ਪੰਜਾਬੀ
ਸਾਹਿਤ-ਆਲੋਚਨਾ
ਅੰਤਰ-ਸੰਬਾਦੀ ਪ੍ਰਕਿਰਿਆ ਦੁਆਰਾ ਵਿਕਾਸ ਕਰਦੀ ਰਹੀ ਹੈ। ਇਸ ਸੰਬਾਦ ਦੇ
ਅੰਤਰਗਤ ਸਮਕਾਲੀ ਪੰਜਾਬੀ ਸਾਹਿਤ-ਆਲੋਚਨਾ ਮਾਰਕਸਵਾਦੀ ਪੰਜਾਬੀ ਆਲੋਚਨਾ ਦੀਆਂ ਵਿਰੋਧਤਾਈਆਂ/ਅਪ੍ਰਾਪਤੀਆਂ
ਅਤੇ ਰੂਪਵਾਦੀ-ਸੰਰਚਨਾਵਾਦੀ ਪੰਜਾਬੀ ਆਲੋਚਨਾ ਦੀਆਂ ਸੀਮਾਵਾਂ/ਸੰਭਾਵਨਾਵਾਂ
ਤੋਂ ਸੁਚੇਤ ਸਾਹਿਤ-ਪਾਠ ਦੇ ਪ੍ਰਕਾਰਜ ਅਤੇ ਰੂਪ ਦੇ ਸੰਮਿਸ਼ਰਤ ਅਧਿਐਨ ਨੂੰ
ਮਹੱਤਤਾ ਦਿੰਦੀ ਹੈ। ਇਸ ਸੰਮਿਸ਼ਰਤ ਸਰੂਪ ਅਧੀਨ ਪੰਜਾਬੀ ਸਾਹਿਤ-ਆਲੋਚਨਾ ਜਿਥੇ ਇਕ ਪਾਸੇ ਪੰਜਾਬੀ
ਸਾਹਿਤ ਦੀ ਮੌਲਿਕਤਾ ਤੇ ਮਹੱਤਤਾ ਨੂੰ ਅੰਤਰ-ਅਨੁਸ਼ਾਸਨੀ ਪਹੁੰਚ ਵਿਧੀਆਂ ਦੁਆਰਾ
ਸਮਝਣ-ਸਮਝਾਉਣ ਦਾ ਯਤਨ ਕਰਦੀ ਹੈ, ਉਥੇ ਦੁਜੈ ਪਾਸੇ ਸਮਾਜ-ਸ਼ਾਸਤਰੀ, ਵਿਧਾ-ਸ਼ਾਸਤਰੀ, ਮਾਨਵ-ਸ਼ਾਸਤਰੀ ਤੇ ਵਿਚਾਰਧਾਰਕ ਆਦਿ ਮਾਡਲਾਂ ਨੂੰ ਆਤਮ-ਸਾਤ ਕਰਕੇ ਗਿਆਨ-ਸ਼ਾਸਤਰੀ ਰੂਪ ਅਖ਼ਤਿਆਰ ਕਰਦੀ ਹੈ। ਇਸ ਪ੍ਰਕਾਰ ਦੀ ਗਿਆਨ-ਸ਼ਾਸਤਰੀ ਪਹੁੰਚ-ਵਿਧੀ ਨੂੰ ਅਪਣਾਉਣ ਵਾਲੇ ਪੰਜਾਬੀ ਚਿੰਤਕਾਂ ਵਿਚ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਦਾ ਨਾਂ
ਵਿਸ਼ੇਸ਼ ਅਰਥਾਂ ਦਾ ਧਾਰਨੀ ਹੈ। ਉਸ ਦੀ ਆਲੋਚਨਾਤਮਿਕ ਪਹੁੰਚ-ਵਿਧੀ ਦੀ
ਖ਼ੂਬਸੂਰਤੀ ਵਿਸ਼ਵ ਪੱਧਰੀ ਚਿੰਤਨ/ਚਿੰਤਕਾਂ ਦੇ ਵਿਭਿੰਨ ਸੰਕਲਪਾਂ ਤੇ ਵਿਧੀਆਂ ਦੀ ਪ੍ਰੇਰਣਾ ਤੇ ਪ੍ਰਭਾਵਾਂ ਨੂੰ ਪ੍ਰਤੱਖ/ਪ੍ਰੋਖ ਰੂਪ ਵਿਚ ਗ੍ਰਹਿਣ ਕਰਨ ਅਤੇ ਉਨ੍ਹਾਂ ਦੀ ਰੌਸ਼ਨੀ ਵਿਚ ਪੰਜਾਬੀ ਸਮਾਜ, ਸਭਿਆਚਾਰ
ਤੇ ਸਾਹਿਤ ਦਾ ਅਧਿਐਨ ਕਰਨ ਵਿਚ ਨਿਹਿਤ ਹੈ। ਪ੍ਰੰਤੂ ਇਥੇ ਵਿਚਾਰਨ-ਯੋਗ ਨੁਕਤਾ ਇਹ ਹੈ ਕਿ ਅਜਿਹਾ
ਕਰਦੇ ਸਮੇਂ ਡਾ. ਦਵੇਸ਼ਵਰ ਵਿਸ਼ਵ-ਚਿੰਤਨ ਦੀਆਂ ਧਾਰਨਾਵਾਂ ਨੂੰ ਕਿਸੇ ਫੈਸ਼ਨਪ੍ਰਸਤੀ ਅਧੀਨ ਗ੍ਰਹਿਣ
ਕਰਨ ਦੀ ਬਜਾਇ ਵਿਸ਼ਵ-ਚਿੰਤਨ ਦੀਆਂ ਧਾਰਨਾਵਾਂ ਨੂੰ ਆਤਮ-ਸਾਤ ਕਰਦਾ ਹੈ ਅਤੇ ਉਨ੍ਹਾਂ ਨੂੰ ਪੰਜਾਬੀ
ਸਾਹਿਤ ਦੇ ਸੁਭਾਅ/ਸਰੂਪ ਦੇ ਅਨੁਸਾਰ ਲਾਗੂ ਕਰਦਾ ਵਿਭਿੰਨ ਪਸਾਰ ਗ੍ਰਹਿਣ ਕਰਦਾ ਹੈ। ਡਾ. ਦਵੇਸ਼ਵਰ
ਦੀ ਆਲੋਚਨਾ ਦੇ ਇਨ੍ਹਾਂ ਪਸਾਰਾਂ ਨੂੰ ਉਸ ਦੀ ਨਵੀਨ ਪੁਸਤਕ “ਪੰਜਾਬੀ
ਸਾਹਿਤ ਤੇ ਸਾਹਿਤ ਆਲੋਚਨਾ” ਵਿਚੋਂ ਵੇਖਿਆ ਜਾ ਸਕਦਾ ਹੈ।
“ਪੰਜਾਬੀ ਸਾਹਿਤ ਤੇ ਸਾਹਿਤ ਆਲੋਚਨਾ” ਪੁਸਤਕ ਡਾ. ਦਵੇਸ਼ਵਰ ਦੀ ਛੇਵੀਂ
ਮੌਖਿਕ ਆਲੋਚਨਾਤਮਿਕ ਪੁਸਤਕ ਹੈ, ਜਿਸ ਰਾਹੀਂ ਡਾ. ਦਵੇਸ਼ਵਰ ਸਾਹਿਤ ਅਤੇ ਸਮਾਜ ਦੇ ਅੰਤਰ-ਸੰਬੰਧਾਂ
ਤੇ ਅੰਤਰ-ਸੰਵਾਦ ਨੂੰ ਪਹਿਚਾਣਦਾ ਹੈ। ਇਸ ਪਹਿਚਾਣ ਅਧੀਨ ਡਾ. ਦਵੇਸ਼ਵਰ 'ਸਾਹਿਤ' ਨੂੰ ਮਨੁੱਖੀ-ਚੇਤਨਾ ਦਾ ਇਕ ਅੰਗ ਕਿਆਸ ਕਰਦਾ ਹੈ, ਜਿਹੜਾ ਵਸਤੂਗਤ-ਜਗਤ ਤੋਂ ਪ੍ਰੇਰਿਤ ਤੇ ਪ੍ਰਭਾਵਿਤ ਹੁੰਦਾ ਹੋਇਆ
ਪਰਤਵੇਂ ਰੂਪ ਵਿਚ ਵਸਤੂ-ਜਗਤ ਨੂੰ ਪ੍ਰਭਾਵਿਤ ਕਰਨ ਦਾ ਯਤਨ ਵੀ ਕਰਦਾ ਹੈ। ਅਜਿਹਾ ਯਤਨ ਨੂੰ ਵਿਹਾਰਿਕ ਅਧਿਐਨ ਵਿਚ ਲਾਗੂ
ਕਰਨ ਸਮੇਂ ਡਾ. ਦਵੇਸ਼ਵਰ ਪੰਜਾਬੀ ਸਾਹਿਤ ਦੀ ਮੌਲਿਕ ਸਾਹਿਤਕ ਪਰੰਪਰਾ ਨੂੰ ਆਪਣੇ ਅਧਿਐਨ ਦੀ ਵਸਤੂ
ਬਣਾਉਂਦਾ, ਪੰਜਾਬੀ ਸਮਾਜ ਦੀ ਸੰਵੇਦਨਾ ਦੀ ਇਤਿਹਾਸਿਕ ਪ੍ਰਕ੍ਰਿਆ ਦਾ ਵਿਸ਼ਲੇਸ਼ਣ ਕਰਦਾ ਪੰਜਾਬੀ
ਸਾਹਿਤ ਦੀ ਪ੍ਰਤੀਰੋਧੀ/ਵਿਰੋਧੀ ਸ਼ਕਤੀ ਨੂੰ ਮੁੱਲਾਂਕਣ ਕਰਦਾ ਹੈ। ਇਸ ਦੇ ਨਾਲ ਹੀ ਡਾ. ਦਵੇਸ਼ਵਰ ਦੀ
ਪਹੁੰਚ-ਵਿਧੀ ਪੱਛਮੀ ਚਿੰਤਨ ਦਾ ਸਹਾਰਾ ਲੈਂਦੀ ਵੀ ਨਜ਼ਰੀ ਪੈਂਦੀ ਹੈ। ਜਿਸ ਅਧੀਨ ਡਾ. ਦਵੇਸ਼ਵਰ ਪੱਛਮੀ
ਸਾਹਿਤ-ਚਿੰਤਕਾਂ ਜਿਵੇਂ ਨਾਰਥ੍ਰਪ ਫਰਾਈ,
ਮਿਸ਼ੈਲ ਜ਼ਿਰਾਫ਼ਾ, ਲੂਈਸ ਗੋਲਡਮਾਨ, ਟੈਰੀ ਇਗਲਟਨ, ਫ਼ਰੈਡ੍ਰਿਕ
ਜੇਮਸਨ ਆਦਿ ਦੇ ਚਿੰਤਨ ਦੀਆਂ ਅੰਤਰ-ਦ੍ਰਿਸ਼ਟੀਆਂ ਨੂੰ ਗ੍ਰਹਿਣ ਕਰਦਾ ਹੈ। ਇਸ ਸੰਦਰਭ ਵਿਚ ਡਾ. ਦਵੇਸ਼ਵਰ ਦੀ ਪ੍ਰਾਪਤੀ ਇਨ੍ਹਾਂ
ਸੰਕਲਪਾਂ ਨੂੰ ਆਪਣੇ ਚਿੰਤਨ-ਮੰਨਨ ਦਾ ਅੰਗ ਬਣਾਕੇ ਪੰਜਾਬੀ ਸਾਹਿਤਕ-ਪਰੰਪਰਾ ਤੇ ਪ੍ਰਵਾਹ ਦੇ
ਸਮਾਨਾਂਤਰ ਰੱਖਕੇ ਸਰਲ, ਸਪੱਸ਼ਟ ਤੇ ਮੌਲਿਕ ਰੂਪ ਪ੍ਰਦਾਨ ਕਰਕੇ ਸਮਝਣ-ਸਮਝਾਉਣ ਦੀ ਵਿਆਖਿਆਮਈ-ਸ਼ੈਲੀ ਅਧੀਨ ਨਿਹਿਤ ਹੈ। ਜਿਹੜੀ ਅੱਗੋਂ ਦਵੇਸ਼ਵਰ ਦੀ ਸੰਤੁਲਿਤ ਯਥਾਰਥ-ਬੋਧ ਦੀ ਵਿਗਿਆਨਿਕ ਵਿਧੀ ਨਾਲ
ਸੁਮੇਲ ਕਰਦੀ, ਸਾਹਿਤਕ/ਸਮਾਜਿਕ ਪਾਠ ਦੀਆਂ ਵਿਭਿੰਨ ਪਰਤਾਂ, ਪਾਸਾਰਾਂ ਤੇ
ਸਿਧਾਂਤਾਂ ਨੂੰ ਵਿਗਿਆਨਿਕ ਤੇ ਵਸਤੂਭਾਵੀ ਢੰਗ ਨਾਲ ਅਗਰਭੂਮਿਤ ਕਰਦੀ ਹੈ। ਜਦੋਂ ਕਿ ਇਸ ਦੇ ਮੁਕਾਬਲੇ ਪੰਜਾਬੀ ਦੀ ਵਧੇਰੇ ਸਾਹਿਤ-ਆਲੋਚਨਾ ਚਿੰਤਨ-ਮੰਨਨ ਤੋਂ ਨਿਰਲੇਪ ਨਿਰੋਲ ਪੱਛਮੀ ਸਿਧਾਂਤਕ-ਪੱਧਤੀਆਂ ਦੇ ਮਕਾਨਕੀ
ਰੂਪ ਉੱਤੇ ਨਿਰਭਰ ਕਰਦੀ ਹੋਈ ਜਾਂ ਤਾਂ ਸ਼ੁੱਧ ਰੂਪ-ਕੇਂਦਰਿਤ ਪਹੁੰਚ ਅਪਣਾਉਂਦੀ
ਸਾਹਿਤ ਦੇ ਸਮਾਜਿਕ ਤੇ ਇਤਿਹਾਸਕ ਪਰਿਪੇਖ ਤੋਂ ਨਿਰਲੇਪ ਰਹਿੰਦੀ ਹੈ ਜਾਂ ਫਿਰ ਸ਼ੁੱਧ ਸਮਾਜ-ਕੇਂਦਰਿਤ ਵਿਧੀ ਧਾਰਨ ਕਰਦੀ ਹੋਈ ਪ੍ਰਸੰਗ ਨੂੰ ਅਧਿਕ ਮਹੱਤਵ ਦੇ ਕੇ ਸਾਹਿਤਕ-ਪਾਠ ਨੂੰ ਪ੍ਰੋਖੇ ਕਰ ਜਾਂਦੀ ਹੈ।
ਪ੍ਰੰਤੂ ਇਸ ਪ੍ਰਸੰਗ ਵਿਚ
ਡਾ. ਦਵੇਸ਼ਵਰ ਆਪਣੇ ਸੰਤੁਲਿਤ ਮਾਰਕਸਵਾਦੀ-ਦ੍ਰਿਸ਼ਟੀਕੋਣ ਦੁਆਰਾ ਇਨ੍ਹਾਂ ਵਿਸੰਗਤੀਆਂ ਤੇ ਉਲਾਰਾਂ ਤੋਂ ਰਹਿਤ ਵਧੇਰੇ ਸੰਤੁਲਿਤ ਤੇ ਮੌਲਿਕ
ਧਰਾਤਲ 'ਤੇ ਵਿਚਰਦਾ ਹੈ।
ਇਹ ਮੌਲਿਕ ਧਰਾਤਲ ‘ਤੇ ਹੀ ਡਾ. ਦਵੇਸ਼ਵਰ ਪੱਛਮੀ-ਚਿੰਤਨ ਦੀ ਰੌਸ਼ਨੀ ਅਧੀਨ ਪੰਜਾਬੀ ਸਮਾਜ/ਸਭਿਆਚਾਰ/ਸਾਹਿਤ ਦੇ
ਸੰਬੰਧਾਂ ਨੂੰ ਪਹਿਚਾਣਦਾ ਹੈ।
ਇਸ ਪੁਸਤਕ ਵਿਚ ਡਾ. ਦਵੇਸ਼ਵਰ ਦਾ ਅਧਿਐਨ
ਪੰਜਾਬੀ ਸਮਾਜ/ਸਾਹਿਤ ਦੇ ਵਿਸ਼ਲੇਸ਼ਣ, ਪੱਛਮੀ ਚਿੰਤਨ ਦੀ ਵਿਆਖਿਆ ਅਤੇ ਪ੍ਰਮੁੱਖ ਪੰਜਾਬੀ ਚਿੰਤਕਾਂ
ਦੇ ਆਲੋਚਨਾਤਮਿਕ ਕਾਰਜ ਦੇ ਮੁੱਲਾਂਕਣ ਦੀ ਦਿਸ਼ਾ ਵਿਚ ਫੈਲਦਾ ਹੈ। ਪੰਜਾਬੀ ਸਮਾਜ ਤੇ ਸਾਹਿਤ ਨਾਲ
ਸੰਬੰਧਿਤ ਮਜ਼ਮੂਨਾਂ ਵਿਚ ਡਾ. ਦਵੇਸ਼ਵਰ ਤੱਥਾਂ ਅਧਾਰਿਤ ਵਿਚਾਰ ਕਰਦਾ ਹੋਇਆ ਪੰਜਾਬੀ ਸਾਹਿਤ/ਸਮਾਜ
ਵਿਚ ਪ੍ਰਚਿਲਤ ਹੋਈਆਂ ਵਿਭਿੰਨ ਇਤਿਹਾਸਕ ਲਹਿਰਾਂ ਦੇ ਅਧਾਰ ਤੇ ਪੰਜਾਬੀ ਸੰਵੇਦਨਾ ਨੂੰ ਫੜਦਾ ਹੈ
ਅਤੇ ਇਨ੍ਹਾਂ ਲਹਿਰਾਂ ਦੇ ਸਮਾਜਿਕ ਤੇ ਸਾਹਿਤਕ ਅਧਾਰ ਨੂੰ ਫਰੋਲਦਾ ਹੈ। ਡਾ. ਦਵੇਸ਼ਵਰ ਦਾ ਇਤਿਹਾਸ
ਦਾ ਵਿਦਿਅਰਾਥੀ ਹੋਣ ਦਾ ਲਾਭ ਉਨ੍ਹਾਂ ਦੇ ਪੰਜਾਬੀ ਸੰਵੇਦਨਾਂ ਦੇ ਪ੍ਰਸੰਗ ਵਿਚ ਕੀਤੇ ਚਿੰਤਨ ਵਿਚ
ਦਿਖਾਈ ਦਿੰਦਾ ਹੈ। ਇਨ੍ਹਾਂ ਲਹਿਰਾਂ ਜਾਂ ਚਿੰਤਨ ਪ੍ਰਵਿਰਤੀਆਂ ਦਾ ਮੁਤਾਲਿਆ ਡਾ. ਦਵੇਸ਼ਵਰ
ਮਾਰਕਸਵਾਦੀ ਪਹੁੰਚ-ਵਿਧੀ ਦੇ ਅਧਾਰ ਤੇ ਕਰਦਾ ਹੈ, ਇਸ ਸਿਧਾਂਤਕ ਸੁਝ ਤੇ ਅਧਾਰਿਤ ਵਿਸ਼ਲੇਸ਼ਣ ਸਦਕੇ
ਹੀ ਡਾ. ਦਵੇਸ਼ਵਰ ਦੁਆਰਾ ਇਕ ਤੋਂ ਵੱਧ ਮਜ਼ਮੂਨਾਂ ਵਿਚ ਇਕੋਂ ਲਹਿਰ/ਚਿੰਤਨ ਪ੍ਰਵਿਰਤੀ ਬਾਰੇ ਕੀਤੇ
ਮੁੱਲਾਂਕਣ (ਕੱਢੇ ਸਿੱਟਿਆਂ) ਵਿਚ ਕੋਈ ਅੰਤਰ/ਵਿਰੋਧ ਨਹੀਂ ਆਉਂਦਾ ਹੈ। ਇਸ ਦਾ ਕਾਰਨ ਡਾ. ਦਵੇਸ਼ਵਰ
ਦੀ ਮਜਬੂਤ ਸਿੱਧਾਂਤਕ ਪੱਕੜ ਤੇ ਪ੍ਰਤੀਬੱਧਤਾ ਹੈ।
ਪਰ ਇਸ ਦੇ ਨਾਲ ਹੀ ਇਸ ਪ੍ਰਸੰਗ ਵਿਚ ਇਕ ਗੱਲ
ਵੇਖਣਯੋਗ ਹੈ ਕਿ ਡਾ. ਦਵੇਸ਼ਵਰ ਸਿਧਾਂਤਕ ਪੱਧਰ ਤੇ ਇਸ ਪੁਸਤਕ ਦੁਆਰਾ ਇਕ ਪੁਲਾਂਘ ਅੱਗੇ ਪੁੱਟਣ ਦਾ
ਯਤਨ ਕਰਦਾ ਹੈ। ਇਹ ਯਤਨ ਡਾ. ਦਵੇਸ਼ਵਰ ਦੇ ਸਿਧਾਂਤਕ ਅਧਾਰ ਦੇ ਵਿਕਾਸ ਦਾ ਲਖਾਇਕ ਹੈ, ਜਿਸ ਅਧੀਨ
ਡਾ. ਦਵੇਸ਼ਵਰ ਆਪਣੇ ਕਲਾਸੀਕਲ ਮਾਰਕਸਵਾਦੀ ਸਿਧਾਂਤਕ ਅਧਾਰ ਨੂੰ ਨਵ-ਮਾਰਕਸਵਾਦੀ ਸਿਧਾਂਤ ਨਾਲ
ਜੋੜਕੇ ਵਿਸਥਾਰਦਾ ਵੀ ਹੈ ਅਤੇ ਨਵੀਉਂਦਾ ਵੀ।
ਇਸ ਵਿਕਾਸ ਦਾ ਵੱਡਾ ਉਦਾਹਰਨ ਡਾ. ਦਵੇਸ਼ਵਰ ਦੇ ਮਜ਼ਮੂਨ ‘ਸਮਾਜ ਸ਼ਾਸਤਰ : ਸਿਧਾਂਤਕ ਤੇ ਵਿਹਾਰਕ ਮਸਲੇ’ ਅਤੇ ‘ਸੁਹਰ ਤੇ ਸੁਹਜ ਸ਼ਾਸਤਰ :
ਇਤਿਹਾਸਕ ਤੇ ਦਾਰਸ਼ਨਿਕ ਸੰਦਰਭ’ ਵਿਚ
ਵੇਖਿਆ ਜਾ ਸਕਦਾ ਹੈ। ਇਨ੍ਹਾਂ ਮਜ਼ਮੂਨਾਂ ਵਿਚ ਡਾ. ਦਵੇਸ਼ਵਰ ਨੇ ਨਵ-ਮਾਰਕਸਵਾਦੀ ਚਿੰਤਕਾਂ ਅਤੇ
ਪੱਛਮੀ ਚਿੰਤਨ ਪਰੰਪਰਾਂ ਦਾ ਵਿਸਥਾਰ ਪੂਰਵਕ ਸਿਧਾਂਤਕ ਅਧਾਰ ਸਾਹਮਣੇ ਆਉਂਦਾ ਹੈ। ਪੰਜਾਬੀ
ਸਾਹਿਤ-ਚਿੰਤਨ ਵਿਚ ਭਾਵੇਂ ਇਨ੍ਹਾਂ ਸਿਧਾਂਤਾਂ ਦੀ ਸਤੱਹੀ ਜਾਣਕਾਰੀ ਵਿਭਿੰਨ ਆਲੋਚਨਾਤਮਿਕ
ਮਜ਼ਮੂਨਾਂ/ਪੁਸਤਕਾਂ ਰਾਹੀਂ ਪਹਿਲਾ ਵੀ ਸਾਹਮਣੇ ਆਈ ਹੈ, ਪ੍ਰੰਤੂ ਡਾ. ਦਵੇਸ਼ਵਰ ਨੇ ਇਨ੍ਹਾਂ
ਸਿਧਾਂਤਕਾਂ ਦੇ ਇਤਿਹਾਸਕ ਪਰਿਪੇਖ (ਸੁਹਜ ਸ਼ਾਸਤਰ ਵਾਲੇ ਮਜ਼ਮੂਨ ਵਿਚ) ਨੂੰ ਜਿਸ ਤਰ੍ਹਾਂ ਵਿਧੀਵੱਧ
ਤਰੀਕੇ ਨਾਲ ਪ੍ਰਸਤੁਤ ਕੀਤਾ ਹੈ, ਇਹ ਉਸ ਦੀ ਅਹਿਮ ਪ੍ਰਾਪਤੀ ਹੈ। ਜਿਸ ਅਧੀਨ ਡਾ. ਦਵੇਸ਼ਵਰ ਦਾ ਇਹ ਵਿਧੀਬੱਧ
ਤੇ ਤਾਰਕਿਕ ਕਾਰਜ ਅਮੂਰਤ/ਕਾਲਪਨਿਕ ਆਧਾਰ ਉੱਤੇ ਆਸ਼ਰਿਤ ਨਹੀਂ ਹੁੰਦਾ, ਸਗੋਂ ਹਵਾਲਿਆਂ ਦੁਆਰਾ
ਤੱਥਮੂਲਕਤਾ ਨੂੰ ਆਪਣੀ ਵਿਧੀ ਸਵੀਕਾਰ ਕਰਦਾ ਵਿਗਿਆਨਿਕ ਤੇ ਪ੍ਰਮਾਣਿਕ ਪ੍ਰਤੀਮਾਨ ਸਿਰਜਦਾ ਹੈ। ਇਸ ਨਾਲ ਡਾ. ਦਵੇਸ਼ਵਰ ਆਪਣੇ ਸਿਧਾਂਤ ਨੂੰ ਅੰਤਰ-ਰਾਸ਼ਟਰੀ ਪਰਿਪੇਖ ਨਾਲ ਜੋੜਦਾ
ਹੈ ਅਤੇ ਇਸ ਨਾਲ ਭਾਰਤੀ/ਪੰਜਾਬੀ ਸਮਾਜਿਕ-ਆਰਥਿਕ ਵਿਵਸਥਾ ਤੇ ਸਾਹਿਤ ਦਾ
ਅਧਿਐਨ ਕਰਦਾ, ਵਿਸ਼ਵ/ਰਾਸ਼ਟਰੀ/ਸਥਾਨਿਕ ਪ੍ਰਸੰਗ ਦੀ ਸੋਝੀ ਦਿੰਦਾ ਹੈ।
ਡਾ. ਦਵੇਸ਼ਵਰ ਇਸ ਪੁਸਤਕ ਵਿਚ ਪੰਜਾਬੀ ਦੇ
ਨਾਮਵਰ ਚਿੰਤਕਾਂ ਦੇ ਆਲੋਚਨਾਤਮਿਕ ਕਾਰਜ ਦਾ ਵੀ ਵਿਸ਼ਲੇਸ਼ਣ-ਮੁੱਲਾਂਕਣ ਪੇਸ਼ ਕਰਦਾ ਹੈ। ਇਸ ਵਿਚ ਡਾ.
ਅਤਰ ਸਿੰਘ, ਡਾ. ਕੇਸਰ ਸਿੰਘ ਕੇਸਰ, ਡਾ. ਟੀ. ਆਰ. ਵਿਨੋਦ, ਡਾ. ਰਵਿੰਦਰ ਸਿੰਘ ਰਵੀ ਸੁਰਜੀਤ
ਸਿੰਘ ਭੱਟੀ, ਹਰਿਭਜਨ ਸਿੰਘ ਭਾਟੀਆ ਅਤੇ ਡਾ. ਅਮਰਜੀਤ ਸਿੰਘ ਕਾਂਗ ਦੇ ਆਲੋਚਨਾਤਮਿਕ ਕਾਰਜ ਨੂੰ
ਆਪਣੀ ਅਧਿਐਨ ਵਸਤੂ ਬਣਾਇਆ ਹੈ। ਇਸ ਪ੍ਰਸੰਗ ਵਿਚ ਡਾ. ਦਵੇਸ਼ਵਰ ਦੀ ਅਧਿਐਨ ਦਾ ਸੰਬੰਧਿਕ ਆਲੋਚਕ
ਨਾਲ ਸੰਬੰਧਿਤ ਪ੍ਰਚਿੱਲਤ ਪੂਰਵ ਧਾਰਨਾਵਾਂ ਦੇ ਵਿਸ਼ਲੇਸ਼ਣ ਤੋਂ ਸ਼ੁਰੂ ਹੁੰਦਾ ਹੋਇਆ, ਉਸ ਆਲੋਚਕ ਦੀ
ਵਿਚਾਰਧਾਰਾ ਤੇ ਵਿਧੀ ਦੇ ਅਧਿਐਨ ਤੱਕ ਪਸਾਰ ਲੈਂਦਾ ਹੈ। ਇਸ ਅਧਿਐਨ ਦੀ ਖ਼ੂਬਸੂਰਤੀ ਡਾ. ਦਵੇਸ਼ਵਰ
ਦੁਆਰਾ ਪੇਸ਼ ਸਿੱਟਿਆਂ ਨੂੰ ਸੂਤ੍ਰਿਕ ਸ਼ੈਲੀ ਵਿਚ ਪੇਸ਼ ਕਰਨ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ, ਜਿਵੇਂ ਡਾ. ਅਤਰ ਸਿੰਘ ਬਾਰੇ ਡਾ. ਦਵੇਸ਼ਵਰ ਦਾ ਮੱਤ ਹੈ ਕਿ “ਡਾ. ਅਤਰ ਸਿੰਘ ਦੀ
ਵਿਧੀ-ਦ੍ਰਿਸ਼ਟੀ ਇਤਿਹਾਸ-ਮੁਖੀ (Historicism) ਤਾਂ ਹੈ, ਪਰੰਤੂ
ਇਤਿਹਾਸਕ (Historical) ਨਹੀਂ।” ਡਾ. ਕੇਸਰ
ਸਿੰਘ ਕੇਸਰ ਡਾ. ਦਵੇਸ਼ਵਰ ਲਈ “ਮਾਰਕਸਵਾਦੀ ਦਰਸ਼ਨ ਨੂੰ ਕਿਸੇ ਫੈਸ਼ਨ ਜਾਂ
ਫ਼ਰਜ਼ੀ ਬੌਧਿਕਤਾ ਦੀ ਇਸ਼ਤਿਹਾਰਬਾਜੀ ਕਰਨ ਹਿੱਤ ਨਹੀਂ ਅਪਣਾਉਂਦਾ ਸਗੋਂ ਉਹ ਇਸ ਨੂੰ ਜੀਵਨ ਜਾਚ ਦੀ
ਇਕ ਸਾਰਥਕ ਦ੍ਰਿਸ਼ਟੀ ਅਤੇ ਵਿਗਿਆਨਕ ਤੇ ਅਮਲੀ ਸੂਝ ਵਿਧੀ ਵਜੋਂ ਗ੍ਰਹਿਣ ਕਰਦਾ ਹੈ।” ਡਾ. ਟੀ. ਆਰ. ਵਿਨੋਦ ਨੂੰ ਡਾ. ਦਵੇਸ਼ਵਰ “ਪਾਠ, ਪ੍ਰਸੰਗ ਅਤੇ
ਪਾਠ ਦੇ ਅੰਦਰੂਨੀ ਪ੍ਰਸੰਗ ਸਮੇਤ ਇਨ੍ਹਾਂ ਦੇ ਵਿਚਾਰਧਾਰਾਈ ਆਧਾਰਾਂ ਦੇ ਡਾ. ਵਿਨੋਦ ਦੀ ਸਮੀਖਿਆ
ਦ੍ਰਿਸ਼ਟੀ ਦੀ ਬੌਧਿਕ ਇਕਾਗਰਤਾ ਅਤੇ ਵਿਸ਼ਲੇਸ਼ਣੀ ਵਿਧੀ/ਵਿਆਖਿਆ ਵਿਚ ਹਮੇਸ਼ਾ ਹਾਜ਼ਰ ਰਹਿੰਦੇ” ਵੇਖਦਾ ਹੈ। ਡਾ. ਰਵਿੰਦਰ ਸਿੰਘ ਰਵੀ ਨੂੰ ਡਾ. ਦਵੇਸ਼ਵਰ “ਪ੍ਰਕਿਤਰੀ,
ਸਮਾਜ ਅਤੇ ਸਿਰਜਣਾ ਦੇ ਹਰੇਕ ਰੂਪ ਨੂੰ ਉਸ ਦੀ ਸਮੁੱਚਤਾ, ਜਟਿਲਤਾ ਅਤੇ ਗਤੀਸ਼ੀਲਤਾ ਵਿੱਚ ਗ੍ਰਹਿਣ
ਕਰਦਾ ਅਤੇ ਇਨ੍ਹਾਂ ਦੇ ਅੰਤਰ-ਸੰਬੰਧਤਾ ਅਤੇ ਅੰਤਰ-ਨਿਰਭਰ ਹੋਂਦਾਂ ਦੇ ਰੂਪ ਵਿੱਚ ਵਿਚਾਰਦਾ ਹੋਇਆ
ਇਨ੍ਹਾਂ ਦੀ ਵਿਆਖਿਆ ਤੇ ਮੁੱਲਾਂਕਣ ਕਰਦਾ” ਨਜ਼ਰਸਾਨੀ ਕਰਦਾ ਹੈ। ਸੁਰਜੀਤ
ਸਿੰਘ ਭੱਟੀ ਦੀ ਆਲੋਚਨਾ ਡਾ. ਦਵੇਸ਼ਵਰ ਲਈ ਸਾਹਿਤ “ਦੀਆਂ ਆਂਤਰਿਕ ਪਰਤਾ
ਨੂੰ ਘੋਖਦੀ-ਨਿਰਖਦੀ ਤੇ ਇਸ ਦੇ ਵਿਚਾਰਧਾਰਈ ਆਧਾਰਾਂ ਨੂੰ ਪਰਖਦੀ ਅਧਿਐਨ ਵਸਤ ਦੀ ਪਹੁੰਚ-ਦ੍ਰਿਸ਼ਟੀ
ਦੀ ਬਾਹਰਮੁਖਤਾ; ਵਿਗਿਆਨਕਤਾ-ਭਾਵਕੁਤਾ; ਤੱਥ ਮੁਕਤਾ-ਕਥ ਮੁਕਤਾ ਆਦ ਦਾ ਮੁਤਾਲਿਆ ਉਸ ਚਿੰਤਕ ਦੀਆਂ
ਪ੍ਰਾਪਤੀਆਂ ਅਤੇ ਸੀਮਾਵਾਂ ਦੀ ਤਰਕਸੰਗਤ ਵਿਆਖਿਆ ਵਿੱਚ ਕਰਦੀ ਹੈ।” ਹਰਿਭਜਨ
ਸਿੰਘ ਭਾਟੀਆ ਡਾ. ਦਵੇਸ਼ਵਰ ਦੇ ਮੱਤ ਵਿਚ “ਪੰਜਾਬੀ ਸਾਹਿਤ ਚਿੰਤਨ ਦਾ
ਪਹਿਲਾ ਅਜਿਹਾ ਸਮਰਥਾਵਾਨ ਚਿੰਤਕ ਹੈ ਜਿਸ ਨੇ ਇਸ ਤਰ੍ਹਾਂ ਦੇ ਆਪਣੇ ਵਿਸਤ੍ਰਿਤ, ਗੰਭੀਰ ਅਤੇ
ਬਹੁ-ਦ੍ਰਿਸ਼ਟੀਕੋਣੀ ਗਿਆਨ-ਸ਼ਾਸਤਰ ਦੇ ਸੁਭਾਅ ਦੇ ਸਾਰ ਦੀ ਸਾਰ ਲੈਣ ਪਹਿਲ ਕਦਮੀ ਵੀ ਕੀਤੀ ਹੈ।” ਅਤੇ ਡਾ. ਦਵੇਸ਼ਵਰ ਅਨੁਸਾਰ ਡਾ. ਅਮਰਜੀਤ ਸਿੰਘ ਕਾਂਗ “ਸਾਹਿਤ
ਚਿੰਤਨ ਵਿੱਚ ਆਪਣੀ ਸਿਧਾਂਤਕ ਪਕੜ, ਸੰਬਾਦੀ ਵਿਧੀ, ਸਰਲ ਤੇ ਸਪਸ਼ਟ ਸਮੀਖਿਆਕ ਸ਼ੈਲੀ, ਸੰਤੁਲਤ ਅਤੇ
ਸਜੱਗ ਪਹੁੰਚ-ਦ੍ਰਿਸ਼ਟੀ ਸਦਕਾ ਆਪਣੀ ਵਿਲੱਖਣ ਪਛਾਣ ਸਥਾਪਿਤ ਕਰਦਾ ਹੈ।” ਇਹ
ਸੂਤ੍ਰਿਕ ਫਿਕਰੇ ਡਾ. ਦਵੇਸ਼ਵਰ ਦੀ ਭਾਸ਼ਾਈ ਮੁਹਾਰਤ ਅਤੇ ਭਾਸ਼ਾਈ ਪ੍ਰਯੋਗ ਦੀ ਪਕਾਈ ਦਾ ਪ੍ਰਮਾਣ ਹਨ, ਜਿਸ ਦੇ ਪ੍ਰਮਾਣ ਸਰੂਪ ਡਾ. ਦਵੇਸ਼ਵਰ ਇਨ੍ਹਾਂ ਪ੍ਰਮੁੱਖ
ਪੰਜਾਬੀ ਆਲੋਚਕਾਂ ਦੇ ਚਿੰਤਨ ਕਾਰਜ ਬਾਰੇ ਪ੍ਰਮਾਣਿਕ ਸਿੱਟੇ ਕੱਢ ਸਕਿਆ ਅਤੇ ਪਾਠਕ ਵਰਗ ਲਈ
ਸਮਝਣਯੋਗ ਬਣਾ ਸਕਿਆ ਹੈ।
ਇਸ
ਦੇ ਨਾਲ ਡਾ. ਦਵੇਸ਼ਵਰ ਦੁਆਰਾ ਸਮਕਾਲੀਨ ਭਾਰਤੀ/ਪੰਜਾਬੀ ਸਮਾਜਿਕ-ਆਰਥਿਕ ਵਿਵਸਥਾ ਦਾ ਵਿਵੇਚਨ
ਵਿਸ਼ੇਸ਼ ਅਰਥਾਂ ਦਾ ਧਾਰਨੀ ਹੈ। ਉਸ ਸਮਕਾਲੀਨ ਪੂੰਜੀਵਾਦੀ-ਵਿਵਸਥਾ ਨੂੰ ਮਨੁੱਖੀ ਵਿਕਾਸ ਦੀ ਉੱਚ ਅਵਸਥਾ ਨਿਰਸੰਦੇਹ
