੋਈ ਗਲਪੀ-ਬਿੰਬ ਨੂੰ ਸਮਝਦੀ ਹੀ ਨਹੀਂ ਬਲਕਿ ਸਮਝਣਯੋਗ ਵੀ ਬਣਾਉਂਦੀ ਹੈ
ਕੇਸਰ ਸਿੰਘ ਕੇਸਰ ਦੀ ਇਹ ਗਲਪ-ਆਲੋਚਨਾ ਉਪਰੋਕਤ ਸ਼੍ਰੇਣੀ-ਸੰਘਰਸ਼ ਤੇ ਸ਼੍ਰੇਣੀ-ਸੰਘਰਸ਼ ਦੀ ਚੇਤਨਾ ਨੂੰ ਹੀ ਆਪਣੀ ਆਲੋਚਨਾਤਮਿਕ-ਪਹੁੰਚ ਦਾ ਅਧਾਰਿਤ ਤੇ ਪਾਸਾਰ ਬਿੰਦੂ ਗ੍ਰਹਿਣ ਕਰਦੀ ਹੈ ਇਸ ਕੇਂਦਰੀ-ਬਿੰਦੂ ਉੱਤੇ ਖਲੋਕੇ ਹੀ ਕੇਸਰ ਗਲਪ-ਆਲੋਚਨਾ ਪੂਰਵਵਰਤੀ ਪੰਜਾਬੀ ਮਾਰਕਸਵਾਦੀ ਗਲਪ-ਆਲੋਚਨਾ ਦੀ ਵਿਧੀਮੂਲਕ-ਪਰਿਪੇਖ ਤੇ ਸਮਾਨਵਰਤੀ ਰੂਪਵਾਦੀ-ਸੰਰਚਨਾਵਾਦੀ ਪੰਜਾਬੀ ਗਲਪ-ਆਲੋਚਨਾ ਦੀ ਵਿਚਾਰਮੂਲਕ-ਪਰਿਪੇਖ ਉੱਤੇ ਪ੍ਰਸ਼ਨ ਚਿੰਨ੍ਹ ਲਗਾਕੇ ਸੰਬਾਦ ਦੇ ਸੰਬੰਧਾਂ ਵਿਚ ਬੱਝਦੀ ਹੈ ਇਸ ਸੰਬਾਦ ਤੋਂ ਅੱਗੇ ਕੇਸਰ ਗਲਪ-ਆਲੋਚਨਾ ਦੀ ਆਲੋਚਨਾਤਮਿਕ ਪਹੁੰਚ 'ਵਿਹਾਰਮੁੱਖ' ਰੁਖ ਅਖ਼ਤਿਆਰ ਕਰਦੀ ਹੋਈ ਅਧਿਆਪਨ ਸ਼ੈਲੀ ਦੇ ਅੰਤਰਗਤ ਸੰਕਲਪਾਂ ਦੇ ਸੂਖ਼ਮ ਨਿਖੇੜਿਆਂ ਵੱਲ ਰੁਚਿਤ ਹੁੰਦੀ ਹੈ ਅਤੇ ਗਲਪੀ-ਬਿੰਬ ਦਾ ਮੁੱਲਾਂਕਣ ਸ਼੍ਰੇਣੀ-ਸੰਘਰਸ਼ ਦੇ ਨੁਕਤੇ ਦੇ ਆਧਾਰ 'ਤੇ ਕਰਦੀ ਹੋਈ ਵਿਕਾਸਮੂਲਕ ਭਵਿੱਖਮੁੱਖੀ-ਪਰਿਵਰਤਨ ਦੀ ਤਰਕਸੰਗਤਾਂ ਤੇ ਨਿਆਇਸ਼ੀਲਤਾ ਵਿਚ ਵਿਸ਼ਵਾਸ ਦ੍ਰਿੜ ਕਰਦੀ ਹੈ ਪ੍ਰੰਤੂ ਇਥੇ ਧਿਆਨਯੋਗ ਨੁਕਤਾ ਇਹ ਹੈ ਕਿ ਕੇਸਰ ਗਲਪ-ਆਲੋਚਨਾ ਵਿਦਮਾਨ-ਵਾਸਤਵਿਕਤਾ ਅਧੀਨ ਵਿਕਾਸਮੂਲਕ ਭਵਿੱਖਮੁੱਖੀ-ਪਰਿਵਰਤਨ ਦੀਆਂ ਸੰਭਾਵਨਾਂ ਅਤੇ ਪ੍ਰਾਧੀਨ ਵਿਅਕਤੀਆਂ ਦੇ ਪ੍ਰਧਾਨ ਸ਼੍ਰੇਣੀ ਅਧੀਨ ਮਤਾਧੀਨ ਬਣਕੇ ਕਾਰਜਸ਼ੀਲ ਰਹਿਣ ਦੀਆਂ ਸੀਮਾਵਾਂ ਤੇ ਸਮੱਸਿਆਵਾਂ ਦੀ ਸਥਿਤੀ ਤੋਂ ਪੂਰਨ ਭਾਂਤ ਸੁਚੇਤ ਹੈ, ਜਿਹੜੀਆਂ ਕਿਸੇ ਪ੍ਰਕਾਰ ਦੇ ਮਨੁੱਖ-ਹਿਤੈਸ਼ੀ ਭਵਿੱਖਮੁੱਖੀ-ਪਰਿਵਰਤਨ ਨੂੰ ਟਾਲਦੀਆਂ ਰਹਿੰਦੀਆਂ ਹਨ ਕੇਸਰ ਗਲਪ-ਆਲੋਚਨਾ ਦੀ ਵਸਤੂਗਤ-ਸਥਿਤੀਆਂ ਪ੍ਰਤੀ ਇਹ ਵਸਤੂਭਾਵੀ ਸੁਚੇਤ-ਪਹੁੰਚ ਨਿਰਸੰਦੇਹ ਵਿਚਾਰਧਾਰਕ ਸਪੱਸ਼ਟਤਾ ਤੇ ਪ੍ਰਪੱਕਤਾ ਦਾ ਹੀ ਇਕ ਪ੍ਰਮਾਣ ਹੈ ਇਸ ਪ੍ਰਸੰਗ ਵਿਚ ਕੇਸਰ ਗਲਪ-ਆਲੋਚਨਾ ਕਰਮਜੀਤ ਸਿੰਘ ਕੁੱਸਾ ਦੇ ਨਾਵਲਰੋਹੀ ਬੀਆਬਾਨਦਾ ਵਿਸ਼ਲੇਸ਼ਣ ਕਰਦੀ ਵਿਚਾਰ ਪ੍ਰਗਟਾਉਂਦੀ ਹੈ :
(ਦੁਖਾਂਤ ਉਦੋਂ ਵਾਪਰਦਾ ਹੈ) ਜਦੋਂ ਸੰਵੇਦਨਸ਼ੀਲ ਵਿਅਕਤੀ ਅਜਿਹੇ ਬੁਨਿਆਦੀ ਸੰਕਟ ਵਾਪਰਦੇ ਹਨ ਜਿਨ੍ਹਾਂ ਦਾ ਹੱਕ ਉਨ੍ਹਾਂ ਵਿਅਕਤੀਗਤ ਪਹੁੰਚ ਤੋਂ ਦੂਰ ਸਮਾਜਕ-ਸਭਿਆਚਾਰਕ ਤੇ ਰਾਜਨੀਤਿਕ ਤਬਦੀਲੀਆਂ ਵਿਚ ਪਿਆ ਹੁੰਦਾ ਹੈ ਪਰ ਸਥਿਤੀ ਦੇ ਰਾਜਨੀਤਿਕ ਦਵੰਦ ਆਜਿਹੇ ਇਨਕਲਾਬਾਂ ਦੇ ਵਾਪਰਨ ਨੂੰ ਲੰਮੇ ਸਮੇਂ ਤੱਕ ਟਾਲੀ ਰੱਖਦੇ ਹਨ3
ਇਸ ਪ੍ਰਕਾਰ ਕੇਸਰ ਗਲਪ-ਆਲੋਚਨਾ ਲਈ ''ਵਰਗ-ਸੰਘਰਸ਼ ਕੇਵਲ ਆਰਥਿਕ ਜਾਂ ਰਾਜਨੀਤਿਕ ਖੇਤਰਾਂ ਦੀ ਹੀ ਵਸਤ ਨਹੀਂ, ਇਹ ਮਨੁੱਖੀ ਸਭਿਆਚਾਰ ਦੇ ਹਰੇਕ ਮੁਹਾਜ਼ ਵਿਚ ਮੌਜੂਦ ਹੈ ਇਸ ਤੋਂ ਵੀ ਅੱਗੇ ਉਹ ਇਸ ਸੰਘਰਸ਼ ਨੂੰ ਸ਼ੋਸ਼ਿਤ ਪਰ ਇਨਕਲਾਬੀ ਮਿਹਨਤਕਸ਼ ਵਰਗ ਦੀ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੋਇਆ ਉਸ ਦੀ 'ਭਵਿੱਖ ਵਿਚ ਜਿੱਤ' ਵਿਚ ਵਿਸ਼ਵਾਸ ਬਿਠਾਉਂਦਾ ਹੈ''4 ਇਸ ਸ਼੍ਰੇਣੀ-ਸੰਘਰਸ਼ ਦੀ ਪਹਿਚਾਣ ਲਈ ਕੇਸਰ ਗਲਪ-ਆਲੋਚਨਾ ਗਲਪੀ-ਬਿੰਬ ਦਾ ਅਧਿਐਨ-ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਉਸਦੀ ਪ੍ਰਸੰਗ ਨਾਲ ਜੋੜਕੇ ਵਿਆਖਿਆ ਵੀ ਕਰਦੀ ਹੈ ਅਤੇ ਅਜਿਹਾ ਕਰਦੇ ਸਮੇਂ ਇਸ ਆਲੋਚਨਾ ਦਾ ਰੁਖ਼ ਅਮੁਮਨ ਪਾਠ ਤੋਂ ਪ੍ਰਸੰਗ ਵੱਲ ਆਰੰਭ ਹੁੰਦਾ ਹੋਇਆ ਵਿਸ਼ਲੇਸ਼ਣ ਦੌਰਾਨ ਪਾਠ ਤੋਂ ਪ੍ਰਸੰਗ ਤੇ ਪ੍ਰਸੰਗ ਤੋਂ ਪਾਠ ਵੱਲ ਵਾਰ-ਵਾਰ ਜਾਂਦੀ ਤੇ ਪਰਤਦੀ ਹੈ ਆਪਣੀ ਇਸ ਦਿਸ਼ਾ ਨੂੰ ਨਿਰਧਾਰਿਤ ਕਰਨ ਸਮੇਂ ਕੇਸਰ ਗਲਪ-ਆਲੋਚਨਾ ਵਿਸ਼ੇਸ਼ ਗਲਪੀ-ਸਿਰਜਨਾ ਦੇ ਅਧਿਐਨ-ਵਿਸ਼ਲੇਸ਼ਣ ਲਈ ਰਚਨਾਕਾਰ ਦੀਆਂ ਪੂਰਵਵਲੀਆਂ ਗਲਪੀ-ਸਿਰਜਨਾ ਦਾ ਸਹਾਰਾ ਵੀ ਲੈਂਦੀ ਹੈ ਅਤੇ ਕਈ ਵਾਰ ਉਸ ਨੂੰ ਸਮੁੱਚੀ ਪੰਜਾਬੀ ਗਲਪ-ਸਾਹਿਤ ਪੰਰਪਰਾ ਵਿਚ ਰੱਖਕੇ ਵੇਖਦੀ ਹੋਈ ਸੰਬੰਧਿਤ ਗਲਪੀ-ਸਿਰਜਨਾ ਦੇ ਅੰਤਰ-ਪਾਠੀ ਸੰਬੰਧਾਂ ਨੂੰ ਵੀ ਉਜਾਗਰ ਕਰਦੀ ਹੈ ਅਤੇ ਸ਼੍ਰੇਣੀ-ਚੇਤਨਾ ਨੂੰ ਨਿਸ਼ਚਿਤ ਕਰਨ ਲਈ ਸੇਖੋਂ-ਆਲੋਚਨਾ ਵਾਂਗ ਰਚਨਾਕਾਰ ਦੇ ਜੀਵਨੀਮੂਲਕ ਵੇਰਵਿਆਂ ਦਾ ਸਹਾਰਾ ਲੈਣ ਦੀ ਵਿਧੀ ਨੂੰ ਅਪਣਾਉਂਦੀ ਹੈ, ਜਿਸ ਦੇ ਅੰਤਰਗਤ ਇਹ ਆਲੋਚਨਾ ਰਚਨਾ-ਦ੍ਰਿਸ਼ਟੀ, ਜੀਵਨ-ਦ੍ਰਿਸ਼ਟੀ ਤੇ ਯੁੱਗ-ਦ੍ਰਿਸ਼ਟੀ ਦੇ ਅੰਤਰ-ਸੰਬੰਧਾਂ ਤੇ ਅੰਤਰ-ਦਵੰਦਾਂ ਨੂੰ ਵੇਖਦੀ ਹੋਈ ਗਲਪੀ-ਸਿਰਜਨਾ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਂਕਣ ਕਰਨ ਵੱਲ ਅਗ੍ਰਸਰ ਹੁੰਦੀ ਹੈ
ਕੋਈ ਸਾਹਿਤਕਾਰ ਇਸ ਦਵੰਦ ਦੇ ਸਾਰੇ ਪੱਖਾਂ ਨੂੰ ਕਿੰਨੀ ਭਰਪੂਰਤਾ ਤੇ ਕਿੰਨੇ ਠੀਕ ਇਤਿਹਾਸਕ ਪਰਿਪੇਖ ਵਿਚ ਗ੍ਰਹਿਣ ਕਰਦਾ ਹੈ, ਇਹ ਗੱਲ ਉਸ ਦੀ ਜੀਵਨ-ਦ੍ਰਿਸ਼ਟੀ, ਜੀਵਨ-ਅਨੁਭਵ ਤੇ ਸਾਹਿਤਕ ਯੋਗਦਾ ਉੱਤੇ ਨਿਰਭਰ ਹੁੰਦੀ ਹੈ ਤੇ ਇਸ ਦੇ ਆਧਾਰ 'ਤੇ ਹੀ ਉਸ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਲੇਖਾ-ਜੋਖਾ ਕੀਤਾ ਜਾ ਸਕਦਾ ਹੈ5
ਇਸ ਤਰ੍ਹਾਂ ਕੇਸਰ ਗਲਪ-ਆਲੋਚਨਾ ਗਲਪੀ-ਬਿੰਬ ਦੀ ਵਿਆਖਿਆ ਅਤੇ ਰਚਨਾਕਾਰ ਦੇ ਜੀਵਨਮੂਲਕ ਵੇਰਵਿਆਂ ਉੱਤੇ ਆਸ਼ਰਿਤ ਹੋ ਕੇ ਰਚਨਾਕਾਰ ਦੀ ਸ਼੍ਰੇਣਿਕ-ਸਥਿਤੀ ਦਾ ਨਿਰਣਾ ਕਰਦੀ ਹੈ ਪ੍ਰੰਤੂ ਧਿਆਨਯੋਗ ਇਹ ਹੈ ਕਿ ਜੀਵਨੀਮੂਲਕ-ਵੇਰਵਿਆਂ ਉੱਤੇ ਅਧਾਰਿਤ ਇਹ ਵਿਧੀ ਜਿਥੇ ਪ੍ਰਤੱਖ ਸੰਭਾਵਨਾ ਤੇ ਸਾਰਥਿਕਤਾ ਮੌਜੂਦ ਭਰਪੂਰ ਨਜ਼ਰੀ ਪੈਂਦੀ ਹੈ, ਉੱਥੇ ਪ੍ਰੋਖ ਰੂਪ ਵਿਚ ਇਸ ਵਿਧੀਆਂ ਦੀਆਂ ਅਨੇਕਾਂ ਸੀਮਾਵਾਂ ਤੇ ਸਮੱਸਿਆਵਾਂ ਵੀ ਹੋਂਦ ਰੱਖਦੀਆਂ ਹਨ ਕਿਉਂਕਿ ਕਈ ਵਾਰ ਰਚਨਾਕਾਰ ਆਪਣੇ ਜੀਵਨ ਦੇ ਅੰਤਰਗਤ ਸੁਚੇਤ ਰੂਪ ਵਿਚ ਕਿਸੇ ਵਿਚਾਰਧਾਰਕ ਪ੍ਰਤਿਬੱਧਤਾ ਦੇ ਲੜ ਲੱਗਿਆ ਹੋਇਆ ਵੀ ਆਪਣੀ ਕਲਾਤਮਿਕ ਸੀਮਾਵਾਂ ਦੇ ਕਾਰਨ ਵੱਸ ਅਚੇਤ ਹੀ ਗਲਪੀ-ਬਿੰਬ ਦੀ ਅਧੀਨ ਵਿਪਰੀਤ ਧੁਨੀ ਪ੍ਰਸਤੁਤ ਕਰ ਜਾਂਦਾ ਹੈ ਅਤੇ ਆਪਣੀ ਵਿਚਾਰਧਾਰਕ ਪ੍ਰਤਿਬੱਧਤਾ ਤੋਂ ਸੁਚੇਤ ਹੁੰਦਾ ਹੋਇਆ ਵੀ ਉਸ ਨੂੰ ਜ਼ੁਬਾਨ ਨਹੀਂ ਦੇ ਪਾਉਂਦਾ (ਜਿਵੇਂ ਪੰਜਾਬੀ ਦਾ ਨਾਲਵਕਾਰ ਜਸੰਵਤ ਸਿੰਘ ਕੰਵਲ) ਇਸ ਪ੍ਰਸੰਗ ਵਿਚ ਕੇਸਰ ਗਲਪ-ਆਲੋਚਨਾ ਜਿਥੇ ਇਕ-ਪਾਸੇ ਸੇਖੋਂ-ਆਲੋਚਨਾ ਦੀ ਇਸ ਉਪਰੋਕਤ ਵਿਧੀ ਨੂੰ ਅਪਣਾਉਣ ਕਾਰਨ ਸਾਂਝੇ ਧਰਾਤਲ ਉੱਤੇ ਵਿਚਰਦੀ ਹੈ, ਉਥੇ ਇਹ ਆਲੋਚਨਾ ਇਸ ਵਿਧੀ ਨੂੰ ਲਾਗੂ ਕਰਨ ਵਿਚ ਨਿਖੜੀ ਦ੍ਰਿਸ਼ਟੀਗੋਚਰ ਹੁੰਦੀ ਹੈ, ਜਿਸ ਅਧੀਨ ਇਹ ਗਲਪ-ਆਲੋਚਨਾ ਜ਼ਿਆਦਾਤਰ ਰਚਨਾ-ਦ੍ਰਿਸ਼ਟੀ, ਜੀਵਨ-ਦ੍ਰਿਸ਼ਟੀ ਤੇ ਯੁੱਗ-ਦ੍ਰਿਸ਼ਟੀ ਦੇ ਪਰਸਪਰ ਸੰਬੰਧਾਂ ਦਾ ਮੁਤੱਲਿਆ ਕਰਦੀ ਹੋਈ ਤਰਕਸੰਗਤ ਤੇ ਵਿਵੇਕਸ਼ੀਲ ਢੰਗ ਨਾਲ ਪੰਜਾਬੀ ਦੇ ਵਿਸ਼ੇਸ਼ ਨਾਵਲਕਾਰਾਂ (ਜਿਵੇਂ ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਸੰਤ ਸਿੰਘ ਸੇਖੋਂ, ਕਰਮਜੀਤ ਕੁੱਸਾ ਆਦਿ) ਦੀਆਂ ਸਿਰਜਨਾਵਾਂ ਦਾ ਸਟੀਕ ਤੇ ਸੰਤੁਲਿਤ ਮੁੱਲਾਂਕਣ ਕਰਨ ਦੇ ਸਮਰੱਥ ਬਣਦੀ ਹੈ ਕੇਸਰ ਗਲਪ-ਆਲੋਚਨਾ ਦੀ ਇਹ ਸਮਰੱਥਾ ਇਸ ਆਲੋਚਨਾ ਦੀ ਉਸ ਦ੍ਰਿਸ਼ਟੀ ਤੇ ਵਿਧੀ ਉੱਤੇ ਆਸ਼ਰਿਤ ਹੈ, ਜਿਸ ਅਧੀਨ ਇਹ ਆਲੋਚਨਾ ਗਲਪੀ-ਪਾਠ ਦੇ ਯਥਾਰਥ ਨੂੰ ਪ੍ਰਸੰਗ ਵਿਚਲੀ ਵਾਸਵਿਕਤਾ ਨਾਲ ਅੰਤਰ-ਸੰਬੰਧਿਤ ਕਰਦੀ ਹੋਈ ਪਾਠ ਦੇ ਲੁਪਤ ਅਰਥਾਂ ਨੂੰ ਉਜਾਗਰ ਕਰਨ ਵੱਲ ਅਗ੍ਰਸਰ ਹੁੰਦੀ ਹੈ ਅਜਿਹਾ ਕਰਦੇ ਸਮੇਂ ਇਹ ਆਲੋਚਨਾ ਆਪਣੀ ਵਿਚਾਰਧਰਕ ਸਪੱਸ਼ਟਤਾ ਕਾਰਨ ਸਥਾਪਤ ਨਾਲੋਂ ਵੱਖਰੇ ਵਿਚਾਰ ਤੇ ਵਿਸ਼ਲੇਸ਼ਣ ਕਰਨ ਵੱਲ ਰੁਚਿਤ ਨਹੀਂ ਹੁੰਦੀ ਸਗੋਂ ਸਥਾਪਿਤ ਦੇ ਬਿੰਬ ਨੂੰ ਵਿਖੰਡਤ ਕਰਕੇ ਉਸਦੇ ਮੁੱਲਾਂ ਦੇ ਮੂਲ ਤੱਕ ਪਹੁੰਚਣ ਲਈ ਯਤਨਸ਼ੀਲ ਰਹਿੰਦੀ ਹੈ, ਜਿਵੇਂ ਕੇਸਰ ਗਲਪ-ਆਲੋਚਨਾ ਸੁਰਿੰਦਰ ਸਿੰਘ ਨਰੂਲਾ ਦੇ ਨਾਵਲ ਬਾਰੇ ਵਿਸ਼ਲੇਸ਼ਣ ਕਰਦੀ ਹੋਈ ਇਹ ਮੱਤ ਦਿੰਦੀ ਹੈ :
