ਅਨੁਵਾਦ (Translate)

Saturday, 26 January 2019

https://www.researchgate.net/publication/330655090_pajabi'ata_pajabi-pachana_sirajana_te_sabada_Punjabiyat_Punjabi_Idantity_Creation_and_Dilouge



ਪੰਜਾਬੀ ਪਛਾਣ ਦੀ ਸਿਰਜਨਾ, ਸੰਚਾਰ ਤੇ ਸੰਕਟ: ਸੰਪੇਖ ਸੰਵਾਦ
ਡਾ. ਹਰਜੀਤ ਸਿੰਘ
ਡੀ.ਏ.ਵੀ. ਕਾਲਜ, ਚੰਡੀਗੜ੍ਹ।
harjeet23gill@yahoo.com
ਆਮ ਭਾਸ਼ਾਈ ਰੂਪ ਵਿਚ ਅਸਤਿਤਵ ਤੇ ਪਛਾਣ ਸ਼ਬਦੀ-ਰੂਪ ਪਰਸਪਰ ਸਮਾਨਾਰਥਕ ਹੋਣ ਦਾ ਭਰਮ ਸਿਰਜਦੇ ਹਨ। ਪਰ ਦਾਰਸ਼ਨਿਕ ਪੱਧਰ ਤੇ ਇਨ੍ਹਾਂ ਸ਼ਬਦਾਂ ਦੇ ਅਰਥਾਂ ਵਿਚ ਕਾਫ਼ੀ ਵਿੱਥ ਮੌਜੂਦ ਹੈ। ਅਸਤਿਤਵਦਾ ਅੰਗਰੇਜ਼ੀ ਵਿਚ ਸਮਭਾਵੀ ਸ਼ਬਦ Existence ਹੈ, ਜੋ ਸਧਾਰਨ ਅਰਥਾਂ ਵਿਚ ਇੰਦਰੀਆਂ ਸਹਿਤ ਹਰੇਕ ਵਸਤੂ ਦੇ ਅਸਤਿਤਵਸ਼ੀਲ ਹੋਣ ਦੇ ਅਰਥ ਨਾਲ ਸੰਬੰਧਿਤ ਹੈ। ਇਸ ਕਾਰਨ ਹੀ ਅਸਤਿਤਵਵਾਦੀ ਚਿੰਤਨ ਅਸਤਿਤਵ ਸ਼ਬਦ ਦਾ ਪ੍ਰਯੋਗ ਵਿਸ਼ੇਸ਼ ਅਰਥਾਂ ਵਿਚ ਕਰਦਾ ਹੋਇਆ ਕੇਵਲ ਮਨੁੱਖ ਨੂੰ ਹੀ ਅਸਤਿਤਵਸ਼ੀਲ ਕਿਆਸ ਕਰਦਾ ਹੈ, ਕਿਉਂਕਿ ਵਸਤੂਆਂ ਦੀ ਸੱਤਾ ਆਪਣੇ ਅਸਤਿਤਵ ਨੂੰ ਨਹੀਂ ਜਾਣਦੀ, ਪਰ ਵਿਅਕਤੀ ਚਿੰਤਨਸ਼ੀਲ ਹੋਣ ਦੇ ਨਾਤੇ ਜਾਣਦਾ ਹੈ ਕਿ 'ਉਹ ਹੈ'ਉਸਦੀ 'ਮੈਂ ਹਾਂ' ਦੀ ਇਹ ਭਾਵਨਾ ਹੀ ਉਸ ਨੂੰ ਬਾਕੀ ਜਗਤ ਨਾਲੋਂ ਵਿਸ਼ੇਸ਼/ਵਿਸ਼ਿਸ਼ਟ ਸਿੱਧ ਕਰਦੀ ਹੈ। ਜਿੱਥੇ ਹੋਰਨਾਂ ਜੀਵਾਂ ਦੀ ਸੱਤਾ ਉਨ੍ਹਾਂ ਦੇ ਆਵਾਸ ਸਥਾਨ ਨਾਲ ਸੰਬੰਧਿਤ ਹੁੰਦੀ ਹੈ ਅਤੇ ਉਨ੍ਹਾਂ ਦੀ ਚੇਤਨਾ ਵਰਤਮਾਨ ਤੇ ਭੂਤਕਾਲ ਦਾ ਸਫ਼ਰ ਨਹੀਂ ਕਰ ਸਕਦੀ, ਉੱਥੇ ਇਸ ਦੇ ਨਾਲ ਮਨੁੱਖੀ-ਸੱਤਾ ਆਪਣੇ ਤੋਂ ਪਰ੍ਹੇ ਵਸਤੂਗਤ-ਜਗਤ ਵਿਚ ਵਿਦਮਾਨ ਹੁੰਦੀ ਹੈ। ਇਸ ਲਈ ਅਸਤਿਤਵ ਸ਼ਬਦ ਵਿਸ਼ੇਸ਼ ਮਾਨਵੀ ਅਰਥਾਂ ਨੂੰ ਸੰਚਾਲਿਤ ਕਰਦਾ ਹੋਇਆ 'ਹੋਣ' ਤੋਂ ਪਹਿਲਾਂ 'ਹੈ' ਦੀ ਸੰਘਿਆ ਦੀ ਮਹੱਤਤਾ ਨੂੰ ਪ੍ਰਗਟ ਕਰਦਾ ਹੈ, ਜਿਸ ਨੂੰ ਕਿਸੇ ਸਾਰ/ਸਿਧਾਂਤ/ਧਾਰਨਾ ਵਿਚ ਨਹੀਂ ਬੰਨਿਆ ਜਾ ਸਕਦਾਇਸ ਦੇ ਮੁਕਾਬਲੇ ਪਛਾਣ (identity) ਲਾਤੀਨੀ ਮੂਲ idem ਤੋਂ ਬਣਿਆ ਸ਼ਬਦ ਹੈ ਜਿਸਦਾ ਅਰਥ ਹੈ "ਇੱਕੋ ਜਿਹਾ" (the same)ਇਸ ਸ਼ਬਦ ਦਾ ਅਰਥ ਸਮਾਨਤਾ ਅਤੇ ਭਿੰਨਤਾ ਦੋਹਾਂ ਨੂੰ ਚਿਨਤ ਕਰਦਾ ਹੈ ਜਿੱਥੇ ਇੱਕ ਪਾਸੇ ਪਛਾਣ ਵਿਆਕਤੀ ਨੂੰ ਪਰ ਲਈ ਵਿਲੱਖਣ ਚੀਜ਼ ਬਣਾਉਂਦੀ, ਸਮੇਂ ਨਾਲ ਵੱਧ ਜਾਂ ਘੱਟ ਅਨੁਕੂਲਿਤ ਹੁੰਦੀ ਹੈ, ਉੱਥੇ ਦੂਜੇ ਪਾਸੇ ਪਛਾਣ ਕਿਸੇ ਵਿਸ਼ਾਲ ਜਾਂ ਸਮਾਜਿਕ ਸਮੂਹ ਦੇ ਨਾਲ ਇੱਕ ਰਿਸ਼ਤਾ ਵੀ ਬੰਨਦੀ ਹੈ ਜਦੋਂ ਕੋਈ ਵਿਅਕਤੀ ਕੌਮੀ/ਸੱਭਿਆਚਾਰਕ/ਲਿੰਗ ਅਧਾਰਿਤ ਪਛਾਣ ਬਾਰੇ ਗੱਲ ਕਰਦਾ ਹੈ, ਤਦ ਉਸਦੀ ਪਛਾਣ ਦੂਜਿਆਂ ਲੋਕਾਂ ਨਾਲ ਸਾਂਝ ਦੇ ਰੂਪ ਦੁਆਰਾ ਨਿਰਧਾਰਿਤ ਹੁੰਦੀ ਹੈ ਇੱਥੇ ਘੱਟੋ-ਘੱਟ ਕੁਝ ਮਹੱਤਵਪੂਰਨ ਤਰੀਕਿਆਂ ਵਿਚ ਪਛਾਣ ਆਪਣੇ-ਆਪ ਨੂੰ ਉਨ੍ਹਾਂ ਦੂਜਿਆਂ ਨਾਲ ਜੋੜਕੇ ਸ਼ਨਾਖਤ ਕਰਨ ਨਾਲ ਸੰਬੰਧਿਤ ਹੁੰਦੀ ਹੈ, ਜਿਨ੍ਹਾਂ ਬਾਰੇ ਵਿਅਕਤੀ ਸੋਚਦਾ ਹੈ ਕਿ ਉਹ ਉਸ ਵਰਗੇ ਹੀ ਹਨ ਪ੍ਰੰਤੂ ਪਛਾਣ ਸਿਰਫ਼ ਸੁਹਜਾਤਮਿਕ ਤਜ਼ਰਬੇ ਜਾਂ "ਵਿਅਕਤੀਗਤ ਵਿਕਾਸ" ਦਾ ਮਾਮਲਾ ਨਹੀਂ ਹੈ: ਇਹ ਸਵੈ-ਨਿਰਣੇ ਲਈ ਜੀਵਨ ਜਾਂ ਮੌਤ ਦੇ ਸੰਘਰਸ਼ਾਂ ਨਾਲ ਵੀ ਸੰਬੰਧ ਰੱਖਦੀ ਹੈ, ਜੋ ਮੌਜੂਦਾ ਸਮੇਂ ਵਿਚ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਤੈਅ ਕੀਤੇ ਜਾ ਰਹੇ ਹਨਸਮਾਜਕ ਸਿਧਾਂਤਕਾਰ ਜ਼ਿਜਮੁੰਟ ਬਾਊਮਨ ਅਨੁਸਾਰ ਪਛਾਣ ਦੀ ਪਹਿਲੀ ਨਵੀਂ ਪ੍ਰਮੁੱਖਤਾ ਇਸ ਤੱਥ ਦਾ ਪ੍ਰਤੀਬਿੰਬ ਹੈ ਕਿ ਇਹ ਹੋਰ ਸਮੱਸਿਆਕ ਬਣਦੀ ਜਾ ਰਹੀ ਹੈਵਿਸ਼ਵੀਕਰਨ, ਕਲਿਆਣਕਾਰੀ ਰਾਜ ਦੇ ਪਤਨ, ਸਮਾਜਿਕ ਗਤੀਸ਼ੀਲਤਾ ਦੇ ਵੱਧਣ, ਰੁਜ਼ਗਾਰ ਵਿੱਚ ਵਧੇਰੇ ਲੱਚਕਤਾ, ਨਿੱਜੀ ਸੰਬੰਧਾਂ ਵਿਚ ਅਸੁਰੱਖਿਆ, ਇਹ ਸਾਰੀਆਂ ਘਟਨਾਵਾਂ ਵਿਭਾਜਨ ਅਤੇ ਅਨਿਸ਼ਚਿਤਤਾ ਦੇ ਅਰਥ ਵਿਚ ਯੋਗਦਾਨ ਪਾ ਰਹੀਆਂ ਹਨ, ਜਿਸ ਵਿਚ ਪਛਾਣ ਦੇ ਰਵਾਇਤੀ ਸ੍ਰੋਤ ਵਰਤਮਾਨ ਸਮੇਂ ਵਿਚ ਇੰਨੇ ਸਿੱਧੇ ਜਾਂ ਅਸਾਨੀ ਨਾਲ ਦਿਖਾਈ ਨਹੀਂ ਦਿੰਦੇ ਹਨ ਫਿਰ ਵੀ ਆਮ ਨੁਕਤਾ ਇਹ ਹੈ ਕਿ "ਪਛਾਣ" ਸਿਰਫ਼ ਉਦੋਂ ਹੀ ਗੰਭੀਰ ਮੁੱਦਾ ਬਣਕੇ ਉਭਰਦੀ ਹੈ, ਜਦੋਂ ਕਿਸੇ ਨੂੰ ਧਮਕਾਇਆ/ਡਰਾਇਆ/ਸੰਕਟਗਤ ਕੀਤਾ ਜਾਂਦਾ ਹੈ (ਬਕਿੰਘਮ, 2008, ਪੰ-1) ਪ੍ਰੰਤੂ ਕਈ ਵਾਰ ਵਿਅਕਤੀ ਸਵੈ-ਇੱਛਾ ਨਾਲ ਪਛਾਣ ਨੂੰ ਧਾਰਨ ਕਰਦਾ ਹੋਇਆ, ਸ਼ਕਤੀ/ਸੱਤਾ/ਸ਼ਾਸਨ ਦੀ ਅਧੀਨਗੀ ਨੂੰ ਸਵੀਕਾਰ ਕਰਦਾ ਆਪਣੀ ਇੱਛਾ ਨਾਲ ਪ੍ਰਧਾਨ ਪਛਾਣ ਨੂੰ ਗ੍ਰਹਿਣ ਕਰ ਲੈਂਦਾ ਹੈ। ਇਸ ਕਾਰਨ ਪਛਾਣ ਦਾ ਮੁੱਦਾ ਸਿਧਾਂਤਕ ਤੇ ਵਿਹਾਰਿਕ ਰੂਪ ਵਿਚ ਵਧੇਰੇ ਗੰਭੀਰ ਤੇ ਗੁੰਝਲਦਾਰ ਰੂਪ ਅਖ਼ਤਿਆਰ ਕਰਕੇ ਉਜਾਗਰ ਹੁੰਦਾ ਹੈ ਅਤੇ ਵਰਤਮਾਨ ਸਮੇਂ ਵਿਚ ਇਸ ਦੇ ਅਨੇਕਾਂ ਪਾਸਾਰ ਨਸਰ ਹੋ ਰਹੇ ਹਨ। ਜਿਨ੍ਹਾਂ ਨਾਲ ਨਜਿੱਠਣ ਲਈ ਸਮਾਜ-ਸ਼ਾਸਤਰੀ ਵਿਅਕਤੀ ਤੇ ਸਮੂਹ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਦੇ ਹੋਏ ਅਨੇਕਾਂ ਪ੍ਰਮੁੱਖ ਪ੍ਰਸ਼ਨਾਂ ਦੇ ਸਨਮੁੱਖ ਹੁੰਦੇ ਆਏ ਹਨ ਜਿਵੇਂ ਲੋਕ ਆਪਣੇ-ਆਪ ਅਤੇ ਹੋਰਨਾਂ ਨੂੰ ਕਿਵੇਂ ਸ਼੍ਰੇਣੀਬੱਧ/ਲੇਬਲ ਕਰਦੇ ਹਨ? ਲੋਕ ਕਿਵੇਂ ਖਾਸ ਸਮੂਹਾਂ ਦੇ ਮੈਂਬਰ ਵਜੋਂ ਆਪਣੀ ਪਛਾਣ ਬਣਾਉਂਦੇ ਹਨ? ਸਮੂਹ ਨਾਲ ਸੰਬੰਧਿਤ ਕਮਿਊਨਿਟੀ ਦੀ ਭਾਵਨਾ ਕਿਵੇਂ ਵਿਕਸਿਤ ਕਰਦੀ ਹੈ ਅਤੇ ਕਿਵੇਂ ਬਣਾਈ ਰੱਖੀ ਜਾਂਦੀ ਹੈ? ਕਿਵੇਂ ਵੱਖੋ-ਵੱਖਰੇ ਸਮੂਹਾਂ ਨਾਲ ਵਿਤਕਰਾ ਹੁੰਦਾ ਹੈ? ਕਿਵੇਂ ਸਮੂਹਾਂ ਵਿਚਲੀਆਂ ਸੀਮਾਵਾਂ ਚਲਦੀਆਂ ਹਨ? ਕਿਵੇਂ ਸਮੂਹ ਇਕ-ਦੂਜੇ ਨਾਲ ਸੰਬੰਧਿਤ ਹੁੰਦੇ ਹਨ? ਅਤੇ ਕਿਵੇਂ ਸੰਸਥਾਵਾਂ ਪਛਾਣਾਂ ਨੂੰ ਪਰਿਭਾਸ਼ਿਤ ਅਤੇ ਪ੍ਰਬੰਧਿਤ ਕਰਦੀਆਂ ਹਨ? ਇਨ੍ਹਾਂ ਪ੍ਰਸ਼ਨਾਂ ਵਿਚ ਪਛਾਣ ਸਥਾਪਤੀ ਦੀ ਪ੍ਰਕਿਰਿਆ ਸਮਾਜਿਕ ਅਤੇ ਵਿਅਕਤੀਗਤ ਦੋਹਾਂ ਪੱਧਰਾਂ 'ਤੇ ਕਾਰਜ਼ਸ਼ੀਲ ਰਹਿੰਦੀ ਹੈ, ਜਿੱਥੇ ਵਿਅਕਤੀ ਆਪਣੀ ਪਛਾਣ ਬਾਰੇ ਦਾਅਵੇ ਕਰਦੇ ਹੋਏ ਉਨ੍ਹਾਂ ਦਾਅਵਿਆਂ ਨੂੰ ਦੂਜਿਆਂ ਦੁਆਰਾ ਪ੍ਰਵਾਨ ਕੀਤਾ ਜਾਣਾ ਵੀ ਲੋਚਦੇ ਹਨ ਅਤੇ ਦੂਜਿਆਂ ਨਾਲ ਵੀ ਜੁੜਨਾ ਚਾਹੁੰਦੇ ਹਨ ਕਹਿਣ ਦਾ ਭਾਵ ਵਿਅਕਤੀ ਸਵੈ ਅਤੇ ਪਰ ਦੇ ਸੰਬੰਧ ਵਿਚੋਂ ਆਪਣੀ ਪਛਾਣ ਨੂੰ ਸਿਰਜਦਾ/ਅਪਣਾਉਂਦਾ/ਗ੍ਰਹਿਣ ਕਰਦਾ ਹੈ ਅਤੇ ਅਨੇਕਾਂ ਬਾਰ ਸਵੈ ਤੇ ਪਰ ਦੇ ਦਵੰਦ ਵਿਚ ਥੀਦਾ/ਜੀਂਦਾ ਜ਼ਿੰਦਗੀ ਦੇ ਅਰਥ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹੈ, ਜਿਨਾਂ ਅਰਥਾਂ ਦਾ ਇਕ ਸਿਰਾਂ ਸੰਬੰਧਿਤ ਸਭਿਆਚਾਰ ਤੇ ਸਭਿਆਚਾਰ ਤੋਂ ਅੱਗੇ ਸਥਾਨਿਕ ਖੇਤਰ/ਭੂਗੋਲ ਨਾਲ ਜੁੜਿਆ ਹੁੰਦਾ ਹੈ।
