ਅਨੁਵਾਦ (Translate)

Tuesday, 1 March 2016

ਡਾ. ਦਵੇਸ਼ਵਰ ਦੀ ਗਲਪ ਆਲੋਚਨਾ : ਵਸਤ, ਵਿਧੀ ਤੇ ਦ੍ਰਿਸ਼ਟੀ ਦੀ ਪਛਾਣ

https://www.researchgate.net/publication/290440242_Dr_Surinder_Kumar_Daweshwer_di_Sahit_Alocharna-Drishti_Vibhin_Pasar_da_suridara_kumara_davesavara_di_sahita_alocana-disati_vibhana_pasara
The novel distinguishes itself from romance in which the protagonist 
proves himself a hero, actually fulfils his heroic potentiality. 
Maurice Z. Shroder

ਪ੍ਰਗਤੀਵਾਦ ਦਾ ਵਿਸ਼ਵ-ਪੱਧਰੀ ਆਧਾਰ, ਨਿਰਸੰਦੇਹ, ਪੈਰਿਸ ਵਿਚ ਹੋਏ ਵਿਸ਼ਵ ਲੇਖਕ ਸੰਮੇਲਨ (World Congress of Writers for the Deference of Culture, 1935) ਵੱਲੋਂ ਪ੍ਰਤਿਗਾਮੀ ਤੇ ਸੰਕੀਰਣ ਰਾਸ਼ਟਰਵਾਦ 'ਫ਼ਾਸੀਵਾਦ' ਵਿਰੁੱਧ ਵਿਕਾਸਸ਼ੀਲ ਸ਼ਕਤੀਆਂ ਦੇ ਸਮਰੱਥਨ ਵਿਚ ਲੋਕ-ਚੇਤਨਾ ਨੂੰ ਪ੍ਰਚੰਡ ਕਰਨ ਲਈ ਸਹਾਈ ਸਾਹਿਤਕ-ਕਿਰਤਾਂ ਦੀ ਸਿਰਜਨਾ ਲਈ ਪ੍ਰਕਾਸ਼ਿਤ ਕੀਤੇ ਦਿਸ਼ਾ-ਨਿਰਦੇਸ਼ ਬਣਦੇ ਹਨ ਪ੍ਰੰਤੂ ਇਨ੍ਹਾਂ ਨਿਰਦੇਸ਼ਾਂ ਦੀ ਪੂਰਤੀ ਹਿੱਤ ਕਿਸੇ ਨਿਸ਼ਚਿਤ ਵਿਚਾਰਧਾਰਕ ਦਿਸ਼ਾ ਦੀ ਅਣਹੋਂਦ ਕਾਰਨ ਇਸ ਪ੍ਰਵਿਰਤੀ ਅਧੀਨ ਵਿਭਿੰਨ ਸੁਭਾਅ ਤੇ ਸਰੂਪ ਵਾਲੀਆਂ ਸਮਾਜ-ਕੇਂਦਰਿਤ ਵਿਚਾਰਧਾਰਾਵਾਂ ਵੀ ਕਾਰਜਸ਼ੀਲ ਹੋਈਆਂ ਹਨ ਇਹ ਵਿਚਾਰਧਾਰਾਵਾਂ ਆਪਣੇ ਸਰੂਪ ਦੀ ਇਕਰੂਪਤਾ ਕਾਰਨ ਸਮਾਨਾਰਥੀ ਪ੍ਰਤੀਤ ਹੁੰਦੀਆਂ ਹੋਈਆਂ ਵੀ ਪ੍ਰਯੋਜਨ ਪੱਖੋੱ ਮੂਲੋਂ ਹੀ ਵਿਰੋਧੀ ਜਾਂ ਵਿਭਿੰਨ ਹਨ ਇਸ ਕਾਰਨ ਪ੍ਰਗਤੀਵਾਦ ਸਾਹਿਤਕ-ਲਹਿਰ ਅਨੇਕ ਵਿਚਾਰਧਾਰਾਵਾਂ ਨੂੰ ਆਪਣੇ ਵਿਚ ਸਮਾਈ ਵਿਕੇਂਦਰਿਤ-ਮੁੱਖ ਵਿਚਾਰਧਾਰਕ ਪ੍ਰਵਿਰਤੀ ਦੀ ਧਾਰਨੀ ਅਨੇਕ ਦਿਸ਼ਾਵਾਂ ਅਖ਼ਤਿਆਰ ਕਰਦੀ ਹੈ, ਜਿਨ੍ਹਾਂ ਦਿਸ਼ਾਵਾਂ ਵਿਚੋਂ ਮਾਰਕਸਵਾਦੀ ਵਿਚਾਰਧਾਰਾ ਆਪਣੇ ਪ੍ਰਗਤੀਸ਼ੀਲ ਮਨੁੱਖ-ਹਿਤੈਸ਼ੀ ਤੇ ਕ੍ਰਾਂਤੀਕਾਰੀ ਸੁਭਾਅ ਕਾਰਨ ਪ੍ਰਗਤੀਵਾਦੀ ਲਹਿਰ ਦੀ ਪ੍ਰਮੁੱਖ ਦਿਸ਼ਾ ਵਜੋਂ ਸਥਾਪਿਤ ਹੁੰਦੀ ਹੈ ਪ੍ਰੰਤੂ ਇਸ ਦਿਸ਼ਾ ਦੇ ਅੰਤਰਗਤ ਜ਼ਿਆਦਾਤਰ ਪ੍ਰਗਤੀਵਾਦੀ ਪੰਜਾਬੀ ਗਲਪਕਾਰ ਵਸਤੂ-ਯਥਾਰਥ ਦੇ ਅੰਤਰ-ਵਿਰੋਧਾਂ ਤੇ ਤਨਾਵਾਂ ਨੂੰ ਸਮੁੱਚਤਾ (totality) ਤੇ ਜਟਿਲਤਾ (complex) ਵਿਚ ਪਕੜਨ ਅਤੇ ਪ੍ਰਤੀਨਿਧਤਾ ਵਿਚ ਪੇਸ਼ ਕਰਨ ਲਈ ਯਥਾਰਥ-ਬੋਧ ਦੀ ਵਿਗਿਆਨਿਕ-ਦ੍ਰਿਸ਼ਟੀ ਨੂੰ ਅਪਣਾਉਣ ਦੀ ਬਜਾਇ ਰੁਮਾਂਸਵਾਦੀ, ਸੁਧਾਰਵਾਦੀ-ਪ੍ਰਗਤੀਵਾਦੀ ਦ੍ਰਿਸ਼ਟੀ ਨੂੰ ਹੀ ਗ੍ਰਹਿਣ ਕਰਦੇ ਰਹੇ ਹਨ ਜਾਂ ਵਿਚਾਰ ਨੂੰ ਹੀ ਗਲਪੀ-ਵਿਧਾ ਦਾ ਵਿਹਾਰ ਸਵੀਕਾਰਦੇ ਹੋਏ ਭਾਸ਼ਣਨੁਮਾ ਤੇ ਉਪਭਾਵੁਕਤਾ-ਮੂਲਕ ਗਲਪੀ-ਸਿਰਜਨਾ ਕਰਨ ਵੱਲ ਹੀ ਅਗ੍ਰਸਰ ਰਹੇ ਹਨ
ਪ੍ਰਗਤੀਵਾਦੀ ਪ੍ਰਵਿਰਤੀ ਦੀਆਂ ਇਸ ਭਾਂਤ ਦੀਆਂ ਵਿਕੋਲਿਤਰੀਆਂ ਸਮੱਸਿਆਵਾਂ, ਸੰਭਾਵਨਾਵਾਂ, ਤੇ ਸੀਮਾਵਾਂ ਦੀ ਪਹਿਚਾਣ 'ਤੇ ਪ੍ਰਸ਼ਨ-ਚਿੰਨ੍ਹਤ ਕਰਨ ਦਾ ਕਾਰਜ ਹੀ ਡਾ਼ ਸੁਰਿੰਦਰ ਕੁਮਾਰ ਦਵੇਸ਼ਵਰ ਦੀ ਸਾਹਿਤ-ਆਲੋਚਨਾ ਦਾ ਆਰੰਭਕ ਬਿੰਦੂ ਬਣਦਾ ਹੈ ਜਿਸ ਦੇ ਪਰਿਣਾਮ ਸਰੂਪ ਦਵੇਸ਼ਵਰ ਸਾਹਿਤ-ਆਲੋਚਨਾ ਦਾ ਪ੍ਰਥਮ ਪਾਠ 'ਪ੍ਰਗਤੀਵਾਦ : ਇਤਿਹਾਸ ਤੇ ਸਿਧਾਂਤਕ ਪਰਿਪੇਖ' (1990) ਪ੍ਰਗਤੀਵਾਦ ਦੇ ਸਿਧਾਂਤਕ ਢਾਂਚੇ ਤੇ ਵਿਚਾਰਧਾਰਕ ਪਹੁੰਚ ਨੂੰ ਸਪੱਸ਼ਟ ਕਰਨ ਦਾ ਸਿਧਾਂਤਕ ਯਤਨ ਕਰਦਾ, ਪ੍ਰਗਤੀਵਾਦੀ ਸਾਹਿਤ ਅਧੀਨ ਯਥਾਰਥਮੁੱਖ ਕਲਾਤਮਿਕ ਬਿੰਬ ਦੀ ਵਿਹਾਰਿਕ ਪਹਿਚਾਣ ਦੇ ਵਿਸਤਰਿਤ, ਵਿਧੀਬੱਧ ਤੇ ਵਿਗਿਆਨਿਕ ਆਲੋਚਨਾਤਮਿਕ ਕਾਰਜ ਕਰਨ ਲਈ ਕਾਰਜਸ਼ੀਲ ਰਹਿੰਦਾ ਹੈ ਇਸ ਕਾਰਜਸ਼ੀਲਤਾ ਦੇ ਅੰਤਰਗਤ ਹੀ ਦਵੇਸ਼ਵਰ ਸਾਹਿਤ-ਆਲੋਚਨਾ ਡਾ਼ ਰਵਿੰਦਰ ਸਿੰਘ ਰਵੀ ਦੇ ਸੰਕਲਪ ਕਿ ''ਵਿਗਿਆਨਿਕ ਪ੍ਰਗਤੀਵਾਦ ਦੀ ਉਸਾਰੀ ਲਈ ਇਸਦੇ ਦਾਰਸ਼ਨਿਕ ਆਧਾਰ ਅਰਥਾਤ ਮਾਰਕਸਵਾਦ ਦੀ ਸਹੀ ਸਿੱਧਾਂਤਕ ਸੂਝ ਦੇ ਨਾਲ ਨਾਲ ਨਿਰੰਤਰ ਸੰਘਰਸ਼ਮਈ ਅਮਲੀ ਪ੍ਰਤਿਬੱਧਤਾ ਇਸ ਦਾ ਮੁੱਖ ਨਿਸ਼ਾਨਾ ਬਣੇਗੀ ਅਮਲ ਤੋਂ ਟੁੱਟਿਆ ਸਿਧਾਂਤ ਨਾ ਕੇਵਲ ਵਿਚਾਰਧਾਰਕ ਗਲਤੀਆਂ ਦਾ ਸ਼ਿਕਾਰ ਹੁੰਦਾ ਹੈ ਸਗੋਂ ਉਹ ਲੇਖਕ ਨੂੰ ਆਪਣੇ ਆਪਣੇ ਲੋਕਾਂ, ਆਪਣੀ ਧਰਤੀ ਅਤੇ ਆਪਣੇ ਸਭਿਆਚਾਰ ਨਾਲੋਂ ਤੋੜਦਾ ਹੋਇਆ ਉਨ੍ਹਾਂ ਨੂੰ ਕਾਲਪਨਿਕ ਜਾਂ ਰੁਮਾਂਟਿਕ ਜਗਤ ਵਲ ਲੈ ਜਾਂਦਾ ਹੈ'', ਨੂੰ ਆਪਣੇ ਚਿੰਤਨ ਦਾ ਆਦਰਸ਼ ਥਾਪ ਕੇ ਇਸ ਦੇ ਇਤਿਹਾਸ ਤੇ ਸਿੱਧਾਂਤਕ ਪੱਖ ਨੂੰ ਨਿੱਠ ਕੇ ਗੌਲਦੀ ਹੈ1 ਇਸ ਵਿਸ਼ਲੇਸ਼ਣ ਦੇ ਅੰਤਰਗਤ ਦਵੇਸ਼ਵਰ ਸਾਹਿਤ-ਆਲੋਚਨਾ ਪ੍ਰਗਤੀਵਾਦੀ ਪ੍ਰਵਿਰਤੀ ਦੇ ਸਿਧਾਂਤਕ ਤੇ ਵਿਚਾਰਧਾਰਿਕ ਆਧਾਰ ਨੂੰ ਅੰਤਰ-ਰਾਸ਼ਟਰੀ ਪਰਿਪੇਖ ਵਿਚ ਸਪੱਸ਼ਟ ਕਰਦੀ ਹੋਈ ਭਾਰਤੀ ਸਮਾਜਿਕ-ਆਰਥਿਕ ਵਿਵਸਥਾ ਅਧੀਨ ਇਸ ਦੇ ਪ੍ਰਵੇਸ਼ ਤੇ ਪਸਾਰ ਨੂੰ ਸਮਾਜਿਕ-ਚੇਤਨਾ ਵਿਚਲੇ ਇਕ ਮਹੱਤਵਪੂਰਨ ਇਤਿਹਾਸਕ ਪੜ੍ਹਾਅ ਵਜੋਂ ਪਹਿਚਾਣਦੀ ਹੈ ਅਤੇ ਪ੍ਰਗਤੀਵਾਦ ਦੀ ਭਵਿੱਖੀ ਦਿਸ਼ਾ ਨੂੰ ਵੀ ਉਜਾਗਰ ਕਰਦੀ ਹੋਈ ਪ੍ਰਗਤੀਵਾਦੀ ਪੰਜਾਬੀ ਸਾਹਿਤ ਦੀਆਂ ਸਮੱਸਿਆਵਾਂ ਤੇ ਸੰਭਾਵਨਾਵਾਂ ਨੂੰ ਵੀ ਦ੍ਰਿਸ਼ਟੀਗੋਚਰ ਕਰਦੀ ਹੈ ਦਵੇਸ਼ਵਰ ਸਾਹਿਤ-ਆਲੋਚਨਾ ਦਾ ਇਹ ਵਿਧੀਬੱਧ ਤੇ ਤਾਰਕਿਕ ਕਾਰਜ ਕਿਸੇ ਕਾਲਪਨਿਕ ਆਧਾਰ ਉੱਤੇ ਆਸ਼ਰਿਤ ਨਹੀਂ ਹੁੰਦਾ, ਸਗੋਂ ਤੱਥਮੂਲਕਤਾ ਨੂੰ ਆਪਣੀ ਵਿਧੀ ਵਜੋਂ ਸਵੀਕਾਰ ਕਰਦਾ ਹੋਇਆ ਵਿਗਿਆਨਿਕ ਤੇ ਪ੍ਰਮਾਣਿਕ ਪ੍ਰਤੀਮਾਨ ਸਿਰਜਦਾ (ਜਿਸ ਦਾ ਇਕ ਪ੍ਰਮਾਣ ਪਾਠ ਦੇ ਅੰਤ ਉੱਤੇ 'ਪਰਿਸ਼ਿਸ਼ਟ' ਸਿਰਲੇਖ ਅਧੀਨ ਦਿੱਤਾ ਪ੍ਰਗਤੀਵਾਦੀ ਲਹਿਰ ਦਾ ਘੋਸ਼ਣਾ ਪੱਤਰ ਹੈ) ਪ੍ਰਤੀਤ ਹੁੰਦਾ ਹੈ ਇਨ੍ਹਾਂ ਪ੍ਰਤੀਮਾਨਾਂ ਨੂੰ ਹੀ ਅੱਗੋਂ ਦਵੇਸ਼ਵਰ ਸਾਹਿਤ-ਆਲੋਚਨਾ ਦੇ ਹੋਰਨਾਂ ਮੌਲਿਕ ਪਾਠਾਂ ਪੰਜਾਬੀ ਗਲਪ ਚਿੰਤਨ (1997), ਸਮਾਜ ਸੱਤਾ ਤੇ ਸਮਕਾਲੀ ਨਾਵਲ (2006) ਅਤੇ ਆਧੁਨਿਕ ਪੰਜਾਬੀ ਬਿਰਤਾਂਤ (2012)  ਵਿਚੋਂ ਵੇਖਿਆ ਜਾ ਸਕਦਾ ਹੈ, ਜਿਹੜੇ ਪ੍ਰਗਤੀਵਾਦੀ-ਮਾਰਕਸਵਾਦੀ ਦ੍ਰਿਸ਼ਟੀ ਉੱਤੇ ਅਧਾਰਿਤ ਹੁੰਦੇ ਹੋਏ ਸਾਹਿਤ-ਸਿਧਾਂਤ, ਮੈਟਾ-ਆਲੋਚਨਾ ਤੇ ਪੰਜਾਬੀ ਗਲਪ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਂਕਣ ਦਾ ਕਾਰਜ ਕਰਦੇ ਹਨ ਦਵੇਸ਼ਵਰ ਸਾਹਿਤ ਆਲੋਚਨਾ ਦੇ ਇਨ੍ਹਾਂ ਪਸਾਰਾਂ ਵਿਚੋਂ ਪੰਜਾਬੀ ਗਲਪ-ਚਿੰਤਨ ਨਾਲ ਸੰਬੰਧਿਤ ਕਾਰਜ ਵਧੇਰੇ ਮਹੱਤਤਾ ਦਾ ਧਾਰਨੀ ਹੈ ਕਿਉਂਕਿ ਇਸ ਅਧੀਨ ਦਵੇਸ਼ਵਰ ਗਲਪ-ਆਲੋਚਨਾ ਗਲਪ ਦੀ ਹੋਂਦ-ਵਿਧੀ, ਪੰਜਾਬੀ ਸਾਹਿਤ ਅਧੀਨ ਆਧੁਨਿਕ ਗਲਪੀ-ਵਿਧਾਵਾਂ ਦੇ ਪ੍ਰਵੇਸ਼ ਤੇ ਪੰਜਾਬੀ ਦੇ ਪ੍ਰਤੀਨਿਧ ਗਲਪਕਾਰਾਂ ਬਾਰੇ ਵਸਤੂ-ਨਿਸ਼ਠ ਅਧਿਐਨ ਪੇਸ਼ ਕਰਦੀ ਹੈ
ਇਸ ਸੰਦਰਭ ਵਿਚ ਸਰਵ-ਪ੍ਰਥਮ ਦਵੇਸ਼ਵਰ ਗਲਪ-ਆਲੋਚਨਾ ਪਥਾਰਥਵਾਦੀ-ਦ੍ਰਿਸ਼ਟੀ ਅਨੁਸਾਰ 'ਗਲਪ' ਦੀ ਹੋਂਦ-ਵਿਧੀ ਨੂੰ ਆਪਣੇ ਚਿੰਤਨ ਦਾ ਵਸਤ ਬਣਾਉੱਦੀ ਹੋਈ 'ਗਲਪ' ਨੂੰ ਮਨੁੱਖੀ-ਚੇਤਨਾ ਦਾ ਇਕ ਅੰਗ ਕਿਆਸ ਕਰਦੀ ਹੈ, ਜਿਹੜਾ ਵਸਤੂਗਤ-ਜਗਤ ਤੋਂ ਪ੍ਰੇਰਿਤ ਤੇ ਪ੍ਰਭਾਵਿਤ ਹੁੰਦਾ ਹੋਇਆ ਪਰਤਵੇਂ ਰੂਪ ਵਿਚ ਵਸਤੂ-ਜਗਤ ਨੂੰ ਪ੍ਰਭਾਵਿਤ ਕਰਨ ਦਾ ਯਤਨ ਵੀ ਕਰਦਾ ਹੈ ਪ੍ਰੰਤੂ ਇਸ ਸੰਦਰਭ ਵਿਚ ਦਵੇਸ਼ਵਰ ਗਲਪ-ਆਲੋਚਨਾ ਗਲਪ ਤੇ ਵਸਤੂ-ਜਗਤ ਦੇ ਸੰਬੰਧਾਂ ਨੂੰ ਹੂ-ਬੁ-ਹੂ ਅਨੁਕਰਣ ਦੀ ਪ੍ਰਕਿਰਿਆ ਅਨੁਸਾਰ ਸਮਝਣ-ਸਮਝਾਉਣ ਦੀ ਬਜਾਇ ਇਨ੍ਹਾਂ ਦੇ ਅੰਤਰ-ਸੰਬੰਧਾਂ ਤੇ ਅੰਤਰ-ਦਵੰਦਾਂ ਦੀਆਂ ਪਰਤਾਂ ਨੂੰ ਫਰੋਲਦੀ 'ਗਲਪ' ਨੂੰ ਰਚਨਾਕਾਰ ਦੇ ਬੁੱਧੀ-ਵਿਵੇਕ 'ਤੇ ਅਧਾਰਿਤ ਰਚਨਾਤਮਿਕ ਵਿਧੀਆਂ ਤੇ ਸੰਭਾਵੀ-ਗੁਣਾਂ ਦੁਆਰਾ ਵਸਤੂ-ਜਗਤ ਤੋਂ ਨਿਖੜਵੇ ਤੇ ਨਿਵੇਕਲੇ ਰੂਪ ਵਿਚ ਪੇਸ਼ ਸਿਰਜਨਾ ਪ੍ਰਵਾਨ ਕਰਦੀ ਹੈ ਇਸ ਪ੍ਰਵਾਨਗੀ ਨਾਲ ਦਵੇਸ਼ਵਰ ਗਲਪ-ਆਲੋਚਨਾ ਆਪਣੇ ਗਲਪੀ-ਮਾਡਲ ਅਧੀਨ ਗਲਪੀ-ਸਿਰਜਨਾ ਦੀ ਸਾਪੇਖ-ਖ਼ੁਦਮੁਖਤਾਰੀ ਦੇ ਸਿਧਾਂਤ ਨੂੰ ਤਾਰਕਿਕ ਤਰੀਕੇ ਨਾਲ ਪ੍ਰਪੱਕ ਕਰਵਾਉਣ ਲਈ ਯਤਨਸ਼ੀਲ ਨਜ਼ਰੀ ਪੈਂਦੀ ਹੈ, ਜਿਹੜੀ ਯਤਨਸ਼ੀਲਤਾ ਇਸ ਗਲਪ-ਆਲੋਚਨਾ ਨੂੰ ਅੰਤਰੰਗ ਆਲੋਚਨਾ ਦੇ 'ਸ਼ੁੱਧ ਖ਼ੁਤਮੁਖਤਾਰੀ' ਤੇ ਬਾਹਰੰਗ ਆਲੋਚਨਾ ਦੇ 'ਸ਼ੁੱਧ ਸਾਪੇਖਤਾ' ਦੇ ਸਿਧਾਂਤਾਂ ਦੇ ਸਮਨਿਵੈ ਦੀ ਦਿਸ਼ਾ ਵੱਲ ਲੈ ਜਾਂਦੀ ਹੈ ਇਸ ਸਮਨਿਵੈ ਅਧੀਨ ਦਵੇਸ਼ਵਰ ਗਲਪ-ਆਲੋਚਨਾ ਸਰਵ-ਪ੍ਰਥਮ ਗਲਪ ਦੀ ਰਚਨਾ-ਵਸਤੂ ਨੂੰ ਨਿਰਧਾਰਿਤ ਕਰਦੀ ਰਚਨਾ-ਵਸਤੂ ਨੂੰ ਵਸਤੂ-ਯਥਾਰਥ ਦਾ ਰੂਪਾਂਤ੍ਰਤ ਹੋਇਆ ਅਜਿਹਾ ਪ੍ਰਤੀਨਿਧ ਬਿੰਬ ਕਿਆਸ ਕਰਦੀ ਹੈ, ਜਿਹੜਾ ਰਚਨਾਕਾਰ ਦੀ ਸੁਹਜਾਤਮਿਕ ਤੇ ਮੁੱਲਾਂਕਣੀ ਦ੍ਰਿਸ਼ਟੀ ਵਿਚੋਂ ਲੰਘਕੇ ਆਪਣੇ ਵਿਚ ਸਮੋਏ ਵਿਚਾਰਾਂ ਤੇ ਭਾਵਾਂ ਨਾਲ ਪਾਠਕ/ਸਰੋਤੇ ਲਈ ਨਵੀਨ ਸਮਝ ਸਿਰਜਦਾ ਹੈ ਦਵੇਸ਼ਵਰ ਗਲਪ-ਆਲੋਚਨਾ ਲਈ ਗਲਪ ਅਧੀਨ ਇਸ ਪ੍ਰਕਾਰ ਦੀ ਨਵੀਨ ਸਮਝ ਉਸ ਰਚਨਾ-ਦ੍ਰਿਸ਼ਟੀ ਉੱਤੇ ਆਸ਼ਰਿਤ ਹੁੰਦੀ ਹੈ, ਜਿਹੜੀ ਰਚਨਾਕਾਰ ਦੀ ਜੀਵਨ-ਦ੍ਰਿਸ਼ਟੀ ਤੇ ਯੁੱਗ-ਦ੍ਰਿਸ਼ਟੀ ਦੇ ਅੰਤਰ-ਸੰਬੰਧਾਂ 'ਤੇ ਅਧਾਰਿਤ ਰਚਨਾਤਮਿਕ ਵੇਰਵਿਆਂ ਅਧੀਨ ਵਿਚਾਰਧਾਰਕ ਸ਼ਕਤੀ ਦੇ ਰੂਪ ਵਿਚ ਗਲਪ ਅਧੀਨ ਪ੍ਰਵੇਸ਼ ਪਾਉੱਦੀ ਹੈ ਦਵੇਸ਼ਵਰ ਗਲਪ-ਆਲੋਚਨਾ ਇਸ ਰਚਨਾ-ਦ੍ਰਿਸ਼ਟੀ ਦੀ ਮਹੱਤਤਾ ਨੂੰ ਸਵੀਕਾਰਦੀ ਹੋਈ ਇਸ ਨੂੰ ਗਲਪੀ-ਸੰਗਠਨ ਦੀ ਉਹ ਕੇੱਦਰੀ ਧੁਨੀ ਵਜੋਂ ਵੇਖਦੀ ਹੈ, ਜਿਹੜੀ ਸੁਮੱਚੇ ਰਚਨਾ-ਪ੍ਰਬੰਧ ਨੂੰ ਆਪਣੇ ਕਲੇਵਰ ਵਿਚ ਲੈਂਦੀ ਵਸਤੂਗਤ-ਜਗਤ ਦੇ ਅਨੁਭਵ ਨੂੰ ਕਲਾਤਮਿਕ-ਬਿੰਬ (ਰਚਨਾ-ਵਸਤੂ) ਵਿਚ ਰੂਪਾਂਤ੍ਰਣ ਕਰਨ ਦੀ ਪ੍ਰਕਿਰਿਆ ਅਧੀਨ ਕਾਰਜਸ਼ੀਲ ਕਲਾਤਮਿਕ ਜੁਗਤਾਂ ਦੇ ਪ੍ਰਬੰਧ ਤੱਕ ਫੈਲੀ ਹੁੰਦੀ ਹੈ
ਇਸ ਪ੍ਰਸੰਗ ਵਿਚ ਦਵੇਸ਼ਵਰ ਗਲਪ-ਆਲੋਚਨਾ ਦੀ ਅਹਿਮ ਪ੍ਰਾਪਤੀ ਰਚਨਾ-ਵਸਤੂ, ਵਿਧੀ ਤੇ ਦ੍ਰਿਸ਼ਟੀ ਨੂੰ ਵਿਭਿੰਨ ਰੂਪਾਂ ਵਿਚ ਪਹਿਚਾਣ ਦੀ ਬਜਾਇ ਗਲਪ ਸੰਗਠਨ ਅਧੀਨ ਇਨ੍ਹਾਂ ਤੱਤਾਂ ਦੇ ਅੰਤਰ-ਸੰਬੰਧਾਂ ਤੇ ਅੰਤਰ-ਨਿਰਭਰਤਾ ਨੂੰ ਪ੍ਰਵਾਨ ਕਰਕੇ ਸੰਜੀਵ, ਜਟਿਲ ਤੇ ਗਤੀਸ਼ੀਲ ਰੂਪ ਵਿਚ ਗ੍ਰਹਿਣ ਕਰਨ ਦੀ ਹੈ ਜਿਸ ਗਤੀਸ਼ੀਲਤਾ ਦਾ ਸੁਚੇਤ ਅਧਿਐਨ ਕਰਦੀ ਹੋਈ ਦਵੇਸ਼ਵਰ ਗਲਪ-ਆਲੋਚਨਾ ਆਦਿਕਾਲੀ ਗਲਪ-ਸਿਰਜਨਾ 'ਮਿੱਥ', ਮੱਧਕਾਲੀ ਗਲਪ-ਸਿਰਜਨਾਵਾਂ 'ਰੁਮਾਂਸ/ਮਹਾਕਾਵਿ' ਅਤੇ ਆਧੁਨਿਕ ਗਲਪ-ਸਿਰਜਨਾਵਾਂ 'ਨਾਵਲ/ਕਹਾਣੀ' ਦੀ ਰੂਪ-ਵਿਧਾ ਦੀ ਤਤਕਾਲੀ ਸਮੇਂ ਤੇ ਸਥਾਨ ਦੇ ਅਨੁਰੂਪ ਉਪਯੋਗਤਾ ਨੂੰ ਵੇਖਦੀ ਇਨ੍ਹਾਂ ਦੀ ਸਾਰਥਕਤਾ ਨੂੰ ਪਹਿਚਾਣ ਦਾ ਵਿਧੀਬੱਧ ਯਤਨ ਕਰਦੀ ਹੈ ਇਸ ਯਤਨ ਅਧੀਨ ਦਵੇਸ਼ਵਰ ਗਲਪ-ਆਲੋਚਨਾ ਨਾਰਥ੍ਰਪ ਫਰਾਈ (Northrop Frye) ਦੀ ਪੁਸਤਕ Anatomy of Critism ਦੇ ਪ੍ਰਭਾਵ ਅਧੀਨ ਗਲਪੀ-ਸਿਰਜਨਾਵਾਂ ਦੇ ਮੁੱਖ-ਪਾਤਰ ਦੀ ਹੋਂਦ ਵਿਧੀ, ਸ਼ਕਤੀ ਤੇ ਸਮਰੱਥਾ ਦੇ ਆਧਾਰ 'ਤੇ ਇਨ੍ਹਾਂ ਦੀ ਵੰਡ ਤੇ ਇਤਿਹਾਸਕ ਕ੍ਰਮ ਨੂੰ ਉਲੀਕਦੀ ਲਿਖਦੀ ਹੈ :
ਮਿੱਥ ਦਾ ਨਾਇਕ ਦੇਵ ਹੁੰਦਾ ਹੈ, ਮਹਾਂਕਾਵਿ ਦਾ ਨਾਇਕ ਦੇਵ ਗੁਣਾਂ ਵਾਲਾ ਮਨੁੱਖ ਰੁਮਾਂਸ ਦਾ ਨਾਇਕ ਨਾ ਤਾਂ ਦੇਵ ਹੁੰਦਾ ਹੈ ਅਤੇ ਨਾ ਹੀ ਦੇਵ ਗੁਣਾਂ ਵਾਲਾ ਮਨੁੱਖ ਉਹ ਹੁੰਦਾ ਤਾਂ ਮਨੁੱਖ ਹੈ, ਵਾਸਤਵਿਕ ਮਨੁੱਖ, ਪਰੰਤੂ ਅਸਾਧਾਰਨ ਗੁਣਾਂ ਵਾਲਾ ਸਾਧਾਰਨ ਪਾਠਕ ਆਪਣੇ ਆਪ ਨੂੰ ਨਾਇਕ ਧਿਰ ਨਾਲ ਇਕਸੁਰ ਕਰਕੇ ਆਰਜ਼ੀ ਕਾਵਿਕ ਆਨੰਦ ਤਾਂ ਪ੍ਰਾਪਤ ਕਰ ਲੈਂਦਾ ਹੈ ਪਰੰਤੂ ਵਾਸਤਵਿਕਤਾ ਬਾਰੇ ਉਸ ਦੀ ਸੋਝੀ ਭ੍ਰਾਂਤੀਆਂ ਦਾ ਸ਼ਿਕਾਰ ਹੋ ਜਾਂਦੀ ਹੈ ਬਿਰਤਾਂਤ ਦੇ ਉਪਰੋਕਤ ਰੂਪ ਆਪਣੇ ਵਰਤਾਉ ਵਿਚ ਭਾਵੇਂ ਕਿੰਨੇ ਵੀ ਅਤਾਰਕਿਕ ਤੇ ਅਸੰਭਵ ਲੱਗਣ ਪਰੰਤੂ ਉਨ੍ਹਾਂ ਵਿਚ ਆਪਣੇ ਸਮੇਂ ਦੀ ਸਮੂਹਿਕਤਾ ਅਤੇ ਸਮਾਜ-ਸਭਿਆਚਾਰਕ ਇਤਿਹਾਸਕਤਾ ਦੀ ਛਾਪ ਜ਼ਰੂਰ ਛੁਪੀ ਹੁੰਦੀ ਹੈ (ਪ੍ਰੰਤੂ) ਨਾਵਲ ਮੂਲ ਰੂਪ ਵਿਚ ਵਾਸਤਵਿਕ ਮਨੁੱਖੀ ਜੀਵਨ ਨਾਲ ਸੰਬੰਧਿਤ ਹੈ ਇਸ ਵਿਚ ਮਨੁੱਖ, ਮਨੁੱਖੀ ਸੰਸਥਾਵਾਂ ਦੇ ਰੂਪ ਵਿਚ ਪ੍ਰਗਟ ਹੋਣ ਵਾਲੇ ਮਨੁੱਖੀ ਰਿਸ਼ਤਿਆਂ ਦੇ ਪ੍ਰਸੰਗ ਵਿਚ ਕਲਾਤਮਕ ਰੂਪ ਵਿਚ ਮੂਰਤੀਮਾਨ ਹੁੰਦਾ ਹੈ2
ਇਸ ਤਰ੍ਹਾਂ ਦਵੇਸ਼ਵਰ ਗਲਪ-ਆਲੋਚਨਾ ਦੇ ਸਿਧਾਂਤਕ ਮਾਡਲ ਦਾ ਨਿਰਮਾਣ ਸਮਾਜਿਕ, ਸਾਂਸਕ੍ਰਿਤਕ, ਸੁਹਜਾਤਮਿਕ ਤੇ ਇਤਿਹਾਸਕ ਅਧਾਰਾਂ ਉੱਤੇ ਕਰਦੀ ਹੋਈ 'ਮਿੱਥ ਤੋਂ ਨਾਵਲ' ਤੱਕ ਗਲਪ-ਵਿਧਾਵਾਂ ਦੇ ਵਿਕਾਸ ਨੂੰ ਵਿਧੀਬੱਧ ਢੰਗ ਨਾਲ ਵੇਖਣ ਦਾ ਯਤਨ ਕਰਦੀ ਇਨ੍ਹਾਂ ਵਿਧਾਵਾਂ ਦੀ ਪ੍ਰਕਿਰਤੀ, ਪ੍ਰਕਿਰਿਆ ਤੇ ਪ੍ਰਕਾਰਜ ਨੂੰ ਸਪੱਸ਼ਟ ਕਰਦੀ ਹੈ ਅਤੇ ਇਨ੍ਹਾਂ ਦੀ ਸਾਰਥਕਤਾ ਤੇ ਸੰਦਰਭ ਨੂੰ  ਦ੍ਰਿਸ਼ਟੀਗੋਚਰ ਕਰਨ ਦਾ ਮਹੱਤਵਪੂਰਨ ਕਾਰਜ ਵੀ ਕਰਦੀ ਹੈ ਇਸ ਗਲਪ-ਮਾਡਲ ਦੇ ਨਿਰਮਾਣ ਵਿਚ ਦਵੇਸ਼ਵਰ ਗਲਪ-ਆਲੋਚਨਾ ਦਾ ਸੁਭਾਅ ਸੰਬਾਦੀ ਅਤੇ ਵਿਭਿੰਨ ਆਲੋਚਾਤਮਿਕ ਪੱਧਤੀਆਂ ਤੋਂ ਅੰਤਰ-ਦ੍ਰਿਸ਼ਟੀਆਂ ਗ੍ਰਹਿਣ ਕਰਨ ਦਾ ਰਿਹਾ ਹੈ ਜਿਸ ਦੇ ਅੰਤਰਗਤ ਇਹ ਗਲਪ-ਆਲੋਚਨਾ ਗਲਪੀ-ਸੰਕਲਪਾਂ ਨੂੰ ਵਿਸ਼ਵ-ਪੱਧਰੀ ਵਿਦਵਾਨਾਂ ਨਾਰਥ੍ਰਪ ਫਰਾਈ, ਮਿਸ਼ੈਲ ਜ਼ਿਰਾਫ਼ਾ, ਰੈਲਫ ਫਾਕਸ ਆਦਿ ਅਤੇ ਪੰਜਾਬੀ ਚਿੰਤਨ ਪਰੰਪਰਾ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਟੀ. ਆਰ. ਵਿਨੋਦ ਤੇ ਜੋਗਿੰਦਰ ਸਿੰਘ ਰਾਹੀ ਵਰਗੇ ਗਲਪ-ਚਿੰਤਕਾਂ ਦੇ ਆਲੋਚਾਨਾਤਮਿਕ ਕਾਰਜਾਂ ਵਿਚੋਂ ਗ੍ਰਹਿਣ ਕਰਦੀ ਹੈ ਇਸ ਸੰਦਰਭ ਵਿਚ ਦਵੇਸ਼ਵਰ ਗਲਪ-ਆਲੋਚਨਾ ਦੀ ਪ੍ਰਾਪਤੀ ਇਨ੍ਹਾਂ ਸੰਕਲਪਾਂ ਨੂੰ ਆਪਣੇ ਚਿੰਤਨ-ਮੰਨਨ ਦਾ ਅੰਗ ਬਣਾਕੇ ਪੰਜਾਬੀ ਬਿਰਤਾਂਤਕ-ਪਰੰਪਰਾ ਤੇ ਪ੍ਰਵਾਹ ਦੇ ਸਮਾਨਾਂਤਰ ਰੱਖਕੇ ਸਰਲ, ਸਪੱਸ਼ਟ ਤੇ ਮੌਲਿਕ ਰੂਪ ਪ੍ਰਦਾਨ ਕਰਕੇ ਸਮਝਣ-ਸਮਝਾਉਣ ਦੀ ਵਿਆਖਿਆਮਈ-ਸ਼ੈਲੀ ਅਧੀਨ ਨਿਹਿਤ ਹੈ ਜਿਹੜੀ ਅੱਗੋਂ ਦਵੇਸ਼ਵਰ ਗਲਪ-ਆਲੋਚਨਾ ਦੀ  ਸੰਤੁਲਿਤ ਯਥਾਰਥ-ਬੋਧ ਦੀ ਵਿਗਿਆਨਿਕ ਵਿਧੀ ਨਾਲ ਸੁਮੇਲ ਕਰਦੀ ਹੋਈ ਗਲਪੀ-ਸਿਰਜਨਾ ਦੀਆਂ ਵਿਭਿੰਨ ਪਰਤਾਂ, ਪਾਸਾਰਾਂ ਤੇ ਸਿਧਾਂਤਾਂ ਨੂੰ ਵਿਗਿਆਨਿਕ ਤੇ ਵਸਤੂਭਾਵੀ ਢੰਗ ਨਾਲ ਅਗਰਭੂਮਿਤ ਕਰਦੀ ਹੈ ਜਦੋਂ ਕਿ ਇਸ ਦੇ ਮੁਕਾਬਲੇ ਪੰਜਾਬੀ ਦੀ ਵਧੇਰੇ ਗਲਪ-ਆਲੋਚਨਾ ਚਿੰਤਨ-ਮੰਨਨ ਤੋਂ ਨਿਰਲੇਪ ਨਿਰੋਲ ਪੱਛਮੀ ਸਿਧਾਂਤਕ-ਪੱਧਤੀਆਂ ਦੇ ਮਕਾਨਕੀ ਰੂਪ ਉੱਤੇ ਨਿਰਭਰ ਕਰਦੀ ਹੋਈ ਜਾਂ ਤਾਂ ਸ਼ੁੱਧ ਰੂਪ-ਕੇਂਦਰਿਤ ਪਹੁੰਚ ਅਪਣਾਉਂਦੀ ਗਲਪੀ-ਸਿਰਜਨਾ ਦੇ ਸਮਾਜਿਕ ਤੇ ਇਤਿਹਾਸਕ ਪਰਿਪੇਖ ਤੋਂ ਨਿਰਲੇਪ ਰਹਿੰਦੀ ਹੈ ਜਾਂ ਫਿਰ ਸ਼ੁੱਧ ਸਮਾਜ-ਕੇੱਦਰਿਤ ਵਿਧੀ ਧਾਰਨ ਕਰਦੀ ਹੋਈ ਪ੍ਰਸੰਗ ਨੂੰ ਅਧਿਕ ਮਹੱਤਵ ਦੇ ਕੇ ਗਲਪੀ-ਪਾਠ ਨੂੰ ਪ੍ਰੋਖੇ ਕਰ ਜਾਂਦੀ ਹੈ ਪ੍ਰੰਤੂ ਇਸ ਪ੍ਰਸੰਗ ਵਿਚ ਦਵੇਸ਼ਵਰ ਗਲਪ-ਆਲੋਚਨਾ ਆਪਣੇ ਸੰਤੁਲਿਤ ਮਾਰਕਸਵਾਦੀ-ਦ੍ਰਿਸ਼ਟੀਕੋਣ ਦੁਆਰਾ ਇਨ੍ਹਾਂ ਵਿਸੰਗਤੀਆਂ ਤੇ ਉਲਾਰਾਂ ਤੋਂ ਰਹਿਤ ਵਧੇਰੇ ਸੰਤੁਲਿਤ ਤੇ ਮੌਲਿਕ ਧਰਾਤਲ 'ਤੇ ਵਿਚਰਦੀ ਹੈ ਇਸ ਸੰਤੁਲਿਤ ਤੇ ਮੌਲਿਕ ਧਰਾਤਲ 'ਤੇ ਇਹ ਆਲੋਚਨਾ ਗਲਪੀ-ਸੰਰਚਨਾ ਦੀ ਹੋਂਦ ਵਿਧੀ ਨੂੰ ਮਨੁੱਖੀ-ਹੋਂਦ ਵਿਧੀ ਨਾਲ ਸੰਬੰਧਿਤ ਕਰਦੀ ਹੋਈ, ਬਿਰਤਾਂਤ ਦੇ ਉਸ ਸੁਭਾਅ ਤੇ ਸਰੂਪ ਨੂੰ ਸਪੱਸ਼ਟ ਕਰਦੀ ਹੈ ਜਿਹੜਾ ਮਨੁੱਖ ਤੇ ਮਨੁੱਖੀ-ਗਿਆਨ ਦੇ ਬੁਨਿਆਦੀ ਆਧਾਰ 'ਕਾਰਜ' ਦੀਆਂ ਵਿਭਿੰਨ ਪਰਤਾਂ, ਪਾਸਾਰਾਂ, ਦਸ਼ਾਵਾ ਤੇ ਦਿਸ਼ਾਵਾਂ ਨੂੰ ਰੂਪਮਾਨ ਕਰਦਾ ਹੈ ਨਿਰਸੰਦੇਹ  ਇਹ 'ਕਾਰਜ' ਮਨੁੱਖੀ ਗਿਆਨ ਦੇ ਆਦਿ ਤੇ ਆਧਾਰ ਵੱਜੋੱ ਮਨੁੱਖੀ-ਕਿਰਤ ਉਤੇ ਅਧਾਰਿਤ ਪ੍ਰਕਿਰਤੀ ਤੇ ਸਮਾਜ ਦੀਆਂ ਵਸਤੂਆਂ/ਵਰਤਾਰਿਆਂ ਨੂੰ ਪਰਿਵਰਤਤ ਕਰਨ ਵਾਲਾ ਸਮਾਜਿਕ ਅਮਲ ਹੈ ਇਸ ਅਮਲ ਅਧੀਨ ਬਾਹਰਮੁੱਖੀ ਵਸਤੂ-ਜਗਤ ਮਨੁੱਖ ਦੀਆਂ ਗਿਆਨ ਇੰਦਰੀਆਂ ਉੱਤੇ 'ਕਾਰਜ' ਕਰਦਾ ਮਨੁੱਖੀ-ਚੇਤਨਾ ਨੂੰ ਬੋਧ ਪ੍ਰਦਾਨ ਕਰਦਾ ਹੈ ਅਤੇ ਪਰਤਵੇਂ ਰੂਪ ਵਿਚ ਮਨੁੱਖ ਪ੍ਰਾਪਤ ਬੋਧ ਦੇ ਚਿੰਤਨ ਦੁਆਰਾ ਬਾਹਰਮੁੱਖੀ ਵਸਤੂ-ਜਗਤ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਹਿੱਤ ਪਰਿਵਰਤਤ/ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਇਸ ਕਾਰਨ ਇਹ 'ਕਾਰਜ' ਨਾ ਕੇਵਲ ਗਿਆਨ ਦਾ ਆਧਾਰ ਸੋਮਾ ਹੀ ਬਣਦਾ ਹੈ ਸਗੋਂ ਇਸ ਦਾ ਪ੍ਰਯੋਜਨ ਵੀ ਸਿੱਧ ਹੁੰਦਾ ਹੈ, ਜਿਸ ਨੂੰ ਦਵੇਸ਼ਵਰ ਗਲਪ-ਆਲੋਚਨਾ ਬਿਰਤਾਂਤਕ-ਸਿਰਜਨਾ ਦੀ ਆਧਾਰ-ਸਮੱਗਰੀ ਤੇ ਹੋਂਦ-ਵਿਧੀ ਵਜੋਂ ਮਾਨਤਾ ਦਿੰਦੀ ਹੈ
ਬਣਨ ਤੇ ਬਿਣਸਣ ਦੀ ਹਰ ਖਿਣ ਵਾਪਰਦੀ ਕਿਰਿਆ ਰਾਹੀਂ ਵਸਤਾਂ ਰੂਪ ਵਟਾਉੱਦੀਆਂ ਹਨ ਇਹ ਵਟਵੇਂ ਰੂਪ ਹੀ ਕੁਦਰਤ ਦੀਆਂ ਨਿਰਜੀਵ ਅਤੇ ਸਜੀਵ ਚੀਜ਼ਾਂ ਹਨ ਇਥੋੱ ਤੱਕ ਕਿ ਚੇਤਨਾ ਵੀ ਪਦਾਰਥ ਦਾ ਹੀ ਅਮੂਰਤ ਅਤੇ ਸੂਖ਼ਮ ਰੂਪ ਹੈ ਪਦਾਰਥ ਦੇ ਇਸ ਸਦੀਵੀੱ ਲੱਛਣ ਸਦਕਾ ਹੀ ਹਰੇਕ ਨਿਰਜੀਵ ਜਾਂ ਸਜੀਵ ਵਸਤੂ ਵਿਚ ਇਕ ਜਾਂ ਦੂਸਰੀ ਭਾਂਤ ਦਾ ਕਾਰਜ ਵਾਪਰਦਾ ਰਹਿੰਦਾ ਹੈ ਬਿਰਤਾਂਤ ਦਾ ਮੂਲ ਤੱਤ ਇਹ ਕਾਰਜ ਹੀ ਹੈ ਇਸ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਕਾਰਜ ਦੀਆਂ ਵਿਭਿੰਨ ਪਰਤਾਂ, ਪਾਸਾਰਾਂ ਦਸ਼ਾਵਾਂ ਅਤੇ ਦ੍ਰਿਸ਼ਾਵਾਂ ਨੂੰ ਰੂਪਮਾਨ ਕਰਦਾ ਹੈ3
ਪ੍ਰੰਤੂ ਵਸਤੂ-ਜਗਤ ਦੇ ਬੋਧ ਵਿਚੋਂ ਪ੍ਰਾਪਤ ਉਪਰੋਕਤ ਗਿਆਨ ਕੇਵਲ ਮਨੁੱਖੀ-ਕਾਰਜ ਦਾ ਸਿਧਾਂਤਕ ਰੂਪ ਹੁੰਦਾ ਹੈ, ਜਿਹੜਾ ਆਪਣੇ-ਆਪ ਵਿਚ ਵਸਤੂ-ਜਗਤ ਨੂੰ ਪਰਿਵਰਤਨ ਕਰਨ ਤੋਂ ਅਸਮਰੱਥ, ਕੇਵਲ ਵਸਤੂ-ਜਗਤ ਨੂੰ ਪ੍ਰਤਿਬਿੰਬਤ ਕਰਨ ਦੀ ਸਮਰੱਥਾ ਹੀ ਰੱਖਦਾ ਹੈ ਇਸ ਦੀ ਸਮਰੱਥਾ ਉਦੋੱ ਹੀ ਸਾਰਥਕ ਸਿੱਧ ਹੁੰਦੀ ਹੈ ਜਦੋਂ ਗਿਆਨ/ਸਿਧਾਂਤ 'ਕਾਰਜ' ਲਈ ਦਿਸ਼ਾ ਨਿਰਧਾਰਿਤ ਕਰਦਾ ਤੇ 'ਕਾਰਜ' ਦੁਆਰਾ ਪਰਤਵੇਂ ਰੂਪ ਵਿਚ ਪ੍ਰਭਾਵਿਤ ਹੁੰਦਾ, ਸਮਾਜਿਕ ਵਿਕਾਸ ਦਾ ਕਾਰਨ ਬਣਦਾ ਹੈ ਪ੍ਰੰਤੂ ਸਿਧਾਂਤ ਤੇ ਕਾਰਜ ਦੀ ਉਪਰੋਕਤ ਸੰਗਤੀ ਸ਼੍ਰੇਣੀਗਤ ਸਮਾਜਿਕ-ਵਿਵਸਥਾ ਦੇ ਹੋਂਦ ਵਿਚ ਆਉਣ ਨਾਲ ਵਿਸੰਗਤੀ ਜਾਂ ਭਰਮ ਵਿਚ ਪਰਿਵਰਤਤ ਹੋ ਗਈ ਹੈ ਇਸ ਦੇ ਅੰਤਰਗਤ ਸਾਧਨਾਂ 'ਤੇ ਕਾਬਜ਼ ਸ਼੍ਰੇਣੀਆਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਤੇ ਸਾਧਨਾਂ 'ਤੇ ਸਥਾਈ ਸੱਤਾ ਲਈ ਸਮਾਜਿਕ-ਵਿਕਾਸ ਦੇ ਬੁਨਿਆਦੀ ਕਾਰਨ 'ਕਾਰਜ' ਤੇ 'ਗਿਆਨ/ਸਿਧਾਂਤ' ਦੇ ਸੰਵਾਦੀ ਸੰਬੰਧਾਂ ਨੂੰ ਵਿਖੰਡਤ ਕਰ ਦਿੱਤਾ ਹੈ ਅਤੇ ਇਸ ਅਧੀਨ ''ਆਪਣੇ ਆਪ ਨੂੰ ਗਿਆਨੀ-ਧਿਆਨੀ ਸਮਝਦੇ (ਵਿਅਕਤੀ), ਕਾਰਜ ਨਾਲੋਂ ਗਿਆਨ ਨੂੰ ਤਰਜੀਹ ਦਿੰਦੇ ਹਨ (ਅਤੇ) ਉਹ ਗਿਆਨ ਦੀ ਨਿਰਪੇਖ ਹੋਂਦ ਵਿਚ ਵਿਸ਼ਵਾਸ ਰੱਖਦੇ ਹਨ''4 ਇਸ ਪ੍ਰਕਾਰ ਦੀ ਭ੍ਰਮਕ ਧਾਰਨਾ ਬਿਰਤਾਂਤ ਦੇ ਕਾਵਿ-ਸ਼ਾਸਤਰ ਨੂੰ ਉਸਾਰਨ ਲਈ ਵੀ ਕਾਰਜਸ਼ੀਲ ਦ੍ਰਿਸ਼ਟੀਗੋਚਰ ਹੁੰਦੀ ਹੈ ਜਿਸ ਬਾਰੇ ਦਵੇਸ਼ਵਰ ਗਲਪ-ਆਲੋਚਨਾ ਆਪਣੀ ਵਿਚਾਰਧਾਰਕ ਪ੍ਰਤਿਬੱਧਤਾ (ਕੱਟੜਤਾ ਨਹੀਂ) ਦੇ ਸਹਾਰੇ ਬਿਰਤਾਂਤ-ਸਿਰਜਨਾ ਦੇ ਕਾਵਿ-ਸ਼ਾਸਤਰ ਦੀ ਉਸਾਰੀ ਲਈ ਗਿਆਨ/ਸਿਧਾਂਤ ਤੇ ਅਮਲ ਦੇ ਦਵੰਦਾਤਮਿਕ-ਸੰਬੰਧਾਂ ਨੂੰ ਬਾਹਰਮੁੱਖੀ ਧਾਰਨਾਵਾਂ ਨਾਲ ਸਮਝਦੀ ਹੋਈ, ਉਨ੍ਹਾਂ ਸਥਾਪਤੀਮੁੱਖ ਧਾਰਨਾਵਾਂ ਨਾਲ ਅਚੇਤ ਸੰਵਾਦ ਰਚਾਉੱਦੀ ਹੈ, ਜਿਹੜੀਆਂ ਬਿਰਤਾਂਤ-ਸਿਰਜਨਾ ਨੂੰ ਸਾਧਾਰਨ ਮਨੁੱਖ ਦੀ ਸੁਹਜ ਤ੍ਰਿਪਤੀ ਦਾ ਮਹੱਤਵਹੀਣ ਸਾਧਨ ਸਵੀਕਾਰਦੀਆਂ ਹਨ ਅਤੇ ਇਸ ਦੇ ਕਾਵਿ-ਸ਼ਾਸਤਰ ਦੀ ਉਸਾਰੀ ਲਈ ਕੇਵਲ ਦਿਮਾਗੀ-ਘੁਣਤਰਬਾਜ਼ੀਆਂ ਨੂੰ ਆਧਾਰ ਬਣਾਉਂਦੀਆਂ ਹੋਈਆਂ ਬਿਰਤਾਂਤਕ-ਸਾਹਿਤ ਦੇ ਇਤਿਹਾਸਕ ਪਰਿਵੇਸ਼ ਨੂੰ ਪ੍ਰੋਖੇ ਕਰਦੀਆਂ ਹਨ
ਇਸ ਪ੍ਰਕਾਰ ਦਵੇਸ਼ਵਰ ਗਲਪ-ਆਲੋਚਨਾ ਸਿਧਾਂਤਕ ਪੱਧਰ ਉੱਤੇ ਬਿਰਤਾਂਤ-ਸਿਰਜਨਾ ਦੀ ਵਸਤੂ-ਸਮੱਗਰੀ ਉਸ ਬਾਹਰਮੁੱਖੀ 'ਕਾਰਜ' ਵਿਚ ਨਿਰਧਾਰਿਤ ਕਰਦੀ ਹੈ, ਜਿਹੜਾ ਗਲਪੀ-ਸਿਰਜਨਾ ਵਿਚ ਰੂਪਮਾਨ ਹੋਣ ਵਾਲੀ ਸਥਿਤੀਆਂ ਨੂੰ ਗਤੀ ਪ੍ਰਦਾਨ ਕਰਦਾ, ਗਲਪੀ-ਸੰਰਚਨਾ ਵਿਚ 'ਗਤੀ' ਦੀ ਸਿਰਜਨਾ ਕਰਦਾ ਹੈ ਇਸ 'ਗਤੀ' ਦੀ ਗਲਪੀ-ਸਿਰਜਨਾ ਵਿਚ ਅਭਿਵਿਅਕਤੀ ਅਨਯ-ਪੁਰਖੀ, ਉੱਤਮ-ਪੁਰਖੀ ਜਾਂ ਕੋਈ ਮੈਂ-ਪਾਤਰ ਦੇ ਭਾਸ਼ਾਈ ਬਿਆਨ ਰਾਹੀ ਸਮੇਂ ਤੇ ਸਥਾਨ ਦੇ ਵਿਸ਼ੇਸ਼ ਪਰਿਵੇਸ਼ ਅਧੀਨ ਹੁੰਦੀ ਹੈ ਇਸ ਦੇ ਨਾਲ ਦਵੇਸ਼ਵਰ ਗਲਪ-ਆਲੋਚਨਾ ਬਿਰਤਾਂਤਕ-ਸਿਰਜਨਾ ਦੀ ਰਚਨਾ-ਸਮੱਗਰੀ, ਪ੍ਰਗਟਾਉ-ਵਿਧੀ ਤੇ ਹੋਂਦ-ਵਿਧੀ ਨੂੰ ਕ੍ਰਮਵਾਰ ਕਾਰਜ, ਜੁਗਤਾਂ ਤੇ ਗਤੀ ਦਾ ਸੰਗਠਿਤ ਪ੍ਰਬੰਧ ਸਵੀਕਾਰ ਕਰਦੀ ਹੈ ਇਨ੍ਹਾਂ ਤੱਤਾਂ ਦੀ ਹੋਂਦ ਕਾਰਨ ਹੀ ਬਿਰਤਾਂਤ-ਸਿਰਜਨਾਵਾਂ ਹਰ ਯੁੱਗ ਦੇ ਸਾਹਿਤਕ-ਖੇਤਰ ਅਧੀਨ ਆਪਣੀ ਵੱਖਰੀ ਤੇ ਵਿਸ਼ੇਸ਼ ਹੋਂਦ ਸਥਾਪਿਤ ਕਰਦੀਆਂ ਹਨ ਅਤੇ ਇਨ੍ਹਾਂ ਬੁਨਿਆਦੀ ਤੱਤਾਂ ਦੇ ਯੁੱਗ-ਦ੍ਰਿਸ਼ਟੀ (ਜੋ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਰਚਨਾ-ਦ੍ਰਿਸ਼ਟੀ ਨੂੰ ਪ੍ਰਭਾਵਿਤ ਕਰਦੀ, ਰਚਨਾ-ਵਸਤੂ ਤੇ ਰਚਨਾ-ਵਿਧੀ ਨੂੰ ਵੀ ਨਿਰਧਾਰਿਤ ਕਰਦੀ ਹੈ) ਦੇ ਸਮਾਨਾਂਤਰ ਪਰਿਵਰਤਤ ਹੁੰਦੇ ਸੁਭਾਅ ਤੇ ਸਰੂਪ ਅਨੁਸਾਰ ਹੀ ਬਿਰਤਾਂਤ-ਸਿਰਜਨਾ ਕਿਸੇ ਯੁੱਗ-ਵਿਸ਼ੇਸ਼ ਅਧੀਨ ਸਾਰਥਕ ਭੂਮਿਕਾ ਨਿਭਾਉੱਦੀਆਂ ਹਨ ਜਿਹੜੀ ਹਰ ਯੁੱਗ ਦੀ ਬਿਰਤਾਂਤ-ਸਿਰਜਨਾ ਦੇ ਵਿਸ਼ੇਸ਼ ਵਿਚਾਰਧਾਰਕ ਖ਼ਾਸੇ ਉੱਤੇ ਨਿਰਭਰ ਕਰਦੀ ਹੋਈ, ਦਵੇਸ਼ਵਰ ਗਲਪ-ਆਲੋਚਨਾ ਲਈ ਵਿਸ਼ੇਸ਼ ਅਰਥਾਂ ਦੀ ਧਾਰਨੀ ਬਣਦੀ ਹੈ
ਇਸ ਲਈ ਦਵੇਸ਼ਵਰ ਗਲਪ-ਆਲੋਚਨਾ ਹਰ ਯੁੱਗ ਦੇ ਬਿਰਤਾਂਤ-ਰੂਪਾਂ ਨੂੰ ਸੰਬੰਧਿਤ ਯੁੱਗ-ਦ੍ਰਿਸ਼ਟੀ ਅਧੀਨ ਪੈਦਾ ਹੋਈ ਰਚਨਾ-ਦ੍ਰਿਸ਼ਟੀ 'ਤੇ ਅਧਾਰਿਤ ਵਿਸ਼ੇਸ਼ ਵਿਚਾਰਧਾਰਕ ਰੂਪ ਮੰਨਦੀ ਹੈ ਇਸ ਅਧੀਨ ਇਹ ਆਲੋਚਨਾ ਸਮਾਜ ਦੀ ਮੁੱਢਲੀ ਅਵਿਕਸਤ ਅਵਸਥਾ ਅਧੀਨ ਪੈਦਾ ਹੋਈਆਂ ਮਿੱਥ-ਸਿਰਜਨਾਵਾਂ ਨੂੰ ਅਮਲ ਤੇ ਗਿਆਨ ਦੇ ਪਰਸਪਰ ਸੰਬੰਧਾਂ ਦੀ ਵਾਸਤਵਿਕ ਚੇਤਨਾ ਦੀ ਅਣਹੋਂਦ ਕਾਰਨ ਭ੍ਰਮਕ, ਮੱਧਕਾਲੀਨ ਸ਼੍ਰੇਣੀ-ਸਮਾਜ ਦੀ ਅਲੌਕਿਕਤਾ ਪ੍ਰਧਾਨ ਯੁੱਗ-ਦ੍ਰਿਸ਼ਟੀ ਅਧੀਨ ਅਸਾਧਾਰਨ ਤੇ ਅਲੌਕਿਕ ਵਿਅਕਤੀਆਂ ਦੇ 'ਕਾਰਨਾਮਿਆਂ' ਨੂੰ 'ਅੰਤਿਮ ਜਿੱਤ' ਦੀ ਰੂੜ੍ਹੀ ਦੁਆਰਾ ਅਭਿਵਿਅਕਤ ਕਰਨ ਕਾਰਨ ਸਥਾਪਤੀਮੂਲਕ ਅਤੇ ਗਿਆਨ-ਵਿਗਿਆਨ 'ਤੇ ਅਧਾਰਿਤ ਆਧੁਨਿਕ ਕਾਲ ਦੀ ਤਾਰਕਿਕ ਯੁੱਧ-ਦ੍ਰਿਸ਼ਟੀ ਅਧੀਨ ਪੈਦਾ ਹੋਈ ਕਹਾਣੀ ਤੇ ਨਾਵਲ ਸਿਰਜਨਾ ਨੂੰ ਸਾਧਾਰਨ ਮਨੁੱਖ ਦੀ ਸਾਧਾਰਨਤਾ ਨਾਲ ਜੋੜਦੀ ਹੈ ਅਜਿਹਾ ਕਰਦੇ ਸਮੇਂ ਦਵੇਸ਼ਵਰ ਗਲਪ-ਆਲੋਚਨਾ ਬਿਰਤਾਂਤਕ-ਰੂਪਾਂ ਦੀ ਹੋਂਦ-ਵਿਧੀ ਤੇ ਪ੍ਰਗਟਾਉ-ਵਿਧੀ ਦੇ ਵਿਕਾਸ ਨੂੰ ਇਤਿਹਾਸਕ ਪਰਿਪੇਖ ਨਾਲ ਸੰਬੰਧਿਤ ਕਰਦੀ ਹੋਈ ਵਸਤੂ-ਜਗਤ ਤੇ ਯੁੱਗ-ਦ੍ਰਿਸ਼ਟੀ ਦੇ ਵਿਕਾਸ ਦੇ ਸਮਾਨਾਂਤਰ ਰੱਖਕੇ ਵੇਖਦੀ ਹੈ ਪ੍ਰੰਤੂ ਇਥੇ ਸਮੱਸਿਆ ਇਹ ਹੈ ਕਿ ਦਵੇਸ਼ਵਰ ਗਲਪ-ਆਲੋਚਨਾ ਇਸ ਸਿਧਾਂਤਕ ਮਾਡਲ ਅਧੀਨ ਗਲਪ ਤੇ ਬਿਰਤਾਂਤ ਦੇ ਸੰਕਲਪਾਂ ਦਾ ਨਿਖੇੜਾ ਕਰਨ ਦੀ ਬਜਾਇ ਇਨ੍ਹਾਂ ਨੂੰ ਰੱਲਗੱਡ ਰੂਪ ਵਿਚ ਹੀ ਵੇਖਦੀ ਹੈ, ਜਦੋਂ ਕਿ ਸੂਖ਼ਮ ਪੱਧਰ ਉੱਤੇ ਵੇਖਦਿਆਂ ''ਬਿਰਤਾਂਤ ਨਿਰੋਲ ਗਲਪ ਦਾ ਸਮਾਂਨਾਰਥਕ ਸ਼ਬਦ ਨਹੀਂ ਰਹਿੰਦਾ ਸਗੋਂ ਇਸ ਦੇ ਘੇਰੇ ਵਿਚ ਜੀਵਨੀ, ਸਵੈ-ਜੀਵਨੀ ਅਤੇ ਇਤਿਹਾਸ ਵਰਗੀਆਂ ਉਹ ਸਮੂਹ ਸਿਰਜਨਾਵਾਂ ਵੀ ਆ ਜਾਂਦੀਆਂ ਹਨ ਜਿਨ੍ਹਾਂ ਵਿਚ ਕਥਾਨਕੀ ਦੀ ਰਚਨਾ-ਵਿਧੀ ਕਾਰਜਸ਼ੀਲ ਹੁੰਦੀ ਹੈ ਇਥੋੱ ਤਕ ਕਿ ਮਨੁੱਖ ਆਪਣੀ ਵਿਅਕਤੀਗਤ ਸਭਿਆਚਾਰਕ ਜਾਂ ਕੌਮੀ ਪਛਾਣ ਉਸਾਰਨ ਲਈ ਸਵੈ-ਬਿਰਤਾਂਤ ਦਾ ਸਾਹਾਰਾ ਲੈਂਦਾ ਹੈ''5 ਇਸ ਦਵੇਸ਼ਵਰ ਗਲਪ-ਆਲੋਚਨਾ ਬਿਰਤਾਂਤ ਅਤੇ ਗਲਪ ਨੂੰ ਇਕ ਹੀ ਰੂਪ ਵਿਚ ਪਛਾਣਦੀ ਤੇ ਨਿਰਧਾਰਿਤ ਕਰਦੀ ਹੈ
          ਪ੍ਰੰਤੂ ਇਸ ਦੇ ਬਾਵਜੂਦ ਦਵੇਸ਼ਵਰ ਗਲਪ-ਆਲੋਚਨਾ ਦੀ ਇਕ ਮਹੱਤਵਪੂਰਨ ਪ੍ਰਾਪਤੀ ਗਲਪ ਦੀ ਆਦਿ ਸਥਿਤੀ ਤੋਂ ਵਰਤਮਾਨ ਤੱਕ ਕੇ ਸਫ਼ਰ ਨੂੰ ਵਸਤੂ-ਨਿਸ਼ਠ ਦ੍ਰਿਸ਼ਟੀ ਨਾਲ ਸਪੱਸ਼ਟ ਕਰਨ ਅਤੇ ਉਸ ਦੇ ਸੰਭਾਵੀ-ਸਰੂਪ ਨੂੰ ਤਤਕਾਲੀਨ ਸਮਾਜਿਕ-ਸਾਂਸਕ੍ਰਿਤਕ ਦੇ ਅਨੁਰੂਪ ਕਰਕੇ ਵੇਖਣ ਵਾਲੀ ਸੰਤੁਲਿਤ-ਦ੍ਰਿਸ਼ਟੀ ਵਿਚ ਨਜ਼ਰੀ ਪੈਂਦੀ ਹੈ ਇਸ ਦਾ ਇਕ ਪ੍ਰਮਾਣ ਇਸ ਗਲਪ-ਆਲੋਚਨਾ ਦੀ ਉਲਾਰਭਾਵੀ ਸਰੋਕਾਰਾਂ ਤੋਂ ਮੁਕਤ ਆਲੋਚਨਾ-ਦ੍ਰਿਸ਼ਟੀ ਦੇ ਉਸ ਸੁਭਾਅ ਵਿਚੋਂ ਵੇਖਿਆ ਜਾ ਸਕਦਾ ਹੈ ਜਿਹੜਾ ਪੂੰਜੀਵਾਦੀ-ਵਿਵਸਥਾ ਨੂੰ ਨਵੀਨ ਗਲਪੀ-ਸਿਰਜਨਾਵਾਂ ਲਈ ਵਿਚਾਰਧਾਰਕ ਤੇ ਭੌਤਿਕ ਸਾਧਨ ਉਪੱਭਧ ਕਰਵਾਉਣ ਕਾਰਨ ਮਨੁੱਖੀ ਵਿਕਾਸ ਦੀ ਉੱਚ ਅਵਸਥਾ ਨਿਰਸੰਦੇਹ ਸਵੀਕਾਰਦਾ ਹੈ, ਪ੍ਰੰਤੂ ਇਹ ਵਿਵਸਥਾ ਦੇ ਸ਼੍ਰੇਣੀਗਤ ਸੁਭਾਅ ਅਧੀਨ ਆਰਥਿਕ-ਸਾਧਨਾਂ ਦੀ ਅਸਾਂਵੀਂ ਵੰਡ ਤੇ ਮੰਡੀਕਰਨ ਦੀ ਪ੍ਰਵਿਰਤੀ ਕਾਰਨ ਤਿਖੇਰੀਆਂ ਵਿਅਕਤੀਗਤ ਲਾਲਸਾਵਾਂ ਤੇ ਸ਼ੋਸ਼ਣਕਾਰੀ ਪ੍ਰਵਿਰਤੀ ਕਾਰਨ ਉੱਤਮ ਵਿਵਸਥਾ ਨਹੀਂ ਮੰਨਦਾ ਕਿਉਂਕਿ ਇਹ ਵਿਵਸਥਾ ਉਪਰੋਕਤ ਸੁਭਾਅ ਤੇ ਸਰੂਪ ਮਨੁੱਖੀ-ਸਮਾਜ ਵਿਚ ਅਸੰਤੁਲਿਨ (ਭਾਵੇਂ ਪੂਰਵਵਰਤੀ ਵਿਵਸਥਾਵਾਂ ਵਿਚਲਾ ਅਸੰਤੁਲਿਨ ਤਿਖੇਰਾ ਨਹੀਂ ਸੀ) ਪੈਦਾ ਕਰਦੀ ਹੈ ਦਵੇਸ਼ਵਰ ਗਲਪ-ਆਲੋਚਨਾ ਇਥੇ ਆਧੁਨਿਕ ਗਲਪੀ-ਸਿਰਜਨਾਵਾਂ ਦੀ ਹੋਂਦ ਪ੍ਰਕਿਰਿਆ ਦਾ ਨਿਰਣਾ ਕਰਦੀ ਅੱਗੋਂ ਇਸ ਅਸੰਤੁਲਿਨ ਨੂੰ ਤਨਾਉ ਤੇ ਟਕਰਾਉ ਦੀ ਸਥਿਤੀ ਪੈਦਾ ਕਰਨ ਵਾਲਾ ਅਤੇ ਇਸ ਸਥਿਤੀ ਵਿਚੋਂ ਨਵੀਨ ਪ੍ਰਕਾਰ ਦੀ ਬੌਧਿਕ ਤੇ ਭਾਵਨਾਤਮਿਕ ਅਸ਼ਾਂਤੀ ਨੂੰ ਜਨਮ ਦੇਣ ਵਾਲੀ ਸਥਿਤੀ ਕਿਆਸ ਕਰਦਾ ਹੈ, ਜਿਸ ਅਸ਼ਾਂਤੀ ਨੂੰ ਨਾਵਲ ਤੇ ਕਹਾਣੀ ਵਰਗੀਆਂ ਨਵੀਨ ਗਲਪੀ-ਸਿਰਜਨਾਵਾਂ ਤਨਾਉ ਤੇ ਵਿਡੰਬਨਾ ਦੇ ਜ਼ਾਬੀਏ ਤੋਂ ਪੇਸ਼ ਕਰਦੀਆਂ ਵਿਭਿੰਨ ਇਤਿਹਾਸਕ ਸੰਦਰਭਾਂ ਨੂੰ ਵਿਭਿੰਨ ਪਰਤਾਂ ਤੇ ਪਾਸਾਰਾਂ ਸਹਿਤ ਰੂਪਮਾਨ ਕਰਦੀਆਂ ਹਨ ਇਸ ਲਈ ਹੀ ਦਵੇਸ਼ਵਰ ਗਲਪ-ਆਲੋਚਨਾ ਲਈ ਨਾਵਲੀ-ਰੂਪ ਨੂੰ ਆਧੁਨਿਕ ਗਲਪ ਦਾ ਅਜਿਹਾ ਰੂਪ ਮੰਨਦੀ ਹੈ ਜਿਹੜਾ ਇਤਿਹਾਸਕ ਤੇ ਸਮਾਜਿਕ ਸਥਿਤੀਆਂ ਦੇ ਅਰਥਾਂ ਅਤੇ ਮੁੱਲਾਂ ਦੇ ਮਸਲਿਆਂ ਨਾਲ ਸਾਡੇ ਨਾਲ ਸਿੱਧੇ ਤੇ ਖੁੱਲ੍ਹੇ ਰੂਪ ਵਿਚ ਬਾਵਾਸਤ ਹੁੰਦਾ ਹੈ ਇਹ ਮਨੁੱਖੀ ਜੀਵਨ ਨੂੰ ਉਸੇ ਸਪੱਸ਼ਟ ਤੇ ਵਿਸਤ੍ਰਿਤ ਰੂਪ ਵਿਚ ਪੇਸ਼ ਕਰਦਾ ਹੈ ਜਿਵੇਂ ਇਤਿਹਾਸ ਤੇ ਸਮਾਜਿਕ ਰੂਪ ਵਿਚ ਉਹ ਨਿਰੂਪਤ ਹੋਇਆ ਹੁੰਦਾ ਹੈ6 ਇਸ ਦੇ ਨਾਲ ਹੀ ਦਵੇਸ਼ਵਰ ਗਲਪ-ਆਲੋਚਨਾ ਆਧੁਨਿਕ ਗਲਪੀ-ਸਿਰਜਨਾ ਨਿੱਕੀ ਕਹਾਣੀ ਨੂੰ, ਟੀ. ਆਰ. ਵਿਨੋਦ ਦੇ ਕਹਾਣੀ-ਸਿਧਾਂਤ ਦੇ ਅਨੁਰੂਪ ਚੱਲਦੀ ਹੋਈ ਅਜਿਹਾ ਰੂਪਕਾਰ ਮੰਨਦੀ ਹੈ ਜਿਹੜਾ ਨਿੱਕੇ ਤੇ ਸਾਧਾਰਨ ਲੱਗਦੇ ਮਨੁੱਖੀ ਅਨੁਭਵਾਂ/ਸੰਵੇਦਨਾਵਾਂ ਦਾ ਬੋਧ ਸੰਕੇਤਕ, ਸੂਖ਼ਮ ਤੇ ਰਮਜ਼ਮਈ ਸ਼ੈਲੀ ਵਿਚ ਕਰਵਾਉਂਦਾ 'ਮਨੁੱਖੀ-ਅਮਲ' ਦੀਆਂ ਭਿੰਨ ਪਰਤਾਂ ਤੇ ਪਾਸਾਰਾ ਦੀ ਪ੍ਰਸਤੁਤੀ ਨੂੰ ਆਪਣਾ ਰਚਨਾ-ਵਸਤੂ ਬਣਾਉਂਦਾ ਹੈ ਅਤੇ ਇਸ ਮਨੁੱਖੀ-ਅਮਲ ਦੀਆਂ ਸਥਿਤੀਆਂ ਵਿਚਲੇ ਵਿਰੋਧੀ ਤੱਤਾਂ ਦੇ 'ਤਨਾਉ/ਟਕਰਾਉ' ਕਾਰਨ ਮਨੁੱਖੀ-ਅਮਲ ਨੂੰ ਸਦਾ ਵੇਗ ਵਿਚ ਪੇਸ਼ ਕਰਨ ਲਈ 'ਬਿਰਤਾਂਤਕ-ਵਿਧੀ' ਨੂੰ ਅਪਣਾਉਂਦਾ ਯੁੱਗ-ਦ੍ਰਿਸ਼ਟੀ ਦੇ ਸਮਾਨਾਂਤਰ ਵਿਕਾਸ ਕਰਦਾ ਸਦਾ ਪਰਿਵਰਤਨਸ਼ੀਲ ਰਹਿੰਦਾ ਹੈ ਪ੍ਰੰਤੂ ਇਥੇ ਸਮੱਸਿਆ ਇਹ ਹੈ ਕਿ ਦਵੇਸ਼ਵਰ ਗਲਪ-ਆਲੋਚਨਾ ਆਧੁਨਿਕ ਕਹਾਣੀ-ਸਿਰਜਨਾ ਨੂੰ ਸਾਧਾਰਨ ਮਨੁੱਖ ਨੂੰ ਸਾਧਾਰਨਤਾ ਸਹਿਤ ਪ੍ਰਸਤੁਤੀ ਦੇਣ ਵਾਲਾ ਰੂਪਾਕਾਰ ਵੀ ਮੰਨਦੀ ਹੋਈ ਅਚੇਤ ਹੀ ਆਧੁਨਿਕ ਕਹਾਣੀ-ਸਿਰਜਨਾ ਦੀ ਰੂਪਾਗਤ ਵਿਸ਼ੇਸ਼ਤਾ ਨੂੰ ਅਸਾਧਾਰਨ ਮਨੁੱਖ ਦੀ (ਸਾਹਿਤ ਵਿਚ ਪੇਸ਼ ਪਾਤਰ ਰਚਨਾ-ਦ੍ਰਿਸ਼ਟੀ ਦੀ ਚੋਣ ਪ੍ਰਕਿਰਿਆ ਵਿਚੋਂ ਲੰਘਣ ਕਰਕੇ ਸਾਧਾਰਨ ਨਹੀਂ ਰਹਿੰਦਾ) ਬਜਾਇ ਸਾਧਾਰਨ ਮਨੁੱਖ ਨੂੰ ਪੇਸ਼ ਕਰਨ ਦੇ ਪ੍ਰਤੀਮਾਨ ਨਾਲ ਸੰਬੰਧਿਤ ਕਰਦੀ ਹੈ, ਪ੍ਰ੍ਰੰਤੂ ਇਥੇ ਇਹ ਧਿਆਨਯੋਗ ਹੈ ਕਿ ''ਮਨੁੱਖਾਂ ਨੂੰ ਮਹਾਨ ਅਤੇ ਸਾਧਾਰਣ ਵਿਚ ਵੰਡ ਤੇ ਦੇਖਣਾ ਮੱਧਕਾਲੀ ਸੋਚ ਦਾ ਹੀ ਪ੍ਰਗਟਾਵਾ ਹੈ ਮਨੁੱਖਤਾ ਵਿਚ ਸਿਰਫ਼ ਨਿਰਪੇਖ ਛੋਟਾਪਣ ਦੇਣਾ ਆਧੁਨਿਕਵਾਦੀ ਸੋਚ ਹੈ ਜਨਮ-ਜਾਤ ਤੋਂ ਨਾ ਕੋਈ ਮਨੁੱਖ ਛੋਟਾ ਹੈ ਨਾ ਮਹਾਨ ਉਹ ਸੰਭਾਵਨਾਵਾਂ ਭਰਪੂਰ ਹੈ ਅਤੇ ਉਚਿਤ ਪ੍ਰਸਥਿਤੀਆਂ ਮਿਲਣ ਉਤੇ ਉਹ ਸੰਭਾਵਨਾਵਾਂ ਹੰਢਾਉੱਦਾ ਵੀ ਹੈ ਇਸੇ ਦਾ ਦੂਜਾ ਪੱਖ ਇਹ ਹੈ ਕਿ ਸਾਧਾਰਨ ਦਿਸਦਾ ਮਨੁੱਖ ਵੀ ਮਹਾਨ ਕਾਰਨਾਮੇ ਕਰਨ ਦੇ ਸਮਰੱਥ ਹੈ ਅਤੇ ਮਹਾਨ ਵਿਅਕਤੀ ਵੀ ਘਟੀਆਪਣ ਅਤੇ ਨੀਚਤਾ ਦਿਖਾ ਸਕਦਾ ਹੈ''7 ਇਸ ਪ੍ਰਕਾਰ ਦਵੇਸ਼ਵਰ ਗਲਪ-ਆਲੋਚਨਾ ਆਪਣੀਆਂ ਵਿਕੋਲਿਤਰੀਆਂ ਸਮੱਸਿਆਵਾਂ ਬਾਰੇ ਅਚੇਤ ਰਹਿੰਦੀ ਸਿਧਾਂਤਕ ਧਾਰਾਤਲ ਉੱਤੇ ਭ੍ਰਾਂਤੀ ਦਾ ਸ਼ਿਕਾਰ ਹੁੰਦੀ ਹੈ ਇਸ ਦੇ ਨਾਲ ਹੀ ਇਹ ਆਲੋਚਨਾ ਆਪਣੇ ਵਿਭਿੰਨ ਆਲੋਚਨਾਤਮਿਕ ਪਾਠਾਂ ਅਧੀਨ ਦੁਹਰਾਉ-ਮੂਲਕਤਾ ਅਤੇ ਕਈ ਪੱਧਰਾਂ 'ਤੇ ਵਿਨੋਦ ਗਲਪ-ਆਲੋਚਨਾ ਦੀ ਸ਼ੁੱਧ-ਅਨੁਆਈ ਬਣਕੇ ਉਭਰਨ ਦੀ ਸਮੱਸਿਆ ਨਾਲ ਹੀ ਗ੍ਰਸਤ ਨਜ਼ਰੀ ਪੈਂਦੀ ਹੈ
          ਪ੍ਰੰਤੂ ਇਸ ਦਾ ਭਾਵ ਇਹ ਬਿਲਕੁਲ ਨਹੀਂ ਦਵੇਸ਼ਵਰ ਗਲਪ-ਆਲੋਚਨਾ ਦਾ ਸਮੁੱਚਾ ਸਰੂਪ ਤੇ ਸੁਭਾਅ ਸਮੱਸਿਆ ਗ੍ਰਸਤ ਹੈ ਸਗੋਂ ਇਹ ਗਲਪ-ਆਲੋਚਨਾ ਇਨ੍ਹਾਂ ਸਮੱਸਿਆਵਾਂ ਨੂੰ ਵਿਹਾਰਿਕ ਪੱਧਰ ਉੱਤੇ ਵਿਖੰਡਤ ਕਰਦੀ ਨਜ਼ਰੀ ਪੈਂਦੀ ਹੈ, ਜਿਸ ਅਧੀਨ ਇਸ ਆਲੋਚਨਾ ਗਲਪੀ-ਪਾਠ ਦਾ ਅਧਿਐਨ-ਵਿਸ਼ਲੇਸ਼ਣ ਲਈ ਪਾਠ, ਪਰਿਵੇਸ਼ ਤੇ ਵਿਚਾਰਧਾਰਾ ਦੇ ਅੰਤਰ-ਸੰਬੰਧਾਂ ਨੂੰ ਵੇਖਣ ਵਾਲੀ ਅੰਤਰ-ਪਾਠੀ ਤੇ ਸੰਬਾਦੀ ਵਿਧੀ ਨੂੰ ਅਪਣਾਉੱਦੀ ਹੈ ਇਸ ਵਿਧੀ ਦੇ ਅੰਤਰਗਤ ਦਵੇਸ਼ਵਰ ਗਲਪ-ਆਲੋਚਨਾ ''ਸਾਹਿਤਕ ਅਤੇ ਸਮਾਜ-ਸਭਿਆਚਾਰਕ ਸੰਦਰਭਾਂ ਦੇ ਦਵੰਦਾਤਮਕ ਰਿਸ਼ਤੇ ਸੰਦਰਭਾਂ ਦੇ ਦਵੰਦਾਤਮਕ ਰਿਸ਼ਤੇ ਦੀ ਪਛਾਣ''8 ਕਰਵਾਉੱਦੀ ਹੋਈ ਪਾਠ ਤੋਂ ਪਰਿਵੇਸ਼ ਅਤੇ ਪਰਿਵੇਸ਼ ਵਿਚਲੀਆਂ ਇਤਿਹਾਸਕ, ਆਰਥਿਕ ਤੇ ਸਾਂਸਕ੍ਰਿਤਕ ਪਰਤਾਂ ਦਾ ਗਹਿਨ ਤੇ ਗੰਭੀਰ ਵਿਸ਼ਲੇਸ਼ਣ ਕਰਦੀ ਹੈ ਅਤੇ ਫਿਰ ਪਾਠ ਵੱਲ ਪਰਤਦੀ ਹੋਈ ਸੰਬਧਿਤ ਗਲਪ-ਪਾਠ ਦਾ ਮੁੱਲ ਅੰਕਿਤ ਕਰਨ ਵੱਲ ਅਲਹਾਉੱਦੀ ਹੈ ਇਸ ਸੰਦਰਭ ਵਿਚ ਦਵੇਸ਼ਵਰ ਗਲਪ-ਆਲੋਚਨਾ ਦੀ ਸਾਰਥਕਤਾ ਗਲਪੀ-ਪਾਠ ਦੇ ਉਸ ਅਵਚੇਤਨੀ ਧਰਾਤਲ ਨੂੰ ਜ਼ੁਬਾਨ ਦੇਣ ਵਿਚ ਨਿਹਿਤ ਹੈ, ਜਿਹੜਾ ਗਲਪੀ-ਪਾਠ ਨਾਲ ਸੰਬੰਧਿਤ ਹੁੰਦਾ ਹੋਇਆ ਵੀ ਰਚਨਾਕਕਾਰ ਦੀ ਵਿਚਾਰਧਾਰਕ ਸੀਮਾ ਕਾਰਨ ਗ਼ੈਰ-ਹਾਜ਼ਰ ਰਹਿ ਜਾਂਦਾ ਹੈ ਇਨ੍ਹਾਂ ਗ਼ੈਰ-ਹਾਜ਼ਰ ਸੰਬੰਧਾਂ ਨੂੰ ਦਵੇਸ਼ਵਰ ਗਲਪ-ਆਲੋਚਨਾ ਅੰਤਰ-ਪਾਠੀ ਸੰਬੰਧਾਂ ਅਤੇ ਸੰਬੰਧਿਤ ਪਾਠ ਦੇ ਅੰਦਰਲੇ ਸੁਹਜਾਤਮਿਕ ਤੇ ਸਮਾਜਿਕ ਰਿਸ਼ਤਿਆਂ ਦੇ ਬਹੁ-ਅਰਥੀ ਪ੍ਰਸੰਗ ਵਿਚ ਉਜਾਗਰ ਕਰਦੀ ਹੈ ਇਸ ਤਰ੍ਹਾਂ ਦੇ ਅਧਿਐਨ ਨੂੰ ਇਸ ਆਲੋਚਨਾ ਦੁਆਰਾ ਕੀਤੇ ਗੁਰਦਿਆਲ ਸਿੰਘ ਦੇ ਨਾਵਲ 'ਪਰਸਾ' ਦੇ ਅਧਿਐਨ-ਵਿਸ਼ਲੇਸ਼ਣ ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਇਸ ਅਧਿਐਨ-ਵਿਸ਼ਲੇਸ਼ਣ ਵਿਚ ਸਮੁੱਚਾ ਪਾਠ ਦਵੇਸ਼ਵਰ ਗਲਪ-ਆਲੋਚਨਾ ਲਈ ਇਕ ਚਿੰਨ੍ਹਾਤਮਕ ਕੋਡ ਪ੍ਰਬੰਧ ਬਣ ਜਾਂਦਾ ਹੈ ਅਤੇ ਜਿਸ ਦੇ ਅਰਥਾਂ ਨੂੰ ਡੀਕੋਡ ਕਰਦੀ ਹੋਈ ਇਹ ਗਲਪ-ਆਲੋਚਨਾ ਪਾਠ ਦੇ ਰਚਨਾਤਮਿਕ-ਮੁੱਲਾਂ ਤੇ ਸਮਾਜਿਕ-ਮੂਲਾਂ ਨੂੰ ਅਗ੍ਰਭੂਮਿਤ ਕਰਦੀ ਦ੍ਰਿਸ਼ਟੀਗੋਚਰ ਹੁੰਦੀ ਹੈ
          ਇਸ ਦੇ ਨਾਲ ਹੀ ਦਵੇਸ਼ਵਰ ਗਲਪ-ਆਲੋਚਨਾ ਦਾ ਇਕ ਪਛਾਣ-ਚਿੰਨ੍ਹ ਇਸ ਆਲੋਚਨਾ ਦੀ ਅੰਤਰ-ਅਨੁਸ਼ਾਸ਼ਨੀ ਆਲੋਚਨਾਤਮਿਕ ਦ੍ਰਿਸ਼ਟੀ ਤੇ ਵਿਧੀ ਵਿਚ ਹੀ ਨਿਸ਼ਚਿਤ ਕੀਤਾ ਜਾ ਸਕਦਾ ਹੈ ਇਸ ਅਧੀਨ ਇਹ ਗਲਪ-ਆਲੋਚਨਾ ਗਲਪੀ-ਪਾਠ ਦੇ ਥੀਮ ਦਾ ਅਧਿਐਨ ਆਪਣੀ ਇਤਿਹਾਸਕ-ਚੇਤਨਾ (ਜਿਸ ਉੱਤੇ ਡਾ਼ ਦਵੇਸ਼ਵਰ ਦਾ ਇਤਿਹਾਸ ਦੇ ਵਿਦਿਆਰਥੀ ਹੋਣ ਕਰਕੇ ਪੂਰਨ ਅਧਿਕਾਰ ਹੈ) ਦੁਆਰਾ, ਗਲਪੀ-ਪਾਠ ਦੇ ਪਾਤਰਾਂ ਦੇ ਚੇਤਨਾ-ਅਵਚੇਤਨ ਦਾ ਵਿਸ਼ਲੇਸ਼ਣ ਮਨੋਵਿਗਿਆਨਿਕ ਪਹੁੰਚ-ਵਿਧੀ ਦੁਆਰਾ ਅਤੇ ਗਲਪੀ-ਪਾਠ ਦੇ ਰਚਨਾਤਮਿਕ ਪੱਧਰ ਦਾ ਮੁੱਲਾਂਕਣ ਆਪਣੇ ਸਾਹਿਤਕ ਮਾਡਲ ਦੁਆਰਾ ਕਰਦੀ ਨਜ਼ਰੀ ਪੈਂਦੀ ਹੈ ਇਸ ਸੰਦਰਭ ਵਿਚ ਦਵੇਸ਼ਵਰ ਗਲਪ-ਆਲੋਚਨਾ ਵਿਹਾਰਿਕ ਪੱਧਰ 'ਤੇ ਪਾਠਮੂਲਕ ਵਿਧੀ ਗ੍ਰਹਿਣ ਕਰਦੀ ਹੋਈ ਪਾਠ ਦੀ ਸਮਾਜਿਕ-ਸਭਿਆਚਾਰਕ ਵਿਆਖਿਆ ਕਰਨ ਦੇ ਨਾਲ-ਨਾਲ ਉਸ ਦੀਆਂ ਬਿਰਤਾਂਤਕ ਜੁਗਤਾਂ ਤੱਕ ਦੀ ਨਿਸ਼ਾਨਦੇਹੀ ਕਰਦੀ ਹੈ ਅਜਿਹਾ ਕਰਦੇ ਸਮੇਂ ਦਵੇਸ਼ਵਰ ਗਲਪ-ਆਲੋਚਨਾ ਸਦਾ ਗਲਪੀ-ਪਾਠ ਦੇ ਪ੍ਰਯੋਜਨ ਪ੍ਰਤੀ ਸੁਚੇਤ ਰਚਨਾਕਾਰ ਕੋਲੋੱ ਵਰਤਮਾਨਿਕ ਸ਼੍ਰੇਣੀ ਅਧਾਰਿਤ ਮਨੁੱਖ-ਦਿਵੈਸ਼ੀ ਵਿਵਸਥਾ ਦੀ ਦਸ਼ਾ ਉੱਤੇ ਪ੍ਰਸ਼ਨ ਚਿੰਨ੍ਹ ਲਾਕੇ ਭਵਿੱਖ ਦੀ ਮਨੁੱਖ-ਹਿਤੈਸ਼ੀ ਦਿਸ਼ਾ ਨੂੰ 'ਧੁਨੀ' ਰੂਪ ਵਿਚ ਪੇਸ਼ ਕਰਨ ਦੀ ਮੰਗ ਕਰਦੀ ਹੈ, ਜਿਹੜਾ ਨਿਰਸੰਦੇਹ ਇਸ ਆਲੋਚਨਾ ਲਈ ਰਚਨਾਕਾਰ ਦੀ ਰਚਨਾ-ਦ੍ਰਿਸ਼ਟੀ ਉੱਤੇ ਨਿਰਭਰ ਕਰਦਾ ਹੈ ਇਸ ਪ੍ਰਸੰਗ ਵਿਚ ਇਸ ਗਲਪ-ਆਲੋਚਨਾ ਦੀ ਵਿਸ਼ੇਸ਼ਤਾ ਰਚਨਾਕਾਰ ਦੀ ਰਚਨਾ-ਦ੍ਰਿਸ਼ਟੀ ਦੀ ਪਹਿਚਾਣ ਲਈ ਉਸਦੇ ਜੀਵਨੀਮੂਲਕ-ਵੇਰਵਿਆਂ ਦੀ ਪੁਣ-ਛਾਣ ਕਰਨ ਦੀ ਬਜਾਇ ਗਲਪੀ-ਬਿੰਬ ਦੀਆਂ ਕਨਸੋਈਆਂ ਨੂੰ ਸੁਣਨ ਵਿਚ ਵਿਸ਼ਵਾਸ ਰੱਖਣ ਵਿਚ ਨਿਹਿਤ ਹੈ, ਜਿਹੜਾ ਵਿਸ਼ਵਾਸ ਇਸ ਆਲੋਚਨਾ ਨੂੰ ਗਲਪੀ-ਪਾਠ ਅਧੀਨ ਵਿਦਮਾਨ ਸੋਚ ਤੇ ਸੁਹਜ ਦੇ ਸੰਤੁਲਿਤ ਮੁੱਲਾਂਕਣ ਵੱਲ ਲੈ ਜਾਂਦਾ ਹੈ
          ਇਸ ਪ੍ਰਕਾਰ ਦਵੇਸ਼ਵਰ ਗਲਪ-ਆਲੋਚਨਾ ਗਲਪੀ-ਪਾਠ ਦੀ ਹੋਂਦ-ਵਿਧੀ, ਪ੍ਰਕਿਰਿਆ ਤੇ ਪ੍ਰਯੋਜਨ ਦਾ ਸੰਤੁਲਿਤ ਅਧਿਐਨ ਕਰਦੀ ਹੋਈ ਸਿਧਾਂਤਕ ਤੇ ਵਿਹਾਰਿਕ ਧਰਾਤਲ ਉੱਤੇ ਸੰਤੁਲਿਤ ਤੇ ਤਰਕ-ਸੰਗਤ ਸੁਭਾਅ ਦੀ ਧਾਰਨੀ ਹੈ ਜਿਸ ਅਧੀਨ ਇਹ ਆਲੋਚਨਾ ਗਲਪੀ-ਪਾਠ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਂਕਣ ਲਈ 'ਪਾਠ, ਪਰਿਵੇਸ਼ ਤੇ ਵਿਚਾਰਧਾਰਾ' ਦੇ ਅੰਤਰ ਤੇ ਅੰਦਰਲੇ ਸੰਬੰਧਾਂ ਨੂੰ ਪਹਿਚਾਣਦੀ ਹੋਈ ਪਾਠਮੂਲਕ ਵਿਧੀ ਦੁਆਰਾ ਗਲਪੀ-ਪਾਠ ਦੇ ਸਮਾਜਿਕ-ਸਾਹਿਤਕ ਮੁੱਲਾਂ ਨੂੰ ਅੰਕਿਤ ਕਰਦੀ ਹੈ ਇਸ ਪ੍ਰਕਾਰ ਦੀ ਵਿਧੀ, ਨਿਰਵਿਵਾਦ, ਪੰਜਾਬੀ ਗਲਪ-ਆਲੋਚਨਾ ਦੇ ਖੇਤਰ ਵਿਚ ਭਵਿੱਖਮੁੱਖੀ ਸੰਭਾਵਾਨਾ ਨਾਲ ਭਰਪੂਰ ਹੈ
0-0-0
ਹਵਾਲੇ ਤੇ ਟਿੱਪਣੀਆਂ:
1. ਹਰਿਭਜਨ ਸਿੰਘ ਭਾਟੀਆ, ਪੰਜਾਬੀ ਆਲੋਚਨਾ ਦਾ ਇਤਿਹਾਸ, ਪੰਨਾ-241
2. ਸੁਰਿੰਦਰ ਕੁਮਾਰ ਦਵੇਸ਼ਵਰ, ਸਮਾਜ ਸੱਤਾ ਤੇ ਸਮਕਾਲੀ ਨਾਵਲ, ਪੰਨਾ-14-15
3. ਉਹੀ, ਆਧੁਨਿਕ ਪੰਜਾਬੀ ਬਿਰਤਾਂਤ, ਪੰਨਾ-16-17
4. ਉਹੀ, ਪੰਨਾ-17
5. ਜਗਬੀਰ ਸਿੰਘ, ਸਮਕਾਲੀ ਪੰਜਾਬੀ ਬਿਰਤਾਂਤ, ਪੰਨਾ-29
6. ਉਹੀ, ਆਧੁਨਿਕ ਪੰਜਾਬੀ ਬਿਰਤਾਂਤ, ਪੰਨਾ-14
7. ਗੁਰਬਖ਼ਸ਼ ਸਿੰਘ ਫ਼ਰੈਂਕ, ਨਿੱਕੀ ਕਹਾਣੀ ਤੇ ਪੰਜਾਬੀ ਨਿੱਕੀ ਕਹਾਣੀ, ਪੰਨੇ-65-66
8. ਉਹੀ, ਪੰਜਾਬੀ ਆਲੋਚਨਾ ਦਾ ਇਤਿਹਾਸ, ਪੰਨਾ-242


No comments:

Post a Comment

‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...