ਅਨੁਵਾਦ (Translate)

Thursday, 6 April 2017

'ਹੋਣੀ ਮਨੁੱਖੀ ਸਭਿਅਤਾ ਦੀ' ਸਿਧਾਂਤ ਤੋਂ ਸਿਰਜਨਾ ਤੱਕ

https://www.researchgate.net/publication/315799396_%27Honi_Manokhi_Sabheyata_Di%27_Sidhant_to_Sirjna_Tak


Experience without theory is blind, but theory without experience is mere intellectual play.
Immanuel Kant
'ਸਿਧਾਂਤ' ਬਾਹਰਮੁੱਖੀ-ਵਾਸਤਵਿਕਤਾ ਅਧੀਨ ਕਾਰਜਸ਼ੀਲ ਲੁਪਤ 'ਆਮ' ਨੇਮਾਂ ਦਾ ਸੁਚੇਤ, ਸੰਗਠਿਤ ਤੇ ਸੀਮਾਬੱਧ ਪ੍ਰਬੰਧ ਹੁੰਦਾ ਹੈ। ਇਹ ਪ੍ਰਬੰਧ ਬਾਹਰਮੁੱਖੀ-ਵਾਸਤਵਿਕਤਾ ਦੀ ਸਮਝ ਵਿਚੋਂ ਪੈਦਾ ਹੁੰਦਾ ਹੋਇਆ ਪਰਤਵੇਂ ਰੂਪ ਵਿਚ ਬਾਹਰਮੁੱਖੀ-ਵਾਸਤਵਿਕਤਾ ਦੇ ਯਥਾਰਥ ਨੂੰ ਸਮਝਾਉਣ ਹਿੱਤ ਗਤੀਸ਼ੀਲ ਰਹਿੰਦਾ ਹੈ। ਇਹ ਗਤੀਸ਼ੀਲਤਾ ਹੀ ਸਿਧਾਂਤ ਨੂੰ ਵਿਹਾਰਕ ਰੂਪਾਂ ਨਾਲ ਦਵੰਦਾਤਮਿਕ ਪੱਧਰ 'ਤੇ ਜੋੜਦੀ ਹੈ ਅਤੇ ਸਿਧਾਂਤ ਦੀ ਪਰਿਵਰਤਨਸ਼ੀਲਤਾ ਤੇ ਮਹੱਤਤਾ ਨੂੰ ਦ੍ਰਿੜ ਕਰਵਾਉਂਦੀ ਹੈ। ਸਾਹਿਤ-ਸਿਧਾਂਤ ਦੇ ਪ੍ਰਸੰਗ ਵਿਚ ਵਿਸ਼ੇਸ਼ ਨੁਕਤਾ ਇਹ ਹੈ ਕਿ ਸਿਧਾਂਤ ਤੇ ਸਿਰਜਨਾ/ਵਿਹਾਰਕ-ਰੂਪ ਦਾ ਇਹ ਸੰਬੰਧ ਭਾਵੇਂ ਪਰਸਪਰ ਧਰਾਤਲ ਦੇ ਜੁੜਿਆ ਹੋਇਆ ਹੈ, ਪਰ ਇਸ ਦੀ ਸੁਚੇਤ, ਸੰਗਠਿਤ ਤੇ ਸੀਮਾਬੱਧ ਵਿਸ਼ੇਸ਼ ਦ੍ਰਿਸ਼ਟੀ ਵਾਲੀ ਪ੍ਰਵਿਰਤੀ ਸਿਧਾਂਤ ਦੇ ਸਿਰਜਨਾ/ਵਿਹਾਰਕ-ਰੂਪ ਵਿਚਲੇ ਪ੍ਰਵੇਸ਼ ਨੂੰ ਸਦਾ ਵਿਵਾਦਗ੍ਰਸਤ ਮਸਲਾਂ ਬਣਾ ਦਿੰਦੀ ਹੈ। ਕਿਉਂਕਿ ਸ਼ਬਦ-ਸਿਰਜਨਾ ਨੂੰ (ਖਾਸ ਕਰ ਗਲਪੀ ਰੂਪ) ਅਜਿਹੀ ਸਮਾਜ-ਸਾਪੇਖਕ ਹੋਂਦ ਕਿਆਸ ਕੀਤਾ ਜਾਂਦਾ ਹੈ, ਜਿਹੜੀ ਸਮਾਜ ਦੀ ਸਭਿਅਤਾ ਤੇ ਸੰਸਕ੍ਰਿਤੀ ਦੇ ਵਿਭਿੰਨ ਪੱਖਾਂ ਨੂੰ ਸੁਹਜਾਤਮਿਕ-ਤੱਤਾਂ ਦੇ ਸਮਨੈਵ ਦੁਆਰਾ ਅਭਿਵਿਅਕਤ ਕਰਦੀ ਹੈ। ਇਸ ਅਭਿਵਿਅਕਤੀ ਦਾ ਸੁਹਜਾਤਮਿਕ-ਧਰਾਤਲ, ਸਿਧਾਂਤ ਨੂੰ ਪ੍ਰਾਥਮਿਕਤਾ ਅਤੇ ਸਿਰਜਨਾਤਮਿਕ ਤੱਤਾਂ ਨੂੰ ਦਰਕਿਨਾਰ ਕਰਨ ਕਾਰਨ ਰਚਨਾਤਮਿਕ-ਵਿਵੇਕ ਨੂੰ ਖੰਡਿਤ ਕਰਦਾ ਸੰਕਟਗ੍ਰਸਟ ਸਥਿਤੀ ਦਾ ਸਿਕਾਰ ਹੋ ਜਾਂਦਾ ਹੈ। ਪ੍ਰੰਤੂ ਇਸ ਪ੍ਰਸੰਗ ਵਿਚ ਧਿਆਨਯੋਗ ਨੁਕਤਾ ਇਹ ਹੈ ਕਿ ਵਿਸ਼ਵ ਸਾਹਿਤ ਦੇ ਸੰਦਰਭ ਵਿਚ ਸਦੀਵੀਂ ਤੇ ਮਹਾਨਤਮ ਸਿਰਜਨਾਵਾਂ ਕਿਸੇ ਨ ਕਿਸੇ ਮੌਲਿਕ ਸਿਧਾਂਤ ਜਾਂ ਸਿਧਾਂਤ ਚੇਤਨਾ ਨੂੰ ਆਪਣੇ ਅੰਦਰ ਸਮੋਈ ਰੱਖਦੀਆਂ ਸਿਧਾਂਤ ਨੂੰ ਰਚਨਾਤਮਿਕ-ਵਿਵੇਕ ਦੀ ਤਾਰਕਿਕਤਾ ਨਾਲ ਪੇਸ਼ ਕਰਦੀਆਂ ਹਨ (ਜਿਵੇਂ ਕਾਮੂ ਦਾ ਨਾਵਲ +ਚਵਤਜਦਕਗ ਤੇ ਗੋਰਕੀ ਦਾ 'ਮਾਂ')। ਇਨ੍ਹਾਂ ਮਹਾਨਤਮ ਰਚਨਾਵਾਂ ਵਿਚ ਸਿਧਾਂਤ ਦਾ ਸਿਰਜਨਾ ਵਿਚ ਪ੍ਰਵੇਸ਼ ਰਚਨਾਕਾਰ ਦੀ ਤਾਰਕਿਕ ਰਚਨਾ-ਦ੍ਰਿਸ਼ਟੀ ਅਤੇ ਰਚਨਾ-ਵਿਧੀਆਂ ਦੀ ਚੋਣ ਦੀ ਸੰਗਤੀ ਅਧੀਨ ਹੀ ਪ੍ਰਵੇਸ਼ ਪਾਉਂਦਾ ਹੈ, ਕਿਉਂਕਿ ਰਚਨਾਕਾਰ ਦੀ ਰਚਨਾ-ਦ੍ਰਿਸ਼ਟੀ, ਜੀਵਨ-ਦ੍ਰਿਸ਼ਟੀ ਤੇ ਯੁੱਗ-ਦ੍ਰਿਸ਼ਟੀ 'ਤੇ ਆਧਾਰਿਤ ਰਚਨਾਤਮਿਕ ਵੇਰਵਿਆਂ ਵਿਚ ਪਈ ਅਜਿਹੀ ਵਿਚਾਰਧਾਰਕ ਸਿਰਜਨਾਤਮਿਕ ਸ਼ਕਤੀ ਹੈ, ਜਿਹੜੀ ਕੇਂਦਰੀ ਸੰਗਠਨੀ ਤੱਤ ਵਜੋਂ ਸਮੁੱਚੇ ਰਚਨਾ-ਪ੍ਰਬੰਧ ਨੂੰ ਆਪਣੇ ਕਲੇਵਰ (ਵਸਤੂ ਤੇ ਵਿਧੀ ਤੱਕ) ਵਿਚ ਲੈਂਦੀ ਹੈ ਅਤੇ ਸੰਬੰਧਿਤ ਸਮਾਜ ਦੇ ਵਿਅਕਤੀਆਂ ਦੀ ਜੀਵਨ-ਦ੍ਰਿਸ਼ਟੀ ਨਾਲ ਦਵੰਦਾਤਮਿਕ ਸੰਬੰਧਾਂ ਵਿਚ ਬੰਨੀ ਹੁੰਦੀ ਹੈ।1 ਇਹ ਰਚਨਾ-ਦ੍ਰਿਸ਼ਟੀ ਹੀ ਅੱਗੋਂ ਰਚਨਾ-ਵਿਧੀ ਨੂੰ ਨਿਰਧਾਰਿਤ ਕਰਦੀ ਹੈ, ਜੋ ਵਸਤੂਗਤ-ਜਗਤ ਦੇ ਅਨੁਭਵ ਨੂੰ ਕਲਾਤਮਿਕ-ਬਿੰਬ (ਰਚਨਾ-ਵਸਤੂ) ਵਿਚ ਰੂਪਾਂਤ੍ਰਣ ਕਰਨ ਦੀ ਪ੍ਰਕਿਰਿਆ ਅਧੀਨ ਕਾਰਜਸ਼ੀਲ ਕਲਾਤਮਿਕ ਜੁਗਤਾਂ/ਤਕਨੀਕਾਂ ਦਾ ਸਮੂਹ ਹੁੰਦੀ ਹੈ। ਇਹ ਕਲਾਤਮਿਕ ਜੁਗਤਾਂ/ਤਕਨੀਕਾਂ ਦਾ ਸਮੂਹ ਹੀ ਗਲਪੀ-ਸਿਰਜਨਾ ਨੂੰ ਵਸਤੂਗਤ-ਜਗਤ ਨਾਲੋਂ ਨਿਖੇੜਕੇ, ਨਿਵੇਕਲੇ ਕਲਾਤਮਿਕ ਵਿਧਾਨ ਵਿਚ ਬੰਨਦਾ ਸਾਪੇਖ-ਖ਼ੁਦਮੁਖ਼ਤਾਰ ਹੋਂਦ ਪ੍ਰਦਾਨ ਕਰਦਾ ਹੈ ਅਤੇ ਕਲਾਤਮਿਕ-ਵਿਵੇਕ ਦੀ ਤਰਕਪੂਰਨਤਾ ਨੂੰ ਸਿਰਜਦਾ ਹੋਇਆ ਗਲਪੀ-ਸਿਰਜਨਾ ਨੂੰ ਮੰਨਣਯੋਗ ਤੇ ਸੰਚਾਰਮੁੱਖੀ ਬਣਾਉਂਦਾ ਹੈ।2 ਇਸ ਕਾਰਨ ਕਿਸੇ ਸਿਰਜਨਾ ਵਿਚਲੇ ਸਿਧਾਂਤ ਤੇ ਉਸ ਦੇ ਰਚਨਾ-ਵਸਤੂ ਦੇ ਰਚਨਾਤਮਿਕ-ਵਿਵੇਕ ਵਿਚ ਪਰਿਵਰਤਤ ਹੋਣ ਦੀ ਪ੍ਰਕਿਆ ਨੂੰ ਉਸ ਰਚਨਾਕਾਰ ਦੀ ਰਚਨਾ-ਦ੍ਰਿਸ਼ਟੀ ਤੇ ਰਚਨਾ ਦੀ ਰਚਨਾ-ਵਿਧੀ ਦੇ ਅਧਿਐਨ ਵਿਚੋਂ ਹੀ ਪਹਿਚਾਣਿਆ ਜਾ ਸਕਦਾ ