https://www.researchgate.net/publication/362668553_Dr_Bhim_Inder_Singh_Di_Sahit_Alochna_Marxwadi_Nazriye_To_Vishav-Sidhantki_Di_Samajh https://www.academia.edu/84609772/Dr_Bhim_Inder_Singh_Di_Sahit_Alochna_Marxwadi_Nazriye_To_Vishav_Sidhantki_Di_Samajh_
ਸਮਕਾਲੀ ਵਿਸ਼ਵ-ਚਿੰਤਨ ਦੇ ਧਰਾਤਲ ਉੱਤੇ ‘ਸਿਧਾਂਤ’ ਦੇ ਦਿਨ ਪੂਰੇ ਹੋਣ ਦੀ ਧਾਰਨਾ ਆਪਣਾ ਵਜੂਦ ਬਣਾ ਚੁੱਕੀ ਹੈ। ਵੀਹਵੀਂ ਸਦੀ, ਖਾਸ ਤੌਰ ‘ਤੇ ਇਸਦੇ ਦੂਜੇ ਅੱਧ ਵਿਚ, ਸਿਧਾਂਤ ਦੀ ਬੇਮਿਸਾਲ ਪ੍ਰਸਿੱਧੀ ਨੇ ਜਿਸ ਕੇਂਦ੍ਰਰਿਤਾ ਨੂੰ ਪੈਂਦਾ ਕਰਨ ਕਰਨ ਦੀ ਕੋਸ਼ਿਸ਼ ਕੀਤੀ, ਉਹ ਸਮਕਾਲੀ ‘ਉੱਤਰ’/‘ਪੋਸਟ’ ਸਥਿਤੀ ਅਧੀਨ ਵਿਕੇਂਦ੍ਰਰਿਤਮੁੱਖੀ ਸਰੂਪ ਗ੍ਰਹਿਣ ਕਰਦੀ ਹੋਈ, ਸਿਧਾਂਤ ਦੇ ਅੰਤ ਵੱਲ ਹੀ ਇਸ਼ਾਰ ਕਰਦੀ ਹੈ। ਹਾਲਾਂਕਿ ਵੀਹਵੀਂ ਸਦੀ ਦੇ ਜ਼ਿਆਦਾਤਰ ਸਿਧਾਂਤਕਾਰ- ਜੈਕ ਦੈਰੀਦਾ, ਮਿਸ਼ੇਲ ਫੂਕੋ ਅਤੇ ਟੈਰੀ ਈਗਲਟਨ- ਸਾਹਿਤ ਦੇ ਜ਼ਨੂੰਨੀ/ਗੰਭੀਰ ਪਾਠਕ ਸਨ ਅਤੇ ਇਨ੍ਹਾਂ ਨੇ ਯਤਨਾਂ ਦੁਆਰਾ ਹੀ ਸਿਧਾਂਤ ਆਪਣੇ-ਆਪ ਵਿਚ ਸਾਹਿਤਕ-ਅਧਿਐਨ ਦੇ ਖੇਤਰ ਵਿਚ ਇਕ ਅਨੁਸ਼ਾਸ਼ਨ ਵਜੋਂ ਵਿਸ਼ੇਸ਼ ਅਰਥ ਪ੍ਰਾਪਤ ਕਰ ਸਕਿਆ ਸੀ। ਪਰ ਸਿਧਾਂਤ ਦੀ ਪ੍ਰਸਿੱਧੀ ਵਿਚ ਹੀ ਇਸ ਦੇ ਪਤਨ ਦੇ ਕਾਰਨ ਲੁਪਤ ਹਨ, ਕਿਉਂਜੋ ਸਿਧਾਂਤ ਦੇ ਉਤਪਾਦਕਾਂ/ਉਪਭੋਗਤਾਵਾਂ ਨੇ ਹੀ ਸਿਧਾਂਤ ਦੇ ਅੰਤ ਵਿਚ ਅਹਿਮ ਯੋਗਦਾਨ ਪਾਇਆ ਹੈ। ਸਿੱਟੇ ਵਜੋਂ, ਸਿਧਾਂਤ ਦੇ ਅੰਤ ਅਨੇਕਾਂ ਧਾਰਨਾਵਾਂ ਜਿਵੇਂ ‘ਸਿਧਾਂਤ ਦੇ ਬਾਅਦ ਦੇ ਸਿਧਾਂਤ’, ਸਿਧਾਂਤ ਦਾ ‘ਅੰਤ’ ਅਤੇ ‘ਸਿਧਾਂਤ ਤੋਂ ਬਾਅਦ’ ਵਰਗੇ ਵਾਕਾਂ ਪਿਛਲੀ ਸਦੀ ਦੇ ਅੰਤ ਵਿਚ ਆਪਣਾ ਤਰਕ ਪੇਸ਼ ਕਰਨ ਲੱਗਦੇ ਹਨ। ਪਰ ਧਿਆਨਯੋਗ ਹੈ ਕਿ ਸਿਧਾਂਤ ਦੇ ‘ਅੰਤ’ ਜਾਂ ‘ਮੌਤ’ ਦਾ ਸ਼ਾਬਦਿਕ ਅਰਥ ਸਿਧਾਂਤ ਦਾ ‘ਅੰਤ’ ਜਾਂ ‘ਮੌਤ’ ਨਹੀਂ, ਸਗੋਂ ਇਸ ਸ਼ਬਦਾਂ ਦਾ ਪ੍ਰਯੋਗ ਸਿਧਾਂਤ ਪ੍ਰਤੀ ‘ਮੋਹ ਭੰਗ ਜਾਂ ਵਿਗਾੜ’ ਦੇ ਰੂਪਕ ਵਜੋਂ ਹੋਇਆ ਹੈ। ਇਹ ਸ਼ਬਦ ਸਿਧਾਂਤ ਪ੍ਰਤੀ ਨੀਰਸਤਾ ਦਾ ਹਵਾਲਾ ਦਿੰਦੇ ਹਨ, ਜੋ 20ਵੀਂ ਸਦੀ ਦੇ ਦੂਜੇ ਅੱਧ ਵਿਚ ਸਿਧਾਂਤ ਦੇ ਵਾਧੇ ਕਾਰਨ ਪੈਂਦਾ ਹੋਈ ਸੀ। ਪਰ ਪੰਜਾਬੀ ਸਾਹਿਤ-ਸਿਧਾਂਤ ਤੇ ਸਹਿਤ-ਅਧਿਐਨ ਦੇ ਖੇਤਰ ਵਿਚ ਸਥਿਤੀ ਇਸ ਤੋਂ ਕਾਫ਼ੀ ਭਿੰਨ ਹੈ। ਬੇਸ਼ੱਕ ਪੰਜਾਬੀ ਸਾਹਿਤ-ਸਿਧਾਂਤ ਦੇ ਜਿਆਦਾਤਰ ਪੱਛਮੀ ਸਿਧਾਂਤਕੀ ਦਾ ਹੀ ਪ੍ਰਾਰੂਪ ਹਨ, ਪਰ ਫਿਰ ਵੀ ਪੰਜਾਬੀ ਸਾਹਿਤ-ਆਲੋਚਨਾ/ਅਧਿਐਨ/ਖੋਜ ਦੇ ਹੁਣਵੇਂ ਦੌਰ ਵਿਚ ਵੀ ਇਸ ਦਾ ਬਹੁਤਾ ਖੇਤਰ ਸਿਧਾਂਤਕ-ਸਪੱਸ਼ਟਤਾ, ਸਿਧਾਂਤਕ-ਸੰਵਾਦ, ਸਿਧਾਂਤਕ-ਅਧਾਰ ਅਤੇ ਸਿਧਾਂਤਕ-ਢਾਂਚੇ ਵਿਚ ਢਲਣ ਦੀ ਅਹਿਮੀਅਤ ਤੋਂ ਬੇਲਾਗ ਜਾਂ ਮਹਿਰੂਮ ਨਜ਼ਰੀ ਪੈਂਦਾ ਹੈ। ਇਸ ਸਥਿਤੀ ਨੂੰ ਪੰਜਾਬੀ-ਸਿਧਾਂਤਕੀ ਦੀ ਪ੍ਰਾਪਤੀ ਦੀ ਬਜਾਇ ਵਧੇਰੇ ਸੀਮਾ ਦੇ ਰੂਪ ਵਿਚ ਸਮਝਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਪੱਛਮੀ ਸਿਧਾਂਤਕੀ ਤੋਂ ਪ੍ਰਭਾਵਤ ਹੋਣ ਦੇ ਬਾਵਜੂਦ ਵੀ ਪੰਜਾਬੀ ਸਿਧਾਂਕਤੀ ਵਿਚ ਫ਼ਿਲਹਾਲ ਸਿਧਾਂਤਕ ‘ਮੋਹ-ਭੰਗ’ ਦੀ ਸਥਿਤੀ ਨਹੀਂ ਪੈਂਦਾ ਹੋਈ।
ਇਸ ਸੰਦਰਭ ਵਿਚ ਅਸੀਂ ਵੇਖਦੇ ਹਾਂ ਕਿ
ਵਿਸ਼ਵ-ਸਿਧਾਂਤਕੀ ਪ੍ਰਤੀ ਪੰਜਾਬੀ ਸਾਹਿਤ-ਆਲੋਚਨਾ ਦਾ ‘ਮੋਹ’ ਪੈਂਦਾ ਕਰਨ ਦੀ ਭਾਵਨਾ ਨਾਲ ਲਬਰੇਜ਼ ਇਕ ਆਲੋਚਨਾ, ਡਾ. ਭੀਮ ਇੰਦਰ ਸਿੰਘ ਦੀ ਸਾਹਿਤ-ਆਲੋਚਨਾ ਹੈ, ਜਿਸ ਨੇ ਪੰਜਾਬੀ-ਪਾਠਕ ਦੇ ਸਿਧਾਂਤਕ ਮੋਹ ਨੂੰ ਪੱਕਾ ਕਰਨ ਅਤੇ ਵਿਸ਼ਵ-ਚਿੰਤਨ ਨਾਲ ਇਸ ਆਲੋਚਨਾ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ
ਅਹਿਮ ਯੋਗਦਾਨ ਪਾਇਆ ਹੈ। ਭੀਮਇੰਦਰ-ਆਲੋਚਨਾ ਦੀ ਮਜ਼ਬੂਤੀ ਦਾ ਅਧਾਰ ਵਿਸ਼ਵ ਸਿਧਾਂਕਤੀ (theory), ਖ਼ਾਸ ਕਰਕੇ ‘ਉੱਤਰ’ (post) ਸਿਧਾਂਕਤੀ, ਨੂੰ ਉਸ ਦੀ ਇਤਿਹਾਸਿਕਤਾ ਨਾਲ ਪ੍ਰਗਟ ਕਰਨ ਅਤੇ ਫਿਰ ਉਸ ਦੇ ਸਿਧਾਂਤਕ ਆਧਾਰਾਂ ਦੇ ਵਿਚਾਰਧਾਰਕ ਪਹਿਲੂਆਂ ਨਾਲ ਸੰਵਾਦ ਸਿਰਜਨ ਦੀ ਪ੍ਰਵਿਰਤੀ ਵਿਚ ਲੁਪਤ ਵੇਖਿਆ ਜਾ ਸਕਦਾ ਹੈ। ਭਾਵੇਂ ਕਿ
