https://www.researchgate.net/publication/349621690_misela_phuko_da_sakati_sidhanta_sarupa_te_subha'a_Michel_Foucault's_Theory_of_Power_Form_and_Nature
ਜੇਕਰ ਫ਼ਲਸਫ਼ੇ ਦਾ ਬਹੁਤ ਛੋਟਾ ਇਤਿਹਾਸ ਲਿਖਣ ਦੀ ਚੁਣੌਤੀ
ਹੋਵੇ ਤਦ ਵਿਚਾਰਾਂ ਦੇ ਇਤਿਹਾਸ ਦੀ ਲੜੀ ਨੂੰ ਰੂਪ ਦੇਣ ਲਈ ਦਾਰਸ਼ਨਿਕਾਂ ਨਾਲ ਸੰਬੰਧਿਤ ਸਿਰਫ਼ ਇਕ ਵਿਸ਼ੇਸ਼
ਪਛਾਣਮਈ-ਸ਼ਬਦ ਨੂੰ ਤਲਾਸ਼ਣਾ ਮਹੱਤਵਪੂਰਣ ਹੋਵੇਗਾ। ਜਿਵੇਂ ਪਲੈਟੋ ਲਈ ਉਸਦੇ ‘ਰੂਪ’, ਰੇਨੇ
ਡੇਕਾਰਟ ਲਈ ‘ਮਨ’, ਜਾਨ ਲੌਕ ਲਈ ‘ਵਿਚਾਰ’, ਜੌਨ ਸਟੂਅਰਟ ਮਿੱਲ ਲਈ ‘ਆਜ਼ਾਦੀ’ ਅਤੇ ਅਨਤੋਨੀਉ ਗ੍ਰਾਮਸ਼ੀ ਲਈ ‘ਹੈਜਮਨੀ’ ਸ਼ਬਦ ਨੂੰ ਨਿਰਧਾਰਿਤ ਕਰਨਾ। ਵੀਹਵੀਂ ਸਦੀ ਦੇ ਉੱਤਰ-ਅੱਧ ਵਿਚ ਜੈਕ ਦੈਰਿਦਾ ਲਈ
ਸ਼ਬਦ ‘ਟੈਕਸਟ’,
ਅਲਥੂਸਰ ਲਈ ‘ਵਿਚਾਰਧਾਰਕ ਉਪਕਰਨ’ ਅਤੇ ਜੁਡੀਥ ਬਟਲਰ ਨਾਲ ‘ਲਿੰਗ’ ਜਿਹੇ
ਵਿਸ਼ੇਸ਼ ਪਛਾਣਮਈ-ਸ਼ਬਦਾਂ ਨੂੰ ਵੇਖਿਆ ਜਾ ਸਕਦਾ ਹੈ। ਇਸ ਪ੍ਰਸੰਗ ਵਿਚ ਹੀ ਮਿਸ਼ੇਲ ਫੂਕੋ (Michel Foucault), ਜਿਸ ਨੇ ਇਕ ਕ੍ਰਾਂਤੀਕਾਰੀ ਚਿੰਤਕ ਵਜੋਂ
ਸੰਪੂਰਨਤਾ ਦੇ ਫ਼ਲਸਫ਼ੇ ਨੂੰ ਰੱਦ ਕਰਦੇ ਹੋਏ ਮੈਡੀਕਲ ਇਤਿਹਾਸਕ-ਕ੍ਰਮ ਨੂੰ ਵੇਖਿਆ, ਸਮਾਜ-ਵਿਗਿਆਨ
ਦੀ ਭੂਮਿਕਾ ਨੂੰ ਨਿਰਧਾਰਿਤ ਕੀਤਾ, ਜਨੂੰਨੀ ਸਾਹਿੱਤਿਕ ਅਤੇ ਰਾਜਨੀਤਿਕ ਕਾਰਕੁਨਾਂ ਵਜੋਂ ਅਹਿਮ
ਭੂਮਿਕਾ ਅਦਾ ਕੀਤੀ, ਨਾਲ ਸੰਬੰਧਿਤ ਵਿਸ਼ੇਸ਼
ਪਛਾਣਮਈ-ਸ਼ਬਦ ਲਾਜ਼ਮੀ ਤੌਰ ’ਤੇ ‘ਸ਼ਕਤੀ’ ਹੋਵੇਗਾ। ਕਿਉਂਜੋ ਮਿਸ਼ੇਲ ਫੂਕੋ ਨੇ ਇੱਕ
ਵਿਦਰੋਹੀ ਬੁੱਧੀਜੀਵੀ ਵਜੋਂ ਸਮਾਜਿਕ ਸੰਸਥਾਵਾਂ ਦੀਆਂ ਜੜ੍ਹਾਂ ਨੂੰ ਹਿਲਾਇਆ ਅਤੇ ਸਮਾਜ ਦੀ
ਕਾਰਜ-ਸ਼ੈਲੀ ਬਾਰੇ ਪਹਿਲਾਂ ਦੀਆਂ ਧਾਰਨਾਵਾਂ ਨੂੰ ਚੁਨੌਤੀ ਦਿੰਦੇ ਹੋਏ, ਰਾਜ ਦੇ ਨਿਯੰਤਰਨ ਅਤੇ
ਸ਼ਕਤੀ ਦੇ ਪ੍ਰਭਾਵਸ਼ਾਲੀ ਅਭਿਆਸਾਂ ਦਾ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਇਸ ਵਿਸ਼ਲੇਸ਼ਣ ਵਿਚ ਫੂਕੋ ਨੇ ਨਾ
ਸਿਰਫ਼ ਸਮਾਜ-ਵਿਗਿਆਨ ਦੇ ਅਧਿਕਾਰਤ ਦ੍ਰਿਸ਼ਟੀਕੋਣ ਦਾ ਵਿਰੋਧ ਕੀਤਾ, ਸਗੋਂ ਉਸ ਨੇ ਪੂਰਵ ਸਿਧਾਂਕਤੀ
ਦੀਆਂ ਕੇਂਦਰੀਕਰਨ ਆਧਾਰਿਤ ਧਾਰਨਾ ਨੂੰ "ਰਾਜੇ ਦਾ ਸਿਰ ਕਲਮ ਕਰਨ ਨਾਲ"1
ਤੁਲਨਾ ਦੇ ਕੇ ਪੂਰਵ-ਸਿਧਾਂਤਕੀ ਨੂੰ ਬਦਲ ਦੀ ਸੁਚੇਤ ਕੋਸ਼ਿਸ਼ ਵੀ ਕੀਤੀ। ਉਸ ਦੇ ਚਿੰਤਨ ਦੇ ਅਧਿਐਨ ਖੇਤਰ ਵਿਚ ਵਿਵਿਧਤਾ, ਮਜ਼ਮੂਨਾਂ ਦੀ ਵਿਸ਼ਾਲਤਾ ਅਤੇ ਗੰਭੀਰ ਦਿੱਖਣ
ਦੀ ਖ਼ਵਾਇਸ਼ ਵਿਚੋਂ ਪੈਂਦਾ ਕੀਤੀ ਸੁਚੇਤ ਨਿਰਮਿਤ ਗੁੰਝਲਤਾ2 ਭਾਵੇਂ ਉਸ ਦੀਆਂ
ਧਾਰਨਾਵਾਂ ਨੂੰ ਸੂਤਰਬੱਧ ਰੂਪ ਵਿਚ ਪੇਸ਼ ਕਰ ਲਈ ਕਾਫ਼ੀ ਮੁਸ਼ਕਿਲ ਪੈਂਦਾ ਕਰਦੀ ਹੈ, ਪਰ ਫਿਰ ਵੀ
ਫੂਕੋਡੇਰੀਅਨ-ਚਿੰਤਨ ਦੀ ਕੇਂਦਰੀ-ਧੁਨੀ ਸ਼ਕਤੀ ਦੀ ਧਾਰਨਾ ਲਗਾਤਾਰ ਜੁੜੀ ਰਹੀ ਹੈ। ਸ਼ਕਤੀ ਦੀ ਉਤਪਤੀ, ਸ਼ਕਤੀ ਦੀ ਵਿਕਾਸ ਪ੍ਰਕਿਰਿਆ ਅਤੇ ਸ਼ਕਤੀ ਦੀ ਕਾਰਜਸ਼ੀਲਤਾ/ਅਭਿਆਸ ਆਦਿ ਦਾ
ਵਿਸ਼ਲੇਸ਼ਣ ਫੂਕੋਡੇਰੀਅਨ-ਚਿੰਤਨ ਵਿਚ ਵਿਆਪਕ ਰੂਪ ਵਿਦਮਾਨ ਨਜ਼ਰੀ ਪੈਂਦਾ ਹੈ, ਜਿਹੜਾ ਫੂਕੋਡੇਰੀਅਨ-ਚਿੰਤਨ
ਦੇ ਗਿਆਨ ਪਸਾਰ ਵਜੋਂ ਪਿਛਲੀ ਸਦੀ ਦੇ ਵਿਸ਼ਵ-ਚਿੰਤਨ ਦਾ ਵਿਸ਼ੇਸ਼ ਪਛਾਣ ਚਿੰਨ੍ਹ ਵੀ ਬਣਦਾ ਹੈ ਅਤੇ
ਉਸ ਦੇ ਆਪਣੇ ਸਮਕਾਲੀਆਂ ਨਾਲੋਂ ਵੱਖਰਤਾ ਦਾ ਅਧਾਰ ਵੀ। ਹਾਲਾਂਕਿ ਫੂਕੋਡੇਰੀਅਨ-ਚਿੰਤਨ ਆਰੰਭ ਤੋਂ ਹੀ ਆਪਣੇ
ਪਛਾਣਮਈ-ਸ਼ਬਦ ‘ਸ਼ਕਤੀ’ ਲਈ ਨਹੀਂ ਜਾਣਿਆ ਜਾਂਦਾ ਸੀ, ਕਿਉਂਕਿ 1960 ਦੇ ਦਹਾਕੇ
ਦੌਰਾਨ ਵਿਸ਼ਵ-ਦਰਸ਼ਨ ਵਿਚ ਜੈਕ ਦੈਰਿਦਾ ‘ਟੈਕਸਟ ਤੋਂ ਬਾਹਰ ਕੁਝ ਵੀ
ਨਹੀਂ’ ਦੇ ਵਾਕ ਨਾਲ ਸ਼ਬਦ ਦੀ ਵਿਖੰਡਨੀ ਪ੍ਰਵਿਰਤੀ ਨੂੰ ਵੇਖਦਾ ਅਤੇ ਜੈਕ
ਲਾਂਕਾ ‘ਅਵਚੇਤਨ ਭਾਸ਼ਾਂ ਦੀ ਤਰ੍ਹਾਂ ਹੀ ਸੰਰਚਨਾ ਹੈ’ ਦੀ ਦਲੀਲ ਨਾਲ ਮਨੋਵਿਗਿਆਨ ਨੂੰ ਭਾਸ਼ਾ-ਵਿਗਿਆਨ ਵਿਚ ਬਦਲਦਾ ਹੋਇਆ ‘ਸ਼ਬਦ’ ਬਾਰੇ ਅਤੇ ‘ਸ਼ਬਦ’ ਨਾਲ ਸੰਬੰਧਿਤ ਚਿੰਤਨ ਦੇ ਬੋਲਬਾਲੇ ਨੂੰ ਸਥਾਪਿਤ ਕਰਦੇ ਹਨ। ‘ਸ਼ਬਦ’ ਅਧਾਰਿਤ ਇਹ ਚਿੰਤਨ ਸਿਰਫ਼ ਫ੍ਰਾਂਸ ਵਿਚ ਹੀ ਨਹੀਂ ਸਗੋਂ ਅਮਰੀਕਨ ਤੇ ਜਰਮਨ ਦਾਰਸ਼ਨਿਕ ਵੀ
ਆਪਣੀ ਹੋਂਦ ਰੱਖਦਾ ਸੀ ਅਤੇ ਫੂਕੋ ਵੀ ਆਪਣੇ ਮੁੱਢਲੇ ਦੌਰ ਵਿਚ ਇਸ ਦਾਈਰੇ ਵਿਚੋਂ ਹੀ ਗੁਜਰਦਾ ਹੈ। ਇਸ ਦਾ ਪ੍ਰਮਾਣ ਉਸਦੀ ਫ੍ਰੈਂਚ ਪੁਸਤਕ ਦਾ ਸਿਰਲੇਖ ‘Les mots et les choses’ ਭਾਵ ‘Words and Things’ (ਜਿਸ ਨੂੰ ਅੰਗਰੇਜ਼ੀ ਵਿਚ ‘The Order of Things’ ਨਾਮ ਨਾਲ ਅਨੁਵਾਦ ਕੀਤਾ ਗਿਆ) ਹੈ, ਜੋ ਫੂਕੋਡੇਰੀਅਨ-ਚਿੰਤਨ
ਵਿਚ ‘ਸ਼ਬਦ’ ਦੀ ਅਹਿਮੀਅਤ ਅਤੇ ਉਸ ਦੇ ਅਗਲੇਰੇ ਬੌਧਿਕ ਬਦਲਾਵ ਦੀ ਸਮਝ ਵੀ ਦਿੰਦਾ ਹੈ।3 ਇਸ ਬਦਲਾਵ ਅਧੀਨ ਫੂਕੋ ਆਪਣੇ ਸਮਕਾਲੀਆ ਨਾਲੋਂ ਵੱਖਰਤਾ
ਸਥਾਪਿਤ ਕਰਦਾ ਹੋਇਆ ‘ਸ਼ਬਦ’ ਦੀ ਦੁਨੀਆ ਵਿਚ ਰਹਿਣ ਦੀ ਬਜਾਇ 1970 ਦੇ ਦਹਾਕੇ ਵਿਚ ਆਪਣਾ ਦਾਰਸ਼ਨਿਕ ਧਿਆਨ ਸ਼ਕਤੀ ਵੱਲ ਤਬਦੀਲ ਕਰ ਲੈਂਦਾ ਹੈ ਅਤੇ ਫ਼ਲਸਫ਼ੇ
ਵਿਚ ਦਿਲਚਸਪੀ ਰੱਖਣ ਵਾਲੇ ਬਹੁਤ ਸਾਰੇ ਬੁੱਧੀਜੀਵੀਆਂ/ਪਾਠਕਾਂ ਲਈ ‘ਸ਼ਕਤੀ’
ਦਾ ਸਮਾਨਾਰਥੀ ਬਣਕੇ ਉਭਰਦਾ ਹੈ। ਪ੍ਰੰਤੂ ਫਿਰ ਵੀ ਫੂਕੋ ਨੇ ਆਪਣੇ-ਆਪ ਸ਼ਕਤੀ ਦਾ ਕੋਈ ਨਿਸਚਿਤ
ਸਿਧਾਂਤਕ ਫ਼ਲਸਫ਼ਾ/ਢਾਂਚਾ ਪੇਸ਼ ਨਹੀਂ ਕੀਤਾ? ਇਸ ਪ੍ਰਸ਼ਨ ਦੇ ਸੰਦਰਭ ਵਿਚ ਹੀ ਇਸ ਮਜ਼ਮੂਨ ਦਾ ਉਦੇਸ਼
ਫੂਕੋ ਦੇ ਸ਼ਕਤੀ ਦੇ ਸੁਭਾਅ ਤੇ ਸਰੂਪ ਨੂੰ ਏਂਕੀਕ੍ਰਿਤ ਰੂਪ ਵਿਚ ਸਮਝਣ ਦੀ ਕੋਸ਼ਿਸ਼ ਕਰਨਾ ਹੈ।
ਮਿਸ਼ੇਲ ਫੂਕੋ (15 ਅਕਤੂਬਰ
1926) ਇੱਕ ਫਰੈਂਚ ਇਤਿਹਾਸਕਾਰ ਅਤੇ ਦਾਰਸ਼ਨਿਕ ਸੀ, ਜੋ ਸੰਰਚਨਾਵਾਦ ਅਤੇ ਉੱਤਰ-ਸੰਰਚਨਾਵਾਦੀ
ਲਹਿਰਾਂ ਨਾਲ ਜੁੜਿਆ ਹੋਇਆ, ਨਾ ਸਿਰਫ਼ ਦਰਸ਼ਨ-ਖੇਤਰ ਵਿਚ ਬਲਕਿ ਮਾਨਵੀ-ਸਰੋਤ ਅਧਿਐਨ ਦੇ ਅਨੇਕਾਂ
ਧਰਾਤਲਾ ਅਤੇ ਸਮਾਜ-ਵਿਗਿਆਨਕ ਸ਼ਾਸਤਰਾਂ ਵਿਚ ਆਪਣਾ ਪ੍ਰਭਾਵ ਛੱਡਦਾ ਹੈ ਅਤੇ ਪਿਛਲੀ ਸਦੀ ਦੇ ਸਭ
ਤੋਂ ਵਧੇਰੇ ਹਵਾਲੇ ਦਿੱਤੇ ਜਾਣ ਵਾਲੇ
ਦਾਰਸ਼ਿਨਕਾਂ ਵਿਚੋਂ ਇਕ ਬਣਦਾ ਹੈ। ਅਕਾਦਮਿਕ ਖੇਤਰ ਵਿਚ ਮਿਸ਼ੇਲ ਫੂਕੋ 1960 ਈ. ਦੇ ਦਹਾਕੇ ਦੌਰਾਨ
ਸਥਾਪਿਤ ਹੋਇਆ, ਜਦੋਂ ਉਸ ਨੇ ਫਰੈਂਚ ਯੂਨੀਵਰਸਿਟੀਆਂ ਵਿਚ ਕਈ ਅਹੁਦਿਆਂ ਉੱਤੇ ਕਾਰਜ ਕਰਨਾ ਸ਼ੁਰੂ
ਕੀਤਾ, ਜਿਸ ਤੋਂ ਬਾਅਦ ਫੂਕੋ ‘Groupe
d'Information sur les Prisons (GIP)’ ਦਾ ਸਹਿ-ਸੰਸਥਾਪਕ ਬਣਿਆ
ਅਤੇ ਕੈਦੀਆ, ਸਮਲਿੰਗੀ ਤੇ ਫਰਾਂਸ ਦੇ ਹੋਰ ਹਾਸ਼ੀਆਗਤ ਸਮੂਹਾਂ ਦੇ ਪੱਖ ਵਿਚ ਸਥਾਪਤੀ ਵਿਰੁੱਧ
ਪ੍ਰਤੀਵਿਰੋਧ ਦਾ ਪ੍ਰਤੀਕ ਬਣ ਕੇ ਉੱਭਰਿਆ। ਉਹ ਅਕਸਰ ਫਰਾਂਸ ਤੋਂ
ਬਾਹਰ, ਖ਼ਾਸਕਰ ਸੰਯੁਕਤ ਰਾਜ ਵਿਚ ਭਾਸ਼ਣ ਦਿੰਦਾ ਰਿਹਾ ਅਤੇ 1983 ਈ. ਵਿਚ ਬਰਕਲੇ ਵਿਖੇ
ਕੈਲੇਫੋਰਨੀਆ ਯੂਨੀਵਰਸਿਟੀ ਵਿਚ ਹਰ ਸਾਲ ਪੜ੍ਹਾਉਣ ਲਈ ਸਹਿਮਤ ਹੋ ਗਿਆ। ਏਡਜ਼ ਵਰਗੀ ਬਿਮਾਰੀ ਦੇ ਮੁੱਢਲੇ ਸ਼ਿਕਾਰ ਵਜੋਂ ਮਿਸ਼ੇਲ ਫੂਕੋ 25 ਜੂਨ, 1984 ਈ. ਨੂੰ ਪੈਰਿਸ
ਵਿਚ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਆਖ ਗਿਆ।4
ਮਿਸ਼ੇਲ ਫੂਕੋ 1946 ਈ.
