ਅਨੁਵਾਦ (Translate)

Thursday, 21 April 2016

ਮਿੱਥ ਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ): ਮੈਟਾ-ਆਲੋਚਨਾਤਿਮਕ ਅਧਿਐਨ

https://www.researchgate.net/publication/301611406_Mith_Te_Vartman_Sawrajbir_Da_Nat-Parpekh_mitha_te_varatamana_savarajabira_da_nata-paripekha_maita-alocanatimaka_adhi%27aina

ਸਾਹਿਤ-ਆਲੋਚਨਾ ਵਿਚਾਰਧਾਰਕ, ਸਿਧਾਂਤਕ, ਦਾਰਸ਼ਨਿਕ ਤੇ ਬੌਧਿਕ ਕਿਸਮ ਦਾ ਜਟਿਲ ਕਾਰਜ ਹੈ, ਜੋ ਨਾਟ-ਸਿਰਜਨਾ ਦੇ ਸੰਦਰਭ ਵਿਚ ਹੋਰ ਵੀ ਵਧੇਰੇ ਮੁਸ਼ਕਿਲ ਪ੍ਰਤੀਤ ਹੁੰਦਾ ਹੈ। ਇਸ ਦਾ ਕਾਰਨ ਨਾਟ-ਸਿਰਜਨਾ ਦੇ ਪ੍ਰਦਰਸ਼ਨੀ ਤੇ ਸ਼ਬਦੀ ਸੁਭਾਅ ਵਾਲੀ ਦੋਹਰੀ ਪ੍ਰਵਿਰਤੀ ਵਿਚ ਲੁਪਤ ਹੈ, ਜਿਸ ਦਾ ਇਕ ਪੱਖ ਜਿਥੇ ਸ਼ਾਬਦਿਕ ਰੂਪ ਵਿਚ ਪਾਠਕ ਸਾਵੇਂ ਅਪੂਰਨ ਰੂਪ ਵਿਚ ਹੋਂਦ ਗ੍ਰਹਿਣ ਕਰਦਾ ਹੈ ਅਤੇ ਇਸ ਦਾ ਦੂਜਾ ਰੂਪ ਰੰਗਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਦੇ ਰੂਪ ਵਿੱਚ ਸੰਪੂਰਨ ਪੇਸ਼ ਹੁੰਦਾ ਹੈ। ਇਸ ਦੇ ਅੰਤਰਗਤ ਲਿਖਤ ਪਾਠ ਦੇ ਨਾਲ ਪ੍ਰਦਰਸ਼ਤ ਪਾਠ ਵੀ ਸ਼ਾਮਿਲ ਹੁੰਦਾ ਹੈ, ਇਸ ਲਈ ਨਾਟਕਕਾਰ ਆਪਣੀ ਸਿਰਜਣਾ ਅਧੀਨ ਪਾਠਕ (reader) ਅਤੇ ਦਰਸ਼ਕ (viewer) ਦੋਹਾਂ ਨੂੰ ਮੁਖ਼ਾਤਿਬ ਹੁੰਦਾ, ਸਿਰਜਕ ਦੇ ਨਾਲ-ਨਾਲ ਕਰਾਫ਼ਟਮੈਨ ਦੀ ਭੂਮਿਕਾ ਵੀ ਨਿਭਾਉਂਦਾ ਹੈ। ਇਸ ਕਾਰਨ ਹੀ ਨਾਟ-ਸਿਰਜਨਾ ਦੀ ਅੰਤਹਕਰਨ ਦੀ ਸੂਖ਼ਮਤਾ ਨੂੰ ਰੰਗ-ਮੰਚ ਤੇ ਸਮੂਰਤ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਜਿਸ ਵਿਚ ਪ੍ਰਦਰਸ਼ਿਤ ਕਲਾ ਤੱਤ ਨਾਟ-ਸਿਰਜਨਾ ਦੇ ਲਿਖਤ ਰੂਪ ਵਿੱਚ ਹੀ ਮੌਜੂਦ ਹੁੰਦੇ ਹਨ, ਜਿਨ੍ਹਾਂ ਨੂੰ ਰੰਗਮੰਚ ਤੇ ਡੀਕੋਡ ਕਰਨ ਦਾ ਕਾਰਜ ਨਿਰਦੇਸ਼ਕ ਕਰਦਾ ਹੋਇਆ ਨਾਟ-ਸਿਰਜਨਾ ਨੂੰ ਸੰਪੂਰਨਤਾ ਪ੍ਰਦਾਨ ਕਰਦਾ ਹੈ। ਇਸ ਪ੍ਰਕਾਰ ਨਾਟ-ਸਿਰਜਨਾ ਇੱਕ ਮਿਸ਼ਰਿਤ/ਜਟਿਲ ਕਲਾ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ, ਜਿਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਆਦਿ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਇਸ ਪ੍ਰਕਾਰ ਦੀ ਕਲਾ ਦਾ ਅਧਿਐਨ-ਵਿਸ਼ਲੇਸ਼ਣ ਵੀ ਵਿਸ਼ੇਸ਼ ਪ੍ਰਕਾਰ ਦੇ ਸਿਧਾਂਤਕ ਤੇ ਵਿਹਾਰਿਕ ਮਾਡਲ ਦੀ ਮੰਗ ਕਰਦਾ ਹੈ, ਜਿਸ ਦਾ ਪੈਰਾਡਾਇਮ ਲਿਖਤ ਦੀਆਂ ਵਿਭਿੰਨ ਪਰਤਾਂ ਤੇ ਪਸਾਰਾਂ ਦੇ ਵਿਸ਼ਲੇਸ਼ਣ ਤੋਂ ਲੈ ਕੇ ਰੰਗਮੰਚ ਦੀਆਂ ਵਿਭਿੰਨ ਸ਼ੈਲੀਆਂ, ਨਿਰਦੇਸ਼ਨ ਕਲਾ, ਸੰਗੀਤ ਆਦਿ ਤੱਕ ਫੈਲਿਆ ਹੋਵੇ।
ਪੰਜਾਬੀ ਸਾਹਿਤ-ਆਲੋਚਨਾ ਦੇ ਖੇਤਰ ਵਿਚ ਇਸ ਪ੍ਰਕਾਰ ਦੇ ਨਾਟ-ਅਧਿਐਨ ਦਾ ਕਾਰਜ ਪ੍ਰੋ. ਪਿਆਰਾ ਸਿੰਘ ਗਿੱਲ (ਨਾਟਕ ਰਤਨਾਕਰ, 1933), ਗੁਰਚਰਨ ਸਿੰਘ (ਪੰਜਾਬੀ ਨਾਟਕਕਾਰ, 1951), ਕੁਲਦੀਪ ਸਿੰਘ ਸੇਠੀ (ਨਾਟਕ ਸਿਧਾਂਤ ਤੇ ਪੰਜਾਬੀ ਨਾਟਕ, 1957), ਸੁਰਜੀਤ ਸਿੰਘ ਸੇਠੀ (ਨਾਟ ਕਲਾ, 1974), ਸੰਤ ਸਿੰਘ ਸੇਖੋਂ(ਨਾਟਕ ਕਲਾ ਤੇ ਮੇਰਾ ਅਨੁਭਵ, 1978), ਬਲਵੰਤ ਗਾਰਗੀ (ਰੰਗਮੰਚ, 1961 ਤੇ ਲੋਕ ਨਾਟਕ, 1999) ਆਦਿ ਤੋਂ ਹੁੰਦਾ ਹੈ ਅਤੇ ਸਮਕਾਲੀ ਪੰਜਾਬੀ ਨਾਟ-ਆਲੋਚਨਾ ਵਿਚ ਸਤੀਸ਼ ਕੁਮਾਰ ਵਰਮਾ, ਆਤਮਜੀਤ, ਪਾਲੀ ਭੁਪਿੰਦਰ, ਕਮਲੇਸ਼ ਉਪਲ ਆਦਿ ਦੇ ਆਲੋਚਨਾਤਿਮਕ ਕਾਰਜ ਦੇ ਰੂਪ ਵਿਚ ਅਗ੍ਰਸਰ ਰਹਿੰਦਾ ਹੈ। ਪ੍ਰੰਤੂ ਪੰਜਾਬੀ ਨਾਟ-ਚਿੰਤਨ ਦੀ ਸਮੱਸਿਆ ਇਸ ਖੇਤਰ ਵਿਚ ਵਿਸ਼ੇਸ਼ੱਗ ਆਲੋਚਨਾ ਦੀ ਘਾਟ ਜਾਂ ਵਿਕੋਲਿਤਰੇ ਰੂਪ ਵਿਚ ਸਾਹਮਣੇ ਆਉਣ ਵਿਚ ਨਿਹਿਤ ਹੈ। ਇਸ ਸੰਦਰਭ ਵਿਚ ਜਿਥੇ ਪੰਜਾਬੀ ਨਾਟ-ਸਿਰਜਨਾ ਆਪਣੇ ਆਰੰਭ ਤੋਂ ਯਥਾਰਥਵਾਦੀ ਸਰੂਪ ਗ੍ਰਹਿਣ ਕਰਦੀ, ਫੌਰੀ ਕਾਰਨਾਂ ਕਾਰਨ ਸਿਧਾਂਤਕ ਤੇ ਰੰਗਮੰਚ ਦੀ ਸਮਰੱਥਾ ਨਾਲ ਲਬਰੇਜ ਸੰਗਠਿਤ ਰੂਪ ਵਿਚ ਆਰੰਭ ਹੁੰਦੀ ਹੈ, ਉਥੇ ਪੰਜਾਬੀ ਨਾਟ-ਚਿੰਤਨ ਨਾਟ-ਪਾਠ ਦੇ ਵਿਸ਼ਲੇਸ਼ਣ-ਮੁੱਲਾਂਕਣ ਦਾ ਕਾਰਜ ਵਿਚ ਸਿਧਾਂਤਕ ਤੇ ਵਿਹਾਰਿਕ ਰੂਪ ਵਿਚ ਸੰਗਠਿਤ ਤੇ ਵਿਸ਼ੇਸ਼ੱਗਾਂ (ਅਪਵਾਦਾਂ ਮੌਜੂਦ ਹਨ) ਵਾਲਾ ਸਰੂਪ ਨਹੀਂ ਕਰ ਪਾਈ ਸੀ। ਇਸ ਪ੍ਰਸੰਗ ਵਿਚ ਵਧੇਰੇ ਨਾਟ-ਚਿੰਤਕ ਸਮਾਨਯ ਸਾਹਿਤ-ਸਿਧਾਂਤਾਂ ਜਾਂ ਕਿਸੇ ਹੋਰ ਵਿਧਾ ਦੇ ਵਿਸ਼ੇਸ਼ੱਗ ਚਿੰਤਕ ਹੀ ਪੰਜਾਬੀ ਨਾਟਕ ਦਾ ਅਧਿਐਨ ਕਰਨ ਵੱਲ ਰੁਚਿਤ ਹੁੰਦੇ ਹਨ। ਪ੍ਰੰਤੂ ਪੰਜਾਬੀ-ਨਾਟ ਚਿੰਤਨ ਦੇ ਵਿਕਾਸ ਲਈ ਪ੍ਰਾਪਤ ਵਿਲੋਕਲਿਤਰੇ ਮੌਲਿਕ ਤੇ ਵਿਸ਼ੇਸ਼ੱਗ ਖੋਜ/ਆਲੋਚਨਾਤਮਿਕ ਕਾਰਜਾਂ ਤੋਂ ਇਲਾਵਾ ਪੰਜਾਬੀ ਨਾਟਕ-ਸੰਰਚਨਾ ਦੀ ਸਮਝ ਹਿੱਤ ਹੋਰਾਨਾਂ ਵਿਧਾਵਾਂ ਦੇ ਆਲੋਚਕਾਂ ਨੇ ਆਪਣੀ ਸੰਪਾਦਿਤ ਕਲਾ ਦਾ ਪ੍ਰਦਰਸ਼ਨ ਕਰਦਿਆਂ ਅਨੇਕਾਂ ਸੰਪਾਦਿਤ ਪੁਸਤਕਾਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ, ਜਿਨ੍ਹਾਂ ਪੁਸਤਕਾਂ ਨੇ ਸੰਬੰਧਿਤ ਚਿੰਤਨ ਪਰੰਪਰਾ ਦੇ ਪ੍ਰਵਾਹ ਨੂੰ ਪਸਾਰਨ ਤੇ ਪ੍ਰਚਾਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਇਸ ਭੂਮਿਕਾ ਅਧੀਨ ਹੀ ਡਾ. ਸਰਬਜੀਤ ਸਿੰਘ ਦੁਆਰਾ ਸੰਪਾਦਿਤ ਪੁਸਤਕ ਮਿੱਥ ਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ) ਇਕ ਮਹੱਤਪੂਰਨ ਪੁਸਤਕ ਵਜੋਂ ਸਾਹਮਣੇ ਆਉਂਦੀ ਹੈ, ਜੋ ਸਮਕਾਲੀ ਨਾਟਕਕਾਰ ਸਵਰਾਜਬੀਰ ਦੀ ਨਾਟ-ਸਿਰਜਨ ਦੇ ਵਿਹਾਰ ਤੇ ਸ਼ਾਸਤਰ ਨੂੰ ਤਲਾਸ਼ਣ ਦਾ ਯਤਨ ਕਰਦੀ, ਕਲਾ ਭਾਰਤੀ ਮਿੱਥ-ਸੰਰਚਨਾ ਦੀਆਂ ਪਰਤਾਂ ਨੂੰ ਫਰੋਲਦੀ ਹੈ ਅਤੇ ਮਿੱਥ ਦੇ ਸਥਾਪਿਤ ਅਰਥਾਂ ਨੂੰ ਵਿਖੰਡਤ ਕਰਕੇ ਅਰਥਾਂ ਨੂੰ ਤਰਲਤਾ ਪ੍ਰਦਾਨ ਕਰਦੀਆਂ ਪਾਠ ਦੀਆਂ ਅਨੇਕਾਂ ਪਰਤਾਂ/ਪਸਾਰਾਂ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ। ਇਸ ਪੁਸਤਕ ਵਿਚਲੀ ਭੂਮਿਕਾ ਦੇ ਅੰਤਰਗਤ ਡਾ. ਸਰਬਜੀਤ ਸਿੰਘ ਆਪਣੀ ਕਲਾਸੀਕਲ ਮਾਰਕਸਵਾਦੀ-ਦ੍ਰਿਸ਼ਟੀ ਦਾ ਪ੍ਰਮਾਣ ਦਿੰਦਾ ਹੋਇਆ ਨਾਟਕੀ-ਵਿਧਾ ਦੀ ਰੀਤੀਆਂ, ਸਵਰਾਜਬੀਰ ਦੀ ਨਾਟ-ਸਿਰਜਨਾ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਮੁੱਖ ਰੂਪ ਵਿਚ ਆਪਣੇ ਅਧਿਐਨ-ਵਸਤੂ ਬਣਾ ਦਿੰਦਾ ਪੁਸਤਕ ਵਿਚਲੇ ਮਜ਼ਮੂਨਾਂ ਬਾਰੇ ਖ਼ਾਮੋਸ਼ੀ ਧਾਰਨ ਕਰਦਾ ਹੈ ਅਤੇ ਉਨ੍ਹਾਂ ਦੀ ਸੰਬਾਦਿਤਾ ਦੀ ਪਛਾਣ ਨੂੰ ਪਾਠਕ ਦੀ ਬੌਧਿਕਤਾ ਦੀ ਕਾਰਜ ਭੂਮੀ ਦੀ ਵਸਤ ਬਣਾਉਂਦਾ ਹੈ। ਇਸ ਤਰ੍ਹਾਂ ਦਾ ਆਲੋਚਨਾਤਿਮਕ ਨੁਕਤਾ ਨਿਰਸੰਦੇਹ ਪਾਠਕ ਨੂੰ ਪੁਸਤਕ ਨਾਲ ਜੋੜਨ ਦਾ ਇਕ ਮਹੱਤਵਪੂਰਨ ਬਿੰਦੂ ਹੈ, ਜਿਸ ਅਧੀਨ ਸਰਵ-ਪ੍ਰਥਮ ਅਧਿਐਨ-ਕਰਤਾ ਡਾ. ਗੁਰਇਕਬਾਲ ਸਿੰਘ ਦੇ ਆਲੋਚਨਾਤਮਿਕ-ਮਜ਼ਮੂਨ ਸਵਰਾਜਬੀਰ ਦੇ ਨਾਟਕ : ਮਿੱਥ ਦਾ ਨਵ-ਸਿਰਜਣ ਦੇ ਸਨਮੁੱਖ ਹੁੰਦਾ ਹੈ। ਇਸ ਆਲੋਚਨਾਤਿਮਕ ਪਾਠ ਵਿਚ ਗੁਰਇਕਬਾਲ-ਆਲੋਚਨਾ ਸਵਰਾਜਬੀਰ ਦੀ ਸਮੁੱਚੀ ਨਾਟ-ਸਿਰਜਨਾ ਨੂੰ ਆਾਪਣੇ ਅਧਿਐਨ ਖੇਤਰ ਵਿਚ ਲੈਂਦਾ ਹੋਇਆ, ਪਾਠ ਤੋਂ ਪਰਿਪੇਖ, ਪਰਿਪੇਖ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਵੱਲ ਆਪਣੇ ਅਧਿਐਨ ਨੂੰ ਫੈਲਾਉਂਦਾ ਹੈ। ਗੁਰਇਕਬਾਲ-ਆਲੋਚਨਾ ਇਸ ਮਜ਼ਮੂਨ ਅਧੀਨ ਸਵਰਾਜਬੀਰ ਦੀ ਨਾਟ-ਸਿਰਜਨਾ ਨੂੰ ਪੰਜਾਬੀ ਨਾਟ-ਪਰੰਪਰਾ ਅਧੀਨ ਰੱਖਕੇ ਵੇਖਦਾ, ਸਵਰਾਜਬੀਰ ਦੀ ਨਾਟ-ਸਿਰਜਨਾ ਦੀ ਵਿਭਿੰਨਤਾ ਤੇ ਨਵੀਨਤਾ ਨੂੰ ਸਥਾਪਿਤ ਕਰਦਾ ਹੈ ਅਤੇ ਉਸ ਦੀ ਨਾਟ-ਸਿਰਜਨਾ ਦੀਆਂ ਪ੍ਰਤੀਕ-ਪ੍ਰਬੰਧ ਨੂੰ ਨਵਿਆਉਂਦਾ ਹੋਇਆ, 'ਕ੍ਰਿਸ਼ਨ', 'ਮੇਦਨੀ' ਤੇ 'ਧਰਮ ਗੁਰੂ' ਨਾਟਕ ਵਿਚਲੇ ਅਰਥਾਂ ਨੂੰ ਵਰਤਮਾਨ ਪਰਿਪੇਖ ਵਿਚੋਂ ਤਲਾਸ਼ਦਾ ਹੈ। ਇਸ ਦੇ ਅਰਥ ਨਿਰਧਾਰਨ ਦੀ ਪ੍ਰਕਿਰਿਆ ਦੇ ਅੰਤਰਗਤ ਗੁਰਇਕਬਾਲ-ਆਲੋਚਨਾ ਪਾਠਮੂਲਕ ਵਿਧੀ ਆਪਣਾਉਂਦੀ ਹੋਈ ਪਾਠ ਤੋਂ ਰਾਜਨੀਤਿਕ ਪਰਿਪੇਖ, ਰਾਜਨੀਤੀ ਤੋਂ ਆਰਥਕਿ ਪਰਿਪੇਖ ਵੱਲ ਅਗ੍ਰਸ ਹੁੰਦੀ ਹੈ ਅਤੇ ਇਨ੍ਹਾਂ ਦੀ ਵਿਆਖਿਆ ਲਈ ਬਾਰ-ਬਾਰ ਪਾਠ ਵੱਲ ਮੁੜਦਾ ਹੈ। ਦਰਅਸਲ ਇਸ ਚੱਕਰੀ ਅਧਿਐਨ-ਵਿਧੀ ਦਾ ਅਧਾਰ-ਬਿੰਦੂ ਗੁਰਇਕਬਾਲ-ਆਲੋਚਨਾ ਦੀ ਨਵ-ਮਾਕਸਵਾਦੀ ਪਹੁੰਚ ਵਿਚ ਲੁਪਤ ਹੈ, ਜਿਸ ਅਧੀਨ ਉਹ ਬੰਧਨਯੁਕਤ ਸਿਧਾਂਤ ਚਿੰਤਨ ਦਾ ਮੁਦਾਈ ਹੋਣ ਦੀ ਬਜਾਇ ਸਥਾਪਿਤ ਦੀ ਵਿਸਥਾਪਿਤੀ ਦੀ ਦ੍ਰਿਸ਼ਟੀ ਤੋਂ ਸਮਸਤ ਸਰਵਰਾਜਬੀਰ ਨਾਟ-ਸਿਰਜਨਾ ਨੂੰ ਵੇਖਦੀ ਹੈ।1