ਵਧੇਰੇਤਰ ਪੰਜਾਬੀ-ਸਿਧਾਂਤਕੀ ਵਿਸ਼ਵ-ਸਿਧਾਂਤਕੀ ਨਾਲ ਜਾਣ-ਪਛਾਣ (introduction) ਜਾਂ ਜਾਣਕਾਰੀ (information)
ਦੇਣ ਵਾਲਾ ਸੰਬੰਧ ਸਥਾਪਿਤ ਕਰਦੀ ਰਹੀ ਹੈ, ਪਰ ਭੀਮਇੰਦਰ-ਆਲੋਚਨਾ ਨੇ ਵਿਸ਼ਵ-ਸਿਧਾਂਤਕੀ ਨੂੰ ਜਿੱਥੇ ਇਕ ਪਾਸੇ ਗਿਆਨ ਦੀ ਪੱਧਰ ਉੱਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸੰਤੁਲਿਤ ਪਹੁੰਚ ਨਾਲ ਇਹ ਸਿਧਾਂਕਤੀ ਦੀਆਂ ਵਿਧੀਗੱਤ ਕਮਜ਼ੋਰੀਆਂ ਅਤੇ ਵਿਚਾਰਧਾਰਕ-ਪਹੁੰਚਾਂ ਨੂੰ ਸੰਵਾਦ ਦਾ
ਸੰਬੰਧ ਸਥਾਪਿਤ ਕਰਕੇ ਨਸਰ ਕੀਤਾ ਹੈ। ਇਸ ਸੰਵਾਦ ਨਾਲ
ਮਾਰਕਸਵਾਦੀ ਨਜ਼ਰੀਏ ਤੋਂ ਮਾਰਕਸਵਾਦੀ ਚਿੰਤਕਾਂ ਦੇ ਸਿਧਾਂਤਕ ਖਪਿਆ ਨੂੰ ਫੜਨਾ ਅਤੇ ਗੈਰ-ਮਾਰਕਸਵਾਦੀ ਵਿਧੀਆਂ ਤੇ ਵਿਚਾਰਧਾਰਾਵਾਂ ਦੀ ਸਟੀਕ ਸਮਝ ਪੈਂਦਾ ਕਰਨ ਦਾ ਕਾਰਜ ਭੀਮ ਇੰਦਰ-ਆਲੋਚਨਾ ਨੇ ਪੂਰੀ ਸਮਰੱਥਾ ਨਾਲ ਕੀਤਾ ਹੈ। ਇਸ ਸਮਰੱਥਾ
ਦਾ ਅਧਾਰ ਉਸ ਦੀ ਕਲਾਸੀਕਲ ਮਾਰਕਸਵਾਦੀ ਦ੍ਰਿਸ਼ਟੀ ਅਤੇ ਦਵੰਦਾਤਮਿਕ ਵਿਧੀ ਹੈ। ਇਨ੍ਹਾਂ ਦੋਵਾਂ ਦੇ
ਸਮਾਵੇਸ ਨਾਲ ਹੀ ਭੀਮਇੰਦਰ-ਆਲੋਚਨਾ ਵਿਸ਼ਵ-ਸਿਧਾਂਤਕੀ ਦੀਆਂ ਅਨੇਕਾਂ ਪਹੁੰਚਾ ਤੇ ਦ੍ਰਿਸ਼ਟੀਆਂ ਨੂੰ
ਆਪਣਾ ਅਧਿਐਨ ਵਸਤੂ ਗ੍ਰਹਿਣ ਕਰਦੀ ਹੈ ਅਤੇ ਬਾਹਰਮੁੱਖੀ ਰੁਖ਼ ਅਖਤਿਆਰ ਕਰਦੀ ਹੋਈ, ਪੰਜਾਬੀ
ਆਲੋਚਨਾਂ ਦੀਆਂ ਨਵੀਨ ਦਿਸ਼ਾਵਾਂ ਨੂੰ ਖੋਲ੍ਹਦੀ ਹੈ। ਭੀਮਇੰਦਰ-ਆਲੋਚਨਾ ਦੀਆਂ ਇਹ ਦਿਸ਼ਾਵਾਂ
ਬਹੁ-ਪਰਤੀ ਤੇ ਬਹੁ-ਪਸਾਰੀ ਸੁਭਾਅ ਰੱਖਦੀਆਂ ਹਨ, ਪਰ ਅਸੀਂ ਇਸ ਮਜ਼ਮੂਨ ਵਿਚ ਭੀਮਇੰਦਰ-ਆਲੋਚਨਾ ਦੇ ਵਿਸ਼ਵ-ਸਿਧਾਂਕਤੀ ਪ੍ਰਤੀ ਨਜ਼ਰੀਏ ਨੂੰ ਸਮਝਣ ਤੱਕ ਹੀ
ਮਹਿਦੂਦ ਰਹਿਣ ਦੀ ਕੋਸ਼ਿਸ਼ ਕਰਾਂਗੇ।
ਨਵ-ਮਾਰਕਸਵਾਦ ਤੇ ਭੀਮਇੰਦਰ-ਆਲੋਚਨਾ:
ਭੀਮਇੰਦਰ-ਆਲੋਚਨਾ ਲਈ ਮਾਰਕਸਵਾਦ ਪਿਛਲੇ ਸਮੇਂ ਤੋਂ ਅਜਿਹਾ ਮਹੱਤਵਪੂਰਨ ਤੇ ਫ਼ੈਸਲਾਕੁਨ ਵਿਸ਼ਵ-ਦ੍ਰਿਸ਼ਟੀਕੋਣ ਰਿਹਾ ਹੈ, ਜਿਸ ਦੀ ਸਾਰਥਿਕਤਾ ਤੇ ਨਿਰਾਰਥਕਤਾ ਦਾ ਮਸਲਾ ਆਦਿ ਤੋਂ ਉਸ ਦੇ ਅੰਗ-ਸੰਗ ਹੈ। ਭੀਮਇੰਦਰ-ਆਲੋਚਨਾ ਅਨੁਸਾਰ ਸਮਕਾਲੀ ‘ਉੱਤਰ’ ਦੀ ਸਥਿਤੀ ਅਧੀਨ ‘ਇਤਿਹਾਸ ਦੇ ਅੰਤ’ ਤੇ ‘ਵਿਚਾਰਧਾਰਾ ਦੇ ਅੰਤ’ ਦੇ ਮਹਾਂ ਵਾਕਾਂ ਨੇ ਸਿੱਧੇ ਤੌਰ ‘ਤੇ ਇਸ ਦਰਸ਼ਨ ਦੀ ਮੌਤ ਦੇ ਫ਼ਤਵੇ ਪੜ੍ਹੇ ਹਨ ਅਤੇ ਨਵ-ਮਾਰਕਸਵਾਦੀ ਚਿੰਤਕਾਂ ਦੀ ਮਾਰਕਸਵਾਦੀ ਸਿਧਾਂਤ ਨੂੰ ਨਵਿਆਉਣ ਦੇ ਨਾਮ ‘ਤੇ ਮਾਰਕਸ ਦੇ ਸ਼੍ਰੇਣੀ-ਸੰਕਲਪ ਨੂੰ ਭ੍ਰਮਕ ਕਰਨ ਵਾਲੀ ਪੁਨਰ-ਪਰਿਭਾਸ਼ਿਤ ਕਰਨ ਕੋਸ਼ਿਸ਼ ਕੀਤੀ ਹੈ। ਇਹ ਤੱਥ ਯੁਕਤ ਹੈ ਕਿ ਨਵ-ਮਾਰਕਸਵਾਦੀ ਚਿੰਤਕ ਸਮਕਾਲੀ ਸਮਾਜਿਕ-ਆਰਥਿਕ ਵਿਵਸਥਾ ਨੂੰ ‘ਉੱਤਰ-ਉਦਯੋਗਿਕ ਪੂੰਜੀਵਾਦੀ, ਉੱਤਰ-ਬਸਤੀਵਾਦੀ ਬਹੁ-ਰਾਸ਼ਟਰੀ ਪੂੰਜੀਵਾਦ’ ਦਾ ਨਾਮ ਦਿੰਦੇ ਹੋਏ, ਕਲਾਸੀਕਲ ਮਾਰਕਸਵਾਦ ਦੁਆਰਾ ਆਰਥਿਕਤਾ ਆਧਾਰਿਤ ਸ਼੍ਰੇਣੀ-ਸੰਕਲਪ ਨੂੰ ਸ਼ਕਤੀ-ਸੱਤਾ ਆਧਾਰਿਤ ਸ਼੍ਰੇਣੀ-ਸੰਕਲਪ ਵਿਚ ਰੂਪਾਂਤਰਿਤ ਕਰਦੇ ਹਨ ਅਤੇ ਸ਼੍ਰੇਣੀ (ਏਜੰਸੀ, ਗਰੁੱਪ) ਦੀਆਂ ਅੰਤਰ ਵਿਰੋਧਤਾਈਆਂ ਤੇ ਦਵੰਦਾਂ ਨੂੰ ਸਦੀਵੀ ਕਿਆਸ ਕਰਦੇ ਹਨ। ਨਵ-ਮਾਰਕਸਵਾਦੀ ਚਿੰਤਕਾਂ ਦਾ ਮੱਤ ਸਮਕਾਲੀਨ ‘ਉੱਤਰ-ਉਦਯੋਗਿਕ’ ਯੁੱਗ ਦੇ ਅੰਤਰਗਤ ਜਿੱਥੇ ਸੰਪਤੀ ਤੇ ਸ਼ਕਤੀ ਦੀ ਧਾਰਨਾ ਵਿਚ ਅੰਤਰ ਦਿਖਾਈ ਦਿੰਦਾ ਹੈ, ਉੱਥੇ ‘ਸ਼੍ਰੇਣੀ ਸੰਕਲਪ’ ਨੂੰ ਕੇਵਲ ‘ਸੰਪਤੀ ਸੰਪੰਨ’ ਤੇ ‘ਸੰਪਤੀ ਵਿਪਨ’ ਵਿਭਾਜਤ ਕਰਨ ਦੀ ਬਜਾਇ ‘ਸ਼੍ਰੇਣੀ ਸੰਕਲਪ’ ਨੂੰ ਮੌਜੂਦਾ ਸੇਵਾ-ਖੇਤਰ ਤੇ ਮੱਧ-ਸ਼੍ਰੇਣੀ ਦੇ ਵਿਕਾਸ ਦੇ ਅਨੁਰੂਪ ਸ਼ਕਤੀ-ਆਧਾਰਿਤ ਰੂਪ ਵਿਚ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਨਾਲ ਹੀ ਇਸ ਸੰਕਲਪ ਨੂੰ ‘ਬੁਰਜ਼ੂਆ ਤੇ ਪ੍ਰੋਲਤਾਰੀ’ ਵਰਗੇ ਸਥੂਲ ਰੂਪਾਂ ਤੋਂ ਅੱਗੇ ਵਧੇਰੇ ਸੂਖਮ ‘ਏਜੰਸੀ, ਗਰੁੱਪ’ ਦੇ ਰੂਪ ਵਿਚ ਵੇਖੇ ਜਾਣਾ ਦੀ
ਵਕਾਲਤ ਕਰਦਾ ਹੈ। ਇਸ ਦਾ ਕਾਰਨ ਨਵ-ਮਾਰਕਸਵਾਦ ਚਿੰਤਨ ਦੀ ਅਧਿਐਨ-ਦ੍ਰਿਸ਼ਟੀ ਦੀ ਵਿਕੇਂਦਰਮੁੱਖੀ
(decentralized) ਪ੍ਰਵਿਰਤੀ ਵਿਚ ਲੁਪਤ ਹੈ, ਜਿਸ ਦੇ ਅੰਤਰਗਤ ਨਵ-ਮਾਰਕਸਵਾਦੀ ਚਿੰਤਨ ਇਕ ਸੁਨਿਸ਼ਚਿਤ ਸਿਧਾਂਤ ਢਾਂਚਾ ਸਿਰਜਣ ਕਰਨ ਦੀ ਬਜਾਇ ਵਿਭਿੰਨ ਸਥਿਤੀਆਂ ਪ੍ਰਸਥਿਤੀਆਂ ਦੇ ਸੰਦਰਭਮੂਲਕ ਅਧਿਐਨ ਨੂੰ ਅਧਿਕ ਮਹੱਤਵ ਦਿੰਦਾ ਹੈ।
ਭੀਮਇੰਦਰ-ਆਲੋਚਨਾ ਭਾਵੇਂ
ਨਵ-ਮਾਰਕਸਵਾਦ ਦੀ ਵਿਕੇਂਦਰਮੁੱਖੀ ਪ੍ਰਵਿਰਤੀ ਦੀ ਗੱਲ ਨਹੀਂ ਕਰਦੀ, ਪਰ ਨਵ-ਮਾਰਕਸਵਾਦ ਦੀ ਸਿਧਾਂਤਕ ਸਥਿਤੀ ਤੋਂ ਸੁਚੇਤ ਹੈ ਅਤੇ ਇਹ ਆਲੋਚਨਾ ਕਲਾਸੀਕਲ ਮਾਰਕਸਵਾਦੀ ਨਜ਼ਰੀਏ ਤੋਂ ਨਵ-ਮਾਰਕਸਵਾਦੀ ਚਿੰਤਕ ਨੂੰ ਵਧੇਰੇ ਕਰਕੇ ਫ਼ਲਸਫ਼ਾਵਾਦੀ ਕਿਆਸ ਕਰਦੀ
ਹੈ, ਜੋ ਰਾਜਨੀਤੀ-ਵਿਹਾਰਕਤਾ ਤੋਂ ਦੂਰ, ਆਰਥਿਕ
ਵਿਰੋਧਤਾਈਆਂ ਦੀ ਸਮਝ ਤੋਂ ਪਾਰ, ਮਾਰਕਸਵਾਦ ਦੀ ਸ਼੍ਰੇਣੀ ਦੀ ਧਾਰਨਾ ਨੂੰ ਰੱਦਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵਿਚਾਰਧਾਰਕ ਭਰਮ ਨਾਲ ਭੀਮਇੰਦਰ-ਆਲੋਚਨਾ ਸਪਸ਼ਟ ਸ਼ਬਦਾਵਲੀ ਸੰਬਾਦ ਦਾ
ਰਿਸ਼ਤਾ ਪੈਂਦਾ ਕਰਦੀ ਹੈ ਅਤੇ ਨਵ-ਮਾਰਕਸਵਾਦੀ ਦੇ ਸਿਧਾਂਤਕ ਵਿਕਾਸ ਨੂੰ ਇਤਿਹਾਸਕ-ਸਿਧਾਂਤਕ ਕ੍ਰਮ ਵਿਚ ਪੇਸ਼ ਕਰਦੀ ਹੈ। ਇਹ ਭੀਮਇੰਦਰ-ਆਲੋਚਨਾ ਦਾ ਅਹਿਮ ਹਾਸਲ ਹੈ। ਭਾਵੇਂ ਕਿ ਟੀ.ਆਰ. ਵਿਨੋਦ ਪੁਸਤਕ “ਮਾਰਕਸਵਾਦ, ਨਵ-ਮਾਰਕਸਵਾਦ ਅਤੇ ਉੱਤਰ-ਆਧੁਨਿਕਤਾਵਾਦ” ਬਾਰੇ ਟਿੱਪਣੀ ਕਰਦਾ ਹੋਇਆ ਕਹਿੰਦਾ ਹੈ
ਕਿ ਭੀਮਇੰਦਰ-ਆਲੋਚਨਾ ਨਵ-ਮਾਰਕਸਵਾਦ ਨੂੰ ਸ਼ੁੱਧ ਰੂਪ ਵਿਚ
ਮਾਰਕਸਵਾਦੀ ਵਿਰੋਧੀ ਮੰਨਦੀ ਹੈ, ਪਰ ਪਾਠ-ਅਧਿਐਨ ਇਹ ਨੁਕਤਾ ਸਪਸ਼ਟ ਹੋ
ਜਾਂਦਾ ਹੈ ਕਿ ਭੀਮਇੰਦਰ-ਆਲੋਚਨਾ ਨਵ-ਮਾਰਕਸਵਾਦੀ ਨੂੰ ਪੇਸ਼ ਕਰਦੀ ਹੋਈ, ਵਧੇਰੇ ਸੰਤੁਲਨ (ਸ਼ੁੱਧ ਦੀ ਬਜਾਇ) ਧਰਾਤਲ ਉੱਤੇ ਖੜ੍ਹਦੀ ਹੈ। ਇਸ ਨਾਲ ਭੀਮਇੰਦਰ-ਆਲੋਚਨਾ ਨਵ-ਮਾਰਕਸਵਾਦ ਦੀਆਂ ਪ੍ਰਾਪਤੀਆਂ ਅਤੇ ਵਿਰੋਧਤਾਈਆਂ ਨੂੰ ਤਰਕਪੂਰਨ ਰੂਪ ਵਿਚ ਪੇਸ਼ ਕਰਦੀ ਹੈ, ਜਿੱਥੇ ਇਨ੍ਹਾਂ ਧਾਰਨਾਵਾਂ ਵਿਚ ਵਿਰੋਧ ਜਾਂ
ਰੱਦਣ ਦੀ ਧਾਰਨਾਂ ਆਪਣੀ ਹੋਂਦ ਬਣਾਉਂਦੀ ਹੈ, ਉੱਥੇ ਇਨ੍ਹਾਂ ਧਾਰਨਾਵਾਂ ਵਿਚ ਮਾਰਕਸ ਨੂੰ ਮੁੜ-ਵਿਆਖਿਆ ਦੇਣ ਅਤੇ ਨਵੇਂ ਸਮਿਆਂ ਵਿਚ ਨਵੇਂ ਦੇ ਹਾਣ ਹੋਣ ਦਾ ਤਰਕ ਵੀ ਬਰਕਰਾਰ ਹੈ।
ਕੁਝ
ਮਾਰਕਸਵਾਦੀਆਂ ਨੇ ਮਾਰਕਸਵਾਦ ਦਾ ਮਤਲਬ ਦਰਸ਼ਨ ‘ਸ਼ਾਸਤਰ ਦਾ ਅੰਤ’ ਸਮਝ
ਲਿਆ ਸੀ ਪਰ ਨਵ-ਮਾਰਕਸਵਾਦੀਆਂ ਨੇ ਇਸ ਵਿਚਾਰ ‘ਤੇ ਜ਼ੋਰ ਦਿੱਤਾ ਕਿ
ਦਰਸ਼ਨ-ਸ਼ਾਸਤਰ ਦੀਆਂ ਹਕੀਕਤਾਂ ਨੂੰ ਓਨਾਂ ਚਿਰ ਸੰਭਾਲਣਾ ਪੈਂਦਾ ਹੈ, ਜਿੰਨਾ ਚਿਰ ਸਮਾਜਿਕ ਯਥਾਰਥ
ਆਪਣੇ ਅਸਲੀ ਰੂਪ ਵਿਚ ਬਦਲ ਨਹੀਂ ਜਾਂਦਾ। ਇਸ ਤਰ੍ਹਾਂ ਨਵ-ਮਾਰਕਸਵਾਦੀ ਚਿੰਤਕਾਂ ਨੇ ਮਾਰਕਸਵਾਦ ਦੇ
ਇਤਿਹਾਸ ਵਿਚ ਅਹਿਮ ਰੋਲ ਅਦਾ ਕੀਤਾ ਭਾਵੇਂ ਕਿ ਉਹਨਾਂ ਦਾ ਸੋਚਣ-ਢੰਗ ਕਲਾਸਕੀ-ਮਾਰਕਸਵਾਦੀਆਂ ਤੋਂ
ਭਿੰਨ ਸੀ।1
ਇਸ ਦੇ ਨਾਲ ਹੀ ਭੀਮਇੰਦਰ-ਆਲੋਚਨਾ ਇਸ
ਨੁਕਤੇ ਨੂੰ ਸਵੀਕਾਰ ਕਰਦੀ ਹੋਈ ਵੀ ਨਜ਼ਰੀ ਪੈਂਦੀ ਹੈ ਕਿ ਭਾਵੇਂ ਮਾਰਕਸਵਾਦ ਉਨ੍ਹਾਂ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਦਾਰਸ਼ਨਿਕ ਧਾਰਨਾਵਾਂ ਨੂੰ ਦਰਸਾਉਣ ਵਾਲਾ ਸਕੂਲ ਹੈ ਜੋ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੇ ਅਧਿਐਨ ਕਾਰਜਾਂ ਤੋਂ ਆਪਣੀ ਪਹੁੰਚ (approach) ਪ੍ਰਾਪਤ ਕਰਦਾ ਹੈ। ਪਰ ਮਾਰਕਸਵਾਦ ਜਿੱਥੇ ਲਗਾਤਾਰ ਤਬਦੀਲੀ ਵਿਚ ਜ਼ਕੀਨ ਰੱਖਣ ਵਾਲਾ ਦਰਸ਼ਨ ਹੈ, ਉੱਥੇ ਇਹ ਦਰਸ਼ਨ ਖ਼ੁਦ ਵੀ ਲਗਾਤਾਰ ਅਨੇਕਾਂ ਦਿਸ਼ਾਵਾਂ ਵਿਚ ਵਿਕਸਤ ਹੁੰਦਾ ਰਿਹਾ ਹੈ। ਭੀਮਇੰਦਰ-ਆਲੋਚਨਾ
ਦੇ ਵਿਸ਼ਲੇਸ਼ਣ ਅਨੁਸਾਰ ਇਹ ਪ੍ਰਮੁੱਖ ਦਿਸ਼ਾਵਾਂ ਤਿੰਨ ਹਨ:
Ø
ਪਹਿਲੀ ਦਿਸ਼ਾ ਕਲਾਸੀਕਲ ਮਾਰਕਸਵਾਦ ਦੀ, ਜੋ ਪਲੈਖਾਨੋਵ ਦੁਆਰਾ ਅਤੇ ਬਾਅਦ ਵਿੱਚ ਲੈਨਿਨ ਅਤੇ ਟ੍ਰੋਟਸਕੀ ਦੁਆਰਾ, 1870 ਅਤੇ 1880