ਵਿਚ, ਅਸਿਸਤਵਾਦ ਦਰਸ਼ਨ ਦੀਆਂ ਵਿਆਖਿਆਵਾਂ ਦੌਰਾਨ ‘École Normale Supérieure’ (ENS ਪੈਰਿਸ ਵਿਚ ਵੱਕਾਰੀ
ਗ੍ਰੈਜੂਏਟ ਸਕੂਲ) ਵਿਚ ਦਾਖਲ ਹੋਇਆ ਸੀ। ਭਾਵੇਂ ਤਤਕਾਲੀਨ ਪ੍ਰਭਾਵੀ
ਚਿੰਤਕ ਜੀਨ ਪਾਲ ਸਾਰਤਰ, ਜੋ ਯੂਨੀਵਰਸਿਟੀ ਪ੍ਰਣਾਲੀ ਤੋਂ ਬਾਹਰ ਰਹਿ ਕੇ ਕਾਰਜਸ਼ੀਲ ਸੀ, ਦਾ ਫੂਕੋ
ਉੱਤੇ ਕੋਈ ਨਿੱਜੀ ਪ੍ਰਭਾਵ ਨਹੀਂ ਸੀ, ਪ੍ਰੰਤੂ ਸਾਰਤਰ ਵਾਂਗ ਫੂਕੋ ਦੇ ਬੌਧਿਕ ਕਾਰਜ ਦਾ ਆਰੰਭ ਵੀ
ਬੁਰਜ਼ੂਆ ਸਮਾਜ-ਸਭਿਆਚਾਰ ਪ੍ਰਤੀ ਨਕਾਰਾਤਮਿਕ ਨਜ਼ਰੀਏ ਅਤੇ ਬੁਰਜੂਆਜ਼ੀ ਦੇ ਹਾਸ਼ੀਏ (ਕਲਾਕਾਰਾਂ, ਸਮਲਿੰਗੀ,
ਕੈਦੀਆਂ ਆਦਿ) ਦੇ ਸਮੂਹਾਂ ਪ੍ਰਤੀ ਇੱਕ ਹਮਦਰਦੀ ਨਾਲ ਸ਼ੁਰੂ ਹੋਇਆ ਸੀ। ਉਹ ਦੋਵੇਂ ਸਾਹਿਤ ਅਤੇ ਮਨੋਵਿਗਿਆਨ ਦੇ ਨਾਲ-ਨਾਲ ਫ਼ਲਸਫ਼ੇ ਵਿਚ ਆਪਣੀ ਦਿਲਚਸਪੀ ਕਾਰਨ ਅਤੇ
ਰਾਜਨੀਤਿਕ ਕਾਰਜਸ਼ੀਲਤਾ ਦੇ ਆਧਾਰ ਉੱਤੇ ਇੱਕ ਮਜ਼ਬੂਤ ਕਾਰਕੁਨ ਵਜੋਂ ਇਕਮਿਕ ਪ੍ਰਤੀ ਹੁੰਦੇ ਹਨ। ਪਰ ਫੂਕੋ ਆਪਣੇ ਵਿਚਾਰਾਂ ਦੀ ਸਥਾਪਤੀ ਲਈ ਸਾਰਤਰ ਦੇ ਵਿਰੋਧ ਵਿਚ ਆਪਣੇ ਆਪ ਨੂੰ ਪਰਿਭਾਸ਼ਿਤ
ਕਰਨ ਦੀ ਕੋਸ਼ਿਸ਼ ਕਰਦਾ ਪ੍ਰਤੀਤ ਹੁੰਦਾ ਹੈ, ਜਿਸ ਅਧੀਨ ਵਿਅਕਤੀਗਤ ਅਤੇ ਰਾਜਨੀਤਕ ਤੌਰ 'ਤੇ ਫੂਕੋ
ਨੇ ਸਾਰਤਰ ਦੀ ਭੂਮਿਕਾ ਨੂੰ ਰੱਦ ਕਰ ਦਿੱਤਾ ਅਤੇ ਸਾਰਤਰ ਨੂੰ ਫੂਕੋ ਨੇ ਇੱਕ ਸਮਾਜ ਦੇ ਅਲੌਕਿਕ
ਸਿਧਾਂਤਾਂ ਦੀ ਪਾਲਨਾ ਕਰਨ ਵਾਲਾ "ਸਰਵ ਵਿਆਪਕ ਬੁੱਧੀਜੀਵੀ" (universal intellectual) ਵਜੋਂ ਜਾਣਿਆ5,
ਜਿਨ੍ਹਾਂ ਸਰਵ-ਵਿਆਪੀ ਬੁੱਧੀਜੀਵੀਆਂ ਦੀ ਭੂਮਿਕਾ ਉੱਤਰ-ਆਧੁਨਿਕ ਯੁੱਗ ਵਿਚ ਸਮਾਪਤ ਹੋ ਚੁੱਕੀ ਹੈ।
ਮਿਸ਼ੇਲ ਫੂਕੋ
ਉੱਤਰ-ਆਧੁਨਿਕਵਾਦੀ+ਉੱਤਰ-ਸੰਰਚਨਾਵਾਦੀ ਨਜ਼ਰੀਏ ਨਾਲ ਸੰਬੰਧਿਤ ਉੱਤਰ-ਆਧੁਨਿਕ ਯੁੱਗ ਨੂੰ ਵਿਸ਼ੇਸ਼
ਸ਼ੈਲੀ ਨਾਲ ਵੇਖਣਾ ਵਾਲਾ ਚਿੰਤਕ ਹੈ। ਉਹ ਅਰਥ-ਵਿਵਸਥਾ ਦੇ
ਨਾਲ-ਨਾਲ ਹੋਰ ਸਮਾਜਿਕ-ਸੰਸਥਾਵਾਂ ਦੀ ਪਛਾਣ/ਵਿਸ਼ਲੇਸ਼ਣ ਨੂੰ ਤਰਜ਼ੀਹ ਦੇਂਦਾ ਹੋਇਆ, ਸਮਾਜਿਕ
ਸੰਰਚਨਾਵਾਂ ਨੂੰ ਸ਼ਕਤੀ ਦੀ ਸੂਖਮ-ਰਾਜਨੀਤੀ ਖੇਡ ਵਜੋਂ ਵੇਖਦਾ ਹੈ, ਜਿਸ ਨੂੰ ਫੂਕੋ
ਦਿਨ-ਪ੍ਰਤੀ-ਦਿਨ ਦੀ ਜ਼ਿੰਦਗੀ ਵਿਚ ਮੌਜੂਦ/ਕਾਰਜਸ਼ੀਲ ਸਮਝਦਾ ਹੈ।6 ਭਾਵੇਂ ਸ਼ਕਤੀ ਦੀ ਹੋਂਦ/ਕਾਰਜਸ਼ੀਲਤਾ ਨੂੰ ਹਰੇਕ ਮਨੁੱਖ ਸਹਿਜ ਹੀ ਮਹਿਸੂਸ ਕਰ ਸਕਦਾ ਹੈ, ਪਰ
ਸ਼ਕਤੀ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਸਮੇਂ ਅਨੇਕਾਂ ਸਮੱਸਿਆਵਾਂ ਤੇ ਸ਼ੰਕੇ ਆਪਣੇ ਹੋਣ ਦਾ ਅਹਿਸਾਸ
ਕਰਵਾਉਂਦੇ ਪ੍ਰਤੀਤ ਹੋ ਜਾਂਦੇ ਹਨ। ਜਿਸ ਅਧੀਨ ਸ਼ਕਤੀ ਦੇ
ਵਿਕਲਪਾਂ ਦੀ ਇੱਕ ਲੰਬੀ ਫ਼ਹਿਰਿਸਤ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੀ ਇਸ ਵਿਵਾਦ ਨੂੰ ਉਤਪੰਨ
ਕਰਦੀ ਹੈ ਕਿ ਸ਼ਕਤੀ ਕਿਵੇਂ, ਕਿਸ ਦੁਆਰਾ, ਕਿਸ ਦੇ ਹਿੱਤ ਵਿਚ ਅਤੇ ਕਿਹੜੇ ਨਤੀਜਿਆਂ ਨਾਲ ਅਭਿਆਸ/ਅਮਲ
ਵਿਚ ਆਉਂਦੀ ਹੈ। ਇਸ ਸੰਦਰਭ ਵਿਚ ਕਈ
ਪ੍ਰਸ਼ਨਾਂ/ਕਿੰਤੂਆਂ ਦਾ ਜ਼ਿਕਰ ਕਰਦਾ ਹੋਇਆ ਵਿਲੀਅਮ ਡਾਰਿਟੀ (William Darity, Jr.) ਲਿਖਦਾ ਹੈ:
·
ਕੀ ਸ਼ਕਤੀ ਨੂੰ ਵਿਅਕਤੀਗਤ ਏਜੰਟਾਂ ਦੀਆਂ ਕਿਰਿਆਵਾਂ ਜਾਂ ਸਮਰੱਥਾਵਾਂ ਦੇ ਰੂਪ ਵਿਚ ਵੇਖਿਆ
ਜਾਣਾ ਚਾਹੀਦਾ ਹੈ, ਜਾਂ ਕੀ ਇਸ ਨੂੰ ਵਿਸ਼ਾਲ ਸਮਾਜਿਕ ਢਾਂਚਿਆਂ ਤੋਂ ਪ੍ਰਾਪਤ ਹੁੰਦੇ ਹੋਏ ਵੇਖਿਆ
ਜਾਣਾ ਚਾਹੀਦਾ ਹੈ?
·
ਕੀ ਸ਼ਕਤੀ ਕੋਈ ਅਜਿਹਾ ਸਰੋਤ ਜਾਂ ਸਮਰੱਥਾ ਹੈ ਜੋ ਅਕਿਰਿਆਸ਼ੀਲ ਰਹਿ ਸਕਦੀ ਹੈ, ਜਾਂ ਕੀ ਇਹ
ਉਦੋਂ ਹੀ ਮੌਜੂਦ ਹੁੰਦੀ ਹੈ ਜਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ?
·
ਕੀ ਸ਼ਕਤੀ ਕੁੱਝ ਨਤੀਜਿਆਂ ਨੂੰ ਪ੍ਰਾਪਤ ਕਰਨ ਦੀ ਯੋਗਤਾ ਦਾ ਹਵਾਲਾ ਦਿੰਦੀ ਹੈ, ਜਾਂ ਕੀ ਇਹ
ਏਜੰਟਾਂ ਵਿਚਕਾਰ ਸੰਬੰਧ ਹੈ ਜਿੱਥੇ ਇੱਕ ਦੂਜੇ ਉੱਤੇ ਸ਼ਕਤੀ ਵਰਤਦੇ ਹਨ?
·
ਕੀ ਸ਼ਕਤੀ ਜ਼ਰੂਰੀ ਤੌਰ ਤੇ ਦਬਦਬਾ, ਜ਼ਬਰਦਸਤੀ ਜਾਂ ਕਬਜ਼ਿਆਂ ਨੂੰ ਸ਼ਾਮਲ ਕਰਦੀ ਹੈ ਜਾਂ ਇਹ
ਸਹਿਮਤੀ ਦੇ ਆਧਾਰ 'ਤੇ ਹੋ ਸਕਦੀ ਹੈ?
·
ਕੀ ਸ਼ਕਤੀ ਦਾ ਇਸਤੇਮਾਲ ਕੇਵਲ ਉਦੋਂ ਕੀਤਾ ਜਾਂਦਾ ਹੈ ਜਦੋਂ ਕਿਸੇ ਖ਼ਾਸ ਕਾਰਵਾਈ ਦੇ ਨਤੀਜਿਆਂ
ਦਾ ਇਰਾਦਾ ਹੁੰਦਾ ਹੈ ਜਾਂ ਬਿਨਾਂ ਸੋਚੇ ਸਮਝੇ ਜਾਂ ਸੰਭਾਵਿਤ ਨਤੀਜੇ ਵੀ ਸ਼ਕਤੀ ਦੀ ਵਰਤੋਂ ਦੇ
ਪ੍ਰਮਾਣ ਵਜੋਂ ਗਿਣੇ ਜਾਂਦੇ ਹਨ?7
ਵਿਲੀਅਮ ਡਾਰਿਟੀ ਸ਼ਕਤੀ
ਬਾਰੇ ਇਨ੍ਹਾਂ ਸ਼ੰਕਿਆਂ ਦਾ ਵਿਸ਼ਲੇਸ਼ਣ ਕਰਦਾ ਹੋਇਆ ਲੂਕਸ (Lukes) ਦੇ ਹਵਾਲੇ ਨਾਲ ਤਰਕ ਦਿੰਦਾ ਹੈ ਕਿ ਅਨੇਕਾਂ/ਸਮੁੱਚੇ ਖੇਤਰਾਂ ਵਿਚ ਇਕੱਲੇ ਕੁਲੀਨ-ਵਰਗ ਦੇ
ਪ੍ਰਭਾਵਸ਼ਾਲੀ ਰੂਪ ਹੋਣ ਦੀ ਬਜਾਇ ਸ਼ਕਤੀ ਦਾ ਕਾਰਜ ਵੱਖ-ਵੱਖ/ਹੋਰ ਸਮੂਹ ਨੂੰ ਨੀਤੀ ਨਿਰਮਾਣ ਦੇ
ਭਿੰਨ ਖੇਤਰਾਂ ਵਿਚ ਪ੍ਰਭਾਵੀਕਰਨ ਨਾਲ ਸੰਬੰਧਿਤ ਹੋ ਸਕਦਾ ਹੈ। ਇਸ ਪ੍ਰਸੰਗ ਵਿਚ ਜੇਕਰ ਸ਼ਕਤੀ ਦੇ ਇਸ ਪ੍ਰਮੁੱਖ ਰੂਪ ਨੂੰ ਤਰਾਸ਼ਣਾ ਹੈ ਤਾਂ ਸਾਡੇ ਵਿਸ਼ਲੇਸ਼ਣ
ਦਾ ਉਦੇਸ਼ ਕਰਤੇ (subject) ਦੀ ਨਿਰਣੇ ਲੈਣ ਦੀ
ਸਮਰੱਥਾ ਅਤੇ ਹਿਤਾਂ ਦੇ ਟਕਰਾਅ ਦੀ ਪ੍ਰਕਿਰਿਆ ਦੀ ਪਛਾਣ ਕਰਨਾ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਿਸ਼ਲੇਸ਼ਣ-ਕਰਤਾ ਸ਼ਕਤੀ ਦੇ ਤਿੰਨ ਪਹਿਲੂਆਂ ਵਿਚ ਭਿੰਨਤਾ ਸਥਾਪਿਤ ਕਰਨ ਦੇ
ਸਮਰੱਥ ਹੋ ਸਕਦਾ ਹੈ: ਪਹਿਲਾਂ, ਕਿਸ ਕੋਲ ਫ਼ੈਸਲੇ ਲੈਣ ਦੀ ਯੋਗਤਾ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ
ਹੈ, ਦੂਜਾ, ਕਿਸ ਕੋਲ ਬਿਨਾਂ ਕਿਸੇ ਜ਼ਰੂਰੀ ਸੰਵਾਦ ਦੇ ਅੰਤਿਮ ਏਜੰਡੇ ਨੂੰ ਨਿਰਧਾਰਿਤ ਕਰਨ ਦੀ
ਸਮਰੱਥਾ ਹੈ ਅਤੇ ਤੀਸਰਾ, ਦੂਸਰੇ ਦੇ ਦ੍ਰਿਸ਼ਟੀਕੋਣ ਨੂੰ ਰੂਪਾਂਤਰਨ ਕਰਨ ਅਤੇ ਉਨ੍ਹਾਂ ਨੂੰ ਇਹ
ਮਨਾਉਣਾ ਕਿ ਉਨ੍ਹਾਂ ਦੇ ਹਿਤ ਅਸਲ ਵਿਚ ਉਹ ਹਨ ਜੋ ਵਿਰੋਧੀ ਧਿਰ ਦੁਆਰਾ ਦਰਸਾਏ ਗਏ ਹਨ।8 ਇਸ ਦੇ ਨਾਲ ਹੀ ਦੂਜੇ ਪਾਸੇ ਆਰਥਿਕ ਸੰਰਚਨਾਵਾਂ ਦਾ ਅਧਿਐਨ ਕਰਨ ਵਾਲੇ ਸਿਧਾਂਤ-ਮਾਡਲ ਤਰਕ
ਦਿੰਦੇ ਹਨ ਕਿ ਸ਼ਕਤੀ ਅਸਲ ਵਿਚ ਸਮਾਜਿਕ ਢਾਂਚੇ ਵਿਚ ਇੱਕ ਨਿਸ਼ਚਿਤ ਥਾਂ ਤੋਂ ਪੈਦਾ ਹੁੰਦੀ ਹੈ, ਜਿਸ
ਨੂੰ ਮਾਰਕਸਵਾਦੀ ਢੰਗ ਨਾਲ ਕਿਹਾ ਜਾ ਸਕਦਾ ਹੈ ਕਿ ਸ਼ਕਤੀ ਪੂੰਜੀਵਾਦੀ ਸਮਾਜ ਦੁਆਰਾ ਨਿਰਧਾਰਿਤ
ਆਰਥਿਕ-ਢਾਂਚੇ ਵਿਚੋਂ ਆਉਂਦੀ ਹੈ, ਜੋ ਜਮਾਤਾਂ ਦਰਮਿਆਨ ਸੰਬੰਧਾਂ ਨੂੰ ਆਕਾਰ ਦਿੰਦੀ ਹੈ ਅਤੇ ਇੱਕ
ਸਮੂਹ/ਵਿਅਕਤੀ ਨੂੰ ਦੂਜਿਆਂ ਉੱਤੇ ਹਾਵੀ ਹੋਣ ਦੇ ਯੋਗ ਬਣਾਉਂਦੀ ਹੈ।9
ਪ੍ਰੰਤੂ (ਜਿਵੇਂ ਪਹਿਲਾਂ ਕਿਹਾ ਹੈ ਕਿ) ਫੂਕੋ
ਆਰਥਿਕ-ਢਾਂਚੇ ਦੇ ਨਾਲ-ਨਾਲ ਹੋਰ ਸਮਾਜਕ ਸੰਸਥਾਵਾਂ ਦੀ ਪਛਾਣ ਕਰਦਾ ਹੋਇਆ, ਸਮਾਜਿਕ ਸੰਰਚਨਾਵਾਂ
ਨੂੰ ਸ਼ਕਤੀ ਦੀ ਸੂਖਮ-ਰਾਜਨੀਤੀ ਦੀ ਖੇਡ ਵਜੋਂ ਵੇਖਦਾ ਹੈ, ਜੋ ਜ਼ਿੰਦਗੀ ਦੇ ਦਿਨ-ਪ੍ਰਤੀ-ਦਿਨ ਦੇ
ਸੂਖਮ/ਸਥੂਲ ਪਹਿਲੂਆਂ ਵਿਚ ਮੌਜੂਦ/ਕਾਰਜਸ਼ੀਲ ਰਹਿੰਦੀ ਹੈ। ਸ਼ਕਤੀ ਸੰਬੰਧੀ ਇਹ ਦਲੀਲ ਫੂਕੋ ਦੀ ਕਾਰਲ ਮਾਰਕਸ ਤੋਂ ਭਿੰਨਤਾ ਸਥਾਪਿਤ ਕਰਨ ਦੇ ਨਾਲ-ਨਾਲ ਕਈ
ਵਾਰ ਵਿਰੋਧਤਾ ਵੀ ਖੜ੍ਹਾ ਕਰਦੀ ਹੈ, ਕਿਉਂਕਿ ਮਿਸ਼ੇਲ ਫੂਕੋ ਸ਼ਕਤੀ ਦੇ ਅਧਿਐਨ ਨੂੰ ਵਿਅਕਤੀਗਤ
ਤਰਜੀਹਾਂ, ਆਰਥਿਕ ਜਮਾਤਾਂ ਜਾਂ ਪੂੰਜੀਵਾਦੀ ਸਮਾਜ ਦੇ ਢਾਂਚੇ ਦੇ ਪ੍ਰਭਾਵਾਂ ਤੋਂ ਪਾਰ ਇੱਕ
ਸੁਤੰਤਰ ਵਰਤਾਰੇ ਵਜੋਂ ਸਵੀਕ੍ਰਿਤੀ ਦਿੰਦਾ ਹੈ,10 ਜਿਸ ਕਾਰਨ ਹੀ ਫੂਕੋ
ਸ਼ਕਤੀ-ਸੰਬੰਧਾਂ ਦੇ ਅਧਿਐਨ ਲਈ ਸ਼ਕਤੀ-ਸਿਧਾਂਤ ਦੀ ਸਿਰਜਨਾ ਦੀ ਬਜਾਇ "ਸ਼ਕਤੀ ਦਾ ਵਿਸ਼ਲੇਸ਼ਣ"11
ਕਰਨ ਨੂੰ ਤਰਜ਼ੀਹ ਦਿੰਦਾ ਹੈ ਅਤੇ ਸ਼ਕਤੀ ਦੇ ਇਕ ਵਿਆਪਕ ਸਿਧਾਂਤ ਨੂੰ ਵਿਕਸਤ ਕਰਨ ਤੋਂ
ਇਨਕਾਰ ਕਰ ਦਿੰਦਾ ਹੈ। ਭਾਵੇਂ ਕਿ ਅਨੇਕਾ ਇੰਟਰਵਿਊ-ਕਰਤਿਆਂ ਨੇ ਕਈ ਬਾਰ ਫੂਕੋ ਨੂੰ ਏਕੀਕ੍ਰਿਤ-ਸਿਧਾਂਤ
ਦੇਣ ਲਈ ਪ੍ਰਸ਼ਨ ਕੀਤੇ, ਪਰ ਉਸਨੇ ਅਜਿਹੇ ਸਿਧਾਂਤ ਦੇ ਨਿਰਮਾਣ ਦੀ ਬਜਾਇ ਸ਼ਕਤੀ ਦੇ ਸਟੀਕ ਵਿਸ਼ਲੇਸ਼ਣ ਲਈ ਇਕ ਨਵੀਨਤਮ ਵਿਧੀ ਪ੍ਰਸਤੁਤ ਕਰਨ ਉੱਤੇ ਵਧੇਰੇ ਜ਼ੋਰ ਦਿੱਤਾ।12 ਇਹ ਵਿਧੀ ਸ਼ਕਤੀ ਦੇ ਅਧਿਐਨ ਲਈ, ਸ਼ਕਤੀ 'ਕੀ' ਹੈ ਦੀ ਬਜਾਇ ਸ਼ਕਤੀ 'ਕਿਵੇਂ' ਕਾਰਜ ਕਰਦੀ ਹੈ, ਉੱਤੇ ਵਧੇਰੇ ਬਲ ਦਿੰਦੀ ਹੈ, ਕਿਉਂਕਿ
ਫੂਕੋ ਅਨੁਸਾਰ ਸ਼ਕਤੀ ਉਨ੍ਹਾਂ ਬਿੰਦੂਆਂ ਉੱਤੇ ਆਪਣੀ ਮੌਜੂਦਗੀ ਦਰਸਾਉਂਦੀ ਹੈ ਜਿੱਥੇ ਇਹ ਕਿਰਿਆਸ਼ੀਲ ਰਹਿੰਦੀ ਹੈ ਅਤੇ ਕਿਸੇ ਅਜਿਹੀ ਸ਼ਕਤੀ ਦੀ ਹੋਂਦ ਨੂੰ ਨਹੀਂ ਸਵੀਕਾਰਿਆ ਜਾ ਸਕਦਾ, ਜੋ ਅਦਿੱਖ ਹੱਥਾਂ ਵਿਚ ਕਿਸੇ ਰਹੱਸਮਈ ਚੀਜ਼ ਵਰਗੀ ਹੋਵੇ ਅਤੇ ਬਿਨਾਂ ਅਭਿਆਸ/ਅਮਲ ਤੋਂ "ਯਥਾਰਥ" ਦਾ ਸਿਰਜਣ ਕਰ ਸਕਦੀ ਹੋਵੇ।
ਫੂਕੋ
ਤੋਂ ਪੂਰਵਲੇ ਰਾਜਨੀਤਿਕ ਦਾਰਸ਼ਨਿਕਾਂ ਨੇ ਸ਼ਕਤੀ ਦੇ ਸਾਰ ਨੂੰ ਸਵੀਕਾਰ ਕਰਦੇ ਹੋਏ ਸ਼ਕਤੀ ਨੂੰ
ਪ੍ਰਭੂਸੱਤਾ, ਮੁਹਾਰਤ ਜਾਂ ਏਕੀਕ੍ਰਿਤ ਨਿਯੰਤਰਨ ਦੇ ਰੂਪ ਵਜੋਂ ਵੇਖਿਆ ਸੀ। ਜਿਵੇਂ ਕਿ ਜਰਮਨ ਦਾਰਸ਼ਨਿਕ
ਮੈਕਸ ਵੈਬਰ (1864-1920) ਨੇ ਪ੍ਰਭਾਵਸ਼ਾਲੀ ਢੰਗ ਨਾਲ ਦਲੀਲ ਦਿੱਤੀ ਕਿ ਰਾਜ ਸ਼ਕਤੀ ਇੱਕ ‘ਬਾਹਰੀ ਸ਼ਕਤੀ ਦੀ ਜਾਇਜ਼ ਵਰਤੋਂ ਦਾ ਏਕਾਧਿਕਾਰ’ ਹੁੰਦੀ ਹੈ
ਅਤੇ ਅੰਗਰੇਜ਼ੀ ਦਾਰਸ਼ਨਿਕ ਅਤੇ ਰਾਜ ਸ਼ਕਤੀ ਦੇ ਮੂਲ ਸਿਧਾਂਤਕਾਰ ਥਾਮਸ ਹੋਬਜ਼ (1588-1679)
ਨੇ ਸ਼ਕਤੀ ਦੇ ਸਾਰ ਨੂੰ ਰਾਜ ਦੀ ਪ੍ਰਭੂਸੱਤਾ ਵਜੋਂ ਵੇਖਿਆ ਅਤੇ ਸ਼ਕਤੀ ਦੀ ਸਰਵ ਉੱਤਮ ਅਤੇ
ਸ਼ੁੱਧ ਵਰਤੋਂ ਪ੍ਰਭੂਸੱਤਾ ਦੀ ਇਕਹਿਰੀ ਸਥਿਤੀ ਵਿਚ ਸਵੀਕਾਰ ਕੀਤੀ।
ਫੂਕੋ ਨੇ ਭਾਵੇਂ ਕਦੇ ਵੀ
ਹੋਬਸੀਅਨ ਅਰਥਾਂ ਵਾਲੀ ਰਾਜ ਸ਼ਕਤੀ ਦੀ ਹਕੀਕਤ ਤੋਂ ਇਨਕਾਰ ਨਹੀਂ ਕੀਤਾ। ਪ੍ਰੰਤੂ ਉਸਦੇ ਰਾਜਨੀਤਿਕ ਦਰਸ਼ਨ ਦੀ ਧਾਰਨਾ ਇਸ
ਪ੍ਰਸ਼ਨ ਵਿਚੋਂ ਹੀ ਪੈਂਦਾ ਹੁੰਦੀ ਹੈ ਕਿ ਕੀ ਅਸਲ ਸ਼ਕਤੀ ਸਰਬਸ਼ਕਤੀਮਾਨ ਪ੍ਰਭੂਸੱਤਾ (sovereign power) ਹੀ ਹੁੰਦੀ ਹੈ? ਇਸ ਸੰਦਰਭ ਵਿਚ ਫੂਕੋਡੇਰੀਅਨ-ਚਿੰਤਨ ਉਨ੍ਹਾਂ Juridico-Discursive13 ਮਾਡਲਾਂ ਦਾ ਵਿਰੋਧ
ਸਿਰਜਦਾ ਹੈ, ਜਿਨ੍ਹਾਂ ਅਧੀਨ ਸ਼ਕਤੀ ਨੂੰ ਰਾਜ, ਖ਼ਾਸਕਰ ਕਾਨੂੰਨੀ ਦਾਇਰੇ ਨਾਲ ਸੰਬੰਧਿਤ ਕੀਤਾ
ਜਾਂਦਾ ਹੈ ਅਤੇ ਸਮਾਜ ਵਿਚ ਅਨੁਸ਼ਾਸਨ/ਨਿਯਮ ਲਾਗੂ ਕਰਨ ਦੀ ਦਮਨਕਾਰੀ ਸਮਰੱਥਾ ਵਜੋਂ ਸਮਝਿਆ ਜਾਂਦਾ
ਹੈ। ਇਨ੍ਹਾਂ
ਕੱਟੜਪੰਥੀ ਸਿਧਾਂਤਾਂ ਅਨੁਸਾਰ ਸ਼ਕਤੀ ਵਿਚ ਕਾਨੂੰਨੀ ਸਮਝੌਤੇ ਉੱਤੇ ਆਧਾਰਿਤ ਜਾਇਜ਼ ਠਹਿਰਾਈਆਂ ਗਈਆਂ
ਮਨਾਹੀਆਂ ਜਾਂ ਜਮਾਤੀ ਦਬਦਬੇ ਨੂੰ ਕਾਇਮ ਰੱਖਣ ਲਈ ਉਦਾਰਵਾਦੀ ਵਿਚਾਰਧਾਰਾ, ਜ਼ਬਰਮਈ ਕਾਨੂੰਨ ਅਤੇ
ਪੁਲੀਸਿੰਗ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਨਿਸ਼ਚਿਤ ਤੌਰ 'ਤੇ ਇਹ ਸਿਧਾਂਤ ਨਕਾਰਾਤਮਿਕ, ਪ੍ਰਤੀਬੰਧਤ,
ਰੋਕਾਂ ਅਤੇ ਮਨਾਹੀਆਂ ਉੱਤੇ ਆਧਾਰਿਤ ਹਨ। ਪ੍ਰੰਤੂ ਮਿਸ਼ੇਲ ਫੂਕੋ Juridico-Discursive ਮਾਡਲਾਂ ਦੇ ਵਿਪਰੀਤ ਸ਼ਕਤੀ
ਦਾ ਵਧੇਰੇ ਪ੍ਰਭਾਵ ਮਹਿਸੂਸ ਕਰਨ ਵਾਲੇ ਸਮਾਜਿਕ-ਅਭਿਆਸਾਂ ਦੇ ਵੇਰਵਿਆਂ ਦੇ ਵਿਸ਼ਲੇਸ਼ਣ ਲਈ ਚੇਤੰਨ
ਚਿੰਤਕ ਹੈ, ਜਿਸ ਕਾਰਨ ਫੂਕੋਡੇਰੀਅਨ-ਮਾਡਲ ਲਈ ਸ਼ਕਤੀ ਆਪਣੇ ਅਭਿਆਸਾਂ ਵਿਚ ਵਿਸ਼ੇਸ਼ ਪ੍ਰਕਾਰ ਦੀਆਂ
ਦੇਹਾਂ ਅਤੇ ਦਿਮਾਗਾਂ ਨੂੰ ਪੈਦਾ ਕਰਨ ਲਈ ਕਾਰਜ ਕਰਦੀ ਹੋਈ ਉਤਪਾਦਕ (productive) ਅਰਥਾਂ ਵਿਚ ਹੋਂਦ ਰੱਖਦੀ ਹੈ ਜੋ ਸ਼ਕਤੀ
ਦੇ ਪੁਰਾਣੇ ਮਾਡਲ ਦੇ ਦ੍ਰਿਸ਼ਟੀਕੋਣ ਵਿਚ ਅਲੋਪ ਹੈ। ਇਸ ਕਾਰਨ ਹੀ ਫੂਕੋ ਲਈ
ਸ਼ਕਤੀ ਵਿਵਹਾਰ ਅਤੇ ਘਟਨਾਵਾਂ ਨੂੰ ਰੂਪ ਦਿੰਦੀ ਉਤਪਾਦਕ ਰੂਪ ਹੈ, ਨਾ ਕਿ ਸਿਰਫ਼ ਵਿਅਕਤੀਆਂ ਦੀ
ਆਜ਼ਾਦੀ ਨੂੰ ਨਸ਼ਟ ਕਰਦੀ ਜਾਂ ਕਰਨ ਲਈ ਮਜਬੂਰ ਕਰਦੀ ਦਮਨਕਾਰੀ ਪ੍ਰਕਿਰਿਆ ਹੈ। ਇਕਮਾਤਰ ਦਮਨ ਨਾਲ ਸ਼ਕਤੀ ਦੀ ਪਛਾਣ ਨੂੰ ਸੰਬੰਧਿਤ ਕਰਨਾ ਇਸ ਤਰਕ ਨੂੰ ਸਥਾਪਿਤ ਕਰਨ ਹੈ ਕਿ
ਸ਼ਕਤੀ ਦਾ ਪ੍ਰਯੋਗ, ਪ੍ਰਯੋਜਨ ਤੇ ਨਿਕਾਸ ਕੇਂਦਰੀ (central) ਪ੍ਰਵਿਰਤੀ ਦਾ ਧਾਰਨੀ ਹੈ। ਪ੍ਰੰਤੂ ਇਸ ਦੇ ਮੁਕਾਬਲਤਨ ਫੂਕੋ ਦੀ ਸ਼ਕਤੀ ਦੀ ਧਾਰਨਾ ਬਹੁਵਚਨਵਾਦੀ (pluralist) ਹੈ, ਜਿਸ ਵਿਚ ਸ਼ਕਤੀ ਇਕੱਲੇ ਰਾਜਨੀਤਿਕ ਕੇਂਦਰ ਦੀ ਬਜਾਇ ਅਣਗਿਣਤ ਬਿੰਦੂਆਂ ਤੋਂ ਸੰਚਾਲਿਤ
ਹੁੰਦੀ ਹੋਈ ਸਰਵ-ਵਿਆਪੀ+ਸਹਿ-ਵਿਆਪੀ ਹੋਂਦ ਰੱਖਦੀ ਹੈ ਭਾਵ ਕਿ ਸ਼ਕਤੀ ਕਿਸੇ ਕੁਲੀਨ
ਵਿਅਕਤੀ/ਵਰਗ ਦਾ ਇਕਮਾਤਰ ਕਬਜ਼ਾ ਨਹੀਂ ਹੈ ਅਤੇ ਨਾ ਹੀ ਇਹ ਇੱਕ ਵੱਡੇ ਪ੍ਰਾਜੈਕਟ ਦੁਆਰਾ ਨਿਯੰਤਰਿਤ
ਹੁੰਦੀ ਹੈ। ਇੱਥੇ ਇਹ ਧਿਆਨਯੋਗ ਨੁਕਤਾ ਇਹ ਹੈ ਕਿ ਸ਼ਕਤੀ ਨੂੰ ਉਤਪਾਦਕ ਰੂਪ ਵਿਚ ਸਵੀਕਾਰਨ ਦਾ ਅਰਥ ਸ਼ਕਤੀ
ਨੂੰ ਸਕਾਰਾਤਮਿਕ ਰੂਪ ਵਿਚ ਵੇਖਣ ਨਾਲ ਸੰਬੰਧਿਤ ਨਹੀਂ ਹੈ, ਸਗੋਂ ਇਸ ਦੇ ਵਿਪਰੀਤ ਫੂਕੋਡੇਰੀਅਨ-ਚਿੰਤਨ
ਵਿਚ "ਸ਼ਕਤੀ" ਸ਼ਬਦ ਦਾ ਪ੍ਰਯੋਗ ਸਮਾਜਿਕ-ਅਭਿਆਸਾਂ ਵਿਚ ਇੱਕ ਆਲੋਚਨਾਤਮਿਕ ਦ੍ਰਿਸ਼ਟੀਕੋਣ
ਨੂੰ ਦਰਸਾਉਂਦਾ ਹੈ। ਇਸ ਕਾਰਨ ਸ਼ਕਤੀ ਨਿਯਮਿਤ
ਤੇ ਅਨੁਸ਼ਾਸਿਤ ਸਮਾਜਿਕ ਸੰਬੰਧਾਂ ਅਤੇ ਪਛਾਣਾਂ ਨੂੰ ਸਿਰਜਣ ਦੇ ਸੰਦਰਭ ਵਿਚ ਹੀ ਉਤਪਾਦਕ ਹੈ,
ਜਿਨ੍ਹਾਂ ਦਾ ਅੱਗੋਂ ਪ੍ਰਤਿਰੋਧ ਸਿਰਜਿਆ ਜਾਣਾ ਹੈ।14 ਫੂਕੋ ਅਨੁਸਾਰ:
ਸ਼ਕਤੀ ਦੀ ਸਰਬ-ਵਿਆਪਕਤਾ:
ਇਸ ਕਰਕੇ ਨਹੀਂ ਹੈ ਕਿ ਇਸ ਨੂੰ ਆਪਣੀ ਅਜਿੱਤ ਏਕਤਾ ਦੇ ਅਧੀਨ ਸਭ ਕੁੱਝ ਨੂੰ ਇੱਕਜੁੱਟ ਕਰਨ ਦਾ
ਸਨਮਾਨ ਪ੍ਰਾਪਤ ਹੋਇਆ ਹੈ, ਪਰ ਕਿਉਂਕਿ ਇਹ ਇੱਕ ਪਲ ਤੋਂ ਅਗਲੇ ਪਲ, ਹਰ ਬਿੰਦੂ 'ਤੇ ਜਾਂ ਹਰ
ਸੰਬੰਧ ਵਿਚ ਇੱਕ ਬਿੰਦੂ ਤੋਂ ਦੂਜੇ ਤੱਕ ਪੈਦਾ ਹੁੰਦੀ ਹੈ। ਸ਼ਕਤੀ ਹਰ ਜਗ੍ਹਾ ਹੈ; ਇਹ ਇਸ ਲਈ ਨਹੀਂ ਕਿ ਇਹ ਹਰ ਚੀਜ਼ ਨੂੰ ਗਲੇ ਲਗਾਉਂਦੀ ਹੈ, ਸਗੋਂ ਇਸ
ਲਈ ਕਿਉਂਕਿ ਇਹ ਹਰ ਜਗ੍ਹਾ ਤੋਂ ਆਉਂਦੀ ਹੈ। "ਸ਼ਕਤੀ" ਇਹ
ਸਥਾਈ, ਦੁਹਰਾਉਣ ਵਾਲੀ, ਆਕਾਰ ਅਤੇ ਪੁਨਰ-ਉਤਪਾਦਨ ਕਰਨ ਵਾਲੀ ਹੈ, ਇਸ ਦਾ ਸਭ ਤੋਂ ਵੱਧ ਪ੍ਰਭਾਵ
ਹੈ ਜੋ ਇਨ੍ਹਾਂ ਸਾਰੀਆਂ ਗਤੀਸ਼ੀਲਤਾਵਾਂ ਤੋਂ ਉੱਭਰਦਾ ਹੈ..... ਇਸ ਵਿਚ ਕੋਈ ਸ਼ੱਕ ਨਹੀਂ: ਸ਼ਕਤੀ
ਇੱਕ ਸੰਸਥਾ ਨਹੀਂ, ਅਤੇ ਇੱਕ ਢਾਂਚਾ ਨਹੀਂ; ਨਾ ਹੀ ਇਹ ਇੱਕ ਨਿਸ਼ਚਤ ਸਮਰੱਥਾ ਹੈ ਜਿਸ ਨੂੰ ਅਸੀਂ
ਅਧਿਕਾਰ ਦੇਣਾ ਹੈ; ਇਹ ਉਹ ਨਾਮ ਹੈ ਜੋ ਇੱਕ ਵਿਸ਼ੇਸ਼ ਸਮਾਜ ਵਿਚ ਇੱਕ ਗੁੰਝਲਦਾਰ ਰਣਨੀਤਕ ਸਥਿਤੀ ਦਾ
ਲੱਛਣ ਹੈ।15
ਇਸ ਪ੍ਰਕਾਰ ਫੂਕੋ ਲਈ ਸ਼ਕਤੀ
ਉਤਪਾਦਕ ਰੂਪ ਵਿਚ ਹੋਂਦ ਰੱਖਦੀ ਸਹਿ-ਵਿਆਪੀ+ਸਰਵ-ਵਿਆਪੀ (power is everywhere) ਹੈ, ਜੋ ਕਿਸੇ ਕੁਲੀਨ
ਵਰਗ ਜਾਂ ਸੰਸਥਾਵਾਂ ਦੇ ਕਬਜ਼ੇ ਤੋਂ ਨਿਰਲੇਪ ਆਪਣੇ ਅਭਿਆਸ ਵਿਚ ਅਣਗਿਣਤ ਬਿੰਦੂਆਂ ਤੋਂ ਸੰਚਾਲਿਤ (comes from everywhere) ਹੁੰਦੀ ਹੈ ਅਤੇ ਸਮਾਜ
ਵਿਚ ਫੈਲੇ ਸੰਬੰਧਾਂ ਦੀ ਪ੍ਰਣਾਲੀ ਦੇ ਰੂਪ ਵਿਚ ਇੱਕ ਇਕਾਈ ਵੱਲੋਂ ਦੂਜੀ ਇਕਾਈ ਨੂੰ ਪ੍ਰਭਾਵ ਕਰਨ
ਦੀ ਸਮਰੱਥਾ ਰੱਖਦੀ ਹੈ। ਇਸ ਲਈ ਕਰਤਿਆਂ ਨੂੰ ਸਿਰਫ਼
ਸ਼ਕਤੀ ਪ੍ਰਾਪਤ ਕਰਨ ਵਾਲੇ ਕਾਰਕਾਂ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਉਸ ਜਗ੍ਹਾ ਵਜੋਂ
ਦੇਖਿਆ ਜਾਣਾ ਚਾਹੀਦਾ ਹੈ ਜਿੱਥੇ ਸ਼ਕਤੀ ਰੂਪ ਗ੍ਰਹਿਣ ਕਰਦੀ ਹੈ ਜਾਂ ਸ਼ਕਤੀ ਦਾ ਪ੍ਰਤਿਰੋਧ ਉਤਪੰਨ
ਹੁੰਦਾ ਹੈ। ਇਸ ਵਿਚਾਰ ਦੀ ਸਥਾਪਨਾ ਨਾਲ ਫੂਕੋ ਦੇ ਸ਼ਕਤੀ-ਸਿਧਾਂਤ ਨੇ ਨਾ ਸਿਰਫ਼ ਸ਼ਕਤੀ ਨੂੰ
ਖ਼ੁਦਮੁਖ਼ਤਾਰ ਰੂਪ ਵਿਚ ਵਿਚਾਰਿਆ, ਬਲਕਿ ਕਰਤਿਆਂ ਦੀ ਸ਼ਕਤੀ-ਸੰਬੰਧਾਂ ਵਿਚ ਸਕ੍ਰਿਆ ਭੂਮਿਕਾ ਨੂੰ ਵੀ
ਸਵੀਕਾਰ ਕੀਤਾ ਹੈ। ‘The History
of Sexuality: Volume-One’ ਵਿਚ ਫੂਕੋ ਸ਼ਕਤੀ ਨੂੰ ਪਰਿਭਾਸ਼ਿਤ ਕਰਦਾ ਹੋਇਆ ਕਹਿੰਦਾ ਹੈ ਕਿ "ਸ਼ਕਤੀ ਨੂੰ ਉਸ ਤਾਕਤ (force) ਦੇ ਸੰਬੰਧਾਂ ਦੀ ਅਨੇਕਤਾ
ਦੀ ਸਥਿਤੀ ਵਿਚ ਸਮਝਿਆ ਜਾਣਾ ਚਾਹੀਦਾ ਹੈ ਕਿ ਜਿਸ ਵਿਚ ਉਹ ਕਾਰਜਸ਼ੀਲ ਹੁੰਦੀ ਹੈ ਅਤੇ ਜਿੱਥੇ
ਆਪਣੀਆਂ ਸੰਸਥਾਵਾਂ ਬਣਾਉਂਦੀ ਹੈ; ਇੱਕ ਪ੍ਰਕਿਰਿਆ ਦੇ ਤੌਰ 'ਤੇ, ਜਿਸ ਵਿਚ ਨਿਰੰਤਰ ਸੰਘਰਸ਼ਾਂ ਅਤੇ
ਟਕਰਾਵਾਂ ਦੇ ਜ਼ਰੀਏ, ਉਨ੍ਹਾਂ ਨੂੰ ਬਦਲਦੀ ਹੈ, ਮਜ਼ਬੂਤ ਕਰਦੀ ਹੈ ਜਾਂ ਉਲਟਾਉਂਦੀ ਹੈ; ਇੱਕ ਸਮਰਥਨ
ਦੇ ਰੂਪ ਵਿਚ, ਜਿੱਥੇ ਤਾਕਤ ਦੇ ਸੰਬੰਧ ਇੱਕ ਦੂਜੇ ਨੂੰ ਲੱਭਦੇ ਹਨ, ਇੱਕ ਚੇਨ ਜਾਂ ਇੱਕ ਸਿਸਟਮ
ਬਣਾਉਂਦੇ ਹਨ; ਜਾਂ ਇਸ ਦੇ ਉਲਟ ਵਿਗਾੜ ਅਤੇ ਵਿਰੋਧਤਾਈਆਂ, ਜਿਹੜੀਆਂ ਉਨ੍ਹਾਂ ਨੂੰ ਇੱਕ ਦੂਜੇ ਤੋਂ
ਅਲੱਗ ਕਰਦੀਆਂ ਹਨ ਅਤੇ ਅੰਤ ਵਿਚ ਰਣਨੀਤੀਆਂ ਦੇ ਰੂਪ ਵਿਚ, ਜਿਸ ਵਿਚ ਉਹ ਪ੍ਰਭਾਵਸ਼ਾਲੀ ਹੁੰਦੀਆਂ
ਹਨ, ਜਿਸਦਾ ਸਾਧਾਰਨ ਡਿਜ਼ਾਈਨ ਜਾਂ ਸੰਸਥਾਗਤ-ਨਿਰਮਾਣ ਰਾਜ ਦੇ ਉਪਕਰਨਾਂ ਵਿਚ, ਕਾਨੂੰਨੀ
ਨਿਰਮਾਣ-ਰੂਪਾਂ ਵਿਚ, ਅਨੇਕਾਂ ਸਮਾਜਿਕ ਧੋਸਾਂ ਵਿਚ ਸ਼ਾਮਲ ਹੁੰਦਾ ਹੈ।"16 ਇਹ ਸ਼ਕਤੀ-ਸੰਬੰਧ ਅਨੇਕਾਂ ਹੋਰ ਕਿਸਮਾਂ ਦੇ ਸੰਬੰਧਾਂ (ਆਰਥਿਕ
ਪ੍ਰਕਿਰਿਆਵਾਂ, ਗਿਆਨ ਸੰਬੰਧਾਂ, ਕਾਮੁਕ ਸੰਬੰਧਾਂ) ਤੋਂ ਬਾਹਰ ਸਥਿਤ ਨਹੀਂ ਹੁੰਦੇ, ਸਗੋਂ
ਸਰਵ-ਵਿਆਪੀ ਰੂਪ ਗ੍ਰਹਿਣ ਕਰਦੇ ਹੋਏ ਬਾਅਦ ਵਿਚ ਉਤਪੰਨ ਹੋਈਆਂ ਵੰਡਾਂ, ਅਸਮਾਨਤਾਵਾਂ ਅਤੇ
ਅਸੰਤੁਸ਼ਟਤਾ ਦੇ ਤੁਰੰਤ ਪ੍ਰਭਾਵ ਹੁੰਦੇ ਹਨ। ਇਸ ਦੇ ਵਿਪਰੀਤ,
ਸ਼ਕਤੀ-ਸੰਬੰਧ ਇਨ੍ਹਾਂ ਭਿੰਨਤਾਵਾਂ ਦੀਆਂ ਅੰਦਰੂਨੀ ਸਥਿਤੀਆਂ ਵੀ ਹੁੰਦੇ ਹਨ ਅਤੇ ਸ਼ਕਤੀ-ਸੰਬੰਧ ਦੀ
ਉਸਾਰ-ਸੰਰਚਨਾ ਵਾਲੀ ਸਥਿਤੀ ਵਿਚ ਹੋਣ ਦੀ ਬਜਾਇ ਮਨਾਹੀ ਜਾਂ ਸਹਾਇਕ (prohibition or accompaniment) ਦੀ ਭੂਮਿਕਾ ਦੇ ਨਾਲ
ਆਪਣੇ ਅਭਿਆਸਾਂ ਵਿਚ ਪ੍ਰਤੱਖ ਉਤਪਾਦਕ ਦੀ ਵੀ ਭੂਮਿਕਾ ਰੱਖਦੇ ਹਨ।17
ਇਸ ਤਰ੍ਹਾਂ ਸ਼ਕਤੀ-ਸੰਬੰਧਾਂ
ਦੀ ਬਹੁਲਤਾ ਉੱਥੇ ਸਰਵ-ਵਿਆਪੀ ਹੈ ਜਿੱਥੇ ਉਹ ਸੰਚਾਲਿਤ ਹੁੰਦੇ ਹਨ ਅਤੇ ਜਿੱਥੇ ਆਪਣੇ ਸੰਗਠਨ ਦਾ
ਨਿਰਮਾਣ ਕਰਦੇ ਹਨ। ਫੂਕੋ ਤੋਂ
ਪੂਰਵ-ਸਿਧਾਂਤਕੀ ਵਿਚ ਆਮ ਧਾਰਨਾ ਸੀ ਕਿ ਸ਼ਕਤੀ ਏਜੰਟਾਂ/ਕਰਤਿਆਂ ਲਈ ਅਤੇ ਏਜੰਟਾਂ/ਕਰਤਿਆਂ ਦੁਆਰਾ
ਅਭਿਆਸ ਵਿਚ ਆਉਂਦੀ ਹੈ, ਪਰ ਫੂਕੋ ਨੇ ਸ਼ਕਤੀ ਨੂੰ ਵਧੇਰੇ ਤਰਕਸੰਗਤ ਤੇ ਅਵਿਅਕਤੀਗਤ (Impersonal)18 ਰੂਪ ਪ੍ਰਦਾਨ ਕੀਤਾ
ਹੈ, ਜੋ ਤਾਕਤ, ਸਮਰੱਥਾ, ਦਬਦਬਾ ਅਤੇ ਅਧਿਕਾਰ ਦੇ
ਖੇਤਰ ਵਿਚ ਨਹੀਂ ਜਾਂਦਾ ਅਤੇ ਸ਼ਕਤੀ ਕਿਸੇ ਲਈ ਵੀ ਜ਼ਿੰਮੇਵਾਰ+ਉੱਤਰਦਾਈ ਨਹੀਂ ਮੰਨੀ ਜਾਂਦੀ ਹੈ
ਕਿਉਂਕਿ ਇਹ ਵਿਅਕਤੀਆਂ, ਸਮੂਹਾਂ ਜਾਂ ਸੰਸਥਾਵਾਂ ਦੁਆਰਾ ਨਾ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਨਾ
ਹੀ ਲਾਗੂ ਕੀਤੀ ਜਾ ਸਕਦੀ ਹੈ। ਫੂਕੋ ਲਈ ਸ਼ਕਤੀ ਦਾ ਸੰਕਲਪ
ਸੰਬੰਧਾਂ ਦਾ ਇੱਕ ਗੁੰਝਲਦਾਰ ਸਮੂਹ/ਵਿਸ਼ਾਲ ਨੈੱਟਵਰਕ ਬਣ ਜਾਂਦਾ ਹੈ, ਜਿਹੜਾ ਕਿਰਿਆਵਾਂ ਤੇ ਕਾਰਜ
ਦੇ ਪ੍ਰਭਾਵ ਦਾ ਕੁੱਲ ਜੋੜ ਹੁੰਦਾ ਹੋਇਆ ਦਿਸ਼ਾਹੀਣ ਅਤੇ ਕਈ ਅਰਥਾਂ ਵਿਚ ਉਦੇਸ਼ਹੀਣ ਹੁੰਦਾ ਹੈ।19 ਸਮਾਜ ਦਾ ਹਰ ਵਿਅਕਤੀ, ਵਿਚਾਰ, ਵਿਹਾਰ ਤੇ ਵਰਤਾਰਾ ਸ਼ਕਤੀ-ਸੰਬੰਧਾਂ ਤੋਂ ਰਹਿਤ ਨਹੀਂ, ਸਗੋਂ
ਵਿਰੋਧਤਾਈਆਂ ਵਿਚ/ਲਈ ਕਾਰਜ ਕਰਨ ਦਾ ਅਰਥ ਵੀ ਸ਼ਕਤੀ ਅਧੀਨ ਕਾਰਜ ਕਰਨਾ ਹੀ ਹੈ। ਸ਼ਕਤੀ ਤੋਂ ਮੁਕਤ ਹੋਣ ਲਈ ਏਜੰਟਾਂ/ਵਿਅਕਤੀਆਂ ਨੂੰ ਇਕਮਾਤਰ ਸਮਾਜ-ਸਭਿਆਚਾਰ ਦੀਆਂ ਸਮੁੱਚੀਆਂ
ਨਿਰਮਾਣਕਾਰੀਆ ਤੋਂ ਮੁਕਤ ਹੋਕੇ ਇਕਾਂਤਵਾਸ/ਪੂਰਨ ਗ਼ੁਲਾਮੀ ਦੀ ਸਥਿਤੀ ਵਿਚ ਪ੍ਰਵੇਸ਼ ਕਰਨਾ ਹੋਵੇਗਾ,
ਕਿਉਂਕਿ ਸ਼ਕਤੀ-ਸੰਬੰਧਾਂ ਤੋਂ ਬਾਹਰ ਹੀ ਵਿਅਕਤੀਆਂ ਵਿਚਕਾਰ ਕੋਈ ਸੰਬੰਧ ਸੰਭਵ ਨਹੀਂ ਅਤੇ ਜਦੋਂ