ਇਸ ਤੋਂ ਅੱਗੇ ਵਸਤੂ-ਨਿਸ਼ਠ ਦ੍ਰਿਸ਼ਟੀ ਦੁਆਰਾ ਸਵਰਾਜਬੀਰ ਦੀ ਨਾਟ-ਸਿਰਜਨਾ ਦੀ ਹੋਂਦ-ਵਿਧੀ ਨੂੰ ਸਮਾਜਿਕ-ਇਤਿਹਾਸਕ ਪ੍ਰਕਿਰਿਆ ਨਾਲ ਅੰਤਰ-ਸੰਬੰਧਿਤ ਕਰਕੇ ਤਲਾਸ਼ਣ ਦਾ ਯਤਨ ਕਰਦਾ ਤੇ ਪਰਿਵੇਸ਼ ਤੇ ਪਾਠ ਦੇ ਅੰਤਰਲੇ/ਅੰਦਰਲੇ ਸੰਬੰਧਾਂ ਨੂੰ ਵੇਖਦਾ ਡਾ. ਰਜਨੀਸ਼ ਬਹਾਦਰ ਸਿੰਘ ਦਾ ਮਜ਼ਮੂਨ ਸਵਰਾਜਬੀਰ ਦੇ ਨਾਟਕ : ਵਿਚਾਰਧਾਰਕ ਆਧਾਰ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਮਜ਼ਮੂਨ ਸਰਲ, ਸੰਕੇਤਕ ਤੇ ਸਪੱਸ਼ਟ ਵਾਕ-ਸੰਰਚਨਾ ਦੁਆਰਾ ਸਵਰਾਜਬੀਰ ਦੀ ਨਾਟ-ਸਿਰਜਨਾ ਦੇ ਵਿਚਾਰਧਾਰਕ ਆਧਾਰ ਦੀ ਪਹਿਚਾਣ ਕਰਦਾ, ਮਾਰਕਸਵਾਦੀ ਪਹੁੰਚ ਵਿਧੀ ਦੀ ਰੌਸ਼ਨੀ ਅਧੀਨ ਭਾਰਤੀ ਮਿੱਥ-ਸ਼ਾਸਤਰ ਦੇ ਅੰਤਰਗਤ ਕਾਰਜਸ਼ੀਲ ਦਲਿਤ ਤੇ ਦਮਿਤ ਸ਼੍ਰੇਣੀ ਦੇ ਦ੍ਰਿਸ਼ਟੀਕੋਣ ਨੂੰ ਅਗ੍ਰਭੂਮਿਤ ਕਰਦਾ ਨਜ਼ਰੀ ਪੈਂਦਾ ਹੈ। ਇਸ ਪ੍ਰਸੰਗ ਵਿਚ ਇਸ ਆਲੋਚਨਾਤਿਮਕ ਮਜ਼ਮੂਨ ਦੀ ਵਿਸ਼ੇਸ਼ ਪ੍ਰਾਪਤੀ ਸਵਰਾਜਬੀਰ ਦੀ ਨਾਟ-ਸਿਰਜਨਾ ਅਧੀਨ ਕਾਰਜਸ਼ੀਲ ਵਿਚਾਰਧਾਰਕ ਅੰਸ਼ਾਂ ਤੇ ਸੁਹਾਤਮਿਕ ਰੀਤੀਆਂ ਦੀ ਸੰਤੁਲਿਨ ਪਹਿਚਾਣ ਕਰਨ ਵਿਚ ਨਿਹਿਤ ਹੈ, ਜੋ ਰਜਨੀਸ਼-ਆਲੋਚਨਾ ਅੰਤਰੰਗ ਤੇ ਬਾਹਰੰਗ ਆਲੋਚਨਾ ਤੋਂ ਪ੍ਰੇਰਿਤ ਮਿਸ਼ਰਤ ਭਾਂਤੀ ਆਲੋਚਨਾਤਿਮਕ ਪੱਧਤੀ ਦੀ ਦੇਣ ਹੈ। ਇਸ ਅਧੀਨ ਰਜਨੀਸ਼ ਨਾਟ-ਆਲੋਚਨਾ ਵਿਹਾਰਿਕ ਧਰਾਤਲ ਉੱਤੇ ਸਵਰਾਜਬੀਰ ਦੇ ਨਾਟ-ਪਾਠਾਂ ਦਾ ਮੁਤੱਲਿਆ ਕਰਨ ਸਮੇਂ (ਅਪਵਾਦਾਂ ਨੂੰ ਛੱਡਕੇ) ਪਾਠਮੂਲਕ ਅਧਿਐਨ ਵਿਧੀ ਅਪਣਾਉਂਦੀ ਹੋਈ ਪ੍ਰਸੰਗ ਤੋਂ ਪਾਠ, ਕਈ ਵਾਰ ਪਾਠ ਤੋਂ ਪ੍ਰਸੰਗ ਵੱਲ ਜਾਂਦੀ, ਪਾਠਮੂਲਕ ਆਲੋਚਨਾਤਿਮਕ-ਪਹੁੰਚ ਅਖ਼ਤਿਆਰ ਕਰਦੀ ਹੈ। ਇਸ ਪਹੁੰਚ ਕਾਰਨ ਹੀ ਰਜਨੀਸ਼ ਨਾਟ-ਆਲੋਚਨਾ ਸਵਰਾਜਬੀਰ ਨਾਟ-ਸਿਰਜਨਾ ਦੀ ਰਚਨਾ-ਵਸਤੂ, ਰਚਨਾ-ਵਿਧੀ ਤੇ ਰਚਨਾ-ਦ੍ਰਿਸ਼ਟੀ ਦੀ ਤ੍ਰੈ-ਦਿਸ਼ਾਵੀ ਪਹੁੰਚ ਅਪਣਾਉਂਦੀ ਹੈ।2
ਇਸ ਦੇ ਨਾਲ ਟੀਨਾ ਮਨਚੰਦਾ ਦਾ ਮਜ਼ਮੂਨ ਸਮਕਾਲੀ ਪੰਜਾਬੀ ਨਾਟਕ ਅਤੇ ਸਵਰਾਜਬੀਰ ਗੁਰਇਕਬਾਲ ਤੇ ਰਜਨੀਸ਼ ਬਹਾਦਰ ਦੀ ਆਲੋਚਨਾਤਮਿਕ ਪਹੁੰਚ ਤੋਂ ਵਿੱਥ ਉੱਤੇ ਵਿਚਰਦਾ ਹੋਇਆ, ਸਵਰਾਜਬੀਰ ਦੀ ਨਾਟ-ਸਿਰਜਨਾ ਨੂੰ ਪੰਜਾਬੀ ਨਾਟ-ਪਰੰਪਰਾ ਅਧੀਨ ਰੱਖਕੇ ਅਧਿਐਨ ਕਰਨ ਦਾ ਦਾਅਵਾ ਕਰਦਾ ਹੈ। ਪ੍ਰੰਤੂ ਅੱਠ ਪੰਨਿਆ ਦੇ ਇਸ ਆਲੋਚਨਾਤਿਮਕ ਨਿਬੰਧ ਵਿਚ ਦੋ ਪੰਨੇ ਹੀ ਸਵਰਾਜਬੀਰ ਦੀ ਨਾਟ-ਸਿਰਜਨਾ ਦਾ ਅਧਿਐਨ ਦਲਿਤ-ਦ੍ਰਿਸ਼ਟੀ ਦੀ ਰਹਿਨੁਮਾਈ ਵਿਚ ਕਰਦਾ, ਬੇਲੋੜੇ, ਨਿਰਾਰਥਕ ਤੇ ਅਪ੍ਰਸੰਗਿਕ ਵਿਸਥਾਰ ਦਾ ਸ਼ਿਕਾਰ ਹੈ। ਇਸ ਦੇ ਮੁਕਾਬਲਨ ਡਾ. ਮੋਹਨਜੀਤ ਦਾ ਮਜ਼ਮੂਨ ਨਟੂਆ ਭੇਖ ਦਿਖਾਵੇ ਬਹੁ ਬਿਧਿ, ਸਵਰਾਜਬੀਰ ਦੇ ਨਾਟਕਾਂ ਦੀਆਂ ਜੁਗਤਾਂ ਵਧੇਰੇ ਮਹੱਤਤਾ ਦਾ ਧਾਰਨੀ ਹੈ, ਜਿਸ ਵਿਚ ਮੋਹਨਜੀਤ ਨੇ ਭਾਰਤੀ ਤੇ ਪੱਛਮੀ ਨਾਟ-ਸ਼ਾਸਤਰ ਅਧੀਨ ਨਿਰਧਾਰਿਤ ਨਾਟ-ਜੁਗਤਾਂ ਦੀ ਦਾਰਸ਼ਨਿਕ ਵਿਆਖਿਆ ਦੁਆਰਾ ਸਵਰਾਜਬੀਰ ਦੇ ਨਾਟਕਾਂ ਦੀਆਂ ਕਲਾਤਮਿਕ ਰੀਤੀਆਂ ਨੂੰ ਤਲਾਸ਼ਿਆਂ ਹੈ। ਮੋਹਨਜੀਤ ਦਾ ਇਹ ਅਧਿਐਨ ਸਵਰਾਜਬੀਰ ਦੀ ਨਾਟ-ਸਿਰਜਨਾ ਤੇ ਭਾਰਤੀ-ਸਾਹਿਤ ਵਿਚਲੇ ਅੰਤਰਪਾਠਕ-ਸੰਬੰਧਾਂ (inter-textual relationship) ਨੂੰ ਪਹਿਚਾਨਣ ਦਾ ਵਿਸ਼ੇਸ਼ ਤੇ ਸਾਰਥਕ ਯਤਨ ਹੈ।
ਇਨ੍ਹਾਂ ਉਪਰੋਕਤ ਆਲੋਚਨਾਤਮਿਕ ਮਜ਼ਮੂਨਾਂ, ਜੋ ਸਵਰਾਜਬੀਰ ਨਾਟ-ਸਿਰਜਨਾ ਨੂੰ ਸਮੁੱਚੇ ਰੂਪ ਵਿਚ ਅਧਿਐਨ-ਵਸਤ ਵਜੋਂ ਗ੍ਰਹਿਣ ਕਰਦੇ ਹਨ, ਦੇ ਨਾਲ ਹੀ ਸੰਬੰਧਿਤ ਪੁਸਤਕ ਵਿਚ ਸਵਰਾਜਬੀਰ ਨਾਟ-ਸਿਰਜਨਾ ਦੇ ਵਿਭਿੰਨ ਪਸਾਰਾਂ ਨੂੰ ਅੰਸ਼ਕ ਰੂਪ (ਵੱਖਰੇ-ਵੱਖਰੇ ਨਾਟਕਾਂ ਨੂੰ) ਵਿਚ ਵੀ ਵਿਸ਼ਲੇਸ਼ਣ-ਮੁਲਾਂਕਣ ਦੇ ਘੇਰੇ ਵਿਚ ਲਿਆ ਗਿਆ ਹੈ। ਇਸ ਅਧੀਨ ਸਰਵ ਪ੍ਰਥਮ ਸਵਰਾਜਬੀਰ ਨਾਟ-ਸਿਰਜਨਾ ਦੇ ਪ੍ਰਮੁੱਖ ਅੰਸ਼ ਕ੍ਰਿਸ਼ਨ ਨੂੰ ਵਿਭਿੰਨ ਵਿਧਾਵਾਂ ਦੇ ਆਲੋਚਕਾਂ ਵੱਲੋਂ ਆਪਣੇ ਅਧਿਐਨ ਖੇਤਰ ਵਿਚ ਲਿਆ ਹੈ, ਜਿਸ ਦੇ ਅੰਤਰਗਤ ਤੇਜਵੰਤ ਸਿੰਘ ਗਿੱਲ ਦਾ ਆਲੋਚਨਾਤਿਮਕ-ਮਜ਼ਮੂਨ ਨਾਟਕ ਕ੍ਰਿਸ਼ਨ ਦੀਆਂ ਅੰਤਰੀਵ ਪਰਤਾਂ ਧਿਆਨਦੇਣ-ਯੋਗ ਤੇ ਸਿਰਨਾਤਮਿਕ ਨਿਬੰਧ ਹੈ। ਇਹ ਨਿਬੰਧ ਆਪਣੀ ਆਧਾਰ ਭੂਮੀ ਇਤਾਵਲੀ ਚਿੰਤਕ ਅਨਾਤੋਲ ਗ੍ਰਾਮਸ਼ੀ (Antonio Grahmsci) ਦੇ ਸਿਧਾਂਤਕ-ਚਿੰਤਨ ਨੂੰ ਅਵਚੇਤਨੀ ਧਰਾਤਲ ਉੱਤੇ ਕਾਰਜਸ਼ੀਲ ਕਰਦਾ ਹੋਇਆ ਸੁਬੋਧ ਤੇ ਲੋਕ-ਬੋਧ ਦੇ ਅੰਤਰ ਵਿਚੋਂ ਕ੍ਰਿਸ਼ਨ ਦੀ ਸਥਾਪਿਤ ਤੇ ਵਿਸਥਾਪਿਤ ਹੁੰਦੇ ਪ੍ਰਤੀਰੂਪ ਨੂੰ ਭਾਰਤੀ ਸਾਹਿਤ ਪਰੰਪਰਾ ਤੇ ਸਭਿਆਚਾਰਕ ਸਪੇਸ ਵਿਚੋਂ ਤਲਾਸ਼ਦਾ ਹੈ। ਅਜਿਹਾ ਕਰਦੇ ਸਮੇਂ ਗ੍ਰਾਮਸ਼ੀ ਦਾ ਹੈਜਮਨੀ (hegemony) ਦਾ ਸੰਕਲਪ ਅਤੇ ਦਵੰਦਾਤਿਮਕ-ਇਤਿਹਾਸਕ ਦ੍ਰਿਸ਼ਟੀ ਸਦਾ ਉਸਦੇ ਚਿੰਤਨ ਦੇ ਅਵਚੇਤਨੀ ਧਰਾਤਲ ਵਿਚੋਂ ਆਪਣੀ ਕਨਸੋਈਆਂ ਦਿੰਦੀ ਹੈ। ਇਸ ਦਾ ਇਕ ਪ੍ਰਮਾਣ ਕ੍ਰਿਸ਼ਨ ਨਾਟਕ ਦੀਆਂ ਅੰਤਰੀਵ ਪਰਤਾਂ ਫਰੋਲਦੇ ਹੋਏ ਸੁਪਨੇ ਦੀ ਵਿਆਖਿਆ ਸਮੇਂ ਨਜ਼ਰਸਾਨੀ ਹੁੰਦੀ ਹੈ, ਜਿਸ ਅਧੀਨ ਤੇਜਵੰਤ-ਆਲੋਚਨਾ ਸੁਪਨੇ ਦੀ ਵਿਆਖਿਆ ਲਈ ਫਰਾਇਡਵਾਦੀ ਚਿੰਤਨ ਦੀ ਟੇਕ ਲੈਣ ਦੀ ਬਜਾਇ ਆਪਣੀ ਵਿਚਾਰਧਾਰਕ ਸਪੱਸ਼ਟਤਾ ਕਾਰਨ ਸੁਪਨੇ ਦੇ ਸਰੂਪ ਤੇ ਸੁਭਾਅ ਨੂੰ ਦਵੰਦਾਤਿਮਕ-ਇਤਿਹਾਸ ਨਜ਼ਰੀਏ ਤੋਂ ਸਮਝ ਵੱਲ ਤੁਰਦੀ ਹੈ ਅਤੇ ਸੁਪਨੇ ਦੀ ਭੂਮੀ ਨੂੰ ਆਦਰਸਕ/ਭ੍ਰਮਕ ਸਥਿਤੀ ਵਜੋਂ ਹੀ ਸਪੱਸ਼ਟ ਕਰਦੀ ਹੈ।3 ਇਸ ਨਾਲ ਤੇਜਵੰਤ-ਆਲੋਚਨਾ ਸਵਰਾਜਬੀਰ ਨਾਟ-ਸਿਰਜਨਾ ਦੀਆਂ ਅੰਤਰੀਵ ਪਰਤਾਂ ਨੂੰ ਵਿਚਾਰਧਾਰਕ ਸਪੱਸ਼ਟਤਾ ਤੇ ਸੰਤੁਲਿਨਤਾ ਦੁਆਰਾ ਕਰਦੀ ਹੈ।