ਇਸ ਸਿਧਾਂਤਕ ਅਧਾਰ ਉੱਤੇ ਪੰਜਾਬੀ ਪਛਾਣ ਦੇ ਮੁੱਲਾਂ ਅਤੇ ਮੁੱਲਾਂ ਦੇ ਮੂਲ ਨਾਲ ਨਜਿੱਠਣ ਲਈ ਕੁਝ ਇਤਿਹਾਸਕ ਤੱਥ ਵੱਲ ਪਰਤਨ ਦੀ ਜ਼ਰੂਰਤ ਹੈ, ਜਿਸ ਨਾਲ ਪੰਜਾਬ ਅਤੇ ਇਸ ਤੋਂ ਅੱਗੇ ਪੰਜਾਬੀ ਪਹਿਚਾਣ ਨੂੰ ਨਿਸਚਤ ਕੀਤਾ ਜਾ ਸਕੇ। ਇਸ ਸੰਦਰਭ ਵਿਚ ਪੰਜਾਬ ਦੇ ਖੇਤਰੀ ਹੱਦ ਨੂੰ ਅਕਸਰ ਸ਼ਬਦ ਦੇ ਸੰਧੀਗਤ/ਨਿਰੁਕਤੀ ਦੇ ਸਿਧਾਂਤ ਅਨੁਸਾਰ 'ਪੰਜ' ਅਤੇ 'ਅਬ' (ਪਾਣੀ/ਨਦੀਆਂ) ਵਜੋਂ ਵੰਡਕੇ ਦੇਖਿਆ ਜਾਂਦਾ ਰਿਹਾ ਹੈ ਅਤੇ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਤੌਰ ਤੇ ਵਿਆਖਿਆ ਦਿੱਤੀ ਜਾਂਦੀ ਰਹੀ ਹੈ ਹਾਲਾਂਕਿ ਇਹ ਇਕ ਸਰਲ ਤੇ ਸਿੱਧੀ ਜਹੀ ਸ਼ਾਬਦਿਕ ਵਿਆਖਿਆ ਤੋਂ ਅੱਗੇ ਦੀ ਗੱਲ ਨਹੀਂ ਜਾਪਦੀ, ਕਿਉਂਕਿ ਪੰਜਾਬ ਦੀ ਧਰਤੀ ਵਿਚ ਨਿਕਾਸ/ਵੱਗਣ ਵਾਲੇ ਪੰਜ ਦਰਿਆਵਾਂ ਦੀ ਪਹਿਚਾਣ ਕਰਨਾ ਹਮੇਸ਼ਾ ਵਿਵਾਦਪੂਰਨ ਅਭਿਆਸ/ਮਸਲਾ/ਮੁੱਦਾ ਰਿਹਾ ਹੈਆਮ ਤੌਰ ਤੇ ਜੇਹਲਮ, ਚਨਾਬ, ਬਿਆਸ, ਰਾਵੀ ਅਤੇ ਸਤਲੁਜ ਪੰਜ ਦਰਿਆਵਾ ਦਾ ਜ਼ਿਕਰ ਕੀਤਾ ਜਾਂਦਾ ਹੈ, ਹਾਲਾਂਕਿ ਇਸ ਵਿਚ ਬਿਆਸ, ਜਿਸ ਨੂੰ ਵੈਦਿਕ ਸਮੇਂ ਵਿੱਚ ਵਿਪਸਾ (ਸ਼ਾਬਦਿਕ ਅਰਥ ਮੌਸਮੀ ਨਦੀ) ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਦੀ ਬਜਾਇ ਪੰਜਵੇਂ ਦਰਿਆ ਵਜੋਂ ਸਿੰਧ/ਅਟਕ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ (ਗਿੱਲ, 2007), ਕਿਉਂਕਿ ਬਿਆਸ ਪੂਰਾ ਦਰਿਆ ਹੋਣ ਦੀ ਬਜਾਇ ਸਤਲੁਜ ਦੀ ਇਕ ਬ੍ਰਾਂਚ ਵਜੋਂ ਸਤਲੁਜ ਵਿਚ ਸ਼ਾਮਿਲ ਹੋਕੇ ਸਤਲੁਜ ਦਾ ਹੀ ਭਾਗ ਬਣ ਜਾਂਦਾ ਹੈ। ਇਸ ਮੁੱਦੇ ਨੂੰ ਅੱਗੇ ਤੋਰਦਾ ਹੋਇਆ ਪ੍ਰੋ. ਜੇ.ਐੱਸ. ਗਰੇਵਾਲ ਪੰਜਾਬ ਨੂੰ ਛੇ ਨਦੀਆਂ ਵਿਚਕਾਰ ਪੈਂਦੀਆਂ ਦੁਆਬਾ (ਸਿੰਧਸਗਰ, ਚਿਨਾਘਟ, ਰੇਚਾਨੋ, ਬਾਰੀ ਅਤੇ ਬਿਸਤ ਜਲੰਧਰ) ਦੇ ਰੂਪ ਵਿਚ ਵੇਖਣ ਦੀ ਦਲੀਲ ਦਿੰਦਾ, ਪੰਜਾਬ ਨੂੰ ਸਿੰਧ ਤੋਂ ਲੈਕੇ ਸਤਲੁਜ ਤੱਕ ਦੇ ਵਿਚਕਾਰਲੇ ਖੇਤਰ ਵਿਚ ਬੰਨ੍ਹਦਾ ਹੈ, ਜਿਸ ਖੇਤਰ ਨੂੰ ਅਕਬਰ ਨੇ ਰਾਜਨੀਤਿਕ-ਪ੍ਰਸ਼ਾਸਨ ਦੀ ਇਕਾਈ ਵਿਚ ਬੰਨਦਿਆਂ ਲਾਹੌਰ ਸੂਬੇ ਵਜੋਂ ਪਛਾਣ ਦਿੱਤੀ (ਗਰੇਵਾਲ, 1999, ਪੰ-43) ਪ੍ਰੰਤੂ ਗਰੇਵਾਰ ਦੀ ਦਲੀਲ ਨਾਲ ਸਤਲੁਜ ਅਤੇ ਯਮੁਨਾ ਦਾ ਖੇਤਰ ਪੰਜਾਬ ਦੀ ਹੱਦਬੰਧੀ ਵਿਚੋਂ ਖਾਰਜ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਖੇਤਰਾਂ ਲਈ ''ਦੁਆਬ'' ਸ਼ਬਦ ਦੀ ਵਰਤੋਂ ਨਹੀਂ ਹੁੰਦੀ ਹੈ ਅਤੇ ਨਾਲ ਹੀ ਸਿੰਧ ਦੇ ਪੱਛਮ ਵਾਲਾ ਜ਼ਮੀਨੀ ਭਾਗ, ਜੋ ਅਕਸਰ ਪੰਜਾਬ ਨਾਲ ਸੰਬੰਧਿਤ ਰਿਹਾ ਹੈ, ਵੀ ਪੰਜਾਬ ਦੀ ਭੂਗੋਲਿਕ ਹੱਦ ਤੋਂ ਪਾਰ ਚਲਾ ਜਾਂਦਾ ਹੈ। ਇਸ ਤੋਂ ਅੱਗੇ ਪੰਜਾਬ ਦੀ ਉੱਤਰ-ਦੱਖਣ ਹੱਦ ਨੂੰ ਦਰਸਾਉਣ ਦੀ ਸਮੱਸਿਆ ਸਾਹਮਣੇ ਆਉਂਦੀ ਹੈ ਪੰਜਾਬ ਦੇ ਦਰਿਆਵਾਂ ਦਾ ਜ਼ਮੀਨੀ ਵਹਾਬ-ਖੇਤਰ ਇਨ੍ਹਾਂ ਪੰਜ ਦਰਿਆ ਨੂੰ ਸਿੰਧ (ਦੱਖਣੀ ਮੁਲਤਾਨ) ਵੱਲ ਲੈ ਚੱਲਦਾ ਹੈ ਅਤੇ ਇਸ ਦੇ ਉੱਤਰ ਵੱਲ ਇਨ੍ਹਾਂ ਸਾਰੀਆਂ ਨਦੀਆਂ ਦਾ ਕੈਚਮਟ (ਅਜਿਹਾ ਖੇਤਰ ਜਿਥੇਂ ਮੀਂਹ ਦਾ ਪਾਣੀ ਵਹਿਕੇ ਨਦੀ ਵਿਚ ਜਾਵੇ) ਖੇਤਰ ਹਿਮਾਲਿਆ ਵੱਲ ਫੈਲਿਆ ਹੋਇਆ ਹੈ, ਪ੍ਰੰਤੂ ਗਰੇਵਾਰ ਦੀ ਦਲੀਲ ਅਧੀਨ ਹਿਮਾਲਿਆ ਨੂੰ ਪੰਜਾਬ ਦਾ ਹਿੱਸਾ ਨਹੀਂ ਮੰਨਿਆ ਗਿਆ ਅਤੇ ਪੰਜਾਬ ਨੂੰ ਹਿਮਾਲਿਆ ਦੇ ਪੈਰ੍ਹੀ ਖੇਤਰ ਵਿਚੋਂ ਆਪਣੀ ਸ਼ੁਰੂਆਤ ਕਰਦੇ ਦੇਖਿਆ ਗਿਆ ਹੈਪ੍ਰੰਤੂ ਇਸ ਨਾਲ ਇਨ੍ਹਾਂ ਦਰਿਆਵਾਂ ਦੇ ਜਲ ਭੰਡਾਰ ਖੇਤਰ/ਸ੍ਰੋਤ ਨੂੰ ਛੱਡੇ ਜਾਣਾ ਯਕੀਨੀ ਹੈ, ਜੋ ਵਧੇਰੇ ਤਰਕਸੰਗਤ ਨਹੀਂ ਜਾਪਦਾ ਕਿਉਂਕਿ ਓ.ਐੱਚ.ਕੇ. ਸਪੇਟ ਹਿਮਾਲਿਆ ਦੀ ਵੰਡ ਕਰਦਾ ਹੋਇਆ ਪੰਜ ਦਰਿਆਵਾਂ ਦੇ ਮੁੱਢ ਵਾਲੇ ਹਿਮਾਲਿਆ ਨੂੰ ਪੰਜਾਬ ਹਿਮਾਲਿਆ ਵਜੋਂ ਵੇਖਦਾ ਹੈ।
ਇਹ ਤਰ੍ਹਾਂ ਪੰਜਾਬ ਦੀ ਸੀਮਾ ਨੂੰ ਪੰਜ ਨਦੀਆਂ ਦੇ ਵਹਾਬ-ਖੇਤਰ (drainage basin) ਵਜੋਂ ਪਰਿਭਾਸਿਤ ਕੀਤਾ ਜਾਂਦਾ ਰਿਹਾ ਹੈ ਪ੍ਰੰਤੂ ਸਪੱਸ਼ਟ ਤੌਰ ਤੇ ਪੰਜਾਬ ਦੇ ਰੂਪ ਵਿਚ ਜਾਣੀ ਜਾਂਦੀ ਇਹ ਖੇਤਰੀ ਹੱਦ ਸ਼ਬਦ ਦੀ ਵਿਉਂਤਬੰਦੀ ਤੋਂ ਆਜ਼ਾਦ ਹੁੰਦੀ ਹੋਈ ਕਈ ਵਾਰੀ ਵਧੇਰੇ ਵਿਸਥਰਿਤ ਅਤੇ ਕਈ ਬਾਰ ਸੰਕੁਚਿਤ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਇਹ ਗੱਲ ਤੱਥਯੁਕਤ ਹੈ ਕਿ "ਪੰਜਾਬ" ਸ਼ਬਦ ਨੂੰ ਅਮੀਰ ਖ਼ੁਸਰੋ ਨੇ ਤੇਰਵੀਂ ਸਦੀ ਵਿਚ ਬਲਬਾਨ ਦੀ ਅਦਾਲਤ ਵਿਚ ਸੁਲਤਾਨ (ਕਾਹਲੋਂ, 2007) ਦੀ ਮੌਤ 'ਤੇ ਲਿਖੇ ਇਕ ਗੀਤ ਵਿਚ ਵਰਤਿਆ ਸੀ ਇਸ ਤੋਂ ਪਹਿਲਾ ਸਿੰਧ ਦੇ ਨਾਲ ਮਿਲਾਪ ਤੋਂ ਪਹਿਲਾਂ ਪੰਜ ਦਰਿਆਵਾਂ ਵਿਚੋਂ ਨਿਕਲਣ ਵਾਲੇ ਇਹ ਖੇਤਰ ਨੂੰ 'ਪੰਚਨਾਦ' ਵਜੋਂ ਜਾਣਿਆ ਜਾਂਦਾ ਰਿਹਾ ਸੀ, ਜੋ ਸਿੰਧ ਅਤੇ ਸਤਲੁਜ ਦੇ ਵਿਚਕਾਰ ਫੈਲਿਆ ਹੋਇਆ ਪੰਜਾਬ ਦਾ ਮੈਦਾਨੀ ਇਲਾਕਾ ਹੈ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਖੇਤਰ ਦੇ ਪਰਿਭਾਸ਼ਿਤ ਕਾਰਕ ਸ਼ਬਦ ਪੰਜਾਬ ਦੀ ਸੰਧੀ ਦੇ ਡੂੰਘੇ ਵਿਸ਼ਲੇਸ਼ਣ ਤੋਂ ਕਈ ਬਾਰ ਅੱਗੇ ਵੱਧ ਜਾਂਦੇ ਹਨ, ਖਾਸ ਕਰਕੇ ਇਸ ਖੇਤਰ ਦੇ ਸਥਾਨਾਂ ਵਿੱਚ ਵਰਤਿਆਂ ਜਾਂਦਾ ਅਗੇਤਰ 'ਪੰਜ' ਆਮ ਤੌਰ ਤੇ ਅਨੇਕਾਂ ਸ਼ਬਦਾਂ ਨਾਲ ਪ੍ਰਯੋਗ ਹੁੰਦਾ ਆਇਆ ਹੈ ਜਿਵੇਂ ਪੰਝਸ਼ੀਰ, ਪੰਝਕੋਰਾ, ਪੰਝਵਾਰ, ਪੰਝਕੋਸੀ, ਪੰਝਲਖਿਆ, ਪੰਝਪੁਲਾ, ਪੰਚਕੁਲਾ ਆਦਿ ਅਤੇ ਇਸ ਤੋਂ ਇਲਾਵਾ ਧਾਰਮਿਕ ਅਰਥਾਂ ਵਿਚ ਪੰਜ ਤੱਤਾਂ ਦੇ ਇਕੱਠੇ ਹੋਣ ਦੁਆਰਾ ਪੈਂਦਾ ਹੋਈ ਸੰਪੂਰਨਤਾ ਵੱਲ ਸੰਕੇਤ ਵੀ ਕਰਦਾ ਹੈ (ਕਾਹਲੋਂ, 2007)
ਇਥੇ ਇਹ ਨੁਕਤਾ ਤਾਂ ਸਪੱਸ਼ਟ ਹੈ ਕਿ ਪੰਜਾਬ ਸ਼ਬਦ ਦੀ ਹੋਂਦ ਭਾਰਤ ਦੇ ਮੱਧਕਾਲ ਵਿਚ ਹੀ ਸਾਹਮਣੇ ਆਉਂਦੀ ਹੈ, ਇਸ ਕਾਰਨ ਪੰਜਾਬੀ-ਪਹਿਚਾਣ ਦੀ ਨਿਰਮਾਣਕਾਰੀ ਨੂੰ ਵੀ ਸੰਪੇਖ ਵਿਚ ਇਥੋਂ ਹੀ ਆਰੰਭ ਕਰਕੇ ਵੇਖਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜਿਥੇ ਇਸ ਦਾ ਪਹਿਲਾ ਤੇ ਉਘੜਵਾਂ ਨੁਕਤਾ ਪੰਜਾਬੀ-ਪਛਾਣ ਦੇ ਸਮੁੱਚੇ ਚਿੰਨ੍ਹਾਂ ਦੇ ਨਾਬਰੀ ਵਾਲੇ ਸੁਭਾਅ ਵਿਚ ਨਿਹਿਤ ਕੀਤਾ ਜਾ ਸਕਦਾ ਹੈਦਰਾਸਲ ਇਸ ਸਮੇਂ ਪੰਜਾਬੀ ਵਿਅਕਤੀ ਦਾ ਅਸਿਸਤਵ (ਹਰੇਕ ਮਨੁੱਖ ਦਾ ਮੂਲ ਹੈ) ਅਤੇ ਪੰਜਾਬੀ-ਪਛਾਣ ਦਾ ਮੂਲ ਅਧਾਰ ਅਜ਼ਾਦੀ, ਅਜ਼ਾਦੀ ਨਾਲ ਜੀਣ ਦੀ ਅਕਾਖ਼ਿਆ ਅਤੇ ਅਜ਼ਾਦੀ ਦੇ ਰਾਹ ਦੀ ਰੁਕਾਵਟ ਪ੍ਰਤੀ ਨਾਬਰੀ ਵਿਚ ਪਿਆ ਹੋਇਆ ਹੈ। ਜਿਸ ਕਾਰਨ ਹੀ ਪੰਜਾਬੀ ਲੋਕ-ਚੇਤਨਾ/ਮਾਨਸਿਕਤਾ ਭਗਤ, ਆਸ਼ਕ ਤੇ ਡਾਕੂ/ਬਾਂਗੀ ਨੂੰ ਲੋਕਾਈ ਦਾ ਨਾਇਕ ਨਿਰਧਾਰਿਤ ਕਰਦੀ ਹੋਈ ਕ੍ਰਮਵਾਰ ਪਦਾਰਥ, ਸਮਾਜ ਤੇ ਵਿਵਸਥਾ ਦਾ ਵਿਰੋਧ/ਪ੍ਰਤੀਰੋਧ ਸਿਰਜਦੀ ਹੈ। ਇਹ ਨਾਬਰੀ ਹੀ ਪੰਜਾਬੀ ਮਨੁੱਖ ਦੀ ਆਪਣੇ ਅਸਿਸਤਵ ਪ੍ਰਤੀ ਜਾਗ੍ਰਿਤ ਦਾ ਪ੍ਰਗਟਾਉ ਅਤੇ ਆਪਣੀ ਪਛਾਣ ਦੀ ਵਿਸ਼ੇਸ਼ਤਾ ਬਣਦੀ ਹੈ। ਜਿਸ ਨੂੰ ਹਾਰੂਨ ਖ਼ਾਲੀਦ ਆਪਣੇ ਆਰੀਟੀਕਲ The revolutionary Udham Singh is just one of the many faces of Punjabi identity ਵਿਚ ਵਿਸਥਾਰ ਦਿੰਦਾ ਲਿਖਦਾ ਹੈ ਕਿ : ਹੀਰ, ਜਿਸਨੇ ਵਿਆਹ ਦੀ ਸੰਸਥਾ ਦੇ ਖਿਲਾਫ ਵਿਦਰੋਹ ਕੀਤਾ ਅਤੇ ਸੱਚਾ ਪਿਆਰ ਚੁਣਿਆ; ਰਾਂਝੇ ਨੇ ਧਰਮ ਦੀ ਸੰਸਥਾ ਵਿਰੁੱਧ ਬਗਾਵਤ ਕੀਤੀ ਜਦੋਂ ਵਿਵਸਥਾ ਨੇ ਉਸ ਨੂੰ ਆਪਣੇ ਸੱਚੇ ਪਿਆਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬੀ ਸੂਫ਼ੀ ਕਵੀ ਸ਼ਾਹ ਹੁਸੈਨ ਨੇ ਸ਼ਰਧਾਲੂ ਅਤੇ ਬ੍ਰਹਮ, ਨਿਰਲੇਪ ਧਰਮ ਦੇ ਪੱਖ ਵਿਚ ਪਰੰਪਰਾਗਤ ਧਰਮ ਨੂੰ ਚੁਣੌਤੀ ਦਿੱਤੀ, ਜਿਸਨੂੰ ਨ੍ਰਿਤ ਅਤੇ ਸੰਗੀਤ ਦੁਆਰਾ ਪ੍ਰਗਟ ਕੀਤਾ, ਜੋ ਵਿਦਰੋਹ ਦਾ ਇਕ ਵਿਅਕਤੀਗਤ ਕਾਰਜ ਸੀ ਇਸੇ ਤਰ੍ਹਾਂ ਪੰਜਾਬੀ ਕਵੀ ਬੂੱਲ੍ਹੇ ਸ਼ਾਹ ਨੇ ਧਾਰਮਿਕ ਪਾਦਰੀਆਂ, ਹਿੰਦੂ ਅਤੇ ਮੁਸਲਮਾਨਾਂ ਦੇ ਖਿਲਾਫ ਜ਼ੋਰ ਨਾਲ ਵਿਰੋਧ ਕੀਤਾ ਸੱਚਾਈ ਤੁਹਾਡੇ ਅੰਦਰ ਹੈ, ਉਸਨੇ ਜ਼ੋਰ ਦੇਕੇ ਕਿਹਾਹਰ ਜਨਵਰੀ ਨੂੰ ਲੋਹੜੀ ਦੇ ਤਿਉਹਾਰ ਦੌਰਾਨ ਪੰਜਾਬੀਆਂ ਨੇ ਪਿੰਡੀ ਭੱਟੀਆਂ ਦੇ ਲੋਕ ਨਾਇਕ ਦੁੱਲਾ ਭੱਟੀ ਦਾ ਜਸ਼ਨ ਕੀਤਾ, ਜੋ ਆਪਣੀ ਜ਼ਮੀਨ ਤੇ ਮਾਲ ਦੀ ਰਾਖੀ ਲਈ ਸ਼ਕਤੀਸ਼ਾਲੀ ਮੁਗਲ ਸਮਰਾਟ ਅਕਬਰ ਦੇ ਵਿਰੁੱਧ ਹਥਿਆਰ ਚੁੱਕਦਾ ਹੈ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਪੰਜਾਬੀ ਪਛਾਣ 'ਤੇ ਕੋਈ ਵੀ ਚਰਚਾ ਅਧੂਰੀ ਹੈ, ਜਿਸ ਨੇ ਸਥਾਈ ਧਾਰਮਿਕ ਪਛਾਣਾਂ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਮੈਂ ਨਾ ਤਾਂ ਹਿੰਦੂ ਹਾਂ ਅਤੇ ਨਾ ਹੀ ਮੁਸਲਮਾਨ ਹਾਂ ਅਤੇ ਨਿਸ਼ਚੇ ਹੀ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਵਿਰੁੱਧ ਆਪਣੇ ਲੋਕਾਂ ਦੇ ਸਨਮਾਨ ਲਈ ਲੜਨ ਲਈ ਤਿਆਰ ਹੋਏ, ਜਿਸ ਅਧੀਨ ਬਾਜ਼ ਨੂੰ ਹਰਾਉਣ ਲਈ ਇੱਕ ਚਿੜੀ ਨੂੰ ਪ੍ਰੇਰਿਤ ਕੀਤਾ ਹਾਲਾਂਕਿ, ਬਸਤੀਵਾਦੀ ਯੁੱਗ ਵਿਚ, ਦੂਜੀ ਐਂਗਲੋ-ਸਿੱਖ ਜੰਗ (1848-1849) ਤੋਂ ਛੇਤੀ ਬਾਅਦ, ਇਕ ਨਵੀਂ ਪੰਜਾਬੀ-ਪਛਾਣ ਬਣਾਈ ਗਈ ਜੋ ਵਿਸ਼ਵਾਸਯੋਗ ਤੇ ਪ੍ਰੋ-ਸਾਮਰਾਜੀ ਪੰਜਾਬੀ-ਪਛਾਣ ਸੀ ਇਹ ਚਿੱਤਰ 1857 ਈ. ਯੁੱਧ ਦੌਰਾਨ ਹੋਰ ਵੀ ਮਜ਼ਬੂਤ ​​ਹੋ ਗਿਆ, ਜਦੋਂ ਪੰਜਾਬ ਦੀ ਬ੍ਰਿਟਿਸ਼ ਫੌਜ ਨੇ ਪੰਜਾਬ ਦੀ ਅਗਵਾਈ ਕੀਤੀ ਅਤੇ ਦਿੱਲੀ ਤੇ ਹੋਰ ਪੂਰਵੀ ਭਾਰਤ ਦੇ ਬਾਗ਼ੀਆਂ ਨੂੰ ਹਰਾਉਣ ਵਿਚ ਮਦਦ ਕੀਤੀ
ਹਾਰੂਨ ਦੇ ਉਪਰੋਕਤ ਵਿਸ਼ਲੇਸ਼ਣ ਵਿਚ ਜਿਥੇ ਹੀਰ/ਸੂਫ਼ੀ-ਕਵੀ/ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਸ਼ਖ਼ਸੀ-ਅਜ਼ਾਦੀ ਲਈ ਨਿਭਾਏ ਕਾਰਜਾਂ ਨੂੰ ਕ੍ਰਾਂਤੀਕਾਰੀ/ਨਾਬਰੀ ਵਿਚ ਨਿਹਿਤ ਕਰਨਾਂ ਪੰਜਾਬੀ-ਪਛਾਣ ਦੀ ਮੂਲ ਸੁਰ ਦੀ ਨਿਸ਼ਾਨਦੇਹੀ ਕਰਨ ਦਾ ਸਾਰਥਕ ਤੇ ਤਾਰਕਿਕ ਯਤਨ ਹੈ, ਪ੍ਰੰਤੂ ਉਥੇ ਪੰਜਾਬੀ-ਪਛਾਣ ਨੂੰ ਸਾਮਰਾਜੀ-ਹਿਤੈਸ਼ੀ ਪਛਾਣ ਵਜੋਂ ਸਥਾਪਿਤ ਕਰਨ ਦਾ ਯਤਨ ਵਿਵਾਦਗ੍ਰਸਤ ਨਜ਼ਰੀ ਪੈਂਦਾ ਹੈ ਕਿਉਂਕਿ 1857 ਈ. ਵਿਚ ਭਾਰਤ ਦੇ ਬਾਗੀਆਂ ਨੂੰ ਹਰਾਉਣ ਵਿਚ ਪੰਜਾਬੀ-ਮਾਨਸ ਦੀ ਭੂਮਿਕਾ ਬਾਰੇ ਦੋ ਨੁਕਤੇ ਵਿਚਾਰਨਯੋਗ ਹਨ: ਪਹਿਲਾਂ ਇਹ ਕਿ ਐਗਲੋ-ਸਿੱਖ ਲੜਾਈ ਵਕਤ ਪੂਰਵੀ ਸਿਪਾਈ ਬਸਤੀਵਾਦੀ ਸ਼ਕਤੀ ਦੀ ਤਰਫ਼ ਤੋਂ ਪੰਜਾਬੀ ਫ਼ੌਜ ਦੇ ਖ਼ਿਆਫ਼ ਲੜੇ ਹਨ। ਫਿਰ 1857 ਈ. (ਨੌਂ ਸਾਲ ਬਾਅਦ ਹੀ) ਪੰਜਾਬੀ-ਮਾਨਸ ਵੱਲੋਂ ਕਿਸ ਤਰ੍ਹਾਂ ਪੂਰਵੀ ਸਿਪਾਈਆਂ ਦਾ ਸਾਥ ਸੰਭਵ ਸੀ ਅਤੇ ਨਵੇਂ ਆਏ ਪਰਿਵਰਤਨਾਂ (ਅੰਗਰੇਜ਼ ਰਾਜ ਦੀ ਸਥਾਪਤੀ ਨਾਲ) ਦਾ ਇੰਨੇ ਘੱਟ ਸਮੇਂ ਵਿਚ ਕਿਸ ਪ੍ਰਕਾਰ ਵਿਸ਼ਲੇਸ਼ਣ ਕਰ ਸਕਦਾ ਸੀ। ਦੂਜਾ ਇਹ ਕਿ ਪੂਰਵੀ ਸਿਪਾਈਆਂ ਨੇ 1857 ਈ. ਦੇ ਵਿਰੋਧ ਵਿਚ ਮੁਗਲ ਬਾਦਸ਼ਹਾਂ ਨੂੰ ਆਪਣਾ ਬਾਦਸ਼ਹਾਂ ਘੋਸ਼ਤ ਕੀਤਾ, ਜਿਸ ਮੁਗਲ ਸਤਲਨਤ ਦੀ ਸਥਾਪਤੀ ਖ਼ਿਲਾਫ ਪੰਜਾਬੀ-ਮਾਨਸ ਸਦਾ ਹੀ ਦਸਤ-ਪੰਜਾ ਲੈਂਦੇ ਆਇਆ ਸੀ ਇਨ੍ਹਾਂ ਦੋਹਾਂ ਅਧਾਰਾਂ ਕਾਰਨ ਹੀ ਪੰਜਾਬੀ-ਪਛਾਣ ਅਪਣੇ ਨਾਬਰੀ ਵਾਲੇ ਸੁਭਾਅ ਨੂੰ ਕਾਇਮ ਰੱਖਦਾ ਹੋਈ, ਬਸਤੀਵਾਦੀ-ਹਿਤੈਸ਼ੀ ਹੋਣ ਦੀ ਬਜਾਇ ਸਥਾਪਤੀ-ਵਿਰੋਧੀ ਕਾਰਜ ਹੀ ਕਰ ਰਹੀ ਮਹਿਸੂਸ ਹੁੰਦੀ ਹੈ, ਜੋ ਪੰਜਾਬੀ-ਪਛਾਣ ਦਾ ਵਿਸ਼ੇਸ਼ ਨਿਰਧਾਰਨੀ ਕਾਰਕ ਬਣਕੇ ਉਭਰਦਾ ਆਇਆ ਹੈ।
ਇਸ ਦੇ ਨਾਲ ਹੀ ਪੰਜਾਬੀ ਪਛਾਣ ਦਾ ਇਕ ਅਧਾਰ ਧਾਰਮਿਕ-ਸਹਿਨਸ਼ੀਲਤਾ/ਧਾਰਮਿਕ-ਨਿਰਪੱਖਤਾ ਵਿਚ ਵੀ ਨਿਹਿਤ ਕੀਤੀ ਜਾ ਸਕਦਾ ਹੈ। ਕਿਉਂਕਿ ਪੰਜਾਬ ਆਪਣੀ ਭੂਗੋਲਿਕ ਸਥਿਤੀ ਕਾਰਨ ਅਨੇਕਾਂ ਕੌਮਾਂ/ਨਸਲਾਂ ਦਾ ਮੁਜੱਸਮਾ ਬਣਦਿਆਂ, ਬਹੁ-ਧਰਮ/ਬਹੁ-ਨਸਲੀ/ਬਹੁ-ਜਾਤੀ ਦੇਸ਼ ਵੱਜੋਂ ਜਾਣਿਆ ਜਾਂਦਾ ਰਿਹਾ ਹੈ। ਪ੍ਰੰਤੂ ਇਨ੍ਹਾਂ ਧਰਮਾਂ/ਨਸਲਾਂ/ਜਾਤਾਂ ਵਿਚਕਾਰ ਸਭਿਆਚਾਰਕ ਅਨੁਕੂਲਨ/ਸਭਿਆਚਾਰੀਕਰਨ ਦੀ ਪ੍ਰਕਿਰਿਆ ਅਧੀਨ ਜਿਥੇ ਇਕ ਪਾਸੇ ਇਸ ਖੇਤਰ ਵਿਚ ਹਮੇਸ਼ਾ ਧਾਰਮਿਕ-ਨਵੀਨਤਾ ਦੇ ਬੀਜ਼-ਬੀਜੇ ਜਾਂਦੇ ਰਹੇ ਹਨ ਅਤੇ ਇੱਥੇ ਹੀ ਹੜੱਪਾ-ਮੋਹਿੰਜਦਾਰੋ ਤੇ ਕੇਂਦਰੀ ਏਸ਼ੀਆ ਤੋਂ ਹੋਏ ਆਏ ਆਰੀਅਨ ਦੇ ਪ੍ਰਵੇਸ਼ ਨਾਲ ਉਹ ਸਮਿਸ਼ਰਨ ਦੀ ਪ੍ਰਕ੍ਰਿਆ ਆਰੰਭ ਹੋਈ ਜਿਸ ਨੂੰ ਪੰਜਾਬ ਵਿੱਚ ਹਿੰਦੂ ਸਭਿਅਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਪੰਜਾਬ ਦੀ ਇਹ ਹਿੰਦੂ ਸੱਭਿਅਤਾ ਦੇ ਪੰਘੂੜੇ ਦਾ ਕੇਂਦਰ ਛੇਤੀ ਹੀ ਉਸ ਵਕਤ ਚਲਿਆ ਗਿਆ, ਜਦੋਂ ਬੁੱਧ-ਧਰਮ ਤੀਂਸਰੀ ਸਦੀ ਈਸਵੀ ਪੂਰਵ ਵਿਚ ਪੰਜਾਬ ਦੀ ਪ੍ਰਮੁੱਖ ਪਰੰਪਰਾ ਬਣ ਗਿਆ ਇਸ ਨੇ ਕਈ ਰੂਪਾਂ ਵਿਚ ਹਜ਼ਾਰਾਂ ਸਾਲਾਂ ਬਾਅਦ ਇਸਲਾਮ ਦੇ ਆਉਣ ਤੱਕ ਆਪਣਾ ਸਥਾਨ ਬਣਾਈ ਰੱਖਿਆ ਅਤੇ ਇਸ ਲਈ ਹੀ ਬਹੁਤ ਸਾਰੇ ਪੰਜਾਬੀ ਮੁਸਲਮਾਨ ਦੇ, ਖਾਸ ਤੌਰ ਤੇ ਪੱਛਮੀ ਸਰਹੱਦੀ ਖੇਤਰ ਦੇ ਪੋਠੋਹਾਰ ਖੇਤਰ ਵਿੱਚ, ਆਪਣੇ ਧਰਮ ਬਦਲਣ ਤੋਂ ਪਹਿਲਾਂ ਦੇ ਧਰਮ/ਅਭਿਆਸ ਹਿੰਦੂਆ ਨਾਲੋਂ ਜਿਆਦਾ ਬੋਧੀ ਸਨ ਇਸ ਤੋਂ ਇਲਾਵਾ, ਇਸ ਪ੍ਰਕਿਰਿਆ ਵਿਚ ਜਹਾਦ ਨੇ ਵੀ ਮਹੱਤਵਪੂਰਣ ਭੂਮਿਕਾ ਨਿਭਾਈ, ਜਿਸ ਅਧੀਨ ਹਿੰਦੂਸਤਾਨ ਦੇ ਨਵੇਂ ਹਾਕਮਾਂ ਦੁਆਰਾ ਅਸੁਰੱਖਿਅਤ/ਨਿਹੱਥੀ ਆਬਾਦੀ ਦਾ ਮੁਸਲਮਾਨ ਯੋਧਿਆਂ ਦੁਆਰਾ ਕਤਲੇਆਮ ਕੀਤਾ ਗਿਆ, ਪਰ ਨਾਲ ਹੀ ਧਰਮ-ਪਰਿਵਰਤਨ ਦੀ ਇਸ ਸ਼ਿਫਟ ਵਿਚ ਮੁੱਖ ਤੌਰ ਤੇ ਅਨੇਕ ਸੂਫ਼ੀ ਪ੍ਰਚਾਰਕ ਨੇ ਵੀ ਆਪਣੀ ਭੂਮਿਕਾ ਅਦਾ ਕੀਤੀ, ਜਿਨ੍ਹਾਂ ਦੀਆਂ ਸਿਖਿਆਵਾਂ, ਜਿਹੜੀਆਂ ਇਬਨ-ਅਰਬਿਆ ਦੇ ਰਹੱਸਵਾਦੀ ਧਰਮ-ਸ਼ਾਸਤਰ ਅਤੇ ਸਹਜਯਾਨ ਬੌਧ-ਧਰਮ ਦੀਆਂ ਸਥਾਨਿਕ ਪਰੰਪਰਾਵਾਂ ਦੇ ਸ਼ਕਤੀਸ਼ਾਲੀ ਸੰਸਲੇਸ਼ਣ ਦੇ ਅਧਾਰ 'ਤੇ ਸਨ, ਬੇਹੱਦ ਮਸ਼ਹੂਰ ਸਨ ਕੇਂਦਰੀ-ਏਸੀਆਂ ਤੋਂ ਆਏ ਅਤੇ ਦੋ ਪਰੰਪਰਾਂ ਵਿਚ ਸੰਸਲੇਸ਼ਣ ਪੈਂਦਾ ਕਰਨ ਵਾਲੇ ਇਨ੍ਹਾਂ ਸੂਫ਼ੀਆਂ ਦੇ ਪ੍ਰਮੁੱਖ ਕੇਂਦਰ ਪਾਕਪਟਨ ਵਿਚ ਸੇਖ਼ ਫ਼ਰੀਦ, ਲਾਹੌਰ ਵਿਚ ਦਾਤਾ ਗੰਜ ਬਖ਼ਸ਼ ਅਤੇ ਉੱਚ ਵਿਚ ਸ਼ੇਖ਼ ਅਬਦੁਲ ਕਲੰਦਰ ਬਣੇ ਹਨ। ਇਸ ਤੋਂ ਅੱਗੇ ਗੁਰੂ ਨਾਨਕ ਨਿਰਗੁਣ ਭਗਤੀ-ਧਾਰਾ ਤੇ ਨਾਥ ਜੋਗੀਆਂ ਦੇ ਦਰਸ਼ਨ ਦਾ ਸੰਸਲੇਸ਼ਣ ਕਰਦੇ ਹੋਏ ਗੈਰ-ਮੁਸਲਮਾਨ ਲੋਕਾਂ ਵਿਚ ਵਧੇਰੇ ਮਸ਼ਹੂਰ ਹੋਏ ਸਨ। (ਬਾਲਾਰਡ, 1999, ਪੰ-13-14)