ਕਿਸੇ ਵਾਤਾਵਰਨ ਵਿਚ ਮਨੁੱਖ ਇੱਕ ਕਰਤੇ/ਏਜੰਟ ਦੀ ਭੂਮਿਕਾ ਵਿਚ ਆਉਂਦਾ ਹੈ, ਉੱਥੇ ਸ਼ਕਤੀ
ਕਾਰਜ/ਕਿਰਿਆਵਾਂ ਵਿਚ ਆਪਣੀ ਹੋਂਦ ਹਮੇਸ਼ਾ ਬਣਾਈ ਰੱਖਦੀ ਹੈ।
ਪਰ ਇੱਥੇ ਸਵਾਲ ਪੈਂਦਾ
ਹੁੰਦਾ ਹੈ ਕਿ ਜੇਕਰ ਸ਼ਕਤੀ ਸਰਵ-ਵਿਆਪੀ ਹੈ ਤਾਂ ਇਹ ਕਿਸ ਤਰ੍ਹਾਂ ਦੀ ਸ਼ਕਤੀ ਹੈ? ਅਤੇ ਇਹ ਕਿਸ ਤਰ੍ਹਾਂ
ਸੰਭਵ ਹੈ ਕਿ ਸ਼ਕਤੀ ਆਪਣੀ ਤਾਕਤ ਨੂੰ ਗੁਆਏ ਬਿਨਾਂ ਵਿਕੇਂਦਰੀਕ੍ਰਿਤ ਹੋ ਸਕਦੀ ਹੈ? ਇਨ੍ਹਾਂ
ਪ੍ਰਸ਼ਨਾਂ ਦੇ ਸੰਦਰਭ ਵਿਚ ਨਿਊਮਨ ਕਹਿੰਦਾ ਹੈ ਕਿ ਫੂਕੋ ਦਾ ਪ੍ਰਮੁੱਖ ਧਿਆਨ "ਸ਼ਕਤੀ ਦੇ
ਮਾਈਕਰੋਫਿਜ਼ਿਕਸ" ਉੱਤੇ ਕੇਂਦਰਿਤ ਹੈ ਅਤੇ ਫੂਕੋ ਸ਼ਕਤੀ ਦੇ ਸੰਚਾਲਨ ਨੂੰ ਸਮੇਂ ਦੇ ਬਿੰਦੂਆਂ
ਦੇ ਪੱਧਰ ਉੱਤੇ, ਸਾਧਾਰਨ ਪ੍ਰਵਚਨਾਂ ਅਤੇ ਅਭਿਆਸਾਂ ਵਿਚ ਕਿਆਸ ਕਰਦਾ ਹੈ,20 ਭਾਵ ਕਿ
ਫੂਕੋ ਲਈ ਸ਼ਕਤੀ ਪਲਾਂ (ਵਕਤ ਦੀ ਇਕਾਈ) ਵਿਚ ਹੋਂਦ ਰੱਖਦੀ ਹੈ। ਪ੍ਰੰਤੂ ਜੇਕਰ ਸ਼ਕਤੀ ਨੇ ਪਹਿਲਾਂ ਤੋਂ ਹੀ ਕਰਤੇ/ਸੱਚ/ਗਿਆਨ ਨੂੰ ਆਪਣੇ ਅਧਿਕਾਰ ਖੇਤਰ ਵਿਚ
ਲੈ ਲਿਆ ਹੈ, ਤਦ ਕੀ ਉਹ ਸ਼ਕਤੀ-ਸੰਬੰਧਾਂ ਦੀ ਅਲੋਚਨਾ ਅਤੇ ਵਿਰੋਧ ਸਿਰਜ ਸਕਦਾ ਹੈ?21
ਇਸ ਪ੍ਰਸੰਗ ਵਿਚ ਇਹ ਨੁਕਤਾ ਧਿਆਨਯੋਗ ਹੈ ਕਿ ਸ਼ਕਤੀ ਦੇ ਪ੍ਰਭਾਵਸ਼ਾਲੀ ਅਭਿਆਸ ਦਾ ਸਪੱਸ਼ਟ ਅਰਥ
ਆਜ਼ਾਦੀ ਨੂੰ ਮਨਫ਼ੀ ਕਰਨ ਨਾਲ ਸੰਬੰਧਿਤ ਨਹੀਂ ਹੈ, ਸਗੋਂ ਫੂਕੋ ਲਈ ਸ਼ਕਤੀ ਨੂੰ ਪ੍ਰਭਾਵਸ਼ਾਲੀ ਬਣਾਉਣ
ਵਾਲਾ ਅਸਲ ਕਾਰਕ ਪ੍ਰਤਿਰੋਧ (resistance) ਹੈ। ਫੂਕੋ ਅਨੁਸਾਰ ਸ਼ਕਤੀ-ਸੰਬੰਧਾਂ ਦੇ ਅਧਿਐਨ ਕਰਨਾ ਗੁਣਾਤਮਿਕ ਸਮਰੱਥਾ ਨੂੰ ਮਾਪਣਾ ਜਾਂ
ਪ੍ਰਭਾਵੀ ਤੱਤ ਨੂੰ ਵੇਖਣਾ ਨਹੀਂ, ਬਲਕਿ ਦੂਜਿਆਂ 'ਤੇ ਕੀਤੀਆਂ ਗਈਆਂ ਕਾਰਵਾਈਆਂ ਦੇ ਸਮੁੱਚੇ
ਸੰਗਠਨ ਅਤੇ ਉਨ੍ਹਾਂ ਕਿਰਿਆਵਾਂ ਦੇ ਵਿਰੁੱਧ ਉੱਭਰ ਰਹੇ ਪ੍ਰਤਿਰੋਧਾਂ ਅਤੇ ਟਕਰਾਵਾਂ ਨੂੰ ਵੇਖਣਾ
ਹੈ।22 ਇਸ ਪ੍ਰਤਿਰੋਧ ਦੀ ਸੰਭਾਵਨਾ ਕੇਵਲ ਉੱਥੇ ਹੁੰਦੀ ਹੈ ਜਿੱਥੇ ਕਰਤਾ ਪੂਰੀ ਤਰ੍ਹਾਂ ਨਿਰਧਾਰਿਤ
ਨਹੀਂ ਹੁੰਦਾ ਅਤੇ ਉਹ ਸਾਹਮਣੇ ਆਉਣ ਵਾਲੀਆਂ ਵੱਖਰੀਆਂ ਸੰਭਾਵਨਾਵਾਂ ਦਾ ਅਹਿਸਾਸ ਕਰ ਸਕਦਾ ਹੈ।23 ਪ੍ਰੰਤੂ ਇਸ ਦੇ ਨਾਲ ਇਹ ਨੁਕਤਾ ਵੀ ਅਹਿਮ ਹੈ ਕਿ ਕੋਈ ਵੀ ਕਰਤਾ ਸ਼ਕਤੀ ਤੋਂ ਪਾਰ ਨਹੀਂ ਜਾ
ਸਕਦਾ ਅਤੇ ਸੱਤਾ ਦੇ ਵਿਰੁੱਧ ਸੰਘਰਸ਼ ਕਰਦਾ ਹੋਇਆ ਕਰਤਾ ਸ਼ਕਤੀ-ਸੰਬੰਧਾਂ ਅਧੀਨ ਹੀ ਵਿਚਰਦਾ ਹੈ,
ਕਿਉਂਜੋ ਕਰਤੇ ਦਾ ਵਿਅਕਤੀਤਵ ਸ਼ਕਤੀ ਦਾ ਹੀ ਪ੍ਰਭਾਵ ਹੁੰਦਾ ਹੈ।24 ਇੱਥੇ ਇਸ ਤਰ੍ਹਾਂ ਲੱਗ ਸਕਦਾ ਹੈ ਕਿ ਜਦੋਂ ਕਰਤਾ ਸ਼ਕਤੀ ਦੇ ਜਾਲ ਵਿਚ ਫਸ ਜਾਂਦਾ ਹੈ ਤਾਂ ਉਸ
ਲਈ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੁੰਦਾ, ਪਰ ਧਿਆਨਦੇਣ-ਯੋਗ ਨੁਕਤਾ ਇਹ ਹੈ ਕਿ ਇਹ ਜ਼ਰੂਰੀ
ਨਹੀਂ ਕਿ ਇਹ ਸ਼ਕਤੀ-ਸੰਬੰਧ ਅਬਦਲ ਹੋਣ, ਸਗੋਂ ਸੱਤਾਧਾਰੀ ਅਤੇ ਸੱਤਾ ਨੂੰ ਤਬਦੀਲ ਕਰਨ ਲਈ ਕਾਰਜਸ਼ੀਲ ਰਹਿਣ ਵਾਲਿਆਂ ਦੀ ਭੂਮਿਕਾ ਪਰਿਵਰਤਿਤ
ਹੋ ਸਕਦੀ ਹੈ। ਇਸ ਕਾਰਨ ਹੀ ਫੂਕੋ ਕਹਿੰਦਾ ਹੈ ਕਿ "ਜਿੱਥੇ ਕਿਤੇ ਸ਼ਕਤੀ ਹੈ, ਉੱਥੇ
ਪ੍ਰਤਿਰੋਧ ਹੈ", ਕਿਉਂਜੋ ਪ੍ਰਤਿਰੋਧ ਸ਼ਕਤੀ ਦੇ ਅਭਿਆਸ ਵਿਚ ਆਪਣੀ ਹੋਂਦ ਰੱਖਦਾ ਹੈ। ਦਰਅਸਲ ਪ੍ਰਤਿਰੋਧ ਕਾਰਜ ਦੀ ਇੱਕ ਅਵਸਥਾ ਹੈ ਜੋ ਸ਼ਕਤੀ ਵਿਚ ਜੜ੍ਹਤ ਹੁੰਦਾ ਹੈ। ਸ਼ਕਤੀ ਦੀ ਤਰ੍ਹਾਂ ਹੀ ਪ੍ਰਤਿਰੋਧ ਵੀ ਹਰ ਥਾਂ ਅਤੇ ਹਰ ਪੱਧਰ ‘ਤੇ ਮੌਜੂਦ ਹੁੰਦਾ ਹੈ ਅਤੇ ਸ਼ਕਤੀ ਦੇ
ਅੰਦਰੂਨੀ ਗੁਣ ਵਜੋਂ ਪ੍ਰਤਿਰੋਧ ਦੀ ਦ੍ਰਿੜ੍ਹਤ ਸਮਾਜਿਕ ਖੇਤਰ ੳਚ ਸ਼ਕਤੀ ਦੇ ਫੈਲ ਦਾ ਆਧਰ ਬਣਦੀ
ਹੈ। ਇਸ ਪ੍ਰਤਿਰੋਧ ਵਿਚ ਵੱਖ-ਵੱਖ ਤਰ੍ਹਾਂ ਦੇ ਤੱਤ ਕਾਰਜਸ਼ੀਲ ਹੁੰਦੇ ਹਨ, ਜਿਨ੍ਹਾਂ ਵਿਚੋਂ ਕੁੱਝ ਫ਼ੌਰੀ, ਬਰਾਬਰ,
ਏਕਾਂਤਿਕ, ਭਿਅੰਕਰ ਤੇ ਹਿੰਸਕ ਅਤੇ ਕੁੱਝ ਸਮਝੌਤਾਵਾਦੀ, ਮਤਲਬੀ ਤੇ ਸਮਰਪਿਤ ਕਿਸਮ ਦੇ ਹੁੰਦੇ ਹਨ। ਇਹ ਪ੍ਰਤਿਰੋਧ ਕਿਉਂਜੋ ਸ਼ਕਤੀ-ਸੰਬੰਧਾਂ ਦੇ ਅੰਦਰ ਹੀ ਹੋਂਦ ਰੱਖਦਾ ਹੈ, ਜਿਸ ਕਾਰਨ
ਪ੍ਰਤਿਰੋਧ ਦਾ ਏਕਾਂਰਿਤ/ਬੱਝਵਾਂ ਸਰੂਪ ਨਹੀਂ ਬਣ ਪਾਉਂਦਾ।25 ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪ੍ਰਤਿਰੋਧ ਦੀ ਸੰਭਾਵਨਾ ਸ਼ਕਤੀ ਦੇ ਹਰੇਕ ਅਨੁਭਵੀ ਸੰਬੰਧ
ਲਈ ਸ਼ੁਰੂਆਤੀ ਸ਼ਰਤ ਹੈ ਕਿਉਂਕਿ ਪ੍ਰਤਿਰੋਧ, ਵਿਵਾਦ ਜਾਂ ਟਕਰਾਅ ਆਦਿ ਤੋਂ ਬਿਨਾਂ ਪੂਰਨ ਦਬਦਬਾ,
ਅਧੀਨਤਾ ਜਾਂ ਆਗਿਆਕਾਰਤਾ ਹੀ ਹੋਵੇਗੀ। ਇਸ ਕਾਰਨ ਹੀ ਪ੍ਰਤਿਰੋਧ ਸ਼ਕਤੀ-ਸੰਬੰਧਾਂ
ਵਿਚੋਂ ਕਦੇ ਵੀ ਬਾਹਰੀ ਸਥਿਤੀ ਵਿਚ ਨਹੀਂ ਹੁੰਦਾ, ਜਿਸ ਬਾਰੇ ਫੂਕੋ ਲਿਖਦਾ ਹੈ:
ਜਿੱਥੇ ਸ਼ਕਤੀ ਹੈ, ਉੱਥੇ
ਪ੍ਰਤਿਰੋਧ ਹੈ ਅਤੇ ਸਿੱਟੇ ਵਜੋਂ ਇਹ ਪ੍ਰਤਿਰੋਧ ਸ਼ਕਤੀ-ਸੰਬੰਧ ਵਿਚ ਕਦੇ ਵੀ ਬਾਹਰੀ ਸਥਿਤੀ ਵਿਚ
ਨਹੀਂ ਹੁੰਦਾ।......ਪ੍ਰਤਿਰੋਧ ਕੁੱਝ ਵਿਲੱਖਣ ਸਿਧਾਂਤਾਂ ਤੋਂ ਨਹੀਂ ਮਿਲਦਾ, ਨਾ ਇਹ ਕੋਈ ਲਾਲਚ ਜਾਂ ਇੱਕ
ਵਾਅਦਾ ਹੈ ਜੋ ਜ਼ਰੂਰਤ ਸਮੇਂ ਵਿਸ਼ਵਾਸਘਾਤ ਵਿਚੋਂ ਜਨਮਦਾ ਹੈ। ਪ੍ਰਤਿਰੋਧ ਸੱਤਾ ਦੇ ਸੰਬੰਧਾਂ ਵਿਚ ਹੀ ਇੱਕ ਵੱਖਰੀ ਕਿਸਮ ਹੈ।..... ਇਸ ਲਈ ਉਹ ਵੀ ਅਨਿਯਮਿਤ ਢੰਗ ਨਾਲ ਵੰਡੇ ਜਾਂਦੇ ਹਨ। ਇਹ ਬਿੰਦੂਆਂ, ਗੰਢਾਂ ਜਾਂ ਵਿਰੋਧ ਦੇ ਫੋਕਸ ਸਮੇਂ ਅਤੇ ਸਪੇਸ ਵਿਚ ਵੱਖ-ਵੱਖ ਘਣਤਾਵਾਂ ‘ਤੇ ਫੈਲਦੇ ਹਨ, ਕਈ ਵਾਰ ਸਮੂਹਾਂ ਜਾਂ ਵਿਅਕਤੀਆਂ
ਨੂੰ ਇੱਕ ਨਿਸ਼ਚਤ ਢੰਗ ਨਾਲ ਲਾਮਬੰਦ ਵੀ ਕਰਦੇ ਹਨ, ਜ਼ਿੰਦਗੀ, ਵਿਹਾਰ ਤੇ ਦੇਹ ਦੇ ਕੁੱਝ ਨੁਕਤਿਆਂ
ਨੂੰ ਭੜਕਾਉਂਦੇ ਵੀ ਹਨ। .....ਪਰ ਅਕਸਰ ਪ੍ਰਤਿਰੋਧ
ਗਤੀਮਾਨ ਅਤੇ ਅਸਥਾਈ ਬਿੰਦੂਆਂ ਨਾਲ ਨਜਿੱਠਦਾ ਹੈ, ਸਮਾਜ ਵਿਚ ਪਾੜ ਨੂੰ ਸਿਰਜਦਾ ਹੈ ਜੋ ਇਕਸਾਰਤਾ
ਨੂੰ ਤੋੜਦਾ ਹੈ, ਇੱਕਜੁੱਟ ਹੋ ਜਾਂਦਾ ਹੈ ਅਤੇ ਮੁੜ ਸੰਗਠਨਾਂ ਨੂੰ ਪ੍ਰਭਾਵਿਤ ਕਰਦਾ ਹੈ,
ਵਿਅਕਤੀਗਤ ਲਈ ਆਪਣੇ ਆਪ ਵਿਚ ਲਕੀਰ ਬਣਦਾ ਹੈ, ਉਸ ਨੂੰ ਕੱਟਦਾ ਹੈ ਅਤੇ ਉਸ ਨੂੰ ਹਟਾਉਂਦਾ ਹੈ,
ਉਨ੍ਹਾਂ ਦੀ ਦੇਹਾਂ ਅਤੇ ਦਿਮਾਗਾਂ ਵਿਚ ਅਪਰਿਵਰਤਨਸ਼ੀਲ ਖੇਤਰਾਂ ਦੀ ਤਸਦੀਕ ਕਰਦਾ ਹੈ। ਬਿਲਕੁਲ ਉਸ ਤਰ੍ਹਾਂ ਜਿਵੇਂ ਬਿਨਾਂ ਸਥਾਨਿਕ ਕੀਤੇ ਸ਼ਕਤੀ ਦੇ ਸੰਬੰਧਾਂ ਦਾ ਆਕਾਰ ਇੱਕ ਸੰਘਣਾ
ਜਾਲ ਬਣਾ ਕੇ ਖ਼ਤਮ ਹੁੰਦਾ ਹੋਇਆ ਯੰਤਰਾਂ ਅਤੇ ਸੰਸਥਾਵਾਂ ਵਿਚੋਂ ਲੰਘਦਾ ਹੈ, ਉਸੇ ਤਰ੍ਹਾਂ
ਪ੍ਰਤਿਰੋਧਾਂ ਦੇ ਬਿੰਦੂਆਂ ਦਾ ਸਮੂਹ ਵੀ ਸਮਾਜਿਕ ਪੱਧਰਾਂ ਅਤੇ ਵਿਅਕਤੀਗਤ ਏਕਤਾਵਾਂ ਦਾ ਵਿਰੋਧ
ਕਰਦਾ ਹੈ। ਨਿਸ਼ਚਿਤ ਤੌਰ 'ਤੇ ਇਹ ਪ੍ਰਤਿਰੋਧ ਇਨ੍ਹਾਂ ਬਿੰਦੂਆਂ ਦਾ ਰਣਨੀਤਕ ਕੋਡੀਫਿਕੇਸ਼ਨ ਹੈ, ਜੋ
ਕ੍ਰਾਂਤੀ ਨੂੰ ਸੰਭਵ ਬਣਾਉਂਦਾ ਹੈ, ਇਹ ਕੁੱਝ ਇਸ ਤਰ੍ਹਾਂ ਦਾ ਹੀ ਤਰੀਕਾ ਹੈ ਜਿਸ ਨਾਲ ਰਾਜ ਸ਼ਕਤੀ
ਦੇ ਰਿਸ਼ਤਿਆਂ ਦੇ ਸੰਸਥਾਗਤ ਏਕੀਕਰਨ 'ਤੇ ਨਿਰਭਰ ਕਰਦਾ ਹੈ।26
ਇਸ ਤਰ੍ਹਾਂ ਇਨਕਾਰ,
ਪ੍ਰਤਿਰੋਧ ਜਾਂ ਬਗ਼ਾਵਤ ਸ਼ਕਤੀ ਦਾ ਅੰਦਰੂਨੀ ਗੁਣ ਹੈ, ਜਿਸ ਤੋਂ ਬਿਨਾਂ ਕੋਈ ਸ਼ਕਤੀ ਹੋਂਦ ਨਹੀਂ
ਰੱਖਦੀ ਹੈ ਕਿਉਂਕਿ ਏਜੰਟਾਂ/ਕਰਤਿਆਂ ਦੀ ਆਜ਼ਾਦੀ (ਆਜ਼ਾਦੀ ਤੋਂ ਫੂਕੋ ਦਾ ਭਾਵ ਵੱਖੋ-ਵੱਖਰੇ
ਤਰੀਕਿਆਂ ਨਾਲ ਪ੍ਰਤੀਕਰਮ ਅਤੇ ਵਿਵਹਾਰ ਕਰਨ ਦੀ ਸੰਭਾਵਨਾ ਹੈ) ਅਤੇ ਉਨ੍ਹਾਂ ਦੇ ਪ੍ਰਤੀਕਰਮ ਦੀ
ਸਮਰੱਥਾ ਸ਼ਕਤੀ ਦੇ ਪ੍ਰਭਾਵਸ਼ਾਲੀ ਅਭਿਆਸ ਲਈ ਜ਼ਰੂਰੀ ਸ਼ਰਤਾਂ ਹੈ, ਕਿਉਂਜੋ "ਉਨ੍ਹਾਂ ਲੋਕਾਂ
ਉੱਤੇ ਹੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਚੁਣਨ ਦੀ ਸਥਿਤੀ ਵਿਚ ਹੁੰਦੇ ਹਨ ਅਤੇ ਸ਼ਕਤੀ ਦਾ
ਉਦੇਸ਼ ਉਨ੍ਹਾਂ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ"।27 ਇੱਥੇ ਸ਼ਕਤੀ ਅਤੇ ਪ੍ਰਤਿਰੋਧ ਨੂੰ ਮਨੁੱਖੀ ਦਖ਼ਲਅੰਦਾਜ਼ੀ ਦੀ ਸਦੀਵੀਂ ਵਿਸ਼ੇਸ਼ਤਾ ਵਜੋਂ ਵੀ ਵੇਖਿਆ
ਜਾ ਸਕਦਾ ਹੈ। ਸ਼ਕਤੀ ਕੁਦਰਤੀ ਤੌਰ 'ਤੇ ਉਲਟ, ਅਸਥਿਰ ਅਤੇ ਅਸਪਸ਼ਟ ਰੂਪ ਵਿਚ ਹਰ ਜਗ੍ਹਾ ਅਤੇ ਹਰ ਕਿਸੇ ਲਈ
ਉਪਲਬਧ ਹੁੰਦੀ ਹੈ, ਕਿਉਂਕਿ ਪ੍ਰਤਿਰੋਧ ਦੇ ਕਾਰਨ ਪੈਦਾ ਹੋਇਆ ਤਣਾਅ ਇਸ ਦੇ ਸੋਧ ਦਾ ਕਾਰਨ ਬਣ
ਸਕਦਾ ਹੈ, ਜਿਹੜਾ ਅੱਗੋਂ ਪ੍ਰਤਿਰੋਧ ਦੇ ਨਵੇਂ ਢੰਗਾਂ ਲਈ ਸ਼ਰਤਾਂ ਪ੍ਰਦਾਨ ਕਰੇਗਾ। ਜਦੋਂ ਇੱਕ ਵਾਰ ਇੱਕ ਵਸਤੂ/ਵਰਤਾਰਾ/ਵਿਅਕਤੀ/ਵਿਚਾਰ ਸ਼ਕਤੀ ਦੁਆਰਾ ਪ੍ਰਭਾਵਿਤ ਹੋ ਜਾਂਦਾ ਹੈ,
ਉਹ ਆਸਾਨੀ ਨਾਲ ਦੂਜੇ ਦੇ ਕਾਰਜਾਂ ਉੱਤੇ ਸ਼ਕਤੀ ਦੀ ਵਰਤੋਂ ਵਿਚ ਸ਼ਾਮਿਲ ਹੋਣ ਦੀ ਸਥਿਤੀ ਵਿਚ ਪਹੁੰਚ
ਜਾਂਦਾ ਹੈ। ਸੰਖੇਪ ਵਿਚ ਪ੍ਰਤਿਰੋਧ ਦੀ ਹਰ ਰਣਨੀਤੀ ਦਾ ਉਦੇਸ਼ ਸ਼ਕਤੀ ਨਾਲ ਸੰਬੰਧ ਬਣਾਉਣਾ ਹੈ ਅਤੇ
ਹਰ ਸ਼ਕਤੀ-ਸੰਬੰਧ ਜਿੱਤਣ ਵਾਲੀ ਰਣਨੀਤੀ ਬਣ ਜਾਂਦਾ ਹੈ। ਸ਼ਕਤੀ-ਸੰਬੰਧ ਅਤੇ ਪ੍ਰਤਿਰੋਧ ਅੰਤ ਵਿਚ ਆਪਸ ਵਿਚ ਜੁੜੇ ਹੁੰਦੇ ਹਨ ਅਤੇ ਇੱਕ ਦੂਜੇ ਵਿਚ
ਤਬਦੀਲ ਹੋਣ ਦੀ ਸੰਭਾਵਨਾ ਰੱਖਦੇ ਹਨ।28 ਇਸ ਕਾਰਨ ਹੀ ਫੂਕੋ ਲਈ
ਸ਼ਕਤੀ-ਸੰਬੰਧ ਸਥਿਰ ਹੋਣ ਦੀ ਬਜਾਇ ਗਤੀਸ਼ੀਲ ਪ੍ਰਵਿਰਤੀ ਦੇ ਧਾਰਨੀ ਹਨ ਅਤੇ ਸ਼ਕਤੀ ਨੀਚੇ (bottom) ਤੋਂ ਉੱਤੇ (up) ਵੱਲ ਸੰਚਾਲਿਤ ਹੁੰਦੀ ਹੈ। ਭਾਵ ਕਿ ਸੱਤਾ ਦੇ ਰਿਸ਼ਤਿਆਂ ਦੇ ਮੂਲ ਵਿਚ ਸ਼ਾਸਕਾਂ ਅਤੇ ਸ਼ਾਸਤਾਂ ਵਿਚਕਾਰ ਕੋਈ
ਵਿਰੋਧੀ-ਜੁੱਟ, ਕੋਈ ਵੱਡੀ ਵਿਰੋਧਤਾਈ ਮੌਜੂਦ ਨਹੀਂ ਹੁੰਦੀ ਅਤੇ ਨਾ ਹੀ ਵਿਚਾਰਧਾਰਾ ਵਿਚ ਯਕੀਨ
ਰੱਖਣ ਵਾਲੀ ਪੂਰਵ ਪ੍ਰਚਲਿਤ ਧਾਰਨਾ ਅਨੁਸਾਰ ਸ਼ਕਤੀ ਉੱਪਰ ਤੋਂ ਲੈ ਕੇ ਨੀਚੇ ਤੱਕ ਕਿਸੇ ਦਵੈਤ ਦਾ
ਵਿਸਥਾਰ ਕਰਦੀ ਹੈ।29 ਸ਼ਕਤੀ ਦੇ ਨੀਚੇ ਤੋਂ ਉਪਰ
ਵੱਲ ਸੰਚਾਲਨ ਨੂੰ ਦਿਖਾਕੇ ਫੂਕੋ ਸੱਜੇ-ਪੱਖੀ ਦੇ ਸਮਾਜ-ਵਿਗਿਆਨੀਆਂ,