ਇਸ ਦੇ ਨਾਲ ਹੀ ਡਾ. ਸਰਬਜੀਤ ਸਿੰਘ ਨੇ ਆਪਣੇ ਆਲੋਚਨਾਤਿਮਕ-ਨਿਬੰਧ ਕ੍ਰਿਸ਼ਨ : ਰਾਜਨੀਤਕ ਪ੍ਰਵਚਨ ਅਧੀਨ ਵੀ ਸਵਰਾਜਬੀਰ ਨਾਟ-ਸਿਰਜਨਾ ਦੇ ਅਧਿਐਨ ਲਈ ਦਵੰਦਾਤਮਿਕ-ਇਤਿਹਾਸਵਾਦੀ ਦਰਸ਼ਨ ਦੀ ਸਹਾਇਤਾ ਲਈ ਹੈ। ਜਿਸ ਦੇ ਅੰਤਰਗਤ ਸਿਧਾਂਤ ਤੋਂ ਸਫ਼ਰ ਆਰੰਭ ਕਰਦਿਆਂ ਸਰਬਜੀਤ-ਆਲੋਚਨਾ ਰਾਜਨੀਤਿਕ ਚੇਤਨਾ ਤੋਂ ਆਰਥਿਕਤਾ ਅਤੇ ਆਰਥਿਕਤਾ ਤੋਂ ਭਵਿੱਖਮੁੱਖੀ ਵਿਕਾਸਮੁੱਖੀ-ਪਰਿਵਰਤਨ ਦੀ ਸੋਝੀ ਨੂੰ ਪਾਠ ਵਿਚੋਂ ਪਹਿਚਾਨਣ ਦਾ ਯਤਨ ਕਰਦਾ ਹੈ ਅਤੇ ਨਾਲ ਹੀ ਹੈਜਮਨੀਕਲ ਸਥਿਤੀ (hegemony situation) ਨੂੰ ਵੀ ਆਪਣੀ ਦ੍ਰਿਸ਼ਟੀ ਅਧੀਨ ਲਿਆਉਂਦਾ ਹੈ। ਪ੍ਰੰਤੂ ਇਥੇ ਸਰਬਜੀਤ-ਆਲੋਚਨਾ ਦੀ ਸਮੱਸਿਆ ਮਿਥਿਹਾਸ ਨੂੰ ਇਤਿਹਾਸ ਨਾਲੋਂ ਨਿਖੇੜਦਿਆਂ ਹੋਇਆ, ਮਿਥਿਹਾਸ ਨੂੰ ਕਾਲਪਨਿਕ/ਵਿਸ਼ਵਾਸ ਅਧਾਰਿਤ ਅਤੇ ਇਤਿਹਾਸ ਨੂੰ ਤੱਥ ਅਧਾਰਿਤ ਕਿਆਸ ਕਰਨ ਵਿਚ ਨਿਸਚਿਤ ਹੈ, ਜਿਸ ਕਾਰਨ ਸਰਬਜੀਤ-ਆਲੋਚਨਾ ਦੀ ਮਕਾਨਕੀ ਪਦਾਰਥਵਾਦੀ ਦ੍ਰਿਸ਼ਟੀ ਇਸ ਨੁਕਤੇ ਤੋਂ ਆਵੇਸਲੀ ਹੈ ਕਿ ਇਤਿਹਾਸ ਲਿਖਣ ਦਾ ਮੌਜੂਦਾ ਦਸਤਾਵੇਜੀ ਪੈਟਰਨ ਪੱਛਮੀ ਸਭਿਅਤਾ ਤੋਂ ਉਧਰਿਤ/ਆਰੋਪਿਤ ਕੀਤਾ ਗਿਆ ਹੈ, ਜਦੋਂ ਕਿ ਭਾਰਤੀ ਪ੍ਰਸੰਗ ਵਿਚ ਇਤਿਹਾਸ ਲਿਖਣ ਦਾ ਕਾਰਜ ਤਤਕਾਲੀਨ ਸਥਿਤੀਆਂ/ਪ੍ਰਸਥਿਤੀਆਂ ਨੂੰ ਸਿਰਜਨਾਤਿਮਕ ਬਿਰਤਾਂਤਕ ਰੂਪ ਅਧੀਨ ਕੋਡਿਡ (coded) ਕਰਨ ਦਾ ਹੈ। ਇਸ ਪ੍ਰਸੰਗ ਵਿਚ ਦਰਕਾਰ ਇਨ੍ਹਾਂ ਕੋਡਾਂ ਨੂੰ ਸੁਬੋਧ ਧਾਰਨੀ ਜੈਵਿਕ ਬੁੱਧੀਜੀਵੀਆਂ (organic intellectuals) ਵੱਲੋਂ ਡੀਕੋਡ ਕਰਨ ਦੀ ਮੰਗ ਕਰਦਾ ਹੈ, ਪ੍ਰੰਤੂ ਸਿਧਾਂਤਕ ਪੱਧਰ ਤੇ ਇਸ ਨੁਕਤੇ ਦੇ ਸੁਚੇਤ ਪੱਧਰ ਤੋਂ ਨਿਰਲੇਪ ਹੈ।4
ਪ੍ਰੰਤੂ ਉਪਰੋਕਤ ਸਿਧਾਂਤਕ ਵਿਸੰਗਤੀ ਦੇ ਬਾਵਜੂਦ ਸਰਬਜੀਤ-ਆਲੋਚਨਾ ਸਵਰਾਜਬੀਰ ਨਾਟ-ਸਿਰਜਨਾ ਦੇ ਰਾਜਨੀਤਿਕ ਪ੍ਰਵਚਨ ਦੇ ਲੁਪਤ ਤੇ ਮਹੀਨ ਬਿੰਦੂਆਂ ਤੇ ਆਧਾਰ ਤੱਤਾਂ ਨੂੰ ਪਹਿਚਾਨਣ ਵਿਚ ਸਫ਼ਲ ਰਹੀ ਹੈ, ਜਿਸ ਸਫ਼ਲਤਾ ਅਧੀਨ ਸਰਬਜੀਤ-ਆਲੋਚਨਾ ਰਾਜਨੀਤਿਕ ਮੁਕਤੀ ਦੇ ਪ੍ਰਵਚਨ ਨੂੰ ਉਭਾਰਦੀ, ਅਤੀਤ ਦੇ ਅਧਿਐਨ ਵਿਚ ਵਰਤਮਾਨ ਨੂੰ ਸਮਝਦੀ ਹੈ। ਇਸ ਪ੍ਰਕਾਰ ਦਾ ਯਤਨ ਹੀ ਅਗਲੇਰੇ ਮਜ਼ਮੂਨ ਨਾਟਕ ਕ੍ਰਿਸ਼ਨ : ਮਿੱਥ ਦਾ ਵਿਸਥਾਪਨ ਵਿਚ ਡਾ. ਓਮਾ ਸੇਠੀ ਕਰਦੀ ਨਜ਼ਰੀ ਪੈਂਦੀ ਹੈ, ਜੋ ਪੂਰਵਲੇ ਮਜ਼ਮੂਨਾਂ ਦਾ ਅਨੁਕਰਨ ਕਰਦੀ ਪ੍ਰਤੀਤ ਹੁੰਦੀ ਹੈ ਅਤੇ ਇਨ੍ਹਾਂ ਨਿਬੰਧਾਂ ਦੇ ਵਿਧਾਨ ਵਿਚ ਭਾਵੇਂ ਅੰਤਰ ਦ੍ਰਿਸ਼ਟੀਗੋਚਰ ਹੁੰਦਾ ਹੈ, ਪ੍ਰੰਤੂ ਦ੍ਰਿਸ਼ਟੀ, ਵਿਧੀ ਤੇ ਵਸਤੂ ਦੀ ਸਾਂਝ ਇਸ ਪੱਧਰ ਤੱਕ ਹੈ ਕਿ ਇਹ ਨਿਬੰਧ ਕਈ ਧਾਰਨਾਵਾਂ ਵਿਚ ਇਕ-ਦੂਜੇ ਦਾ ਪ੍ਰਤੀਰੂਪ ਜਾਪਦੇ ਹਨ।5
ਇਸ ਤੋਂ ਅੱਗੇ ਸਵਰਾਜਬੀਰ ਨਾਟ-ਸਿਰਜਨਾ ਦੀ ਅਧਿਐਨ-ਵਿਸ਼ਲੇਸ਼ਣ ਕਰਦੀ ਸੰਬੰਧਿਤ ਪੁਸਤਕ ਸਵਰਾਜਬੀਰ ਨਾਟ-ਸਿਰਜਨਾ ਦੇ ਦੂਜੇ ਮਹੱਤਵਪੂਰਨ ਪਾਸਾਰ 'ਧਰਮ ਗੁਰੂ' ਦਾ ਪੰਜ ਆਲੋਚਨਾਤਮਿਕ-ਮਜ਼ਮੂਨਾਂ ਅਧੀਨ ਮੁਲਾਂਕਣ ਕਰਦੀ ਹੈ। ਇਸ ਅਧੀਨ ਸ਼ਾਂਤੀ ਦੇਵ ਦੁਆਰਾ ਰਚਿਤ ਧਰਮ ਗੁਰੂ : ਕਥਾਵਸਤੂ ਦੀ ਪੁਨਰ ਸਿਰਜਣਾ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਸ ਦੇ ਅੰਤਰਗਤ ਸ਼ਾਂਤੀ ਦੇਵ ਨੇ ਭਾਰਤੀ ਮਿੱਥ ਸਿਰਜਣਾ ਦਾ ਬਿਆਨ ਕਰਦਿਆਂ ਇਸ ਦੀ ਪੁਨਰ-ਸਿਰਜਣਾ ਦੀ ਗੱਲ ਕੀਤੀ ਹੈ ਅਤੇ ਸਾਹਿਤ-ਸਿਰਜਨਾ ਦੀਆਂ ਵਿਸ਼ੇਸ਼ ਰੂਪਾਗਤ ਸੀਮਾਵਾਂ ਕਾਰਨ ਤਬਦੀਲ ਹੁੰਦੇ ਸੁਭਾਅ ਤੇ ਸਰੂਪ ਨੂੰ ਆਪਣੀ ਅਧਿਐਨ ਦ੍ਰਿਸ਼ਟੀ ਅਧੀਨ ਲਿਆਂਦਾ ਹੈ। ਇਸ ਦੇ ਨਾਲ ਹੀ ਚਮਨ ਲਾਲ ਨੇ 'ਧਰਮ ਗੁਰੂ' ਦੀ ਪਿਠਭੂਮੀ ਦੀ ਤਲਾਸ਼ ਕਰਦਿਆਂ ਬ੍ਰਾਹਮਵਾਦੀ ਕਰਦਾਂ-ਕਿਮਤਾਂ ਦੀ ਨਿਸ਼ਾਨਦੇਹੀ ਦੁਆਰਾ ਦਲਿਤ ਦ੍ਰਿਸ਼ਟੀ ਦੀ ਪਹਿਚਾਣ ਦੀ ਦਿਸ਼ਾ ਵਿਚ ਸਫ਼ਰ ਕੀਤਾ ਹੈ ਅਤੇ ਆਧੁਨਿਕ ਯੁੱਗ ਦੀਆਂ ਅੰਤਰ-ਸੰਬੰਧਿਤ ਕਦਰਿਆਂ ਕਥਾ ਦੀ ਪੁਨਰ-ਵਿਆਖਿਆ ਨੂੰ ਸਿਧਾਂਤ ਪੱਧਰ ਉੱਤੇ ਵਿਚਾਰਨ ਦਾ ਯਤਨ ਕੀਤਾ ਹੈ। ਪ੍ਰੰਤੂ ਇਸ ਮਜ਼ਮੂਨ ਦੀ ਸਮੱਸਿਆ ਸੰਕਲਪ ਦੀ ਅਸਪੱਸ਼ਟਤਾ ਵਿਚ ਦਿਖਾਦੀ ਦਿੰਦੀ ਹੈ, ਜਿਸ ਦੇ ਅੰਤਰਗਤ ਦਲਿਤ-ਦ੍ਰਿਸ਼ਟੀ ਤੇ ਪ੍ਰਗਤੀਵਾਦੀ-ਦ੍ਰਿਸ਼ਟੀ ਨੂੰ ਨਿਖੇੜਨ ਦਾ ਭ੍ਰਮਕ ਯਤਨ ਵੀ ਸਾਹਮਣੇ ਆਉਂਦਾ ਹੈ। ਇਸ ਭ੍ਰਮਕ ਯਤਨ ਨੂੰ ਤੋੜਨ ਦਾ ਕਾਰਜ ਸਰਬਜੀਤ ਸਿੰਘ ਨੇ ਆਪਣੇ ਆਲੋਚਨਾਤਮਿਕ ਪੱਤਰ ਧਰਮ ਗੁਰੂ : ਪਾਪ ਅਤੇ ਪੁੰਨ ਦਵੰਦ ਵਿਚ ਕੀਤਾ ਹੈ ਅਤੇ ਜਿਸ ਨੂੰ ਸਤਿੰਦਰ ਸਿੰਘ ਨੂਰ ਨੇ ਧਰਮ ਗੁਰੂ : ਪੰਜਾਬੀ ਨਾਟਕ ਦੇ ਵਿਧੀ-ਵਿਧਾਨ ਦੀ ਤਲਾਸ਼ ਅਧੀਨ ਨਵੀਨ ਪਰਿਪੇਖ ਪ੍ਰਦਾਨ ਕੀਤੇ ਹਨ।ਇਸ ਅਧੀਨ ਨੂਰ ਆਲੋਚਨਾ ਨੇ ਅੰਤਰ-ਅਨੁਸ਼ਾਸ਼ਨੀ ਪਹੁੰਚ ਵਿਧੀ ਦੁਆਰਾ ਧਰਮ ਗੁਰੂ ਦੀ ਵਸਤੂ ਤੇ ਵਿਧੀ ਨੂੰ ਸਮੁੱਚੇ ਰੂਪ ਵਿਚ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦਿਆਂ, ਭਾਰਤੀ ਬਿਰਤਾਂਤ ਦੇ ਪ੍ਰਸੰਗ ਵਿਚੋਂ ਪਹਿਚਾਨਣ ਦਾ ਉਪਰਾਲਾ ਕੀਤਾ ਅਤੇ ਸਵਰਾਜਬੀਰ ਦੇ ਨਾਟਕਾਂ ਦੇ ਅੰਤਰ-ਸੰਬੰਧਾਂ ਨੂੰ ਵੀ ਆਪਣੇ ਅਧਿਐਨ ਖੇਤਰ ਅਧੀਨ ਲਿਆ ਹੈ।ਅਜਿਹਾ ਕਦੇ ਸਮੇਂ ਨੂਰ-ਆਲੋਚਨਾ ਪੱਛਮੀ ਤੇ ਭਾਰਤੀ ਨਾਟ-ਵਿਧੀਆਂ ਦੇ ਅੰਤਰ-ਸੰਬੰਧ ਤੇ ਭਾਰਤੀ ਨਾਟ-ਸਿਰਜਨਾ ਦੇ ਅੰਦਰਲੇ-ਸੰਬੰਧਾਂ ਨੂੰ ਕੇਂਦਰ ਬਿੰਦੂ ਬਣਾਉਂਦੀ, ਸਵਰਾਜਬੀਰ ਨਾਟ-ਸਿਰਜਨਾ ਦੀ ਮੌਲਿਕਤਾ ਨੂੰ ਉਭਾਰਦੀ ਹੈ।6
ਸੰਬੰਧਿਤ ਪੁਸਤਕ ਇਸ ਅਧਿਐਨ ਤੋਂ ਅੱਗੇ ਖਿਸਕਦੀ ਸਵਰਾਜਬੀਰ ਨਾਟ-ਸਿਰਜਨਾ ਦੇ ਤੀਜੇ ਪਾਸਾਰ 'ਮੇਦਨੀ' ਵੱਲ ਤੁਰਦੀ ਹੈ, ਜਿਸ ਦੇ ਅੰਤਰਗਤ ਪਹਿਲਾਂ ਭਾਰਤੀ-ਮਿੱਥ ਪਰੰਪਰਾ ਦੀ ਕਥਾਮੂਲਕ ਵਿਆਖਿਆ ਕਰਦਾ, ਮੇਦਨੀ ਦਾ ਸਮੱਸਿਆਕਾਰ ਪਰਮਿੰਦਰ ਸਿੰਘ ਦਾ ਇਕ ਮਹੱਤਵਪੂਰਨ ਤੇ ਮਾਇਨੇਖੇਜ ਨਿਬੰਧ ਹੈ। ਭਾਰਤੀ ਮਿੱਥ-ਦਰਸ਼ਨ ਦੀ ਸਮਝ ਵਿਚ ਮਜ਼ਮੂਨ ਦੇ ਆਰ-ਪਾਰ ਫੈਲੀ ਹੋਈ ਹੈ ਅਤੇ ਖੋਜਮੂਲਕ ਗ੍ਰਹਿਨ ਦ੍ਰਿਸ਼ਟੀ ਇਸ ਮਜ਼ਮੂਨ ਦੇ ਸਦਾ ਅੰਗ-ਸੰਗ ਨਜ਼ਰੀ ਪੈਂਦੀ ਹੈ। ਇਸ ਕਾਰਨ ਹੀ ਸਮੁੱਚੇ ਆਲੋਚਨਾਤਮਿਕ ਨਿਬੰਧ ਵਿਚ ਮੇਦਨੀ ਤੋਂ ਪ੍ਰਿਥਵੀ ਬਣਨ ਦੀ ਯਾਤਰਾ ਤੇ ਔਰਤ ਦੇ ਅਸਿਸਤਵੀ ਮਸਲਿਆਂ ਤੱਕ ਅੰਤਰ-ਵਿਖਿਆਖਿਆ ਇਸ ਨਿਬੰਧ ਵਿਚ ਗਿਆਨਮੂਲਕ ਸਰੋਕਾਰਾਂ ਦੇ ਰੂਪ ਵਿਚ ਸਮਲਿਤ ਹੁੰਦੀ ਹੈ। ਇਸ ਦੇ ਪ੍ਰਮਾਣ ਸਰੂਪ ਇਸ ਨਿਬੰਧ ਵਿਚ ਧਿਆਨ ਦਾ ਸੰਘਣਾਪਨ/ਗੰਭੀਰਤਾ ਤੇ ਦ੍ਰਿਸ਼ਟੀ ਦੀ ਗਹਿਨਤਾ ਦਾ ਪ੍ਰਵੇਸ਼ ਹੁੰਦਾ, ਇਸ ਨਿਬੰਧ ਨੂੰ ਵਿਸ਼ੇਸ਼ ਅਰਥਾਂ ਦਾ ਧਾਰਨੀ ਬਣਾਉਂਦਾ ਹੈ। ਇਸ ਦਾ ਹੀ ਇਕ ਪਾਸਾਰ ਸਰਜਬੀਤ ਸਿੰਘ ਦੇ ਮਜ਼ਮੂਨ ਮੇਦਨੀ : ਧਰਮ, ਸੱਤਾ ਅਤੇ ਸਿਆਸਤ ਦੀ ਵਿਆਕਰਣ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਜਿਸ ਅਧੀਨ ਸਰਬਜੀਤ-ਆਲੋਚਨਾ ਆਪਣੀ ਮਾਰਕਸਵਾਦੀ ਦ੍ਰਿਸ਼ਟੀ ਦੇ ਘੇਰੇ ਦੇ ਅੰਤਰਗਤ ਹੀ ਵਿਚਰਦੀ ਹੋਈ ਮੇਦਨੀ ਦੀ ਮਿੱਥ-ਕਥਾ ਤੋਂ ਨਾਰੀ ਦੀ ਹੋਂਦ ਤੇ ਹੋਣੀ ਦੇ ਬਿਰਤਾਂਤ ਵੱਲ ਵੱਧਦਾ, ਇਸ ਨੂੰ ਸਮਾਜਿਕ-ਆਰਥਿਕ ਸਿਆਸਤ ਤੇ ਸੱਤਾ ਨਾਲ ਜੜਦਾ ਹੈ। ਇਸ ਪ੍ਰਕਿਰਿਆ ਅਧੀਨ ਸਰਬਜੀਤ-ਆਲੋਚਨਾ ਸੱਤਾ ਦੇ ਦਮਨ ਤੇ ਸ਼ਕਤੀ ਦੇ ਜਬਰ ਸਦਾ ਆਪਣੇ ਚਿੰਤਨ ਦੇ ਕੇਂਦਰ ਵਿਚ ਰੱਖਦੀ ਹੈ।7
ਇਸ ਵਿਚਾਰ ਨੂੰ ਹੀ ਡਾ. ਮਨਮੋਹਨ ਦਾ ਮਜ਼ਮੂਨ ਮੇਦਨੀ : ਸਮ-ਸਾਮਿਅਕਤਾ ਦਾ ਮਿਥਕ ਵਸਤੂਕਰਣ ਹੈ, ਜੋ ਸੱਤਾ-ਸ਼ਕਤੀ ਦੇ ਪ੍ਰਵਚਨ ਨੂੰ ਸਮਝਦਾ-ਸਮਝਾਉਂਦਾ ਹੋਇਆ, ਭਾਰਤੀ ਨਿਆਇ ਵਿਵਸਥਾ ਤੇ ਭਾਰਤੀ ਸਮਾਜ ਵਿਚਲੀ ਔਰਤ ਦੀ ਸਥਿਤੀ ਦੇ ਅਧਿਐਨ-ਵਿਸ਼ਲੇਸ਼ਣ ਦੇ ਨਾਲ-ਨਾਲ ਮੇਦਨੀ ਨਾਟ-ਸਿਰਜਨਾ ਦੇ ਇਕਹਿਰੀ ਸੰਬੰਧਿਤਾ ਦੇ ਨੁਕਤੇ ਨੂੰ ਉਭਾਰਦਾ ਹੈ ਅਤੇ ਹੋਰਨਾਂ ਮਜ਼ਮੂਨਾਂ ਤੋਂ ਵਿੱਥ ਸਥਾਪਿਤ ਕਰਦਾ, ਨਾਟ-ਸਿਰਜਨਾ ਦੀ ਵਿਸੰਗਤੀਆਂ ਨੂੰ ਕੇਂਦਰ ਵਿਚ ਲਿਆਉਂਦਾ ਹੈ। ਇਹ ਸੰਬੰਧਿਤ ਪੁਸਤਕ ਵਿਚ ਸੰਖੇਖ ਆਕਾਰ ਤੇ ਸੰਬਾਦੀ ਸੁਭਾਅ ਵਾਲਾ ਪ੍ਰਥਮ ਮਜ਼ਮੂਨ ਹੈ।ਇਸ ਤੋਂ ਅੱਗੇ ਉਪਰੋਕਤ ਆਲੋਚਕਾਂ ਸਤਿੰਦਰ ਸਿੰਘ ਨੂਰ ਸ਼ਾਇਰੀ ਦਾ ਪਰਿਪੇਖ, ਡਾ. ਮਨਮੋਹਨ ਸ਼ਬਦ ਦੇ ਹੋਂਦ ਦੇ ਸੰਘਰਸ਼ ਦਾ ਪ੍ਰਵਚਨ : ਸ਼ਾਇਰੀ ਤੇ ਸਰਬਜੀਤ ਸਿੰਘ ਵਿਪਰੀਤ ਦੀ ਰੀਤ : ਸ਼ਾਇਰੀ ਦੇ ਆਲੋਚਨਾਤਮਿਕ-ਮਜ਼ਮੂਨ ਹੀ ਸਰਵਰਾਜਬੀਰ ਨਾਟ-ਚਿੰਤਨ ਦੇ ਅਗਲੇਰੇ ਪਾਸਾਰ ਸ਼ਾਇਰੀ ਦਾ ਵਿਸ਼ਲੇਸ਼ਣ-ਮੁੱਲਾਂਕਣ ਕਰਦੇ ਹਨ। ਇਨ੍ਹਾਂ ਮਜ਼ਮੂਨਾਂ ਦੇ ਅੰਤਰਗਤ ਵੀ ਉਪਰੋਕਤ ਆਲੋਚਕਾਂ ਨਿਸ਼ਚਿਤ ਆਲੋਚਨਾ ਦ੍ਰਿਸ਼ਟੀ ਤੇ ਵਿਧੀ ਨੂੰ ਵੇਖਿਆ ਜਾ ਸਕਦਾ ਹੈ, ਭਿੰਨਤਾ ਸਿਰਫ਼ ਵਸਤੂ ਦੇ ਪੱਧਰ 'ਤੇ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ।