ਆਮ ਤੌਰ 'ਤੇ ਨਰੂਲੇ ਨੂੰ ਯਥਾਰਥਵਾਦੀ ਪੰਜਾਬੀ ਨਾਵਲ ਦਾ ਮੋਢੀ ਕਿਹਾ ਜਾਂਦਾ ਹੈ ਪਰ ਉਹ ਦਾ ਇਹ ਨਾਵਲ ਸਧਾਰਨ ਦ੍ਰਿਸ਼ਟੀ ਤੋਂ ਪੰਜਾਬੀ ਦੇ ਨਿਮਨ ਕੋਟੀ ਦੇ ਨਾਵਲਾਂ ਵਿਚ ਆਉਂਦਾ ਹੈ ਉਹ 'ਯੂਟੋਪੀਅਈ ਸਮਾਜਵਾਦ' ਦੀ ਸਿਰਜਨ ਦੀ ਧੁਨ ਵਿਚ ਭਾਰਤੀ ਦੀ ਆਜ਼ਾਦੀ ਤੋਂ ਬਾਅਦ ਸਰਕਾਰੀ ਸੁਧਾਰਵਾਦੀ ਨਾਹਰਿਆਂ ਦੀ ਹਮਾਇਤ ਵਿਚ ਜਾ ਖੜ੍ਹਦਾ ਹੈ ਪਰ ਨਾਇਕ ਦੇ ਕਿਰਦਾਰ ਨੂੰ ਯਥਾਰਥਕ ਰੂਪ ਵਿਚ ਪੇਸ਼ ਕਰਕੇ ਤੇ ਕਾਮਿਆਂ ਦੇ ਆਗੂਆਂ ਨੂੰ ਜੇਲ ਵਿਚ ਦਿਖਾ ਕੇ ਉਹ ਇਸ ਸੁਧਾਰਵਾਦ ਦਿੱਖ ਨੂੰ ਅੰਦਰੋਂ ਸੱਕੀ ਵੀ ਬਣਾਉਂਦਾ ਹੈ ਸੁਮੱਚੇ ਰੂਪ ਵਿਚ ਇਸ ਨੂੰ ਯਥਾਰਥ ਦਾ ਨਹੀਂ ਸੁਪਨੇ ਦਾ ਨਾਵਲ ਹੀ ਕਿਹਾ ਜਾ ਸਕਦਾ ਹੈ6
ਉਪਰੋਕਤ ਸੰਦਰਭ ਇਸ ਆਲੋਚਨਾ ਦੀ ਮੌਲਿਕਤਾ ਦਾ ਪ੍ਰਮਾਣ ਅਤੇ ਵਿਕਾਸਮਈ ਹੋਣ ਦੀ ਪਹਿਚਾਣ ਹੈ ਜਿਸ ਪਹਿਚਾਣ ਨੂੰ ਕੇਸਰ ਗਲਪ-ਆਲੋਚਨਾ ਦੀ ਸੰਬਾਦ ਪ੍ਰਵਿਰਤੀ ਵਿਚੋਂ ਵੀ ਤਲਾਸ਼ਿਆ ਜਾ ਸਕਦਾ ਹੈ, ਜਿਸ ਅਧੀਨ ਇਹ ਆਲੋਚਨਾ ਪੰਜਾਬੀ ਗਲਪੀ-ਸਿਰਜਨਾਵਾਂ ਬਾਰੇ ਮੌਜੂਦ ਪੰਜਾਬੀ ਗਲਪ-ਆਲੋਚਕਾਂ (ਜੋਗਿੰਦਰ ਸਿੰਘ ਰਾਹੀ ਤੇ ਨਰਿੰਜਨ ਤਸਨੀਮ) ਦੀਆਂ ਪੂਰਵਲੀਆਂ ਧਾਰਨਾਵਾਂ ਨਾਲ ਸੰਬਾਦ ਦਾ ਰਿਸ਼ਤਾ ਕਾਇਮ ਕਰਦੀ ਇਨ੍ਹਾਂ ਧਾਰਨਾਵਾਂ ਨੂੰ ਦਰੁਸਤ ਕਰਨ ਲਈ ਵੀ ਯਤਨਸ਼ੀਲ ਰਹਿੰਦੀ ਹੈ ਉਸ ਦਾ ਇਹ ਸੰਬਾਦ ਕੇਵਲ ਪੰਜਾਬੀ ਗਲਪ ਨਾਲ ਸੰਬੰਧਿਤ ਪਰ-ਆਲੋਚਕਾਂ ਦੀਆਂ ਧਾਰਨਾਵਾਂ ਨਾਲ ਹੀ ਨਹੀਂ ਰਹਿੰਦਾ ਸਗੋਂ ਇਨ੍ਹਾਂ ਆਲੋਚਕਾਂ ਦੀਆਂ ਅਧਿਐਨ-ਪ੍ਰਣਾਲੀਆਂ ਜਾਂ ਅਧਿਐਨ-ਵਿਧੀਆਂ ਨੂੰ ਵੀ ਆਪਣੇ ਕਲੇਵਰ ਵਿਚ ਲੈਂਦਾ ਹੈ ਇਸ ਧਰਾਤਲ ਉੱਤੇ ਇਹ ਆਲੋਚਨਾ ਰੂਪ-ਕੇਂਦਰਿਤ ਤੇ ਆਦਰਸ਼ਵਾਦੀ ਆਲੋਚਨਾ ਪੱਧਤੀਆਂ ਦੀਆਂ ਪਹੁੰਚ-ਵਿਧੀਆਂ ਦੀਆਂ ਕਮਜ਼ੋਰੀਆਂ ਤੇ ਇਨ੍ਹਾਂ ਦੀਆਂ ਵਿਚਾਰਧਾਰਕ ਵਿਸੰਗਤੀਆਂ ਦੀ ਭੂਮੀ ਤੇ ਭੂਮਿਕਾ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ ਇਹ ਕੇਸਰ ਗਲਪ-ਆਲੋਚਨਾ ਦੀ ਵਿਚਾਰਧਾਰਕ ਪ੍ਰਤਿਬੱਧਤਾ ਦਾ ਪ੍ਰਮਾਣ ਹੈ, ਜਿਸ ਦੇ ਅੰਤਰਗਤ ਪ੍ਰਗਟਾਅ ਦੀ ਸਪੱਸ਼ਟਤਾ ਦਾ ਗੁਣ ਇਸ ਆਲੋਚਨਾ ਦੀ ਅਧਿਆਪਨੀ-ਸ਼ੈਲੀ ਨੇ ਆਪਣੇ ਵਿਚ ਸਮੋਇਆ ਹੈ
          ਕੇਸਰ ਗਲਪ-ਆਲੋਚਨਾ ਦਾ ਅਗਲੇਰਾ ਪਛਾਣ ਚਿੰਨ੍ਹ ਉਸਦੇ ਗਲਪ-ਸ਼ਾਸਤਰ ਦੇ ਨਿਰਮਾਣ ਵਿਚ ਲੁਪਤ ਹੈ ਜਿਸ ਦਾ ਨਿਰਮਾਣ ਇਹ ਆਲੋਚਨਾ ਪ੍ਰੋਢ ਸਮਾਜ-ਸ਼ਾਸਤਰੀ ਤੇ ਸੁਹਜ-ਸ਼ਾਸਤਰੀ ਜਿਵੇਂ ਮਿਸ਼ੈਲ ਜਿਰਾਫ਼ਾ, ਜਾਰਜ ਲੁਕਾਚ, ਰੈਲਫ਼ ਫਾਕਸ, ਐਡਵਿਨ ਮਿਉਰ ਤੇ ਲੁਇਸ ਗੋਲਡਮਾਨ ਆਦਿ ਦੇ ਸਿਧਾਂਤਕ ਸੁਹਜ ਤੇ ਸਮਾਜ-ਸ਼ਾਸਤਰੀ ਮਾਡਲਾਂ ਉੱਤੇ ਅਧਾਰਿਤ ਹੈ ਇਨ੍ਹਾਂ ਸਾਹਿਤ-ਚਿੰਤਕਾਂ ਪਾਸੋਂ ਇਹ ਗਲਪ-ਆਲੋਚਨਾ ਗਲਪੀ-ਸਿਰਜਨਾ ਦੀ ਹੋਂਦ-ਵਿਧੀ ਨਾਲ ਸੰਬੰਧਿਤ ਸਮੁੱਚਤਾਅਤੇ ਪ੍ਰਤੀਨਿਧਤਾ7 ਵਰਗੇ ਸੰਕਲਪਾਂ ਨੂੰ ਗ੍ਰਹਿਣ ਕਰਦੀ ਹੈ ਇਨ੍ਹਾਂ ਵਿਚ ਸਮੁੱਚਤਾ ਤੋਂ ਇਸ ਆਲੋਚਨਾ ਦਾ ਭਾਵ ਸਥਿਤੀਆਂ ਜਾਂ ਪਾਤਰਾਂ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਕ੍ਰਮ-ਬੱਧ ਵਿਵਰਣ ਤੋਂ ਨਹੀਂ, ਸਗੋਂ ਇਸ ਦਾ ਭਾਵ ਨਾਵਲ ਵਿਚ ਪੇਸ਼ ਮਨੁੱਖੀ ਸ਼ਖ਼ਸੀਅਤ ਦੇ ਬੌਧਿਕ, ਭਾਵੁਕ ਤੇ ਅਮਲ ਦੇ ਤਿੰਨੋੱ ਪੱਖਾਂ ਨੂੰ ਉਜਾਗਰ ਕਰਨ ਤੋਂ ਹੈ ਇਸ ਸਮੁੱਚੇ ਜੀਵਨ-ਬਿੰਬ ਨੂੰ ਉਘਾੜਨ ਲਈ ਕੇਸਰ ਗਲਪ-ਆਲੋਚਨਾ ਰਚਨਾਕਾਰ ਤੋਂ ਗਲਪੀ-ਸਿਰਜਨਾ ਨੂੰ ਅਖੰਡਿਤ ਤੇ ਵਿਆਪਕ ਵਾਸਤਵਿਕ-ਜੀਵਨ ਵਿਚੋਂ ਚੋਣ ਦੇ ਸਿਧਾਂਤ 'ਤੇ ਅਧਾਰਿਤ ਇਕ ਪ੍ਰਤੀਨਿਧ ਜੀਵਨ-ਸਥਿਤੀ ਉਭਾਰਨ ਦੀ ਮੰਗ ਕਰਦੀ ਹੈ ਕੇਸਰ ਗਲਪ-ਆਲੋਚਨਾ ਦੁਆਰਾ ਪ੍ਰਸਤੁਤ ਹੋਏ ਪ੍ਰਤੀਨਿਧ ਬਿੰਬ ਤੇ ਮੂਲ-ਵਰਤਾਰੇ ਦੇ ਸੰਬੰਧਾਂ ਨੂੰ ਦਵੰਦਾਤਮਿਕ-ਪਦਾਰਥਵਾਦ ਦੇ 'ਆਮ ਤੇ ਵਿਸ਼ੇਸ਼' (general and particular) ਦੇ ਦਾਰਸ਼ਨਿਕ ਪ੍ਰਵਰਗ ਦੇ ਸਮਾਨਾਂਤਰ ਰੱਖਕੇ ਹੋਰ ਗਹਿਰਾਈ ਨਾਲ ਸਮਝ ਸਕਦੇ ਹਾਂ, ਜਿਵੇਂ ਆਮ, ਵਿਸ਼ੇਸ਼ ਦੁਆਰਾ ਪ੍ਰਗਟ ਹੁੰਦਾ ਹੈ ਅਤੇ ਵਿਸ਼ੇਸ਼, ਆਮ ਦੀ ਪ੍ਰਤਿਨਿਧਤਾ ਕਰਦਾ ਹੈ, ਉਸੇ ਤਰ੍ਹਾਂ ਪ੍ਰਤੀਨਿਧ ਬਿੰਬ ਮੂਲ ਵਰਤਾਰੇ ਵਿਚੋਂ ਪੈਦਾ ਹੋ ਕੇ ਵੀ ਵਿਸ਼ੇਸ਼ ਹੁੰਦਾ ਹੈ ਅਤੇ ਮੂਲ ਵਰਤਾਰੇ ਦੀ ਹੀ ਪ੍ਰਤਿਨਿਧਤਾ ਕਰਦਾ ਹੈ ਇਸ ਪ੍ਰਕਾਰ ਪ੍ਰਤੀਨਿਧ ਬਿੰਬ ਮੂਲ-ਵਰਤਾਰੇ ਨਾਲ ਵਰਗੇਵੇੱ ਤੇ ਵਖਰੇਵੇਂ (ਰਚਨਾਕਾਰ ਦੀ ਸਿਰਜਨ ਸ਼ਕਤੀ ਦੇ ਸਹਾਰੇ) ਦੇ ਸੰਬੰਧਾਂ ਵਿਚ ਬੱਝਿਆ ਹੋਇਆ ਮੂਲ-ਵਰਤਾਰੇ ਦੇ ਵਿਸ਼ੇਸ਼ ਗੁਣ ਆਪਣੇ ਵਿਚ ਸਮੋਈ ਰੱਖਦਾ ਹੈ ਜਿਸ ਬਾਰੇ ਬੋਰਿਸ ਸ਼ਚਕੋਵ (Boris Sochkov) ਦਾ ਕਹਿਣਾ ਹੈ ਕਿ ''ਨਿੱਕੇ ਦੁਖਾਂਤਾਂ ਦੇ ਪਾਤਰ ਕੇਵਲ ਆਪਣੇ ਜੁਗ ਦੀਆਂ ਪੁਸ਼ਾਕਾਂ ਹੀ ਨਹੀਂ ਪਹਿਨਦੇ, ਉਹ ਆਪਣੇ-ਆਪਣੇ ਜੁਗ ਦੀਆਂ ਬਹੁਤ ਸਾਰੀਆਂ ਮਨੋਵਿਗਿਆਨਕ ਵਿਸ਼ੇਸ਼ਤਾਵਾਂ ਵੀ ਰੱਖਦੇ ਹਨ ਉਹਨਾਂ ਦਾ ਇਸ ਹੱਦ ਤੱਕ ਸਾਧਾਰਨੀਕਰਨ ਅਤੇ ਯਥਾਰਥਵਾਦੀ ਢੰਗ ਨਾਲ ਪ੍ਰਕਾਰੀਕਰਨ ਕੀਤਾ ਗਿਆ ਹੈ (ਕਿ) ਇਹ ਇਤਿਹਾਸਕ ਤੱਥ ਦੀਆਂ ਸੀਮਾਵਾਂ ਬੰਦਸ਼ਾਂ ਤੋਂ ਪਾਰ ਚਲੇ ਜਾਂਦੇ ਹਨ''8
          ਇਸ ਪ੍ਰਸੰਗ ਵਿਚ ਕੇਸਰ ਗਲਪ-ਆਲੋਚਨਾ ਉਪਰੋਕਤ ਮਾਰਕਸਵਾਦੀ-ਚਿੰਤਕਾਂ ਦੇ ਸੁਮੱਚਤਾ ਤੇ ਪ੍ਰਤੀਨਿਧਤਾ ਦੇ ਸੰਕਲਪਾਂ ਨੂੰ ਹੀ ਯਥਾਰਥਕ ਗਲਪ-ਬਿੰਬ ਸਿਰਜਨ ਦਾ ਆਧਾਰ-ਤੱਤ ਕਿਆਸ ਕਰਦੀ ਹੈ, ਪ੍ਰੰਤੂ ਕੇਸਰ ਗਲਪ-ਆਲੋਚਨਾ ਦੀ ਪ੍ਰਾਪਤੀ ਇਨ੍ਹਾਂ ਸਾਹਿਤਕ-ਮਾਡਲਾਂ ਨੂੰ ਫ਼ੈਸ਼ਨ-ਪ੍ਰਸਤੀ ਦੇ ਪ੍ਰਭਾਵ ਅਧੀਨ ਗ੍ਰਹਿਣ ਕਰਨ ਦੀ ਬਜਾਇ ਇਨ੍ਹਾਂ ਮਾਡਲਾਂ ਦੇ ਮੁੱਲਾਂ ਨੂੰ ਹੂ-ਬੁ-ਹੂ ਗ੍ਰਹਿਣ ਕਰਨ ਦੀ ਥਾਂ ਇਨ੍ਹਾਂ ਮਾਡਲਾਂ ਨੂੰ ਪੰਜਾਬੀ ਸਾਹਿਤ ਦੀ ਪਰੰਪਰਾ ਤੇ ਪਸਾਰਾਂ ਦੇ ਅਨੁਰੂਪ ਢਾਲਕੇ ਨਵ-ਸਿਰਜਨ ਜਾਂ ਪ੍ਰਸੰਗਿਕ ਕਰਨ ਦਾ ਕਾਰਜ ਕਰਨ ਵਿਚ ਅਤੇ ਇਨ੍ਹਾਂ ਮਾਡਲਾਂ ਦੇ ਮੂਲ ਦੀ ਤਲਾਸ਼ ਕਰਕੇ ਧਾਰਨ ਕਰਨ ਵਿਚ ਨਿਹਿਤ ਹੈ ਜਿਵੇਂ ਜਾਰਜ ਲੁਕਾਚ ਤੇ ਰੈਲਫ ਫ਼ਾਕਸ ਦੀਆਂ ਧਾਰਨਾਵਾਂ ਨੂੰ ਮਾਰਕਸ ਤੇ ਏਂਗਲਜ਼ ਨਾਲ ਸੰਬਧਿਤ ਕਰਦੀ ਇਸ ਆਲੋਚਨਾ ਦਾ ਮੱਤ ਹੈ :
ਯਥਾਰਥਵਾਦੀ ਨਾਵਲੀ ਦੇ ਸੌਂਦਰਯ-ਸ਼ਾਸਤਰ ਦੀ ਉਸਾਰੀ ਵਿਚ ਹੰਗੇਰੀਅਨ ਚਿੰਤਨ ਲੁਕਾਚ ਅਤੇ ਇਕ ਅੰਗਰੇਜ਼ ਆਲੋਚਕ ਰੈਲਫ ਫਾਕਸ ਦਾ ਯੋਗਦਾਨ ਮਹੱਤਵਪੂਰਨ ਹੈ ਉਨ੍ਹਾਂ ਦੋਹਾਂ ਦਾ ਵਿਚਾਰ ਹੈ ਕਿ ਨਾਵਲ ਸੰਪੂਰਨ ਮਾਨਵ (the whole) ਦੀ ਅਭਿਵਿਅਕਤੀ ਹੈ ਅਤੇ 'ਸੰਪੂਰਨ ਮਾਨਵ' ਦੀ ਅਭਿਵਿਅਕਤੀ 'ਪੂਰੇ ਸਮਾਜ' ਦੇ ਸੰਦਰਭ ਵਿਚ ਹੀ ਹੋ ਸਕਦੀ ਹੈ(ਇਹ) ਲੁਕਾਚ ਤੇ ਫਾਕਸ ਦੇ ਗਲਪ-ਸ਼ਾਸਤਰ ਦਾ ਸਿਧਾਂਤਕ ਆਧਾਰ ਮੋਟੇ ਤੌਰ 'ਤੇ, ਮਾਰਕਸ-ਏੱਗਲਜ਼ ਦੀਆਂ ਕੁਝ ਟਿੱਪਣੀਆਂ (observation) ਹਨ9
ਇਸ ਪ੍ਰਕਾਰ ਇਹ ਗਲਪ-ਆਲੋਚਨਾ ਇਨ੍ਹਾਂ ਸੰਕਲਪਾਂ ਦੀ ਮੂਲ ਪ੍ਰਕਿਰਤੀ ਦੇ ਅਨੁਕੂਲ ਹੀ ਇਨ੍ਹਾਂ ਦੀਆਂ ਨਵੀਨ ਸੰਭਾਵਨਾਵਾਂ ਨੂੰ ਉਜਾਗਰ ਕਰਦੀ ਹੈ ਅਤੇ ਇਨ੍ਹਾਂ ਵਿਚ ਵਧੇਰੇ ਸਪੱਸ਼ਟਤਾ ਤੇ ਮੌਲਿਕਤਾ ਦਾ ਸੰਚਾਰ ਕਰਦੀ ਹੋਈ ਇਨ੍ਹਾਂ ਦੇ ਮੂਲ ਸੁਭਾਅ ਨੂੰ ਕਾਇਮ ਰੱਖਦੀ ਆਪਣੀ ਆਲੋਚਨਾਤਮਿਕ-ਪਹੁੰਚ ਦਾ ਵਿਕਾਸ ਕਰਦੀ ਹੈ