ਜਿਨ੍ਹਾਂ ਨੇ ਸ਼ਕਤੀ ਨੂੰ ਹਮੇਸ਼ਾਂ ਪ੍ਰਭੂਸੱਤਾ ਅਤੇ ਕਾਨੂੰਨ ਦੇ ਅਧਾਰ ਵੇਖਿਆ ਅਤੇ ਮਾਰਕਸਵਾਦੀ-ਦਾਰਸ਼ਨਿਕਾਂ,
ਜਿਨ੍ਹਾਂ ਸ਼ਕਤੀ ਨੂੰ ਰਾਜ ਦੇ ਉਪਕਰਣਾਂ ਵਜੋਂ ਸਮਝਿਆ, ਦਾ ਵਿਰੋਧ ਕਰਦਾ ਨਜ਼ਰੀ ਪੈਂਦਾ ਹੈ। ਕਿਉਂਜੋ
ਫੂਕੋ ਦੀ ਦਿਲਚਸਪੀ ਸ਼ਕਤੀ ਦੇ ਉਨ੍ਹਾਂ ਮਾਇਕਰੋ ਪੱਧਰਾਂ ਵਿਚ ਹੈ, ਜਿੱਥੇ ਸ਼ਕਤੀ ਦੀ ਵਿਭਿੰਨ ਤਕਨੀਕਾਂ
ਅਤੇ ਜੁਗਤਾਂ ਦੁਆਰਾ ਵਰਤੋਂ ਵਿਚ ਆਉਂਦੀ ਹੈ।
ਇਸ ਪ੍ਰਕਾਰ ਫੂਕੋ ਦੇ
ਵਿਆਪਕ ਪ੍ਰਬੰਧਨ ਬਾਰੇ ਵਿਚਾਰ ਵਿਚ ਸ਼ਕਤੀ ਨੂੰ ਇਕਮਾਤਰ ਪਾਬੰਦੀਆਂ/ਰੋਕਾਂ ਤੱਕ ਸੀਮਤ ਕਰਨ ਦੀ
ਬਜਾਇ ਸ਼ਕਤੀ 'ਕਿਵੇਂ ਪ੍ਰਾਪਤ ਹੋਈ' ਨੂੰ ਦਰਸਾਉਣਾ ਆਪਣੇ-ਆਪ ਵਿਚ ਇੱਕ ਨਵੀਨ ਹਾਸਿਲ ਹੈ, ਜਿਸ ਵਿਚ
ਪ੍ਰਬੰਧਨ ਦੇ ਮਾਪਦੰਡਾਂ ਦੇ ਸਮਰਥਨ ਲਈ ਸੰਕਲਪਾਂ, ਪਰਿਭਾਸ਼ਾਵਾਂ ਅਤੇ ਵਿਵਹਾਰ ਦੇ ਵਰਣਨ ਨੂੰ ਯੋਗ
ਠਹਿਰਾਇਆ ਜਾਂਦਾ ਹੈ। ਇਸ ਯੋਗ ਠਹਿਰਾਉਣ ਦੀ
ਪ੍ਰਕ੍ਰਿਆ ਨੂੰ ਸਮਝਦਾ ਹੋਇਆ ਫੂਕੋ ਆਪਣੇ ਵੱਖ-ਵੱਖ ਅਧਿਐਨ-ਕਾਰਜਾਂ ਰਾਹੀਂ ਇਹ ਸਥਾਪਿਤ ਕਰਦਾ ਹੈ
ਕਿ ਸ਼ਕਤੀ, ਗਿਆਨ ਅਤੇ ਸੱਚ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਸ਼ਕਤੀ ਗਿਆਨ 'ਤੇ ਆਧਾਰਿਤ ਹੁੰਦੀ
ਹੋਈ, ਗਿਆਨ ਨੂੰ ਪ੍ਰਯੋਗ ਕਰਦੀ ਹੈ ਅਤੇ ਸ਼ਕਤੀ ਆਪਣੇ ਅਗਿਆਤ ਉਦੇਸ਼ਾਂ ਅਨੁਸਾਰ ਗਿਆਨ ਨੂੰ ਰੂਪ
ਦਿੰਦੀ ਹੋਈ ਆਪਣੇ ਅਭਿਆਸ ਦੇ ਖੇਤਰਾਂ ਵਿਚ ਗਿਆਨ ਨੂੰ ਪੁਨਰ-ਸਿਰਜਤ ਕਰਦੀ ਹੈ। ਭਾਵ ਕਿ ਫੂਕੋ ਦੁਆਰਾ ‘ਸ਼ਕਤੀ/ਗਿਆਨ’ ਸ਼ਬਦ ਦੀ ਵਰਤੋਂ ਦਰਸਾਉਂਦੀ ਹੈ ਕਿ ਸ਼ਕਤੀ ਦਾ ਗਠਨ ਗਿਆਨ, ਵਿਗਿਆਨਕ
ਸਮਝ ਅਤੇ ‘ਸੱਚ’ ਦੇ ਪ੍ਰਵਾਨਿਤ ਰੂਪਾਂ ਦੁਆਰਾ
ਕੀਤਾ ਜਾਂਦਾ ਹੈ। ‘ਗਿਆਨ/ਸ਼ਕਤੀ’ ਦੇ ਸੰਬੰਧਾਂ ਦੀ ਇਸ ਧਾਰਨਾਂ ਨਾਲ ਫੂਕੋ ਉਸ
ਮਿੱਥ ਦਾ ਭੰਜਨ ਕੀਤਾ ਹੈ, ਜਿਸ ਵਿਚ ਕਿਹਾ ਜਾਂਦਾ ਸੀ ਕਿ ਜਿੱਥੇ ਗਿਆਨ ਹੋਵੇਗਾ, ਉਹ ਸੱਤਾ
(ਸ਼ਕਤੀ) ਨੂੰ ਜ਼ਰੂਰ ਤੱਜੇਗਾ ਅਤੇ ਜਿੱਥੇ ਗਿਆਨ ਤੇ ਵਿਗਿਆਨ ਸੱਚ ਨਾਲ ਖੜ੍ਹੇ ਹੋਣਗੇ, ਉੱਥੇ ਕੋਈ
ਰਾਜਨੀਤੀਕ ਸੱਤਾ ਨਹੀਂ ਹੋਵੇਗੀ।30 ‘Discipline
and Punish’ ਫੂਕੋ ਸ਼ਕਤੀ/ਗਿਆਨ ਦੇ ਸੰਬੰਧਾਂ ਬਾਰੇ ਸੰਕੇਤ ਕਰਦਾ ਲਿਖਦਾ ਹੈ:
ਸ਼ਕਤੀ ਗਿਆਨ ਪੈਦਾ ਕਰਦੀ ਹੈ
(ਕੇਵਲ ਇਸ ਨੂੰ ਉਤਸ਼ਾਹਿਤ ਕਰ ਕੇ ਨਹੀਂ, ਕਿਉਂਜੋ ਗਿਆਨ ਫ਼ਾਇਦੇਮੰਦ ਹੈ ਜੋ ਸ਼ਕਤੀ ਦੀ ਸੇਵਾ ਕਰਦਾ ਹੈ ਜਾਂ ਇਸ ਨੂੰ ਲਾਗੂ
ਕਰਦਾ ਹੈ); ਸ਼ਕਤੀ ਅਤੇ ਗਿਆਨ ਸਿੱਧੇ ਤੌਰ 'ਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਗਿਆਨ ਦੇ ਖੇਤਰ ਨਾਲ ਸਹਿਸੰਬੰਧ ਤੋਂ ਬਿਨਾਂ ਕੋਈ ਸ਼ਕਤੀ-ਸੰਬੰਧ ਨਹੀਂ ਹੁੰਦਾ ਹੈ ਅਤੇ ਨਾ ਹੀ
ਗਿਆਨ, ਜੋ ਸਮਾਨ ਸ਼ਕਤੀ-ਸੰਬੰਧਾਂ ਦੇ ਰੂਪ ਵਿਚ ਨਿਰਧਾਰਿਤ ਅਤੇ ਸੰਗਠਿਤ ਨਹੀਂ ਹੁੰਦਾ।31
ਫੂਕੋ ਦੇ ਤਰਕ ਅਨੁਸਾਰ
ਗਿਆਨ ਸ਼ਕਤੀ ਉਤਪੰਨ ਕਰਦਾ ਹੈ ਅਤੇ ਸ਼ਕਤੀ ਗਿਆਨ ਨੂੰ ਸਿਰਜਤ ਕਰਦੀ ਹੈ। ਗਿਆਨ-ਸ਼ਕਤੀ ਦੇ ਸੰਬੰਧਾਂ ਵਿਚ ਗਿਆਨ ਲੋਕਾਂ ਨੂੰ ਸ਼੍ਰੇਣੀਬੱਧ/ਸਪੇਸ ਦਾ ਗਠਨ ਕਰਦਾ ਹੋਇਆ
ਸਮਾਜ ਲਈ ਨਿਯਮਾਂ ਨੂੰ ਨਿਰਧਾਰਿਤ ਕਰਦਾ ਹੈ ਅਤੇ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨ ਲਈ
ਅਨੁਕੂਲਿਤ/ਅਨੁਸ਼ਾਸਤ ਕਰਦਾ ਹੈ। ਇਸ ਲਈ ਹੀ ਸਮਾਜ ਨੂੰ
ਮਾਨਸਿਕ ਸੰਸਥਾਵਾਂ, ਸੈਨਿਕ ਸੰਸਥਾਵਾਂ, ਜੇਲ੍ਹਾਂ ਅਤੇ ਹਸਪਤਾਲਾਂ ਆਦਿ ਵਿਚ ਸ਼੍ਰੇਣੀਬੱਧ ਕੀਤਾ
ਜਾਂਦਾ ਹੈ ਅਤੇ ਪਾਗਲ, ਰੋਗੀ ਅਤੇ
ਨਿੰਦਿਆ/ਵਿਰੋਧ ਕਰਨ ਵਾਲੇ ਵਿਅਕਤੀ ਨੂੰ ਆਧੁਨਿਕ ਪੈਨੋਪਟੀਕੋਨ (Panopticon) ਤਕਨੀਕਾਂ ਰਾਹੀਂ ਅਧੀਨਗੀ ਵਿਚ ਰੱਖਿਆ
ਜਾਂਦਾ ਹੈ। ਪੈਨੋਪਟੀਕੋਨ ਤਕਨੀਕ ਫੂਕੋ ਲਈ ਸ਼ਕਤੀ ਦੇ ਨਿਯੰਤਰਨ ਕਰਨ ਦੇ ਅਨੇਕਾਂ ਤਰੀਕਿਆਂ ਵਿਚੋਂ ਇੱਕ
ਹੈ, ਜੋ ਜੇਰੇਮੀ ਬੇਂਥਮ (Jeremy
Bentham)
ਦੁਆਰਾ 18ਵੀਂ ਸਦੀ ਦੇ ਅੱਧ ਵਿਚ
ਤਿਆਰ ਕੀਤਾ ਗਈ ਵਿਸ਼ੇਸ਼ ਕਿਸਮ ਦੀ ਗੋਲ ਇਮਾਰਤਸਾਜ਼ੀ ਦੀ ਇੱਕ ਵਿਵਸਥਾ ਸੀ। ਇਸ ਵਿਵਸਥਾ ਦੀ ਵਰਤੋਂ
ਜੇਲ੍ਹਾਂ ਵਿਚ ਕੈਦੀਆ ਨੂੰ ਨਿਯਮਤ ਕਰਨ ਲਈ ਕੀਤੀ ਗਈ ਸੀ, ਜਿਸ ਨਾਲ ਅਨੁਸ਼ਾਸਨ ਦੇ ਹਿੰਸਕ ਤਰੀਕਿਆਂ
ਨੂੰ ਇਮਾਰਤਾਂ ਵਿਚਲੀ ਨਿਗਰਾਨੀ (surveillance) ਦੇ ਢੰਗ ਨਾਲ ਬਦਲ ਦਿੱਤਾ
ਗਿਆ। ਇਸ ਵਿਵਸਥਾ ਅਧੀਨ ਪੈਰ੍ਹੇਦਾਰਾਂ ਨੂੰ ਹਰ ਸੈੱਲ ਅੰਦਰ ਲਗਾਤਾਰ ਨਿਗਰਾਨੀ ਦੀ ਆਗਿਆ ਮਿਲਦੀ ਸੀ,
ਜਿਸ ਦਾ ਕੈਦੀਆਂ ਨੂੰ ਲਗਾਤਾਰ ਅਹਿਸਾਸ ਰਹਿੰਦਾ ਸੀ ਪਰ ਉਹ ਨਿਗਰਾਨੀ-ਕਰਤਾ ਨੂੰ ਨਹੀਂ ਦੇਖ ਸਕਦੇ
ਸਨ ਅਤੇ ਕੈਦੀ ਸਵੈ-ਨਿਯੰਤਰਨ ਦੀ ਰਾਸਤੇ ਅਗ੍ਰਸਰ ਹੁੰਦਾ ਸੀ। ਸਾਂਰ-ਰੂਪ
ਵਿਚ ਪੈਨੋਪਟੀਕੋਨ ਵਿਵਸਥਾ ਨਿਰੰਤਰ ਨਿਰੀਖਣ-ਦ੍ਰਿਸ਼ਟੀ/ਨਿਗਹਾਬਾਨੀ (panoptic-gaze) ਦੁਆਰਾ ਨਿਰੀਖਕ ਨੂੰ ਇੱਕ
ਸ਼ਕਤੀਸ਼ਾਲੀ ਅਤੇ ਬੌਧਿਕ ਸ਼ਕਤੀ ਪ੍ਰਦਾਨ ਕਰਦੀ ਸੀ ਅਤੇ ਕੈਦੀ ਨਿਗਰਾਨੀ ਦੇ ਅਹਿਸਾਸ ਨਾਲ
ਸਵੈ-ਨਿਯੰਤਰਨ ਦੇ ਦਾਇਰੇ ਵਿਚ ਵਿਚਰਦੇ ਸਨ।
ਫੂਕੋਡੇਰੀਅਨ-ਚਿੰਤਨ ਅਧੀਨ
ਪੈਨੋਪਟੀਕੋਨ ਦਰਅਸਲ ਇੱਕ ਰੂਪਕ (metaphor) ਹੈ, ਜੋ ਆਧੁਨਿਕ ਸਮਾਜਾਂ
ਵਿਚ ਅਨੁਸ਼ਾਸਨੀ ਸਥਿਤੀ ਵਿਚ ਸਮਾਜਿਕ ਨਿਯੰਤਰਨ ਦੀ ਆਗਿਆ ਵਜੋਂ ਹੋਂਦ ਰੱਖਦਾ ਹੈ ਅਤੇ ਸਮਾਜ ਵਿਚ
ਵਿਅਕਤੀਆਂ/ਕਰਤਿਆਂ ਦੇ ਵਿਵਹਾਰ/ਵਿਚਾਰ ਨੂੰ ਨਿਯਮਿਤ ਕਰਦਾ ਹੋਇਆ ਅਨੁਸ਼ਾਸਨੀ-ਸ਼ਕਤੀ (Disciplinary Power) ਦੀ ਇੱਕ ਵਿਧੀ ਵਜੋਂ
ਸਥਾਪਿਤ ਹੁੰਦਾ ਹੈ। ਅਨੁਸ਼ਾਸਨ ਫੂਕੋ ਦੇ ਇਤਿਹਾਸਕ
ਅਤੇ ਦਾਰਸ਼ਨਿਕ ਵਿਸ਼ਲੇਸ਼ਣਾ ਅਨੁਸਾਰ ਸ਼ਕਤੀ ਦਾ ਇਕ ਅਜਿਹਾ ਰੂਪ ਹੈ ਜੋ ਦੇਹ/ਕਰਤੇ ਨੂੰ ਸਥਾਪਿਤੀ
ਦੇ ‘ਸਧਾਰਨ’ ਢੰਗ ਅਨੁਸਾਰ ਢਲਣ ਲਈ ਪਰਚਾਉਂਦਾ/ਭ੍ਰਮਾਉਂਦਾ ਹੈ। ਅਨੁਸ਼ਾਸਨ ਦੇਹ/ਕਰਤੇ ਨੂੰ ਪ੍ਰਭੂਸੱਤਾ ਵਾਂਗ ਨਿਰਦੇਸਾਤਮਿਕ/ਦਮਨਦਾਰੀ ਤਰੀਕੇ ਨਾਲ ਆਪਣਾ
ਨਿਸ਼ਾਨਾਂ ਨਹੀਂ ਬਣਾਉਂਦਾ, ਸਗੋਂ ਆਗਿਆਕਾਰੀ ਲੋਕਾਂ ਨੂੰ ਪੈਦਾ ਕਰਨ ਲਈ ਸੂਖ਼ਮ ਹਿਤੈਸ਼ੀ ਢੰਗ ਨਾਲ
ਕਾਰਜ ਕਰਦਾ ਹੈ। ਫੂਕੋ ਨੇ ਇਨ੍ਹਾਂ
ਅਨੁਸ਼ਾਸਨੀ, ਆਗਿਆਕਾਰੀ ਅਤੇ ਸਧਾਰਣ ਉਤਪਾਦਾਂ ਨੂੰ 'ਅਸੀਲ-ਕਰਤਿਆਂ' (docile subjects) ਦੀ ਸੰਗਿਆ ਦਿੱਤੀ ਹੈ
ਅਤੇ ਸ਼ਕਤੀ ਨੂੰ ਸਿਖਲਾਈ ਦੇ ਰੂਪ ਵਿਚ ਸਮਝਿਆ/ਸਮਝਾਇਆ ਹੈ, ਜੋ ਅੱਗੋਂ ਸਪੇਸ-ਸੰਗਠਨ, ਸਮੇਂ-ਸਾਰਨੀ
ਅਤੇ ਲੋਕਾਂ ਦੀ ਕਾਰਜਸ਼ੈਲੀ/ਗਤੀਵਿਧੀ ਅਤੇ ਵਿਵਹਾਰ ਨੂੰ ਨਿਯਮਿਤ ਨਾਲ ਸੰਬੰਧਿਤ ਨਿਗਰਾਨੀ ਦੀ
ਗੁੰਝਲਦਾਰ ਪ੍ਰਣਾਲੀਆਂ ਦੀ ਸਿਰਜਣ ਦਾ ਸ੍ਰੋਤ ਬਣਦਾ ਹੈ। ਫੂਕੋ ਇਸ ਦਲੀਲ ਨੂੰ ਦ੍ਰਿੜ੍ਹਤਾ ਨਾਲ ਪੇਸ਼ ਕਰਦਾ ਹੈ ਕਿ ਸ਼ਕਤੀ ਅਨੁਸ਼ਾਸਨ ਨਹੀਂ ਹੁੰਦੀ,
ਬਲਕਿ ਅਨੁਸ਼ਾਸਨ ਕੇਵਲ ਇੱਕ ਤਰੀਕਾ ਹੈ ਜਿਸ ਨਾਲ ਸ਼ਕਤੀ ਅਭਿਆਸ ਵਿਚ ਆਉਂਦੀ ਹੈ। ਇਸ ਕਾਰਨ ਹੀ ਫੂਕੋ 'ਅਨੁਸ਼ਾਸਨੀ ਸਮਾਜ' (disciplinary
society)
ਤੇ 'ਅਨੁਸ਼ਾਸਿਤ ਸਮਾਜ' (disciplined
society)
ਵਿਚਕਾਰ ਅੰਤਰ ਕਰਦਾ ਕਹਿੰਦਾ ਹੈ ਕਿ ਜਦੋਂ ਕਿਸੇ 'ਅਨੁਸ਼ਾਸਨੀ ਸਮਾਜ' ਦੀ ਗੱਲ ਕਰਦਾ ਹੈ ਤਾਂ ਉਸ
ਦਾ ਅਰਥ 'ਅਨੁਸ਼ਾਸਿਤ ਸਮਾਜ' (disciplined
society)
ਨਹੀਂ ਹੁੰਦਾ।32 ਇਸ ਕਾਰਨ ਹੀ ਆਧੁਨਿਕ ਸਮਾਜਾਂ ਵਿਚ ਅਨੁਸ਼ਾਸਨੀ-ਸਮਾਜ ਦੀ ਸਿਰਜਣ ਵਿਚ ਨਿਗਰਾਨੀ ਦੇ ਭਿੰਨ
ਸਾਧਨਾਂ ਦੀ ਅਹਿਮ ਭੂਮਿਕਾ ਰਹੀ ਹੈ, ਕਿਉਂਜੋ 'ਪਰ' (other) ਦੀ ਨਿਗਰਾਨੀ ਦੁਆਰਾ ਗਿਆਨ ਤੇ ਗਿਆਨ ਤੋਂ ਸ਼ਕਤੀ ਹਾਸਲ/ਉਤਪੰਨ ਹੁੰਦੀ ਹੈ ਅਤੇ ਨਿਗਹਾਬਾਨੀ
ਰਾਹੀਂ ਪ੍ਰਾਪਤ ਨਿਯੰਤਰਨ ਸ਼ਕਤੀ ਦਾ ਪ੍ਰਤੀਕ ਬਣਦਾ ਹੋਇਆ ਨਤੀਜੇ ਵਜੋਂ ਨਿਯਮਾਂ ਦੀ ਮਨਜ਼ੂਰੀ/ਅਨੁਸ਼ਾਸਨ
ਦਾ ਕਾਰਨ ਬਣਦਾ ਹੈ (ਜਿਵੇਂ ਜਾਰਜ ਆਰਵੈੱਲ ਦੇ ਨਾਵਲ 1984 ਵਿਚ ‘Big
Brother is watching you’ ਦਾ ਪ੍ਰਸੰਗ, ਨਿਗਹਾਬਾਨੀ (gaze) ਨੂੰ ਕਰਤੇ ਵੱਲੋਂ ਲਗਾਤਾਰ ਮਾਨਸਿਕ ਤੌਰ ‘ਤੇ ਢੋਂਹਣ ਦਾ ਪ੍ਰਤੀਕ ਹੈ)। ਇਸ
ਪ੍ਰਸੰਗ ਵਿਚ ਹੀ ਫੂਕੋ ਅਨੁਸ਼ਾਸਨ (discipline) ਨੂੰ ਨਿਗਰਾਨੀ ਤੇ ਸਜਾ[*]
ਦੇ ਅਭਿਆਸ ਵਜੋਂ ਵੇਖਦਾ ਹੋਇਆ ਹੈਰਾਨੀ ਨਾਲ ਜੇਲ੍ਹਾਂ ਦੀ ਫੈਕਟਰੀਆਂ, ਸਕੂਲ, ਬੈਰਕਾਂ, ਹਸਪਤਾਲਾਂ
ਨਾਲ ਸਮਾਨਤਾ ਨੂੰ ਲੱਭਦਾ ਹੈ। ਜੇਕਰ ਫੂਕੋ ਤਰਕਸੰਗਤ ਹੈ
ਤਾਂ ਸਕੂਲ ਦੇ ਡੈਸਕ ਤੇ ਅਸੈਂਬਲੀ ਦੀ ਲਾਈਨ ਵਿਚ ਖੜ੍ਹਾ ਹੋਇਆ ਬੱਚਾ ਅਤੇ ਖੁੱਲ੍ਹੇ ਤਰੀਕੇ ਜਾਂ
ਖਾਨੇਬੰਧ ਢੰਗ ਨਾਲ ਤਿਆਰ ਕੀਤੇ ਗਏ ਦਫਤਰਾਂ ਵਿਚ ਕਾਰਜਸ਼ੀਲ ਵਿਆਕਤੀ, ਸਾਰੇ ਹੀ ਅਨੁਸ਼ਾਸਨੀ-ਸ਼ਕਤੀ
ਅਧੀਨ ਵਿਚਰਦੇ ਹਨ। ਸ਼ਕਤੀ ਦੇ ਵਿਸ਼ਾਲ ਅਤੇ ਪ੍ਰਤੱਖ
ਪ੍ਰਦਰਸ਼ਨਾਂ ਨਾਲੋਂ ਨਿਗਹਾਬਾਨੀ ਦੀਆਂ ਗੁੰਝਲ ਤੇ ਸੂਖ਼ਮ ਅਨੁਸ਼ਾਸਨੀ ਤਕਨੀਕਾਂ ਦੇ ਸੰਦਰਭ ਵਿਚ
ਫੂਕੋ ਲਿਖਦਾ ਹੈ:
ਲੜੀਵਾਰ, ਨਿਰੰਤਰ ਅਤੇ ਕਾਰਜਸ਼ੀਲ ਨਿਗਰਾਨੀ....ਬਹੁ-ਪਰਤੀ, ਆਪਣੇ-ਆਪ (automatic) ਅਤੇ ਅਗਿਆਤ
ਸ਼ਕਤੀ ਦੇ ਰੂਪ ਵਿੱਚ ਸੰਗਠਿਤ ਹੋਈ....ਇਹ ਹਰ ਜਗ੍ਹਾ ਅਤੇ ਹਮੇਸ਼ਾਂ ਸੁਚੇਤ ਹੁੰਦੀ ਹੈ......ਬਿਲਕੁਲ
"ਸਮਝਦਾਰ" ਹੁੰਦੀ ਹੈ, ਕਿਉਂਕਿ ਇਹ ਸਥਾਈ ਤੌਰ 'ਤੇ ਅਤੇ ਵੱਡੇ ਪੱਧਰ 'ਤੇ ਚੁੱਪ ਰਹਿਕੇ ਕੰਮ ਕਰਦੀ ਹੈ।33
ਇਸ ਪ੍ਰਕਾਰ ਨਿਗਰਾਨੀ ਦਾ ਅਭਿਆਸ ਵਿਅਕਤੀ/ਕਰਤੇ
ਦੇ ਵਿਵਹਾਰ ਨੂੰ ਚੰਗੀ ਤਰ੍ਹਾਂ ਜਾਣਕੇ ਜਾਂ ਜਾਣੂ ਕਰਵਾ ਕੇ ਅਧੀਨਗੀ ਵਿਚ ਲੈਕੇ ਆਉਂਦਾ ਹੈ। ਪਰ ਨਾਲ ਹੀ ਗਿਆਨ ਦੇ ਇਹ ਨਵੇਂ ਰੂਪ ਨਵੀਆਂ ਕਿਸਮਾਂ ਦੀਆਂ ਰੁਕਾਵਟਾਂ/ਬੰਧਨਾਂ ਨੂੰ ਵੀ
ਪੈਂਦਾ ਕਰਦੇ ਹਨ, ਜਿਹੜੀਆਂ ਵਿਆਕਤੀਆਂ ਦੀਆਂ ਵਿਭਿੰਨ ਕਾਰਵਾਈਆਂ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਹਨ
ਅਤੇ ਉਨ੍ਹਾਂ ਨੂੰ ਬੋਲਣ ਲਈ ਮਜ਼ਬੂਰ ਵੀ ਕਰਦੀਆਂ ਹਨ। ਇਸ ਅਰਥ ਵਿਚ ਹੀ ਪ੍ਰਮੁੱਖ
ਤੌਰ ‘ਤੇ ਫੂਕੋ
"ਸ਼ਕਤੀ/ਗਿਆਨ" ਦੀ ਗੱਲ ਕਰਦਾ ਹੈ ਕਿਉਂਕਿ ਵਧੇਰੇ ਵਿਆਪਕ ਅਤੇ ਸੂਖ਼ਮ ਗਿਆਨ ਲੋਕਾਂ ਦੇ
ਕਾਰਜਾਂ ਦਾ ਵਧੇਰੇ ਨਿਰੰਤਰ ਅਤੇ ਵਿਆਪਕ ਨਿਯੰਤਰਨ ਕਰਨ ਦੇ ਸਮਰੱਥ ਹੁੰਦਾ ਹੈ, ਜੋ ਪਰਤਵੇਂ ਰੂਪ
ਵਿਚ ਅਯੋਗ ਦਖ਼ਲਅੰਦਾਜ਼ੀ ਵਾਲੀ ਜਾਂਚ ਅਤੇ ਪ੍ਰਗਟਾਵੇਂ ਲਈ ਹੋਰ ਸੰਭਾਵਨਾਵਾਂ ਦੀ ਪੇਸ਼ਕਸ਼ ਵੀ ਕਰਦਾ
ਹੈ।35
ਇਸ ਤਰ੍ਹਾਂ ਫੂਕੋ ਲਈ ਗਿਆਨ ਸ਼ਕਤੀ ਦਾ ਇੱਕ ਰੂਪ
ਹੈ ਅਤੇ ਗਿਆਨ ਸ਼ਕਤੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਸ਼ਕਤੀ ਅਹਿਮ ਤੱਤ ਪ੍ਰਤਿਰੋਧ ਹੈ। ਫੂਕੋਡੇਰੀਅਨ-ਚਿੰਤਨ
ਅਨੁਸਾਰ ਹਰ ਦੌਰ ਦਾ ਸ਼ਕਤੀ-ਤੰਤਰ ਇੱਕ ਵਿਸ਼ੇਸ਼ ਗਿਆਨ ਵਿਵਸਥਾ ਦੀ ਸਿਰਜਣਾ ਕਰਦਾ ਹੈ, ਜਿਸ ਨੂੰ
ਸਰਵ-ਵਿਆਪੀ (ਜਦੋਂ ਕਿ ਸਰਵ-ਵਿਆਪਕਤਾ ਵਰਗਾ ਕੁੱਝ ਨਹੀਂ ਹੁੰਦਾ) ਰੂਪ ਦੇ ਕੇ ਪ੍ਰਸਤੁਤ/ਸਥਾਪਿਤ
ਕੀਤਾ ਜਾਂਦਾ ਹੈ। ਪਰ ਗਿਆਨ ਕੋਈ ਐਬਸੋਲਿਊਟ ਜਾਂ ਨਿਰਪੇਖ ਸੱਤਾ ਨਹੀਂ ਹੁੰਦਾ, ਉਹ ਹਮੇਸ਼ਾ ਹੀ
ਸ਼ਕਤੀ-ਤੰਤਰ ਨਾਲ ਜੁੜਿਆ ਹੁੰਦਾ ਹੈ। ਗਿਆਨ ਦੀ ਬੁਨਿਆਦੀ
ਭੂਮਿਕਾ ਹੀ ਇਹ ਹੈ ਕਿ ਮਨੁੱਖਤਾ ਨੂੰ ਸ਼ਕਤੀ ਦੇ ਢਾਂਚੇ ਅੰਦਰ ਸਮੋਈ ਰੱਖੇ।36 ਇਸ ਪ੍ਰਸੰਗ ਵਿਚ ਹੀ ਗਿਆਨ
ਸਿਰਜਨ ਦੇ ਪ੍ਰਮੁੱਖ ਸ੍ਰੋਤ ਮਾਨਵ-ਵਿਗਿਆਨ ਵੀ (ਮਨੋਵਿਗਿਆਨ, ਸਮਾਜ ਸ਼ਾਸਤਰ, ਅਰਥ ਸ਼ਾਸਤਰ, ਭਾਸ਼ਾਈ
ਵਿਗਿਆਨ, ਮੈਡੀਕਲ-ਸਾਇੰਸ ਆਦਿ) ਮਨੁੱਖੀ-ਸੁਭਾਅ ਨੂੰ ਸਮੁੱਚੇ ਰੂਪ ਵਿਚ ਪਰਿਭਾਸ਼ਿਤ ਕਰਨ ਦੀ ਭੂਮਿਕਾ
ਅਦਾ ਕਰਦੇ ਹਨ ਅਤੇ ਮਾਨਸਿਕ ਹਸਪਤਾਲਾਂ, ਜੇਲ੍ਹਾਂ, ਫ਼ੈਕਟਰੀਆਂ, ਸਕੂਲ ਅਤੇ ਕਾਨੂੰਨੀ ਅਦਾਲਤਾਂ
ਵਰਗੇ ਅਦਾਰਿਆਂ ਨਾਲ ਨਜ਼ਦੀਕ ਤੋਂ ਕਾਰਜ ਕਰਦੇ ਹੋਏ ਲੁਕਾਈ ਉੱਤੇ ਵਿਸ਼ੇਸ਼ ਤੇ ਗੰਭੀਰ ਪ੍ਰਭਾਵ ਰੱਖਦੇ
ਹਨ। ਮਾਨਵ-ਵਿਗਿਆਨ
ਦਾ ਇਹ ਵਿਸ਼ੇਸ਼ ਤੇ ਗੰਭੀਰ ਪ੍ਰਭਾਵ ਅੱਗੋਂ ਬੁਨਿਆਦੀ ਰੂਪ ਵਿਚ ਸਮਾਜ ਦੇ
ਵਿਅਕਤੀ/ਵਿਚਾਰਾਂ/ਵਰਤਾਰਿਆਂ ਵਿਚਕਾਰ ਸਾਧਾਰਨ (normal) ਅਤੇ ਅਸਧਾਰਨ (abnormal) ਦਾ ਅੰਤਰ ਸਥਾਪਿਤ ਕਰਨ ਦਾ ਅਭਿਆਸ ਸਿਰਜਦਾ ਹੈ। ਜਿਸ
ਦੇ ਅੰਤਰਗਤ ਅਸਧਾਰਨਤਾ (ਜੋ ਸਮਾਜ ਦੇ ਸਥਾਪਿਤ ਸਾਧਾਰਨ ਪੈਰਾਮੀਟਰਾਂ ਅਨੁਸਾਰ ਨਹੀਂ ਹੁੰਦੀ) ਦੀ
ਪਰਿਭਾਸ਼ਾਂ/ਸਥਾਪਨਾ, ਮਾਨਵ-ਵਿਗਿਆਨ ਦੇ ਇੱਕ ਪ੍ਰਮੁੱਖ ਢੰਗ ਵਜੋਂ ਸਮਾਜ ਵਿਚ ਸ਼ਕਤੀ-ਸੰਬੰਧ ਸਥਾਪਿਤ
ਕਰਨ ਵਿਚ ਸਹਾਈ ਹੁੰਦੀ ਹੈ, ਕਿਉਂਜੋ ਅਸਧਾਰਨਤਾ ਦੇ ਮਾਪਦੰਡ ਦੀ ਪਰਿਭਾਸ਼ਾ ਸਾਧਾਰਨ-ਵਿਅਕਤੀ ਨੂੰ
ਅਸਧਾਰਨ-ਵਿਅਕਤੀ ਉੱਤੇ ਸ਼ਕਤੀ ਪ੍ਰਦਾਨ ਕਰਦੀ ਹੈ ਅਤੇ ਅਸਧਾਰਨ ਨੂੰ ਵੱਖਰੀ ਪਛਾਣ ਦੇ ਕੇ ਹਾਸ਼ੀਏ ‘ਤੇ ਧੱਕ ਦੇਂਦੀ ਹੈ। ਇਸ ਸੰਦਰਭ ਵਿਚ
ਮਨੋਵਿਗਿਆਨੀ ਪਾਗਲਪਣ ਬਾਰੇ, ਡਾਕਟਰ ਮਰੀਜ਼ਾਂ ਬਾਰੇ, ਅਪਰਾਧ-ਵਿਗਿਆਨੀ ਅਪਰਾਧੀ ਬਾਰੇ ਆਪਣੀਆਂ
ਅਜਿਹੀਆਂ ਧਾਰਨਾਵਾਂ ਸਥਾਪਿਤ ਕਰਦੇ ਹਨ, ਜੋ ਗਿਆਨ/ਸ਼ਕਤੀ ਸੰਬੰਧਾਂ ਕਰਕੇ ਲੁਕਾਈ ਵਿਚ
ਮੰਨਣਯੋਗ/ਸਵੀਕਾਰਨਯੋਗ ਹੁੰਦੀਆਂ ਹਨ। ਇਸ ਨਾਲ ਕੁੱਝ ਵਿਸ਼ੇਸ਼ ਲੋਕ
ਆਪਣੇ ਵਿਚਾਰਾਂ/ਪ੍ਰਵਚਨਾਂ ਦੁਆਰਾ ਗਿਆਨਵਾਨ ਹੋਣ ਦਾ ਦਾਅਵਾ ਕਰਦੇ ਹਨ ਅਤੇ ਹੋਰ ਲੋਕਾਂ ਨੂੰ ਇਹ
ਦੱਸਣ ਲਈ ਸਵੀਕਾਰਿਤ ਹੋ ਜਾਂਦੇ ਹਨ ਕਿ ਉਹ ਕੌਣ ਹਨ। ਇਸ ਪ੍ਰਕਾਰ ਗਿਆਨ 'ਪਰ'
ਨੂੰ ਪਰਿਭਾਸ਼ਿਤ ਕਰਨ ਦੀ ਸ਼ਕਤੀ ਬਣਦਾ ਹੋਇਆ, ਨਿਗਰਾਨੀ ਅਤੇ ਅਨੁਸ਼ਾਸਨ ਦਾ ਇੱਕ ਤਰੀਕਾ ਬਣ ਜਾਂਦਾ
ਹੈ, ਜੋ ਕਰਤੇ ਦੇ ਅੰਤਹਿਕਰਨ ਦੀ ਸਿਰਜਣ ਕਰਦਾ ਹੈ। ਇਸ ਸੰਦਰਭ ਵਿਚ ਫੂਕੋ ਦਾ
ਤਰਕ ਹੈ ਕਿ ਪਹਿਲੇ ਦੌਰ ਵਿਚ ਲੋਕਾਂ ਨੂੰ ਘੇਰਨ ਜਾਂ ਕੈਦ ਕਰਨ, ਵੱਖ-ਵੱਖ ਕਰਨ ਜਾਂ ਉਨ੍ਹਾਂ ਨੂੰ
ਆਪਣੇ ਜੀਵਨ ਸੰਬੰਧੀ ਕੋਈ ਅਧਿਕਾਰਕ ਜਾਣਕਾਰੀ ਦੇਣ ਦੇ ਤਰੀਕਿਆਂ ਵਿਚ ਸ਼ਕਤੀ ਦਾ ਨੰਗਾ ਰੂਪ ਦਿਖਾਈ
ਦਿੰਦਾ ਹੈ, ਕਿਉਂਕਿ ਇਸ ਵਿਚ ਲੋਕ ਇੱਕ ਪ੍ਰਤੱਖ ਪ੍ਰਭੁਤੱਵ-ਸ਼ਕਤੀ (Sovereign
Power) ਦੇ ਅਧੀਨ ਹੁੰਦੇ ਸਨ। ਪਰ ਅੰਤਹਿਕਰਨ ਨਿਰਮਾਣ ਦੇ ਤਰੀਕੇ ਵਿਚ ਤਾਂ ਉਨ੍ਹਾਂ ਦੇ ਮਨੋ-ਜਗਤ, ਸੋਚ ਤੇ ਉਨ੍ਹਾਂ ਦੀ
ਨਿੱਜਤਾ ਤੱਕ ਨੂੰ ਕਾਬੂ ਕਰ ਲਿਆ ਜਾਂਦਾ ਹੈ। ਲੋਕ ਕੁੱਝ ਵਿਸ਼ੇਸ਼ ਸੂਤਰਾਂ
ਦੇ ਆਧਾਰ 'ਤੇ ਆਪਣੇ ਅੰਤਹਿਕਰਨ ਬਾਰੇ ਸੋਚਦੇ ਹਨ। ਉਨ੍ਹਾਂ ਦੀਆਂ ਦੇਹਾਂ,
ਭਾਵਨਾਵਾਂ, ਵਿਚਾਰ-ਜਗਤ ਅਤੇ ਚਰਿੱਤਰ ਉੱਤੇ ਨਿਯੰਤਰਨ ਦੀ ਗੁੰਝਲਦਾਰ ਪ੍ਰਕਿਰਿਆ ਚੱਲਦੀ ਰਹਿੰਦੀ
ਹੈ,37 ਜਿਸ ਦਾ ਅਭਿਆਸ ਪੂੰਜੀਵਾਦੀ ਸਿਸਟਮ ਵਿਚ ਵਧੇਰੇ
ਜਟਿਲ ਤੇ ਗਹਿਨ ਸੰਰਚਨਾ ਵਾਲਾ ਹੈ, ਜਿਸ ਦਾ ਇਕ ਪ੍ਰਮਾਣ ਫੂਕੋ ਬਾਇਓ-ਪਾਵਰ (Bio-Power) ਦੀ ਵਿਆਖਿਆ ਰਾਹੀਂ ਦਿੰਦਾ ਹੈ।
ਬਾਇਓ-ਪਾਵਰ ਵੀ ਪੈਨੋਪਟੀਕੋਨ
ਦੀ ਤਰ੍ਹਾਂ ਹੀ ਇਕ ਰੂਪਕ ਹੈ, ਜਿਸ ਨੇ ਪੂੰਜੀਵਾਦ ਦੇ ਜਨਮ ਵਿਚ ਵਿਸ਼ੇਸ਼ ਭੂਮਿਕਾ ਅਦਾ ਕੀਤੀ ਹੈ
ਅਤੇ ਜ਼ਿੰਦਗੀ ਤੇ ਜੀਵਨ ਦੇ ਰੂਪਾਂ ਨੂੰ ਸ਼ੁੱਧ-ਵਿਗਿਆਨ ਦੀ ਸਹਾਇਤਾ ਨਾਲ ਨਿਯੰਤਰਤ ਕੀਤਾ ਹੈ ਅਤੇ
ਦੇਹਾਂ ਦੀ ਕਾਰਜਸ਼ੀਲਤਾ ਨੂੰ ਬੇਹਤਰ ਬਣਾਉਣ ਦੇ ਰੂਪ ਨੂੰ ਸਹਿਜਤਾ ਨਾਲ ਲਾਗੂ ਕੀਤਾ ਹੈ। ਫੂਕੋਡੇਰੀਅਨ-ਚਿੰਤਨ
ਅਧੀਨ ਅਨੁਸ਼ਾਸਨੀ-ਸ਼ਕਤੀ ਜਿੱਥੇ ਦੇਹ ਦੇ ਕਾਰਜ ਨੂੰ
ਸਿੱਖਿਅਤ ਕਰਦੀ ਹੈ, ਉੱਥੇ ਬਾਇਓ-ਪਾਵਰ ਜਨਸੰਖਿਆ ਦੇ ਜਨਮ, ਮੌਤ, ਪ੍ਰਜਨਨ ਅਤੇ ਬਿਮਾਰੀਆਂ ਦੇ ਪ੍ਰਬੰਧਨ ਨਾਲ ਸੰਬੰਧਿਤ
ਹੈ। ਇਸ ਅਨੁਸਾਰ ਜੈਵਿਕ-ਸ਼ਕਤੀ ਮਨੁੱਖੀ-ਸਮੂਹਾਂ 'ਤੇ ਅਨੁਸ਼ਾਸਨੀ ਫੋਕਸ
ਵਿਚੋਂ ਉਭਰਦੀ ਹੈ, ਜਿਸ ਵਿਚ ਦਵਾਈਆਂ ਅਤੇ ਸਿਹਤ ਨਾਲ ਸੰਬੰਧਿਤ ਗਿਆਨ ਦੇ ਇੱਕਤਰੀਕਰਨ ਨਾਲ
ਬਾਇਓ-ਰਾਜਨੀਤੀ ਦੀਆਂ ਤਕਨਾਲੋਜੀਆਂ ਦੇ ਰੂਪਾਂ ਵਿਚ ਆਪਣਾ ਪ੍ਰਭਾਵ ਸਿਰਜਦੀ ਹੈ। ਦੂਜੇ ਸ਼ਬਦਾਂ ਵਿਚ ਜੈਵਿਕ-ਰਾਜਨੀਤੀ ਨੂੰ ਮਨੁੱਖੀ ਆਬਾਦੀ
ਦੇ ਜੀਵਨ-ਪ੍ਰਬੰਧਨ ਦੇ ਗਣਿਤ ਵਜੋਂ ਸਮਝਿਆ ਜਾ ਸਕਦਾ ਹੈ, ਜਿਸ ਨਾਲ ਰਾਜ ਸਮਾਜ ਦੀਆਂ ਮਹੱਤਵਪੂਰਣ
ਜੈਵਿਕ ਪ੍ਰਕ੍ਰਿਆਵਾਂ ਜਿਵੇਂ ਕਿ ਜਨਮ, ਮੌਤ, ਬਿਮਾਰੀ ਅਤੇ ਜੀਵਨ-ਸੰਭਾਵਨਾ ਨੂੰ ਨਿਯਮਿਤ ਕਰਦਾ ਹੈ। ਦਰਅਸਲ ਜੈਵਿਕ-ਸ਼ਕਤੀ, ਸ਼ਕਤੀ-ਗਿਆਨ ਦੇ ਸੰਬੰਧਾਂ ਦੁਆਰਾ ਸਿਰਜਤ
ਤਕਨੀਕ ਵਜੋਂ ਅਨੁਸ਼ਾਸਨੀ-ਸਮਾਜਾਂ ਵਿਚ ਵਿਆਪਕ ਪੱਧਰ ‘ਤੇ ਅਬਾਦੀ ਦਾ ਪ੍ਰਬੰਧਨ ਕਰਦੀ, ਆਧੁਨਿਕ ਨੇਸ਼ਨ-ਸਟੇਟ
ਦੇ ਅਭਿਆਸ ਨੂੰ ਦਰਸਾਉਂਦੀ ਹੈ ਅਤੇ ਸਮੁੱਚੀਆਂ ਅਬਾਦੀ ਉੱਤੇ ਨਿਯੰਤਰਣ ਨੂੰ ਯਕੀਨੀ ਬਣਾਉਂਦੀ ਹੈ। ਇਸ ਦੇ ਨਾਲ ਹੀ ਬਾਇਓ-ਰਾਜਨੀਤੀ ਤਕਨੀਕਾਂ ਅਤੇ ਗਿਆਨ
ਦੇ ਵਿਸ਼ੇਸ਼ ਸਮੂਹ ਵਜੋਂ ਜੀਵ-ਵਿਗਿਆਨ ਦੇ ਇੱਕ ਖਾਸ ਰੂਪ ਨੂੰ ਪੈਦਾ ਕਰਦੀ ਹੈ, ਜਿਸ ਨਾਲ ਜੈਵਿਕ-ਸ਼ਕਤੀ
ਨੂੰ ਅਨੇਕਾਂ ਰੂਪਾਂ ਵਜੋਂ ਵਰਤਿਆ ਜਾਂਦਾ ਹੈ। ਇਸ ਸੰਦਰਭ ਵਿਚ ਫੂਕੋ ਦੀ ਦਿਲਚਸਪੀ ਜੈਵਿਕ-ਸ਼ਕਤੀਆਂ ਦੀਆਂ ਵਿਭਿੰਨ
ਕਿਸਮਾਂ ਦੀਆਂ ਤਕਨੀਕਾਂ ਦੀ ਵਰਤੋਂ ਅਤੇ ਉਨ੍ਹਾਂ ਦੇ ਪ੍ਰਯੋਗ ਦੁਆਰਾ ਸਮਾਜਿਕ-ਨਿਯੰਤਰਣ ਦੇ
ਪ੍ਰਭਾਵ ਦੇ ਵਿਸ਼ਲੇਸ਼ਣ ਕਰਨ ਵਿਚ ਸੀ, ਜਿਸ ਨਾਲ ਸ਼ਕਤੀ ਨਜ਼ਰਬੰਦੀ/ਬੰਧਸ਼ਾਂ ਦੀ ਬਜਾਇ
ਸੁਤੰਤਰਤਾ ਵਿਚ 'ਰੁਕਾਵਟ' ਜਾਂ ਦਖਲਅੰਦਾਜ਼ੀ ਰਾਹੀਂ ਵਿਆਕਤੀ ਦੀ ਚੌਣ ਨੂੰ ਸੀਮਿਤ ਕਰਨ ਦਾ ਯਤਨ
ਕਰਦੀ ਹੈ।
ਇਸ ਤਰ੍ਹਾਂ ਗਿਆਨ ਕਦੇ ਵੀ ਸੁਤੰਤਰ ਨਹੀਂ ਹੁੰਦਾ ਅਤੇ
ਨਾ ਹੀ ਭਵਿੱਖ ਵਿਚਲੀ ਸੁਤੰਤਰ ਕਰਨ ਦਾ ਵਿਆਪਕ ਵਾਹਦਾ (ਵਿਚਾਰਧਾਰਾ ਵਜੋਂ) ਹੋ ਸਕਦਾ ਹੈ, ਕਿਉਂਕਿ ਗਿਆਨ ਸ਼ਕਤੀ-ਸੰਬੰਧਾਂ ਵਿਚ
ਬੰਨਿਆ ਹੋਇਆ ਕਰਤੇ ਦੇ ਅੰਤਹਿਕਰਨ ਦਾ ਸਿਰਜਣ ਕਰਦਾ ਹੈ (ਕਰਤੇ ਦਾ ਅੰਤਹਿਕਰਨ ਸ਼ਕਤੀ ਦਾ ਰੂਪ ਹੁੰਦਾ ਹੈ)
ਅਤੇ ਕਰਤੇ ਦੀ ਦੇਹ ਨੂੰ ਆਪਣੇ ਅਧਿਕਾਰ ਖੇਤਰ ਵਿਚ ਲੈਂਦਾ ਹੋਇਆ, ਕਿਸੇ ਵਿਆਕਤੀ/ਸਮਾਜ ਦਾ ਮਾਇਕਰੋ ‘ਸੱਚ’ ਹੀ
ਪੈਦਾ ਕਰਦਾ ਹੈ। ਸ਼ਕਤੀ-ਸੰਬੰਧਾਂ ਦਾ ਘੇਰਾ
ਸਰਵ-ਵਿਆਪੀ ਹੋਣ ਕਰ ਕੇ, ਸਮਾਜ ਦੀ ਹਰੇਕ ਸਿਰਜਨਾ ਨੂੰ ਆਪਣੇ ਕਲੇਵਰ ਵਿਚ ਲੈਂਦਾ ਹੈ, ਜਿਸ ਤੋਂ
ਕਰਤੇ ਦੇ ਅੰਤਹਿਕਰਨ ਨਾਲ ਸੰਬੰਧਿਤ ਇੱਕ ਤੱਤ ਸੱਚ (truth) ਵੀ ਨਿਰਲੇਪ ਨਹੀਂ ਰਹਿ
ਪਾਉਂਦਾ। ਫੂਕੋਡੇਰੀਅਨ-ਚਿੰਤਨ ਅਨੁਸਾਰ ਸੱਚ ਇਤਿਹਾਸ ਵਿਚ ਵਾਪਰਦੀ ਇੱਕ ਘਟਨਾ ਹੁੰਦਾ ਹੈ ਜਿਸ ਨੂੰ
ਕਰਤਾ ਆਤਮਸਾਤ ਕਰ ਲੈਂਦਾ ਹੈ ਕਿਉਂਕਿ ‘ਸੱਚ ਦਾ ਖੇਤਰ’ (ਜਿਸ ਵਿਚ ਕਰਤਾ
ਵਿਚਰਦਾ ਹੈ) ਅਨੇਕਾਂ ਵਿਗਿਆਨਕ/ਸਮਾਜਿਕ/ਸੰਸਥਾਈ ਪ੍ਰਵਚਨਾਂ ਦਾ ਨਤੀਜਾ ਹੁੰਦਾ ਹਨ, ਜੋ ਸਿੱਖਿਆ ਪ੍ਰਣਾਲੀ, ਮੀਡੀਆ, ਰਾਜਨੀਤਿਕ ਅਤੇ ਆਰਥਿਕ ਵਿਚਾਰਧਾਰਾਵਾਂ ਆਦਿ ਦੇ ਪ੍ਰਵਾਹ ਦੁਆਰਾ ਨਿਰਮਤ/ਨਿਰੰਤਰ/ਪੂਨਰ-ਪ੍ਰਭਾਸ਼ਿਤ
ਕੀਤਾ ਜਾਂਦਾ ਹੈ। ਕਿਸੇ ਨਿਰਲੇਪ ਜਾਂ ਵਿਆਪਕ
ਸੱਚ ਦੀ ਤਲਾਸ਼ ਇਕ ਭ੍ਰਮ/ਸੁਪਨੇ ਤੋਂ ਵਧੇਰੇ ਕੁਝ ਨਹੀਂ ਅਤੇ ਸੱਚ-ਝੂਠ ਦਾ ਸਮਾਜਿਕ ਨਿਖੇੜਾ ਸ਼ਕਤੀ
ਦੇ ਜ਼ਿਆਦਾ ਜਾਂ ਘੱਟ ਪ੍ਰਭਾਵਮਈ ਰੂਪ ਉੱਤੇ ਨਿਰਭਰ ਕਰਦਾ ਹੈ। ਇਸ ਤਰਕ ਕਰਕੇ ਹੀ ਹਰੇਕ
ਸਮਾਜ ਵਿਚ ਸੱਚ ਦਾ ਆਪਣਾ ਨਿਯਮ ਹੁੰਦਾ ਹੈ ਅਤੇ ਕੋਈ ਵੀ ਸਮਾਜ ਵਿਸ਼ੇਸ਼ ਸਭਿਆਚਾਰਕ-ਇਤਿਹਾਸਕ
ਸਥਾਪਤੀਆਂ ਨੂੰ ਛੱਡ ਕੇ ਸੱਚਾਈ ਦਾ ਦਾਅਵਾ ਨਹੀਂ ਕਰ ਸਕਦਾ ਹੈ। ਪਰ ਇੱਥੇ ਧਿਆਨਯੋਗ ਨੁਕਤਾ ਇਹ ਹੈ ਕਿ ਸ਼ਕਤੀ ਕਿਸੇ ਯੋਜਨਾਬੱਧ ਤਰੀਕੇ ਨਾਲ ਸੱਚ ਦਾ ਸਿਰਜਣ
ਨਹੀਂ ਕਰਦੀ ਹੈ, ਬਲਕਿ ਸ਼ਕਤੀ ਦੇ ਦਿਸ਼ਾਹੀਣ/ਅਵਿਅਕਤੀਗਤ ਰੂਪ
ਪ੍ਰਵਚਨ ਦੁਆਰਾ ਸੱਚ ਨੂੰ ਪੈਂਦਾ ਕਰਦੇ ਹਨ ਅਤੇ ਜਿਸ ਦਾ ਵਸਤੂਗਤ-ਯਥਾਰਥ ਨਾਲ ਪ੍ਰਤੱਖ ਸੰਬੰਧ