ਇਸ ਧਾਰਮਿਕ ਸਹਿਨਸ਼ੀਲਤਾ/ਨਿਰਪੱਖਤਾ ਦਾ ਪ੍ਰਮਾਣ ਮੱਧਕਾਲੀਨ ਪੰਜਾਬੀ ਸਾਹਿਤ ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ, ਜਿਸ ਨੇ ਸਤਾਰ੍ਹਵੀਂ ਤੋਂ ਲੈਕੇ ਉੱਨਵੀਂ ਸਦੀ ਦੇ ਸ਼ੁਰੂ ਤੱਕ ਪੰਜਾਬੀ ਲੋਕਾਂ ਨੂੰ ਸਾਂਝੇ ਸੱਭਿਆਚਾਰ ਦੇ ਪ੍ਰਤੀ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ ਸਤਾਰ੍ਹਵੀਂ ਸਦੀ ਦੌਰਾਨ ਜਨਮਸਾਖੀਆਂ ਦੇ ਸੰਗ੍ਰਹਿ ਦੇ ਨਾਲ ਪੰਜਾਬੀ ਗੱਦ ਸਾਹਿਤ ਨੇ ਵਿਸ਼ਾਲ-ਰੂਪ ਗ੍ਰਹਿਣ ਕੀਤਾ ਤਾਂ ਬਿਰਤਾਂਕ-ਕਾਵਿ ਨੂੰ ਦਮੋਦਰ ਤੇ ਵਾਰਿਸ਼ ਸ਼ਾਹ ਦੁਆਰਾ ਸਿਰਜਤ ਹੀਰ-ਰਾਂਝੇ ਦੀ ਕਥਾ ਨੇ ਪਰਿਪੱਕਤਾ ਉੱਤੇ ਪਹੁੰਚਿਆਂ ਉਨ੍ਹੀਵੀਂ ਸਦੀ ਦੇ ਅਰੰਭ ਵਿਚ ਇਨ੍ਹਾਂ ਪ੍ਰੇਮ-ਕਿੱਸਿਆਂ ਵਿਚ ਉਸ ਨਾਇਕਵਾਦ ਨੂੰ ਸਥਾਪਿਤ ਕੀਤਾ ਗਿਆ, ਜੋ ਸਮਾਜਿਕ ਦਮਨ/ਸ਼ੋਸਣ ਦੇ ਖਿਆਫ਼ ਵਿਅਕਤੀਗਤ ਅਜ਼ਾਦੀ/ਜ਼ੁਰਤ ਵਾਲੀ ਨਾਬਰੀ ਨੂੰ ਸਿਰਜਦਾ ਹੈ ਪੰਜਾਬੀ ਸਭਿਆਚਾਰ ਦੇ ਅੰਤਰਗਤ ਇਸ ਪ੍ਰਕਾਰ ਦੇ ਧਰਮ-ਨਿਰਪੱਖ ਸਾਹਿਤ ਦੀ ਸਿਰਜਨਾ ਰਾਹੀਂ ਪੰਜਾਬੀ ਅਦਬਕਾਰ ਜਾਤ/ਧਰਮ/ਨਸਲ ਤੋਂ ਉੱਤੇ ਉਠਕੇ ਸਮੁੱਚੇ ਪੰਜਾਬੀ ਲੋਕ-ਸਮੂਹ ਨੂੰ ਮੁਖ਼ਾਤਿਬ ਹੋਏ ਅਤੇ ਲੋਕ-ਸਮੂਹ ਨੇ ਇਨ੍ਹਾਂ ਅਦਬਕਾਰਾਂ ਨੂੰ ਆਪਣੀ ਚੇਤਨਾ/ਚੇਤਿਆਂ ਵਿਚ ਪ੍ਰਵਾਨਗੀ ਦਿੱਤੀ (ਹਬੀਬ, 2012, ਪੰ-190)ਇਸ ਪ੍ਰਕਿਰਿਆ ਨੇ ਪੰਜਾਬੀ ਭਾਸ਼ਾ ਵਿਚ ਵੀ ਆਤਮਵਿਸਵਾਸ ਪੈਂਦਾ ਕੀਤਾ ਜੋ ਅੱਗੇ ਪੰਜਾਬੀ-ਪਛਾਣ ਨੂੰ ਸਥਾਪਿਤ ਕਰਨ ਵਿਚ ਵਧੇਰੇ ਸਹਾਈ ਸਿੱਧ ਹੋਇਆ, ਇਸ ਆਤਮ-ਵਿਸ਼ਵਾਸ ਵਿਚੋਂ ਹੀ ਵਾਰਿਸ ਸ਼ਾਹ ਪੰਜਾਬ ਦੀ ਭੂਗੋਲਿਕ ਪਛਾਣ ਨੂੰ ਹਿੰਦੋਸਤਾਨ ਤੋਂ ਅਲੱਗ ਅਤੇ ਪੰਜਾਬ ਦੀ ਸਵੈ-ਸੰਪੰਨਤਾ ਦੀ ਗੱਲ ਕਰਦਾ ਲਿਖਦਾ ਹੈ ਕਿ ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ, ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ, ਹੁਕਮ ਹੋਰ ਦਾ ਹੋਰ ਅੱਜ ਹੋ ਗਿਆ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ।, ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ, ਲੈਣੀ ਅੱਜ ਕੰਧਾਰ ਪੰਜਾਬੀਆਂ ਜੀ।
ਇਹ ਕਾਲ ਨਾ-ਕੇਵਲ ਭਾਸ਼ਾ ਅਤੇ ਸਾਹਿਤ ਦੇ ਪੱਧਰ ਤੇ ਹੀ ਮਹੱਤਤਾ ਰੱਖਦਾ ਹੈ, ਬਲਕਿ ਪੰਜਾਬ ਦੇ ਰਾਜਨੀਤੀ ਵਿਕਾਸ ਵਿਚ ਵੀ ਵਿਸ਼ੇਸ਼ਤਾ ਦਾ ਧਾਰਨੀ ਹੈ, ਕਿਉਂਕਿ ਇਸ ਸਮੇਂ ਸਿੱਖ ਅੰਦੋਲਨ ਇਸ ਖੇਤਰ ਵਿਚ ਇਤਿਹਾਸ 'ਤੇ ਸਭ ਤੋਂ ਵਧੇਰੇ ਪ੍ਰਭਾਵ ਪਾਉਣ ਵਾਲੇ ਧਾਰਮਿਕ ਅੰਦੋਲਨ ਵਜੋਂ ਸਥਾਪਿਤ ਹੋਇਆ ਅਤੇ ਗੁਰੂ ਗੋਬਿੰਦ ਸਿੰਘ ਦੇ ਅਨੁਯਾਈ ਨੇ ਲਾਹੌਰ-ਪ੍ਰਾਂਤ ਦੇ ਨੇੜਲੇ ਲਗਭਗ ਸਾਰੇ ਮੁਗਲ ਪ੍ਰਾਂਤਾਂ ਉੱਤੇ ਆਪਣਾ ਸ਼ਾਸਨ ਸਥਾਪਿਤ ਕੀਤਾਇਹ ਸਿਰਫ਼ ਇਕ ਸਵਦੇਸ਼ੀ ਸ਼ਾਸਨ ਹੀ ਨਹੀਂ ਸੀ, ਸਗੋਂ ਆਮ ਲੋਕਾਂ ਦਾ ਰਾਜ ਬਣਕੇ ਵੀ ਸਥਾਪਿਤ ਹੋਇਆ ਸੀ, ਜਿਸ ਨੇ ਪੰਜਾਬੀ-ਪਛਾਣ ਦੇ ਲੋਕਰਾਜੀ ਅਰਥਾਂ ਵਿਚ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ। ਸਿੱਖ ਸਰਦਾਰਾਂ ਨੇ ਬਹੁ-ਭਾਂਤੀ ਪੰਜਾਬੀਆਂ ਨੂੰ ਫ਼ਰਾਕ-ਦਿਲੀ ਨਾਲ ਅਪਣਾਉਂਦਿਆ, ਉਨ੍ਹਾਂ ਨੂੰ ਪ੍ਰਸ਼ਾਸਨ ਪ੍ਰਬੰਧ ਨਾਲ ਜੋੜਿਆਇਸ ਦਾ ਪਾਸਾਰ ਉੱਨਵੀਂ ਸਦੀ ਦੀ ਸ਼ੁਰੂਆਤ ਵਿਚ ਰਣਜੀਤ ਸਿੰਘ ਦੇ ਰਾਜ ਅਧੀਨ ਹਰੇਕ ਧਾਰਮਿਕ-ਸਿਧਾਂਤਾਂ/ਜਾਤ/ਨਸਲ ਦੇ ਲੋਕਾਂ ਦਾ ਹਾਕਮ ਜਮਾਤ ਵਿਚ ਸ਼ਾਮਿਲ ਹੋਣ ਵਿਚ ਵੇਖਿਆ ਜਾ ਸਕਦਾ ਹੈ, ਜਿਸ ਨਾਲ ਪੰਜਾਬ ਦੀ ਰਾਜਨੀਤੀ ਕੁਝ ਹੱਦ ਤੱਕ ਸੈਕੁਲਰਿਜਾਈ ਹੋ ਗਈ ਦਰਅਸਲ, ਪੰਜਾਬੀ ਸਾਹਿਤ ਦੀ ਧਰਮ-ਨਿਰਪੱਖਤਾ ਇਸ ਵਿਕਾਸ ਦੇ ਸੱਭਿਆਚਾਰਕ ਦਾ ਹਿੱਸਾ ਬਣਦੀ ਹੋਈ ਅਠਾਰਵੀਂ ਦੇ ਅੱਧ ਤੋਂ ਉੱਨਵੀਂ ਸਦੀ ਦੇ ਅੱਧ ਤੱਕ ਚੱਲਦੀ ਹੈ, ਜਿਸ ਅਧੀਨ ਧਾਰਮਿਕ-ਸਹਿਨਸ਼ੀਲ ਖੇਤਰੀ-ਪਛਾਣ ਲਈ ਧਰਮ-ਨਿਰਪੱਖ ਰਾਜਨੀਤੀ ਕੀਤੀ ਗਈ ਸੀ (ਗਰੇਵਾਲ, 1999, ਪੰ-45-46) ਇਸ ਕਾਰਨ ਹੀ ਸ਼ਾਹ ਮੁਹੰਮਦ 'ਹਿੰਦ' ਅਤੇ 'ਪੰਜਾਬ' ਦਰਮਿਆਨ ਲੜਾਈ ਦੇ ਰੂਪ ਵਿੱਚ ਈਸਟ ਇੰਡੀਆ ਕੰਪਨੀ ਅਤੇ ਲਾਹੋਰ ਦੇ ਸ਼ਾਸਕ ਵਿਚਕਾਰ ਹੋਈ ਜੰਗ ਨੂੰ ਬਿਆਨ ਕਰਦਾ ਲਿਖਦਾ ਹੈ: ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਅਫ਼ਾਤ ਆਹੀਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕੋਈ ਨਹੀਂ ਸੀ ਦੂਸਰੀ ਜ਼ਾਤ ਆਹੀ। ਇਥੇ ਸ਼ਾਹ ਮੁਹੰਮਦ ਪੰਜਾਬਨਾਂ ਸ਼ਬਦ ਦਾ ਪ੍ਰਯੋਗ ਵੀ ਕਰਦਾ ਹੈ, ਜੋ ਆਪਣੇ ਪਤੀਆਂ ਦੀ ਜੰਗ ਵਿਚ ਹੋਣ ਵਾਲੀ ਮੌਤ ਉੱਤੇ ਰੋਦੀਆਂ ਹਨ (ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਗੇ, ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।) ਅਤੇ ਬ੍ਰਿਟਿਸ ਲੋਕਾਂ ਦੀ ਆਮਦ ਨੂੰ ਤੀਸਰੀ ਜਾਤ ਵਜੋਂ ਦੇਖਦਾ ਹੋਇਆ ਹਿੰਦੂ ਤੇ ਮੁਸਲਮਾਨਾਂ ਦੀ ਸਹਿਹੋਂਦ ਦੀ ਬਾਤ ਪਾਉਂਦਾ ਧਰਮ-ਨਿਰਪੱਖ ਪੰਜਾਬੀ-ਪਛਾਣ ਨੂੰ ਸਥਾਪਿਤ ਕਰਦਾ ਹੈ। ਇਥੇ ਇਹ ਨੁਕਤਾ ਵੀ ਧਿਆਨਯੋਗ ਹੈ ਕਿ ਸ਼ਾਹ ਮੁਹੰਮਦ ਪੰਜਾਬੀ-ਪਛਾਣ ਨੂੰ ਹਿੰਦ ਤੇ ਪੰਜਾਬ ਦੇ ਜੰਗ ਰਾਹੀਂ ਯਮੁਨਾਂ ਤੋਂ ਪੱਛਮ ਵਾਲੇ ਪਾਸੇ ਨਾਲ ਸੰਬੰਧਿਤ ਕਰਦਾ ਖ਼ਾਸ ਜੋਗਰਫੀਕਲ ਸਥਿਤੀ ਵਿਚ ਵੇਖਦਾ ਹੈਇਸ ਕਾਰਨ ਹੀ ਪ੍ਰੋ. ਦਰਸ਼ਨ ਸਿੰਘ ਇਹ ਧਾਰਨਾਂ ਸਿਰਜਦਾ ਹੈ ਕਿ ਸ਼ਾਹ ਮੁਹੰਮਦ ਸਿੱਖ-ਮਾਨਸਿਕਤਾ ਜਾਂ ਸਿੱਖ-ਪਛਾਣ ਅਤੇ ਪੰਜਾਬੀ-ਪਛਾਣ ਨੂੰ ਇਕ ਕਿਆਸ ਕਰਦਾ ਹੋਇਆ ਵਰਤਮਾਨਿਕ ਸਮਾਜ ਨੂੰ ਇਸ ਕੌਣ ਤੋਂ ਦੇਖਦਾ ਹੈ (ਦਰਸ਼ਨ, 1999, ਪੰ-71)। ਪ੍ਰੰਤੂ ਉਨ੍ਹੀਵੀਂ ਸਦੀ ਦੇ ਅਖੀਰ ਅਤੇ ਵੀਂਹਵੀ ਸਦੀ ਦੀ ਸ਼ੁਰੂਆਤ ਵਿੱਚ ਧਾਰਮਿਕ ਸੁਧਾਰ ਅੰਦੋਲਨਾਂ ਨੇ ਪੰਜਾਬੀ-ਪਛਾਣ ਨੂੰ ਪੁਨਰ-ਪਰਿਭਾਸ਼ਤ/ਨਿਰਧਾਰਨ ਦਾ ਯਤਨ ਕੀਤਾ, ਜਿਸ ਦੇ ਅੰਤਰਗਤ ਸਿੰਘ ਸਭਾ ਲਹਿਰ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਭੂਮਿਕਾ ਵਧੇਰੇ ਮਹੱਤਵਪੂਰਨ ਨਜ਼ਰੀ ਪੈਂਦੀ ਹੈ ਇਹ ਉਹ ਵਕਤ ਸੀ ਜਦੋਂ ਸਾਧਨਾਂ ਦੀ ਲੜਾਈ ਵਿਚ ਸਿੰਘ ਸਭਾ ਅਤੇ ਆਰੀਆ ਸਮਾਜ ਦੇ ਵਿਚਾਰਕਾਂ/ਨੇਤਾਵਾਂ ਨੇ ਇਹ ਮੁੱਦਾ ਕੇਂਦਰ ਵਿਚ ਲਿਆਦਾ ਕਿ ਸਿੱਖ ਹਿੰਦੂ ਸਨ ਜਾਂ ਨਹੀਂ? ਸਿੰਘ ਸਭਾ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਲੀਡਰਸਿਪ ਨੇ ਸਿੱਖਾਂ ਦੀ ਪਛਾਣ ਤੇ ਧਾਰਮਿਕ ਇਨਕਲਾਬੀਵਾਦ ਦੇ ਆਧਾਰ 'ਤੇ ਆਪਣੀ ਵਿਚਾਰਧਾਰਾ ਨੂੰ ਵਿਕਸਿਤ ਕੀਤਾ ਤਾਂ ਜੋ ਸਿੱਖ ਲੋਕ-ਸਮੂਹ ਵਿਚ ਉਨ੍ਹਾਂ ਦਾ ਹੱਕ ਬਰਕਰਾਰ ਰਹੇ ਜਿਸ ਅਧੀਨ ਸਿੰਘ ਸਭਾਵਾਂ ਦੁਆਰਾ ਸ਼ੁਰੂ ਕੀਤੇ ਗਏ ਸਿੱਖਿਅਕ ਅੰਦੋਲਨ ਨੇ ਸਿੱਖ ਗ੍ਰੰਥਾਂ/ਸਿੱਖ-ਇਤਿਹਾਸ/ਗੁਰਮੁਖੀ ਸਭਿਆਚਾਰ ਦੇ ਅਧਿਐਨ 'ਤੇ ਜ਼ੋਰ ਦਿੱਤਾ ਅਤੇ ਇਸ ਧਾਰਮਿਕ ਲੀਹਾਂ ਨੂੰ ਵੰਡਣ ਦੀ ਨੀਤੀ ਦੇ ਅੰਤਰਗਤ ਬਰਤਾਨਵੀ ਸਰਕਾਰ ਨੇ ਆਰਥਿਕ-ਸਾਧਨ ਵੀ ਮੁਹੱਇਆ ਕਰਵਾਕੇ ਇਸ ਲਹਿਰ ਦਾ ਭਰਪੂਰ ਸਮਰਥਨ ਕੀਤਾ, ਜਿਸ ਨਾਲ ਬਾਅਦ ਦੀ ਸਾਮੰਤੀ ਲੀਡਰਸ਼ਿਪ ਲਈ ਸਿੱਖ-ਪਛਾਣ ਦਾ ਸਿਆਸੀਕਰਨ ਕਰਨ ਅਤੇ ਧਾਰਮਿਕ ਸੰਸਥਾਨਾਂ/ਪ੍ਰਤੀਕਾਂ ਨੂੰ ਵਰਤਣ ਲਈ ਭੂਮੀ ਤਿਆਰ ਹੋ ਗਈ (ਰਜਿੰਦਰ, 1992, ਪੰ-106) ਇਸ ਮੱਤ ਨੂੰ ਇਆਨ ਟੈੱਲਬੋਟ (1996) ਦੇ ਖੋਜ-ਪੱਤਰ State, Society And Identity: The British Punjab ਦੁਆਰਾ ਸਹਿਜੇ ਹੀ ਸਮਝਿਆ ਜਾ ਸਕਦਾ ਹੈ, ਜਿਸ ਦੇ ਅੰਤਰਗਤ ਟੈੱਲਬੋਟ ਪੰਜਾਬੀ ਰਾਜਨੀਤਿਕ ਪਰੰਪਰਾ ਦੀ ਕਬਾਲਾਈ (ਪੇਂਡੂ) ਅਤੇ ਸ਼ਹਿਰੀ ਪੱਧਰ ਦੀ ਵੱਖਰੀ ਕਾਰਜ-ਸ਼ੈਲੀ ਨੂੰ ਵੇਖਦਾ ਹੋਇਆ ਕਬਾਲਾਈ ਪੱਧਰ ਦੀ ਪੰਜਾਬੀ-ਪਛਾਣ ਨੂੰ ਧਾਰਮਿਕ ਸਹਿਨਸ਼ੀਲਤਾ ਵਾਲੀ ਲੋਕਧਾਰਾ, ਕਿੱਸਾ-ਕਾਵਿ ਤੇ ਸੂਫ਼ੀ-ਕਾਵਿ ਦੀ ਪਰੰਪਰਾ ਨਾਲ ਸੰਬੰਧਿਤ ਕਰਦਾ ਹੈ ਅਤੇ ਸ਼ਹਿਰੀ ਪੱਧਰ ਦੀ ਪੰਜਾਬੀ-ਪਛਾਣ ਨੂੰ ਵਧੇਰੇ ਆਰਥਿਕ-ਰਾਜਨੀਤਿਕ ਸਾਧਨਾਂ ਉੱਤੇ ਕਬਜ਼ੇ ਦੀ ਭਾਵਨਾ ਨਾਲ ਕੰਮ ਕਰਦੀਆਂ ਸੰਪ੍ਰਦਾਇ ਲਹਿਰਾਂ (ਸਿੰਘ ਸਭਾ ਲਹਿਰ, ਆਰੀਆ ਸਮਾਜ ਤੇ ਅੰਜ਼ੂਮਨ) ਨਾਲ ਜੋੜਦਾ ਹੈ। ਇਥੇ ਟੈੱਲਬੋਟ ਦਾ ਮੱਤ ਇਨ੍ਹਾਂ ਲਹਿਰਾਂ ਵੱਲੋਂ ਆਪਣੇ ਅਤੀਤ/ਹੋਂਦ ਨੂੰ ਉੱਤਮ ਸਿੱਧ ਕਰਨ ਦੇ ਰੁਝਾਨ ਨੂੰ ਉਰੀਐਂਟਲਿਜ਼ਮ ਨਾਲ ਸੰਬੰਧਿਤ ਕਰਦਾ ਹੈ, ਜਿਸ ਅਧੀਨ ਇਨ੍ਹਾਂ ਲਹਿਰਾਂ ਵੱਲੋਂ ਆਪਣੇ-ਆਪ ਨੂੰ ਸਾਮਰਾਜੀ ਸੱਤਾ ਦੇ ਵਧੇਰੇ ਨੇੜੇ ਜਾਂ ਉਨ੍ਹਾਂ ਵਰਗਾਂ ਸਿੱਧ ਕਰਨ ਦਾ ਭਰਪੂਰ ਯਤਨ ਸੀ (ਇਸ ਕਾਰਨ ਹੀ ਵਿਕਟੋਰੀਅਨ ਪ੍ਰਭਾਵ ਅਧੀਨ ਔਰਤ ਦੀ ਸ਼ੁੱਧਤਾ ਨੂੰ ਦਿਖਾਉਣ ਦਾ ਵਿਚਾਰ ਗ੍ਰਹਿਣ ਕਰਦੇ, ਦੇਵੀ ਜਾਂ ਸੁੰਦਰੀ ਵਰਗੇ ਚਿੰਨ੍ਹ ਘੜ੍ਹੇ ਗਏ ਸਨ)
ਇਸ ਤਰ੍ਹਾਂ ਪੰਜਾਬੀ-ਪਛਾਣ ਦੀ ਸਿਰਜਨਾ ਦਾ ਮੂਲ ਮੱਧਕਾਲ (ਜਦੋਂ ਤੋਂ ਸ਼ਬਦ ਪੰਜਾਬ ਦੀ ਸਿਰਜਨਾ ਹੋਈ) ਤੋਂ ਸ਼ੁਰੂ ਹੁੰਦਾ ਹੋਇਆ ਆਪਣੇ ਅਜ਼ਾਦੀ/ਨਾਬਰੀ ਅਤੇ ਧਾਰਮਿਕ-ਸਹਿਨਸ਼ੀਲਤਾ/ਧਾਰਮਿਕ-ਨਿਰਪੱਖਤਾ ਵਾਲੇ ਸੁਭਾਅ ਨੂੰ ਪੂਰਵਵਾਦੀ ਪਛਾਣ ਦੇ ਅੰਤਰਗਤ ਖੰਡਿਤ ਕਰਦਾ ਹੈ, ਜਿਸ ਦਾ ਅਗਲੇਰਾ ਪਸਾਰ ਪੰਜਾਬੀ-ਪਛਾਣ ਨੂੰ ਸਿੱਖ-ਪਛਾਣ ਦੇ ਵਿਰੋਧਾਭਾਸ ਵਿਚ ਨਜ਼ਰੀ ਪੈਂਦਾ ਅੱਗੇ ਪੰਜਾਬ ਸੰਕਟ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਬੇਸ਼ੱਕ ਪੰਜਾਬ ਸੰਕਟ ਤੋਂ ਪਹਿਲਾਂ ਹੀ ਵੱਖਰੀ ਪੰਜਾਬੀ-ਹੋਂਦ ਦਾ ਮੁੱਦਾ ਸਿੱਧੇ/ਅਸਿੱਧੇ ਰੂਪ ਵਿਚ ਉਭਰਦਾ ਰਿਹਾ ਸੀ, ਜਿਸ ਦੀ ਇਕ ਮਸਾਲ ਪ੍ਰਬੰਧਕ ਸੁਧਾਰਾਂ ਦੇ ਮੁੱਦਿਆਂ ਨੂੰ ਲੈਕੇ 1928 ਈ. ਵਿਚ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਸਰਵ ਪਾਰਟੀ ਕਾਨਫ਼ਰੰਸ ਬੁਲਾਉਣ ਵਕਤ ਸਾਹਮਣੇ ਆਉਂਦੀ ਹੈ ਅਤੇ ਜਿਸ ਵਿਚ ਸੈਂਟਰਲ ਸਿੱਖ ਲੀਗ ਨੇ ਸਿੱਖਾਂ ਦੀ ਪ੍ਰਤਿਨਿਧਤਾ ਕੀਤੀ ਸੀ ਇਸ ਕਾਨਫ਼ਰੰਸ ਵਿਚ ਭਾਰਤ ਵਿਚ ਇਕ ਸ਼ਕਤੀਸ਼ਾਲੀ ਕੇਂਦਰੀ ਸਰਕਾਰ ਦੀ ਜ਼ੋਰਦਾਰ ਵਕਾਲਤ ਅਤੇ ਪੰਜਾਬ ਤੇ ਬੰਗਾਲ ਨੂੰ ਛੱਡਕੇ ਸਾਰੇ ਵਿਧਾਨਿਕ ਸੰਸਥਾਵਾਂ ਵਿੱਚ ਘੱਟ ਗਿਣਤੀਆਂ ਲਈ ਸੀਟਾਂ ਦੇ ਰਾਖਵੇਂਕਰਨ ਦੀ ਸਿਫ਼ਾਰਿਸ ਕੀਤੀ ਗਈ ਸੀ। ਮੋਤੀ ਲਾਲ ਨਹਿਰੂ ਦੁਆਰਾ ਦਿੱਤੀ ਕਾਨਫਰੰਸ ਦੀ ਰਿਪੋਰਟ ਦੀ ਸਿਫਾਰਸ਼ਾਂ ਨਾਲ ਸਿੱਖ ਸਹਿਮਤ ਨਹੀਂ ਸਨ ਅਤੇ ਸਿੱਖ ਲੀਗ ਨੇ ਆਪਣੇ ਗਗਨਵਾਲਾ ਵਿਚ 22 ਅਕਤੂਬਰ 1928 ਨੂੰ ਹੋਏ ਸੈਸ਼ਨ ਵਿਚ ਨਹਿਰੂ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ ਅਤੇ ਸਿੱਖਾਂ ਲਈ ਪੰਜਾਬ ਦੀਆਂ 30 ਫੀਸਦੀ ਵਿਧਾਨਿਕ ਸੀਟਾਂ ਦੀ ਮੰਗ ਕੀਤੀ ਸੀ (ਲਾਂਬਾ, 1999) 1950 ਈ. ਵਿਚ ਜਦੋਂ ਭਾਰਤੀ ਸੰਵਿਧਾਨ ਤਿਆਰ ਕੀਤਾ ਗਿਆ ਤਾਂ ਸਿੱਖਾਂ (ਬੋਧੀ ਅਤੇ ਜੈਨ ਦੇ ਨਾਲ) ਨੂੰ ਕੁਝ ਧਾਰਾਵਾਂ ਵਿਚ ਹਿੰਦੂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸਿੱਖਾਂ-ਕੌਮ ਵਿਚ ਇਸ ਸ਼੍ਰੇਣੀਬੱਧਤਾ ਤੋਂ ਕਾਫ਼ੀ ਨਰਾਜ਼ਗੀ ਪੈਂਦਾ ਹੋਈ ਅਤੇ ਇਸ ਕਦਮ ਨੂੰ ਸਿੱਖ-ਕੌਮ ਵੱਲੋਂ ਕਾਂਗਰਸ ਪਾਰਟੀ ਦੁਆਰਾ ਧਰਮ ਦੀ ਆਜ਼ਾਦੀ ਨੂੰ ਮਾਨਤਾ ਦੇਣ ਤੋਂ ਇਨਕਾਰ ਦੇ ਰੂਪ ਵਿਚ ਦੇਖਿਆ ਜਿਸ ਦੇ ਪ੍ਰਤੀਕਰਮ ਵੱਜੋਂ ਸਿੱਖ ਪ੍ਰਤੀਨਿਧੀਆਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਤੇ ਸੰਵਿਧਾਨ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ ਹਾਲਾਂਕਿ ਸਿੱਖ ਵਿਰੋਧਾਂ ਦਾ ਅਸਲ ਵਧੇਰੇ ਪ੍ਰਭਾਵਮਈ ਨਹੀਂ ਸੀ ਅਤੇ ਹੌਲੀ-ਹੌਲੀ ਸਿੱਖਾਂ ਦੇ ਸਾਰੇ ਨਿੱਜੀ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਹਿੰਦੂ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਗਿਆ, ਉਦਾਹਰਣ ਵਜੋਂ 1955 ਈ. ਵਿਚ 'ਅਨੰਦ ਮੈਰਿਜ ਐਕਟ' ਦੀ ਥਾਂ 'ਹਿੰਦੂ ਮੈਰਿਜ ਐਕਟ' ਭਾਰਤੀ ਸੁਤੰਤਰਤਾ ਪ੍ਰਾਪਤੀ ਮਗਰੋਂ ਸਥਾਪਿਤ ਸਿਆਸੀ ਪ੍ਰਣਾਲੀ ਨਾਲ ਸਿੱਖਾਂ ਦੀ ਨਿਰਾਸ਼ਾ ਨੂੰ ਇਸ ਇਕ ਨੁਕਤੇ ਵਿਚੋਂ ਸਮਝਿਆ ਜਾ ਸਕਦਾ ਹੈ (ਦਵਿੰਦਰਜੀਤ, 1986, ਪੰ-8)
ਇਸ ਪ੍ਰਸੰਗ ਵਿਚ ਪੰਜਾਬ ਦੀ ਸਥਿਤੀ ਭਾਰਤ ਦੇ ਹੋਰਨਾਂ ਰਾਜਾਂ ਨਾਲੋਂ ਵੱਖਰੀ ਸੀ ਕਿਉਂਕਿ ਪੰਜਾਬ ਬ੍ਰਿਟਿਸ਼ ਰਾਜ ਦੇ ਅਧੀਨ ਆਉਣ ਵਾਲਾ ਆਖਰੀ ਰਾਜ ਸੀ, ਜੋ ਇਕ ਸੁਤੰਤਰ ਅਤੇ ਪ੍ਰਭੂਤਾ ਸੰਪੰਨ ਰਾਜ ਵਜੋਂ ਦਿੱਲੀ ਤੋਂ ਅਫਗਾਨਿਸਤਾਨ ਤੱਕ ਫੈਲੇ ਹੋਇਆ ਸੀ। ਭਾਰਤ ਦੀ ਵੰਡ ਤੋਂ ਬਾਅਦ ਪੰਜਾਬ ਦੇ ਸਿੱਖਾਂ ਦੀ ਮੁੱਖ ਮੰਗ ਇਹ ਸੀ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਵੱਖਰੇ ਚੋਣ ਹਲਕਿਆਂ ਅਤੇ ਸੀਟਾਂ ਦੀ ਰਾਖਵੇਂਕਰਨ ਨੂੰ ਸੁਰੱਖਿਅਤ ਕਰੇ। ਕੇਂਦਰ ਸਰਕਾਰ ਨੇ ਸਿੱਖਾਂ ਦੀ ਇਸ ਮੰਗ ਨੂੰ ਅਸਾਨੀ ਨਾਲ ਖਾਰਜ ਕਰ ਦਿੱਤਾ, ਜਿਸ ਨਾਲ ਸਿੱਖ-ਭਾਈਚਾਰੇ ਵਿਚ ਅਸਹਿਜ/ਅਸਾਂਤੀ ਦਾ ਮਹੌਲ ਬਣ ਗਿਆ। ਕਾਂਗਰਸ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਅਕਾਲੀ ਦਲ ਨੂੰ ਪਿੱਛੇ ਹੱਟਣ ਦੀ ਸਥਿਤੀ ਵਿਚ ਲਿਆਦਾ ਸੀ, ਜਿਸ ਸਥਿਤੀ ਅਧੀਨ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੀ ਵਿਚਾਰਧਾਰਕ ਸਥਿਤੀ ਨੂੰ ਸੰਪ੍ਰਦਾਇਕ ਪ੍ਰਤਿਨਿਧਾਂ ਵਾਲੇ ਭਾਸ਼ਾਈ ਰੁਝਾਨ ਵੱਲ ਮੋੜ ਲਿਆ ਅਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮਾਮਲਿਆਂ ਵਿਚ 'ਪੰਥ ਲਈ ਸਵੈ-ਨਿਰਣੇ ਦੇ ਹੱਕ' ਦੇ ਨਾਹਰੇ ਨਾਲ ਸਿੱਖਾਂ ਲਈ ਪੰਜਾਬੀ ਭਾਸ਼ਾਈ ਰਾਜ ਦੀ ਸਿਰਜਣਾ ਲਈ ਆਪਣੀ ਆਵਾਜ਼ ਉਠਾਈ (ਲਾਂਬਾ, 1999, ਪੰ-39-40)ਇਸ ਤੋਂ ਅੱਗੇ ਹਰੇ ਇਨਕਲਾਬ ਨਾਲ ਸੰਬੰਧਿਤ ਸਮਾਜਿਕ-ਰਾਜਨੀਤਿਕ ਅਤੇ ਆਰਥਿਕ ਵਿਕਾਸ ਨੇ ਪੰਜਾਬ ਦੇ ਅਮੀਰ ਕਿਸਾਨਾਂ ਲਈ ਲਾਭਦਾਇਕ ਸਥਿਤੀ ਦਾ ਨਿਰਮਾਣ ਕੀਤਾ, ਜਿਸ ਅਧੀਨ ਹਰੀ ਕ੍ਰਾਂਤੀ ਦੇ ਵੱਡੇ ਲਾਭਕਾਰ ਇਕਮਾਤਰ ਵੱਡੇ ਜ਼ਿਮੀਂਦਾਰਾਂ ਹੀ ਬਣੇ। ਇਸ ਕਾਰਨ ਛੋਟੇ ਤੇ ਵੱਡੇ ਜਿੰਮੀਂਦਾਰਾਂ ਵਿਚਕਾਰ ਅਸਾਨਤਾ ਤੇ ਅਸੰਤੋਸ਼ ਦੀ ਸਥਿਤੀ ਬਣ ਗਈ ਅਤੇ ਅਮੀਰ ਕਿਸਾਨਾਂ ਨੇ ਰਵਾਇਤੀ ਤੌਰ 'ਤੇ ਜ਼ਿਆਦਾ ਸਮੱਰਥਨ ਅਕਾਲੀ ਦਲ ਨੂੰ ਦਿੱਤਾ ਅਤੇ ਨਿਰਾਸ਼ ਕਿਸਾਨਾਂ/ਸ਼ਹਿਰੀ ਨੌਜਵਾਨਾਂ ਦੀ ਨਿਰਾਸ਼ਾ ਨੇ ਵੱਖਵਾਦੀ ਸੋਚ ਦੀ ਭੂਮੀ ਤਿਆਰ ਕੀਤੀ (ਮੌਰਿਸ, ਪੰ-1) ਇਸ ਨਾਲ ਛੋਟੇ ਕਿਸਾਨੀ ਪੇਂਡੂ ਨੌਜਵਾਨਾਂ ਵਿਚ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਦੀ ਸਥਿਤੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਇਕ ਨਵੀਂ ਲੀਜ਼ ਦਿੱਤੀ, ਜਿਸ ਨੇ ਇਸ ਨਿਰਾਸ਼ਾ ਨੂੰ ਸਿਆਸੀ ਸ਼ਕਤੀ ਦੀ ਮੰਗ ਕਰਨ ਅਤੇ ਇਕ ਆਜ਼ਾਦ ਸਿੱਖ ਰਾਜ ਦੇ ਵਿਚਾਰ ਲਈ ਹਮਦਰਦੀ ਪੈਂਦਾ ਕਰਨ ਦੀ ਕੋਸ਼ਿਸ਼ ਕੀਤੀ (ਮੌਰਿਸ, ਪੰ-1) ਇਸ ਸਥਿਤੀ ਘੱਟ ਗਿਣਤੀ ਹੋਣ ਦੇ ਨਾਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹੋਏ, ਆਪਣੇ ਵੱਖਰੇ 'ਸੰਵਿਧਾਨ', ਉੱਤਰੀ ਭਾਰਤ ਵਿੱਚ ਪੰਜਾਬ ਨੂੰ 'ਆਟੋਨੋਮਸ ਰੀਜਨ' ਵਜੋਂ ਘੋਸ਼ਿਤ ਕਰਨ ਦੀ ਮੰਗ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚਲੇ ਪੰਜਾਬੀ ਇਲਾਕਿਆਂ ਦੀ ਮੰਗ ਅਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਮੰਗ ਨੂੰ ਅੱਗੇ ਲੈਕੇ ਆਏ। ਬੇਸ਼ੱਕ ਇਸ ਸਥਿਤੀ ਅਧੀਨ ਪੰਜਾਬੀ-ਪਛਾਣ ਸਿੱਖ-ਪਛਾਣ ਵਜੋਂ ਹੀ ਪਰਿਭਾਸ਼ਤ ਹੁੰਦੀ ਹੈ, ਜਿਸ ਦੇ ਅੰਤਰਗਤ ਪੰਜਾਬੀ ਦੀ ਧਰਮ-ਨਿਰਪੱਖਤ/ਸਹਿਣਸ਼ੀਲਤਾ ਦਾ ਮੁੱਦਾ ਖਾਰਿਜ ਹੁੰਦਾ ਦ੍ਰਿਸ਼ਟੀਗੋਚਰ ਹੁੰਦਾ ਹੈ।
ਇਸ ਦੇ ਨਾਲ ਹੀ ਪੰਜਾਬੀ-ਪਛਾਣ ਦਾ ਇਕ ਗਤੀਸ਼ੀਲ ਪੱਖ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਰਿਹਾ ਹੈ, ਜਿਸ ਅਧਾਰ ਉੱਤੇ ਹੀ ਪੰਜਾਬੀ ਲੋਕ-ਸਮੂਹ ਆਪਣੀ ਹੋਂਦ ਤੇ ਹੋਣੀ ਨੂੰ ਚਿੰਨ੍ਹਾਂ ਦੇ ਸਮੂਹ ਰਹੀਂ ਪ੍ਰਗਟਾਉਂਦਾ ਆਇਆ ਹੈ। ਭਾਵੇਂ ਪੰਜਾਬੀ ਭਾਸ਼ਾ ਨੂੰ ਸਮੁੱਚੇ ਪੰਜਾਬੀ-ਭਾਈਚਾਰੇ ਦੀ ਸਾਂਝੀ ਭਾਸ਼ਾ ਵਜੋਂ ਅਸਵੀਕਾਰਨ ਦਾ ਕਾਰਜ ਦਾ ਇਤਿਹਾਸ ਢੇਰ ਪੁਰਾਣਾ ਹੈ, ਪ੍ਰੰਤੂ ਇਥੇ ਪੰਜਾਬੀ-ਪਛਾਣ ਦੀ ਅਧਾਰਸ਼ੀਲਾ ਵਜੋਂ ਅਹਿਮ ਰਹੀ ਪੰਜਾਬੀ-ਭਾਸ਼ਾ ਦੀ ਵਰਤਮਾਨ ਕਮਜ਼ੋਰ/ਦੂਜੈਲੀ/ਸੰਕਟਗ੍ਰਸਤ ਸਥਿਤੀ ਦੇ ਪ੍ਰਸੰਗ ਵਿਚ ਵਿਸ਼ਵੀ ਭਾਸ਼ਾ ਸਵੀਕਾਰ ਕੀਤੀ ਜਾਂਦੀ, ਅੰਗਰੇਜ਼ੀ ਭਾਸ਼ਾ ਦੀ ਹੋਂਦ ਅਤੇ ਹੈਜ਼ਮਨੀ ਨੂੰ ਬਣਾਉਣ ਤੇ ਬਣਾਈ ਰੱਖਣ ਦੀ ਪ੍ਰਕ੍ਰਿਆ ਨੂੰ ਸਮਝਣਾ ਜ਼ਰੂਰੀ ਪ੍ਰਤੀ ਹੁੰਦਾ ਹੈ, ਜੋ ਵਿਸ਼ਵ ਪੱਧਰ ਤੇ ਆਪਣੀ ਪ੍ਰਭੂੱਤਾ ਨੂੰ ਬ੍ਰਤਾਨਵੀ-ਸਾਮਰਾਜੀ ਪ੍ਰਵਿਰਤੀ ਵਿਚ ਨਿਹਿਤ ਕਰਦੀ ਹੈ ਇਸ ਦੇ ਅੰਤਰਗਤ ਬ੍ਰਤਾਨਵੀ ਰਾਜ ਦੇ ਪਾਸਾਰ ਨਾਲ ਅੰਗਰੇਜ਼ੀ ਭਾਸ਼ਾ ਦਾ ਵੀ ਵਿਸਥਾਰ ਹੋਇਆ ਅਤੇ ਅੰਗਰੇਜ਼ੀ ਆਪਣੇ ਸ਼ਾਸਕ ਵਰਗ ਦੀ ਸ਼ਕਤੀ/ਸੱਤਾ ਦੇ ਸਹਾਰੇ ਹੈਜ਼ਮਨੀ ਸਥਾਪਿਤ ਕੀਤੀ ਹੈਪੰਜਾਬ ਦੇ ਸੰਦਰਭ ਵਿਚ ਵੀ ਅੰਗਰੇਜ਼ੀ ਭਾਸ਼ਾ ਦੀ ਪ੍ਰਭੂੱਤਾ ਦੀ ਪ੍ਰਕ੍ਰਿਆ ਬ੍ਰਤਾਨਵੀ-ਸਾਮਰਾਜ ਦੀ ਸਥਾਪਨਾ ਦੇ ਨਾਲ ਆਰੰਭ ਹੁੰਦੀ ਹੈ, ਜਿਸ ਦੇ ਅੰਤਰਗਤ ਬ੍ਰਤਾਨਵੀ-ਸਾਮਰਾਜ ਪ੍ਰਸ਼ਾਸ਼ਨੀ ਪ੍ਰਬੰਧ ਨੂੰ ਚਲਾਉਣ ਹਿੱਤ ਇਕ ਅਜਿਹੇ ਵਰਗ ਦੀ ਸਿਰਜਣਾ ਕਰਦਾ ਹੈ, ਜਿਸ ਦੀ ਸਮੁੱਚੀ ਜੀਵਨ-ਜਾਚ ਅੰਗਰੇਜ਼ੀ ਸਾਹਿਤ, ਸਿੱਖਿਆ, ਸਦਾਚਾਰ ਅਤੇ ਤਕਨੀਕ ਦੀ ਸਹਾਇਤਾ ਨਾਲ ਅੰਗਰੇਜ਼ੀ ਸਭਿਆਚਾਰਕ-ਮਾਡਲ ਦੇ ਅਧਾਰ ਤੇ ਤਿਆਰ ਕੀਤਾ ਗਈ ਹੋਵੇਅਜਿਹਾ ਕਰਨ ਲਈ ਬ੍ਰਤਾਨਵੀ-ਸਾਮਰਾਜ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਲਈ ਪੰਜਾਬ ਦੇ ਸਮਾਜਿਕ-ਸਭਿਆਚਾਰਕ ਵਿਵਸਥਾ ਵਿਚ ਅੰਗਰੇਜ਼ੀ-ਭਾਸ਼ਾ ਦੀ ਉੱਚਤਾ ਦੇ ਪ੍ਰਵਚਨ ਨੂੰ ਸਥਾਪਿਤ ਕਰਦਾ ਹੋਇਆ ਗਿਆਨ, ਵਿਗਿਆਨ, ਤਕਨੀਕ, ਸਿੱਖਿਆ, ਸਾਹਿਤ, ਸਭਿਆਚਾਰ ਅਤੇ ਮਨੋਰੰਜਨ ਦੀ ਭਾਸ਼ਾ ਇਕਮਾਤਰ ਅੰਗਰੇਜ਼ੀ ਨੂੰ ਆਪਣੇ ਸੱਤਾ ਦੇ ਪ੍ਰਵਾਚਨ ਰਾਹੀਂ ਸਥਾਪਤ ਕਰਦਾ ਹੈ ਅਤੇ ਨਾਲ ਹੀ ਪੰਜਾਬੀ ਭਾਸ਼ਾ ਤੇ ਪੰਜਾਬੀ ਲੋਕਾਂ ਦੇ ਇਤਿਹਾਸ-ਮਿਥਿਹਾਸ, ਸਾਹਿਤ ਤੇ ਸਭਿਆਚਾਰ ਦੇ ਵਿਸ਼ਲੇਸ਼ਣ-ਮੁੱਲਾਂਕਣ ਦੁਆਰਾ ਆਪਣੀ ਪ੍ਰਭੂੱਤਾ ਨੂੰ ਦ੍ਰਿੜ ਕਰਨ ਦੇ ਨੁਕਤੇ ਤਲਾਸ਼ਦਾ ਹੈਭਾਵੇਂ ਬ੍ਰਤਾਨਵੀ-ਸਾਮਰਾਜ ਦੀ ਹੈਜ਼ਮਨੀ ਦੇ ਸਮਾਨਾਂਤਰ ਪ੍ਰਤੀਰੋਧੀ-ਹੈਜ਼ਮਨੀ ਨੂੰ ਸਿਰਜਨ ਵਿਚ ਸਭਾ ਲਹਿਰ ਵਿਕੋਲਿਤਰੇ ਯਤਨ ਆਰੰਭ ਕੀਤੇ, ਪ੍ਰੰਤੂ ਆਪਣੇ ਸੁਭਾਅ, ਸਰੂਪ ਅਤੇ ਸਿਧਾਂਤਕ ਆਧਾਰ ਵੱਜੋਂ ਇਸ ਦਾ ਮੂਲ ਪ੍ਰਯੋਜਨ ਧਾਰਮਿਕ-ਸਾਹਿਤ/ਸਭਿਆਚਾਰ ਨੂੰ ਹੀ ਪ੍ਰਫੁਲਤ ਕਰਨ ਕਾਰਨ, ਬ੍ਰਤਾਨਵੀ-ਸਮਾਰਾਜ ਦੀ ਨੀਅਤ/ਨੀਤੀ ਦੇ ਪ੍ਰਭਾਵ ਅਧੀਨ ਪੰਜਾਬੀ-ਭਾਸ਼ਾ ਨੂੰ ਖੇਤਰ ਨਾਲੋਂ ਤੋੜਕੇ ਧਰਮ ਨਾਲ ਜੋੜਨ ਦਾ ਸ਼ਿਕਾਰ ਬਣਦੀ ਹੈ ਅਤੇ ਪੰਜਾਬੀ ਸਿੱਖਾਂ ਦੀ ਭਾਸ਼ਾ ਤੱਕ ਸੀਮਿਤ ਹੋਕੇ ਵਧੇਰੇ ਹਾਸ਼ੀਅਤ ਧਰਾਤਲ ਤੇ ਪਹੁੰਚ ਜਾਂਦੀ ਹੈਭਾਵੇਂ ਇਨ੍ਹਾਂ ਧਾਰਮਿਕ ਲਹਿਰਾਂ ਦੇ ਸਮਾਨਾਂਤਰ ਪੰਜਾਬੀ-ਭਾਸ਼ਾ ਆਮ ਪੰਜਾਬੀਆਂ, ਦੇਸ਼ ਭਗਤਾਂ, ਕਿਰਤੀਆਂ, ਕਿਸਾਨਾਂ, ਦਲਿਤਾਂ ਆਦਿ ਦੀ ਭਾਸ਼ਾ ਬਣਕੇ ਜਨ-ਸਧਾਰਨ ਦੇ ਸੰਚਾਰ ਦਾ ਮਾਧਿਅਮ ਬਣੀ, ਆਪਣੀ ਹੋਂਦ/ਹਸਤੀ ਲਈ ਸੰਘਰਸ਼ ਕਰਦੀ ਗਤੀਸ਼ੀਲ ਰਹਿੰਦੀ ਹੈਪ੍ਰੰਤੂ ਭਾਰਤੀ ਅਜ਼ਾਦੀ ਤੋਂ ਮਗਰੋਂ ਪੰਜਾਬ ਦੀ ਸੱਤਾ ਵਰਗ ਦੇ ਹੱਥ ਵਿੱਚ ਹੀ ਰਹਿੰਦੀ ਹੈ, ਜਿਸ ਦਾ ਅਨੁਕੂਲਨ ਅੰਗਰੇਜ਼ ਹਾਕਮਾਂ ਨੇ ਆਪਣੇ ਹਿੱਤਾਂ ਅਨੁਸਾਰ ਕੀਤਾ ਸੀਇਸ ਕਾਰਨ ਪੰਜਾਬੀ ਨੂੰ ਖੇਤਰੀ ਭਾਸ਼ਾਵਾਂ ਵੱਜੋਂ ਮਹੱਤਤਾ ਭਾਵੇਂ ਦਿੱਤੀ ਜਾਂਦੀ ਰਹੀ ਹੈ, ਪ੍ਰੰਤੂ ਰਾਜਨੀਤਿਕ ਸੱਤਾ ਸਾਮਰਾਜੀ ਸ਼ਕਤੀ ਤੋਂ ਭਾਰਤੀ ਉੱਚ-ਵਰਗ ਕੋਲ ਪਰਿਵਰਤਤ ਹੋਣ ਕਰਨ ਅੰਗਰੇਜ਼ੀ ਭਾਸ਼ਾ ਦੀ ਪ੍ਰਭੂੱਤਾ ਕਾਇਮ ਰਹਿੰਦੀ ਹੈ। ਇਸ ਦੇ ਪ੍ਰਮਾਣ ਸਰੂਪ ਪੰਜਾਬੀ ਉੱਚ-ਵਰਗ ਅੰਗਰੇਜ਼ੀ-ਭਾਸ਼ਾ ਦੀ ਸਥਾਪਿਤ ਹੈਜ਼ਮਨੀ ਤੋਂ ਲਾਭ ਲੈਂਦਾ ਹੋਇਆ ਗਿਆਨ/ਵਿਗਿਆਨ ਉੱਤੇ ਆਪਣੇ ਕਬਜ਼ੇ ਨੂੰ ਬਣਾਈ ਰੱਖਦਾ ਹੈ ਅਤੇ ਉੱਚੀਆਂ ਪਦਵੀਆਂ/ਨੌਕਰੀਆਂ ਮੁੱਖ ਤੌਰ ਤੇ ਅੰਗਰੇਜ਼ੀ ਪੜ੍ਹਨ, ਬੋਲਣ ਅਤੇ ਸਮਝਣ ਵਾਲਿਆਂ ਦੇ ਅਧਿਕਾਰ ਵਿਚ ਹੀ ਰਹਿੰਦੀਆਂ ਹਨ (ਭੀਮ ਇੰਦਰ, 2012)
ਇਸ ਤੋਂ ਅੱਗੇ ਭਾਵੇਂ ਪੰਜਾਬੀ ਭਾਸ਼ਾ ਦੀ ਹਾਸ਼ੀਅਗਤ ਸਥਿਤੀ ਵਿਚ ਇਕ ਪੈਰਾਡਾਈਮ ਪਰਿਵਰਤਨ ਪੰਜਾਬੀ ਸੂਬੇ ਨਾਲ ਆਉਂਦਾ ਦ੍ਰਿਸ਼ਟੀਗੋਚਰ ਹੁੰਦਾ ਹੈ। ਪ੍ਰੰਤੂ ਇਸ ਦੀ ਸਥਾਪਿਤੀ ਨਾਲ ਹਰੀ-ਕ੍ਰਾਂਤੀ ਦੀ ਲਹਿਰ ਪੰਜਾਬ ਅਤੇ ਪ੍ਰਤੀਨਿੱਧ ਪੰਜਾਬੀ ਲੋਕ-ਸਮੂਹ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਬਜ਼ਾਰ ਨਾਲ ਵੀ ਜੋੜਦੀ ਹੈ ਅਤੇ ਬਜ਼ਾਰਵਾਦ ਪੰਜਾਬੀ-ਵਿਕਾਸ ਨੂੰ ਆਰਥਿਕ ਵਿਕਾਸ ਤੱਕ ਸੀਮਿਤ ਕਰਦਾ, ਰਾਸ਼ਟਰੀ/ਅੰਤਰ-ਰਾਸ਼ਟਰੀ ਬਜ਼ਾਰ ਦੀਆਂ ਲੋੜਾਂ ਦੇ ਅਨੁਕੂਲ ਅੰਗਰੇਜ਼ੀ ਦੀ ਹੈਜ਼ਮਨੀ ਨੂੰ ਜਨ-ਸਧਾਰਨ ਦੇ ਅਵੇਚਨ ਵਿਚ ਹੋਰ ਗਹਿਰਾ ਕਰ ਦਿੰਦਾ ਹੈ। ਪੰਜਾਬ ਦੇ ਪ੍ਰਤੀਨਿੱਧ ਸਮੂਹ ਦੇ ਪ੍ਰਭੂਵਤਾ ਅਧੀਨ ਹੀ ਸਧਾਰਨ ਪੰਜਾਬੀ ਜਨ-ਸਮੂਹ ਵੀ ਆਪਣੀ ਹੋਂਦ ਤੇ ਹੋਣੀ ਨੂੰ ਅੰਗਰੇਜ਼ੀ ਭਾਸ਼ਾ ਦੇ ਗਿਆਨ ਨਾਲ ਜੋੜਕੇ ਦੇਖਦਾ ਹੈ ਅਤੇ ਆਪਣੀ ਆਰਥਿਕ ਪ੍ਰਸਥਿਤੀਆਂ ਤੋਂ ਕਰਜ਼ਾਂ ਚੁੱਕਕੇ ਪਾਰ ਜਾਂਦਾ ਹੋਇਆ, ਆਉਣ ਵਾਲੀ ਪੀੜ੍ਹੀ ਲਈ ਅੰਗਰੇਜ਼ੀ ਸਿੱਖਿਆ ਦੇ ਪ੍ਰਬੰਧ ਦੇ ਆਹਾਰ ਵਿਚ ਲੱਗ ਜਾਂਦਾ ਹੈ। ਇਸ ਕਾਰਨ ਪੰਜਾਬੀ ਸੂਬੇ ਯਟੋਪੀਆਂ ਨਿਰੋਲ ਰਾਜਨੀਤਿਕ ਇਕਾਧਿਕਾਰ ਦਾ ਪ੍ਰਗਟਾਵਾ ਬਣਕੇ ਉਜਾਗਰ ਹੁੰਦਾ, ਅੰਗਰੇਜ਼ੀ ਦੀ ਪ੍ਰਭੂੱਤਾ ਨੂੰ ਤੋੜਨ ਵਿਚ ਅਸਫ਼ਲ ਰਹਿੰਦਾ ਹੈ।