ਦੇ ਦਹਾਕੇ ਵਿੱਚ ਏਂਗਲਜ਼ ਦੁਆਰਾ ਕੀਤੇ ਕੰਮ ਤੋਂ ਪ੍ਰਭਾਵਿਤ ਜਾਂ ਨਿਰਧਾਰਿਤ ਹੁੰਦੀ ਹੈ। ਇਹ ਚਿੰਤਕ ਮਾਰਕਸਵਾਦ ਨੂੰ ਸਮਾਜਿਕ ਤਬਦੀਲੀ ਦੇ ਵਿਗਿਆਨ ਵਜੋਂ ਪੇਸ਼ ਕਰਦੇ ਹਨ, ਜੋ ਬਾਅਦ ਵਿਚ ਸਪਸ਼ਟ ਰੂਪ ਵਿੱਚ ਸੋਵੀਅਤ ਯੂਨੀਅਨ ਦਾ ਅਧਿਕਾਰਤ ਮਾਰਕਸਵਾਦੀ ਸਿਧਾਂਤ ਬਣ ਜਾਂਦਾ ਹੈ।
Ø
ਦੂਜੀ ਦਿਸ਼ਾ ਲੂਕਾਚ ਦੁਆਰਾ ਕੀਤੇ ਗਏ ਕਾਰਜ ਨਾਲ ਸੰਬੰਧਿਤ ਹੈ। ਲੂਕਾਚ ਨੇ ਮਾਰਕਸ ਨੂੰ ਜਰਮਨ ਦੀ ਦਾਰਸ਼ਨਿਕ ਪਰੰਪਰਾ ਦੇ ਵਾਰਸ ਵਜੋਂ ਪਰਿਭਾਸ਼ਿਤ ਕੀਤਾ ਅਤੇ ਮਾਰਕਸ ਦੇ ਸਮਾਜਿਕ ਸਿਧਾਂਤ ਨੂੰ ਹੇਗੇਲੀਅਨ ਆਦਰਸ਼ਵਾਦ ਦੇ ਭੌਤਿਕਵਾਦੀ ਕਾਰਜ ਵਜੋਂ ਵੇਖਿਆ। ਇਸ ਨਾਲ ਮਾਰਕਸਵਾਦ ਵਿਗਿਆਨ ਦੀ ਥਾਂ ਮਨੁੱਖਤਾਵਾਦੀ ਫ਼ਲਸਫ਼ਾ ਬਣ ਜਾਂਦਾ ਹੈ। ਇਤਾਲਵੀ ਮਾਰਕਸਵਾਦੀ ਐਂਟੋਨੀਓ ਗ੍ਰਾਮਸੀ ਦੁਆਰਾ ਵਿਕਸਤ ਕੀਤਾ ਗਿਆ ਹੈਜ਼ਮਨੀ ਦਾ ਸਿਧਾਂਤ, ਵਿਚਾਰਧਾਰਾ ਦੇ ਸਿਧਾਂਤ ਨੂੰ ਸਹੀ ਤੌਰ 'ਤੇ ਇਹ ਮੰਨ ਕੇ ਅੱਗੇ ਵਧਾਉਂਦਾ ਹੈ ਕਿ ਹਾਕਮ ਜਮਾਤ ਸਿਰਫ਼਼ ਅਧੀਨ ਜਮਾਤਾਂ ਉੱਤੇ ਆਪਣੀ ਪੂਰੀ ਦੁਨੀਆ ਦੀ ਵਿਆਖਿਆ ਨਹੀਂ ਥੋਪ ਸਕਦੀ, ਬਲਕਿ ਉਸ ਨੂੰ ਸਵੀਕਾਰਤ ਵੀ ਬਣਾਉਂਦੀ
ਹੈ।
Ø
1960 ਦੇ ਦਹਾਕੇ ਵਿਚ ਲੁਈਸ ਐਲਥੂਸਰ ਦੇ ਸੰਰਚਨਾਵਾਦੀ ਮਾਰਕਸਵਾਦ ਨੇ ਮਾਰਕਸਵਾਦ ਦੇ ਵਿਕਾਸ ਵਿਚ ਇਕ ਨਵੀਂ ਦਿਸ਼ਾ ਦੀ ਪ੍ਰਤੀਨਿਧਤਾ ਕੀਤੀ। ਉਸ ਨੇ ਪੱਛਮੀ ਮਾਰਕਸਵਾਦ ਦੇ ਹੇਗੇਲਿਅਨਵਾਦ ਦੀ ਵਿਗਿਆਨਕ ਪਹੁੰਚ ਨੂੰ ਰੱਦ ਕਰ ਦਿੱਤਾ ਅਤੇ ਨਾਲ ਹੀ ਸੋਵੀਅਤ ਮਾਰਕਸਵਾਦ ਦੀ ਆਰਥਿਕ ਨਿਰਧਨਤਾ ਨੂੰ ਵੀ ਪ੍ਰਸ਼ਨ ਚਿੰਨ੍ਹ ਲੱਗ ਦਿੱਤਾ। ਐਲਥੂਸਰ ਨੇ ਵਿਚਾਰਧਾਰਾ ਦੀ ਧਾਰਨਾ ਨੂੰ ਬੌਧਿਕ-ਪ੍ਰਬੰਧ ਦੀ ਬਜਾਇ ਇਕ ਜੀਵਤ ਅਭਿਆਸ ਦੇ ਤੌਰ ‘ਤੇ ਦੇਖਿਆ, ਜਿਸ ਦੇ ਨਤੀਜੇ ਵਜੋਂ ਸਭਿਆਚਾਰ ਦੇ ਵਿਸ਼ਲੇਸ਼ਣ ਲਈ ਨਵੇਂ ਤਰੀਕੇ ਪੇਸ਼ ਕੀਤੇ ਗਏ।
ਭੀਮਇੰਦਰ-ਆਲੋਚਨਾ ਇਨ੍ਹਾਂ ਤਿੰਨੋਂ ਦਿਸ਼ਾਵਾਂ ਦਾ
ਵਿਸਥਾਰ-ਪੂਰਵਕ ਵਿਸ਼ਲੇਸ਼ਣ ਕਰਦੀ ਹੋਈ, ਆਪਣੀ ਵਿਚਾਰਧਾਰਕ ਸੇਧ/ਸਮਰੱਥਾ ਕਲਾਸੀਕਲ ਮਾਰਕਸਵਾਦ ਤੋਂ ਪ੍ਰਾਪਤ ਕਰਦੀ ਹੈ ਅਤੇ ਮਾਰਕਸਵਾਦੀ-ਵਿਚਾਰਧਾਰਾ ਦੇ ਇਤਿਹਾਸ ਨੂੰ ਗਤੀਸ਼ੀਲ ਰੂਪ ਵਿਚ ਦਰਸਾਉਂਦੀ ਹੈ। ਭੀਮਇੰਦਰ-ਆਲੋਚਨਾ ਲਈ ਮਾਰਕਸਵਾਦ ਕੋਈ ਪੂਰਵ-ਨਿਰਧਾਰਿਤ ਜਾਂ ਇਕ ਸਾਂਚੇ ਵਿਚ ਢਲਿਆ ਬੰਦ ਸਿਸਟਮ ਨਹੀਂ, ਸਗੋਂ ਇਸ ਆਲੋਚਨਾ ਲਈ ਮਾਰਕਸਵਾਦ ਨੂੰ ਮਾਰਕਸ, ਲੈਨਿਨ, ਲੁਕਾਚ, ਗ੍ਰਾਮਸ਼ੀ ਤੇ ਅਲਥੂਸਰ ਤੱਕ ਇਕ ਸਿਧਾਂਤਕ ਸ਼ਿਫ਼ਟ ਵਿਚ ਚੱਲਣ ਵਾਲਾ ਦਰਸ਼ਨ ਹੈ, ਜਿਸ ਨੇ ਆਪਣੇ ਬੁਨਿਆਦੀ ਅਧਾਰਾਂ ਉੱਤੇ ਖਲੋਕੇ ਲਗਾਤਾਰ ਬਦਲਦੇ ਸੰਸਾਰ ਨਾਲ ਵਿਕਾਸ ਕੀਤਾ ਹੈ। ਇਸ ਨਜ਼ਰੀਏ ਤੋਂ ਭੀਮਇੰਦਰ-ਆਲੋਚਨਾ ਉੱਤਰ-ਪੂੰਜੀਵਾਦੀ ਯੁੱਗ ਤੇ ਇਸ ਦੀ ਵਿਚਾਰਧਾਰਾ ਨੂੰ ਭ੍ਰਮਕ ਕਿਆਸ ਕਰਦੀ ਹੈ ਅਤੇ ਵਿਸ਼ਵੀਕਰਨ ਦੀ ਪ੍ਰਕਿਰਿਆ ਨੂੰ ਸਮਾਜਵਾਦ ਦਾ ਵਿਰੋਧੀ ਹੋਣ ਦਾ ਮੱਤ ਸਥਾਪਿਤ ਕਰਦਾ ਹੈ। ਇਸ ਮੱਤ ਵਿਚ ‘ਆਧਾਰ ਤੇ ਉਸਾਰ’ ਦੀ ਕਲਾਸੀਕਲ ਵੰਡ ਭੀਮਇੰਦਰ-ਆਲੋਚਨਾ
ਦਾ ਇਕਇਹਾ ਦ੍ਰਿਸ਼ਟੀ-ਬਿੰਦੂ ਹੈ, ਜਿਸ ਰਾਹੀਂ ਭੀਮਇੰਦਰ-ਆਲੋਚਨਾ ਵਿਚਾਰਧਾਰਾ, ਉੱਤਰ-ਆਧੁਨਿਕਤਾਵਾਦ
ਤੇ ਉੱਤਰ-ਆਧੁਨਿਕਤਾਵਾਦ ਤੋਂ ਉੱਤਰ-ਬਸਤੀਵਾਦ, ਉੱਤਰ-ਬਾਸਤੀਵਾਦ ਤੋਂ ਵਿਸ਼ਵੀਕਰਨ ਤੱਕ ਦੇ
ਵਰਤਾਰਿਆਂ ਨੂੰ ਸਮਣ/ਸਮਣਾਉਣ ਦਾ ਯਤਨ ਕਰਦੀ ਹੈ।
ਉੱਤਰ-ਆਧੁਨਿਕਤਾਵਾਦ ਤੇ ਭੀਮਇੰਦਰ-ਆਲੋਚਨਾ:
ਟੈਰੀ ਈਗਲਟਰ ਆਪਣੇ ਮਜ਼ਮੂਨ ‘ਉੱਤਰ ਆਧੁਨਿਕਤਾਵਾਦੀ ਕਿੱਥੋ ਆਉਂਦੇ ਹਨ?’ ਵਿਚ ਤਰਕ
ਸਥਾਪਤ ਕਰਦਾ ਹੋਇਆ ਇਕ ਅਜਿਹੇ ਕ੍ਰਾਂਤੀਕਾਰੀ ਅੰਦੋਲਨ ਦੀ ਕਲਪਨਾ ਕਰਦਾ ਹੈ, ਜਿਸ ਨੂੰ ਇੱਕ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ। ਈਗਲਟਰ ਇਸ ਤਰ੍ਹਾਂ ਦੇ ਕਠੋਰ ਹਾਲਤਾਂ ਵਿੱਚ ਖੱਬੇ-ਪੱਖੀਆਂ ਦੀ ਸੰਭਾਵਿਤ ਪ੍ਰਤੀਕਿਰਿਆ ਨੂੰ ਦੇਖਦਾ