ਨਹੀਂ ਹੁੰਦਾ, ਸਗੋਂ 'ਸੱਚ ਦਾ ਪ੍ਰਭਾਵ' 'ਇਹ ਦਰਸਾਉਂਦਾ ਹੈ ਕਿ ਯਥਾਰਥ ਵਿਵਾਦਾਤਮਿਕ (polemical) ਹੈ'।38 ਇਸ ਕਾਰਨ ਹੀ ਫੂਕੋ ਪ੍ਰਵਚਨ, ਸ਼ਕਤੀ, ਗਿਆਨ ਅਤੇ ਸੱਚ ਦੇ ਸੰਬੰਧਾਂ ਨੂੰ ਵੇਖਦਾ ਕਹਿੰਦਾ ਹੈ
ਕਿ ਪ੍ਰਵਚਨ ਵਿਚ ਸ਼ਕਤੀ ਅਤੇ ਗਿਆਨ ਇਕੱਠੇ ਹੁੰਦੇ ਹਨ39 ਅਤੇ ਪ੍ਰਵਚਨ ਸ਼ਕਤੀ ਦਾ ਪ੍ਰਭਾਵ/ਸਾਧਨ/ਵਿਰੋਧ ਦਾ ਬਿੰਦੂ ਵੀ ਹੋ ਸਕਦੇ ਹਨ। ਕਿਉਂਜੋ ਪ੍ਰਵਚਨ ਜਿੱਥੇ ਸ਼ਕਤੀ ਨੂੰ ਸੰਚਾਰਿਤ ਤੇ ਪੈਦਾ
ਕਰਦਾ ਹੈ, ਉੱਥੇ ਸ਼ਕਤੀ ਨੂੰ ਘਟਾਉਂਦਾ ਅਤੇ ਇਸ ਦਾ ਪਰਦਾਫਾਸ਼ ਵੀ ਕਰਦਾ ਹੈ। ਦਰਅਸਲ ਫੂਕੋ ਦੀ ਦਿਲਚਸਪੀ ਇਹ ਵੇਖਣ ਵਿਚ ਹੈ ਕਿ ਪ੍ਰਵਚਨ ਦੇ ਅੰਦਰ
“ਸੱਚਾਈ ਦੇ ਪ੍ਰਭਾਵ” ਕਿਵੇਂ ਪੈਦਾ ਹੁੰਦੇ
ਹਨ, ਜੋ ਨਾ ਤਾਂ ਝੂਠੇ ਹਨ ਅਤੇ ਨਾ ਹੀ ਸੱਚੇ।
ਇੱਥੇ ਸ਼ਕਤੀ-ਸੰਬੰਧਾਂ ਬਾਰੇ
ਗੱਲ ਕਰਦੇ ਹੋਏ ਸਾਧਾਰਨ ਸ਼ਕਤੀ ਅਤੇ ਸ਼ਕਤੀ ਦੇ ਹੋਰ ਰੂਪਾਂ, ਜਿਵੇਂ ਦਬਦਬਾ (domination) ਅਤੇ ਸਰਕਾਰ (government) ਵਿਚਕਾਰ ਅੰਤਰ ਕਰਨਾ ਵੀ ਜ਼ਰੂਰੀ
ਪ੍ਰਤੀਤ ਹੁੰਦਾ ਹੈ। ਫੂਕੋ ਲਈ ਦਬਦਬੇ ਦੀ
ਧਾਰਨਾ ਸ਼ਕਤੀ ਦੇ ਅਸੀਮਿਤ ਸੰਬੰਧਾਂ ਦੇ ਵਰਣਨ ਵਿਚ ਵਧੇਰੇ ਸਥਿਰ ਪ੍ਰਵਿਰਤੀ ਦੀ ਧਾਰਨੀ ਹੈ। ਦਬਦਬੇ ਨੂੰ ਆਪਣੇ ਆਪ ਵਿਚ ਸ਼ਕਤੀ ਸਮਝਿਆ ਨਹੀਂ ਜਾਣਾ ਚਾਹੀਦਾ, ਬਲਕਿ ਇਸ ਨੂੰ ਸ਼ਕਤੀ ਦੇ ਇੱਕ
ਪੱਖ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਜੇਕਰ ਇਸ ਅਰਥ ਵਿਚ ਸਮਝਿਆ
ਜਾਵੇ ਤਾਂ ਦਬਦਬਾ ਸ਼ਕਤੀ-ਸੰਬੰਧਾਂ ਤੋਂ ਬਚਣ ਦੀ ਗੱਲ ਨਹੀਂ ਹੈ, ਬਲਕਿ ਸ਼ਕਤੀ ਦੀਆਂ ਇਨ੍ਹਾਂ ਖੇਡਾਂ
ਨੂੰ ਕਿਵੇਂ ਘੱਟੋ-ਘੱਟ ਦਬਦਬਾ ਪੂਰਨ ਬਣਾਇਆ ਜਾਵੇ, ਨਾਲ ਸੰਬੰਧਿਤ ਹੈ।40 ਦੂਜੇ ਪਾਸੇ ਸਰਕਾਰ (government) ਸ਼ਬਦ ਆਪਣੇ ਕਰਤਿਆਂ ਦੀ
ਸਹਿਮਤੀ ਦੇ ਮਾਧਿਅਮ ਨਾਲ ਸਥਾਪਿਤ ਤੇ ਸੰਚਾਲਿਤ ਹੁੰਦਾ ਹੋਇਆ ਇੱਕ ਪ੍ਰਭੂੱਤਾ-ਸੰਪੰਨ ਸ਼ਕਤੀ ਦੇ
ਕਾਰਜ ਨਾਲ ਸੰਬੰਧਿਤ ਹੈ। ਸਰਕਾਰ ਦੇ ਕਾਰਜ ਦੋਵੇਂ
ਰਾਜ (state) ਅਤੇ ਗੈਰ-ਰਾਜੀ (non-state) ਏਜੰਸੀਆਂ ਦੁਆਰਾ ਕੀਤੇ
ਜਾਂਦੇ ਹਨ ਅਤੇ ਵਿਅਕਤੀਆਂ ਦੀ ਨਿੱਜਤਾ ਤੇ ਵਿਵਹਾਰ ਨੂੰ ਢਾਲਣ ਦੇ ਅਭਿਆਸ ਵਿਚ ਵਧੇਰੇ ਡੂੰਘਾਈ
ਨਾਲ ਸ਼ਾਮਿਲ ਹੁੰਦੇ ਹਨ।41 ਸਰਕਾਰੀ ਭਾਵ ਵਿਚ
"ਵਿਹਾਰ ਨੂੰ ਆਕਾਰ ਦੇਣ" (shape behaviour) ਸ਼ਬਦ ਦਾ ਅਰਥ ਹੈ ਕਿ ਸਰਕਾਰ ਸਿਰਫ਼ ਉਨ੍ਹਾਂ ਢੰਗਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਨ੍ਹਾਂ ਵਿਚ
ਵਿਅਕਤੀ ਆਪਣੇ ਵਿਹਾਰ ਨੂੰ ਖ਼ੁਦ ਨਿਯਮਤ ਕਰ ਸਕਦੇ ਹਨ।42 ਪ੍ਰਚਲਿਤ ਅਰਥਾਂ ਵਿਚ ਸਰਕਾਰ ਅਤੇ ਰਾਜ ਨੂੰ ਅਕਸਰ ਇੱਕ ਹੀ ਸੰਸਥਾ ਮੰਨਿਆ ਜਾਂਦਾ ਹੈ, ਪਰ
ਸੰਕਲਪਾਤਮਿਕ-ਅਰਥਾਂ ਵਿਚ ਇਹ ਸੰਸਥਾਵਾਂ ਸੁਤੰਤਰ ਤੌਰ 'ਤੇ ਵੱਧਦੀਆਂ ਹਨ। ਜੇਕਰ "ਸਰਕਾਰ" ਸ਼ਬਦ ਦੇ ਅਸਲ ਅਰਥਾਂ ਵੱਲ ਵਾਪਸ ਪਰਤਦੇ ਹਾਂ, ਤਾਂ ਇਸ ਭੁਲੇਖੇ
ਨੂੰ ਠੀਕ ਕਰ ਸਕਦੇ ਹਾਂ ਅਤੇ ਕਹਿ ਸਕਦੇ ਹਾਂ ਕਿ ਸ਼ਕਤੀ-ਸੰਬੰਧ ਹੌਲੀ ਹੌਲੀ "ਸਰਕਾਰ"
ਦੇ ਕਾਬੂ ਵਿਚ ਆ ਗਏ ਸਨ, ਅਰਥਾਤ ਰਾਜ ਦੀਆਂ ਸੰਸਥਾਵਾਂ ਨਿਗਰਾਨੀ ਦੁਆਰਾ ਵਿਕਸਤ, ਤਰਕਸ਼ੀਲ ਅਤੇ
ਕੇਂਦਰਿਤ ਹੋ ਗਈਆਂ ਹਨ। ਭਾਵੇਂ ਅਠਾਰ੍ਹਵੀਂ ਸਦੀ ਤੋਂ ਪਹਿਲਾਂ ਇਹ "ਰਾਜ ਦਾ ਸ਼ਾਸਤੀਕਰਨ"
(governmentalization
of the state) ਨਹੀਂ ਹੋਇਆ ਸੀ, ਪਰ ਰਾਜ ਦੀਆਂ ਗਤੀਵਿਧੀਆਂ ਨੇ ਸਰਕਾਰ ਦਾ ਰੂਪ ਆਪਣੇ ਨਾਗਰਿਕਾਂ ਦੇ
ਵਿਹਾਰ ਉੱਤੇ ਧਿਆਨ ਕੇਂਦਰਿਤ ਕਰਨ ਕਰਕੇ ਧਾਰਿਆ ਅਤੇ ਕਾਨੂੰਨ ਦੇ ਸ਼ਾਸਨ ਨਾਲ ਰਾਜ ਨੇ ਆਪਣੇ-ਆਪ
ਨੂੰ ਸਰਕਾਰ ਦੀਆਂ ਵਿਸ਼ਾਲ ਸੰਸਥਾਵਾਂ ਵਾਲੇ ਯੰਤਰ ਵਿਚ ਬਦਲ ਲਿਆ। ਇਸ ਤਰ੍ਹਾਂ ਰਾਜ ਅਨੇਕਾਂ/ਵਿਭਿੰਨ ਸ਼ਕਤੀ-ਸੰਬੰਧਾਂ ਦਾ ਇਕ ਵਿਆਪਕ ਸਿਸਟਮ ਬਣ ਗਿਆ। ਪ੍ਰੰਤੂ ਸ਼ਕਤੀ
ਤੇ ਸ਼ਕਤੀ ਦੇ ਇਨ੍ਹਾਂ ਰੂਪਾਂ ਵਿਚ ਅੰਤਰ ਸਮਝ ਲਈ ਇੱਥੇ ਬੁਨਿਆਦੀ ਨੁਕਤਾ ਨਾ ਤਾਂ ਸ਼ਕਤੀ ਦੀਆਂ
ਸਥਿਰ ਸੰਸਥਾਵਾਂ ਦੀ ਪ੍ਰਣਾਲੀ ਹੈ ਅਤੇ ਨਾ ਹੀ ਸੰਘਰਸ਼ਾਂ ਨੂੰ ਸ਼ਾਂਤ ਕਰਨ ਦੀਆਂ ਤਕਨਾਲੋਜੀਆਂ, ਸਗੋਂ
ਪ੍ਰਤਿਰੋਧ ਅਤੇ ਸ਼ਕਤੀ ਦੇ ਨਿਰੰਤਰ ਸੰਬੰਧ ਹਨ, ਕਿਉਂਕਿ ਸ਼ਕਤੀ ਡਿਊਲ (dual:
ਜੋ ਦੋ ਹਿੱਸੇ, ਤੱਤ ਜਾਂ ਪਹਿਲੂ ਰੱਖਦਾ ਹੋਵੇ) ਜਿਹੀ ਹੁੰਦੀ ਹੈ, ਨਾ ਕਿ ਅਧੀਨਗੀ ਦੇ
ਕੁੱਲ ਪ੍ਰਬੰਧਨ ਵਰਗੀ।43
ਇਸ
ਤਰ੍ਹਾਂ ਸਮੁੱਚੇ ਰੂਪ ਵਿਚ ਸ਼ਕਤੀ ਦੀ
ਸੰਰਚਨਾ ਤੇ ਇਸ ਦੀ ਨਿਰਮਾਣਕਾਰੀ ਦੀ ਸਮਝ ਅਤੇ ਸ਼ਕਤੀ-ਗਿਆਨ ਦੇ ਅੰਤਰਲੇ ਤੇ ਅੰਦਰਲੇ ਗੁੰਝਲਦਾਰ ਤੇ
ਗੂੜੇ ਸੰਬੰਧਾਂ ਦੀ ਸੂਝ ਨਾਲ ਵਸਤੂਗਤ-ਯਥਾਰਥ ਨੂੰ ਸਹੀ ਅਰਥਾਂ ਵਿਚ ਸਮਝਿਆ ਜਾ ਸਕਦਾ। ਮਿਸ਼ੇਲ
ਫੂਕੋ ਨੇ ਇਨ੍ਹਾਂ ਸੰਬੰਧਾਂ ਦੀ ਹੀ ਇਕ ਵੱਖਰੀ ਸਮਝ ਤਿਆਰ ਕੀਤੀ ਹੈ, ਜਿਸ ਅਧੀਨ ਉਸ ਨੇ ਸ਼ਕਤੀ
ਨੂੰ ਜ਼ਬਰੀ/ਦਮਨਕਾਰੀ ਰੂਪ ਵਜੋਂ ਵੇਖਣ ਦੀ ਬਜਾਇ ਇਕ ਉਤਪਾਦਕ-ਰੂਪ ਵਜੋਂ ਸਮਝਿਆ ਅਤੇ ਇਤਿਹਾਸ ਵਿਚ
ਕਾਰਜਸ਼ੀਲ ਸ਼ਕਤੀ-ਗਿਆਨ ਸੰਬੰਧਾਂ ਤੇ ਸ਼ਕਤੀ ਦੀਆਂ ਤਕਨੀਕਾਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ। ਫੂਕੋ ਦੇ ਸ਼ਕਤੀ-ਸੰਕਲਪ ਅਧੀਨ ਸ਼ਕਤੀ ਕਿਸੇ ਸਮੂਹ
ਜਾਂ ਵਿਅਕਤੀਗਤ ਦਾ ਅਧਿਕਾਰ ਨਹੀਂ ਹੈ, ਸਗੋਂ ਸ਼ਕਤੀ ਸਮਾਜ ਵਿੱਚ ਫੈਲਿਆ ਇੱਕ ਨੈੱਟਵਰਕ ਹੈ,
ਪ੍ਰਤਿਰੋਧ ਜਿਸ ਦਾ ਵਿਸ਼ੇਸ਼ ਗੁਣ ਹੈ। ਵਿਅਕਤੀਤਵ
ਇਸ ਦੇ ਪ੍ਰਭਾਵ ਅਤੇ ਤੱਤ ਦਾ ਜੋੜ ਹੈ ਅਤੇ ਸ਼ਕਤੀ ਦਾ ਸਥਾਨ ਅਤੇ ਸਾਧਨ ਵਿਅਕਤੀ/ਕਰਤਾ ਹੈ। ਭਾਵੇਂ ਸ਼ਕਤੀ ਦਾ ਆਮ ਜਾਂ ਸਮੁੱਚਾ ਵਿਆਖਿਆਤਮਕ
ਸਿਧਾਂਤ ਕਦੇ ਨਹੀਂ ਹੋ ਸਕਦੇ, ਜਿਸ ਕਰਕੇ ਫੂਕੋ ਸ਼ਕਤੀ-ਸੰਬੰਧਾਂ ਨੂੰ ਵਿਅਕਤੀਗਤ ਪੱਧਰ ‘ਤੇ ਆਰਥਿਕ ਅਤੇ ਰਾਜਨੀਤਿਕ ਸੰਸਥਾਵਾਂ ਵਿਚਕਾਰ
ਸੰਪਰਕ ਵਜੋਂ ਸਮਝਦਾ ਹੋਇਆ, ਇਸ ਨੂੰ ਅਭਿਆਸ ਵਿਚ ਲਿਆਉਣ ਵਾਲੀਆਂ ਤਕਨੀਕਾਂ ਦੇ ਵਿਸ਼ਲੇਸ਼ਣ ਵਿਚ
ਦਿਲਚਸਪੀ ਰੱਖਦਾ ਹੈ। ਫੂਕੋ ਦਾ ਇਹ ਦ੍ਰਿਸ਼ਟੀਕੋਣ ਸਦੀਵੀ-ਤੱਤ ਦੀ ਪਛਾਣ ਵਿਚ ਯਕੀਨ ਰੱਖਦੇ ਦਾਰਸ਼ਨਿਕਾਂ
ਲਈ ਅਸਹਿਜ ਹੋ ਸਕਦਾ ਹੈ। ਪਰ ਫੂਕੋ ਦੀ
ਪਹੁੰਚ ਵਿੱਚ ਉਨ੍ਹਾਂ ਦਾਰਸ਼ਨਿਕਾਂ ਨੂੰ ਪ੍ਰੇਰਣਾ ਮਿਲਣ ਦੀ ਵਧੇਰੇ ਸੰਭਾਵਨਾ ਹੈ, ਜਿਹੜੇ ਇਹ ਸੋਚਦੇ
ਹਨ ਕਿ ਜੋ ਹਰ ਮਨੁੱਖ ਲਈ ਸਦੀਵੀ ਮਹਿਸੂਸ ਹੁੰਦਾ ਹੈ ਉਹ ਹਰ-ਪੀੜ੍ਹੀ ਲਈ ਅਤੇ ਹਰੇਕ ਭੂਗੋਲਿਕ-ਖਿੱਤੇ
ਵਿਚ ਭਿੰਨ ਹੁੰਦਾ ਹੈ। ਸ਼ਕਤੀ ਅਤੇ
ਆਜ਼ਾਦੀ ਦੀ ਵਿਚਾਰਧਾਰਕ ਜੋੜ੍ਹਾਂ ਦੇ ਸੰਬੰਧ ਵਿੱਚ ਫੂਕੋ ਦਾ ਦਾਅਵਾ ਸੀ ਕਿ ਲੋਕ ਅਜ਼ਾਦੀ ਲਈ
ਸਾਰੇ ਰੂਪਾਂ ਨੂੰ ਪਹਿਲਾਂ ਤੋਂ ਪਰਿਭਾਸ਼ਿਤ ਕਰਨ ਤੋਂ ਇਨਕਾਰ ਕਰਕੇ ਆਜ਼ਾਦੀ ਲਈ ਵਧੇਰੇ ਜਿੱਤ
ਪ੍ਰਾਪਤ ਕਰਨ ਦੀ ਸੰਭਾਵਨਾ ਰੱਖਦੇ ਹਨ ਭਾਵ ਕਿ ਸ਼ਕਤੀ ਦੀਆਂ ਸਥਿਰ ਪਰਿਭਾਸ਼ਾਵਾਂ/ਝੁਕਣ ਤੋਂ ਵੀ ਇਨਕਾਰੀ
ਹੋਣਾ ਚਾਹੀਦਾ ਹੈ। ਜਦੋਂ ਕਿ ਇਕ ਦਰਸ਼ਨ ਦੀ ਸ਼ਕਤੀ, ਜੋ ਸਭ ਲਈ ਇਕੋਂ ਪਰਿਭਾਸਾ
ਵਿਚ ਯਕੀਨ ਕਰਦੀ ਹੈ, ਆਜ਼ਾਦੀ ਦੇ ਤੱਤਾਂ ਨੂੰ ਸੀਮਿਤ ਕਰ ਦੇਵੇਗੀ ਅਤੇ ਅਜਿਹਾ ਦਰਸ਼ਨ ਆਜ਼ਾਦੀ ਨੂੰ
ਬਿਲਕੁੱਲ ਅਸਫ਼ਲ ਬਣਾ ਦੇਵੇਗਾ। ਉਹ ਲੋਕ
ਜਿਹੜੇ ਆਜ਼ਾਦੀ ਦੀ ਅਸਪੱਸ਼ਟਤਾ ਤੋਂ ਡਰਦੇ ਹਨ, ਫੂਕੋ ਨੂੰ ਜੋਖ਼ਮ ਭਰਪੂਰ ਲੱਗਦੇ ਹਨ।44
ਇਸ ਲਈ ਹੀ ਫੂਕੋ ਨੇ ਕਿਹਾ ਹੈ ਕਿ "ਮੈਂ ਕੋਈ ਨਬੀ ਨਹੀਂ ਹਾਂ। ਮੇਰਾ ਕੰਮ ਖਿੜਕੀਆਂ ਬਣਾਉਣਾ ਹੈ, ਜਿੱਥੇ ਕਦੇ ਕੰਧਾਂ
ਹੁੰਦੀਆਂ ਸਨ"। ਨਿਰਸੰਦੇਹ,
ਫੂਕੋਡੀਰੀਅਨ-ਸੂਝ ਨੇ ਭਵਿੱਖ ਦੇ ਮਹਾਂ-ਸੁਪਨੇ ਨੂੰ ਸਿਰਜਨ ਤੋਂ ਬਿਨਾਂ ਇਤਿਹਾਸ ਅਤੇ ਵੀਂਹਵੀ ਸਦੀ
ਦੇ ਅਨੇਕਾਂ ਵਰਤਾਰਿਆਂ/ਵਿਚਾਰਾਂ ਨੂੰ ਸਮਝਣ ਜਾਂ ਵਿਸ਼ਲੇਸ਼ਣ ਦੀ ਨਵੀਨ ਵਿਧੀ ਪੇਸ਼ ਕੀਤੀ ਹੈ,
ਜਿਨ੍ਹਾਂ ਦੀ ਕੇਂਦਰੀ-ਧੁਨੀ ਕਿਸੇ ਨਾ ਕਿਸੇ ਤਰੀਕੇ ਫੂਕੋ ਦੇ ਸ਼ਕਤੀ-ਸਿਧਾਂਤ ਨਾਲ ਜੁੜੀ ਰਹੀ ਹੈ।
ਹਵਾਲੇ ਤੇ ਟਿੱਪਣੀਆਂ:
1.
Foucault,
Michel. (1978). The History
of Sexuality: Volume-1, An Introduction, Trans. R. Hurley. New York: Pantheon Books. pp.88-99
2.
http://www.critical-theory.com/foucault-obscurantism-they-it/
3.
https://aeon.co/essays/why-foucaults-work-on-power-is-more-important-than-ever
4.
https://plato.stanford.edu/entries/foucault/
5.
Ibid
6.
“Power” in International Encyclopaedia of the Social
Sciences 2nd edition Volume-6, Ed. William Darity, Jr. (2008). Detroit USA:
Macmillan Reference. pp.-412-414
7.
Ibid
8.
Ibid
9.
Ibid
10.
Ibid
11.
“The aim of the inquiries that will follow is to move
less toward a "theory'' of power than toward an "analytics" of
power: that is, toward a definition of the specific domain formed by relations
of power, and toward a determination of the instruments that will make possible
its analysis.”, Foucault, Michel. (1978). pp.-82
12.
“Power” Ed.
William Darity, Jr. (2008). pp.-412-414
13.
“The juridico-discursive model of power involves three
basic assumptions: 1. Power is possessed (for instance, by the individuals in the