ਇਸ ਸਮੁੱਚੀ ਪ੍ਰਕਿਰਿਆ ਨੂੰ ਵਧੇਰੇ ਗਤੀਸ਼ੀਲਤਾ ਨੱਬੇ ਦੀ ਦਹਾਕੇ ਵਿਚ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਅਧੀਨ ਮਿਲਦੀ ਹੈ, ਜਿਸ ਦੇ ਅੰਤਰਗਤ ਅੰਗਰੇਜ਼ੀ ਦੀ ਪ੍ਰਭੂੱਤਾ ਇਕਮਾਤਰ ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਹੀ ਨਹੀਂ, ਸਗੋਂ ਵਿਸ਼ਵ ਪ੍ਰਸੰਗ ਵਿਚ ਵੇਖਿਆ ਜਾ ਸਕਦੀ ਹੈ। ਭਾਵੇਂ ਵਿਸ਼ਵੀਕਰਨ ਦੀ ਪ੍ਰਕਿਰਿਆਂ ਸਿਧਾਂਤਕ ਪੱਧਰ ਤੇ ਖੇਤਰੀਕਰਨ ਦੀ ਚੇਤਨਾ ਨੂੰ ਸਵੀਕਾਰਨ ਦਾ ਵੀ ਦਮ ਭਰਦੀ ਹੈ, ਪ੍ਰੰਤੂ ਇਹ ਵਿਹਾਰਿਕ ਰੂਪ ਵਿਚ ਵਿਸ਼ਵੀਕਰਨ ਦੀ ਸਹਿਣ-ਸ਼ਕਤੀ ਖੇਤਰੀਕਰਨ ਨਾਲ ਨਾ ਪ੍ਰਗਟ ਹੁੰਦੇ ਅੰਤਰ-ਵਿਰੋਧਾਂ ਤੱਕ ਹੀ ਹੁੰਦੀ ਹੈ। ਇਸ ਲਈ ਵਿਸ਼ਵੀਕਰਨ ਦੀ ਅੰਗਰੇਜ਼ੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਦਾ ਸਹਿਜ ਰਿਸ਼ਤਾ ਵੀ ਉਸ ਬਿੰਦੂ ਤੱਕ ਹੀ ਚੱਲਦਾ ਹੈ, ਜਦੋਂ ਤੱਕ ਪੰਜਾਬੀ ਭਾਸ਼ਾ ਵਿਸ਼ਵੀਕਰਨ ਦੇ ਪਾਸਾਰ ਤੇ ਵਿਸਥਾਰ ਵਿਚ ਸਹਾਈ ਸਿੱਧ ਹੁੰਦੀ ਹੈ। ਜਿਸ ਬਿੰਦੂ ਉੱਤੇ ਵਿਸ਼ਵੀਕਰਨ ਦੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿਚ ਅੰਤਰ-ਵਿਰੋਧ ਅਤੇ ਤਣਾਉ ਪ੍ਰਗਟ ਹੁੰਦਾ ਹੈ, ਉਹ ਬਿੰਦੂ ਤੋਂ ਬਆਦ ਪੰਜਾਬੀ ਭਾਸ਼ਾ ਦੀਆਂ ਤਰੁੱਟੀਆਂ, ਆਵਿਗਿਆਨਿਕ ਹੋਂਦ, ਸਕੀਰਨਤਾ ਅਤੇ ਅਗਿਆਨਤਾ ਦੀ ਭਾਸ਼ਾ ਦਾ ਪ੍ਰਵਚਨ ਆਰੰਭ ਹੁੰਦਾ ਹੈ। ਇਸ ਨਾਲ ਜਿਥੇ ਪੰਜਾਬੀ ਭਾਸ਼ਾ ਆਪਣੀ ਹਾਸ਼ੀਅਤ ਸਥਿਤੀ ਕਾਰਨ ਸੁਰੱਖਿਆਮਈ ਰੁਖ਼ ਅਖ਼ਿਤਆਰ ਕਰਦੀ ਹੈ, ਉਥੇ ਅੰਗਰੇਜ਼ੀ ਆਪਣੀ ਵਿਸ਼ਵ-ਵਿਆਪੀ ਪ੍ਰਭੂਤਾ ਦੇ ਸਹਾਰੇ ਭਾਸ਼ਾ ਸੰਬੰਧੀ ਨੀਤੀਆਂ/ਯੋਜਨਾਵਾਂ ਰਾਹੀ ਆਪਣੀ ਹੋਂਦ ਨੂੰ ਲਾਜ਼ਮੀ ਬਣਾਕੇ ਪੇਸ਼ ਕਰਦੀ ਹੈਇਸ ਦੇ ਪ੍ਰਮਾਣ ਸਰੂਪ ਪੰਜਾਬੀ ਜਨ-ਸਮੂਹ ਅੰਗਰੇਜ਼ੀ ਨੂੰ ਵਿਕਾਸ ਦੀ ਪੌੜੀ ਸਵੀਕਾਰ ਕਰਦਾ ਹੈ ਅਤੇ ਭਾਸ਼ਾ ਦੇ ਕੇਂਦਰੀਕਰਨ (ਭਾਸ਼ਾ ਵੱਲ ਝੁਕਾਅ ਜਾਂ ਅਪਣਾਉਣਾ) ਦੀ ਪ੍ਰਵਿਰਤੀ ਦਾ ਸ਼ਿਕਾਰ ਹੁੰਦਾ, ਭਾਸ਼ਾਈ ਹੈਜ਼ਮਈ ਦੀ ਸਥਿਤੀ ਮਜਬੂਤ ਕਰਦਾ ਹੈ
ਪੰਜਾਬੀ ਦੇ ਵਰਤਮਾਨਿਕ ਪ੍ਰਸੰਗ ਵਿਚ ਭਾਸ਼ਾ ਦੇ ਕੇਂਦਰੀਕਰਨ ਦੀ ਪ੍ਰਵਿਰਤੀ (ਜੋ ਕਿਸੇ ਭਾਸ਼ਾ ਦਾ ਪ੍ਰਭੂਤਵ ਸਿਰਜਕੇ ਹੁੰਦੀ ਹੈ) ਦਾ ਪ੍ਰਭਾਵ ਸਿਰਫ਼ ਅੰਗਰੇਜ਼ੀ ਨਾਲ ਹੀ ਸੰਬੰਧਿਤ ਨਹੀਂ, ਸਗੋਂ ਭਾਰਤੀ ਪ੍ਰਸੰਗ ਵਿਚ ਰਾਸ਼ਟਰੀਵਾਦ ਦੀ ਧਾਰਨਾ ਦੇ ਅੰਤਰਗਤ ਹਿੰਦੀ ਦੇ ਪ੍ਰਭਾਵ ਦੇ ਰੂਪ ਵਿਚ ਵੀ ਦ੍ਰਿਸ਼ਟੀਗੋਚਰ ਹੋ ਰਿਹਾ ਹੈ। ਇਸ ਸੰਦਰਭ ਵਿਚ ਸਮੁੱਚੀਆਂ ਭਾਰਤੀ ਭਾਸ਼ਾਵਾਂ ਰਾਸ਼ਟਰਵਾਦੀ ਹਿੰਦੀ ਦੇ ਪ੍ਰਭੂਤਵ ਦੀ ਕਾਂਟੇ ਅਧੀਨ ਵਿਚਰ ਰਹੀਆਂ ਹਨ। ਹਿੰਦੀ ਪ੍ਰਭੂਤਵ ਦਾ ਮੂਲ ਭਾਵੇਂ ਅੰਗਰੇਜ਼ੀ ਸਾਮਰਾਜ ਦੁਆਰਾ ਭਾਸ਼ਾ ਨੂੰ ਖੇਤਰ ਨਾਲ ਜੋੜਨ ਦੀ ਬਜਾਇ ਧਰਮ ਨਾਲ ਜੋੜਕੇ ਦੇਖਣ ਵਿਚ ਨਿਹਿਤ ਹਨ, ਪ੍ਰੰਤੂ ਵਰਤਮਾਨ ਵਿਚ ਹਿੰਦੂ-ਰਾਸ਼ਟਰਵਾਦ ਦੇ ਅਧਾਰਿਤ ਨੇਸ਼ਨ-ਸਟੇਟ ਹਿੰਦੀ ਨੂੰ ਰੁਜ਼ਗਾਰ ਅਤੇ ਰਾਸ਼ਟਰੀ ਮਿਆਰ ਦੀ ਭਾਸ਼ਾ ਬਣਾਕੇ ਪ੍ਰਸਤੁਤ ਕਰ ਰਹੀ ਹੈ, ਜਿਸ ਕਰਕੇ ਹੀ ਹਰੀਸ਼ ਖਰੇ (2017) ਲਿਖਦਾ ਹੈ ਪ੍ਰਵਾਸ ਦੇ ਯੁੱਗ ਵਿਚ ਕਿਸੇ ਇਕ ਭਾਸ਼ਾ ਨੂੰ ਥੋਪਣ ਦਾ ਯਤਨ ਨਿਰਾਰਥਕ ਹੋਵੇਗਾ। ਲੋਕ ਭਾਸ਼ਾ ਤੇ ਸਭਿਆਚਾਰ ਨੂੰ ਆਪਣੀਆਂ ਲੋੜਾਂ ਅਨੁਸਾਰ ਅਪਣਾਉਂਦੇ ਹਨ। ਦੱਖਣੀ ਭਾਰਤ ਦੇ ਕਈ ਰਾਜਾਂ ਦੇ ਲੋਕ, ਜੋ ਕਿਸੇ ਵਕਤ ਹਿੰਦੀ ਨੂੰ ਜ਼ਬਰੀ ਲਾਗੂ ਕਰਨ ਦਾ ਵਿਰੋਧ ਕਰਦੇ ਸਨ, ਹੁਣ ਆਪਣੇ ਬੱਚਿਆ ਨੂੰ ਹਿੰਦੀ ਟਿਊਸ਼ਨਸ ਪੜਾਉਂਦੇ ਹਨ ਤਾਂ ਜੋ ਉਹ ਉੱਤਰੀ ਭਾਰਤ ਵਿਚ ਚੰਗੀ ਨੌਕਰੀ ਪ੍ਰਾਪਤ ਕਰ ਸਕਣ।….ਰਾਸ਼ਟਰਪਤੀ ਨੇ ਕੁਝ ਸੁਝਾਵਾ ਨੂੰ ਮਨਜੂਰੀ ਦਿੱਤੀ ਹੈ, ਜਿਨ੍ਹਾਂ ਵਿਚੋਂ ਇਕ ਐੱਚ.ਆਰ.ਡੀ. ਦੁਆਰਾ ਹਿੰਦੀ ਨੂੰ ਸੀ.ਬੀ.ਐੱਸ.ਸੀ. ਵਿਚ ਦੱਸਵੀਂ ਪੱਧਰ ਤੇ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾਣੀ ਹੈ, ਜਿਸ ਨੇ ਸੋਸਲ ਮੀਡੀਆਂ ਦੇ ਧਿਆਨ ਖਿੱਚਿਆ ਹੈ।
ਇਸ ਸੰਦਰਭ ਵਿਚ ਧਿਆਨਯੋਗ ਨੁਕਤਾ ਇਹ ਹੈ ਕਿ ਕਿਸੇ ਵੀ ਭਾਸ਼ਾ ਦਾ ਆਪਣੇ ਜਾਤੀ-ਖੇਤਰ ਤੋਂ ਬਾਹਰ ਪ੍ਰਯੋਗ ਰਾਜਨੀਤਕ, ਸੰਸਕ੍ਰਿਤਕ ਜਾਂ ਵਪਾਰੀ ਕਾਰਨਾਂ ਕਰਕੇ ਹੁੰਦਾ ਹੈ ਇਨ੍ਹਾਂ ਕਾਰਨਾਂ ਕਰਕੇ ਕਿਸੇ ਭਾਸ਼ਾ ਦਾ ਪ੍ਰਯੋਗ ਲੋਕਾ ਦੀ ਇੱਕ ਵੱਡੀ ਗਿਣਤੀ ਉਸਦਾ ਪ੍ਰਯੋਗ ਸੰਪਰਕ ਭਾਸ਼ਾ ਦੇ ਰੂਪ ਵਿੱਚ ਕਰਣ ਲੱਗਦਾ ਹੈਇੱਥੇ ਇਹ ਸੱਚਾਈ ਵੀ ਧਿਆਨ ਵਿੱਚ ਰੱਖਣੀ ਜਰੂਰੀ ਹੈ ਕਿ ਆਪਣੇ ਭੂਗੋਲਿਕ ਖੇਤਰ ਤੋਂ ਬਾਹਰ ਕੋਈ ਵੀ ਭਾਸ਼ਾ ਕਿਸੇ ਦੂਜੇ ਜਾਤੀ ਖੇਤਰ ਵਿਚ ਮੌਲਿਕ ਭਾਸ਼ਾਈ ਸ਼ਖਸੀਅਤ ਦਾ ਹਿੱਸਾ ਨਹੀਂ ਬਣ ਪਾਉਂਦੀ ਹੈਕਿਸੇ ਵੀ ਜਾਤੀ ਖੇਤਰ ਦਾ ਮੌਲਿਕ ਅਤੇ ਸਿਰਜਨਾਤਿਮਕ ਚਿੰਤਨ ਉਸਦੀ ਆਪਣੀ ਭਾਸ਼ਾ ਦੇ ਮਾਧਿਅਮ ਵਿਚ ਹੀ ਸਾਕਾਰ ਹੋ ਪਾਉਂਦਾ ਹੈ ਭਾਵੇਂ ਉਪਨਿਵੇਸ਼ਕ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ਦਾ ਪ੍ਰਸਾਰ ਅਮਰੀਕਾ ਉੱਤੇ ਬ੍ਰੀਟੀਸ਼ ਪ੍ਰਭੁਤਵ ਨਾਲ ਸ਼ੁਰੂ ਹੁੰਦਾ ਹੋਇਆ, ਜਿਸ ਦਾ ਸਮਾਂ ਯੂਰੋਪ ਵਿੱਚ ਉਗਰ-ਰਾਸ਼ਟਰਵਾਦ ਦਾ ਸੀਇਸ ਚੇਤਨਾ ਨਾਲ ਅੰਗਰੇਜ਼ੀ ਦਾ ਪ੍ਰਚਾਰ ਕੀਤਾ ਗਿਆ ਕਿ ਅੰਗਰੇਜ਼ੀ ਇੱਕ ਤਕਨੀਕੀ ਤੇ ਵਿਗਿਆਨਿਕ ਭਾਸ਼ਾ ਹੈ, ਜਿਸ ਦੁਆਰਾ ਪਛੜੇ ਹੋਏ ਸੰਸਾਰ ਦੇ ਸਭਿਅਚਾਰੀਕਰਣ ਦੁਆਰਾ ਆਧੁਨਿਕਤਾ ਨਾਲ ਜੋੜਿਆ ਜਾਵੇ (ਕਰੀਸ਼ੀਕੇਸ਼ ਰਾਏ, 2012)ਅੱਜ ਵੀ ਅੰਗਰੇਜ਼ੀ ਦੀ ਪਹਿਚਾਣ ਤਕਨੀਕੀ ਸ੍ਰੇਸ਼ਟਤਾ ਅਤੇ ਆਧੁਨਿਕ ਸਭਿਅਤਾ ਦੇ ਸਰੋਤ ਦੇ ਰੂਪ ਵਿੱਚ ਲਾਜ਼ਮੀ ਹਾਲਤ ਦੀ ਤਰ੍ਹਾਂ ਮੌਜੂਦ ਹੈ ਅਤੇ ਸਮਕਾਲ ਵਿਚ ਅੰਗਰੇਜ਼ੀ ਦੇ ਨਾਲ-ਨਾਲ ਭਾਰਤੀ ਪ੍ਰਸੰਗ ਵਿਚ ਹਿੰਦੀ ਨੂੰ ਵੀ ਰੋਜ਼ਗਾਰ ਦੀ ਭਾਸ਼ਾ ਵੱਜੋਂ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਹਿੰਦੀ ਦੀ ਸਿੱਖਿਆ ਨੂੰ ਭਾਰਤੀ ਜਨ-ਸਮੂਹ ਲਈ ਜ਼ਰੂਰੀ ਦਿਖਾਇਆ ਜਾ ਰਿਹਾ ਹੈ। ਇਸ ਜ਼ਰੂਰਤ ਲਈ ਦੱਖਣੀ ਭਾਰਤੀ ਭਾਸ਼ਾ ਆਪਣੇ ਵਜੂਦ ਨੂੰ ਸੁਰੱਖਿਆਤ ਰੱਖਣ ਜਾਂ ਨਾ-ਰੱਖਣ ਦੇ ਪ੍ਰਸ਼ਨਾਂ ਨਾਲ ਸਦਾ ਹੀ ਮੁਖ਼ਾਤਿਬ ਹੁੰਦੇ ਆਏ ਹਨ, ਪ੍ਰੰਤੂ ਉੱਤਰੀ ਭਾਰਤ ਦੇ ਵਿਚ ਕੇਵਲ ਪੰਜਾਬ ਅਤੇ ਕਸ਼ਮੀਰ ਹੀ ਅਜਿਹੇ ਰਾਜ ਹਨ ਜਿਨ੍ਹਾਂ ਦੀ ਹੋਂਦ ਭਾਸ਼ਾਈ ਵਿਭਿੰਨਤਾ ਕਾਰਨ ਬਣੀ ਹੋਈ ਹੈ। ਇਸ ਕਾਰਨ ਉੱਤਰੀ ਭਾਰਤ ਦੀ ਸਥਿਤੀਆਂ ਦੇ ਅੰਤਰਗਤ ਪੰਜਾਬੀ ਦੀ ਸਥਿਤੀ ਹਿੰਦੀ ਦੇ ਸਪੱਸ਼ਟ ਅਤੇ ਸਿੱਧੇ ਪ੍ਰਭਾਵ ਅਧੀਨ ਵਿਚਰਦੀ ਹੈ ਅਤੇ ਇਸ ਦਾ ਪ੍ਰਤੀਰੋਧ ਸਿਰਜਨ* ਦੀ ਬਜਾਇ ਪੰਜਾਬ ਜਨ-ਸਮੂਹ ਆਪਣੀਆਂ ਆਰਥਿਕ ਤੇ ਰਾਜਨੀਤਿਕ ਮਰਜੀ ਤੇ ਮਜ਼ਬੂਰੀ ਕਾਰਨ ਪੰਜਾਬੀ ਨੂੰ ਤਿਆਗਣ ਅਤੇ ਹਿੰਦੀ ਸਵੀਕਾਰਨ ਦੀ ਸਥਿਤੀ ਵਿਚੋਂ ਗੁਜਰ ਰਿਹਾ ਹੈ। ਇਸ ਕਾਰਨ ਪੰਜਾਬੀ ਦੀ ਵਰਤਮਾਨ ਸਥਿਤੀ ਅੰਗਰੇਜ਼ੀ ਅਤੇ ਹਿੰਦੀ ਦੀ ਦੋਹਰੀ ਪ੍ਰਭੂੱਤਾ ਦਾ ਸਾਹਮਣਾ ਕਾਰਨਾਂ ਪੈ ਰਿਹਾ ਹੈ ਅਤੇ ਪੰਜਾਬੀ ਜਨ-ਸਮੂਹ ਨਵ-ਉਦਾਰੀਕਰਨ ਦੀਆਂ ਲਾਲਸਾਵਾਂ ਜਗਾਉ ਤੇ ਭੜਕਾਉ ਨੀਤੀਆਂ ਦਾ ਸ਼ਿਕਾਰ, ਪੰਜਾਬ ਭਾਸ਼ਾ ਅਤੇ ਸਭਿਆਚਾਰ ਨੂੰ ਨਕਾਰਾਤਮਕ ਅਰਥਾਂ ਵਿਚ ਸਵੀਕਾਰ ਰਿਹਾ ਹੈ। ਇਸ ਕਾਰਨ ਹੀ ਪੰਜਾਬੀ-ਪਛਾਣ ਦੇ ਅਹਿਮ ਹਿੱਸੇ ਪੰਜਾਬੀ-ਭਾਸ਼ਾ ਨੂੰ ਯੂ.ਐੱਨ.ਓ. ਵੱਲੋਂ ਵਿਸ਼ਵ ਦੀਆਂ ਤੇਜ਼ੀ ਨਾਲ ਅਲੋਪ ਹੁੰਦੀਆਂ ਭਾਸ਼ਾਵਾਂ ਵਿਚ ਸੁਮਾਰ ਕਰਨਾ ਪਿਆ ਹੈ।
ਪ੍ਰੰਤੂ ਇਥੇ ਇਕ ਪ੍ਰਸ਼ਨ ਇਹ ਵੀ ਪੈਂਦਾ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਦੀ ਹੈਜ਼ਮਨੀਕਲ ਸਥਿਤੀ ਕੇਵਲ ਸ਼ਾਸ਼ਕ ਵਰਗ ਦੀਆਂ ਨੀਤੀਆਂ/ਨੀਅਤ ਕਾਰਨ ਹੀ ਹੈ ਜਾਂ ਇਸ ਦੇ ਹੋਰ ਕਾਰਨ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ। ਇਸ ਪ੍ਰਸ਼ਨ ਨਾਲ ਨਜਿਠਦੇ ਹੋਏ ਜੋ ਨੁਕਤਾ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਫ਼ਰਾਸੀਸੀ, ਜਰਮਨ ਆਦਿ ਯੂਪੀਅਨ ਭਾਸ਼ਾਵਾਂ ਅੰਗਰੇਜ਼ੀ ਦੇ ਪ੍ਰਭਾਵ ਵਾਲੇ ਖੇਤਰ ਨਾਲ ਸੰਬੰਧਿਤ ਰੱਖਦੀਆਂ ਹੋਈਆ ਵੀ ਆਪਣੀ ਹਸਤੀ ਤੇ ਹੋਂਦ ਨੂੰ ਕਿਸ ਪ੍ਰਕਾਰ ਸੁਰੱਖਿਅਤ ਕਰ ਸਕੀਆਂ ਹਨ। ਇਸ ਦਾ ਉੱਤਰ ਨਿਰਵਿਵਾਦ ਇਨ੍ਹਾਂ ਭਾਸ਼ਾਵਾਂ ਦੇ ਗਿਆਨ ਅਤੇ ਸਿਧਾਂਤ ਨਿਰੂਪਣ ਦੀ ਸਮਰੱਥਾ ਵਿਚ ਨਿਹਿਤ ਹੈ। ਫ਼ਰਾਸੀਸੀ ਅਤੇ ਜਰਮਨ ਭਾਸ਼ਾ ਨੇ ਵਿਸ਼ਵ ਪੱਧਰ ਦੇ ਅਜਿਹੇ ਚਿੰਤਕ ਅਤੇ ਸਿਧਾਂਤਾਂ ਦਾ ਪ੍ਰਤੀਪਾਦਨ ਕੀਤਾ ਹੈ, ਜਿਨ੍ਹਾਂ ਨੂੰ ਸਮੁੱਚੇ ਵਿਸ਼ਵ ਨੇ ਸਵੀਕਾਰਿਆ ਹੈ। ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਅਜਿਹੀ ਘਟਨਾ ਨਹੀਂ ਵਾਪਰ ਸਕੀ। ਰਾਜਨੀਤਿਕ ਰੂਪ ਵਿਚ ਹਾਸ਼ੀਆਗਤ, ਵਿਸ਼ਵੀਕਰਨ ਦੇ ਸਿੱਧੇ ਪ੍ਰਭਾਵ ਅਧੀਨ ਵਿਚਰ ਰਹੇ ਅਤੇ ਹੀਨਭਾਵਨਾ ਦਾ ਸ਼ਿਕਾਰ ਆਪਣੀ ਮੌਲਿਕ ਇਤਿਹਾਸ, ਮਿਥਿਹਾਸ ਅਤੇ ਚਿੰਤਨ ਪਰੰਪਰਾਂ ਵਿਚੋਂ ਅੰਤਰ-ਦ੍ਰਿਸ਼ਟੀਆਂ ਪ੍ਰਾਪਤ ਤੋਂ ਅਸਮਰੱਥ ਪੰਜਾਬੀ-ਚਿੰਤਨ ਸਿਧਾਂਤ ਨਿਰੂਪਣ ਕਰਨ ਤੋਂ ਨਿਰਲੇਖ ਰਿਹਾ ਹੈ। ਇਸ ਕਾਰਨ ਗਿਆਨਮੂਲਕ ਆਧਾਰ ਦੀ ਅਣਹੋਂਦ ਪੰਜਾਬੀ ਭਾਸ਼ਾ ਦੀ ਪਛਾਣ ਤੇ ਹੋਂਦ ਨੂੰ ਆਪਣੇ ਆਧਾਰ ਪ੍ਰਦਾਨ ਨਹੀਂ ਕਰ ਸਕਦੀ, ਜਿਸ ਕਾਰਨ ਪੰਜਾਬੀ ਜਨ-ਸਮੂਹ ਵਧੇਰੇ ਕਰਕੇ ਵਿਕਾਸ ਦੇ ਪੂਰਵਵਾਦੀ ਮਾਡਲਾਂ ਨੂੰ ਗ੍ਰਹਿਣ ਕਰਦਾ ਆਇਆ ਅਤੇ ਭਾਸ਼ਾਈ ਪ੍ਰਭੂੱਤਾ ਦਾ ਸ਼ਿਕਾਰ ਰਿਹਾ ਹੈ
 ਇਸ ਤਰ੍ਹਾਂ ਪੰਜਾਬੀ-ਪਛਾਣ ਦੀ ਸਿਰਜਨਾ ਦੇ ਮੂਲ ਅਧਾਰ ਨਾਬਰੀ, ਧਾਰਮਿਕ-ਸਹਿਨਸ਼ੀਲਤਾ ਤੇ ਪੰਜਾਬੀ ਭਾਸ਼ਾ ਦੀ ਹੋਂਦ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਜੁੜੇ ਰਹੇ ਹਨ ਅਤੇ ਪੰਜਾਬ ਦੀ ਭੂਗੋਲ, ਰਾਜਨੀਤੀ ਤੇ ਆਰਥਿਕ ਵਿਵਸਥਾ ਦੇ ਸਮਾਂਨਾਤਰ ਸੰਚਾਲਿਤ ਹੁੰਦੇ ਅਨੇਕਾਂ ਸੰਕਟਾਂ/ਸਮਾਧਾਨਾਂ ਵਿਚ ਗੁਜਰਦੇ ਹੋਏ ਗਤੀਸ਼ੀਲ/ਤਬਦੀਲ ਹੁੰਦੇ ਆਏ ਹਨ ਇਹ ਗਤੀਸ਼ੀਲਤਾ ਹੀ ਪੰਜਾਬੀ-ਪਛਾਣ ਨੂੰ ਗੁੰਝਲਦਾਰ ਅਤੇ ਵਿਸ਼ਵ ਪੱਧਰ ਤੇ ਅਨੇਕਾਂ ਦਿਸ਼ਾਵਾਂ ਦਿੰਦੀ ਹੈ।
ਹਵਾਲੇ ਤੇ ਟਿੱਪਣੀਆਂ :
·         Ballard, Roger, 1999, Panth, Kismat, Dharm te Qaum: Continuity and Change in Four Dimensions of Punjabi Religion, Punjabi Identity in a Global Context, Edt. Pritam Singh and Shinder Singh Thindi, Oxford University Press, New Delhi.
·         Buckingham, David, Introducing Identity, Youth, Identity, and Digital Media, Edited by David Buckingham, The John D. and Catherine T. MacArthur Foundation Series on Digital Media and Learning. Cambridge, MA: The MIT Press, 2008. p-1. doi:10.1162/dmal.9780262524834.001.
·         Gill, Tejwant Singh,   Studying Punjabi literature of the Past, http://www.academicroom.com/article/studying-punjabi-literature-past.
·         Grewal, J.S., 1999, Punjabi Identity : A Historical Perspective, Punjabi Indentity in a Global Context, Edt. Pritam Singh and Shinder Singh Thindi, Oxford University Press, New Delhi,   p-43.
·         Grewal, J.S., 2004, Historical Geography of Punjab, http://www.global.ucsb.edu/punjab/sites/secure.lsit.ucsb.edu.gisp.d7_sp/files/sitefiles/journals/volume11/no1/2_grewal.pdf.
·         Kahlon, Simrit, Punjab: Regional Reflections, Man & Development, Volume XXIX, No.2, June-2007, https://www.researchgate.net/publication/298274909_Punjab_Regional_Reflections.
·         Khare, Harish, (2017), The Hindi Hegemony. http://www.tribuneindia.com/news/editorials/the-hindi-hegemony/395011.html.
·         Lamba, Krishan Gopal, (1999), Dynamics of Punjabi Suba Movement, Deep and Deep, New Delhi.
·         Morris, Stewart. How did Punjab’s Crisis Arise and How has it been Resolved?, The Sociology and Politics of South Asia, Paper 27, Essay 3, available at http://www.stewartmorris.com/essays/27chandra3.pdf.
·         Rajinder Kaur, 1992, Sikh Identity and National Integration, Intellectual Publishing House, New Delhi.
·         Singh, Darshan, 1999, Shah Mohammad on Punjabi Identity, Punjabi Identity in a Global Context, Edt. Pritam Singh and Shinder Singh Thindi, Oxford University Press, New Delhi.
·         Singh, Devinderjit, (1986), Sikhs, Arms and Terrorism, Cambridge University Sikh Society, Cambridge.
·         Talbot, Ian, 1996, State, Society And Identity: The British Punjab, Punjabi Identity Continuity and Change, Edit by Gurharpal Singh and Ian Talbot, Manohar Publishers, New Delhi.
·         राय, ऋषिकेश, (2012), http://aapnibhasha2000.blogspot.in/2012/11/blog-post.html.
·         ਹਬੀਬ, ਇਰਫ਼ਾਨ, (2012), ਮੱਧਕਾਲੀਨ ਭਾਰਤ ਇਕ ਸਭਿਅਤਾ ਦਾ ਅਧਿਐਨ, ਅਨੁ. ਨਵਤੇਜ ਸਿੰਘ, ਨੈਸ਼ਨਲ ਬੁੱਕ ਟਰੱਸਟ, ਇੰਡੀਆਂ।
·         ਭੀਮ ਇੰਦਰ ਸਿੰਘ, (2012), ਪੰਜਾਬੀ ਭਾਸ਼ਾ ਦੇ ਵਿਕਾਸ ਮਾਡਲ ਦਾ ਮਸਲਾ., http://www.suhisaver.org/index.php?cate=10&&tipid=369.

·         *ਪੰਜਾਬੀ ਜਨ-ਜੀਵਨ ਆਪਣੇ ਇਤਿਹਾਸ ਵਿਚ ਸਦਾ ਹੀ ਸਥਾਪਤੀ-ਵਿਰੋਧੀ ਰਿਹਾ ਹੈ। ਸਥਾਪਤੀ ਦੀ ਭਾਸ਼ਾ ਦੇ ਪ੍ਰਤੀਰੋਧ ਵਿਚ ਪੰਜਾਬੀ ਜਨ-ਜੀਵਨ ਆਪਣੇ ਖਾਸ ਲੋਕਧਰਾਈ ਮੁਹਾਵਰੇ ਵਿਚ ਰਣਜੀਤ ਸਿੰਘ ਦੀ ਰਾਜ-ਭਾਸ਼ਾ ਫ਼ਾਰਸੀ ਖਿਲਾਫ਼ਜੇ ਮੈਂ ਜਾਣਾਂ ਮੰਗੇ ਪਾਣੀ ਭਰ ਭਰ ਦਿਆਂ ਪਿਆਲੇ, ਆਬ ਆਬ ਕਰ ਮੋਇਓ ਬਚੜਾ, ਫ਼ਾਰਸੀਆਂ ਘਰ ਗਾਲ਼ੇ ਅਤੇ ਅਜ਼ਾਦੀ ਤੋਂ ਪਹਿਲਾ ਅੰਗਰੇਜ਼ੀ ਦੇ ਪ੍ਰਤੀਰੋਧ ਵਿਚ ਬੀ ਸੀ ਇਥੇ ਗਈ ਸੀ, ਚਾਰ ਕੋਠੇ ਟੱਪਕੇ ਕੜਾਹ ਖਾਣ ਗਈ ਸੀ ਵਰਗੇ ਵਲਬਲਿਆ ਨੂੰ ਸਿਰਜਿਆ ਸੀ।

‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...