ਸਵੀਕਾਰਦਾ ਹੈ, ਪ੍ਰੰਤੂ ਇਹ ਵਿਵਸਥਾ ਦੇ ਸ਼੍ਰੇਣੀਗਤ ਸੁਭਾਅ ਅਧੀਨ ਆਰਥਿਕ-ਸਾਧਨਾਂ ਦੀ ਅਸਾਂਵੀਂ ਵੰਡ ਤੇ ਮੰਡੀਕਰਨ ਦੀ ਪ੍ਰਵਿਰਤੀ ਕਾਰਨ ਤਿਖੇਰੀਆਂ ਵਿਅਕਤੀਗਤ ਲਾਲਸਾਵਾਂ
ਤੇ ਸ਼ੋਸ਼ਣਕਾਰੀ ਪ੍ਰਵਿਰਤੀ ਕਾਰਨ ਉੱਤਮ ਵਿਵਸਥਾ ਨਹੀਂ ਮੰਨਦਾ।
ਕਿਉਂਕਿ ਡਾ. ਦਵੇਸ਼ਵਰ
ਅਨੁਸਾਰ ਇਹ ਵਿਵਸਥਾ ਦਾ ਉਪਰੋਕਤ ਸੁਭਾਅ ਤੇ ਸਰੂਪ ਮਨੁੱਖੀ-ਸਮਾਜ ਵਿਚ ਅਸੰਤੁਲਿਨ (ਭਾਵੇਂ
ਪੂਰਵਵਰਤੀ ਵਿਵਸਥਾਵਾਂ ਵਿਚਲਾ ਅਸੰਤੁਲਿਨ ਤਿਖੇਰਾ ਨਹੀਂ ਸੀ) ਪੈਦਾ ਕਰਦਾ
ਹੈ ਅਤੇ ਪੈਸਾ, ਪ੍ਰਸਿੱਧੀ ਤੇ ਪੱਧਵੀਂ ਦੀ ਦੌੜ ਨੂੰ ਤਿੱਖਾ ਕਰਦਾ ਮਨੁੱਖੀ ਤਨਾਉ/ਟਕਰਾਉ ਦੀ ਸਥਿਤੀ
ਨੂੰ ਜਨਮ ਦਿੰਦਾ ਹੈ ਅਤੇ ਮਨੁੱਖ ਨੂੰ ਪਾਸ਼ਵਿਕ ਪੱਧਰ ਤੇ ਲੈ ਜਾਂਦਾ ਹੈ। ਮੰਡੀ ਕਲਚਰ ਦੇ ਇਸ
ਪਾਸਾਰ ਨੂੰ ਡਾ. ਦਵੇਸ਼ਵਰ ਐਰਕ ਹੋਬਸਬਾਉਨ ਦੀ ਪੁਸਤਕ “ਦੀ ਏਜ਼ ਆਫ਼
ਐਕਟਰੀਮਸ: ਹਿਸਮਟਰੀ ਆਫ਼ ਦੀ ਵਰਲਡ” (The Age of Extremes:
History of the world) ਅਤੇ ਰੇਮਿਡ ਵਿਲੀਅਮ
ਦੇ ਕਲਚਰ ਇੰਡਸਟਰੀ ਦੇ ਸੰਕਲਪ ਨਾਲ ਜੋੜਕੇ ਸਮਝਦਾ Industrial Cultural ਦੀ Cultural Industry ਕਹਿੰਦਾ ਹੈ। ਇਸ ਪ੍ਰਕਾਰ ਦਾ ਸਿਧਾਂਤਕ
ਤੇ ਵਿਹਾਰਿਕ ਵਿਸ਼ਲੇਸ਼ਣ ਪੰਜਾਬੀ ਸਾਹਿਤ ਚਿੰਤਨ ਦਾ ਹਾਸਲ ਹੈ।
ਇਸ ਪ੍ਰਕਾਰ ਸਾਰ ਰੂਪ ਵਿਚ ਡਾ. ਦਵੇਸ਼ਵਰ ਸਿਧਾਂਤਕ
ਤੇ ਵਿਹਾਰਿਕ ਧਰਾਤਲ ਉੱਤੇ ਸੰਤੁਲਿਤ ਤੇ ਤਰਕ-ਸੰਗਤ ਸੁਭਾਅ ਦੀ ਧਾਰਨੀ ਹੈ।
ਜਿਸ ਅਧੀਨ ਇਹ ਆਲੋਚਨਾ
ਵਿਆਖਿਆ, ਵਿਸ਼ਲੇਸ਼ਣ
ਤੇ ਮੁੱਲਾਂਕਣ ਲਈ 'ਪਾਠ, ਪਰਿਵੇਸ਼ ਤੇ ਵਿਚਾਰਧਾਰਾ'
ਦੇ ਅੰਤਰ ਤੇ ਅੰਦਰਲੇ ਸੰਬੰਧਾਂ ਨੂੰ ਪਹਿਚਾਣਦੀ ਹੋਈ ਸਮਾਜਿਕ-ਸਾਹਿਤਕ ਮੁੱਲਾਂ ਨੂੰ ਅੰਕਿਤ ਕਰਦੀ ਹੈ।
ਵਿਸ਼ਵ-ਚਿੰਤਨ ਤੋਂ
ਲੈਕੇ ਸਥਾਨਿਕ ਮਸਲਿਆਂ ਦੀ ਸਮਝ ਤੱਕ ਪਸਰਿਆ ਇਸ ਪ੍ਰਕਾਰ ਦਾ ਬੌਧਿਕ ਮੁਸ਼ੱਕਤ ਵਾਲਾ ਕਾਰਜ ਪੰਜਾਬੀ
ਚਿੰਤਨ ਪਰੰਪਰਾ ਨੂੰ ਨਵੀ ਦਿਸ਼ਾ ਦੇਣ ਵਾਲਾ ਹੈ ਅਤੇ ਪੰਜਾਬੀ ਸਾਹਿਤ-ਆਲੋਚਨਾ ਦੇ ਖੇਤਰ ਵਿਚ ਭਵਿੱਖਮੁੱਖੀ
ਸੰਭਾਵਾਨਾ ਨੂੰ ਸਿਰਜਦਾ ਹੈ।