state of nature, by a class, by the people). 2. Power flows from a centralized
source from top to bottom (for instance, law, the economy, the state). 3. Power
is primarily repressive in its exercise (a prohibition backed by sanctions).”
http://www.dartmouth.edu/~engl5vr/foucault.html#:~:text=The%20juridico%2Ddiscursive%20model%20of,the%20economy%2C%20the%20state).
14.
Nash, Kate. (2010).
Contemporary Political Sociology:
Globalization, Politics, and Power. Malden: Blackwell Publishers. pp.-21
15.
Foucault,
Michel. (1978). pp.-93
16.
Ibid. pp.-92-93
17.
“Relations of power are not in a position of
exteriority with respect to other types of relationships (economic processes,
knowledge relationships, sexual relations), but are immanent in the latter;
they are the immediate effects of the divisions, inequalities, and
disequilibriums which occur in the latter, and conversely they are the internal
conditions of these differentiations; relations of power are not in
super-structural positions, with merely a role of prohibition or accompaniment;
they have a directly productive role, wherever they come into play”. Foucault, Michel.
(1978). pp.-94
18.
“Power is not something that is acquired, seized, or
shared, something that one holds on to or allows to slip away; power is
exercised from innumerable points, in the interplay of nonegalitarian and
mobile relations”. Foucault,
Michel. (1978). pp.-94
19.
“Power relations are both intentional and
nonsubjective. If in fact they are intelligible, this is not because they are
the effect of another instance that "explains" them, but rather
because they are imbued, through and through, with calculation: there is no
power that is exercised without a series of aims and objectives. But this does
not mean that it results from the choice or decision of an individual subject;
let us not look for the headquarters that presides over its rationality;
neither the caste which governs, nor the groups which control the state
apparatus, nor those who make the most important economic decisions direct the
entire network of power that functions in a society (and makes it function);
the rationality of power is characterized by tactics that are often quite
explicit at the restricted level where they are inscribed (the local cynicism
of power), tactics which, becoming connected to one another, attracting and
propagating one another, but finding their base of support and their condition
elsewhere, end by forming comprehensive systems: the logic is perfectly clear,
the aims decipherable, and yet it is often the case that no one is there to
have invented them, and few who can be said to have formulated them: an
implicit characteristic of the great anonymous, almost unspoken strategies
which coordinate the loquacious tactics whose "inventors" or decision makers are often without hypocrisy.” Foucault, Michel. (1978). pp.-94-95
20.
Newman,
Saul. (2005 August). New Reflections on
the Theory of Power: A Lucanian Perspective. Contemporary Political Theory.
pp.-149
21.
Ibid. pp.-151
22.
Hindess,
Barry. (1997). Discourses of Power from
Hobbes to Foucault. UK, Blackwell Publishers Ltd. pp.-101
23.
Nash, Kate.
(2010). pp.-25
24.
Newman,
Saul. (2005 August). pp.-150
25.
ਵਿਜੈ ਕੁਮਾਰ.(2016). ਹਨੇਰੇ ਸਮੇਂ ਵਿਚ ਵਿਚਾਰ (ਵੀਹਵੀਂ ਸਦੀ ਦੇ ਦੂਜੇ-ਅੱਧ ਦਾ
ਵਿਚਾਰਧਾਰਕ ਦ੍ਰਿਸ਼), ਅਨੁਵਾਦ ਗੋਦਾਰਾ, ਇਕਬਾਲ ਸਿੰਘ ਤੇ ਕੌਸ਼ਿਸ਼ ਦੱਤ ਰਵੀ, ਲੁਧਿਆਣਾ:
ਚੇਤਨਾ ਪ੍ਰਕਾਸ਼ਨ, ਪੰਨਾ-140-141
26.
Foucault,
Michel. (1978 ). pp.-95-96
27.
Hindness,
Barry. (1997). pp.-100
28.
Ibid. pp.-100,
101
29.
“Power comes from below; that is, there is no binary
and all encompassing opposition between rulers and ruled at the root of power
relations, and serving as a general matrix-no such duality extending from the
top down and reacting on more and more limited groups to the very depths of the
social body. One must suppose rather that the manifold relationships of force
that take shape and come into play in the machinery of production, in families,
limited groups, and institutions, are the basis for wide-ranging effects of
cleavage that run through the social body as a whole. These then form a general
line of force that traverses the local oppositions and links them together; to
be sure, they also bring about redistributions, realignments, homogenizations,
serial arrangements, and convergences of the force relations. Major dominations
are the hegemonic effects that are sustained by all these confrontations.” Foucault, Michel. (1978). pp.-94
30.
ਮਨਮੋਹਨ.(2009). ਮਿਸ਼ੇਲ
ਫੂਕੋ. ਦਿੱਲੀ: ਪੰਜਾਬੀ ਅਕਾਦਮੀ. ਪੰਨਾ-121
31.
Foucault,
Michel. (1977). Discipline and Punish The
Birth of The Prison. Translation By Sheridan, Alan. New York: Vintage Books
A Division of Random House. INC. pp.-27
32.
https://michel-foucault.com/key-concepts/
33.
Foucault,
Michel. (1977). pp.176-177
34.
Elden,
Stuart. (2017). Foucault: The Birth of Power.UK: Policy Press, 65 Bridge
Street, Cambridge. pp-139
35.
Rouse, Joseph. (2005). ‘Power/Knowledge’. The
Cambridge Companion to FOUCAULT Second Edition. Ed.
Gary Gutting. New York: Cambridge University
Press. pp.99
36.
ਵਿਜੈ ਕੁਮਾਰ.(2016). ਪੰਨਾ-141
37.
ਉਹੀ, ਪੰਨਾ-145
38.
https://michel-foucault.com/key-concepts/
39.
Foucault,
Michel. (1978 ). pp-100
40.
Hindness,
Barry. (1997). pp.-99,102,103,104
41.
Ibid. pp.-131
42.
Ibid. pp.-106
43.
Dean,
Mitchell. (2007). Governing Societies: Political Perspectives on Domestic
and International Rule. Berkshire: Open University Press. pp-9
44.
https://aeon.co/essays/why-foucaults-work-on-power-is-more-important-than-ever
[*]
Surveiller et punir ਦਾ ਗੁੰਮਰਾਹਕੁੰਨ ਤੌਰ ‘ਤੇ ਅੰਗਰੇਜ਼ੀ ਅਨੁਵਾਦ Discipline and
Punish ਸਿਰਲੇਖ ਕਰਕੇ ਹੋਂਦ ਰੱਖਦਾ ਹੈ। ਇਸ ਲਈ ਢੁੱਕਵਾਂ
ਅਨੁਵਾਦ ‘survey’ ਜਾਂ ‘surveil’ ਸ਼ਬਦਾਂ ਨਾਲ Survey and Punish ਹੋ ਸਕਦਾ ਹੈ।....ਸਮੁੱਚੇ ਤੌਰ ‘ਤੇ ਅਨੁਸ਼ਾਸਨ ਦੋ ਤੱਤਾਂ ਦੇ ਜੋੜ ਤੋਂ ਬਣਦਾ ਹੈ-ਨਿਗਰਾਨੀ
ਤੇ ਸਜ਼ਾ।34
No comments:
Post a Comment