ਹੋਇਆ ਕਹਿੰਦਾ ਹੈ ਕਿ ਬਿਨ੍ਹਾਂ ਸ਼ੱਕ ਬਹੁਤ ਸਾਰੇ ਖੱਬੇ-ਪੱਖੀ ਆਪਣੇ ਪਹਿਲਾਂ ਦੇ ਵਿਚਾਰਾਂ ਨੂੰ ਬੱਚਕਾਨੇ ਆਦਰਸ਼ਵਾਦ ਦਾ ਰੂਪ ਮੰਨਦੇ ਹੋਏ ਪਛਤਾਉਣਗੇ ਤੇ ਸਨਕੀ ਜਾਂ ਇਮਾਨਦਾਰੀ ਭਾਵ ਨਾਲ ਸੱਜੇ-ਪੱਖ ਵੱਲ ਮੁੜ ਜਾਣਗੇ। ਕਈ ਆਦਤਨ, ਚਿੰਤਾਜਨਕ ਜਾਂ ਉਦਰੇਵੇਂ ਕਰਕੇ ਆਪਣੀ ਕਾਲਪਨਿਕ ਪਛਾਣ ਦੇ ਨਾਲ ਚਿੰਬੜੇ ਰਹਿਣਗੇ ਅਤੇ ਪਾਗਲਪਨ ਦੇ ਖ਼ਤਰੇ ਮੁੱਲ ਲੈਣਗੇ। ਇਸ ਦੌਰਾਨ ਕੁਝ ਛੋਟੇ ਖੱਬੇ-ਪੱਖੀ ਸਮੂਹ ਅਤਿ-ਆਸ਼ਾਵਾਦ ਦੇ ਲੜ ਲੱਗਦੇ ਹੋਏ, ਜਿੱਥੇ ਥੋੜ੍ਹੀ ਜਿਹੀ ਵੀ ਹਿੰਸਾ ਦੀ ਚਿੰਗਾਰੀ ਮਿਲੇਗੀ ਉੱਥੇ ਕ੍ਰਾਂਤੀ ਦੀ ਸ਼ੁਰੂਆਤ ਨੂੰ ਲੱਭਣਗੇ। ਟੈਰੀ ਈਗਲਟਨ ਕਹਿੰਦਾ
ਹੈ ਕਿ ਇਸ ਤਰ੍ਹਾਂ ਦੇ ਮਹੌਲ ਵਿਚੋਂ ਹੀ ਉੱਤਰ-ਆਧੁਨਿਕਤਾ ਜਿਹੇ ਨਜ਼ਰੀਏ/ਵਿਚਾਰਧਾਰਾਵਾਂ/ਵਿਧੀਆਂ ਹੋਂਦ ਵਿਚ ਆਉਂਦੀਆਂ ਹਨ, ਜੋ ਵਿਕੇਂਦਰਮੁੱਖੀ ਰੁਖ਼ ਅਖ਼ਤਿਆਰ ਕਰਦੀਆਂ ਹੋਈਆ ਵਸਤੂ-ਯਥਾਰਥ ਪ੍ਰਤੀ ਵਿਡੰਬਣਾ ਸਮਝ/ਸਿਧਾਂਤ ਨੂੰ ਪੈਂਦਾ ਕਰਦੀ ਹੈ।2
ਉੱਤਰ-ਆਧੁਨਿਕਤਾਵਾਦ ਦੀ ਅਜਿਹੀ ਪ੍ਰਵਿਰਤੀ ਨੂੰ ਭੀਮਇੰਦਰ-ਆਲੋਚਨਾ ਮਾਰਕਸਵਾਦੀ ਨਜ਼ਰੀਏ ਤੋਂ ਸਮਝਣ ਦੀ
ਕੋਸ਼ਿਸ਼ ਕਰਦੀ ਹੈ ਅਤੇ ਉੱਤਰ-ਆਧੁਨਿਕਤਾ ਨੂੰ ਮਾਰਕਸਵਾਦ ਤੋਂ ਵੱਖਰਾ ਨਹੀਂ, ਸਗੋਂ ਵਿਰੋਧੀ ਮੰਨਕੇ ਚੱਲਦੀ ਹੈ। ਭੀਮਇੰਦਰ-ਆਲੋਚਨਾ ਉੱਤਰ-ਆਧੁਨਿਕਤਾ ਇਸ ਕਰਕੇ ਵੀ ਰੱਦ ਕਰਦੀ ਹੈ ਕਿਉਂਕਿ ਇਹ ਮਾਰਕਸਵਾਦ ਦੀ ਪਦਾਰਥਵਾਦੀ-ਅਧਾਰ ਵਾਲੇ ਆਦਰਸ਼ਕ ਪਰਿਪੇਖ ਨੂੰ ਬਦਲਦਾ ਦਿੰਦੀ ਹੈ। ਅਚੇਤ ਪੱਤਰ ਉੱਤੇ ਇਹ ਆਲੋਚਨਾ ਇਸ ਗੱਲ ਵੱਲ ਇਸ਼ਾਰਾ ਕਰਦੀ ਪ੍ਰਤੀ ਹੁੰਦੀ ਹੈ ਕਿ ਉੱਤਰ-ਆਧੁਨਿਕਤਾਵਾਦ ਸ਼ਬਦਾਂ, ਪ੍ਰਸਤੁਤੀਆਂ, ਪ੍ਰਵਚਨਾਂ ਅਤੇ ਕਲਾਵਾਂ ਨਾਲ ਨਜਿੱਠਦਾ ਹੋਇਆ, ਪ੍ਰਤੀਕਵਾਦੀ ਹਕੀਕਤ ਦੇ ਇਸ ਪੱਧਰ ਨੂੰ ਮੁੱਢਲੀ ਸਮਾਜਿਕ-ਆਰਥਿਕ ਹਕੀਕਤ ਨਾਲ ਉਲਝਾ ਦਿੰਦਾ ਹੈ। ਉਹ ਲਈ ਮਾਰਕਸਵਾਦ ਦੀ ਕਾਰਜ-ਕਾਰਣ ਦੀ ਸਭ ਤੋਂ ਬੁਨਿਆਦੀ ਸਮਝ ਨੂੰ ਉਲਟਾਉਣਾ ਉੱਤਰ-ਆਧੁਨਿਕਤਾਵਾਦ ਦਾ ਇਕ ਦੋਸ਼ ਹੈ। ਦੂਜੇ ਸ਼ਬਦਾਂ ਵਿਚ ਇਹ ਦੋਸ਼ ਸਥਿਤੀਆਂ ਨੂੰ ਨਜ਼ਰਅੰਦਾਜ਼ ਕਰਨ ਅਤੇ ਸਥਿਤੀਆਂ ਪ੍ਰਤੀ ਵਿਅਕਤੀਗਤ ਪ੍ਰਤੀਕ੍ਰਿਆਵਾਂ ਨੂੰ ਉਤਸ਼ਾਹਿਤ ਕਰ ਕੇ ਖ਼ੁਦਮੁਖ਼ਤਿਆਰ ਰੂਪ ਵਿਚ ਸਮਝ ਨਾਲ ਸੰਬੰਧਿਤ ਕਰਨ ਵਿਚ ਹੈ। ਇੱਥੇ ਧਿਆਨਯੋਗ ਹੈ ਕਿ ਫ਼ਰੈਡਰਿਕ ਜੇਮਸਨ (Fredric
Jameson) ਅਤੇ ਡੇਵਿਡ ਹਾਰਵੇ (David
Harvey) ਵਾਂਗ ਕੁਝ ਚਿੰਤਕ ਅੰਸਿਕ ਰੂਪ ਵਿੱਚ ਹੀ ਉੱਤਰ-ਆਧੁਨਿਕ ਸਿਧਾਂਤ ਨੂੰ ਰੱਦ ਕਰਦੇ ਹਨ, ਪਰ ਭੀਮਇੰਦਰ-ਆਲੋਚਨਾ ਉੱਤਰ-ਆਧੁਨਿਕ
ਸਿਧਾਂਤ ਨੂੰ ਪੂਰਨ ਰੂਪ ਵਿਚ ਹੀ ਨਕਾਰਕੇ ਚੱਲਦੀ ਹੈ। ਕਿਉਂਜੋ ਸਿਰਫ਼ ਇਕ ‘ਹਿੱਸੇ’ ਨੂੰ ਰੱਦ ਕਰਨ ਦਾ ਅਰਥ ਉੱਤਰ-ਆਧੁਨਿਕ ਨਜ਼ਰੀਏ ਨੂੰ ਇੱਕ ਨਵੀਂ ਗਿਆਨ ਵਿਗਿਆਨ ਜਾਂ ਫ਼ਲਸਫ਼ੇ ਵਜੋਂ ਰੱਦ ਕਰਨਾ ਅਤੇ ਇਸ ਨੂੰ ਸਮਕਾਲੀ ਪੂੰਜੀਵਾਦੀ ਸਭਿਆਚਾਰ ਤੇ ਚੇਤਨਾ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਦੇ ਚਿਤਰਨ ਵਜੋਂ ਸਵੀਕਾਰ ਕਰਨਾ ਹੁੰਦਾ
ਹੈ। ਦੂਜੇ ਸ਼ਬਦਾਂ ਵਿਚ, ਕੁਝ ਸਮਕਾਲੀ ਸਮਾਜਿਕ ਵਿਸ਼ੇਸ਼ਤਾਵਾਂ ਨੂੰ ਉੱਤਰ-ਆਧੁਨਿਕ ਦੇ ਤੌਰ ‘ਤੇ ਪਛਾਨਣਾ ਅਤੇ ਇਨ੍ਹਾਂ ਵਿਸ਼ੇਸ਼ਤਾਵਾਂ ਲਈ ਉੱਤਰ-ਆਧੁਨਿਕਤਾ ਨੂੰ ਵਿਆਖਿਆਤਮਿਕ ਸਿਧਾਂਤ ਵਜੋਂ ਨਹੀਂ ਮੰਨਣਾ। ਪਰ ਭੀਮਇੰਦਰ-ਆਲੋਚਨਾ ਉੱਤਰ-ਆਧੁਨਿਕਤਾ ਨੂੰ ਅਜੋਕੇ ਪੂੰਜੀਵਾਦ ਦਾ ਮੰਤਵਕ ਪ੍ਰਗਟਾਵਾ ਮੰਨਦੀ ਹੈ ਅਤੇ ਕਲਾਸੀਕਲ ਮਾਰਕਸਵਾਦੀ ਵਿਸ਼ਲੇਸ਼ਣ ਦੀ ਪੁਰਾਣੀ ਸਾਰਥਿਕਤਾ ਨੂੰ ਹੀ ਮਹੱਤਤਾ ਪ੍ਰਦਾਨ ਕਰਦੀ ਹੈ। ਭੀਮਇੰਦਰ-ਆਲੋਚਨਾ ਵੀ ਉੱਤਰ-ਆਧੁਨਿਕਤਾ ਪ੍ਰਤੀ ਭਾਸ਼ਾਂ ਇਨ੍ਹੀਂ ਸਖ਼ਤ ਨਜ਼ਰ ਪੈਂਦੀ ਹੈ ਕਿ ਉਹ
ਉੱਤਰ-ਆਧੁਨਿਕਤਾ ਨੂੰ ਬਿਨਾਂ ਕਿਸੇ ਅਲੰਕਾਰਤ ਭਾਸ਼ਾਂ ਤੋਂ, ਸਿੱਧੇ ਤੌਰ ਤੇ ਨਕਾਰਕੇ ਚੱਲਦੀ ਹੈ
ਜਿਵੇਂ ਇਹ ਆਲੋਚਨਾ ਲਿਖਦੀ ਹੈ: “ਉੱਤਰ-ਆਧੁਨਿਕਤਾਵਾਦੀ ਸਿਧਾਂਤ ਸਮਾਜ ਤੇ ਮਾਰਕਸਵਾਦ ਦਾ ਵਿਰੋਧੀ ਹੈ,
ਜਿਸਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।”3
ਉੱਤਰ-ਬਸਤੀਵਾਦ ਅਤੇ ਭੀਮਇੰਦਰ-ਆਲੋਚਨਾ:
ਭੀਮਇੰਦਰ-ਆਲੋਚਨਾ ਉੱਤਰ-ਬਸਤੀਵਾਦ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦੀ ਹੋਈ, ਉੱਤਰ-ਬਸਤੀਵਾਦ ਦੀ ਸਮੁੱਚੀ ਪ੍ਰਕਿਰਿਆ ਨੂੰ ਉਸ ਦੇ ਆਰਥਿਕ ਆਧਾਰ ਰਾਹੀਂ ਹੀ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਭੀਮਇੰਦਰ
ਆਲੋਚਨਾ ਉੱਤਰ-ਬਸਤੀਵਾਦ ਸ਼ਬਦ ਦੀਆਂ ਜੜ੍ਹਾ
ਤੇ ਪ੍ਰਯੋਗ ਨੂੰ ਵਿਸ਼ਵ ਸਭਿਆਚਾਰਕ ਵਿਕਾਸ ਦੀ ਇੱਕ ਸੀਮਾ ਨੂੰ ਦਰਸਾਉਣ ਲਈ ਵਰਤੀ ਹੈ ਜੋ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਵਾਪਰਿਆ। ਉਸ ਅਨੁਸਾਰ ਇਸ ਵਿਚ ਕਿਸੇ ਹੱਦ
ਤੱਕ ਇਤਿਹਾਸਕ ਸੂਝ ਅਤੇ ਸਿਧਾਂਤ ਦੋਵੇਂ ਹਨ। ਇਕ ਪਾਸੇ, ‘ਉੱਤਰ-ਬਸਤੀਵਾਦ’ ਇਸ ਦੌਰ ਬਾਰੇ ਕੁਝ ਵੱਖਰੀ ਚੀਜ਼ ਦਾ ਸੰਕੇਤ ਦਿੰਦਾ ਹੈ ਜਿਸ ਵਿਚ ਸਭਿਆਚਾਰਕ, ਆਰਥਿਕ ਅਤੇ ਸਮਾਜਿਕ ਸਮਾਗਮਾਂ, ਜਿਸ ਨੇ ਇਸ ਦਾ ਗਠਨ ਕੀਤਾ ਹੈ, ਯੂਰਪੀਅਨ ਸਾਮਰਾਜਵਾਦ ਦੇ ਪਤਨ ਨੂੰ ਦਰਸਾਉਂਦਾ ਹੈ। ਇਸ ਵਰਤਾਰੇ ਨੇ ਬਸਤੀਵਾਦੀ ਵਿਸ਼ੇ ਦੀ ਅੱਤਿਆਚਾਰੀ ਚੇਤਨਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉੱਤਰ-ਬਸਤੀਵਾਦ ਦਾ ਪ੍ਰਮੁੱਖ ਚਿੰਤਕ ਫੈਨਨ (Frantz Fanon) ਨੇ ਦਲੀਲ ਦਿੱਤੀ ਸੀ ਕਿ ਸਾਮਰਾਜਵਾਦ ਨੇ ‘ਅੰਦਰੂਨੀਕਰਨ’ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਇਸ ਦਾ ਸਾਹਮਣਾ ਕਰਨ ਵਾਲਿਆਂ ਨੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਘਟੀਆਪਣ ਦਾ ਅਨੁਭਵ ਨਾ ਸਿਰਫ਼ ‘ਬਾਹਰੀ’ ਸ਼ਬਦਾਂ ਵਿੱਚ ਕੀਤਾ, ਬਲਕਿ ਇਸ ਢੰਗ ਨਾਲ ਕੀਤਾ ਜਿਸ ਨੇ ਉਨ੍ਹਾਂ ਦੀ ਆਪਣੀ ਪਛਾਣ ਦੀ ਭਾਵਨਾ ਨੂੰ ਪ੍ਰਭਾਵਿਤ ਕੀਤਾ। ਇਸ ਲਈ, ਪਦਾਰਥਕ ਘਟੀਆਪਣ ਨਸਲੀ ਅਤੇ ਸਭਿਆਚਾਰਕ ਘਟੀਆਪਣ ਦੀ ਭਾਵਨਾ ਪੈਦਾ ਕਰਦਾ ਹੈ। ਭੀਮਇੰਦਰ-ਅਲੋਚਨਾ ਉੱਤਰ-ਬਸਤੀਵਾਦ ਦੇ
ਸਿਧਾਂਤਕ ਅਧਾਰਾਂ ਦੀ ਤਲਾਸ਼ ਕਰਦੀ ਹੋਈ ਸਥਾਨਿਕ ਪਛਾਣਾਂ ਨੂੰ ਪਰਿਭਾਸ਼ਿਤ ਕਰਨ ਦੀ ਉੱਤਰ-ਬਸਤੀਵਾਦ ਦੀ ਵਿਖਿਆਖਿਆ ਨੂੰ ਵਿਸਥਾਰ ਨਹੀਂ ਦੇਂਦੀ ਅਤੇ ਨਾ ਹੀ ਇਸ
ਨੁਕਤੇ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦੀ ਹੈ ਕਿ ਕਿਸੇ ਤਰ੍ਹਾਂ ਇਕ ਸਭਿਆਚਾਰਕ ਉਤਪਾਦਨ ਰਾਹੀਂ ਉੱਚਤਾ ਤੇ ਨੀਵੇਂ ਦਾ ਪ੍ਰਵਚਨ ਸਥਾਪਿਤ ਕਰਦਾ ਹੈ?
ਇਸ ਪ੍ਰਸੰਗ ਵਿਚ ਭੀਮਇੰਦਰ-ਆਲੋਚਨਾ ਆਪਣੇ ਮਾਰਕਸਵਾਦੀ ਧੁਰੇ ਉੱਤੇ ਘੁੰਮਦੀ ਹੋਈ, ਸਭਿਆਚਾਰਕ-ਉੱਚਤਾ
ਸਥਾਪਿਤ ਕਰਨ ਦੀ ਪ੍ਰਕਿਰਿਆ ਨੂੰ ਮੁਖ਼ਾਤਬ ਤਾਂ ਨਹੀਂ ਹੁੰਦੀ, ਪਰ ਉੱਤਰ-ਬਸਤੀਵਾਦ ਨੂੰ ਨਿਰੋਲ ਆਰਥਿਕ ਅਸਲ ਵਜੋਂ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਦੀ ਹੈ। ਅਜਿਹਾ ਕਰਦੀ ਹੋਈ ਇਹ ਆਲੋਚਨਾ ਪਹਿਲਾਂ ਇਕ ਸਿਧਾਂਤਕ ਸਮਝ ਸਥਾਪਿਤ ਕਰਦੀ ਹੈ ਅਤੇ ਉਸ ਤੋਂ ਬਾਅਦ ਉਸ ਸਿਧਾਂਤਕ ਸਮਝ ਨੂੰ ਭਾਰਤੀ ਪ੍ਰਸੰਗ ਜਾਂ ਵਿਸ਼ਵ-ਆਰਥਿਕਤਾ ਦੇ ਪ੍ਰਸੰਗ ਵਿਚ ਲਾਗੂ ਕਰਨ ਦਾ ਯਤਨ ਕਰਦੀ ਹੈ। ਭੀਮਇੰਦਰ-ਅਲੋਚਨਾ ਦੀ ਇਹ ਵਿਧੀ ਸਿਧਾਂਤ ਤੋਂ ਵਿਹਾਰ ਵੱਲ ਜਾਂਦੀ ਹੋਈ, ਨਿਗਮਨ ਨਿਯਮ
(deductive method) ਨੂੰ ਅਪਣਾਉਂਦੀ ਹੈ। ਭੀਮਇੰਦਰ-ਆਲੋਚਨਾ ਇਹ ਵਿਧੀ ਰਾਹੀਂ ਹੀ ਆਰਥਿਕਤਾ ਸਿਧਾਂਤ ਤੋਂ ਅਮਰੀਕੀ-ਜਪਾਨ ਜਿਹੀ ਵਿਸ਼ਵ-ਅਰਥ-ਵਿਵਸਥਾ ਅਤੇ ਵਿਸ਼ਵ ਅਰਥ-ਵਿਵਸਥਾ ਤੋਂ ਭਾਰਤੀ ਅਰਥ-ਵਿਵਸਥਾ ਦੇ ਅਧਿਐਨ ਵੱਲ ਜਾਂਦੀ ਹੈ ਅਤੇ ਭਾਰਤੀ ਅਰਥ-ਵਿਵਸਥਾ ਤੋਂ ਆਰਥਿਕ-ਸਿਧਾਂਤ ਵੱਲ ਮੁੜਦੀ ਹੈ। ਭੀਮਇੰਦਰ-ਆਲੋਚਨਾ ਅੰਦਰ ਇਹ ਕ੍ਰਮ ਬਾਰ-ਬਾਰ ਦੇ ਵਿਭਿੰਨ ਮਜ਼ਮੂਨਾਂ ਵਿਚ ਵੇਖਣ ਨੂੰ ਮਿਲਦਾ ਹੈ। ਪਰ ਇਸ ਕ੍ਰਮ ਦੇ ਨਾਲ ਭੀਮਇੰਦਰ-ਆਲੋਚਨਾ ਦੀ ਪ੍ਰਾਪਤੀ ਵਰਤਮਾਨ ਦੇ ਮੂਲ ਮੁੱਦਿਆ ਨੂੰ ਮੁਖ਼ਾਤਬ ਹੋਣ ਦੀ ਹੈ। ਉੱਤਰ-ਬਸਤੀਵਾਦ ਦੇ ਆਰਥਿਕ ਪਹਿਲੂਆਂ ਤੇ ਹਿੱਤਾਂ ਨੂੰ ਸਪੱਸ਼ਟ ਕਰਦੀ ਭੀਮਇੰਦਰ-ਆਲੋਚਨਾ ਪੂੰਜੀਵਾਦ ਦੀ ਆਰਥਿਕ ਸਥਿਤੀ ਵਿਚੋਂ ਕੋਈ ਭਵਿੱਖਮੁਖੀ-ਪਰਿਵਰਤਨ ਪੈਂਦਾ ਹੋਣ ਦੀਆਂ ਸੰਭਾਵਨਾਵਾਂ ਦੀ ਕੋਸ਼ਿਸ਼ਾਂ ਨੂੰ ਅਸਫਲ ਹੁੰਦਾ ਦੇਖਦੀ ਹੈ ਅਤੇ ਇਹ ਦਾ ਰੁਖ਼ ਵਿਸ਼ੇਸ਼ ਆਰਥਿਕ-ਵਿਵਸਥਾ ਕਾਰਨ ਸੱਜੇ-ਪੱਬੀ ਵਿਚਾਰਧਾਰਾ ਵੱਲ ਮੁੜਦਾ ਕਿਆਸ ਕਰਦੀ ਹੈ:
ਪਿਛਲੇ ਸਾਲਾਂ ਦੌਰਾਨ (ਖ਼ਾਸ ਕਰਕੇ ਰੂਸ ਦੇ ਟੁੱਟ ਦੋਂ ਬਾਅਦ) ਅਮਰੀਕਾ, ਇੰਗਲੈਂਡ ਤੇ ਹੋਰ ਯੂਰਪੀ ਦੇਸ਼ਾਂ ਦੀ ਵੈੱਲਫੇਅਰ-ਸਟੇਟ ਨੂੰ ਬੁਰਜੂਆਜ਼ੀ ਦੁਆਰਾ ਤੋੜਿਆ ਜਾ ਰਿਹਾ ਹੈ। ਸਥਿਤੀ ਇਹ ਹੈ ਕਿ ਅੱਜ ਯੂਰਪ ਵਿਚ ਲਗਭਗ ਛੇ ਕਰੋੜ ਮਜ਼ਦੂਰ ਬੇਰੁਜ਼ਗਾਰ ਹਨ ਅਤੇ ਇਹ ਭਿਆਨਕ ਬੇਰੁਜ਼ਗਾਰੀ ਤੋਂ ਬਚਣ ਦਾ ਕਿਸੇ ਨੂੰ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ। ਇਸ ਭਿਆਨਕ ਬੇਰੁਜ਼ਗਾਰੀ ਦੇ ਸਿੱਟੇ ਵਜੋਂ ਹੀ ਹੁਣ ਦੁਬਾਰਾ ਇੱਥੇ ਵੈੱਲਫੇਅਰ ਸਟੇਟ ਨਹੀਂ ਬਣ ਰਹੀ, ਸਗੋਂ ਇਕ ਕਿਸਮ ਦਾ ਫ਼ਾਸੀਵਾਦ ਦੁਆਰਾ ਸਿਰ ਚੁੱਕ ਰਿਹਾ।4
ਅਜੋਕੀ ਭਾਰਤੀ ਸਥਿਤੀ ਵਿਚ ਇਹ ਧਾਰਨਾ ਕਿੰਨੀ ਕੁ ਅਰਥਪੂਰਨ ਹੈ, ਇਹ ਨੁਕਤਾ ਸਹਿਜ ਹੀ ਸਮਝਿਆ ਜਾ ਸਕਦਾ ਹੈ। 1990 ਤੋਂ ਬਾਅਦ ਨਵ-ਉਦਾਰੀਕਰਨ ਦੀ ਨੀਤੀਆਂ ਨੇ ਭਾਰਤੀ ਆਰਥਿਕਤਾ ਨੂੰ ਵਿਸ਼ਵ-ਵਿਵਸਥਾ ਨਾਲ ਇਕ ਕਰਨਾ ਸ਼ੁਰੂ ਕੀਤਾ, ਜਿਸ ਦੇ ਸਿੱਟੇ ਵਜੋਂ ਬਾਅਦ ਦੀਆਂ ਅੰਤਰ-ਵਿਰੋਧਤਾਈਆਂ ਕਾਰਨ ਭਾਰਤੀ-ਵਿਵਸਥਾ ਦੇ ਕਮਜ਼ੋਰ/ਇਕਪੱਖੀ/ਅਸਮਾਨ ਵੰਡ ਪ੍ਰਣਾਲੀ ਨੇ ਭਾਰਤ ਵਿਚ ਸੱਜੇ-ਪੱਖ ਨੂੰ ਵਧੇਰੇ ਮਜ਼ਬੂਤ ਕੀਤਾ ਹੈ। ਭੀਮਇੰਦਰ-ਆਲੋਚਨਾ ਦੇ ਵਿਸ਼ਵ ਆਰਥਿਕਤਾ ਦੇ ਅਧਿਐਨ ਵਿਚੋਂ ਅਸੀਂ ਇਸ ਸਥਿਤੀ ਨੂੰ ਸਮਝ ਦੇ ਕਾਬਲ ਹੁੰਦੇ ਹਾਂ।
ਮਾਰਕਸਵਾਦ ਦੀ ਵਰਤਮਾਨਿਕ ਪ੍ਰਸੰਗਤਾ:
ਜਰਮਨ ਰਾਜਨੀਤਿਕ ਅਰਥ ਸ਼ਾਸਤਰੀ ਵੋਲਫਗਾਂਗ ਸਟਰੈਕ (Wolfgang
Streeck) ਆਪਣੇ ਮਜ਼ਮੂਨ “ਸਰਮਾਏਦਾਰੀ ਕਿਵੇਂ ਖ਼ਤਮ ਹੋਏਗੀ?” ਵਿਚ ਸਰਮਾਏਦਾਰੀ ਨੇ ਵਰਤਮਾਨ ਦਾ ਵਿਸ਼ਲੇਸ਼ਣ ਕਰਦਿਆਂ ਦਲੀਲ ਦਿੱਤੀ ਕਿ “ਲੋਕਤੰਤਰ ਅਤੇ ਪੂੰਜੀਵਾਦ ਦਾ ਵਿਆਹ, ਜੋ ਦੋ ਬਿਮਾਰ ਭਾਈਵਾਲਾਂ ਨੂੰ ਵਿਸ਼ਵ ਯੁੱਧ ਦੇ ਪਰਛਾਵੇਂ ਵਿਚ ਇਕੱਠਾ ਕਰਦਾ ਹੈ, ਖ਼ਤਮ ਹੋਣ ਜਾ ਰਿਹਾ ਹੈ। ਰੈਗੂਲੇਟਰੀ ਸੰਸਥਾਵਾਂ, ਜਿਹੜੀਆਂ ਵਿੱਤੀ ਖੇਤਰ ਦੀਆਂ ਵਧੀਕੀਆਂ ਨੂੰ ਸੰਜਮੀ ਕਰਦੀਆਂ ਸਨ, ਢਹਿ ਗਈਆਂ ਹਨ ਅਤੇ ਸ਼ੀਤ ਯੁੱਧ ਦੇ ਅੰਤ ਤੇ ਪੂੰਜੀਵਾਦ ਦੀ ਅੰਤਿਮ ਜਿੱਤ ਤੋਂ ਬਾਅਦ, ਕੋਈ ਰਾਜਨੀਤਿਕ ਏਜੰਸੀ ਬਾਜ਼ਾਰਾਂ ਦੇ ਉਦਾਰੀਕਰਨ ਨੂੰ ਵਾਪਸ ਲਿਆਉਣ ਦੇ ਸਮਰੱਥ ਨਹੀਂ। ਅਸੀਂ ਉਸ ਦੁਨੀਆ ਬਣ ਗਏ ਹਾਂ ਜੋ ਘੱਟ ਰਹੇ ਵਿਕਾਸ, ਜ਼ਿਆਦ ਸ਼ਾਸਨ, ਸੁੰਗੜਦਾ ਜਨਤਕ ਖੇਤਰ, ਸੰਸਥਾਗਤ ਭ੍ਰਿਸ਼ਟਾਚਾਰ ਅਤੇ ਅੰਤਰਰਾਸ਼ਟਰੀ ਅਰਾਜਕਤਾ ਦੁਆਰਾ ਪਰਿਭਾਸ਼ਿਤ ਹੋਇਆ ਹੈ।”5
ਉਹ ਅੱਗੇ ਕਹਿੰਦਾ ਹੈ ਕਿ “ਇਹ ਲਾਜ਼ਮੀ ਹੈ ਕਿ ਸਥਾਨਕ ਰਾਜਸੀ ਭਾਈਚਾਰਿਆਂ ਨੂੰ ਜਿੰਨਾ ਸੰਭਵ ਹੋ ਸਕੇ ਕੰਟਰੋਲ ਵਾਪਸ ਕਰ ਦਿੱਤਾ ਜਾਵੇ। ਇਸ ਦਾ ਅਰਥ ਹੈ ਕਿ ਸਥਾਨਕ ਆਰਥਿਕ ਵਿਕਾਸ ਨਾਲੋਂ ਵਿਸ਼ਵ ਬੈਂਕ ਜਾਂ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਤਾਨਾਸ਼ਾਹੀ ਸ਼ਾਸਨ ਨੂੰ ਖ਼ਤਮ ਕਰਨਾ। ਤਦ ਹੀ ਲੋਕਤੰਤਰ ਹੋ ਸਕਦਾ ਹੈ, ਅਰਥਾਤ, ਬਹੁਗਿਣਤੀ ਮਿਹਨਤਕਸ਼ ਲੋਕਾਂ ਦੁਆਰਾ ਸਮੂਹਿਕ ਫ਼ੈਸਲੇ ਲੈਣ ਵਿੱਚ ਸ਼ਮੂਲੀਅਤ ਹੋ ਸਕਦੀ ਹੈ।”6
ਪੂੰਜੀਵਾਦੀ ਵਿਵਸਥਾ ਦੇ ਇਸ ਵਰਤਮਾਨਿਕ ਸਥਿਤੀ
ਵਿਚ ਮਾਰਕਸਵਾਦੀ ਦੀ ਭੂਮਿਕਾ ਅਹਿਮ ਨਜ਼ਰੀ ਪੈਂਦੀ ਹੈ, ਇਸ ਗੱਲ ਦਾ ਪ੍ਰਮਾਣ ਇਹ ਗੱਲ ਕਿ ਜਦੋਂ ਵੀ
ਦੁਨੀਆ ਕਿਸੇ ਵਿੱਤੀ ਸੰਕਟ ਵਿਚੋਂ ਗੁਜ਼ਰਦੀ ਹੈ ਤਦ ਕਾਰਲ ਮਾਰਕਸ ਦੀ ਪੁਸਤਕ “ਦਾਸ ਕੈਪੀਟਲ” ਦੀ ਵਿੱਕਰੀ ਵੱਧ ਜਾਂਦੀ ਹੈ।7 ਭਾਵ ਸੰਸਾਰ
ਦਾ ਆਰਥਿਕ-ਸੰਕਟ ਵਿਦਵਾਨਾਂ ਨੂੰ ਮਾਰਕਸਵਾਦ ਦੇ ਅਧਿਐਨ ਵੱਲ ਮੋੜਦਾ ਹੈ ਅਤੇ ਇਹ
ਨੁਕਤੇ ਨੂੰ ਸਿੱਧ ਕਰਦਾ ਹੈ ਕਿ ਕਾਰਲ ਮਾਰਕਸ ਵੱਲੋਂ ਉੱਨ੍ਹੀਵੀਂ ਸਦੀ ਵਿਚ ਕੀਤਾ ਗਿਆ ਪੂੰਜੀਵਾਦ
ਦਾ ਅਧਿਐਨ ਵਰਤਮਾਨ ਵਿਚ ਵੀ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਨ ਦੇ ਸਮਰੱਥ ਹੈ।
ਭੀਮਇੰਦਰ-ਆਲੋਚਨਾ ਕਾਰਲ ਮਾਰਕਸ ਦੀਆਂ
ਧਾਰਨਾਵਾਂ ਤੇ ਸਥਾਪਨਾਵਾਂ ਵਿਚ ਪੂਰਨ ਰੂਪ ਵਿਚ ਵਿਸ਼ਵਾਸ ਪ੍ਰਗਟ ਕਰਦੀ ਹੈ ਅਤੇ ਮਾਰਕਸਵਾਦ ਦੀ ਵਰਤਮਾਨਿਕ ਪ੍ਰਸੰਗ ਵਿਚ
ਸਾਰਥਿਕ ਕਿਆਸ ਕਰਦੀ ਹੈ। ਅਜਿਹਾ ਕਰਦੀ
ਹੋਈ ਭੀਮਇੰਦਰ-ਆਲੋਚਨਾ ਮਾਰਕਸਵਾਦ ਦੀਆਂ ਧਾਰਨਾਵਾਂ ਨੂੰ ਉਸ ਦੀ ਇਤਿਹਾਸਕ ਪਿੱਠ-ਭੂਮੀ ਵਿਚੋਂ ਉਜਾਗਰ ਕਰਦੀ ਹੈ ਅਤੇ ਮਾਰਕਸਵਾਦ ਦੀ ਅਹਿਮੀਅਤ ਨੂੰ ਸੋਵੀਅਤ ਰੂਸ ਦੇ ਟੁੱਟਣ ਤੋਂ ਬਾਅਦ ਵੀ ਸਾਰਥਿਕ ਮੰਨਦੀ ਹੈ। ਇਸ ਦਾ ਕਾਰਨ ਭੀਮਇੰਦਰ-ਅਲੋਚਨਾ ਮਾਰਕਸਵਾਦੀ ਨਜ਼ਰੀਏ ਦੀ ਮਦਦ ਨਾਲ ਹੀ ਤਲਾਸ਼ਦੀ ਹੋਈ, ਵਰਤਮਾਨ ਵਕਤ ਵਿਚ ਅਨੇਕਾਂ ਵਿਸ਼ਵ ਸਮੱਸਿਆਵਾਂ ਅਤੇ ਭਾਰਤੀ ਸਮੱਸਿਆਵਾਂ ਨੂੰ ਵੇਖਦੀ ਹੈ। ਕਿਉਂਜੋ ਭੀਮ-ਆਲੋਚਨਾ ਅਨੁਸਾਰ ਉੱਤਰ-ਪੂੰਜੀਵਾਦੀ ਸਥਿਤੀਆਂ ਦੀ ਸਮਝ ਅਤੇ ਇਨ੍ਹਾਂ ਦੀ ਤਬਦੀਲੀ ਕਰਨ ਦਾ ਇਕ-ਇਕ ਅਧਾਰ ਮਾਰਕਸਵਾਦੀ ਹੀ ਹੈ, ਜੋ ਵਿਸ਼ਵ/ਭਾਰਤੀ ਆਰਥਿਕ-ਸਮਾਜਿਕ ਸਮੱਸਿਆਵਾਂ ਜਿਵੇਂ ਔਰਤਾਂ, ਦਲਿਤਾਂ, ਆਦਿਵਾਸੀਆਂ ਦੇ ਸਥਾਨਿਕ ਸੰਘਰਸ਼ ਨੂੰ ਤਾਰਕਿਕ ਪੱਧਰ ਉੱਤੇ ਹੱਲ ਕਰ ਸਕਦਾ ਹੈ। ਇਸ ਕਾਰਨ ਭੀਮ-ਆਲੋਚਨਾ ਮਾਰਕਸਵਾਦ ਦੀ ਸਰਵਕਾਲੀ ਸਾਰਥਿਕਤਾ ਨੂੰ ਸਵੀਕਾਰ ਕਰਦੀ ਹੈ, ਭਾਵੇਂ ਇਹ ਭਾਵ ਜ਼ਿਆਦਾਤਰ ਇਕ ਬੰਦ-ਪ੍ਰਬੰਧ ਜਾਂ ਪੂਰਵ-ਨਿਸ਼ਚਿਤ ਦ੍ਰਿਸ਼ਟੀਕੋਣ ਨਾਲ ਸੰਬੰਧ ਰੱਖਦੇ ਪ੍ਰਤੀਤ ਹੁੰਦੇ ਹਨ, ਪਰ ਭੀਮ-ਆਲੋਚਨਾ ਇਸ ਨੂੰ ਬਹੁ-ਦਿਸ਼ਾਵੀ ਤੇ ਬਹੁ-ਅਯਾਮੀ ਰੋਲ਼ੇ ਵਿਚ ਇਕ ਸਥਿਰ ਹੱਲ ਵਜੋਂ ਪੇਸ਼ ਕਰਦੀ ਪ੍ਰਤੀਤ ਹੁੰਦੀ ਹੈ।
ਇਸ ਤਰ੍ਹਾਂ ਭੀਮਇੰਦਰ-ਆਲੋਚਨਾ ਨੇ ਵਿਸ਼ਵ-ਸਿਧਾਂਕਤੀ
ਨੂੰ ਮਾਰਕਸਵਾਦੀ ਨਜ਼ਰੀਏ ਤੋਂ ਸਮਝ/ਸਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਵਿਸਵ-ਸਿਧਾਂਤਕੀ ਦੇ
ਵਿਚਾਰਧਾਰਕ ਅਧਾਰਾਂ ਤੇ ਵਿਧੀਆਂ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਇਸ ਕਾਰਜ ਦੀ ਸਫ਼ਲਤਾ ਦਾ
ਅਧਾਰ ਭੀਮਇੰਦਰ-ਆਲੋਚਨਾ ਦੀ ਬਹੁ-ਭਾਸ਼ਾਈ ਸਮਰੱਥਾ ਵਿਚ ਲੁਪਤ ਹੈ, ਜਿਸ ਕਾਰਨ ਇਹ ਆਲੋਚਨਾ
ਵਿਸਵ-ਸਿਧਾਂਤਕੀ ਨਾਲ ਸਫ਼ਲਤਾਪੂਰਨ ਰਿਸ਼ਤਾ ਜੋੜਦੀ ਹੈ। ਭੀਮਇੰਦਰ-ਆਲੋਚਨਾ ਵਿਚ ਇਸ ਕਰਕੇ ਹੀ ਕਾਰਲ
ਮਾਰਕਸ, ਰਣਧੀਰ ਸਿੰਘ, ਫ਼ਰੈਡਰਿਕ ਜੇਮਸਨ, ਮਿਸ਼ੇਲ ਫੂਕੋ, ਹੈਰੀ ਮੈਰਡਾਫ, ਬੇਦ੍ਰਿਲਾਰਦ ਆਦਿ
ਚਿੰਤਕਾਂ ਦੀਆਂ ਧਾਰਨਾਵਾਂ ਦੇ ਹਵਾਲਿਆਂ ਨਾਲ ਸੰਵਾਦ ਜਾਂ ਅੰਤਰ-ਦ੍ਰਿਸ਼ਟੀ ਦਾ ਪ੍ਰਭਾਵ
ਸੁਚੇਤ/ਅਚੇਤ ਰੂਪ ਵਿਚ ਆਪਣੀ ਮੌਜੂਦਗੀ ਦਾ ਅਹਿਸਾਸ ਬਣਾਈ ਰੱਖਦਾ ਹੈ। ਇਸ ਦੇ ਨਾਲ ਹੀ
ਸੰਕਲਪਾਤਮਿਕ ਸ਼ਬਦਾਵਲੀ ਦੀ ਸਪੱਸ਼ਟਤਾ ਅਤੇ ਸਰਲ ਭਾਸ਼ਾ ਵਿਚ ਅਭਿਵਿਅਕਤ ਕਰਨ ਦੀ ਸ਼ਕਤੀ
ਭੀਮਇੰਦਰ-ਆਲੋਚਨਾ ਨੂੰ ਪੰਜਾਬੀ ਆਲੋਚਨਾ ਵਿਚ ਅਹਿਮ ਭੂਮਿਕਾ ਵਜੋਂ ਸਥਾਪਿਤ ਕਰਦੀ ਹੈ। ਪੰਜਾਬੀ ਸਿਧਾਂਤਕੀ ਦੇ ਖੇਤਰ ਵਿਚ ਨਵੇਂ ਸਿਧਾਂਤਾਂ ਨੂੰ ਸਰਲ, ਸਪਸ਼ਟ ਤੇ ਕ੍ਰਮ ਰੂਪ ਵਿਚ ਪੇਸ਼ ਕਰਨਾ ਬੌਧਿਕ-ਮਸ਼ੱਕਤ ਤੇ ਲਿਖਣ-ਸਰਲਤਾ ਦਾ ਪ੍ਰਮਾਣ ਹੈ।
ਹਵਾਲੇ ਤੇ ਟਿੱਪਣੀਆਂ:
1.
ਭੀਮ
ਇੰਦਰ ਸਿੰਘ, ਮਾਰਕਸਵਾਦ ਨਵ-ਮਾਰਕਸਵਾਦ ਅਤੇ ਉੱਤਰ-ਆਧੁਨਿਕਤਾ, ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ, 2004, ਪੰਨਾ-31
2.
ਟੈਰੀ
ਈਗਲਟਨ, ਉੱਤਰ-ਆਧੁਨਿਕਤਾਵਾਦੀ ਕਿਥੋਂ ਆਉਂਦੇ ਹਨ? Where Postmodernist Come
From, Translation by Harjeet Singh
and Simrit Kahlon, August 2020,
DOI: 10.13140/RG.2.2.26507.31525
3.
ਮਾਰਕਸਵਾਦ ਨਵ-ਮਾਰਕਸਵਾਦ ਅਤੇ ਉੱਤਰ-ਆਧੁਨਿਕਤਾ, ਪੰਨਾ-38
4.
ਮਾਰਕਸਵਾਦ ਨਵ-ਮਾਰਕਸਵਾਦ ਅਤੇ ਉੱਤਰ-ਆਧੁਨਿਕਤਾ, ਪੰਨਾ-66
5.
Interview
with Wolfgang Streeck, ‘Marx’s Writing More Relevant Today Than Ever’, jipson John And Jitheesh P.M., November 09, 2018, https://frontline.thehindu.com/economy/article25298071.ece
6.
Ibid
7.
https://www.theguardian.com/books/2008/oct/15/marx-germany-popularity-financial-crisis
No comments:
Post a Comment