ਇਸ ਪ੍ਰਕਾਰ ਸਮੁੱਚੇ ਰੂਪ ਵਿਚ ਮਿੱਥ ਅਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ) ਸਮੁੱਚੇ ਰੂਪ ਵਿਚ ਵਿਭਿੰਨ ਆਲੋਚਨਾਤਮਿਕ ਦ੍ਰਿਸ਼ਟੀਆਂ ਵਾਲੇ ਵਿਭਿੰਨ ਪੰਜਾਬੀ ਆਲੋਚਕਾਂ ਦੇ ਮਜ਼ਮੂਨਾਂ ਸਪੇਸ ਸਿਰਜਦੇ ਹਨ, ਜੋ ਸਵਰਾਜਬੀਰ ਨਾਟ-ਸਿਰਜਨਾ ਦੀਆਂ ਗ੍ਰਹਿਨ ਪਰਤਾਂ/ਪਸਾਰਾਂ ਨੂੰ ਗੰਭੀਰ ਤੇ ਵਿਭਿੰਨ ਦ੍ਰਿਸ਼ਟੀਆਂ ਨਾਲ ਅਗ੍ਰਭੂਮਿਤ ਕਰਦੇ ਹਨ। ਇਸ ਪੁਸਤਕ ਦੀ ਅਹਿਮ ਪ੍ਰਾਪਤ ਭਾਰਤੀ ਮਿੱਥ/ਇਤਿਹਾਸ ਦੀ ਰਹਿਨੁਮਾਈ ਦੁਆਰਾ ਸਵਰਾਜਬੀਰ ਨਾਟ-ਸਿਰਜਨਾ ਨੂੰ ਵੇਖਣ ਵਿਚ ਨਿਹਿਤ ਹੈ, ਜਿਸ ਅਧੀਨ ਪੱਛਮੀ ਸਿਧਾਂਤ ਚੇਤਨਾ ਦਾ ਮਕਾਨਕੀ ਰੂਪ (ਜੋ ਵਧੇਰੇ ਪੰਜਾਬੀ ਆਲੋਚਨਾ ਵਿਚ ਵਿਖਦਾ ਹੈ) ਸਵਰਾਜਬੀਰ ਨਾਟ-ਸਿਰਜਨਾ ਉੱਤੇ ਜਬਰੀ ਆਰੋਪਿਤ ਕਰਨਾ ਕਰਨ ਦੀ ਬਜਾਇ ਪੰਜਾਬੀ/ਭਾਰਤੀ ਨਾਟ-ਚਿੰਤਨ ਤੋਂ ਅੰਤਰ-ਦ੍ਰਿਸ਼ਟੀਆਂ ਗ੍ਰਹਿਣ ਕਰਦੇ ਹਨ। ਨਿਰਸ਼ੰਦੇਹ, ਇਸ ਪੁਸਤਕ ਪੰਜਾਬੀ ਨਾਟ-ਚਿੰਤਨ ਦੀ ਪਰੰਪਰਾ ਤੇ ਪ੍ਰਵਾਹ ਵਿਚ ਮਹੱਤਵਪੂਰਨ ਵਾਧਾ ਹੈ।

ਹਵਾਲੇ ਤੇ ਟਿੱਪਣੀਆਂ :
1. ''(ਸਵਰਾਜਬੀਰ ਦੇ) ਨਾਟਕ ਜਿਥੇ ਸੰਰਚਨਾ ਪੱਖੋਂ ਜਟਿਲ ਹਨ ਉਥੇ ਵਿਚਾਰਧਾਰਕ ਦ੍ਰਿਸ਼ਟੀ ਤੋਂ ਭਾਰਤੀ ਇਤਿਹਾਸ-ਮਿਥਿਹਾਸ ਦੀਆਂ ਤੰਦਾਂ ਵਿਚੋਂ ਵਿਵਸਥਾਈ ਤੱਤਾਂ ਦੀ ਪਛਾਣ ਕਰਕੇ ਅਜੋਕੇ ਸਮਾਜ ਵਿਚ ਫੈਲੇ ਦਮਨ ਅਤੇ ਸੋਸ਼ਣ ਨੂੰ ਉਭਾਰਦੇ ਹੋਏ ਮਿੱਥ ਦਾ ਪੁਨਰ ਸਿਰਜਣ ਨਹੀਂ ਸਗੋਂ ਨਵ-ਸਿਰਜਨ ਕਰਦੇ ਹਨ। ਇਹੋ ਨਵ-ਸਿਰਜਨਾ ਵਰਤਮਾਨ ਵਿਚ ਪ੍ਰਸੰਗਿਕ ਗ੍ਰਹਿਣ ਕਰਦਾ ਹੈ।'' ਸਰਬਜੀਤ ਸਿੰਘ (ਸੰਪਾ.),ਮਿੱਥ ਅਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ), ਗੁਰਇਕਬਾਲ ਸਿੰਘ, 'ਸਵਰਾਜਬੀਰ ਦੇ ਨਾਟਕ : ਮਿੱਥ ਦਾ ਨਵ-ਸਿਰਜਣ', ਪੰਨਾ-35
2. ''ਉਹ (ਸਵਰਾਜਬੀਰ) ਵਿਚਾਰ ਨੂੰ ਨਾਟਕਾਂ ਵਿਚ ਪੇਸ਼ ਕਰਦੇ ਹੋਏ ਕਲਾਤਮਕ ਜੁਗਤਾਂ ਦੀ ਸੁਚੇਤ ਵਰਤੋਂ ਕਰਕੇ ਕਲਾਤਮਕ ਵਸਤ ਵਿਚ ਰੂਪਾਂਤਰਿਤ ਕਰਦਾ ਹੈ। ਪਾਤਰ੍ਹਾਂ ਦੇ ਲਾਊਡ ਹੋਣ ਦਾ ਵੀ ਵਿਚਾਰਧਾਰਾਈ ਤਰਕ ਨਾਟਕਾਂ ਦੀ ਟੈਕਸਟ ਵਿਚੋਂ ਉਭਾਰਦਾ ਹੈ।'' ਉਹੀ, ਰਜਨੀਸ਼ ਬਹਾਦਰ ਸਿੰਘ, 'ਸਵਰਾਜਬੀਰ ਦੇ ਨਾਟਕ : ਵਿਚਾਰਧਾਰਕ ਆਧਾਰ', ਪੰਨਾ-35
3. ''ਆਰੰਭ ਦੇ ਸਮੂਹ ਗਾਣ ਤੋਂ ਪ੍ਰਭਾਵ ਲਿਆ ਜਾ ਸਕਦਾ ਹੈ ਕਿ ਦ੍ਰਿਸ਼ ਸੁਪਨੇ ਦੀ ਨਿਆਈਂ ਹੈ, ਜਿਸ ਨੂੰ ਮਨੋਵਿਗਿਆਨਕ ਦੀ ਥਾਂ ਵਿਚਾਰਧਾਰਾ ਅਨੁਸਾਰ ਸਮਝਣਾ ਵਧੇਰੇ ਲਾਭਵੰਦ ਹੋ ਸਕਦਾ ਹੈ। ਇਸ ਪਰਖ ਤੋਂ ਸਿੱਧ ਹੋ ਜਾਂਦਾ ਹੈ ਕਿ ਇਹ ਸੁਪਨਾ ਤਾਂ ਦਰਅਸਲ ਭੁਲਾਵਾ ਹੈ, ਜਿਸ ਨੂੰ ਸੱਤਾਧਾਰੀ ਵਰਗ ਆਪਣੀ ਹਿੱਤ-ਪੂਰਤੀ ਖਾਤਰ ਸਾਧਾਰਣ ਜਨਤਾ ਨੂੰ ਦਬਾਉਣ ਅਤੇ ਕੁਚਲਣ ਲਈ ਵਰਤੋਂ ਵਿਚ ਲਿਆਉਂਦਾ ਆਇਆ ਹੈ।'' ਉਹੀ, ਤੇਜਵੰਤ ਸਿੰਘ ਗਿੱਲ,'ਨਾਟਕ ਕ੍ਰਿਸ਼ਨ ਦੀਆਂ ਅੰਤਰੀਵ ਪਰਤਾਂ', ਪੰਨਾ-83
4. ''(ਮਿੱਥ) ਵਿਚ ਦਰਸ਼ਨ, ਵਿਚਾਰਧਾਰਾ, ਤਰਕ ਅਤੇ ਕਲਪਨਾ ਦਾ ਅਦਭੁੱਤ ਮਿਸ਼ਰਣ ਹੁੰਦਾ ਹੈ। ਇਹ ਮਿਸ਼ਰਣ ਐਨਾ ਸੰਘਣਾ, ਜਟਿਲ, ਕਲਾਤਮਕ ਅਤੇ ਸੁਹਜ-ਭਰਪੂਰ ਹੁੰਦਾ ਹੈ ਕਿ ਇਹ ਇਤਿਹਾਸ ਦਾ ਭਰਮ ਸਿਰਜ ਦਿੰਦਾ ਹੈ।ਇਸ ਵਿਚ ਇਤਿਹਾਸਕ ਤੱਥ, ਤੱਤ ਅਤੇ ਤਰਕ ਭਾਵੇਂ ਕੁਝ ਵੀ ਨਾ ਹੋਵੇ ਪਰੰਤੂ ਵਿਸ਼ਵਾਸ਼/ਆਸਥਾ ਦਾ ਆਧਾਰ ਆਵੱਸ਼ਕ ਹੁੰਦਾ ਹੈ।'' ਉਹੀ, ਸਰਬਜੀਤ ਸਿੰਘ, 'ਕ੍ਰਿਸ਼ਨ : ਰਾਜਨੀਤਕ ਪ੍ਰਵਚਨ', ਪੰਨਾ-95
5. ''ਇਹ ਕਾਵਿ-ਨਾਟ ਦਾ ਵਿਸ਼ਾ-ਵਸਤੂ ਕ੍ਰਿਸ਼ਨ ਦੀ ਜੀਵਨ ਲੀਲ੍ਹਾ ਨਾਲ ਸੰਬੰਧ ਰਖਦਾ ਹੈ। ਲਾਡ ਲਡੰਦੇ ਬਾਲਕ, ਮਨਮੋਹਕ ਪ੍ਰੇਮੀ, ਸ਼ਕਤੀਸ਼ਾਲੀ ਸਾਸ਼ਕ ਅਤੇ ਜਾਣੀ-ਜਾਣ ਭਗਵਾਨ ਦੇ ਰੂਪ ਵਿਚ ਯੁਗਾਂ ਯੁਗ੍ਹਾਂਤਰ੍ਹਾਂ ਤੋਂ ਭਗਤੀ ਲੋਕ-ਬੋਧ ਵਿਚ ਕ੍ਰਿਸ਼ਨ ਦਾ ਸਥਾਨ ਸਰੱਖਿਅਤ ਆਇਆ ਹੈ।.....ਸਵਰਾਜਬੀਰ ਦੇ ਕਾਵਿ-ਨਾਟ ਵਿਚ ਵੀ ਕ੍ਰਿਸ਼ਨ ਅਨਾਇਕ ਵਜੋਂ ਹੀ ਪੇਸ਼ ਹੁੰਦਾ ਹੈ।'' ਉਹੀ, ਤੇਜਵੰਤ ਸਿੰਘ ਗਿੱਲ, 'ਨਾਟਕ ਕ੍ਰਿਸ਼ਨ ਦੀਆਂ ਅੰਤਰੀਵ ਪਰਤਾਂ', ਪੰਨਾ-79 ਤੇ 81
''ਪਰੰਪਰਾ ਵਿਚ ਕ੍ਰਿਸ਼ਨ ਮੱਖਣਚੋਰ ਜਾਂ ਰਾਸ ਲੀਲਾ ਵਿਚ ਵਧੇਰੇ ਅਰਥਵਾਨ ਬਣਦਾ ਹੈ ਅਤੇ ਸਮਾਜੀ ਰੂੜ੍ਹੀਗਤ ਰੂਪ ਵਿਚ ਪ੍ਰਮਾਤਮਾ ਬਣਦਾ ਹੈ ਤਾਂ ਸਵਰਾਜਬੀਰ ਉਸਨੂੰ ਛਣ/ਪਲ/ਵੇਰਵ੍ਹੇ/ਘਟਨਾ ਆਦਿ ਵਿਚੋਂ....ਪਛਾਣ ਰਿਹਾ।'' ਉਹੀ, ਸਰਬਜੀਤ ਸਿੰਘ,'ਕ੍ਰਿਸ਼ਨ : ਰਾਜਨੀਤਕ ਪ੍ਰਵਚਨ', ਪੰਨਾ-97
''ਕ੍ਰਿਸ਼ਨ ਨਾਟਕ ਵਿਚ ਉਸ ਨੇ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਰਾਸ ਲੀਲਾਵਾਂ ਜਾਂ ਕ੍ਰਿਸ਼ਨ-ਭਗਤੀ ਦੇ ਵੇਰਵਿਆਂ ਨੂੰ ਆਪਣੀ ਰਚਨਾ ਦੀ ਕਥਾ-ਵਸਤੂ ਨਹੀਂ ਬਣਾਇਆ।'' ਉਹੀ, ਓਮਾ ਸੇਠੀ,'ਨਾਟਕ ਕ੍ਰਿਸ਼ਨ : ਮਿੱਥ ਦਾ ਵਿਸਥਾਪਨ', ਪੰਨਾ-117
6. ''ਇਸ ਨਾਟਕ ਤੋਂ ਸਵਰਾਜਬੀਰ ਦੀ ਜੋ ਨਾਟਕੀ ਦ੍ਰਿਸ਼ਟੀ ਤੋਂ ਅਗੇਰੇ ਤੁਰਨ ਦੀ ਸਮੱਰਥਾ ਪ੍ਰਗਟ ਹੋਣੀ ਸ਼ੁਰੂ ਹੁੰਦੀ ਹੈ, ਉਸ ਦਾ ਸਰੋਕਾਰ ਨਾਟਕੀ ਵਿਧੀਆਂ ਨਾਲ ਹੈ। ਉਹ ਕਈ ਪਿਛਲੇ ਨਾਟਕਕਾਰਾਂ ਵਾਂਗ ਨਾਟ-ਵਿਧੀਆਂ ਕੇਵਲ ਪੱਛਮੀ ਦੀਆਂ ਵਿਧੀਆਂ ਚੋਂ ਨਹੀਂ ਤਲਾਸ਼ਦਾ, ਸਗੋਂ ਆਪਣੇ ਵਿਰਸੇ ਚੋਂ ਤਲਾਸ਼ਣ ਦਾ ਯਤਨ ਕਰਦਾ ਹੈ।.......ਅੰਤ ਤਕ ਪਹੁੰਚਦਿਆਂ ਬਰੈਖ਼ਤੀ ਵਿਧੀਆਂ ਵੀ ਨਾਟਕ ਵਿਚ ਰਚ ਮਿਚ ਗਈਆਂ ਹਨ, ਪਰ ਉਸ ਕਥਾ ਨੂੰ ਰੂਪਾਂਤ੍ਰਿਤ ਕਰਦਾ ਹੈ, ਜਿਸ ਨਾਲ ਉਹ ਭਾਰਤੀ ਮਨੁੱਖ ਦੇ ਅਵਚੇਤਨ ਤਕ ਇਕ ਲੀਕ ਪਾ ਸਕੇ।'' ਉਹੀ, ਸਤਿੰਦਰ ਸਿੰਘ ਨੂਰ, 'ਧਰਮ ਗੁਰੂ : ਪੰਜਾਬੀ ਨਾਟਕ ਦੇ ਵਿਧੀ-ਵਿਧਾਨ ਦੀ ਤਲਾਸ਼', ਪੰਨਾ-155
7. ਸਵਰਾਜਬੀਰ ਦਮਨ ਅਤੇ ਜ਼ਬਰ ਦੇ ਵਿਰੋਧ ਵਿਚ ਸੁੰਨ ਹੋ ਚੁੱਕੀਆਂ ਧਿਰਾਂ ਨੂੰ ਹਲੂਣਦਾ ਹੈ ਜੋ ਲਾਸ਼ ਬਣ ਗਈਆਂ ਹਨ। ਪ੍ਰਤੀਕਾਤਮਕ ਤੌਰ ਤੇ ਸਭ ਲਾਸ਼ਾਂ ਬਣਨ ਪਿੱਛੇ ਉਸਦਾ ਗੰਭੀਰ ਅਰਥ ਸਿਰਜਣ ਪਿਆ ਹੈ। ਇਕ ਤਾਂ ਸਿਸਟਮ ਨੇ ਲਾਸ਼ ਬਣਾ ਦਿਤੇ ਹਨ ਅਤੇ ਦੂਸਰੇ ਸਿਸਟਮ ਦੀ ਲਾਸ਼ ਹਨ।....ਬੁਰਜ਼ੂਆਂ ਡੈਮੋਕਰੇਸੀ ਅਤੇ ਤੰਤਰ-ਪ੍ਰਬੰਧ ਨੇ ਨਿਆਂਇਕ ਸ਼ਕਤੀਆਂ ਅਤੇ ਧਿਰਾਂ ਨੂੰ ਨਿਪੁੰਨਸਕ ਕਰਕੇ ਲਾਸ਼ ਵਿਚ ਤਬਦੀਲ ਕਰ ਦਿੱਤਾ ਹੈ। ਉਹੀ, ਸਰਜਬੀਤ ਸਿੰਘ, 'ਮੇਦਨੀ : ਧਰਮ, ਸੱਤਾ ਅਤੇ ਸਿਆਸਤ ਦੀ ਵਿਆਕਰਣ', ਪੰਨਾ-191

Sunday, 20 March 2016

ਕੇਸਰ ਸਿੰਘ ਕੇਸਰ ਦੀ ਗਲਪ-ਆਲੋਚਨਾ : ਸ਼੍ਰੇਣੀ-ਸੰਘਰਸ਼ ਦੀ ਪਛਾਣ

it is not the consciousness of men that determines their being, 
but, on the contrary their social being that 
determines their consciousness. 
K. Marx and F. Engels

ਮਨੁੱਖੀ-ਹੋਂਦ ਦਾ ਮੂਲ ਆਧਾਰ ਉਤਪਾਦਨ ਤੇ ਪੁਨਰ-ਉਤਪਾਦਨ ਦੀ ਪ੍ਰਕਿਰਿਆ ਉੱਤੇ ਨਿਰਭਰ ਕਰਦਾ ਹੈ, ਜਿਹੜਾ ਮਨੁੱਖ ਨੂੰ ਪ੍ਰਕਿਰਤੀ ਦੀਆਂ ਸ਼ੈਆਂ (objects) ਨਾਲ ਸੰਦਾਂ (means) ਤੇ ਕਿਰਤ (labor) ਦੇ ਸੁਮੇਲ ਦੁਆਰਾ (ਉਤਪਾਦਨ ਸ਼ਕਤੀਆਂ) ਉਤਪਾਦਨ ਪ੍ਰਕਿਰਿਆ ਵਿਚ ਕਾਰਜਸ਼ੀਲ ਹੋਣ ਲਈ ਮਜ਼ਬੂਰ ਕਰਦਾ ਹੈ। ਇਸ ਸੰਦਰਭ ਵਿਚ ਮਨੁੱਖ ਪ੍ਰਕਿਰਤੀ ਦੇ ਮੁਕਾਬਲਤਨ ਆਪਣੀ ਵਿਅਕਤੀਗਤ ਸ਼ਕਤੀ ਦੀਆਂ ਸੀਮਾਵਾਂ ਨੂੰ ਸੰਭਾਵਨਾਵਾਂ ਵਿਚ ਤਬਦੀਲ ਕਰਨ ਲਈ ਬਾਹਰਮੁੱਖੀ ਨਿਯਮਾਂ ਅਧੀਨ ਨਿਸ਼ਚਿਤ ਸਮੂਹਿਕ ਸੰਬੰਧਾਂ ਵਿਚ ਬੱਝਦਾ ਹੈ। ਇਨ੍ਹਾਂ ਸੰਬੰਧਾਂ ਦੀ ਪ੍ਰਵਿਰਤੀ ਮੂਲ ਰੂਪ ਵਿਚ ਅੱਗੋਂ ਉਤਪਾਦਨ ਦੀਆਂ ਸ਼ੈਆਂ ਤੇ ਸੰਦਾਂ (ਉਤਪਾਦਨ ਦੇ ਸਾਧਨਾਂ) ਦੀ ਮਲਕੀਅਤ 'ਤੇ ਨਿਰਭਰ ਕਰਦੀ ਹੋਈ ਪ੍ਰਚਲਿਤ ਉਤਪਾਦਨ-ਢੰਗਾਂ ਅਧੀਨ ਕਾਰਜਸ਼ੀਲ ਮਨੁੱਖੀ ਗੁੱਟਾਂ ਜਾਂ ਦਾਇਰਆਂ ਦੀ ਪ੍ਰਧਾਨ ਜਾਂ ਪ੍ਰਾਧੀਨ ਸਥਿਤੀ ਨਿਰਧਾਰਿਤ ਕਰਦੀ ਹੈ। ਇਸ ਅਧੀਨ ਭਾਰੂ ਗੁੱਟ ਜਾਂ ਦਾਇਰੇ (ਬੁਨਿਆਦੀ ਰੂਪ ਵਿਚ ਸ਼ੋਸ਼ਕ-ਸ਼੍ਰੇਣੀਆਂ) ਆਪਣੀ ਹੋਂਦ ਦੇ ਆਰੰਭ ਤੋਂ ਸਮਕਾਲ ਤੱਕ ਕਿਸੇ ਨਾ ਕਿਸੇ ਰੂਪ ਵਿਚ ਉਤਪਾਦਨ ਦੀ ਪ੍ਰਕਿਰਿਆ ਤੋਂ ਬਾਹਰ ਰਹਿਕੇ ਵੀ ਉਪਜ ਦੇ ਵਧੇਰੇ ਹਿੱਸੇ 'ਤੇ ਕਾਬਜ਼ ਹੁੰਦੇ ਆਏ ਹਨ ਅਤੇ ਪ੍ਰਾਧੀਨ ਗੁੱਟਾਂ ਜਾਂ ਦਾਇਰਆਂ (ਬੁਨਿਆਦੀ ਰੂਪ ਵਿਚ ਸ਼ੋਸ਼ਿਤ-ਸ਼੍ਰੇਣੀ) ਦਾ ਸ਼ੋਸ਼ਣ ਕਰਦੇ ਰਹੇ ਹਨ। ਇਸ ਸ਼ੋਸ਼ਣ ਦਾ ਅੰਤ ਸਦਾ ਸੰਬੰਧਿਤ ਸਮਾਜ ਦੀਆਂ ਸ਼ੋਸ਼ਿਤ-ਸ਼੍ਰੇਣੀਆਂ ਦੀ ਸ਼ੋਸ਼ਕ-ਸ਼ੇਣੀਆਂ ਵਿਰੁੱਧ ਵਿਕਸਤ ਹੋਈ ਚੇਤਨਾ ਤੇ ਯਤਨਾਂ ਦੁਆਰਾ ਵਿਕਾਸਮੁੱਖੀ-ਪਰਿਵਰਤਨ ਨੂੰ ਵਿਹਾਰਿਕ ਰੂਪ ਦੇ ਕੇ ਕੀਤਾ ਗਿਆ ਹੈ। ਇਸ ਆਧਾਰ 'ਤੇ ਹੁਣ ਤੱਕ ਦੇ ਮਨੁੱਖੀ-ਸਮਾਜ ਦੇ ਇਤਿਹਾਸ ਵਿਚ, ਮੁੱਢਲੀ-ਸਮਾਜਵਾਦੀ (ਸ਼੍ਰੇਣੀ-ਰਹਿਤ ਵਿਵਸਥਾ), ਗੁਲਾਮਦਾਰੀ, ਸਾਮੰਤਵਾਦੀ, ਪੂੰਜੀਵਾਦੀ ਤੇ ਕਮਿਉਨਿਜ਼ਮ (ਮਾਰਕਸ ਦੀ ਭਵਿੱਖਬਾਣੀ ਅਨੁਸਾਰ) ਵਰਗੀਆਂ ਸਮਾਜਿਕ-ਆਰਥਿਕ ਵਿਵਸਥਾਵਾਂ ਵਿਕਸਤ ਹੋਈਆਂ ਹਨ। ਜਿਸ ਕਾਰਨ ਹੁਣ ਤੱਕ ਦਾ ਵਿਦਮਾਨ ਸਮੁੱਚਾ ਮਨੁੱਖੀ-ਸਮਾਜ ਦਾ ਇਤਿਹਾਸ ਇਨ੍ਹਾਂ ਵਿਰੋਧੀ ਸ਼੍ਰੇਣੀਆਂ ਵਿਚਲੇ ਸੰਘਰਸ਼ ਦੇ ਸਿੱਟੇ ਵਜੋਂ ਹੀ ਹੋਂਦ ਗ੍ਰਹਿਣ ਕਰਦਾ ਆਇਆ ਹੈ। ਇਸ ਲਈ ਹੀ ਮਾਰਕਸਵਾਦੀ ਫ਼ਲਸਫ਼ਾ ਵਿਰੋਧੀ ਹਿੱਤਾਂ ਤੇ ਅਕਾਂਖਿਆਵਾਂ ਵਾਲੀਆਂ ਸ਼੍ਰੇਣੀਆਂ ਵਿਚਲੇ ਵਿਰੋਧ ਨੂੰ ਸ਼੍ਰੇਣੀਗਤ-ਸਮਾਜ ਦੀ ਪ੍ਰਮੁੱਖ ਸੰਚਾਲਕ ਸ਼ਕਤੀ ਸਵੀਕਾਰ ਕਰਦਾ ਹੈ। ਕਾਰਲ ਮਾਰਕਸ ਅਨੁਸਾਰ :
ਆਜ਼ਾਦ ਸ਼ਹਿਰੀ ਅਤੇ ਗੁਲਾਮ, ਰਾਠ ਅਤੇ ਸਾਧਾਰਨ ਮਨੁੱਖ, ਜਾਗੀਰਦਾਰ ਅਤੇ ਖ਼ੇਤ-ਗੁਲਾਮ, ਗਿਲਡ-ਮਾਲਕ ਅਤੇ ਕਾਰੀਗਰ, ਮਤਲਬ ਇਹ ਕਿ ਦੁਬਾਉਣ ਵਾਲਾ ਅਤੇ ਦਬਾਇਆ ਹੋਇਆ, ਇਕ ਦੂਜੇ ਦੇ ਲਗਾਤਾਰ ਵਿਰੁੱਧ ਖੜੇ ਹੁੰਦੇ ਸਨ, ਨਿਰੰਤਰ, ਕਦੀ ਪ੍ਰਤਖ, ਕਦੀ ਪ੍ਰੋਖ ਲੜਾਈ ਵਿਚ ਜੁਟੇ ਰਹਿੰਦੇ ਸਨ, ਅਜਿਹੀ ਲੜਾਈ ਜਿਹੜੀ ਹਰ ਵਾਰ ਜਾਂ ਤਾਂ ਸਮੁੱਚੇ ਤੌਰ ਉੱਤੇ ਸਮਾਜ ਦੀ ਇਨਕਲਾਬੀ ਮੁੜ-ਬਣਤਰ ਵਿਚ, ਜਾਂ ਲੜਾਈ-ਜੁਟੀਆਂ ਸ਼੍ਰੇਣੀਆਂ ਦੀ ਸਾਂਝੀ ਬਰਾਬਰੀ ਵਿਚ ਜਾ ਮੁਕਦੀ ਸੀ।1
ਇਹ ਵਿਰੋਧੀ ਹਿੱਤਾਂ ਵਾਲੀਆਂ ਸ਼੍ਰੇਣੀਆਂ ਵਿਚਲਾ ਸੰਘਰਸ਼ ਸਮਾਜ ਦੀ ਆਧਾਰ ਸੰਰਚਨਾ ਵਿਚ ਕਾਰਜਸ਼ੀਲ ਰਹਿੰਦਾ ਹੈ ਅਤੇ ਪ੍ਰਤੱਖ ਜਾਂ ਪ੍ਰੋਖ ਰੂਪ ਵਿਚ ਸਮਾਜ ਦੀ ਪਰ-ਉਸਾਰ ਸੰਰਚਨਾ ਦੇ ਵਿਭਿੰਨ ਵਿਚਾਰਧਾਰਕ ਰੂਪਾਂ ਦੁਆਰਾ ਵੀ ਪ੍ਰਤੀਬਿੰਬਤ ਹੁੰਦਾ ਹੈ। ਇਸ ਅਧੀਨ ਸਾਧਨ-ਸੰਪੰਨ ਸ਼੍ਰੇਣੀਆਂ ਸਮਾਜਕ-ਆਧਾਰ ਵਿਚਲੇ ਵਿਰੋਧਾਂ ਨੂੰ ਲੁਪਤ ਕਰਨ ਲਈ ਸਾਧਨ-ਵਿਪੰਨ ਸ਼੍ਰੇਣੀਆਂ ਦੀ ਚਿੰਤਨ, ਚੇਤਨਾ ਤੇ ਸੰਵੇਦਨਾ ਨੂੰ ਸੰਸਕ੍ਰਿਤਕ-ਕੰਡੀਸ਼ਨਿੰਗ ਦੁਆਰਾ ਇਸ ਪ੍ਰਕਾਰ ਰੂਪਾਂਤਰਿਤ ਕਰਨ ਦਾ ਯਤਨ ਕਰਦੀਆਂ ਹਨ ਕਿ ਉਨ੍ਹਾਂ ਦਾ ਸਮੁੱਚਾ ਚਿੰਤਨ, ਚੇਤਨਾ ਤੇ ਸੰਵੇਦਨਾ ਸਾਧਨ-ਸੰਪੰਨ ਸ਼੍ਰੇਣੀਆਂ ਦੇ ਹਿੱਤਾਂ ਤੇ ਇਛਾਵਾਂ ਦੇ ਹੀ ਅਨੁਕੂਲ ਹੋਵੇ। ਅਜਿਹੀ ਪ੍ਰਕਿਰਿਆ ਵਿਚੋਂ ਲੰਘੀਆਂ ਸਾਧਨ-ਵਿਪੰਨ ਸ਼੍ਰੇਣੀਆਂ ਆਪਣੇ ਅਨੁਭਵ ਨੂੰ ਕੇਵਲ ਉਸੇ ਰੂਪ ਵਿਚ ਪਹਿਚਾਣਦੀਆਂ ਹਨ ਜਿਸ ਰੂਪ ਵਿਚ ਇਹ ਸਾਧਨ-ਸੰਪੰਨ ਸ਼੍ਰੇਣੀਆਂ ਨੂੰ ਸਵੀਕਾਰ ਹੁੰਦਾ ਹੈ। ਅਜਿਹਾ ਕਰਨ ਲਈ ਸਾਧਨ-ਸੰਪੰਨ ਸ਼੍ਰੇਣੀਆਂ ਪ੍ਰਚਾਰ ਦੇ ਵਿਭਿੰਨ ਸਾਧਨਾਂ ਜਿਵੇਂ ਸਿੱਖਿਆ-ਸੰਸਥਾਵਾਂ, ਧਾਰਮਿਕ-ਸੰਸਥਾਵਾਂ, ਨਿਆਂ-ਸੰਸਥਾਵਾਂ, ਸਾਹਿਤਕ-ਕਿਰਤਾਂ ਤੇ ਹੋਰ ਪ੍ਰਚਾਰਕ ਸੰਸਥਾਵਾਂ ਦੇ ਮਾਧਿਅਮ ਦੁਆਰਾ ਸਾਧਨ-ਵਿਪੰਨ ਸ਼੍ਰੇਣੀਆਂ ਦੀ ਚੇਤਨਾ ਦਾ ਇਸ ਪ੍ਰਕਾਰ ਰੂਪਾਂਤ੍ਰਣ ਕਰਦੀਆਂ ਹਨ ਕਿ ਉਨ੍ਹਾਂ ਵਿਚੋਂ ਕਈਆਂ ਨੂੰ ਇਹ ਮਹਿਸੂਸ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੀ ਚੇਤਨਾ ਸਾਧਨ-ਸੰਪੰਨ ਸ਼੍ਰੇਣੀਆਂ ਦੀ ਵਿਚਾਰਧਾਰਾ ਦੇ ਅਨੁਕੂਲ ਬਣ ਗਈ ਹੈ। ਇਹ ਸਥਿਤੀ ਉਦੋਂ ਤੱਕ ਮੌਜੂਦ ਰਹਿੰਦੀ ਹੈ ''ਜਦ ਤੱਕ ਤਤਕਾਲੀਨ ਉਤਪਾਦਨ ਸੰਬੰਧਾਂ ਤੇ ਉਤਪਾਦਨ ਸ਼ਕਤੀਆਂ ਵਿਚ ਕੋਈ ਤੀਬਰ ਅੰਤਰ-ਵਿਰੋਧ ਨਹੀਂ ਉਭਰਦਾ ਤਦ ਤੱਕ ਪ੍ਰਭੁਤਾ-ਸੰਪੰਨ ਵਰਗ ਦੀ ਵਿਚਾਰਧਾਰਾ ਤਰਕਸੰਗਤ, ਸੁਭਾਵਿਕ ਅਤੇ ਪੂਰਨ ਵਿਗਿਆਨਿਕ ਲਗਦੀ ਹੈ। ਪ੍ਰੰਤੂ ਜਦ ਇਕ ਬਿੰਦੂ 'ਤੇ ਆਕੇ ਇਹ ਨਿਰੰਤਰਣ ਸਮਾਜਿਕ ਤੇ ਭੌਤਿਕ ਉਤਪਾਦਨ ਸ਼ਕਤੀਆਂ ਉੱਤੇ ਬੰਧਨ ਬਣ ਜਾਂਦਾ ਹੈ ਤਾਂ ਕਿਸੇ ਹੋਰ ਵਰਗ ਦੀ ਵਿਚਾਰਧਾਰਾ ਉਤਪਾਦਨ ਸ਼ਕਤੀਆਂ ਦੇ ਅਨੁਕੂਲ ਹੋਣ ਕਰਕੇ ਵਧੇਰੇ ਸਹੀ ਤੇ ਤਾਰਕਿਕ ਪ੍ਰਤੀਤ ਹੋਣ ਲੱਗਦੀ ਹੈ। ਇਸ ਪ੍ਰਕਾਰ ਇਤਿਹਾਸਕ ਵਿਕਾਸ ਦੇ ਹਰੇਕ ਪੜਾਅ 'ਤੇ ਟੱਕਰ ਵਾਸਤਵਿਕ ਵਿਚ ਦੋ ਵਿਰੋਧੀ ਵਰਗ ਦ੍ਰਿਸ਼ਟੀਕੋਣਾਂ ਵਿਚ ਹੁੰਦੀ ਹੈ ਜਿਸ ਵਿਚ ਇਕ ਵਧੇਰੇ ਸਹੀ ਤੇ ਦੂਜਾ ਘੱਟ। ਸਾਹਿਤਕਾਰ ਦੇ ਸਾਹਮਣੇ ਵਿਕਲਪ ਇਹ ਦੋ ਵਰਗਗਤ ਦ੍ਰਿਸ਼ਟੀਕੋਣਾਂ ਵਿਚੋਂ ਇਕ ਨੂੰ ਚੁਣਨਾ ਹੁੰਦਾ ਹੈ।''2 ਇਸ ਤਰ੍ਹਾਂ ਸ਼੍ਰੇਣੀਗਤ-ਸਮਾਜ ਵਿਚ ਸਾਧਨ-ਸੰਪੰਨ ਤੇ ਸਾਧਨ-ਵਿਪੰਨ ਸ਼੍ਰੇਣੀਆਂ ਵਿਚਲਾ ਸੰਘਰਸ਼ ਸਮਾਜ ਦੀ ਆਧਾਰ-ਸੰਰਚਨਾ ਵਿਚ ਕਾਰਜਸ਼ੀਲ ਤਾਂ ਰਹਿੰਦਾ ਹੀ ਹੈ ਅਤੇ ਨਾਲ ਹੀ ਸਮਾਜ ਦੀ ਪਰ-ਉਸਾਰ ਸੰਰਚਨਾ, ਜਿਸ ਵਿਚ ਸਾਹਿਤ ਵਰਗੇ ਅਨੇਕਾਂ ਅੰਗਾ ਸ਼ਮੂਲੀਅਤ ਕਰਦੇ ਹਨ, ਵਿਚ ਵੀ ਜਟਿਲ ਰੂਪ ਵਿਚ ਪ੍ਰਗਟ ਹੁੰਦਾ ਹੈ, ਜਿਸ ਨੂੰ ਪਹਿਚਾਨ ਦਾ ਕਾਰਜ ਮਾਰਕਸਵਾਦੀ ਸਾਹਿਤ-ਆਲੋਚਨਾ ਦੇ ਪ੍ਰਮੁੱਖ ਪ੍ਰਯੋਜਨਾ ਵਿਚੋਂ ਇਕ (ਇਕਮਾਤਰ ਨਹੀਂ) ਹੈ।
ਮਾਰਕਸਵਾਦੀ ਪੰਜਾਬੀ ਸਾਹਿਤ-ਆਲੋਚਨਾ ਦੇ ਖੇਤਰ ਅਧੀਨ ਇਸ ਪ੍ਰਯੋਜਨ ਦੀ ਭੂਮਿਕਾ ਤੇ ਭੂਮੀ ਸਿਰਜਨ ਵਾਲਿਆਂ ਵਿਚ ਕੇਸਰ ਸਿੰਘ ਕੇਸਰ ਦਾ ਨਾਂ ਵਿਸ਼ੇਸ਼ ਅਰਥਾਂ ਦਾ ਧਾਰਨੀ ਹੈ, ਜਿਸ ਦੀ ਸਾਹਿਤ-ਆਲੋਚਨਾ ਬਹੁ-ਵਿਧਾਈ ਰੁਖ਼ ਅਖ਼ਤਿਆਰ ਕਰਦੀ ਹੋਈ ਆਪਣੇ ਅਧਿਐਨ-ਖੇਤਰ ਨੂੰ ਮਾਰਕਸਵਾਦੀ ਸਾਹਿਤ ਅਧਿਐਨ-ਮਾਡਲ ਉੱਤੇ ਆਸ਼ਰਿਤ ਕਰਦੀ ਪੰਜਾਬੀ ਕਵਿਤਾ, ਨਾਟਕ, ਖੋਜ, ਆਲੋਚਨਾ ਤੇ ਗਲਪ ਤੱਕ ਪਸਾਰਦੀ ਹੈ। ਉਸ ਦੇ ਇਨ੍ਹਾਂ ਪਾਸਾਰਾਂ ਨੂੰ ਉਸ ਦੇ ਮੌਲਿਕ ਆਲੋਚਨਾਤਮਿਕ-ਪਾਠਾਂ ਸਾਹਿਤ-ਖੋਜ ਅਤੇ ਸਾਹਿਤ-ਆਲੋਚਨਾ (1984, 2002), ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ (1987, 2005) ਤੇ ਵਰਗ ਸੰਘਰਸ਼ ਅਤੇ ਗਲਪ ਸਾਹਿਤ (1992) ਅਤੇ ਸੰਪਾਦਿਤ-ਪਾਠਾਂ ਗ਼ਦਰ ਲਹਿਰ ਦੀ ਕਵਿਤਾ (1995), ਡਾ਼ ਹਰਿਭਜਨ ਸਿੰਘ ਅਭਿਨੰਦਨ ਗ੍ਰੰਥ (1994) ਤੇ ਡਾ਼ ਅਤਰ ਸਿੰਘ ਅਭਿਨੰਦਨ ਗ੍ਰੰਥ (1995) ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਇਨ੍ਹਾਂ ਆਲੋਚਨਾਤਮਿਕ ਪਾਠਾਂ ਦੇ ਅੰਤਰਗਤ ਸਾਹਿਤ-ਸਿਰਜਨਾ, ਪ੍ਰਵਿਰਤੀ-ਚਿੰਤਨ, ਪੰਜਾਬੀ ਖੋਜ ਦੇ ਮੁੱਲਾਂਕਣ, ਆਲੋਚਨਾ ਪ੍ਰਣਾਲੀਆਂ ਦੇ ਸਿਧਾਂਤਕ-ਢਾਂਚੇ ਤੇ ਉਨ੍ਹਾਂ ਦੀ ਵਿਚਾਰਧਾਰਕ ਪਹੁੰਚ ਆਦਿ ਬਾਰੇ ਉਸ ਦਾ ਮਹੀਨ ਤੇ ਸਪੱਸ਼ਟ ਅਧਿਐਨ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਹੜਾ ਸਾਹਿਤ-ਸਿਰਜਨਾ ਦੀਆਂ ਪਰਤਾਂ ਨੂੰ ਪਾਠ ਤੇ ਪ੍ਰਸੰਗ ਦੇ ਦਵੰਦਾਤਮਿਕ ਨੂੰ ਵੇਖਣ ਵਾਲੀ ਤਰਕਸੰਗਤ ਤੇ ਸੰਪੂਰਨ ਆਲੋਚਨਾ-ਵਿਧੀ ਦੁਆਰਾ ਅਗ੍ਰਭੂਮਿਤ ਕਰਦਾ ਖ਼ੁਦ ਵੀ ਅਨੇਕਾਂ ਪਾਸਾਰ ਗ੍ਰਹਿਣ ਕਰਦਾ ਹੈ। ਇਸ ਦਾ ਇਕ ਮਹੱਤਵਪੂਰਨ ਪਾਸਾਰ ਕੇਸਰ ਸਿੰਘ ਕੇਸਰ ਦੇ ਆਲੋਚਨਾਤਮਿਕ-ਪਾਠ 'ਕੇਸਰ ਸਿੰਘ ਕੇਸਰ ਗਲਪ-ਚਿੰਤਨ'ਦੇ ਰੂਪ ਵਿਚੋਂ ਵੀ ਵੇਖਿਆ ਜਾ ਸਕਦਾ ਹੈ (ਜਿਸ ਦਾ ਅਧਿਐਨ ਕਰਨਾ ਇਸ ਮਜ਼ਮੂਨ ਦਾ ਮੂਲ ਸਰੋਕਾਰ ਹੈ), ਜਿਹੜਾ ਕੇਸਰ ਸਿੰਘ ਕੇਸਰ ਦੇ ਪੂਰਵਲੇ ਪੰਜਾਬੀ ਗਲਪੀ-ਵਿਧਾ ਦੇ ਅਧਿਐਨ ਉੱਤੇ ਅਧਾਰਿਤ ਆਲੋਚਨਾਤਮਿਕ-ਪਾਠ 'ਵਰਗ ਸੰਘਰਸ਼ ਅਤੇ ਗਲਪ ਸਾਹਿਤ' ਦਾ ਹੀ ਵਿਸਤ੍ਰਰਿਤ ਰੂਪ ਹੈ। ਜਿਸ ਅਧੀਨ ਕੇਸਰ ਗਲਪ-ਆਲੋਚਨਾ ਮਕਾਨਕੀ ਮਾਰਕਸਵਾਦੀ ਚਿੰਤਕਾਂ ਵਾਂਗ ਉਪਰੋਕਤ ਸ਼੍ਰੇਣੀ-ਸੰਘਰਸ਼ ਦੇ ਸੰਕਲਪ ਨੂੰ ਆਰੋਪਿਤ ਕਰਨ ਦੀ ਬਜਾਇ ਇਸ ਨੂੰ ਭਾਰਤੀ/ਪੰਜਾਬੀ ਸਮਾਜਿਕ-ਆਰਥਿਕ ਵਿਵਸਥਾ ਦੇ ਅਨੁਕੂਲ ਕਰਕੇ ਆਲੋਚਨਾਤਮਿਕ ਤੇ ਸਿਰਜਨਾਤਮਿਕ ਢੰਗ ਨਾਲ ਗਲਪੀ-ਬਿੰਬ ਵਿਚੋਂ ਉਭਾਰਨ ਦਾ ਯਤਨ ਕਰਦੀ ਹੈ ਅਤੇ ਸ਼੍ਰੇਣੀ-ਸੰਘਰਸ਼ ਦੀ ਪਹਿਚਾਣ ਨੂੰ ਮੱਧਮ-ਧੁਨੀ ਵਿਚ ਆਪਣੀ ਆਲੋਚਨਾਤਮਿਕ-ਪਹੁੰਚ ਦੀ ਮੂਲ ਸੁਰ ਬਣਾਉਂਦੀ ਹੋਈ ਗਲਪੀ-ਬਿੰਬ ਨੂੰ ਸਮਝਦੀ ਹੀ ਨਹੀਂ ਬਲਕਿ ਸਮਝਣਯੋਗ ਵੀ ਬਣਾਉਂਦੀ ਹੈ।
ਕੇਸਰ ਸਿੰਘ ਕੇਸਰ ਦੀ ਇਹ ਗਲਪ-ਆਲੋਚਨਾ ਉਪਰੋਕਤ ਸ਼੍ਰੇਣੀ-ਸੰਘਰਸ਼ ਤੇ ਸ਼੍ਰੇਣੀ-ਸੰਘਰਸ਼ ਦੀ ਚੇਤਨਾ ਨੂੰ ਹੀ ਆਪਣੀ ਆਲੋਚਨਾਤਮਿਕ-ਪਹੁੰਚ ਦਾ ਅਧਾਰਿਤ ਤੇ ਪਾਸਾਰ ਬਿੰਦੂ ਗ੍ਰਹਿਣ ਕਰਦੀ ਹੈ। ਇਸ ਕੇਂਦਰੀ-ਬਿੰਦੂ ਉੱਤੇ ਖਲੋਕੇ ਹੀ ਕੇਸਰ ਗਲਪ-ਆਲੋਚਨਾ ਪੂਰਵਵਰਤੀ ਪੰਜਾਬੀ ਮਾਰਕਸਵਾਦੀ ਗਲਪ-ਆਲੋਚਨਾ ਦੀ ਵਿਧੀਮੂਲਕ-ਪਰਿਪੇਖ ਤੇ ਸਮਾਨਵਰਤੀ ਰੂਪਵਾਦੀ-ਸੰਰਚਨਾਵਾਦੀ ਪੰਜਾਬੀ ਗਲਪ-ਆਲੋਚਨਾ ਦੀ ਵਿਚਾਰਮੂਲਕ-ਪਰਿਪੇਖ ਉੱਤੇ ਪ੍ਰਸ਼ਨ ਚਿੰਨ੍ਹ ਲਗਾਕੇ ਸੰਬਾਦ ਦੇ ਸੰਬੰਧਾਂ ਵਿਚ ਬੱਝਦੀ ਹੈ। ਇਸ ਸੰਬਾਦ ਤੋਂ ਅੱਗੇ ਕੇਸਰ ਗਲਪ-ਆਲੋਚਨਾ ਦੀ ਆਲੋਚਨਾਤਮਿਕ ਪਹੁੰਚ 'ਵਿਹਾਰਮੁੱਖ' ਰੁਖ ਅਖ਼ਤਿਆਰ ਕਰਦੀ ਹੋਈ ਅਧਿਆਪਨ ਸ਼ੈਲੀ ਦੇ ਅੰਤਰਗਤ ਸੰਕਲਪਾਂ ਦੇ ਸੂਖ਼ਮ ਨਿਖੇੜਿਆਂ ਵੱਲ ਰੁਚਿਤ ਹੁੰਦੀ ਹੈ ਅਤੇ ਗਲਪੀ-ਬਿੰਬ ਦਾ ਮੁੱਲਾਂਕਣ ਸ਼੍ਰੇਣੀ-ਸੰਘਰਸ਼ ਦੇ ਨੁਕਤੇ ਦੇ ਆਧਾਰ 'ਤੇ ਕਰਦੀ ਹੋਈ ਵਿਕਾਸਮੂਲਕ ਭਵਿੱਖਮੁੱਖੀ-ਪਰਿਵਰਤਨ ਦੀ ਤਰਕਸੰਗਤਾਂ ਤੇ ਨਿਆਇਸ਼ੀਲਤਾ ਵਿਚ ਵਿਸ਼ਵਾਸ ਦ੍ਰਿੜ ਕਰਦੀ ਹੈ। ਪ੍ਰੰਤੂ ਇਥੇ ਧਿਆਨਯੋਗ ਨੁਕਤਾ ਇਹ ਹੈ ਕਿ ਕੇਸਰ ਗਲਪ-ਆਲੋਚਨਾ ਵਿਦਮਾਨ-ਵਾਸਤਵਿਕਤਾ ਅਧੀਨ ਵਿਕਾਸਮੂਲਕ ਭਵਿੱਖਮੁੱਖੀ-ਪਰਿਵਰਤਨ ਦੀਆਂ ਸੰਭਾਵਨਾਂ ਅਤੇ ਪ੍ਰਾਧੀਨ ਵਿਅਕਤੀਆਂ ਦੇ ਪ੍ਰਧਾਨ ਸ਼੍ਰੇਣੀ ਅਧੀਨ ਮਤਾਧੀਨ ਬਣਕੇ ਕਾਰਜਸ਼ੀਲ ਰਹਿਣ ਦੀਆਂ ਸੀਮਾਵਾਂ ਤੇ ਸਮੱਸਿਆਵਾਂ ਦੀ ਸਥਿਤੀ ਤੋਂ ਪੂਰਨ ਭਾਂਤ ਸੁਚੇਤ ਹੈ, ਜਿਹੜੀਆਂ ਕਿਸੇ ਪ੍ਰਕਾਰ ਦੇ ਮਨੁੱਖ-ਹਿਤੈਸ਼ੀ ਭਵਿੱਖਮੁੱਖੀ-ਪਰਿਵਰਤਨ ਨੂੰ ਟਾਲਦੀਆਂ ਰਹਿੰਦੀਆਂ ਹਨ। ਕੇਸਰ ਗਲਪ-ਆਲੋਚਨਾ ਦੀ ਵਸਤੂਗਤ-ਸਥਿਤੀਆਂ ਪ੍ਰਤੀ ਇਹ ਵਸਤੂਭਾਵੀ ਸੁਚੇਤ-ਪਹੁੰਚ ਨਿਰਸੰਦੇਹ ਵਿਚਾਰਧਾਰਕ ਸਪੱਸ਼ਟਤਾ ਤੇ ਪ੍ਰਪੱਕਤਾ ਦਾ ਹੀ ਇਕ ਪ੍ਰਮਾਣ ਹੈ। ਇਸ ਪ੍ਰਸੰਗ ਵਿਚ ਕੇਸਰ ਗਲਪ-ਆਲੋਚਨਾ ਕਰਮਜੀਤ ਸਿੰਘ ਕੁੱਸਾ ਦੇ ਨਾਵਲ‘ਰੋਹੀ ਬੀਆਬਾਨ’ ਦਾ ਵਿਸ਼ਲੇਸ਼ਣ ਕਰਦੀ ਵਿਚਾਰ ਪ੍ਰਗਟਾਉਂਦੀ ਹੈ :
(ਦੁਖਾਂਤ ਉਦੋਂ ਵਾਪਰਦਾ ਹੈ) ਜਦੋਂ ਸੰਵੇਦਨਸ਼ੀਲ ਵਿਅਕਤੀ ਅਜਿਹੇ ਬੁਨਿਆਦੀ ਸੰਕਟ ਵਾਪਰਦੇ ਹਨ ਜਿਨ੍ਹਾਂ ਦਾ ਹੱਕ ਉਨ੍ਹਾਂ ਵਿਅਕਤੀਗਤ ਪਹੁੰਚ ਤੋਂ ਦੂਰ ਸਮਾਜਕ-ਸਭਿਆਚਾਰਕ ਤੇ ਰਾਜਨੀਤਿਕ ਤਬਦੀਲੀਆਂ ਵਿਚ ਪਿਆ ਹੁੰਦਾ ਹੈ ਪਰ ਸਥਿਤੀ ਦੇ ਰਾਜਨੀਤਿਕ ਦਵੰਦ ਆਜਿਹੇ ਇਨਕਲਾਬਾਂ ਦੇ ਵਾਪਰਨ ਨੂੰ ਲੰਮੇ ਸਮੇਂ ਤੱਕ ਟਾਲੀ ਰੱਖਦੇ ਹਨ।3
ਇਸ ਪ੍ਰਕਾਰ ਕੇਸਰ ਗਲਪ-ਆਲੋਚਨਾ ਲਈ ''ਵਰਗ-ਸੰਘਰਸ਼ ਕੇਵਲ ਆਰਥਿਕ ਜਾਂ ਰਾਜਨੀਤਿਕ ਖੇਤਰਾਂ ਦੀ ਹੀ ਵਸਤ ਨਹੀਂ, ਇਹ ਮਨੁੱਖੀ ਸਭਿਆਚਾਰ ਦੇ ਹਰੇਕ ਮੁਹਾਜ਼ ਵਿਚ ਮੌਜੂਦ ਹੈ। ਇਸ ਤੋਂ ਵੀ ਅੱਗੇ ਉਹ ਇਸ ਸੰਘਰਸ਼ ਨੂੰ ਸ਼ੋਸ਼ਿਤ ਪਰ ਇਨਕਲਾਬੀ ਮਿਹਨਤਕਸ਼ ਵਰਗ ਦੀ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੋਇਆ ਉਸ ਦੀ 'ਭਵਿੱਖ ਵਿਚ ਜਿੱਤ' ਵਿਚ ਵਿਸ਼ਵਾਸ ਬਿਠਾਉਂਦਾ ਹੈ।''4 ਇਸ ਸ਼੍ਰੇਣੀ-ਸੰਘਰਸ਼ ਦੀ ਪਹਿਚਾਣ ਲਈ ਕੇਸਰ ਗਲਪ-ਆਲੋਚਨਾ ਗਲਪੀ-ਬਿੰਬ ਦਾ ਅਧਿਐਨ-ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਉਸਦੀ ਪ੍ਰਸੰਗ ਨਾਲ ਜੋੜਕੇ ਵਿਆਖਿਆ ਵੀ ਕਰਦੀ ਹੈ ਅਤੇ ਅਜਿਹਾ ਕਰਦੇ ਸਮੇਂ ਇਸ ਆਲੋਚਨਾ ਦਾ ਰੁਖ਼ ਅਮੁਮਨ ਪਾਠ ਤੋਂ ਪ੍ਰਸੰਗ ਵੱਲ ਆਰੰਭ ਹੁੰਦਾ ਹੋਇਆ ਵਿਸ਼ਲੇਸ਼ਣ ਦੌਰਾਨ ਪਾਠ ਤੋਂ ਪ੍ਰਸੰਗ ਤੇ ਪ੍ਰਸੰਗ ਤੋਂ ਪਾਠ ਵੱਲ ਵਾਰ-ਵਾਰ ਜਾਂਦੀ ਤੇ ਪਰਤਦੀ ਹੈ। ਆਪਣੀ ਇਸ ਦਿਸ਼ਾ ਨੂੰ ਨਿਰਧਾਰਿਤ ਕਰਨ ਸਮੇਂ ਕੇਸਰ ਗਲਪ-ਆਲੋਚਨਾ ਵਿਸ਼ੇਸ਼ ਗਲਪੀ-ਸਿਰਜਨਾ ਦੇ ਅਧਿਐਨ-ਵਿਸ਼ਲੇਸ਼ਣ ਲਈ ਰਚਨਾਕਾਰ ਦੀਆਂ ਪੂਰਵਵਲੀਆਂ ਗਲਪੀ-ਸਿਰਜਨਾ ਦਾ ਸਹਾਰਾ ਵੀ ਲੈਂਦੀ ਹੈ ਅਤੇ ਕਈ ਵਾਰ ਉਸ ਨੂੰ ਸਮੁੱਚੀ ਪੰਜਾਬੀ ਗਲਪ-ਸਾਹਿਤ ਪੰਰਪਰਾ ਵਿਚ ਰੱਖਕੇ ਵੇਖਦੀ ਹੋਈ ਸੰਬੰਧਿਤ ਗਲਪੀ-ਸਿਰਜਨਾ ਦੇ ਅੰਤਰ-ਪਾਠੀ ਸੰਬੰਧਾਂ ਨੂੰ ਵੀ ਉਜਾਗਰ ਕਰਦੀ ਹੈ ਅਤੇ ਸ਼੍ਰੇਣੀ-ਚੇਤਨਾ ਨੂੰ ਨਿਸ਼ਚਿਤ ਕਰਨ ਲਈ ਸੇਖੋਂ-ਆਲੋਚਨਾ ਵਾਂਗ ਰਚਨਾਕਾਰ ਦੇ ਜੀਵਨੀਮੂਲਕ ਵੇਰਵਿਆਂ ਦਾ ਸਹਾਰਾ ਲੈਣ ਦੀ ਵਿਧੀ ਨੂੰ ਅਪਣਾਉਂਦੀ ਹੈ, ਜਿਸ ਦੇ ਅੰਤਰਗਤ ਇਹ ਆਲੋਚਨਾ ਰਚਨਾ-ਦ੍ਰਿਸ਼ਟੀ, ਜੀਵਨ-ਦ੍ਰਿਸ਼ਟੀ ਤੇ ਯੁੱਗ-ਦ੍ਰਿਸ਼ਟੀ ਦੇ ਅੰਤਰ-ਸੰਬੰਧਾਂ ਤੇ ਅੰਤਰ-ਦਵੰਦਾਂ ਨੂੰ ਵੇਖਦੀ ਹੋਈ ਗਲਪੀ-ਸਿਰਜਨਾ ਦੀ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਂਕਣ ਕਰਨ ਵੱਲ ਅਗ੍ਰਸਰ ਹੁੰਦੀ ਹੈ।
ਕੋਈ ਸਾਹਿਤਕਾਰ ਇਸ ਦਵੰਦ ਦੇ ਸਾਰੇ ਪੱਖਾਂ ਨੂੰ ਕਿੰਨੀ ਭਰਪੂਰਤਾ ਤੇ ਕਿੰਨੇ ਠੀਕ ਇਤਿਹਾਸਕ ਪਰਿਪੇਖ ਵਿਚ ਗ੍ਰਹਿਣ ਕਰਦਾ ਹੈ, ਇਹ ਗੱਲ ਉਸ ਦੀ ਜੀਵਨ-ਦ੍ਰਿਸ਼ਟੀ, ਜੀਵਨ-ਅਨੁਭਵ ਤੇ ਸਾਹਿਤਕ ਯੋਗਦਾ ਉੱਤੇ ਨਿਰਭਰ ਹੁੰਦੀ ਹੈ ਤੇ ਇਸ ਦੇ ਆਧਾਰ 'ਤੇ ਹੀ ਉਸ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਲੇਖਾ-ਜੋਖਾ ਕੀਤਾ ਜਾ ਸਕਦਾ ਹੈ।5
ਇਸ ਤਰ੍ਹਾਂ ਕੇਸਰ ਗਲਪ-ਆਲੋਚਨਾ ਗਲਪੀ-ਬਿੰਬ ਦੀ ਵਿਆਖਿਆ ਅਤੇ ਰਚਨਾਕਾਰ ਦੇ ਜੀਵਨਮੂਲਕ ਵੇਰਵਿਆਂ ਉੱਤੇ ਆਸ਼ਰਿਤ ਹੋ ਕੇ ਰਚਨਾਕਾਰ ਦੀ ਸ਼੍ਰੇਣਿਕ-ਸਥਿਤੀ ਦਾ ਨਿਰਣਾ ਕਰਦੀ ਹੈ। ਪ੍ਰੰਤੂ ਧਿਆਨਯੋਗ ਇਹ ਹੈ ਕਿ ਜੀਵਨੀਮੂਲਕ-ਵੇਰਵਿਆਂ ਉੱਤੇ ਅਧਾਰਿਤ ਇਹ ਵਿਧੀ ਜਿਥੇ ਪ੍ਰਤੱਖ ਸੰਭਾਵਨਾ ਤੇ ਸਾਰਥਿਕਤਾ ਮੌਜੂਦ ਭਰਪੂਰ ਨਜ਼ਰੀ ਪੈਂਦੀ ਹੈ, ਉੱਥੇ ਪ੍ਰੋਖ ਰੂਪ ਵਿਚ ਇਸ ਵਿਧੀਆਂ ਦੀਆਂ ਅਨੇਕਾਂ ਸੀਮਾਵਾਂ ਤੇ ਸਮੱਸਿਆਵਾਂ ਵੀ ਹੋਂਦ ਰੱਖਦੀਆਂ ਹਨ। ਕਿਉਂਕਿ ਕਈ ਵਾਰ ਰਚਨਾਕਾਰ ਆਪਣੇ ਜੀਵਨ ਦੇ ਅੰਤਰਗਤ ਸੁਚੇਤ ਰੂਪ ਵਿਚ ਕਿਸੇ ਵਿਚਾਰਧਾਰਕ ਪ੍ਰਤਿਬੱਧਤਾ ਦੇ ਲੜ ਲੱਗਿਆ ਹੋਇਆ ਵੀ ਆਪਣੀ ਕਲਾਤਮਿਕ ਸੀਮਾਵਾਂ ਦੇ ਕਾਰਨ ਵੱਸ ਅਚੇਤ ਹੀ ਗਲਪੀ-ਬਿੰਬ ਦੀ ਅਧੀਨ ਵਿਪਰੀਤ ਧੁਨੀ ਪ੍ਰਸਤੁਤ ਕਰ ਜਾਂਦਾ ਹੈ ਅਤੇ ਆਪਣੀ ਵਿਚਾਰਧਾਰਕ ਪ੍ਰਤਿਬੱਧਤਾ ਤੋਂ ਸੁਚੇਤ ਹੁੰਦਾ ਹੋਇਆ ਵੀ ਉਸ ਨੂੰ ਜ਼ੁਬਾਨ ਨਹੀਂ ਦੇ ਪਾਉਂਦਾ (ਜਿਵੇਂ ਪੰਜਾਬੀ ਦਾ ਨਾਲਵਕਾਰ ਜਸੰਵਤ ਸਿੰਘ ਕੰਵਲ)। ਇਸ ਪ੍ਰਸੰਗ ਵਿਚ ਕੇਸਰ ਗਲਪ-ਆਲੋਚਨਾ ਜਿਥੇ ਇਕ-ਪਾਸੇ ਸੇਖੋਂ-ਆਲੋਚਨਾ ਦੀ ਇਸ ਉਪਰੋਕਤ ਵਿਧੀ ਨੂੰ ਅਪਣਾਉਣ ਕਾਰਨ ਸਾਂਝੇ ਧਰਾਤਲ ਉੱਤੇ ਵਿਚਰਦੀ ਹੈ, ਉਥੇ ਇਹ ਆਲੋਚਨਾ ਇਸ ਵਿਧੀ ਨੂੰ ਲਾਗੂ ਕਰਨ ਵਿਚ ਨਿਖੜੀ ਦ੍ਰਿਸ਼ਟੀਗੋਚਰ ਹੁੰਦੀ ਹੈ, ਜਿਸ ਅਧੀਨ ਇਹ ਗਲਪ-ਆਲੋਚਨਾ ਜ਼ਿਆਦਾਤਰ ਰਚਨਾ-ਦ੍ਰਿਸ਼ਟੀ, ਜੀਵਨ-ਦ੍ਰਿਸ਼ਟੀ ਤੇ ਯੁੱਗ-ਦ੍ਰਿਸ਼ਟੀ ਦੇ ਪਰਸਪਰ ਸੰਬੰਧਾਂ ਦਾ ਮੁਤੱਲਿਆ ਕਰਦੀ ਹੋਈ ਤਰਕਸੰਗਤ ਤੇ ਵਿਵੇਕਸ਼ੀਲ ਢੰਗ ਨਾਲ ਪੰਜਾਬੀ ਦੇ ਵਿਸ਼ੇਸ਼ ਨਾਵਲਕਾਰਾਂ (ਜਿਵੇਂ ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਸੰਤ ਸਿੰਘ ਸੇਖੋਂ, ਕਰਮਜੀਤ ਕੁੱਸਾ ਆਦਿ) ਦੀਆਂ ਸਿਰਜਨਾਵਾਂ ਦਾ ਸਟੀਕ ਤੇ ਸੰਤੁਲਿਤ ਮੁੱਲਾਂਕਣ ਕਰਨ ਦੇ ਸਮਰੱਥ ਬਣਦੀ ਹੈ। ਕੇਸਰ ਗਲਪ-ਆਲੋਚਨਾ ਦੀ ਇਹ ਸਮਰੱਥਾ ਇਸ ਆਲੋਚਨਾ ਦੀ ਉਸ ਦ੍ਰਿਸ਼ਟੀ ਤੇ ਵਿਧੀ ਉੱਤੇ ਆਸ਼ਰਿਤ ਹੈ, ਜਿਸ ਅਧੀਨ ਇਹ ਆਲੋਚਨਾ ਗਲਪੀ-ਪਾਠ ਦੇ ਯਥਾਰਥ ਨੂੰ ਪ੍ਰਸੰਗ ਵਿਚਲੀ ਵਾਸਵਿਕਤਾ ਨਾਲ ਅੰਤਰ-ਸੰਬੰਧਿਤ ਕਰਦੀ ਹੋਈ ਪਾਠ ਦੇ ਲੁਪਤ ਅਰਥਾਂ ਨੂੰ ਉਜਾਗਰ ਕਰਨ ਵੱਲ ਅਗ੍ਰਸਰ ਹੁੰਦੀ ਹੈ । ਅਜਿਹਾ ਕਰਦੇ ਸਮੇਂ ਇਹ ਆਲੋਚਨਾ ਆਪਣੀ ਵਿਚਾਰਧਰਕ ਸਪੱਸ਼ਟਤਾ ਕਾਰਨ ਸਥਾਪਤ ਨਾਲੋਂ ਵੱਖਰੇ ਵਿਚਾਰ ਤੇ ਵਿਸ਼ਲੇਸ਼ਣ ਕਰਨ ਵੱਲ ਰੁਚਿਤ ਨਹੀਂ ਹੁੰਦੀ ਸਗੋਂ ਸਥਾਪਿਤ ਦੇ ਬਿੰਬ ਨੂੰ ਵਿਖੰਡਤ ਕਰਕੇ ਉਸਦੇ ਮੁੱਲਾਂ ਦੇ ਮੂਲ ਤੱਕ ਪਹੁੰਚਣ ਲਈ ਯਤਨਸ਼ੀਲ ਰਹਿੰਦੀ ਹੈ, ਜਿਵੇਂ ਕੇਸਰ ਗਲਪ-ਆਲੋਚਨਾ ਸੁਰਿੰਦਰ ਸਿੰਘ ਨਰੂਲਾ ਦੇ ਨਾਵਲ ਬਾਰੇ ਵਿਸ਼ਲੇਸ਼ਣ ਕਰਦੀ ਹੋਈ ਇਹ ਮੱਤ ਦਿੰਦੀ ਹੈ :
ਆਮ ਤੌਰ 'ਤੇ ਨਰੂਲੇ ਨੂੰ ਯਥਾਰਥਵਾਦੀ ਪੰਜਾਬੀ ਨਾਵਲ ਦਾ ਮੋਢੀ ਕਿਹਾ ਜਾਂਦਾ ਹੈ ਪਰ ਉਹ ਦਾ ਇਹ ਨਾਵਲ ਸਧਾਰਨ ਦ੍ਰਿਸ਼ਟੀ ਤੋਂ ਪੰਜਾਬੀ ਦੇ ਨਿਮਨ ਕੋਟੀ ਦੇ ਨਾਵਲਾਂ ਵਿਚ ਆਉਂਦਾ ਹੈ। ਉਹ 'ਯੂਟੋਪੀਅਈ ਸਮਾਜਵਾਦ' ਦੀ ਸਿਰਜਨ ਦੀ ਧੁਨ ਵਿਚ ਭਾਰਤੀ ਦੀ ਆਜ਼ਾਦੀ ਤੋਂ ਬਾਅਦ ਸਰਕਾਰੀ ਸੁਧਾਰਵਾਦੀ ਨਾਹਰਿਆਂ ਦੀ ਹਮਾਇਤ ਵਿਚ ਜਾ ਖੜ੍ਹਦਾ ਹੈ। ਪਰ ਨਾਇਕ ਦੇ ਕਿਰਦਾਰ ਨੂੰ ਯਥਾਰਥਕ ਰੂਪ ਵਿਚ ਪੇਸ਼ ਕਰਕੇ ਤੇ ਕਾਮਿਆਂ ਦੇ ਆਗੂਆਂ ਨੂੰ ਜੇਲ ਵਿਚ ਦਿਖਾ ਕੇ ਉਹ ਇਸ ਸੁਧਾਰਵਾਦ ਦਿੱਖ ਨੂੰ ਅੰਦਰੋਂ ਸੱਕੀ ਵੀ ਬਣਾਉਂਦਾ ਹੈ। ਸੁਮੱਚੇ ਰੂਪ ਵਿਚ ਇਸ ਨੂੰ ਯਥਾਰਥ ਦਾ ਨਹੀਂ ਸੁਪਨੇ ਦਾ ਨਾਵਲ ਹੀ ਕਿਹਾ ਜਾ ਸਕਦਾ ਹੈ।6
ਉਪਰੋਕਤ ਸੰਦਰਭ ਇਸ ਆਲੋਚਨਾ ਦੀ ਮੌਲਿਕਤਾ ਦਾ ਪ੍ਰਮਾਣ ਅਤੇ ਵਿਕਾਸਮਈ ਹੋਣ ਦੀ ਪਹਿਚਾਣ ਹੈ। ਜਿਸ ਪਹਿਚਾਣ ਨੂੰ ਕੇਸਰ ਗਲਪ-ਆਲੋਚਨਾ ਦੀ ਸੰਬਾਦ ਪ੍ਰਵਿਰਤੀ ਵਿਚੋਂ ਵੀ ਤਲਾਸ਼ਿਆ ਜਾ ਸਕਦਾ ਹੈ, ਜਿਸ ਅਧੀਨ ਇਹ ਆਲੋਚਨਾ ਪੰਜਾਬੀ ਗਲਪੀ-ਸਿਰਜਨਾਵਾਂ ਬਾਰੇ ਮੌਜੂਦ ਪੰਜਾਬੀ ਗਲਪ-ਆਲੋਚਕਾਂ (ਜੋਗਿੰਦਰ ਸਿੰਘ ਰਾਹੀ ਤੇ ਨਰਿੰਜਨ ਤਸਨੀਮ) ਦੀਆਂ ਪੂਰਵਲੀਆਂ ਧਾਰਨਾਵਾਂ ਨਾਲ ਸੰਬਾਦ ਦਾ ਰਿਸ਼ਤਾ ਕਾਇਮ ਕਰਦੀ ਇਨ੍ਹਾਂ ਧਾਰਨਾਵਾਂ ਨੂੰ ਦਰੁਸਤ ਕਰਨ ਲਈ ਵੀ ਯਤਨਸ਼ੀਲ ਰਹਿੰਦੀ ਹੈ। ਉਸ ਦਾ ਇਹ ਸੰਬਾਦ ਕੇਵਲ ਪੰਜਾਬੀ ਗਲਪ ਨਾਲ ਸੰਬੰਧਿਤ ਪਰ-ਆਲੋਚਕਾਂ ਦੀਆਂ ਧਾਰਨਾਵਾਂ ਨਾਲ ਹੀ ਨਹੀਂ ਰਹਿੰਦਾ ਸਗੋਂ ਇਨ੍ਹਾਂ ਆਲੋਚਕਾਂ ਦੀਆਂ ਅਧਿਐਨ-ਪ੍ਰਣਾਲੀਆਂ ਜਾਂ ਅਧਿਐਨ-ਵਿਧੀਆਂ ਨੂੰ ਵੀ ਆਪਣੇ ਕਲੇਵਰ ਵਿਚ ਲੈਂਦਾ ਹੈ। ਇਸ ਧਰਾਤਲ ਉੱਤੇ ਇਹ ਆਲੋਚਨਾ ਰੂਪ-ਕੇਂਦਰਿਤ ਤੇ ਆਦਰਸ਼ਵਾਦੀ ਆਲੋਚਨਾ ਪੱਧਤੀਆਂ ਦੀਆਂ ਪਹੁੰਚ-ਵਿਧੀਆਂ ਦੀਆਂ ਕਮਜ਼ੋਰੀਆਂ ਤੇ ਇਨ੍ਹਾਂ ਦੀਆਂ ਵਿਚਾਰਧਾਰਕ ਵਿਸੰਗਤੀਆਂ ਦੀ ਭੂਮੀ ਤੇ ਭੂਮਿਕਾ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ। ਇਹ ਕੇਸਰ ਗਲਪ-ਆਲੋਚਨਾ ਦੀ ਵਿਚਾਰਧਾਰਕ ਪ੍ਰਤਿਬੱਧਤਾ ਦਾ ਪ੍ਰਮਾਣ ਹੈ, ਜਿਸ ਦੇ ਅੰਤਰਗਤ ਪ੍ਰਗਟਾਅ ਦੀ ਸਪੱਸ਼ਟਤਾ ਦਾ ਗੁਣ ਇਸ ਆਲੋਚਨਾ ਦੀ ਅਧਿਆਪਨੀ-ਸ਼ੈਲੀ ਨੇ ਆਪਣੇ ਵਿਚ ਸਮੋਇਆ ਹੈ।
          ਕੇਸਰ ਗਲਪ-ਆਲੋਚਨਾ ਦਾ ਅਗਲੇਰਾ ਪਛਾਣ ਚਿੰਨ੍ਹ ਉਸਦੇ ਗਲਪ-ਸ਼ਾਸਤਰ ਦੇ ਨਿਰਮਾਣ ਵਿਚ ਲੁਪਤ ਹੈ ਜਿਸ ਦਾ ਨਿਰਮਾਣ ਇਹ ਆਲੋਚਨਾ ਪ੍ਰੋਢ ਸਮਾਜ-ਸ਼ਾਸਤਰੀ ਤੇ ਸੁਹਜ-ਸ਼ਾਸਤਰੀ ਜਿਵੇਂ ਮਿਸ਼ੈਲ ਜਿਰਾਫ਼ਾ, ਜਾਰਜ ਲੁਕਾਚ, ਰੈਲਫ਼ ਫਾਕਸ, ਐਡਵਿਨ ਮਿਉਰ ਤੇ ਲੁਇਸ ਗੋਲਡਮਾਨ ਆਦਿ ਦੇ ਸਿਧਾਂਤਕ ਸੁਹਜ ਤੇ ਸਮਾਜ-ਸ਼ਾਸਤਰੀ ਮਾਡਲਾਂ ਉੱਤੇ ਅਧਾਰਿਤ ਹੈ। ਇਨ੍ਹਾਂ ਸਾਹਿਤ-ਚਿੰਤਕਾਂ ਪਾਸੋਂ ਇਹ ਗਲਪ-ਆਲੋਚਨਾ ਗਲਪੀ-ਸਿਰਜਨਾ ਦੀ ਹੋਂਦ-ਵਿਧੀ ਨਾਲ ਸੰਬੰਧਿਤ ‘ਸਮੁੱਚਤਾ’ ਅਤੇ ‘ਪ੍ਰਤੀਨਿਧਤਾ’7 ਵਰਗੇ ਸੰਕਲਪਾਂ ਨੂੰ ਗ੍ਰਹਿਣ ਕਰਦੀ ਹੈ। ਇਨ੍ਹਾਂ ਵਿਚ ਸਮੁੱਚਤਾ ਤੋਂ ਇਸ ਆਲੋਚਨਾ ਦਾ ਭਾਵ ਸਥਿਤੀਆਂ ਜਾਂ ਪਾਤਰਾਂ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਕ੍ਰਮ-ਬੱਧ ਵਿਵਰਣ ਤੋਂ ਨਹੀਂ, ਸਗੋਂ ਇਸ ਦਾ ਭਾਵ ਨਾਵਲ ਵਿਚ ਪੇਸ਼ ਮਨੁੱਖੀ ਸ਼ਖ਼ਸੀਅਤ ਦੇ ਬੌਧਿਕ, ਭਾਵੁਕ ਤੇ ਅਮਲ ਦੇ ਤਿੰਨੋੱ ਪੱਖਾਂ ਨੂੰ ਉਜਾਗਰ ਕਰਨ ਤੋਂ ਹੈ। ਇਸ ਸਮੁੱਚੇ ਜੀਵਨ-ਬਿੰਬ ਨੂੰ ਉਘਾੜਨ ਲਈ ਕੇਸਰ ਗਲਪ-ਆਲੋਚਨਾ ਰਚਨਾਕਾਰ ਤੋਂ ਗਲਪੀ-ਸਿਰਜਨਾ ਨੂੰ ਅਖੰਡਿਤ ਤੇ ਵਿਆਪਕ ਵਾਸਤਵਿਕ-ਜੀਵਨ ਵਿਚੋਂ ਚੋਣ ਦੇ ਸਿਧਾਂਤ 'ਤੇ ਅਧਾਰਿਤ ਇਕ ਪ੍ਰਤੀਨਿਧ ਜੀਵਨ-ਸਥਿਤੀ ਉਭਾਰਨ ਦੀ ਮੰਗ ਕਰਦੀ ਹੈ। ਕੇਸਰ ਗਲਪ-ਆਲੋਚਨਾ ਦੁਆਰਾ ਪ੍ਰਸਤੁਤ ਹੋਏ ਪ੍ਰਤੀਨਿਧ ਬਿੰਬ ਤੇ ਮੂਲ-ਵਰਤਾਰੇ ਦੇ ਸੰਬੰਧਾਂ ਨੂੰ ਦਵੰਦਾਤਮਿਕ-ਪਦਾਰਥਵਾਦ ਦੇ 'ਆਮ ਤੇ ਵਿਸ਼ੇਸ਼' (general and particular) ਦੇ ਦਾਰਸ਼ਨਿਕ ਪ੍ਰਵਰਗ ਦੇ ਸਮਾਨਾਂਤਰ ਰੱਖਕੇ ਹੋਰ ਗਹਿਰਾਈ ਨਾਲ ਸਮਝ ਸਕਦੇ ਹਾਂ, ਜਿਵੇਂ ਆਮ, ਵਿਸ਼ੇਸ਼ ਦੁਆਰਾ ਪ੍ਰਗਟ ਹੁੰਦਾ ਹੈ ਅਤੇ ਵਿਸ਼ੇਸ਼, ਆਮ ਦੀ ਪ੍ਰਤਿਨਿਧਤਾ ਕਰਦਾ ਹੈ, ਉਸੇ ਤਰ੍ਹਾਂ ਪ੍ਰਤੀਨਿਧ ਬਿੰਬ ਮੂਲ ਵਰਤਾਰੇ ਵਿਚੋਂ ਪੈਦਾ ਹੋ ਕੇ ਵੀ ਵਿਸ਼ੇਸ਼ ਹੁੰਦਾ ਹੈ ਅਤੇ ਮੂਲ ਵਰਤਾਰੇ ਦੀ ਹੀ ਪ੍ਰਤਿਨਿਧਤਾ ਕਰਦਾ ਹੈ। ਇਸ ਪ੍ਰਕਾਰ ਪ੍ਰਤੀਨਿਧ ਬਿੰਬ ਮੂਲ-ਵਰਤਾਰੇ ਨਾਲ ਵਰਗੇਵੇੱ ਤੇ ਵਖਰੇਵੇਂ (ਰਚਨਾਕਾਰ ਦੀ ਸਿਰਜਨ ਸ਼ਕਤੀ ਦੇ ਸਹਾਰੇ) ਦੇ ਸੰਬੰਧਾਂ ਵਿਚ ਬੱਝਿਆ ਹੋਇਆ ਮੂਲ-ਵਰਤਾਰੇ ਦੇ ਵਿਸ਼ੇਸ਼ ਗੁਣ ਆਪਣੇ ਵਿਚ ਸਮੋਈ ਰੱਖਦਾ ਹੈ। ਜਿਸ ਬਾਰੇ ਬੋਰਿਸ ਸ਼ਚਕੋਵ (Boris Sochkov) ਦਾ ਕਹਿਣਾ ਹੈ ਕਿ ''ਨਿੱਕੇ ਦੁਖਾਂਤਾਂ ਦੇ ਪਾਤਰ ਕੇਵਲ ਆਪਣੇ ਜੁਗ ਦੀਆਂ ਪੁਸ਼ਾਕਾਂ ਹੀ ਨਹੀਂ ਪਹਿਨਦੇ, ਉਹ ਆਪਣੇ-ਆਪਣੇ ਜੁਗ ਦੀਆਂ ਬਹੁਤ ਸਾਰੀਆਂ ਮਨੋਵਿਗਿਆਨਕ ਵਿਸ਼ੇਸ਼ਤਾਵਾਂ ਵੀ ਰੱਖਦੇ ਹਨ। ਉਹਨਾਂ ਦਾ ਇਸ ਹੱਦ ਤੱਕ ਸਾਧਾਰਨੀਕਰਨ ਅਤੇ ਯਥਾਰਥਵਾਦੀ ਢੰਗ ਨਾਲ ਪ੍ਰਕਾਰੀਕਰਨ ਕੀਤਾ ਗਿਆ ਹੈ (ਕਿ) ਇਹ ਇਤਿਹਾਸਕ ਤੱਥ ਦੀਆਂ ਸੀਮਾਵਾਂ ਬੰਦਸ਼ਾਂ ਤੋਂ ਪਾਰ ਚਲੇ ਜਾਂਦੇ ਹਨ।''8
          ਇਸ ਪ੍ਰਸੰਗ ਵਿਚ ਕੇਸਰ ਗਲਪ-ਆਲੋਚਨਾ ਉਪਰੋਕਤ ਮਾਰਕਸਵਾਦੀ-ਚਿੰਤਕਾਂ ਦੇ ਸੁਮੱਚਤਾ ਤੇ ਪ੍ਰਤੀਨਿਧਤਾ ਦੇ ਸੰਕਲਪਾਂ ਨੂੰ ਹੀ ਯਥਾਰਥਕ ਗਲਪ-ਬਿੰਬ ਸਿਰਜਨ ਦਾ ਆਧਾਰ-ਤੱਤ ਕਿਆਸ ਕਰਦੀ ਹੈ, ਪ੍ਰੰਤੂ ਕੇਸਰ ਗਲਪ-ਆਲੋਚਨਾ ਦੀ ਪ੍ਰਾਪਤੀ ਇਨ੍ਹਾਂ ਸਾਹਿਤਕ-ਮਾਡਲਾਂ ਨੂੰ ਫ਼ੈਸ਼ਨ-ਪ੍ਰਸਤੀ ਦੇ ਪ੍ਰਭਾਵ ਅਧੀਨ ਗ੍ਰਹਿਣ ਕਰਨ ਦੀ ਬਜਾਇ ਇਨ੍ਹਾਂ ਮਾਡਲਾਂ ਦੇ ਮੁੱਲਾਂ ਨੂੰ ਹੂ-ਬੁ-ਹੂ ਗ੍ਰਹਿਣ ਕਰਨ ਦੀ ਥਾਂ ਇਨ੍ਹਾਂ ਮਾਡਲਾਂ ਨੂੰ ਪੰਜਾਬੀ ਸਾਹਿਤ ਦੀ ਪਰੰਪਰਾ ਤੇ ਪਸਾਰਾਂ ਦੇ ਅਨੁਰੂਪ ਢਾਲਕੇ ਨਵ-ਸਿਰਜਨ ਜਾਂ ਪ੍ਰਸੰਗਿਕ ਕਰਨ ਦਾ ਕਾਰਜ ਕਰਨ ਵਿਚ ਅਤੇ ਇਨ੍ਹਾਂ ਮਾਡਲਾਂ ਦੇ ਮੂਲ ਦੀ ਤਲਾਸ਼ ਕਰਕੇ ਧਾਰਨ ਕਰਨ ਵਿਚ ਨਿਹਿਤ ਹੈ। ਜਿਵੇਂ ਜਾਰਜ ਲੁਕਾਚ ਤੇ ਰੈਲਫ ਫ਼ਾਕਸ ਦੀਆਂ ਧਾਰਨਾਵਾਂ ਨੂੰ ਮਾਰਕਸ ਤੇ ਏਂਗਲਜ਼ ਨਾਲ ਸੰਬਧਿਤ ਕਰਦੀ ਇਸ ਆਲੋਚਨਾ ਦਾ ਮੱਤ ਹੈ :
ਯਥਾਰਥਵਾਦੀ ਨਾਵਲੀ ਦੇ ਸੌਂਦਰਯ-ਸ਼ਾਸਤਰ ਦੀ ਉਸਾਰੀ ਵਿਚ ਹੰਗੇਰੀਅਨ ਚਿੰਤਨ ਲੁਕਾਚ ਅਤੇ ਇਕ ਅੰਗਰੇਜ਼ ਆਲੋਚਕ ਰੈਲਫ ਫਾਕਸ ਦਾ ਯੋਗਦਾਨ ਮਹੱਤਵਪੂਰਨ ਹੈ। ਉਨ੍ਹਾਂ ਦੋਹਾਂ ਦਾ ਵਿਚਾਰ ਹੈ ਕਿ ਨਾਵਲ ਸੰਪੂਰਨ ਮਾਨਵ (the whole) ਦੀ ਅਭਿਵਿਅਕਤੀ ਹੈ ਅਤੇ 'ਸੰਪੂਰਨ ਮਾਨਵ' ਦੀ ਅਭਿਵਿਅਕਤੀ 'ਪੂਰੇ ਸਮਾਜ' ਦੇ ਸੰਦਰਭ ਵਿਚ ਹੀ ਹੋ ਸਕਦੀ ਹੈ।(ਇਹ) ਲੁਕਾਚ ਤੇ ਫਾਕਸ ਦੇ ਗਲਪ-ਸ਼ਾਸਤਰ ਦਾ ਸਿਧਾਂਤਕ ਆਧਾਰ ਮੋਟੇ ਤੌਰ 'ਤੇ, ਮਾਰਕਸ-ਏੱਗਲਜ਼ ਦੀਆਂ ਕੁਝ ਟਿੱਪਣੀਆਂ (observation) ਹਨ।9