ਇਸ ਤੋਂ ਇਲਾਵਾ ਕੇਸਰ ਗਲਪ-ਆਲੋਚਨਾ ਦੀ ਇਕ ਵਿਸ਼ੇਸ਼ਤਾ ਗਲਪੀ-ਸਿਰਜਨਾ ਦੀ ਹੋਂਦ-ਵਿਧੀ ਬਾਰੇ ਵਿਚਾਰ ਕਰਨ ਵਿਚ ਵੀ ਲੁਪਤ ਹੈ, ਜਿਸ ਦੇ ਅੰਤਰਗਤ ਇਹ ਗਲਪ-ਆਲੋਚਨਾ ਗਲਪ-ਸਿਰਜਨਾ ਦੀ ਹੋਂਦ ਨੂੰ ਸਮਾਜ-ਸਾਖੇਪ ਸਿਰਜਨਾ ਕਿਆਸ ਕਰਦੀ ਹੋਈ ਰਚਨਾਕਾਰ ਦੀ ਸਵੈ-ਅਭਿਵਿਅਕਤੀ ਤੇ ਸਮਾਜਿਕ-ਸੱਚ ਦੇ ਦਵੰਦਾਤਮਿਕ ਸੰਬੰਧਾਂ ਉੱਤੇ ਅਧਾਰਿਤ ਉਪਯੋਗਿਕਤਾ-ਮੂਲਕ ਕਿਰਤ ਸਵੀਕਾਰਦੀ ਹੈ ਅਜਿਹਾ ਕਰਦੇ ਸਮੇਂ ਕੇਸਰ ਗਲਪ-ਆਲੋਚਨਾ ਆਪਣੀ ਸੰਤੁਲਿਤ ਸਿਧਾਂਤਕ ਸੂਝ ਦੁਆਰਾ ਇਸ ਨੁਕਤੇ ਤੋਂ ਵੀ ਸੁਚੇਤ ਹੈ ਕਿ ਵਿਚਾਰਕ ਤੱਤਾਂ ਨਾਲ ਲਬਰੇਜ਼ ਤੇ ਸੁਹਜਾਤਮਿਕ ਤੱਤਾਂ ਤੋਂ ਨਿਰਲੇਪ ਕੋਈ ਗਲਪੀ-ਸਿਰਜਨਾ ਨਿਰੋਲ ਪ੍ਰਚਾਰ ਦਾ ਦਰਜਾ ਪ੍ਰਾਪਤ ਕਰ ਜਾਂਦੀ ਹੈ ਇਸ ਪ੍ਰਕਾਰ ਦੀ ਸਿਰਜਨਾ ਕੇਸਰ ਗਲਪ-ਆਲੋਚਨਾ ਲਈ ਕਿਸੇ ਵੀ ਪੱਧਰ 'ਤੇ ਸਾਹਿਤਕ-ਕਿਰਤ ਦਾ ਦਰਜਾ ਨਹੀਂ ਰੱਖਦੀ, ਸਗੋਂ ਇਸ ਗਲਪ-ਆਲੋਚਨਾ ਲਈ ਪ੍ਰਮਾਣਿਕ ਗਲਪ-ਸਿਰਜਨਾ ਸੋਚ ਤੇ ਸੁਹਜ ਦੀ ਸੰਯੁਕਤੀ ਪੇਸ਼ ਕਰਦੀ ਹੈ, ਇਸ ਸੰਯੁਕਤੀ ਦਾ ਨਿਬਾਹ ਕਰਨਾ ਰਚਨਾਕਾਰ ਦੀ ਮਰਜ਼ੀ ਉੱਤੇ ਅਧਾਰਿਤ ਨਹੀਂ ਸਗੋਂ ਇਹ ਗਲਪ-ਸਿਰਜਨਾ ਦੀ ਹੋਂਦ-ਵਿਧੀ ਦੀ ਮਜ਼ਬੂਰੀ ਦਾ ਪਰਿਣਾਮ ਹੈ
ਯਥਾਰਥਵਾਦੀ ਸਾਹਿਤਕ ਕਿਰਤ ਦੀ ਰਚਨਾ ਪ੍ਰਕਿਰਿਆ ਦਾ ਮੁੱਖ ਆਧਾਰ ਪੂਰਵ-ਪ੍ਰਾਪਤ ਸ਼ਿਲਪ-ਗਿਆਨ ਨਹੀਂ ਹੁੰਦਾ, ਸਗੋਂ ਜੀਵਨ-ਯਥਾਰਥ ਦਾ ਉਹ ਪੈਟਰਨ ਹੁੰਦਾ ਹੈ ਜਿਸ ਨੂੰ ਸਾਹਿਤਕਾਰ ਨੇ ਆਪ ਖੋਜਿਆ ਤੇ ਅਨੁਭਵਿਆ ਹੁੰਦਾ ਹੈ ਉਹ ਨਾ ਤਾਂ ਪੂਰਵ-ਪ੍ਰਾਪਤ ਸ਼ਿਲਪ-ਗਿਆਨ ਨੂੰ ਪ੍ਰਾਪਤ ਯਥਾਰਥ ਉੱਤੇ ਠੋਸਦਾ ਹੈ ਤੇ ਨਾ ਹੀ ਆਪਣੇ ਅਨੁਭਵ ਕੀਤੇ ਯਥਾਰਥ ਨੂੰ ਆਪ ਮੁਹਾਰੇ ਕਲਾ-ਕਿਰਤ ਵਿਚ ਰੂਪਾਂਤਿਰਤ ਹੋ ਜਾਣ ਦੀ ਖੁੱਲ੍ਹ ਦਿੰਦਾ ਹੈ ਉਹ ਕਿਸੇ ਅੰਤਮ ਮਨੋਰਥ ਨੂੰ ਮੁੱਖ ਰੱਖ ਕੇ, ਪੂਰਵ ਪ੍ਰਾਪਤ ਸ਼ਿਲਪ-ਔਜ਼ਾਰਾ ਨਾਲ ਰਚਨਾ-ਪ੍ਰਕਿਰਿਆ ਵਿਚ ਬੁਝਦਾ ਹੈ, ਪਰ ਇਸ ਪ੍ਰਕਿਰਿਆ ਦੇ ਦੌਰਾਨ ਅਨੁਭਵ ਠੀਕ ਯਥਾਰਥ ਦੀ ਕੱਚੀ ਸਮੱਗਰੀ ਦਾ ਤਕਾਜ਼ਾ ਉਸ ਨੂੰ ਆਪਣੇ ਆਰੰਭਕ ਮਨੋਰਥ ਅਤੇ ਸ਼ਿਲਪ-ਗਿਆਨ ਵਿਚ ਤਬਦੀਲੀ ਕਰਨ ਲਈ ਮਜ਼ਬੂਰ ਕਰਦਾ ਹੈ10
ਪ੍ਰੰਤੂ ਇਸ ਪ੍ਰਸੰਗ ਵਿਚ ਕਈ ਵਾਰ ਕੇਸਰ ਗਲਪ-ਆਲੋਚਨਾ ਗਲਪੀ-ਰਚਨਾ ਦੇ ਸਮਾਜਿਕ ਤੇ ਸੁਹਜਾਤਮਿਕ ਪਹਿਲੂਆਂ ਦਾ ਵਿਸ਼ਲੇਸ਼ਣ ਕਰਦੀ ਹੋਈ ਤੱਤਵਾਦੀ-ਆਲੋਚਨਾ ਦੇ ਅਰਥ-ਖੇਤਰ ਵਿਚ ਪ੍ਰਵੇਸ਼ ਕਰ ਜਾਂਦੀ ਹੈ, ਜਿਸ ਅਧੀਨ ਇਹ ਗਲਪ-ਆਲੋਚਨਾ ਗਲਪੀ-ਸਿਰਜਨਾ ਨੂੰ 'ਕੱਥ ਤੇ ਵੱਥ' ਦੇ ਮੋਟੇ ਜਿਹੇ ਰੂਪ ਵਿਚ ਵਿਭਾਜਤ ਕਰਦੀ ਗਲਪੀ-ਸਿਰਜਨਾ ਨੂੰ ਪਾਤਰ-ਚਿੱਤਰਣ, ਰਚਨਾ-ਵਸਤੂ, ਭਾਸ਼ਾ-ਸ਼ੈਲੀ ਤੇ ਸਾਹਿਤਕ-ਯੋਗਦਾਨ ਵਰਗੇ ਸਿਰਲੇਖਾਂ ਅਧੀਨ ਵਿਚਾਰਨ ਲਈ ਕਾਰਜਸ਼ੀਲ ਹੋ ਜਾਂਦੀ ਹੈ ਵਿਸ਼ਲੇਸ਼ਣ ਤੇ ਮੁੱਲਾਂਕਣ ਦੀ ਇਸ ਪ੍ਰਕਾਰ ਦੀ ਵਿਧੀ ਨਿਰਸੰਦੇਹ ਗਲਪੀ-ਸਿਰਜਨਾ ਦੇ ਸੰਪੂਰਨ ਅਧਿਐਨ ਨੂੰ ਦਰਕਿਨਾਰ ਕਰਨ ਦੀ ਵਿਸੰਗਤੀਆਂ ਨਾਲ ਭਰਪੂਰ ਹੈ ਇਸ ਦੇ ਨਾਲ ਹੀ ਕੇਸਰ ਗਲਪ-ਆਲੋਚਨਾ ਵਿਕੋਲਿਤਰੇ ਰੂਪ ਵਿਚ ਰਚਨਾਕਾਰ ਦੀ ਜੀਵਨ-ਦ੍ਰਿਸ਼ਟੀ ਤੇ ਰਚਨਾ-ਦ੍ਰਿਸ਼ਟੀ ਦੇ ਅੰਤਰ-ਸੰਬੰਧਾਂ ਤੇ ਅੰਤਰ-ਦਵੰਦਾਂ ਨੂੰ ਵਿਚਾਰਦੀ ਹੋਈ ਕੋਈ ਵਾਰ ਗਲਪੀ-ਪਾਠ ਦੀ ਸਤੱਹੀ-ਸੰਰਚਨਾ ਤੱਕ ਹੀ ਸੀਮਿਤ ਹੋ ਜਾਂਦੀ, ਰਚਨਾਕਾਰ ਦੀਆਂ ਸਮੁੱਚੀਆਂ ਸਿਰਜਨਾਵਾਂ ਦਾ ਠੀਕ ਮੁਤੱਲਿਆ ਕਰਨ ਤੋਂ ਅਵੇਸਲੀ ਵੀ ਰਹਿ ਜਾਂਦੀ ਹੈ ਇਸ ਪ੍ਰਕਾਰ ਦੀ ਇਕ ਉਦਾਹਰਨ ਕੇਸਰ ਗਲਪ-ਆਲੋਚਨਾ ਦੁਆਰਾ ਸੁਜਾਨ ਸਿੰਘ ਦੀ ਕਹਾਣੀ-ਸਿਰਜਨਾ ਦੇ ਅਧਿਐਨ-ਵਿਸ਼ਲੇਸ਼ਣ ਵਿਚੋਂ ਦ੍ਰਿਸ਼ਟੀਗੋਚਰ ਹੁੰਦੀ ਹੈ, ਜਿਸ ਅਧੀਨ ਕੇਸਰ ਗਲਪ-ਆਲੋਚਨਾ ਸੁਜਾਨ ਸਿੰਘ ਦੇ ਜੀਵਨਪਰਕ-ਵੇਰਵਿਆਂ ਨਾਲ ਉਸਦੀ ਦੀ ਜੀਵਨ-ਦ੍ਰਿਸ਼ਟੀ ਦਾ ਨਿਰਧਾਰਨ ਕਰਦੀ ਹੋਈ ਅੱਗੋਂ ਰਚਨਾ-ਦ੍ਰਿਸ਼ਟੀ ਨੂੰ ਉਲੀਕਣ ਦੇ ਯਤਨ ਅਧੀਨ ਵਿਸ਼ਲੇਸ਼ਣ ਕਰਦੀ ਹੈ ਅਤੇ ਸੁਜਾਨ ਸਿੰਘ ਨੂੰ ਯਥਾਰਥਵਾਦੀ ਅਤੇ ਇਤਿਹਾਸਕ ਅਨਿਵਾਰਤਾ ਨੂੰ ਪੇਸ਼ ਕਰਨ ਵਾਲਾ ਕਹਾਣੀਕਾਰ ਕਿਆਸ ਕਰਦੀ ਹੈ ਇਥੇ ਕੇਸਰ ਗਲਪ-ਆਲੋਚਨਾ ਦੀ ਸਮੱਸਿਆ ਸੁਜਾਨ ਸਿੰਘ ਦੀ ਕਹਾਣੀ-ਸਿਰਜਨਾ ਵਿਚੋਂ ਉਭਰਦੇ ਸਮਾਜਵਾਦੀ ਗਲਪੀ-ਬਿੰਬ ਦੀ ਉਪਭਾਵੁਕਤਾ ਨੂੰ ਅਣਗੋਲਿਆਂ ਕਰਨ ਵਿਚ ਨਜ਼ਰੀ ਪੈਂਦੀ ਹੈ ਜਿਸ ਅਧੀਨ ਇਹ ਗਲਪ-ਆਲੋਚਨਾ ਸੁਜਾਨ ਸਿੰਘ ਦੀਆਂ ਜੀਵਨ-ਸਥਿਤੀਆਂ ਦੇ ਪ੍ਰਭਾਵ ਅਧੀਨ ਉਸਦੇ ਵਿਅਕਤਿਤਵ ਵਿਚ ਪ੍ਰਵੇਸ਼ ਪਾਉੱਦੀ ਉਪਭਾਵੁਕਤਾ ਅਤੇ ਉਪਭਾਵੁਕਤਾ ਅਧਾਰਿਤ ਰਚਨਾ-ਦ੍ਰਿਸ਼ਟੀ (ਵਿਕੋਲਿਤਰੇ ਰੂਪ ਵਿਚ) ਕਾਰਨ ਉਸਦੇ ਗਲਪੀ-ਬਿੰਬ ਦੀ ਅਣਯਥਾਰਥਕਤਾ, ਸਤਹੀ-ਪੱਧਰ ਤੇ ਪੂਰਬ-ਆਗ੍ਰਹੀ (prejudice) ਦ੍ਰਿਸ਼ਟੀ ਦੀ ਹੋਂਦ ਪ੍ਰਕਿਰਿਆ ਨੂੰ ਪ੍ਰੋਖੇ ਕਰਦੀ ਹੈ ਜਿਸ ਕਾਰਨ ਸੁਜਾਨ ਸਿੰਘ ਦੀ ਕਹਾਣੀ-ਸਿਰਜਨਾ ਵਿਚੋਂ ਸਮਾਜਵਾਦ ਦਾ ਵਿਗਿਆਨਿਕ ਤੇ ਬੌਧਿਕ ਸਰੂਪ ਉਜਾਗਰ ਹੋਣ ਦੀ ਬਜਾਇ ਉਪਭਾਵੁਕਤਾ ਨਾਲ ਸੰਮਲਿਤ ਸਰੂਪ ਹੀ ਉਭਰਦਾ ਹੈ
ਪ੍ਰੰਤੂ ਇਸ ਦੇ ਬਾਵਜੂਦ ਵੀ ਕੇਸਰ ਗਲਪ-ਆਲੋਚਨਾ ਦੀ ਪ੍ਰਮੁੱਖ ਪ੍ਰਾਪਤੀ ਪੰਜਾਬੀ ਗਲਪ-ਸਾਹਿਤ ਨੂੰ ਸਮਾਜ, ਸਿਆਸਤ ਤੇ ਸਭਿਆਚਾਰ ਨਾਲ ਸੰਬੰਧਿਤ ਕਰਕੇ ਇਸ ਨੂੰ ਭਾਰਤੀ/ਪੰਜਾਬੀ ਜਮਾਤੀ-ਖਾਸੇ ਅਨੁਸਾਰ ਸਮਝਣ ਦੇ ਯਤਨ ਅਤੇ ਪਾਠਕ ਨੂੰ ਇਤਿਹਾਸਕ ਤੇ ਵਿਚਾਰਧਾਰਕ ਸੁਚੇਤਨਾ ਪ੍ਰਦਾਨ ਕਰਦੀ ਹੋਈ ਵਿਕਾਸਮਈ ਭਵਿੱਖਮੁੱਖੀ ਪਰਿਵਰਤਨ ਨੂੰ ਦ੍ਰਿੜ ਕਰਵਾਉਣ ਵਿਚ ਨਿਹਿਤ ਹੈ ਇਸ ਅਧੀਨ ਇਹ ਗਲਪ-ਆਲੋਚਨਾ ਪਹਿਲੀ ਪੀੜ੍ਹੀ ਦੀ ਮਾਰਕਸਵਾਦੀ ਪੰਜਾਬੀ ਗਲਪ-ਆਲੋਚਨਾ ਦੀਆਂ ਸੀਮਾਵਾਂ ਤੇ ਸਮੱਸਿਆਵਾਂ ਤੋਂ ਸੁਚੇਤ ਪਾਠ ਤੇ ਪ੍ਰਸੰਗ ਦੇ ਦਵੰਦਾਤਮਿਕ ਸੰਬੰਧਾਂ ਨੂੰ ਵੇਖਣ ਵਾਲੀ ਪ੍ਰਮਾਣਿਕ ਵਿਧੀ ਨੂੰ ਅੰਤਰ-ਅਨੁਸ਼ਾਸਨੀ ਤੇ ਤੁਲਾਨਾਤਮਿਕ ਪਹੁੰਚ ਨਾਲ ਅਖ਼ਤਿਆਰ ਵੇਖਦੀ ਅਤੇ ਅਧਿਆਪਨੀ-ਸ਼ੈਲੀ ਦੁਆਰਾ ਵਿਗਿਆਨਿਕ ਤੇ ਆਲੋਚਨਾਤਮਿਕ ਸੰਕਲਪਾਂ ਨੂੰ ਸਾਹਿਤ ਤੇ ਸਮਾਜਿਕ ਸੰਦਰਭ ਵਿਚ ਸਪੱਸ਼ਟ ਕਰਦੀ ਹੈ ਨਿਰਸੰਦੇਹ, ਕੇਸਰ ਗਲਪ-ਆਲੋਚਨਾ ਪੰਜਾਬੀ ਦੇ ਆਲੋਚਨਾਤਮਿਕ ਅਨੁਸ਼ਾਨਸਨ ਦਾ ਇਕ ਨਿਵੇਕਲਾ ਤੇ ਵਿਲੱਖਣ ਪਸਾਰ ਤੇ ਪ੍ਰਾਪਤੀ ਹੈ
0-0-0
ਹਵਾਲੇ ਤੇ ਟਿੱਪਣੀਆਂ :
1. ਮਾਰਕਸ ਏਂਗਲਜ਼, ਕਮਿਊਨਿਸਟ ਪਾਰਟੀ ਦਾ ਮੈਨੀਫ਼ੈਸਟੋ, ਪੰਨਾ-29
2. ਓਮ ਪ੍ਰਕਾਸ਼ ਗਰੇਵਾਲ, 'ਸਾਹਿਤ ਔਰ ਵਿਚਾਰਧਾਰਾ', ਮਾਰਕਸਵਾਦੀ ਸੌਂਦਰਯ ਸ਼ਾਸਤਰ, ਸੰਪਾ਼ ਕਮਲਾ ਪ੍ਰਸਾਦ, ਮੈਨੇਜਰ     ਪਾਂਡੇ, ਗਿਆਨ ਰੰਜਨ, ਪੰਨਾ-28-29
3. ਜਸਬੀਰ ਕੇਸਰ (ਸੰਪਾ਼),  ਕੇਸਰ ਸਿੰਘ ਕੇਸਰ ਗਲਪ ਚਿੰਤਨ, ਪੰਨਾ-80
4. ਟੀ. ਆਰ. ਵਿਨੋਦ, ਪੰਜਾਬੀ ਆਲੋਚਨਾ ਸ਼ਾਸਤਰ, ਪੰਨਾ-53
5. ਕੇਸਰ ਸਿੰਘ ਕੇਸਰ, ਗਲਪ ਚਿੰਤਨ, ਪੰਨਾ-142
6. ਉਹੀ, ਪੰਨਾ-49
7. ਗਲਪ-ਰਚਨਾ ਵਿਚ ਟਾਈਪ-ਸਿਰਜਨ ਦਾ ਉਹੀ ਮਹੱਤਵ ਹੈ ਜੋ ਕਵਿਤਾ ਵਿਚ ਮੈਟਾਫਰ (ਜਾਂ ਰੂਪਕ) ਸਿਰਜਨ ਦਾ ਹੈ,     'ਟਾਈਪ' ਜਾਂ 'ਨਮੂਨਾ' ਇਕ ਲਘੂ-ਬ੍ਰਹਿਮੰਡ ਹੁੰਦਾ ਹੈ ਜਿਸ ਵਿਚੋਂ ਵਿਰਾਟ ਬ੍ਰਹਿਮੰਡ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਇਕ   ਪਰਿਸਥਿਤੀ ਤੇ ਇਕੱਲਾ ਪਾਤਰ ਹੀ ਨਹੀਂ, ਪੂਰੇ ਦਾ ਪੂਰਾ ਨਾਵਲ ਹੀ ਇਕ 'ਟਾਈਪ' ਜਾਂ ਇਕ 'ਨਮੂਨਾ' ਹੋ ਨਿਬੜਦਾ      ਹੈ  ਕੇਸਰ ਸਿੰਘ ਕੇਸਰ, ਗਲਪ ਚਿੰਤਨ, ਪੰਨਾ-23
8. ਬੋਰਿਸ ਸ਼ਚਕੋਵ, ਯਥਾਰਥਵਾਦ ਦਾ ਇਤਿਹਾਸ, ਪੰਨਾ-96
9. ਕੇਸਰ ਸਿੰਘ ਕੇਸਰ, ਗਲਪ ਚਿੰਤਨ, ਪੰਨਾ-22
10. ਉਹੀ, ਪੰਨਾ-20

Tuesday 1 March 2016

ਡਾ. ਦਵੇਸ਼ਵਰ ਦੀ ਗਲਪ ਆਲੋਚਨਾ : ਵਸਤ, ਵਿਧੀ ਤੇ ਦ੍ਰਿਸ਼ਟੀ ਦੀ ਪਛਾਣ

https://www.researchgate.net/publication/290440242_Dr_Surinder_Kumar_Daweshwer_di_Sahit_Alocharna-Drishti_Vibhin_Pasar_da_suridara_kumara_davesavara_di_sahita_alocana-disati_vibhana_pasara
The novel distinguishes itself from romance in which the protagonist 
proves himself a hero, actually fulfils his heroic potentiality. 
Maurice Z. Shroder

ਪ੍ਰਗਤੀਵਾਦ ਦਾ ਵਿਸ਼ਵ-ਪੱਧਰੀ ਆਧਾਰ, ਨਿਰਸੰਦੇਹ, ਪੈਰਿਸ ਵਿਚ ਹੋਏ ਵਿਸ਼ਵ ਲੇਖਕ ਸੰਮੇਲਨ (World Congress of Writers for the Deference of Culture, 1935) ਵੱਲੋਂ ਪ੍ਰਤਿਗਾਮੀ ਤੇ ਸੰਕੀਰਣ ਰਾਸ਼ਟਰਵਾਦ 'ਫ਼ਾਸੀਵਾਦ' ਵਿਰੁੱਧ ਵਿਕਾਸਸ਼ੀਲ ਸ਼ਕਤੀਆਂ ਦੇ ਸਮਰੱਥਨ ਵਿਚ ਲੋਕ-ਚੇਤਨਾ ਨੂੰ ਪ੍ਰਚੰਡ ਕਰਨ ਲਈ ਸਹਾਈ ਸਾਹਿਤਕ-ਕਿਰਤਾਂ ਦੀ ਸਿਰਜਨਾ ਲਈ ਪ੍ਰਕਾਸ਼ਿਤ ਕੀਤੇ ਦਿਸ਼ਾ-ਨਿਰਦੇਸ਼ ਬਣਦੇ ਹਨ ਪ੍ਰੰਤੂ ਇਨ੍ਹਾਂ ਨਿਰਦੇਸ਼ਾਂ ਦੀ ਪੂਰਤੀ ਹਿੱਤ ਕਿਸੇ ਨਿਸ਼ਚਿਤ ਵਿਚਾਰਧਾਰਕ ਦਿਸ਼ਾ ਦੀ ਅਣਹੋਂਦ ਕਾਰਨ ਇਸ ਪ੍ਰਵਿਰਤੀ ਅਧੀਨ ਵਿਭਿੰਨ ਸੁਭਾਅ ਤੇ ਸਰੂਪ ਵਾਲੀਆਂ ਸਮਾਜ-ਕੇਂਦਰਿਤ ਵਿਚਾਰਧਾਰਾਵਾਂ ਵੀ ਕਾਰਜਸ਼ੀਲ ਹੋਈਆਂ ਹਨ ਇਹ ਵਿਚਾਰਧਾਰਾਵਾਂ ਆਪਣੇ ਸਰੂਪ ਦੀ ਇਕਰੂਪਤਾ ਕਾਰਨ ਸਮਾਨਾਰਥੀ ਪ੍ਰਤੀਤ ਹੁੰਦੀਆਂ ਹੋਈਆਂ ਵੀ ਪ੍ਰਯੋਜਨ ਪੱਖੋੱ ਮੂਲੋਂ ਹੀ ਵਿਰੋਧੀ ਜਾਂ ਵਿਭਿੰਨ ਹਨ ਇਸ ਕਾਰਨ ਪ੍ਰਗਤੀਵਾਦ ਸਾਹਿਤਕ-ਲਹਿਰ ਅਨੇਕ ਵਿਚਾਰਧਾਰਾਵਾਂ ਨੂੰ ਆਪਣੇ ਵਿਚ ਸਮਾਈ ਵਿਕੇਂਦਰਿਤ-ਮੁੱਖ ਵਿਚਾਰਧਾਰਕ ਪ੍ਰਵਿਰਤੀ ਦੀ ਧਾਰਨੀ ਅਨੇਕ ਦਿਸ਼ਾਵਾਂ ਅਖ਼ਤਿਆਰ ਕਰਦੀ ਹੈ, ਜਿਨ੍ਹਾਂ ਦਿਸ਼ਾਵਾਂ ਵਿਚੋਂ ਮਾਰਕਸਵਾਦੀ ਵਿਚਾਰਧਾਰਾ ਆਪਣੇ ਪ੍ਰਗਤੀਸ਼ੀਲ ਮਨੁੱਖ-ਹਿਤੈਸ਼ੀ ਤੇ ਕ੍ਰਾਂਤੀਕਾਰੀ ਸੁਭਾਅ ਕਾਰਨ ਪ੍ਰਗਤੀਵਾਦੀ ਲਹਿਰ ਦੀ ਪ੍ਰਮੁੱਖ ਦਿਸ਼ਾ ਵਜੋਂ ਸਥਾਪਿਤ ਹੁੰਦੀ ਹੈ ਪ੍ਰੰਤੂ ਇਸ ਦਿਸ਼ਾ ਦੇ ਅੰਤਰਗਤ ਜ਼ਿਆਦਾਤਰ ਪ੍ਰਗਤੀਵਾਦੀ ਪੰਜਾਬੀ ਗਲਪਕਾਰ ਵਸਤੂ-ਯਥਾਰਥ ਦੇ ਅੰਤਰ-ਵਿਰੋਧਾਂ ਤੇ ਤਨਾਵਾਂ ਨੂੰ ਸਮੁੱਚਤਾ (totality) ਤੇ ਜਟਿਲਤਾ (complex) ਵਿਚ ਪਕੜਨ ਅਤੇ ਪ੍ਰਤੀਨਿਧਤਾ ਵਿਚ ਪੇਸ਼ ਕਰਨ ਲਈ ਯਥਾਰਥ-ਬੋਧ ਦੀ ਵਿਗਿਆਨਿਕ-ਦ੍ਰਿਸ਼ਟੀ ਨੂੰ ਅਪਣਾਉਣ ਦੀ ਬਜਾਇ ਰੁਮਾਂਸਵਾਦੀ, ਸੁਧਾਰਵਾਦੀ-ਪ੍ਰਗਤੀਵਾਦੀ ਦ੍ਰਿਸ਼ਟੀ ਨੂੰ ਹੀ ਗ੍ਰਹਿਣ ਕਰਦੇ ਰਹੇ ਹਨ ਜਾਂ ਵਿਚਾਰ ਨੂੰ ਹੀ ਗਲਪੀ-ਵਿਧਾ ਦਾ ਵਿਹਾਰ ਸਵੀਕਾਰਦੇ ਹੋਏ ਭਾਸ਼ਣਨੁਮਾ ਤੇ ਉਪਭਾਵੁਕਤਾ-ਮੂਲਕ ਗਲਪੀ-ਸਿਰਜਨਾ ਕਰਨ ਵੱਲ ਹੀ ਅਗ੍ਰਸਰ ਰਹੇ ਹਨ
ਪ੍ਰਗਤੀਵਾਦੀ ਪ੍ਰਵਿਰਤੀ ਦੀਆਂ ਇਸ ਭਾਂਤ ਦੀਆਂ ਵਿਕੋਲਿਤਰੀਆਂ ਸਮੱਸਿਆਵਾਂ, ਸੰਭਾਵਨਾਵਾਂ, ਤੇ ਸੀਮਾਵਾਂ ਦੀ ਪਹਿਚਾਣ 'ਤੇ ਪ੍ਰਸ਼ਨ-ਚਿੰਨ੍ਹਤ ਕਰਨ ਦਾ ਕਾਰਜ ਹੀ ਡਾ਼ ਸੁਰਿੰਦਰ ਕੁਮਾਰ ਦਵੇਸ਼ਵਰ ਦੀ ਸਾਹਿਤ-ਆਲੋਚਨਾ ਦਾ ਆਰੰਭਕ ਬਿੰਦੂ ਬਣਦਾ ਹੈ ਜਿਸ ਦੇ ਪਰਿਣਾਮ ਸਰੂਪ ਦਵੇਸ਼ਵਰ ਸਾਹਿਤ-ਆਲੋਚਨਾ ਦਾ ਪ੍ਰਥਮ ਪਾਠ 'ਪ੍ਰਗਤੀਵਾਦ : ਇਤਿਹਾਸ ਤੇ ਸਿਧਾਂਤਕ ਪਰਿਪੇਖ' (1990) ਪ੍ਰਗਤੀਵਾਦ ਦੇ ਸਿਧਾਂਤਕ ਢਾਂਚੇ ਤੇ ਵਿਚਾਰਧਾਰਕ ਪਹੁੰਚ ਨੂੰ ਸਪੱਸ਼ਟ ਕਰਨ ਦਾ ਸਿਧਾਂਤਕ ਯਤਨ ਕਰਦਾ, ਪ੍ਰਗਤੀਵਾਦੀ ਸਾਹਿਤ ਅਧੀਨ ਯਥਾਰਥਮੁੱਖ ਕਲਾਤਮਿਕ ਬਿੰਬ ਦੀ ਵਿਹਾਰਿਕ ਪਹਿਚਾਣ ਦੇ ਵਿਸਤਰਿਤ, ਵਿਧੀਬੱਧ ਤੇ ਵਿਗਿਆਨਿਕ ਆਲੋਚਨਾਤਮਿਕ ਕਾਰਜ ਕਰਨ ਲਈ ਕਾਰਜਸ਼ੀਲ ਰਹਿੰਦਾ ਹੈ ਇਸ ਕਾਰਜਸ਼ੀਲਤਾ ਦੇ ਅੰਤਰਗਤ ਹੀ ਦਵੇਸ਼ਵਰ ਸਾਹਿਤ-ਆਲੋਚਨਾ ਡਾ਼ ਰਵਿੰਦਰ ਸਿੰਘ ਰਵੀ ਦੇ ਸੰਕਲਪ ਕਿ ''ਵਿਗਿਆਨਿਕ ਪ੍ਰਗਤੀਵਾਦ ਦੀ ਉਸਾਰੀ ਲਈ ਇਸਦੇ ਦਾਰਸ਼ਨਿਕ ਆਧਾਰ ਅਰਥਾਤ ਮਾਰਕਸਵਾਦ ਦੀ ਸਹੀ ਸਿੱਧਾਂਤਕ ਸੂਝ ਦੇ ਨਾਲ ਨਾਲ ਨਿਰੰਤਰ ਸੰਘਰਸ਼ਮਈ ਅਮਲੀ ਪ੍ਰਤਿਬੱਧਤਾ ਇਸ ਦਾ ਮੁੱਖ ਨਿਸ਼ਾਨਾ ਬਣੇਗੀ ਅਮਲ ਤੋਂ ਟੁੱਟਿਆ ਸਿਧਾਂਤ ਨਾ ਕੇਵਲ ਵਿਚਾਰਧਾਰਕ ਗਲਤੀਆਂ ਦਾ ਸ਼ਿਕਾਰ ਹੁੰਦਾ ਹੈ ਸਗੋਂ ਉਹ ਲੇਖਕ ਨੂੰ ਆਪਣੇ ਆਪਣੇ ਲੋਕਾਂ, ਆਪਣੀ ਧਰਤੀ ਅਤੇ ਆਪਣੇ ਸਭਿਆਚਾਰ ਨਾਲੋਂ ਤੋੜਦਾ ਹੋਇਆ ਉਨ੍ਹਾਂ ਨੂੰ ਕਾਲਪਨਿਕ ਜਾਂ ਰੁਮਾਂਟਿਕ ਜਗਤ ਵਲ ਲੈ ਜਾਂਦਾ ਹੈ'', ਨੂੰ ਆਪਣੇ ਚਿੰਤਨ ਦਾ ਆਦਰਸ਼ ਥਾਪ ਕੇ ਇਸ ਦੇ ਇਤਿਹਾਸ ਤੇ ਸਿੱਧਾਂਤਕ ਪੱਖ ਨੂੰ ਨਿੱਠ ਕੇ ਗੌਲਦੀ ਹੈ1 ਇਸ ਵਿਸ਼ਲੇਸ਼ਣ ਦੇ ਅੰਤਰਗਤ ਦਵੇਸ਼ਵਰ ਸਾਹਿਤ-ਆਲੋਚਨਾ ਪ੍ਰਗਤੀਵਾਦੀ ਪ੍ਰਵਿਰਤੀ ਦੇ ਸਿਧਾਂਤਕ ਤੇ ਵਿਚਾਰਧਾਰਿਕ ਆਧਾਰ ਨੂੰ ਅੰਤਰ-ਰਾਸ਼ਟਰੀ ਪਰਿਪੇਖ ਵਿਚ ਸਪੱਸ਼ਟ ਕਰਦੀ ਹੋਈ ਭਾਰਤੀ ਸਮਾਜਿਕ-ਆਰਥਿਕ ਵਿਵਸਥਾ ਅਧੀਨ ਇਸ ਦੇ ਪ੍ਰਵੇਸ਼ ਤੇ ਪਸਾਰ ਨੂੰ ਸਮਾਜਿਕ-ਚੇਤਨਾ ਵਿਚਲੇ ਇਕ ਮਹੱਤਵਪੂਰਨ ਇਤਿਹਾਸਕ ਪੜ੍ਹਾਅ ਵਜੋਂ ਪਹਿਚਾਣਦੀ ਹੈ ਅਤੇ ਪ੍ਰਗਤੀਵਾਦ ਦੀ ਭਵਿੱਖੀ ਦਿਸ਼ਾ ਨੂੰ ਵੀ ਉਜਾਗਰ ਕਰਦੀ ਹੋਈ ਪ੍ਰਗਤੀਵਾਦੀ ਪੰਜਾਬੀ ਸਾਹਿਤ ਦੀਆਂ ਸਮੱਸਿਆਵਾਂ ਤੇ ਸੰਭਾਵਨਾਵਾਂ ਨੂੰ ਵੀ ਦ੍ਰਿਸ਼ਟੀਗੋਚਰ ਕਰਦੀ ਹੈ ਦਵੇਸ਼ਵਰ ਸਾਹਿਤ-ਆਲੋਚਨਾ ਦਾ ਇਹ ਵਿਧੀਬੱਧ ਤੇ ਤਾਰਕਿਕ ਕਾਰਜ ਕਿਸੇ ਕਾਲਪਨਿਕ ਆਧਾਰ ਉੱਤੇ ਆਸ਼ਰਿਤ ਨਹੀਂ ਹੁੰਦਾ, ਸਗੋਂ ਤੱਥਮੂਲਕਤਾ ਨੂੰ ਆਪਣੀ ਵਿਧੀ ਵਜੋਂ ਸਵੀਕਾਰ ਕਰਦਾ ਹੋਇਆ ਵਿਗਿਆਨਿਕ ਤੇ ਪ੍ਰਮਾਣਿਕ ਪ੍ਰਤੀਮਾਨ ਸਿਰਜਦਾ (ਜਿਸ ਦਾ ਇਕ ਪ੍ਰਮਾਣ ਪਾਠ ਦੇ ਅੰਤ ਉੱਤੇ 'ਪਰਿਸ਼ਿਸ਼ਟ' ਸਿਰਲੇਖ ਅਧੀਨ ਦਿੱਤਾ ਪ੍ਰਗਤੀਵਾਦੀ ਲਹਿਰ ਦਾ ਘੋਸ਼ਣਾ ਪੱਤਰ ਹੈ) ਪ੍ਰਤੀਤ ਹੁੰਦਾ ਹੈ ਇਨ੍ਹਾਂ ਪ੍ਰਤੀਮਾਨਾਂ ਨੂੰ ਹੀ ਅੱਗੋਂ ਦਵੇਸ਼ਵਰ ਸਾਹਿਤ-ਆਲੋਚਨਾ ਦੇ ਹੋਰਨਾਂ ਮੌਲਿਕ ਪਾਠਾਂ ਪੰਜਾਬੀ ਗਲਪ ਚਿੰਤਨ (1997), ਸਮਾਜ ਸੱਤਾ ਤੇ ਸਮਕਾਲੀ ਨਾਵਲ (2006) ਅਤੇ ਆਧੁਨਿਕ ਪੰਜਾਬੀ ਬਿਰਤਾਂਤ (2012)  ਵਿਚੋਂ ਵੇਖਿਆ ਜਾ ਸਕਦਾ ਹੈ, ਜਿਹੜੇ ਪ੍ਰਗਤੀਵਾਦੀ-ਮਾਰਕਸਵਾਦੀ ਦ੍ਰਿਸ਼ਟੀ ਉੱਤੇ ਅਧਾਰਿਤ ਹੁੰਦੇ ਹੋਏ ਸਾਹਿਤ-ਸਿਧਾਂਤ, ਮੈਟਾ-ਆਲੋਚਨਾ ਤੇ ਪੰਜਾਬੀ ਗਲਪ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਂਕਣ ਦਾ ਕਾਰਜ ਕਰਦੇ ਹਨ ਦਵੇਸ਼ਵਰ ਸਾਹਿਤ ਆਲੋਚਨਾ ਦੇ ਇਨ੍ਹਾਂ ਪਸਾਰਾਂ ਵਿਚੋਂ ਪੰਜਾਬੀ ਗਲਪ-ਚਿੰਤਨ ਨਾਲ ਸੰਬੰਧਿਤ ਕਾਰਜ ਵਧੇਰੇ ਮਹੱਤਤਾ ਦਾ ਧਾਰਨੀ ਹੈ ਕਿਉਂਕਿ ਇਸ ਅਧੀਨ ਦਵੇਸ਼ਵਰ ਗਲਪ-ਆਲੋਚਨਾ ਗਲਪ ਦੀ ਹੋਂਦ-ਵਿਧੀ, ਪੰਜਾਬੀ ਸਾਹਿਤ ਅਧੀਨ ਆਧੁਨਿਕ ਗਲਪੀ-ਵਿਧਾਵਾਂ ਦੇ ਪ੍ਰਵੇਸ਼ ਤੇ ਪੰਜਾਬੀ ਦੇ ਪ੍ਰਤੀਨਿਧ ਗਲਪਕਾਰਾਂ ਬਾਰੇ ਵਸਤੂ-ਨਿਸ਼ਠ ਅਧਿਐਨ ਪੇਸ਼ ਕਰਦੀ ਹੈ
ਇਸ ਸੰਦਰਭ ਵਿਚ ਸਰਵ-ਪ੍ਰਥਮ ਦਵੇਸ਼ਵਰ ਗਲਪ-ਆਲੋਚਨਾ ਪਥਾਰਥਵਾਦੀ-ਦ੍ਰਿਸ਼ਟੀ ਅਨੁਸਾਰ 'ਗਲਪ' ਦੀ ਹੋਂਦ-ਵਿਧੀ ਨੂੰ ਆਪਣੇ ਚਿੰਤਨ ਦਾ ਵਸਤ ਬਣਾਉੱਦੀ ਹੋਈ 'ਗਲਪ' ਨੂੰ ਮਨੁੱਖੀ-ਚੇਤਨਾ ਦਾ ਇਕ ਅੰਗ ਕਿਆਸ ਕਰਦੀ ਹੈ, ਜਿਹੜਾ ਵਸਤੂਗਤ-ਜਗਤ ਤੋਂ ਪ੍ਰੇਰਿਤ ਤੇ ਪ੍ਰਭਾਵਿਤ ਹੁੰਦਾ ਹੋਇਆ ਪਰਤਵੇਂ ਰੂਪ ਵਿਚ ਵਸਤੂ-ਜਗਤ ਨੂੰ ਪ੍ਰਭਾਵਿਤ ਕਰਨ ਦਾ ਯਤਨ ਵੀ ਕਰਦਾ ਹੈ ਪ੍ਰੰਤੂ ਇਸ ਸੰਦਰਭ ਵਿਚ ਦਵੇਸ਼ਵਰ ਗਲਪ-ਆਲੋਚਨਾ ਗਲਪ ਤੇ ਵਸਤੂ-ਜਗਤ ਦੇ ਸੰਬੰਧਾਂ ਨੂੰ ਹੂ-ਬੁ-ਹੂ ਅਨੁਕਰਣ ਦੀ ਪ੍ਰਕਿਰਿਆ ਅਨੁਸਾਰ ਸਮਝਣ-ਸਮਝਾਉਣ ਦੀ ਬਜਾਇ ਇਨ੍ਹਾਂ ਦੇ ਅੰਤਰ-ਸੰਬੰਧਾਂ ਤੇ ਅੰਤਰ-ਦਵੰਦਾਂ ਦੀਆਂ ਪਰਤਾਂ ਨੂੰ ਫਰੋਲਦੀ 'ਗਲਪ' ਨੂੰ ਰਚਨਾਕਾਰ ਦੇ ਬੁੱਧੀ-ਵਿਵੇਕ 'ਤੇ ਅਧਾਰਿਤ ਰਚਨਾਤਮਿਕ ਵਿਧੀਆਂ ਤੇ ਸੰਭਾਵੀ-ਗੁਣਾਂ ਦੁਆਰਾ ਵਸਤੂ-ਜਗਤ ਤੋਂ ਨਿਖੜਵੇ ਤੇ ਨਿਵੇਕਲੇ ਰੂਪ ਵਿਚ ਪੇਸ਼ ਸਿਰਜਨਾ ਪ੍ਰਵਾਨ ਕਰਦੀ ਹੈ ਇਸ ਪ੍ਰਵਾਨਗੀ ਨਾਲ ਦਵੇਸ਼ਵਰ ਗਲਪ-ਆਲੋਚਨਾ ਆਪਣੇ ਗਲਪੀ-ਮਾਡਲ ਅਧੀਨ ਗਲਪੀ-ਸਿਰਜਨਾ ਦੀ ਸਾਪੇਖ-ਖ਼ੁਦਮੁਖਤਾਰੀ ਦੇ ਸਿਧਾਂਤ ਨੂੰ ਤਾਰਕਿਕ ਤਰੀਕੇ ਨਾਲ ਪ੍ਰਪੱਕ ਕਰਵਾਉਣ ਲਈ ਯਤਨਸ਼ੀਲ ਨਜ਼ਰੀ ਪੈਂਦੀ ਹੈ, ਜਿਹੜੀ ਯਤਨਸ਼ੀਲਤਾ ਇਸ ਗਲਪ-ਆਲੋਚਨਾ ਨੂੰ ਅੰਤਰੰਗ ਆਲੋਚਨਾ ਦੇ 'ਸ਼ੁੱਧ ਖ਼ੁਤਮੁਖਤਾਰੀ' ਤੇ ਬਾਹਰੰਗ ਆਲੋਚਨਾ ਦੇ 'ਸ਼ੁੱਧ ਸਾਪੇਖਤਾ' ਦੇ ਸਿਧਾਂਤਾਂ ਦੇ ਸਮਨਿਵੈ ਦੀ ਦਿਸ਼ਾ ਵੱਲ ਲੈ ਜਾਂਦੀ ਹੈ ਇਸ ਸਮਨਿਵੈ ਅਧੀਨ ਦਵੇਸ਼ਵਰ ਗਲਪ-ਆਲੋਚਨਾ ਸਰਵ-ਪ੍ਰਥਮ ਗਲਪ ਦੀ ਰਚਨਾ-ਵਸਤੂ ਨੂੰ ਨਿਰਧਾਰਿਤ ਕਰਦੀ ਰਚਨਾ-ਵਸਤੂ ਨੂੰ ਵਸਤੂ-ਯਥਾਰਥ ਦਾ ਰੂਪਾਂਤ੍ਰਤ ਹੋਇਆ ਅਜਿਹਾ ਪ੍ਰਤੀਨਿਧ ਬਿੰਬ ਕਿਆਸ ਕਰਦੀ ਹੈ, ਜਿਹੜਾ ਰਚਨਾਕਾਰ ਦੀ ਸੁਹਜਾਤਮਿਕ ਤੇ ਮੁੱਲਾਂਕਣੀ ਦ੍ਰਿਸ਼ਟੀ ਵਿਚੋਂ ਲੰਘਕੇ ਆਪਣੇ ਵਿਚ ਸਮੋਏ ਵਿਚਾਰਾਂ ਤੇ ਭਾਵਾਂ ਨਾਲ ਪਾਠਕ/ਸਰੋਤੇ ਲਈ ਨਵੀਨ ਸਮਝ ਸਿਰਜਦਾ ਹੈ ਦਵੇਸ਼ਵਰ ਗਲਪ-ਆਲੋਚਨਾ ਲਈ ਗਲਪ ਅਧੀਨ ਇਸ ਪ੍ਰਕਾਰ ਦੀ ਨਵੀਨ ਸਮਝ ਉਸ ਰਚਨਾ-ਦ੍ਰਿਸ਼ਟੀ ਉੱਤੇ ਆਸ਼ਰਿਤ ਹੁੰਦੀ ਹੈ, ਜਿਹੜੀ ਰਚਨਾਕਾਰ ਦੀ ਜੀਵਨ-ਦ੍ਰਿਸ਼ਟੀ ਤੇ ਯੁੱਗ-ਦ੍ਰਿਸ਼ਟੀ ਦੇ ਅੰਤਰ-ਸੰਬੰਧਾਂ 'ਤੇ ਅਧਾਰਿਤ ਰਚਨਾਤਮਿਕ ਵੇਰਵਿਆਂ ਅਧੀਨ ਵਿਚਾਰਧਾਰਕ ਸ਼ਕਤੀ ਦੇ ਰੂਪ ਵਿਚ ਗਲਪ ਅਧੀਨ ਪ੍ਰਵੇਸ਼ ਪਾਉੱਦੀ ਹੈ ਦਵੇਸ਼ਵਰ ਗਲਪ-ਆਲੋਚਨਾ ਇਸ ਰਚਨਾ-ਦ੍ਰਿਸ਼ਟੀ ਦੀ ਮਹੱਤਤਾ ਨੂੰ ਸਵੀਕਾਰਦੀ ਹੋਈ ਇਸ ਨੂੰ ਗਲਪੀ-ਸੰਗਠਨ ਦੀ ਉਹ ਕੇੱਦਰੀ ਧੁਨੀ ਵਜੋਂ ਵੇਖਦੀ ਹੈ, ਜਿਹੜੀ ਸੁਮੱਚੇ ਰਚਨਾ-ਪ੍ਰਬੰਧ ਨੂੰ ਆਪਣੇ ਕਲੇਵਰ ਵਿਚ ਲੈਂਦੀ ਵਸਤੂਗਤ-ਜਗਤ ਦੇ ਅਨੁਭਵ ਨੂੰ ਕਲਾਤਮਿਕ-ਬਿੰਬ (ਰਚਨਾ-ਵਸਤੂ) ਵਿਚ ਰੂਪਾਂਤ੍ਰਣ ਕਰਨ ਦੀ ਪ੍ਰਕਿਰਿਆ ਅਧੀਨ ਕਾਰਜਸ਼ੀਲ ਕਲਾਤਮਿਕ ਜੁਗਤਾਂ ਦੇ ਪ੍ਰਬੰਧ ਤੱਕ ਫੈਲੀ ਹੁੰਦੀ ਹੈ
ਇਸ ਪ੍ਰਸੰਗ ਵਿਚ ਦਵੇਸ਼ਵਰ ਗਲਪ-ਆਲੋਚਨਾ ਦੀ ਅਹਿਮ ਪ੍ਰਾਪਤੀ ਰਚਨਾ-ਵਸਤੂ, ਵਿਧੀ ਤੇ ਦ੍ਰਿਸ਼ਟੀ ਨੂੰ ਵਿਭਿੰਨ ਰੂਪਾਂ ਵਿਚ ਪਹਿਚਾਣ ਦੀ ਬਜਾਇ ਗਲਪ ਸੰਗਠਨ ਅਧੀਨ ਇਨ੍ਹਾਂ ਤੱਤਾਂ ਦੇ ਅੰਤਰ-ਸੰਬੰਧਾਂ ਤੇ ਅੰਤਰ-ਨਿਰਭਰਤਾ ਨੂੰ ਪ੍ਰਵਾਨ ਕਰਕੇ ਸੰਜੀਵ, ਜਟਿਲ ਤੇ ਗਤੀਸ਼ੀਲ ਰੂਪ ਵਿਚ ਗ੍ਰਹਿਣ ਕਰਨ ਦੀ ਹੈ ਜਿਸ ਗਤੀਸ਼ੀਲਤਾ ਦਾ ਸੁਚੇਤ ਅਧਿਐਨ ਕਰਦੀ ਹੋਈ ਦਵੇਸ਼ਵਰ ਗਲਪ-ਆਲੋਚਨਾ ਆਦਿਕਾਲੀ ਗਲਪ-ਸਿਰਜਨਾ 'ਮਿੱਥ', ਮੱਧਕਾਲੀ ਗਲਪ-ਸਿਰਜਨਾਵਾਂ 'ਰੁਮਾਂਸ/ਮਹਾਕਾਵਿ' ਅਤੇ ਆਧੁਨਿਕ ਗਲਪ-ਸਿਰਜਨਾਵਾਂ 'ਨਾਵਲ/ਕਹਾਣੀ' ਦੀ ਰੂਪ-ਵਿਧਾ ਦੀ ਤਤਕਾਲੀ ਸਮੇਂ ਤੇ ਸਥਾਨ ਦੇ ਅਨੁਰੂਪ ਉਪਯੋਗਤਾ ਨੂੰ ਵੇਖਦੀ ਇਨ੍ਹਾਂ ਦੀ ਸਾਰਥਕਤਾ ਨੂੰ ਪਹਿਚਾਣ ਦਾ ਵਿਧੀਬੱਧ ਯਤਨ ਕਰਦੀ ਹੈ ਇਸ ਯਤਨ ਅਧੀਨ ਦਵੇਸ਼ਵਰ ਗਲਪ-ਆਲੋਚਨਾ ਨਾਰਥ੍ਰਪ ਫਰਾਈ (Northrop Frye) ਦੀ ਪੁਸਤਕ Anatomy of Critism ਦੇ ਪ੍ਰਭਾਵ ਅਧੀਨ ਗਲਪੀ-ਸਿਰਜਨਾਵਾਂ ਦੇ ਮੁੱਖ-ਪਾਤਰ ਦੀ ਹੋਂਦ ਵਿਧੀ, ਸ਼ਕਤੀ ਤੇ ਸਮਰੱਥਾ ਦੇ ਆਧਾਰ 'ਤੇ ਇਨ੍ਹਾਂ ਦੀ ਵੰਡ ਤੇ ਇਤਿਹਾਸਕ ਕ੍ਰਮ ਨੂੰ ਉਲੀਕਦੀ ਲਿਖਦੀ ਹੈ :
ਮਿੱਥ ਦਾ ਨਾਇਕ ਦੇਵ ਹੁੰਦਾ ਹੈ, ਮਹਾਂਕਾਵਿ ਦਾ ਨਾਇਕ ਦੇਵ ਗੁਣਾਂ ਵਾਲਾ ਮਨੁੱਖ ਰੁਮਾਂਸ ਦਾ ਨਾਇਕ ਨਾ ਤਾਂ ਦੇਵ ਹੁੰਦਾ ਹੈ ਅਤੇ ਨਾ ਹੀ ਦੇਵ ਗੁਣਾਂ ਵਾਲਾ ਮਨੁੱਖ ਉਹ ਹੁੰਦਾ ਤਾਂ ਮਨੁੱਖ ਹੈ, ਵਾਸਤਵਿਕ ਮਨੁੱਖ, ਪਰੰਤੂ ਅਸਾਧਾਰਨ ਗੁਣਾਂ ਵਾਲਾ ਸਾਧਾਰਨ ਪਾਠਕ ਆਪਣੇ ਆਪ ਨੂੰ ਨਾਇਕ ਧਿਰ ਨਾਲ ਇਕਸੁਰ ਕਰਕੇ ਆਰਜ਼ੀ ਕਾਵਿਕ ਆਨੰਦ ਤਾਂ ਪ੍ਰਾਪਤ ਕਰ ਲੈਂਦਾ ਹੈ ਪਰੰਤੂ ਵਾਸਤਵਿਕਤਾ ਬਾਰੇ ਉਸ ਦੀ ਸੋਝੀ ਭ੍ਰਾਂਤੀਆਂ ਦਾ ਸ਼ਿਕਾਰ ਹੋ ਜਾਂਦੀ ਹੈ ਬਿਰਤਾਂਤ ਦੇ ਉਪਰੋਕਤ ਰੂਪ ਆਪਣੇ ਵਰਤਾਉ ਵਿਚ ਭਾਵੇਂ ਕਿੰਨੇ ਵੀ ਅਤਾਰਕਿਕ ਤੇ ਅਸੰਭਵ ਲੱਗਣ ਪਰੰਤੂ ਉਨ੍ਹਾਂ ਵਿਚ ਆਪਣੇ ਸਮੇਂ ਦੀ ਸਮੂਹਿਕਤਾ ਅਤੇ ਸਮਾਜ-ਸਭਿਆਚਾਰਕ ਇਤਿਹਾਸਕਤਾ ਦੀ ਛਾਪ ਜ਼ਰੂਰ ਛੁਪੀ ਹੁੰਦੀ ਹੈ (ਪ੍ਰੰਤੂ) ਨਾਵਲ ਮੂਲ ਰੂਪ ਵਿਚ ਵਾਸਤਵਿਕ ਮਨੁੱਖੀ ਜੀਵਨ ਨਾਲ ਸੰਬੰਧਿਤ ਹੈ ਇਸ ਵਿਚ ਮਨੁੱਖ, ਮਨੁੱਖੀ ਸੰਸਥਾਵਾਂ ਦੇ ਰੂਪ ਵਿਚ ਪ੍ਰਗਟ ਹੋਣ ਵਾਲੇ ਮਨੁੱਖੀ ਰਿਸ਼ਤਿਆਂ ਦੇ ਪ੍ਰਸੰਗ ਵਿਚ ਕਲਾਤਮਕ ਰੂਪ ਵਿਚ ਮੂਰਤੀਮਾਨ ਹੁੰਦਾ ਹੈ2
ਇਸ ਤਰ੍ਹਾਂ ਦਵੇਸ਼ਵਰ ਗਲਪ-ਆਲੋਚਨਾ ਦੇ ਸਿਧਾਂਤਕ ਮਾਡਲ ਦਾ ਨਿਰਮਾਣ ਸਮਾਜਿਕ, ਸਾਂਸਕ੍ਰਿਤਕ, ਸੁਹਜਾਤਮਿਕ ਤੇ ਇਤਿਹਾਸਕ ਅਧਾਰਾਂ ਉੱਤੇ ਕਰਦੀ ਹੋਈ 'ਮਿੱਥ ਤੋਂ ਨਾਵਲ' ਤੱਕ ਗਲਪ-ਵਿਧਾਵਾਂ ਦੇ ਵਿਕਾਸ ਨੂੰ ਵਿਧੀਬੱਧ ਢੰਗ ਨਾਲ ਵੇਖਣ ਦਾ ਯਤਨ ਕਰਦੀ ਇਨ੍ਹਾਂ ਵਿਧਾਵਾਂ ਦੀ ਪ੍ਰਕਿਰਤੀ, ਪ੍ਰਕਿਰਿਆ ਤੇ ਪ੍ਰਕਾਰਜ ਨੂੰ ਸਪੱਸ਼ਟ ਕਰਦੀ ਹੈ ਅਤੇ ਇਨ੍ਹਾਂ ਦੀ ਸਾਰਥਕਤਾ ਤੇ ਸੰਦਰਭ ਨੂੰ  ਦ੍ਰਿਸ਼ਟੀਗੋਚਰ ਕਰਨ ਦਾ ਮਹੱਤਵਪੂਰਨ ਕਾਰਜ ਵੀ ਕਰਦੀ ਹੈ ਇਸ ਗਲਪ-ਮਾਡਲ ਦੇ ਨਿਰਮਾਣ ਵਿਚ ਦਵੇਸ਼ਵਰ ਗਲਪ-ਆਲੋਚਨਾ ਦਾ ਸੁਭਾਅ ਸੰਬਾਦੀ ਅਤੇ ਵਿਭਿੰਨ ਆਲੋਚਾਤਮਿਕ ਪੱਧਤੀਆਂ ਤੋਂ ਅੰਤਰ-ਦ੍ਰਿਸ਼ਟੀਆਂ ਗ੍ਰਹਿਣ ਕਰਨ ਦਾ ਰਿਹਾ ਹੈ ਜਿਸ ਦੇ ਅੰਤਰਗਤ ਇਹ ਗਲਪ-ਆਲੋਚਨਾ ਗਲਪੀ-ਸੰਕਲਪਾਂ ਨੂੰ ਵਿਸ਼ਵ-ਪੱਧਰੀ ਵਿਦਵਾਨਾਂ ਨਾਰਥ੍ਰਪ ਫਰਾਈ, ਮਿਸ਼ੈਲ ਜ਼ਿਰਾਫ਼ਾ, ਰੈਲਫ ਫਾਕਸ ਆਦਿ ਅਤੇ ਪੰਜਾਬੀ ਚਿੰਤਨ ਪਰੰਪਰਾ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਟੀ. ਆਰ. ਵਿਨੋਦ ਤੇ ਜੋਗਿੰਦਰ ਸਿੰਘ ਰਾਹੀ ਵਰਗੇ ਗਲਪ-ਚਿੰਤਕਾਂ ਦੇ ਆਲੋਚਾਨਾਤਮਿਕ ਕਾਰਜਾਂ ਵਿਚੋਂ ਗ੍ਰਹਿਣ ਕਰਦੀ ਹੈ ਇਸ ਸੰਦਰਭ ਵਿਚ ਦਵੇਸ਼ਵਰ ਗਲਪ-ਆਲੋਚਨਾ ਦੀ ਪ੍ਰਾਪਤੀ ਇਨ੍ਹਾਂ ਸੰਕਲਪਾਂ ਨੂੰ ਆਪਣੇ ਚਿੰਤਨ-ਮੰਨਨ ਦਾ ਅੰਗ ਬਣਾਕੇ ਪੰਜਾਬੀ ਬਿਰਤਾਂਤਕ-ਪਰੰਪਰਾ ਤੇ ਪ੍ਰਵਾਹ ਦੇ ਸਮਾਨਾਂਤਰ ਰੱਖਕੇ ਸਰਲ, ਸਪੱਸ਼ਟ ਤੇ ਮੌਲਿਕ ਰੂਪ ਪ੍ਰਦਾਨ ਕਰਕੇ ਸਮਝਣ-ਸਮਝਾਉਣ ਦੀ ਵਿਆਖਿਆਮਈ-ਸ਼ੈਲੀ ਅਧੀਨ ਨਿਹਿਤ ਹੈ ਜਿਹੜੀ ਅੱਗੋਂ ਦਵੇਸ਼ਵਰ ਗਲਪ-ਆਲੋਚਨਾ ਦੀ  ਸੰਤੁਲਿਤ ਯਥਾਰਥ-ਬੋਧ ਦੀ ਵਿਗਿਆਨਿਕ ਵਿਧੀ ਨਾਲ ਸੁਮੇਲ ਕਰਦੀ ਹੋਈ ਗਲਪੀ-ਸਿਰਜਨਾ ਦੀਆਂ ਵਿਭਿੰਨ ਪਰਤਾਂ, ਪਾਸਾਰਾਂ ਤੇ ਸਿਧਾਂਤਾਂ ਨੂੰ ਵਿਗਿਆਨਿਕ ਤੇ ਵਸਤੂਭਾਵੀ ਢੰਗ ਨਾਲ ਅਗਰਭੂਮਿਤ ਕਰਦੀ ਹੈ ਜਦੋਂ ਕਿ ਇਸ ਦੇ ਮੁਕਾਬਲੇ ਪੰਜਾਬੀ ਦੀ ਵਧੇਰੇ ਗਲਪ-ਆਲੋਚਨਾ ਚਿੰਤਨ-ਮੰਨਨ ਤੋਂ ਨਿਰਲੇਪ ਨਿਰੋਲ ਪੱਛਮੀ ਸਿਧਾਂਤਕ-ਪੱਧਤੀਆਂ ਦੇ ਮਕਾਨਕੀ ਰੂਪ ਉੱਤੇ ਨਿਰਭਰ ਕਰਦੀ ਹੋਈ ਜਾਂ ਤਾਂ ਸ਼ੁੱਧ ਰੂਪ-ਕੇਂਦਰਿਤ ਪਹੁੰਚ ਅਪਣਾਉਂਦੀ ਗਲਪੀ-ਸਿਰਜਨਾ ਦੇ ਸਮਾਜਿਕ ਤੇ ਇਤਿਹਾਸਕ ਪਰਿਪੇਖ ਤੋਂ ਨਿਰਲੇਪ ਰਹਿੰਦੀ ਹੈ ਜਾਂ ਫਿਰ ਸ਼ੁੱਧ ਸਮਾਜ-ਕੇੱਦਰਿਤ ਵਿਧੀ ਧਾਰਨ ਕਰਦੀ ਹੋਈ ਪ੍ਰਸੰਗ ਨੂੰ ਅਧਿਕ ਮਹੱਤਵ ਦੇ ਕੇ ਗਲਪੀ-ਪਾਠ ਨੂੰ ਪ੍ਰੋਖੇ ਕਰ ਜਾਂਦੀ ਹੈ ਪ੍ਰੰਤੂ ਇਸ ਪ੍ਰਸੰਗ ਵਿਚ ਦਵੇਸ਼ਵਰ ਗਲਪ-ਆਲੋਚਨਾ ਆਪਣੇ ਸੰਤੁਲਿਤ ਮਾਰਕਸਵਾਦੀ-ਦ੍ਰਿਸ਼ਟੀਕੋਣ ਦੁਆਰਾ ਇਨ੍ਹਾਂ ਵਿਸੰਗਤੀਆਂ ਤੇ ਉਲਾਰਾਂ ਤੋਂ ਰਹਿਤ ਵਧੇਰੇ ਸੰਤੁਲਿਤ ਤੇ ਮੌਲਿਕ ਧਰਾਤਲ 'ਤੇ ਵਿਚਰਦੀ ਹੈ ਇਸ ਸੰਤੁਲਿਤ ਤੇ ਮੌਲਿਕ ਧਰਾਤਲ 'ਤੇ ਇਹ ਆਲੋਚਨਾ ਗਲਪੀ-ਸੰਰਚਨਾ ਦੀ ਹੋਂਦ ਵਿਧੀ ਨੂੰ ਮਨੁੱਖੀ-ਹੋਂਦ ਵਿਧੀ ਨਾਲ ਸੰਬੰਧਿਤ ਕਰਦੀ ਹੋਈ, ਬਿਰਤਾਂਤ ਦੇ ਉਸ ਸੁਭਾਅ ਤੇ ਸਰੂਪ ਨੂੰ ਸਪੱਸ਼ਟ ਕਰਦੀ ਹੈ ਜਿਹੜਾ ਮਨੁੱਖ ਤੇ ਮਨੁੱਖੀ-ਗਿਆਨ ਦੇ ਬੁਨਿਆਦੀ ਆਧਾਰ 'ਕਾਰਜ' ਦੀਆਂ ਵਿਭਿੰਨ ਪਰਤਾਂ, ਪਾਸਾਰਾਂ, ਦਸ਼ਾਵਾ ਤੇ ਦਿਸ਼ਾਵਾਂ ਨੂੰ ਰੂਪਮਾਨ ਕਰਦਾ ਹੈ ਨਿਰਸੰਦੇਹ  ਇਹ 'ਕਾਰਜ' ਮਨੁੱਖੀ ਗਿਆਨ ਦੇ ਆਦਿ ਤੇ ਆਧਾਰ ਵੱਜੋੱ ਮਨੁੱਖੀ-ਕਿਰਤ ਉਤੇ ਅਧਾਰਿਤ ਪ੍ਰਕਿਰਤੀ ਤੇ ਸਮਾਜ ਦੀਆਂ ਵਸਤੂਆਂ/ਵਰਤਾਰਿਆਂ ਨੂੰ ਪਰਿਵਰਤਤ ਕਰਨ ਵਾਲਾ ਸਮਾਜਿਕ ਅਮਲ ਹੈ ਇਸ ਅਮਲ ਅਧੀਨ ਬਾਹਰਮੁੱਖੀ ਵਸਤੂ-ਜਗਤ ਮਨੁੱਖ ਦੀਆਂ ਗਿਆਨ ਇੰਦਰੀਆਂ ਉੱਤੇ 'ਕਾਰਜ' ਕਰਦਾ ਮਨੁੱਖੀ-ਚੇਤਨਾ ਨੂੰ ਬੋਧ ਪ੍ਰਦਾਨ ਕਰਦਾ ਹੈ ਅਤੇ ਪਰਤਵੇਂ ਰੂਪ ਵਿਚ ਮਨੁੱਖ ਪ੍ਰਾਪਤ ਬੋਧ ਦੇ ਚਿੰਤਨ ਦੁਆਰਾ ਬਾਹਰਮੁੱਖੀ ਵਸਤੂ-ਜਗਤ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਹਿੱਤ ਪਰਿਵਰਤਤ/ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਇਸ ਕਾਰਨ ਇਹ 'ਕਾਰਜ' ਨਾ ਕੇਵਲ ਗਿਆਨ ਦਾ ਆਧਾਰ ਸੋਮਾ ਹੀ ਬਣਦਾ ਹੈ ਸਗੋਂ ਇਸ ਦਾ ਪ੍ਰਯੋਜਨ ਵੀ ਸਿੱਧ ਹੁੰਦਾ ਹੈ, ਜਿਸ ਨੂੰ ਦਵੇਸ਼ਵਰ ਗਲਪ-ਆਲੋਚਨਾ ਬਿਰਤਾਂਤਕ-ਸਿਰਜਨਾ ਦੀ ਆਧਾਰ-ਸਮੱਗਰੀ ਤੇ ਹੋਂਦ-ਵਿਧੀ ਵਜੋਂ ਮਾਨਤਾ ਦਿੰਦੀ ਹੈ
ਬਣਨ ਤੇ ਬਿਣਸਣ ਦੀ ਹਰ ਖਿਣ ਵਾਪਰਦੀ ਕਿਰਿਆ ਰਾਹੀਂ ਵਸਤਾਂ ਰੂਪ ਵਟਾਉੱਦੀਆਂ ਹਨ ਇਹ ਵਟਵੇਂ ਰੂਪ ਹੀ ਕੁਦਰਤ ਦੀਆਂ ਨਿਰਜੀਵ ਅਤੇ ਸਜੀਵ ਚੀਜ਼ਾਂ ਹਨ ਇਥੋੱ ਤੱਕ ਕਿ ਚੇਤਨਾ ਵੀ ਪਦਾਰਥ ਦਾ ਹੀ ਅਮੂਰਤ ਅਤੇ ਸੂਖ਼ਮ ਰੂਪ ਹੈ ਪਦਾਰਥ ਦੇ ਇਸ ਸਦੀਵੀੱ ਲੱਛਣ ਸਦਕਾ ਹੀ ਹਰੇਕ ਨਿਰਜੀਵ ਜਾਂ ਸਜੀਵ ਵਸਤੂ ਵਿਚ ਇਕ ਜਾਂ ਦੂਸਰੀ ਭਾਂਤ ਦਾ ਕਾਰਜ ਵਾਪਰਦਾ ਰਹਿੰਦਾ ਹੈ ਬਿਰਤਾਂਤ ਦਾ ਮੂਲ ਤੱਤ ਇਹ ਕਾਰਜ ਹੀ ਹੈ ਇਸ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਕਾਰਜ ਦੀਆਂ ਵਿਭਿੰਨ ਪਰਤਾਂ, ਪਾਸਾਰਾਂ ਦਸ਼ਾਵਾਂ ਅਤੇ ਦ੍ਰਿਸ਼ਾਵਾਂ ਨੂੰ ਰੂਪਮਾਨ ਕਰਦਾ ਹੈ3
ਪ੍ਰੰਤੂ ਵਸਤੂ-ਜਗਤ ਦੇ ਬੋਧ ਵਿਚੋਂ ਪ੍ਰਾਪਤ ਉਪਰੋਕਤ ਗਿਆਨ ਕੇਵਲ ਮਨੁੱਖੀ-ਕਾਰਜ ਦਾ ਸਿਧਾਂਤਕ ਰੂਪ ਹੁੰਦਾ ਹੈ, ਜਿਹੜਾ ਆਪਣੇ-ਆਪ ਵਿਚ ਵਸਤੂ-ਜਗਤ ਨੂੰ ਪਰਿਵਰਤਨ ਕਰਨ ਤੋਂ ਅਸਮਰੱਥ, ਕੇਵਲ ਵਸਤੂ-ਜਗਤ ਨੂੰ ਪ੍ਰਤਿਬਿੰਬਤ ਕਰਨ ਦੀ ਸਮਰੱਥਾ ਹੀ ਰੱਖਦਾ ਹੈ ਇਸ ਦੀ ਸਮਰੱਥਾ ਉਦੋੱ ਹੀ ਸਾਰਥਕ ਸਿੱਧ ਹੁੰਦੀ ਹੈ ਜਦੋਂ ਗਿਆਨ/ਸਿਧਾਂਤ 'ਕਾਰਜ' ਲਈ ਦਿਸ਼ਾ ਨਿਰਧਾਰਿਤ ਕਰਦਾ ਤੇ 'ਕਾਰਜ' ਦੁਆਰਾ ਪਰਤਵੇਂ ਰੂਪ ਵਿਚ ਪ੍ਰਭਾਵਿਤ ਹੁੰਦਾ, ਸਮਾਜਿਕ ਵਿਕਾਸ ਦਾ ਕਾਰਨ ਬਣਦਾ ਹੈ ਪ੍ਰੰਤੂ ਸਿਧਾਂਤ ਤੇ ਕਾਰਜ ਦੀ ਉਪਰੋਕਤ ਸੰਗਤੀ ਸ਼੍ਰੇਣੀਗਤ ਸਮਾਜਿਕ-ਵਿਵਸਥਾ ਦੇ ਹੋਂਦ ਵਿਚ ਆਉਣ ਨਾਲ ਵਿਸੰਗਤੀ ਜਾਂ ਭਰਮ ਵਿਚ ਪਰਿਵਰਤਤ ਹੋ ਗਈ ਹੈ ਇਸ ਦੇ ਅੰਤਰਗਤ ਸਾਧਨਾਂ 'ਤੇ ਕਾਬਜ਼ ਸ਼੍ਰੇਣੀਆਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਤੇ ਸਾਧਨਾਂ 'ਤੇ ਸਥਾਈ ਸੱਤਾ ਲਈ ਸਮਾਜਿਕ-ਵਿਕਾਸ ਦੇ ਬੁਨਿਆਦੀ ਕਾਰਨ 'ਕਾਰਜ' ਤੇ 'ਗਿਆਨ/ਸਿਧਾਂਤ' ਦੇ ਸੰਵਾਦੀ ਸੰਬੰਧਾਂ ਨੂੰ ਵਿਖੰਡਤ ਕਰ ਦਿੱਤਾ ਹੈ ਅਤੇ ਇਸ ਅਧੀਨ ''ਆਪਣੇ ਆਪ ਨੂੰ ਗਿਆਨੀ-ਧਿਆਨੀ ਸਮਝਦੇ (ਵਿਅਕਤੀ), ਕਾਰਜ ਨਾਲੋਂ ਗਿਆਨ ਨੂੰ ਤਰਜੀਹ ਦਿੰਦੇ ਹਨ (ਅਤੇ) ਉਹ ਗਿਆਨ ਦੀ ਨਿਰਪੇਖ ਹੋਂਦ ਵਿਚ ਵਿਸ਼ਵਾਸ ਰੱਖਦੇ ਹਨ''4 ਇਸ ਪ੍ਰਕਾਰ ਦੀ ਭ੍ਰਮਕ ਧਾਰਨਾ ਬਿਰਤਾਂਤ ਦੇ ਕਾਵਿ-ਸ਼ਾਸਤਰ ਨੂੰ ਉਸਾਰਨ ਲਈ ਵੀ ਕਾਰਜਸ਼ੀਲ ਦ੍ਰਿਸ਼ਟੀਗੋਚਰ ਹੁੰਦੀ ਹੈ ਜਿਸ ਬਾਰੇ ਦਵੇਸ਼ਵਰ ਗਲਪ-ਆਲੋਚਨਾ ਆਪਣੀ ਵਿਚਾਰਧਾਰਕ ਪ੍ਰਤਿਬੱਧਤਾ (ਕੱਟੜਤਾ ਨਹੀਂ) ਦੇ ਸਹਾਰੇ ਬਿਰਤਾਂਤ-ਸਿਰਜਨਾ ਦੇ ਕਾਵਿ-ਸ਼ਾਸਤਰ ਦੀ ਉਸਾਰੀ ਲਈ ਗਿਆਨ/ਸਿਧਾਂਤ ਤੇ ਅਮਲ ਦੇ ਦਵੰਦਾਤਮਿਕ-ਸੰਬੰਧਾਂ ਨੂੰ ਬਾਹਰਮੁੱਖੀ ਧਾਰਨਾਵਾਂ ਨਾਲ ਸਮਝਦੀ ਹੋਈ, ਉਨ੍ਹਾਂ ਸਥਾਪਤੀਮੁੱਖ ਧਾਰਨਾਵਾਂ ਨਾਲ ਅਚੇਤ ਸੰਵਾਦ ਰਚਾਉੱਦੀ ਹੈ, ਜਿਹੜੀਆਂ ਬਿਰਤਾਂਤ-ਸਿਰਜਨਾ ਨੂੰ ਸਾਧਾਰਨ ਮਨੁੱਖ ਦੀ ਸੁਹਜ ਤ੍ਰਿਪਤੀ ਦਾ ਮਹੱਤਵਹੀਣ ਸਾਧਨ ਸਵੀਕਾਰਦੀਆਂ ਹਨ ਅਤੇ ਇਸ ਦੇ ਕਾਵਿ-ਸ਼ਾਸਤਰ ਦੀ ਉਸਾਰੀ ਲਈ ਕੇਵਲ ਦਿਮਾਗੀ-ਘੁਣਤਰਬਾਜ਼ੀਆਂ ਨੂੰ ਆਧਾਰ ਬਣਾਉਂਦੀਆਂ ਹੋਈਆਂ ਬਿਰਤਾਂਤਕ-ਸਾਹਿਤ ਦੇ ਇਤਿਹਾਸਕ ਪਰਿਵੇਸ਼ ਨੂੰ ਪ੍ਰੋਖੇ ਕਰਦੀਆਂ ਹਨ
ਇਸ ਪ੍ਰਕਾਰ ਦਵੇਸ਼ਵਰ ਗਲਪ-ਆਲੋਚਨਾ ਸਿਧਾਂਤਕ ਪੱਧਰ ਉੱਤੇ ਬਿਰਤਾਂਤ-ਸਿਰਜਨਾ ਦੀ ਵਸਤੂ-ਸਮੱਗਰੀ ਉਸ ਬਾਹਰਮੁੱਖੀ 'ਕਾਰਜ' ਵਿਚ ਨਿਰਧਾਰਿਤ ਕਰਦੀ ਹੈ, ਜਿਹੜਾ ਗਲਪੀ-ਸਿਰਜਨਾ ਵਿਚ ਰੂਪਮਾਨ ਹੋਣ ਵਾਲੀ ਸਥਿਤੀਆਂ ਨੂੰ ਗਤੀ ਪ੍ਰਦਾਨ ਕਰਦਾ, ਗਲਪੀ-ਸੰਰਚਨਾ ਵਿਚ 'ਗਤੀ' ਦੀ ਸਿਰਜਨਾ ਕਰਦਾ ਹੈ ਇਸ 'ਗਤੀ' ਦੀ ਗਲਪੀ-ਸਿਰਜਨਾ ਵਿਚ ਅਭਿਵਿਅਕਤੀ ਅਨਯ-ਪੁਰਖੀ, ਉੱਤਮ-ਪੁਰਖੀ ਜਾਂ ਕੋਈ ਮੈਂ-ਪਾਤਰ ਦੇ ਭਾਸ਼ਾਈ ਬਿਆਨ ਰਾਹੀ ਸਮੇਂ ਤੇ ਸਥਾਨ ਦੇ ਵਿਸ਼ੇਸ਼ ਪਰਿਵੇਸ਼ ਅਧੀਨ ਹੁੰਦੀ ਹੈ ਇਸ ਦੇ ਨਾਲ ਦਵੇਸ਼ਵਰ ਗਲਪ-ਆਲੋਚਨਾ ਬਿਰਤਾਂਤਕ-ਸਿਰਜਨਾ ਦੀ ਰਚਨਾ-ਸਮੱਗਰੀ, ਪ੍ਰਗਟਾਉ-ਵਿਧੀ ਤੇ ਹੋਂਦ-ਵਿਧੀ ਨੂੰ ਕ੍ਰਮਵਾਰ ਕਾਰਜ, ਜੁਗਤਾਂ ਤੇ ਗਤੀ ਦਾ ਸੰਗਠਿਤ ਪ੍ਰਬੰਧ ਸਵੀਕਾਰ ਕਰਦੀ ਹੈ ਇਨ੍ਹਾਂ ਤੱਤਾਂ ਦੀ ਹੋਂਦ ਕਾਰਨ ਹੀ ਬਿਰਤਾਂਤ-ਸਿਰਜਨਾਵਾਂ ਹਰ ਯੁੱਗ ਦੇ ਸਾਹਿਤਕ-ਖੇਤਰ ਅਧੀਨ ਆਪਣੀ ਵੱਖਰੀ ਤੇ ਵਿਸ਼ੇਸ਼ ਹੋਂਦ ਸਥਾਪਿਤ ਕਰਦੀਆਂ ਹਨ ਅਤੇ ਇਨ੍ਹਾਂ ਬੁਨਿਆਦੀ ਤੱਤਾਂ ਦੇ ਯੁੱਗ-ਦ੍ਰਿਸ਼ਟੀ (ਜੋ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਰਚਨਾ-ਦ੍ਰਿਸ਼ਟੀ ਨੂੰ ਪ੍ਰਭਾਵਿਤ ਕਰਦੀ, ਰਚਨਾ-ਵਸਤੂ ਤੇ ਰਚਨਾ-ਵਿਧੀ ਨੂੰ ਵੀ ਨਿਰਧਾਰਿਤ ਕਰਦੀ ਹੈ) ਦੇ ਸਮਾਨਾਂਤਰ ਪਰਿਵਰਤਤ ਹੁੰਦੇ ਸੁਭਾਅ ਤੇ ਸਰੂਪ ਅਨੁਸਾਰ ਹੀ ਬਿਰਤਾਂਤ-ਸਿਰਜਨਾ ਕਿਸੇ ਯੁੱਗ-ਵਿਸ਼ੇਸ਼ ਅਧੀਨ ਸਾਰਥਕ ਭੂਮਿਕਾ ਨਿਭਾਉੱਦੀਆਂ ਹਨ ਜਿਹੜੀ ਹਰ ਯੁੱਗ ਦੀ ਬਿਰਤਾਂਤ-ਸਿਰਜਨਾ ਦੇ ਵਿਸ਼ੇਸ਼ ਵਿਚਾਰਧਾਰਕ ਖ਼ਾਸੇ ਉੱਤੇ ਨਿਰਭਰ ਕਰਦੀ ਹੋਈ, ਦਵੇਸ਼ਵਰ ਗਲਪ-ਆਲੋਚਨਾ ਲਈ ਵਿਸ਼ੇਸ਼ ਅਰਥਾਂ ਦੀ ਧਾਰਨੀ ਬਣਦੀ ਹੈ