ਇਸ ਪ੍ਰਕਾਰ ਇਹ ਗਲਪ-ਆਲੋਚਨਾ ਇਨ੍ਹਾਂ ਸੰਕਲਪਾਂ ਦੀ ਮੂਲ ਪ੍ਰਕਿਰਤੀ ਦੇ ਅਨੁਕੂਲ ਹੀ ਇਨ੍ਹਾਂ ਦੀਆਂ ਨਵੀਨ ਸੰਭਾਵਨਾਵਾਂ ਨੂੰ ਉਜਾਗਰ ਕਰਦੀ ਹੈ ਅਤੇ ਇਨ੍ਹਾਂ ਵਿਚ ਵਧੇਰੇ ਸਪੱਸ਼ਟਤਾ ਤੇ ਮੌਲਿਕਤਾ ਦਾ ਸੰਚਾਰ ਕਰਦੀ ਹੋਈ ਇਨ੍ਹਾਂ ਦੇ ਮੂਲ ਸੁਭਾਅ ਨੂੰ ਕਾਇਮ ਰੱਖਦੀ ਆਪਣੀ ਆਲੋਚਨਾਤਮਿਕ-ਪਹੁੰਚ ਦਾ ਵਿਕਾਸ ਕਰਦੀ ਹੈ।
ਇਸ ਤੋਂ ਇਲਾਵਾ ਕੇਸਰ ਗਲਪ-ਆਲੋਚਨਾ ਦੀ ਇਕ ਵਿਸ਼ੇਸ਼ਤਾ ਗਲਪੀ-ਸਿਰਜਨਾ ਦੀ ਹੋਂਦ-ਵਿਧੀ ਬਾਰੇ ਵਿਚਾਰ ਕਰਨ ਵਿਚ ਵੀ ਲੁਪਤ ਹੈ, ਜਿਸ ਦੇ ਅੰਤਰਗਤ ਇਹ ਗਲਪ-ਆਲੋਚਨਾ ਗਲਪ-ਸਿਰਜਨਾ ਦੀ ਹੋਂਦ ਨੂੰ ਸਮਾਜ-ਸਾਖੇਪ ਸਿਰਜਨਾ ਕਿਆਸ ਕਰਦੀ ਹੋਈ ਰਚਨਾਕਾਰ ਦੀ ਸਵੈ-ਅਭਿਵਿਅਕਤੀ ਤੇ ਸਮਾਜਿਕ-ਸੱਚ ਦੇ ਦਵੰਦਾਤਮਿਕ ਸੰਬੰਧਾਂ ਉੱਤੇ ਅਧਾਰਿਤ ਉਪਯੋਗਿਕਤਾ-ਮੂਲਕ ਕਿਰਤ ਸਵੀਕਾਰਦੀ ਹੈ। ਅਜਿਹਾ ਕਰਦੇ ਸਮੇਂ ਕੇਸਰ ਗਲਪ-ਆਲੋਚਨਾ ਆਪਣੀ ਸੰਤੁਲਿਤ ਸਿਧਾਂਤਕ ਸੂਝ ਦੁਆਰਾ ਇਸ ਨੁਕਤੇ ਤੋਂ ਵੀ ਸੁਚੇਤ ਹੈ ਕਿ ਵਿਚਾਰਕ ਤੱਤਾਂ ਨਾਲ ਲਬਰੇਜ਼ ਤੇ ਸੁਹਜਾਤਮਿਕ ਤੱਤਾਂ ਤੋਂ ਨਿਰਲੇਪ ਕੋਈ ਗਲਪੀ-ਸਿਰਜਨਾ ਨਿਰੋਲ ਪ੍ਰਚਾਰ ਦਾ ਦਰਜਾ ਪ੍ਰਾਪਤ ਕਰ ਜਾਂਦੀ ਹੈ। ਇਸ ਪ੍ਰਕਾਰ ਦੀ ਸਿਰਜਨਾ ਕੇਸਰ ਗਲਪ-ਆਲੋਚਨਾ ਲਈ ਕਿਸੇ ਵੀ ਪੱਧਰ 'ਤੇ ਸਾਹਿਤਕ-ਕਿਰਤ ਦਾ ਦਰਜਾ ਨਹੀਂ ਰੱਖਦੀ, ਸਗੋਂ ਇਸ ਗਲਪ-ਆਲੋਚਨਾ ਲਈ ਪ੍ਰਮਾਣਿਕ ਗਲਪ-ਸਿਰਜਨਾ ਸੋਚ ਤੇ ਸੁਹਜ ਦੀ ਸੰਯੁਕਤੀ ਪੇਸ਼ ਕਰਦੀ ਹੈ, ਇਸ ਸੰਯੁਕਤੀ ਦਾ ਨਿਬਾਹ ਕਰਨਾ ਰਚਨਾਕਾਰ ਦੀ ਮਰਜ਼ੀ ਉੱਤੇ ਅਧਾਰਿਤ ਨਹੀਂ ਸਗੋਂ ਇਹ ਗਲਪ-ਸਿਰਜਨਾ ਦੀ ਹੋਂਦ-ਵਿਧੀ ਦੀ ਮਜ਼ਬੂਰੀ ਦਾ ਪਰਿਣਾਮ ਹੈ।
ਯਥਾਰਥਵਾਦੀ ਸਾਹਿਤਕ ਕਿਰਤ ਦੀ ਰਚਨਾ ਪ੍ਰਕਿਰਿਆ ਦਾ ਮੁੱਖ ਆਧਾਰ ਪੂਰਵ-ਪ੍ਰਾਪਤ ਸ਼ਿਲਪ-ਗਿਆਨ ਨਹੀਂ ਹੁੰਦਾ, ਸਗੋਂ ਜੀਵਨ-ਯਥਾਰਥ ਦਾ ਉਹ ਪੈਟਰਨ ਹੁੰਦਾ ਹੈ ਜਿਸ ਨੂੰ ਸਾਹਿਤਕਾਰ ਨੇ ਆਪ ਖੋਜਿਆ ਤੇ ਅਨੁਭਵਿਆ ਹੁੰਦਾ ਹੈ। ਉਹ ਨਾ ਤਾਂ ਪੂਰਵ-ਪ੍ਰਾਪਤ ਸ਼ਿਲਪ-ਗਿਆਨ ਨੂੰ ਪ੍ਰਾਪਤ ਯਥਾਰਥ ਉੱਤੇ ਠੋਸਦਾ ਹੈ ਤੇ ਨਾ ਹੀ ਆਪਣੇ ਅਨੁਭਵ ਕੀਤੇ ਯਥਾਰਥ ਨੂੰ ਆਪ ਮੁਹਾਰੇ ਕਲਾ-ਕਿਰਤ ਵਿਚ ਰੂਪਾਂਤਿਰਤ ਹੋ ਜਾਣ ਦੀ ਖੁੱਲ੍ਹ ਦਿੰਦਾ ਹੈ। ਉਹ ਕਿਸੇ ਅੰਤਮ ਮਨੋਰਥ ਨੂੰ ਮੁੱਖ ਰੱਖ ਕੇ, ਪੂਰਵ ਪ੍ਰਾਪਤ ਸ਼ਿਲਪ-ਔਜ਼ਾਰਾ ਨਾਲ ਰਚਨਾ-ਪ੍ਰਕਿਰਿਆ ਵਿਚ ਬੁਝਦਾ ਹੈ, ਪਰ ਇਸ ਪ੍ਰਕਿਰਿਆ ਦੇ ਦੌਰਾਨ ਅਨੁਭਵ ਠੀਕ ਯਥਾਰਥ ਦੀ ਕੱਚੀ ਸਮੱਗਰੀ ਦਾ ਤਕਾਜ਼ਾ ਉਸ ਨੂੰ ਆਪਣੇ ਆਰੰਭਕ ਮਨੋਰਥ ਅਤੇ ਸ਼ਿਲਪ-ਗਿਆਨ ਵਿਚ ਤਬਦੀਲੀ ਕਰਨ ਲਈ ਮਜ਼ਬੂਰ ਕਰਦਾ ਹੈ।10
ਪ੍ਰੰਤੂ ਇਸ ਪ੍ਰਸੰਗ ਵਿਚ ਕਈ ਵਾਰ ਕੇਸਰ ਗਲਪ-ਆਲੋਚਨਾ ਗਲਪੀ-ਰਚਨਾ ਦੇ ਸਮਾਜਿਕ ਤੇ ਸੁਹਜਾਤਮਿਕ ਪਹਿਲੂਆਂ ਦਾ ਵਿਸ਼ਲੇਸ਼ਣ ਕਰਦੀ ਹੋਈ ਤੱਤਵਾਦੀ-ਆਲੋਚਨਾ ਦੇ ਅਰਥ-ਖੇਤਰ ਵਿਚ ਪ੍ਰਵੇਸ਼ ਕਰ ਜਾਂਦੀ ਹੈ, ਜਿਸ ਅਧੀਨ ਇਹ ਗਲਪ-ਆਲੋਚਨਾ ਗਲਪੀ-ਸਿਰਜਨਾ ਨੂੰ 'ਕੱਥ ਤੇ ਵੱਥ' ਦੇ ਮੋਟੇ ਜਿਹੇ ਰੂਪ ਵਿਚ ਵਿਭਾਜਤ ਕਰਦੀ ਗਲਪੀ-ਸਿਰਜਨਾ ਨੂੰ ਪਾਤਰ-ਚਿੱਤਰਣ, ਰਚਨਾ-ਵਸਤੂ, ਭਾਸ਼ਾ-ਸ਼ੈਲੀ ਤੇ ਸਾਹਿਤਕ-ਯੋਗਦਾਨ ਵਰਗੇ ਸਿਰਲੇਖਾਂ ਅਧੀਨ ਵਿਚਾਰਨ ਲਈ ਕਾਰਜਸ਼ੀਲ ਹੋ ਜਾਂਦੀ ਹੈ। ਵਿਸ਼ਲੇਸ਼ਣ ਤੇ ਮੁੱਲਾਂਕਣ ਦੀ ਇਸ ਪ੍ਰਕਾਰ ਦੀ ਵਿਧੀ ਨਿਰਸੰਦੇਹ ਗਲਪੀ-ਸਿਰਜਨਾ ਦੇ ਸੰਪੂਰਨ ਅਧਿਐਨ ਨੂੰ ਦਰਕਿਨਾਰ ਕਰਨ ਦੀ ਵਿਸੰਗਤੀਆਂ ਨਾਲ ਭਰਪੂਰ ਹੈ। ਇਸ ਦੇ ਨਾਲ ਹੀ ਕੇਸਰ ਗਲਪ-ਆਲੋਚਨਾ ਵਿਕੋਲਿਤਰੇ ਰੂਪ ਵਿਚ ਰਚਨਾਕਾਰ ਦੀ ਜੀਵਨ-ਦ੍ਰਿਸ਼ਟੀ ਤੇ ਰਚਨਾ-ਦ੍ਰਿਸ਼ਟੀ ਦੇ ਅੰਤਰ-ਸੰਬੰਧਾਂ ਤੇ ਅੰਤਰ-ਦਵੰਦਾਂ ਨੂੰ ਵਿਚਾਰਦੀ ਹੋਈ ਕੋਈ ਵਾਰ ਗਲਪੀ-ਪਾਠ ਦੀ ਸਤੱਹੀ-ਸੰਰਚਨਾ ਤੱਕ ਹੀ ਸੀਮਿਤ ਹੋ ਜਾਂਦੀ, ਰਚਨਾਕਾਰ ਦੀਆਂ ਸਮੁੱਚੀਆਂ ਸਿਰਜਨਾਵਾਂ ਦਾ ਠੀਕ ਮੁਤੱਲਿਆ ਕਰਨ ਤੋਂ ਅਵੇਸਲੀ ਵੀ ਰਹਿ ਜਾਂਦੀ ਹੈ। ਇਸ ਪ੍ਰਕਾਰ ਦੀ ਇਕ ਉਦਾਹਰਨ ਕੇਸਰ ਗਲਪ-ਆਲੋਚਨਾ ਦੁਆਰਾ ਸੁਜਾਨ ਸਿੰਘ ਦੀ ਕਹਾਣੀ-ਸਿਰਜਨਾ ਦੇ ਅਧਿਐਨ-ਵਿਸ਼ਲੇਸ਼ਣ ਵਿਚੋਂ ਦ੍ਰਿਸ਼ਟੀਗੋਚਰ ਹੁੰਦੀ ਹੈ, ਜਿਸ ਅਧੀਨ ਕੇਸਰ ਗਲਪ-ਆਲੋਚਨਾ ਸੁਜਾਨ ਸਿੰਘ ਦੇ ਜੀਵਨਪਰਕ-ਵੇਰਵਿਆਂ ਨਾਲ ਉਸਦੀ ਦੀ ਜੀਵਨ-ਦ੍ਰਿਸ਼ਟੀ ਦਾ ਨਿਰਧਾਰਨ ਕਰਦੀ ਹੋਈ ਅੱਗੋਂ ਰਚਨਾ-ਦ੍ਰਿਸ਼ਟੀ ਨੂੰ ਉਲੀਕਣ ਦੇ ਯਤਨ ਅਧੀਨ ਵਿਸ਼ਲੇਸ਼ਣ ਕਰਦੀ ਹੈ ਅਤੇ ਸੁਜਾਨ ਸਿੰਘ ਨੂੰ ਯਥਾਰਥਵਾਦੀ ਅਤੇ ਇਤਿਹਾਸਕ ਅਨਿਵਾਰਤਾ ਨੂੰ ਪੇਸ਼ ਕਰਨ ਵਾਲਾ ਕਹਾਣੀਕਾਰ ਕਿਆਸ ਕਰਦੀ ਹੈ। ਇਥੇ ਕੇਸਰ ਗਲਪ-ਆਲੋਚਨਾ ਦੀ ਸਮੱਸਿਆ ਸੁਜਾਨ ਸਿੰਘ ਦੀ ਕਹਾਣੀ-ਸਿਰਜਨਾ ਵਿਚੋਂ ਉਭਰਦੇ ਸਮਾਜਵਾਦੀ ਗਲਪੀ-ਬਿੰਬ ਦੀ ਉਪਭਾਵੁਕਤਾ ਨੂੰ ਅਣਗੋਲਿਆਂ ਕਰਨ ਵਿਚ ਨਜ਼ਰੀ ਪੈਂਦੀ ਹੈ। ਜਿਸ ਅਧੀਨ ਇਹ ਗਲਪ-ਆਲੋਚਨਾ ਸੁਜਾਨ ਸਿੰਘ ਦੀਆਂ ਜੀਵਨ-ਸਥਿਤੀਆਂ ਦੇ ਪ੍ਰਭਾਵ ਅਧੀਨ ਉਸਦੇ ਵਿਅਕਤਿਤਵ ਵਿਚ ਪ੍ਰਵੇਸ਼ ਪਾਉੱਦੀ ਉਪਭਾਵੁਕਤਾ ਅਤੇ ਉਪਭਾਵੁਕਤਾ ਅਧਾਰਿਤ ਰਚਨਾ-ਦ੍ਰਿਸ਼ਟੀ (ਵਿਕੋਲਿਤਰੇ ਰੂਪ ਵਿਚ) ਕਾਰਨ ਉਸਦੇ ਗਲਪੀ-ਬਿੰਬ ਦੀ ਅਣਯਥਾਰਥਕਤਾ, ਸਤਹੀ-ਪੱਧਰ ਤੇ ਪੂਰਬ-ਆਗ੍ਰਹੀ (prejudice) ਦ੍ਰਿਸ਼ਟੀ ਦੀ ਹੋਂਦ ਪ੍ਰਕਿਰਿਆ ਨੂੰ ਪ੍ਰੋਖੇ ਕਰਦੀ ਹੈ। ਜਿਸ ਕਾਰਨ ਸੁਜਾਨ ਸਿੰਘ ਦੀ ਕਹਾਣੀ-ਸਿਰਜਨਾ ਵਿਚੋਂ ਸਮਾਜਵਾਦ ਦਾ ਵਿਗਿਆਨਿਕ ਤੇ ਬੌਧਿਕ ਸਰੂਪ ਉਜਾਗਰ ਹੋਣ ਦੀ ਬਜਾਇ ਉਪਭਾਵੁਕਤਾ ਨਾਲ ਸੰਮਲਿਤ ਸਰੂਪ ਹੀ ਉਭਰਦਾ ਹੈ।
ਪ੍ਰੰਤੂ ਇਸ ਦੇ ਬਾਵਜੂਦ ਵੀ ਕੇਸਰ ਗਲਪ-ਆਲੋਚਨਾ ਦੀ ਪ੍ਰਮੁੱਖ ਪ੍ਰਾਪਤੀ ਪੰਜਾਬੀ ਗਲਪ-ਸਾਹਿਤ ਨੂੰ ਸਮਾਜ, ਸਿਆਸਤ ਤੇ ਸਭਿਆਚਾਰ ਨਾਲ ਸੰਬੰਧਿਤ ਕਰਕੇ ਇਸ ਨੂੰ ਭਾਰਤੀ/ਪੰਜਾਬੀ ਜਮਾਤੀ-ਖਾਸੇ ਅਨੁਸਾਰ ਸਮਝਣ ਦੇ ਯਤਨ ਅਤੇ ਪਾਠਕ ਨੂੰ ਇਤਿਹਾਸਕ ਤੇ ਵਿਚਾਰਧਾਰਕ ਸੁਚੇਤਨਾ ਪ੍ਰਦਾਨ ਕਰਦੀ ਹੋਈ ਵਿਕਾਸਮਈ ਭਵਿੱਖਮੁੱਖੀ ਪਰਿਵਰਤਨ ਨੂੰ ਦ੍ਰਿੜ ਕਰਵਾਉਣ ਵਿਚ ਨਿਹਿਤ ਹੈ। ਇਸ ਅਧੀਨ ਇਹ ਗਲਪ-ਆਲੋਚਨਾ ਪਹਿਲੀ ਪੀੜ੍ਹੀ ਦੀ ਮਾਰਕਸਵਾਦੀ ਪੰਜਾਬੀ ਗਲਪ-ਆਲੋਚਨਾ ਦੀਆਂ ਸੀਮਾਵਾਂ ਤੇ ਸਮੱਸਿਆਵਾਂ ਤੋਂ ਸੁਚੇਤ ਪਾਠ ਤੇ ਪ੍ਰਸੰਗ ਦੇ ਦਵੰਦਾਤਮਿਕ ਸੰਬੰਧਾਂ ਨੂੰ ਵੇਖਣ ਵਾਲੀ ਪ੍ਰਮਾਣਿਕ ਵਿਧੀ ਨੂੰ ਅੰਤਰ-ਅਨੁਸ਼ਾਸਨੀ ਤੇ ਤੁਲਾਨਾਤਮਿਕ ਪਹੁੰਚ ਨਾਲ ਅਖ਼ਤਿਆਰ ਵੇਖਦੀ ਅਤੇ ਅਧਿਆਪਨੀ-ਸ਼ੈਲੀ ਦੁਆਰਾ ਵਿਗਿਆਨਿਕ ਤੇ ਆਲੋਚਨਾਤਮਿਕ ਸੰਕਲਪਾਂ ਨੂੰ ਸਾਹਿਤ ਤੇ ਸਮਾਜਿਕ ਸੰਦਰਭ ਵਿਚ ਸਪੱਸ਼ਟ ਕਰਦੀ ਹੈ। ਨਿਰਸੰਦੇਹ, ਕੇਸਰ ਗਲਪ-ਆਲੋਚਨਾ ਪੰਜਾਬੀ ਦੇ ਆਲੋਚਨਾਤਮਿਕ ਅਨੁਸ਼ਾਨਸਨ ਦਾ ਇਕ ਨਿਵੇਕਲਾ ਤੇ ਵਿਲੱਖਣ ਪਸਾਰ ਤੇ ਪ੍ਰਾਪਤੀ ਹੈ।
0-0-0
ਹਵਾਲੇ ਤੇ ਟਿੱਪਣੀਆਂ :
1. ਮਾਰਕਸ ਏਂਗਲਜ਼, ਕਮਿਊਨਿਸਟ ਪਾਰਟੀ ਦਾ ਮੈਨੀਫ਼ੈਸਟੋ, ਪੰਨਾ-29
2. ਓਮ ਪ੍ਰਕਾਸ਼ ਗਰੇਵਾਲ, 'ਸਾਹਿਤ ਔਰ ਵਿਚਾਰਧਾਰਾ', ਮਾਰਕਸਵਾਦੀ ਸੌਂਦਰਯ ਸ਼ਾਸਤਰ, ਸੰਪਾ਼ ਕਮਲਾ ਪ੍ਰਸਾਦ, ਮੈਨੇਜਰ     ਪਾਂਡੇ, ਗਿਆਨ ਰੰਜਨ, ਪੰਨਾ-28-29
3. ਜਸਬੀਰ ਕੇਸਰ (ਸੰਪਾ਼),  ਕੇਸਰ ਸਿੰਘ ਕੇਸਰ ਗਲਪ ਚਿੰਤਨ, ਪੰਨਾ-80
4. ਟੀ. ਆਰ. ਵਿਨੋਦ, ਪੰਜਾਬੀ ਆਲੋਚਨਾ ਸ਼ਾਸਤਰ, ਪੰਨਾ-53
5. ਕੇਸਰ ਸਿੰਘ ਕੇਸਰ, ਗਲਪ ਚਿੰਤਨ, ਪੰਨਾ-142
6. ਉਹੀ, ਪੰਨਾ-49
7. ਗਲਪ-ਰਚਨਾ ਵਿਚ ਟਾਈਪ-ਸਿਰਜਨ ਦਾ ਉਹੀ ਮਹੱਤਵ ਹੈ ਜੋ ਕਵਿਤਾ ਵਿਚ ਮੈਟਾਫਰ (ਜਾਂ ਰੂਪਕ) ਸਿਰਜਨ ਦਾ ਹੈ,     'ਟਾਈਪ' ਜਾਂ 'ਨਮੂਨਾ' ਇਕ ਲਘੂ-ਬ੍ਰਹਿਮੰਡ ਹੁੰਦਾ ਹੈ ਜਿਸ ਵਿਚੋਂ ਵਿਰਾਟ ਬ੍ਰਹਿਮੰਡ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਕ   ਪਰਿਸਥਿਤੀ ਤੇ ਇਕੱਲਾ ਪਾਤਰ ਹੀ ਨਹੀਂ, ਪੂਰੇ ਦਾ ਪੂਰਾ ਨਾਵਲ ਹੀ ਇਕ 'ਟਾਈਪ' ਜਾਂ ਇਕ 'ਨਮੂਨਾ' ਹੋ ਨਿਬੜਦਾ      ਹੈ।  ਕੇਸਰ ਸਿੰਘ ਕੇਸਰ, ਗਲਪ ਚਿੰਤਨ, ਪੰਨਾ-23
8. ਬੋਰਿਸ ਸ਼ਚਕੋਵ, ਯਥਾਰਥਵਾਦ ਦਾ ਇਤਿਹਾਸ, ਪੰਨਾ-96
9. ਕੇਸਰ ਸਿੰਘ ਕੇਸਰ, ਗਲਪ ਚਿੰਤਨ, ਪੰਨਾ-22
10. ਉਹੀ, ਪੰਨਾ-20

‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...