ਇਸ ਲਈ ਦਵੇਸ਼ਵਰ ਗਲਪ-ਆਲੋਚਨਾ ਹਰ ਯੁੱਗ ਦੇ ਬਿਰਤਾਂਤ-ਰੂਪਾਂ ਨੂੰ ਸੰਬੰਧਿਤ ਯੁੱਗ-ਦ੍ਰਿਸ਼ਟੀ ਅਧੀਨ ਪੈਦਾ ਹੋਈ ਰਚਨਾ-ਦ੍ਰਿਸ਼ਟੀ 'ਤੇ ਅਧਾਰਿਤ ਵਿਸ਼ੇਸ਼ ਵਿਚਾਰਧਾਰਕ ਰੂਪ ਮੰਨਦੀ ਹੈ ਇਸ ਅਧੀਨ ਇਹ ਆਲੋਚਨਾ ਸਮਾਜ ਦੀ ਮੁੱਢਲੀ ਅਵਿਕਸਤ ਅਵਸਥਾ ਅਧੀਨ ਪੈਦਾ ਹੋਈਆਂ ਮਿੱਥ-ਸਿਰਜਨਾਵਾਂ ਨੂੰ ਅਮਲ ਤੇ ਗਿਆਨ ਦੇ ਪਰਸਪਰ ਸੰਬੰਧਾਂ ਦੀ ਵਾਸਤਵਿਕ ਚੇਤਨਾ ਦੀ ਅਣਹੋਂਦ ਕਾਰਨ ਭ੍ਰਮਕ, ਮੱਧਕਾਲੀਨ ਸ਼੍ਰੇਣੀ-ਸਮਾਜ ਦੀ ਅਲੌਕਿਕਤਾ ਪ੍ਰਧਾਨ ਯੁੱਗ-ਦ੍ਰਿਸ਼ਟੀ ਅਧੀਨ ਅਸਾਧਾਰਨ ਤੇ ਅਲੌਕਿਕ ਵਿਅਕਤੀਆਂ ਦੇ 'ਕਾਰਨਾਮਿਆਂ' ਨੂੰ 'ਅੰਤਿਮ ਜਿੱਤ' ਦੀ ਰੂੜ੍ਹੀ ਦੁਆਰਾ ਅਭਿਵਿਅਕਤ ਕਰਨ ਕਾਰਨ ਸਥਾਪਤੀਮੂਲਕ ਅਤੇ ਗਿਆਨ-ਵਿਗਿਆਨ 'ਤੇ ਅਧਾਰਿਤ ਆਧੁਨਿਕ ਕਾਲ ਦੀ ਤਾਰਕਿਕ ਯੁੱਧ-ਦ੍ਰਿਸ਼ਟੀ ਅਧੀਨ ਪੈਦਾ ਹੋਈ ਕਹਾਣੀ ਤੇ ਨਾਵਲ ਸਿਰਜਨਾ ਨੂੰ ਸਾਧਾਰਨ ਮਨੁੱਖ ਦੀ ਸਾਧਾਰਨਤਾ ਨਾਲ ਜੋੜਦੀ ਹੈ ਅਜਿਹਾ ਕਰਦੇ ਸਮੇਂ ਦਵੇਸ਼ਵਰ ਗਲਪ-ਆਲੋਚਨਾ ਬਿਰਤਾਂਤਕ-ਰੂਪਾਂ ਦੀ ਹੋਂਦ-ਵਿਧੀ ਤੇ ਪ੍ਰਗਟਾਉ-ਵਿਧੀ ਦੇ ਵਿਕਾਸ ਨੂੰ ਇਤਿਹਾਸਕ ਪਰਿਪੇਖ ਨਾਲ ਸੰਬੰਧਿਤ ਕਰਦੀ ਹੋਈ ਵਸਤੂ-ਜਗਤ ਤੇ ਯੁੱਗ-ਦ੍ਰਿਸ਼ਟੀ ਦੇ ਵਿਕਾਸ ਦੇ ਸਮਾਨਾਂਤਰ ਰੱਖਕੇ ਵੇਖਦੀ ਹੈ ਪ੍ਰੰਤੂ ਇਥੇ ਸਮੱਸਿਆ ਇਹ ਹੈ ਕਿ ਦਵੇਸ਼ਵਰ ਗਲਪ-ਆਲੋਚਨਾ ਇਸ ਸਿਧਾਂਤਕ ਮਾਡਲ ਅਧੀਨ ਗਲਪ ਤੇ ਬਿਰਤਾਂਤ ਦੇ ਸੰਕਲਪਾਂ ਦਾ ਨਿਖੇੜਾ ਕਰਨ ਦੀ ਬਜਾਇ ਇਨ੍ਹਾਂ ਨੂੰ ਰੱਲਗੱਡ ਰੂਪ ਵਿਚ ਹੀ ਵੇਖਦੀ ਹੈ, ਜਦੋਂ ਕਿ ਸੂਖ਼ਮ ਪੱਧਰ ਉੱਤੇ ਵੇਖਦਿਆਂ ''ਬਿਰਤਾਂਤ ਨਿਰੋਲ ਗਲਪ ਦਾ ਸਮਾਂਨਾਰਥਕ ਸ਼ਬਦ ਨਹੀਂ ਰਹਿੰਦਾ ਸਗੋਂ ਇਸ ਦੇ ਘੇਰੇ ਵਿਚ ਜੀਵਨੀ, ਸਵੈ-ਜੀਵਨੀ ਅਤੇ ਇਤਿਹਾਸ ਵਰਗੀਆਂ ਉਹ ਸਮੂਹ ਸਿਰਜਨਾਵਾਂ ਵੀ ਆ ਜਾਂਦੀਆਂ ਹਨ ਜਿਨ੍ਹਾਂ ਵਿਚ ਕਥਾਨਕੀ ਦੀ ਰਚਨਾ-ਵਿਧੀ ਕਾਰਜਸ਼ੀਲ ਹੁੰਦੀ ਹੈ ਇਥੋੱ ਤਕ ਕਿ ਮਨੁੱਖ ਆਪਣੀ ਵਿਅਕਤੀਗਤ ਸਭਿਆਚਾਰਕ ਜਾਂ ਕੌਮੀ ਪਛਾਣ ਉਸਾਰਨ ਲਈ ਸਵੈ-ਬਿਰਤਾਂਤ ਦਾ ਸਾਹਾਰਾ ਲੈਂਦਾ ਹੈ''5 ਇਸ ਦਵੇਸ਼ਵਰ ਗਲਪ-ਆਲੋਚਨਾ ਬਿਰਤਾਂਤ ਅਤੇ ਗਲਪ ਨੂੰ ਇਕ ਹੀ ਰੂਪ ਵਿਚ ਪਛਾਣਦੀ ਤੇ ਨਿਰਧਾਰਿਤ ਕਰਦੀ ਹੈ
          ਪ੍ਰੰਤੂ ਇਸ ਦੇ ਬਾਵਜੂਦ ਦਵੇਸ਼ਵਰ ਗਲਪ-ਆਲੋਚਨਾ ਦੀ ਇਕ ਮਹੱਤਵਪੂਰਨ ਪ੍ਰਾਪਤੀ ਗਲਪ ਦੀ ਆਦਿ ਸਥਿਤੀ ਤੋਂ ਵਰਤਮਾਨ ਤੱਕ ਕੇ ਸਫ਼ਰ ਨੂੰ ਵਸਤੂ-ਨਿਸ਼ਠ ਦ੍ਰਿਸ਼ਟੀ ਨਾਲ ਸਪੱਸ਼ਟ ਕਰਨ ਅਤੇ ਉਸ ਦੇ ਸੰਭਾਵੀ-ਸਰੂਪ ਨੂੰ ਤਤਕਾਲੀਨ ਸਮਾਜਿਕ-ਸਾਂਸਕ੍ਰਿਤਕ ਦੇ ਅਨੁਰੂਪ ਕਰਕੇ ਵੇਖਣ ਵਾਲੀ ਸੰਤੁਲਿਤ-ਦ੍ਰਿਸ਼ਟੀ ਵਿਚ ਨਜ਼ਰੀ ਪੈਂਦੀ ਹੈ ਇਸ ਦਾ ਇਕ ਪ੍ਰਮਾਣ ਇਸ ਗਲਪ-ਆਲੋਚਨਾ ਦੀ ਉਲਾਰਭਾਵੀ ਸਰੋਕਾਰਾਂ ਤੋਂ ਮੁਕਤ ਆਲੋਚਨਾ-ਦ੍ਰਿਸ਼ਟੀ ਦੇ ਉਸ ਸੁਭਾਅ ਵਿਚੋਂ ਵੇਖਿਆ ਜਾ ਸਕਦਾ ਹੈ ਜਿਹੜਾ ਪੂੰਜੀਵਾਦੀ-ਵਿਵਸਥਾ ਨੂੰ ਨਵੀਨ ਗਲਪੀ-ਸਿਰਜਨਾਵਾਂ ਲਈ ਵਿਚਾਰਧਾਰਕ ਤੇ ਭੌਤਿਕ ਸਾਧਨ ਉਪੱਭਧ ਕਰਵਾਉਣ ਕਾਰਨ ਮਨੁੱਖੀ ਵਿਕਾਸ ਦੀ ਉੱਚ ਅਵਸਥਾ ਨਿਰਸੰਦੇਹ ਸਵੀਕਾਰਦਾ ਹੈ, ਪ੍ਰੰਤੂ ਇਹ ਵਿਵਸਥਾ ਦੇ ਸ਼੍ਰੇਣੀਗਤ ਸੁਭਾਅ ਅਧੀਨ ਆਰਥਿਕ-ਸਾਧਨਾਂ ਦੀ ਅਸਾਂਵੀਂ ਵੰਡ ਤੇ ਮੰਡੀਕਰਨ ਦੀ ਪ੍ਰਵਿਰਤੀ ਕਾਰਨ ਤਿਖੇਰੀਆਂ ਵਿਅਕਤੀਗਤ ਲਾਲਸਾਵਾਂ ਤੇ ਸ਼ੋਸ਼ਣਕਾਰੀ ਪ੍ਰਵਿਰਤੀ ਕਾਰਨ ਉੱਤਮ ਵਿਵਸਥਾ ਨਹੀਂ ਮੰਨਦਾ ਕਿਉਂਕਿ ਇਹ ਵਿਵਸਥਾ ਉਪਰੋਕਤ ਸੁਭਾਅ ਤੇ ਸਰੂਪ ਮਨੁੱਖੀ-ਸਮਾਜ ਵਿਚ ਅਸੰਤੁਲਿਨ (ਭਾਵੇਂ ਪੂਰਵਵਰਤੀ ਵਿਵਸਥਾਵਾਂ ਵਿਚਲਾ ਅਸੰਤੁਲਿਨ ਤਿਖੇਰਾ ਨਹੀਂ ਸੀ) ਪੈਦਾ ਕਰਦੀ ਹੈ ਦਵੇਸ਼ਵਰ ਗਲਪ-ਆਲੋਚਨਾ ਇਥੇ ਆਧੁਨਿਕ ਗਲਪੀ-ਸਿਰਜਨਾਵਾਂ ਦੀ ਹੋਂਦ ਪ੍ਰਕਿਰਿਆ ਦਾ ਨਿਰਣਾ ਕਰਦੀ ਅੱਗੋਂ ਇਸ ਅਸੰਤੁਲਿਨ ਨੂੰ ਤਨਾਉ ਤੇ ਟਕਰਾਉ ਦੀ ਸਥਿਤੀ ਪੈਦਾ ਕਰਨ ਵਾਲਾ ਅਤੇ ਇਸ ਸਥਿਤੀ ਵਿਚੋਂ ਨਵੀਨ ਪ੍ਰਕਾਰ ਦੀ ਬੌਧਿਕ ਤੇ ਭਾਵਨਾਤਮਿਕ ਅਸ਼ਾਂਤੀ ਨੂੰ ਜਨਮ ਦੇਣ ਵਾਲੀ ਸਥਿਤੀ ਕਿਆਸ ਕਰਦਾ ਹੈ, ਜਿਸ ਅਸ਼ਾਂਤੀ ਨੂੰ ਨਾਵਲ ਤੇ ਕਹਾਣੀ ਵਰਗੀਆਂ ਨਵੀਨ ਗਲਪੀ-ਸਿਰਜਨਾਵਾਂ ਤਨਾਉ ਤੇ ਵਿਡੰਬਨਾ ਦੇ ਜ਼ਾਬੀਏ ਤੋਂ ਪੇਸ਼ ਕਰਦੀਆਂ ਵਿਭਿੰਨ ਇਤਿਹਾਸਕ ਸੰਦਰਭਾਂ ਨੂੰ ਵਿਭਿੰਨ ਪਰਤਾਂ ਤੇ ਪਾਸਾਰਾਂ ਸਹਿਤ ਰੂਪਮਾਨ ਕਰਦੀਆਂ ਹਨ ਇਸ ਲਈ ਹੀ ਦਵੇਸ਼ਵਰ ਗਲਪ-ਆਲੋਚਨਾ ਲਈ ਨਾਵਲੀ-ਰੂਪ ਨੂੰ ਆਧੁਨਿਕ ਗਲਪ ਦਾ ਅਜਿਹਾ ਰੂਪ ਮੰਨਦੀ ਹੈ ਜਿਹੜਾ ਇਤਿਹਾਸਕ ਤੇ ਸਮਾਜਿਕ ਸਥਿਤੀਆਂ ਦੇ ਅਰਥਾਂ ਅਤੇ ਮੁੱਲਾਂ ਦੇ ਮਸਲਿਆਂ ਨਾਲ ਸਾਡੇ ਨਾਲ ਸਿੱਧੇ ਤੇ ਖੁੱਲ੍ਹੇ ਰੂਪ ਵਿਚ ਬਾਵਾਸਤ ਹੁੰਦਾ ਹੈ ਇਹ ਮਨੁੱਖੀ ਜੀਵਨ ਨੂੰ ਉਸੇ ਸਪੱਸ਼ਟ ਤੇ ਵਿਸਤ੍ਰਿਤ ਰੂਪ ਵਿਚ ਪੇਸ਼ ਕਰਦਾ ਹੈ ਜਿਵੇਂ ਇਤਿਹਾਸ ਤੇ ਸਮਾਜਿਕ ਰੂਪ ਵਿਚ ਉਹ ਨਿਰੂਪਤ ਹੋਇਆ ਹੁੰਦਾ ਹੈ6 ਇਸ ਦੇ ਨਾਲ ਹੀ ਦਵੇਸ਼ਵਰ ਗਲਪ-ਆਲੋਚਨਾ ਆਧੁਨਿਕ ਗਲਪੀ-ਸਿਰਜਨਾ ਨਿੱਕੀ ਕਹਾਣੀ ਨੂੰ, ਟੀ. ਆਰ. ਵਿਨੋਦ ਦੇ ਕਹਾਣੀ-ਸਿਧਾਂਤ ਦੇ ਅਨੁਰੂਪ ਚੱਲਦੀ ਹੋਈ ਅਜਿਹਾ ਰੂਪਕਾਰ ਮੰਨਦੀ ਹੈ ਜਿਹੜਾ ਨਿੱਕੇ ਤੇ ਸਾਧਾਰਨ ਲੱਗਦੇ ਮਨੁੱਖੀ ਅਨੁਭਵਾਂ/ਸੰਵੇਦਨਾਵਾਂ ਦਾ ਬੋਧ ਸੰਕੇਤਕ, ਸੂਖ਼ਮ ਤੇ ਰਮਜ਼ਮਈ ਸ਼ੈਲੀ ਵਿਚ ਕਰਵਾਉਂਦਾ 'ਮਨੁੱਖੀ-ਅਮਲ' ਦੀਆਂ ਭਿੰਨ ਪਰਤਾਂ ਤੇ ਪਾਸਾਰਾ ਦੀ ਪ੍ਰਸਤੁਤੀ ਨੂੰ ਆਪਣਾ ਰਚਨਾ-ਵਸਤੂ ਬਣਾਉਂਦਾ ਹੈ ਅਤੇ ਇਸ ਮਨੁੱਖੀ-ਅਮਲ ਦੀਆਂ ਸਥਿਤੀਆਂ ਵਿਚਲੇ ਵਿਰੋਧੀ ਤੱਤਾਂ ਦੇ 'ਤਨਾਉ/ਟਕਰਾਉ' ਕਾਰਨ ਮਨੁੱਖੀ-ਅਮਲ ਨੂੰ ਸਦਾ ਵੇਗ ਵਿਚ ਪੇਸ਼ ਕਰਨ ਲਈ 'ਬਿਰਤਾਂਤਕ-ਵਿਧੀ' ਨੂੰ ਅਪਣਾਉਂਦਾ ਯੁੱਗ-ਦ੍ਰਿਸ਼ਟੀ ਦੇ ਸਮਾਨਾਂਤਰ ਵਿਕਾਸ ਕਰਦਾ ਸਦਾ ਪਰਿਵਰਤਨਸ਼ੀਲ ਰਹਿੰਦਾ ਹੈ ਪ੍ਰੰਤੂ ਇਥੇ ਸਮੱਸਿਆ ਇਹ ਹੈ ਕਿ ਦਵੇਸ਼ਵਰ ਗਲਪ-ਆਲੋਚਨਾ ਆਧੁਨਿਕ ਕਹਾਣੀ-ਸਿਰਜਨਾ ਨੂੰ ਸਾਧਾਰਨ ਮਨੁੱਖ ਨੂੰ ਸਾਧਾਰਨਤਾ ਸਹਿਤ ਪ੍ਰਸਤੁਤੀ ਦੇਣ ਵਾਲਾ ਰੂਪਾਕਾਰ ਵੀ ਮੰਨਦੀ ਹੋਈ ਅਚੇਤ ਹੀ ਆਧੁਨਿਕ ਕਹਾਣੀ-ਸਿਰਜਨਾ ਦੀ ਰੂਪਾਗਤ ਵਿਸ਼ੇਸ਼ਤਾ ਨੂੰ ਅਸਾਧਾਰਨ ਮਨੁੱਖ ਦੀ (ਸਾਹਿਤ ਵਿਚ ਪੇਸ਼ ਪਾਤਰ ਰਚਨਾ-ਦ੍ਰਿਸ਼ਟੀ ਦੀ ਚੋਣ ਪ੍ਰਕਿਰਿਆ ਵਿਚੋਂ ਲੰਘਣ ਕਰਕੇ ਸਾਧਾਰਨ ਨਹੀਂ ਰਹਿੰਦਾ) ਬਜਾਇ ਸਾਧਾਰਨ ਮਨੁੱਖ ਨੂੰ ਪੇਸ਼ ਕਰਨ ਦੇ ਪ੍ਰਤੀਮਾਨ ਨਾਲ ਸੰਬੰਧਿਤ ਕਰਦੀ ਹੈ, ਪ੍ਰ੍ਰੰਤੂ ਇਥੇ ਇਹ ਧਿਆਨਯੋਗ ਹੈ ਕਿ ''ਮਨੁੱਖਾਂ ਨੂੰ ਮਹਾਨ ਅਤੇ ਸਾਧਾਰਣ ਵਿਚ ਵੰਡ ਤੇ ਦੇਖਣਾ ਮੱਧਕਾਲੀ ਸੋਚ ਦਾ ਹੀ ਪ੍ਰਗਟਾਵਾ ਹੈ ਮਨੁੱਖਤਾ ਵਿਚ ਸਿਰਫ਼ ਨਿਰਪੇਖ ਛੋਟਾਪਣ ਦੇਣਾ ਆਧੁਨਿਕਵਾਦੀ ਸੋਚ ਹੈ ਜਨਮ-ਜਾਤ ਤੋਂ ਨਾ ਕੋਈ ਮਨੁੱਖ ਛੋਟਾ ਹੈ ਨਾ ਮਹਾਨ ਉਹ ਸੰਭਾਵਨਾਵਾਂ ਭਰਪੂਰ ਹੈ ਅਤੇ ਉਚਿਤ ਪ੍ਰਸਥਿਤੀਆਂ ਮਿਲਣ ਉਤੇ ਉਹ ਸੰਭਾਵਨਾਵਾਂ ਹੰਢਾਉੱਦਾ ਵੀ ਹੈ ਇਸੇ ਦਾ ਦੂਜਾ ਪੱਖ ਇਹ ਹੈ ਕਿ ਸਾਧਾਰਨ ਦਿਸਦਾ ਮਨੁੱਖ ਵੀ ਮਹਾਨ ਕਾਰਨਾਮੇ ਕਰਨ ਦੇ ਸਮਰੱਥ ਹੈ ਅਤੇ ਮਹਾਨ ਵਿਅਕਤੀ ਵੀ ਘਟੀਆਪਣ ਅਤੇ ਨੀਚਤਾ ਦਿਖਾ ਸਕਦਾ ਹੈ''7 ਇਸ ਪ੍ਰਕਾਰ ਦਵੇਸ਼ਵਰ ਗਲਪ-ਆਲੋਚਨਾ ਆਪਣੀਆਂ ਵਿਕੋਲਿਤਰੀਆਂ ਸਮੱਸਿਆਵਾਂ ਬਾਰੇ ਅਚੇਤ ਰਹਿੰਦੀ ਸਿਧਾਂਤਕ ਧਾਰਾਤਲ ਉੱਤੇ ਭ੍ਰਾਂਤੀ ਦਾ ਸ਼ਿਕਾਰ ਹੁੰਦੀ ਹੈ ਇਸ ਦੇ ਨਾਲ ਹੀ ਇਹ ਆਲੋਚਨਾ ਆਪਣੇ ਵਿਭਿੰਨ ਆਲੋਚਨਾਤਮਿਕ ਪਾਠਾਂ ਅਧੀਨ ਦੁਹਰਾਉ-ਮੂਲਕਤਾ ਅਤੇ ਕਈ ਪੱਧਰਾਂ 'ਤੇ ਵਿਨੋਦ ਗਲਪ-ਆਲੋਚਨਾ ਦੀ ਸ਼ੁੱਧ-ਅਨੁਆਈ ਬਣਕੇ ਉਭਰਨ ਦੀ ਸਮੱਸਿਆ ਨਾਲ ਹੀ ਗ੍ਰਸਤ ਨਜ਼ਰੀ ਪੈਂਦੀ ਹੈ
          ਪ੍ਰੰਤੂ ਇਸ ਦਾ ਭਾਵ ਇਹ ਬਿਲਕੁਲ ਨਹੀਂ ਦਵੇਸ਼ਵਰ ਗਲਪ-ਆਲੋਚਨਾ ਦਾ ਸਮੁੱਚਾ ਸਰੂਪ ਤੇ ਸੁਭਾਅ ਸਮੱਸਿਆ ਗ੍ਰਸਤ ਹੈ ਸਗੋਂ ਇਹ ਗਲਪ-ਆਲੋਚਨਾ ਇਨ੍ਹਾਂ ਸਮੱਸਿਆਵਾਂ ਨੂੰ ਵਿਹਾਰਿਕ ਪੱਧਰ ਉੱਤੇ ਵਿਖੰਡਤ ਕਰਦੀ ਨਜ਼ਰੀ ਪੈਂਦੀ ਹੈ, ਜਿਸ ਅਧੀਨ ਇਸ ਆਲੋਚਨਾ ਗਲਪੀ-ਪਾਠ ਦਾ ਅਧਿਐਨ-ਵਿਸ਼ਲੇਸ਼ਣ ਲਈ ਪਾਠ, ਪਰਿਵੇਸ਼ ਤੇ ਵਿਚਾਰਧਾਰਾ ਦੇ ਅੰਤਰ-ਸੰਬੰਧਾਂ ਨੂੰ ਵੇਖਣ ਵਾਲੀ ਅੰਤਰ-ਪਾਠੀ ਤੇ ਸੰਬਾਦੀ ਵਿਧੀ ਨੂੰ ਅਪਣਾਉੱਦੀ ਹੈ ਇਸ ਵਿਧੀ ਦੇ ਅੰਤਰਗਤ ਦਵੇਸ਼ਵਰ ਗਲਪ-ਆਲੋਚਨਾ ''ਸਾਹਿਤਕ ਅਤੇ ਸਮਾਜ-ਸਭਿਆਚਾਰਕ ਸੰਦਰਭਾਂ ਦੇ ਦਵੰਦਾਤਮਕ ਰਿਸ਼ਤੇ ਸੰਦਰਭਾਂ ਦੇ ਦਵੰਦਾਤਮਕ ਰਿਸ਼ਤੇ ਦੀ ਪਛਾਣ''8 ਕਰਵਾਉੱਦੀ ਹੋਈ ਪਾਠ ਤੋਂ ਪਰਿਵੇਸ਼ ਅਤੇ ਪਰਿਵੇਸ਼ ਵਿਚਲੀਆਂ ਇਤਿਹਾਸਕ, ਆਰਥਿਕ ਤੇ ਸਾਂਸਕ੍ਰਿਤਕ ਪਰਤਾਂ ਦਾ ਗਹਿਨ ਤੇ ਗੰਭੀਰ ਵਿਸ਼ਲੇਸ਼ਣ ਕਰਦੀ ਹੈ ਅਤੇ ਫਿਰ ਪਾਠ ਵੱਲ ਪਰਤਦੀ ਹੋਈ ਸੰਬਧਿਤ ਗਲਪ-ਪਾਠ ਦਾ ਮੁੱਲ ਅੰਕਿਤ ਕਰਨ ਵੱਲ ਅਲਹਾਉੱਦੀ ਹੈ ਇਸ ਸੰਦਰਭ ਵਿਚ ਦਵੇਸ਼ਵਰ ਗਲਪ-ਆਲੋਚਨਾ ਦੀ ਸਾਰਥਕਤਾ ਗਲਪੀ-ਪਾਠ ਦੇ ਉਸ ਅਵਚੇਤਨੀ ਧਰਾਤਲ ਨੂੰ ਜ਼ੁਬਾਨ ਦੇਣ ਵਿਚ ਨਿਹਿਤ ਹੈ, ਜਿਹੜਾ ਗਲਪੀ-ਪਾਠ ਨਾਲ ਸੰਬੰਧਿਤ ਹੁੰਦਾ ਹੋਇਆ ਵੀ ਰਚਨਾਕਕਾਰ ਦੀ ਵਿਚਾਰਧਾਰਕ ਸੀਮਾ ਕਾਰਨ ਗ਼ੈਰ-ਹਾਜ਼ਰ ਰਹਿ ਜਾਂਦਾ ਹੈ ਇਨ੍ਹਾਂ ਗ਼ੈਰ-ਹਾਜ਼ਰ ਸੰਬੰਧਾਂ ਨੂੰ ਦਵੇਸ਼ਵਰ ਗਲਪ-ਆਲੋਚਨਾ ਅੰਤਰ-ਪਾਠੀ ਸੰਬੰਧਾਂ ਅਤੇ ਸੰਬੰਧਿਤ ਪਾਠ ਦੇ ਅੰਦਰਲੇ ਸੁਹਜਾਤਮਿਕ ਤੇ ਸਮਾਜਿਕ ਰਿਸ਼ਤਿਆਂ ਦੇ ਬਹੁ-ਅਰਥੀ ਪ੍ਰਸੰਗ ਵਿਚ ਉਜਾਗਰ ਕਰਦੀ ਹੈ ਇਸ ਤਰ੍ਹਾਂ ਦੇ ਅਧਿਐਨ ਨੂੰ ਇਸ ਆਲੋਚਨਾ ਦੁਆਰਾ ਕੀਤੇ ਗੁਰਦਿਆਲ ਸਿੰਘ ਦੇ ਨਾਵਲ 'ਪਰਸਾ' ਦੇ ਅਧਿਐਨ-ਵਿਸ਼ਲੇਸ਼ਣ ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਇਸ ਅਧਿਐਨ-ਵਿਸ਼ਲੇਸ਼ਣ ਵਿਚ ਸਮੁੱਚਾ ਪਾਠ ਦਵੇਸ਼ਵਰ ਗਲਪ-ਆਲੋਚਨਾ ਲਈ ਇਕ ਚਿੰਨ੍ਹਾਤਮਕ ਕੋਡ ਪ੍ਰਬੰਧ ਬਣ ਜਾਂਦਾ ਹੈ ਅਤੇ ਜਿਸ ਦੇ ਅਰਥਾਂ ਨੂੰ ਡੀਕੋਡ ਕਰਦੀ ਹੋਈ ਇਹ ਗਲਪ-ਆਲੋਚਨਾ ਪਾਠ ਦੇ ਰਚਨਾਤਮਿਕ-ਮੁੱਲਾਂ ਤੇ ਸਮਾਜਿਕ-ਮੂਲਾਂ ਨੂੰ ਅਗ੍ਰਭੂਮਿਤ ਕਰਦੀ ਦ੍ਰਿਸ਼ਟੀਗੋਚਰ ਹੁੰਦੀ ਹੈ
          ਇਸ ਦੇ ਨਾਲ ਹੀ ਦਵੇਸ਼ਵਰ ਗਲਪ-ਆਲੋਚਨਾ ਦਾ ਇਕ ਪਛਾਣ-ਚਿੰਨ੍ਹ ਇਸ ਆਲੋਚਨਾ ਦੀ ਅੰਤਰ-ਅਨੁਸ਼ਾਸ਼ਨੀ ਆਲੋਚਨਾਤਮਿਕ ਦ੍ਰਿਸ਼ਟੀ ਤੇ ਵਿਧੀ ਵਿਚ ਹੀ ਨਿਸ਼ਚਿਤ ਕੀਤਾ ਜਾ ਸਕਦਾ ਹੈ ਇਸ ਅਧੀਨ ਇਹ ਗਲਪ-ਆਲੋਚਨਾ ਗਲਪੀ-ਪਾਠ ਦੇ ਥੀਮ ਦਾ ਅਧਿਐਨ ਆਪਣੀ ਇਤਿਹਾਸਕ-ਚੇਤਨਾ (ਜਿਸ ਉੱਤੇ ਡਾ਼ ਦਵੇਸ਼ਵਰ ਦਾ ਇਤਿਹਾਸ ਦੇ ਵਿਦਿਆਰਥੀ ਹੋਣ ਕਰਕੇ ਪੂਰਨ ਅਧਿਕਾਰ ਹੈ) ਦੁਆਰਾ, ਗਲਪੀ-ਪਾਠ ਦੇ ਪਾਤਰਾਂ ਦੇ ਚੇਤਨਾ-ਅਵਚੇਤਨ ਦਾ ਵਿਸ਼ਲੇਸ਼ਣ ਮਨੋਵਿਗਿਆਨਿਕ ਪਹੁੰਚ-ਵਿਧੀ ਦੁਆਰਾ ਅਤੇ ਗਲਪੀ-ਪਾਠ ਦੇ ਰਚਨਾਤਮਿਕ ਪੱਧਰ ਦਾ ਮੁੱਲਾਂਕਣ ਆਪਣੇ ਸਾਹਿਤਕ ਮਾਡਲ ਦੁਆਰਾ ਕਰਦੀ ਨਜ਼ਰੀ ਪੈਂਦੀ ਹੈ ਇਸ ਸੰਦਰਭ ਵਿਚ ਦਵੇਸ਼ਵਰ ਗਲਪ-ਆਲੋਚਨਾ ਵਿਹਾਰਿਕ ਪੱਧਰ 'ਤੇ ਪਾਠਮੂਲਕ ਵਿਧੀ ਗ੍ਰਹਿਣ ਕਰਦੀ ਹੋਈ ਪਾਠ ਦੀ ਸਮਾਜਿਕ-ਸਭਿਆਚਾਰਕ ਵਿਆਖਿਆ ਕਰਨ ਦੇ ਨਾਲ-ਨਾਲ ਉਸ ਦੀਆਂ ਬਿਰਤਾਂਤਕ ਜੁਗਤਾਂ ਤੱਕ ਦੀ ਨਿਸ਼ਾਨਦੇਹੀ ਕਰਦੀ ਹੈ ਅਜਿਹਾ ਕਰਦੇ ਸਮੇਂ ਦਵੇਸ਼ਵਰ ਗਲਪ-ਆਲੋਚਨਾ ਸਦਾ ਗਲਪੀ-ਪਾਠ ਦੇ ਪ੍ਰਯੋਜਨ ਪ੍ਰਤੀ ਸੁਚੇਤ ਰਚਨਾਕਾਰ ਕੋਲੋੱ ਵਰਤਮਾਨਿਕ ਸ਼੍ਰੇਣੀ ਅਧਾਰਿਤ ਮਨੁੱਖ-ਦਿਵੈਸ਼ੀ ਵਿਵਸਥਾ ਦੀ ਦਸ਼ਾ ਉੱਤੇ ਪ੍ਰਸ਼ਨ ਚਿੰਨ੍ਹ ਲਾਕੇ ਭਵਿੱਖ ਦੀ ਮਨੁੱਖ-ਹਿਤੈਸ਼ੀ ਦਿਸ਼ਾ ਨੂੰ 'ਧੁਨੀ' ਰੂਪ ਵਿਚ ਪੇਸ਼ ਕਰਨ ਦੀ ਮੰਗ ਕਰਦੀ ਹੈ, ਜਿਹੜਾ ਨਿਰਸੰਦੇਹ ਇਸ ਆਲੋਚਨਾ ਲਈ ਰਚਨਾਕਾਰ ਦੀ ਰਚਨਾ-ਦ੍ਰਿਸ਼ਟੀ ਉੱਤੇ ਨਿਰਭਰ ਕਰਦਾ ਹੈ ਇਸ ਪ੍ਰਸੰਗ ਵਿਚ ਇਸ ਗਲਪ-ਆਲੋਚਨਾ ਦੀ ਵਿਸ਼ੇਸ਼ਤਾ ਰਚਨਾਕਾਰ ਦੀ ਰਚਨਾ-ਦ੍ਰਿਸ਼ਟੀ ਦੀ ਪਹਿਚਾਣ ਲਈ ਉਸਦੇ ਜੀਵਨੀਮੂਲਕ-ਵੇਰਵਿਆਂ ਦੀ ਪੁਣ-ਛਾਣ ਕਰਨ ਦੀ ਬਜਾਇ ਗਲਪੀ-ਬਿੰਬ ਦੀਆਂ ਕਨਸੋਈਆਂ ਨੂੰ ਸੁਣਨ ਵਿਚ ਵਿਸ਼ਵਾਸ ਰੱਖਣ ਵਿਚ ਨਿਹਿਤ ਹੈ, ਜਿਹੜਾ ਵਿਸ਼ਵਾਸ ਇਸ ਆਲੋਚਨਾ ਨੂੰ ਗਲਪੀ-ਪਾਠ ਅਧੀਨ ਵਿਦਮਾਨ ਸੋਚ ਤੇ ਸੁਹਜ ਦੇ ਸੰਤੁਲਿਤ ਮੁੱਲਾਂਕਣ ਵੱਲ ਲੈ ਜਾਂਦਾ ਹੈ
          ਇਸ ਪ੍ਰਕਾਰ ਦਵੇਸ਼ਵਰ ਗਲਪ-ਆਲੋਚਨਾ ਗਲਪੀ-ਪਾਠ ਦੀ ਹੋਂਦ-ਵਿਧੀ, ਪ੍ਰਕਿਰਿਆ ਤੇ ਪ੍ਰਯੋਜਨ ਦਾ ਸੰਤੁਲਿਤ ਅਧਿਐਨ ਕਰਦੀ ਹੋਈ ਸਿਧਾਂਤਕ ਤੇ ਵਿਹਾਰਿਕ ਧਰਾਤਲ ਉੱਤੇ ਸੰਤੁਲਿਤ ਤੇ ਤਰਕ-ਸੰਗਤ ਸੁਭਾਅ ਦੀ ਧਾਰਨੀ ਹੈ ਜਿਸ ਅਧੀਨ ਇਹ ਆਲੋਚਨਾ ਗਲਪੀ-ਪਾਠ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਂਕਣ ਲਈ 'ਪਾਠ, ਪਰਿਵੇਸ਼ ਤੇ ਵਿਚਾਰਧਾਰਾ' ਦੇ ਅੰਤਰ ਤੇ ਅੰਦਰਲੇ ਸੰਬੰਧਾਂ ਨੂੰ ਪਹਿਚਾਣਦੀ ਹੋਈ ਪਾਠਮੂਲਕ ਵਿਧੀ ਦੁਆਰਾ ਗਲਪੀ-ਪਾਠ ਦੇ ਸਮਾਜਿਕ-ਸਾਹਿਤਕ ਮੁੱਲਾਂ ਨੂੰ ਅੰਕਿਤ ਕਰਦੀ ਹੈ ਇਸ ਪ੍ਰਕਾਰ ਦੀ ਵਿਧੀ, ਨਿਰਵਿਵਾਦ, ਪੰਜਾਬੀ ਗਲਪ-ਆਲੋਚਨਾ ਦੇ ਖੇਤਰ ਵਿਚ ਭਵਿੱਖਮੁੱਖੀ ਸੰਭਾਵਾਨਾ ਨਾਲ ਭਰਪੂਰ ਹੈ
0-0-0
ਹਵਾਲੇ ਤੇ ਟਿੱਪਣੀਆਂ:
1. ਹਰਿਭਜਨ ਸਿੰਘ ਭਾਟੀਆ, ਪੰਜਾਬੀ ਆਲੋਚਨਾ ਦਾ ਇਤਿਹਾਸ, ਪੰਨਾ-241
2. ਸੁਰਿੰਦਰ ਕੁਮਾਰ ਦਵੇਸ਼ਵਰ, ਸਮਾਜ ਸੱਤਾ ਤੇ ਸਮਕਾਲੀ ਨਾਵਲ, ਪੰਨਾ-14-15
3. ਉਹੀ, ਆਧੁਨਿਕ ਪੰਜਾਬੀ ਬਿਰਤਾਂਤ, ਪੰਨਾ-16-17
4. ਉਹੀ, ਪੰਨਾ-17
5. ਜਗਬੀਰ ਸਿੰਘ, ਸਮਕਾਲੀ ਪੰਜਾਬੀ ਬਿਰਤਾਂਤ, ਪੰਨਾ-29
6. ਉਹੀ, ਆਧੁਨਿਕ ਪੰਜਾਬੀ ਬਿਰਤਾਂਤ, ਪੰਨਾ-14
7. ਗੁਰਬਖ਼ਸ਼ ਸਿੰਘ ਫ਼ਰੈਂਕ, ਨਿੱਕੀ ਕਹਾਣੀ ਤੇ ਪੰਜਾਬੀ ਨਿੱਕੀ ਕਹਾਣੀ, ਪੰਨੇ-65-66
8. ਉਹੀ, ਪੰਜਾਬੀ ਆਲੋਚਨਾ ਦਾ ਇਤਿਹਾਸ, ਪੰਨਾ-242


‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...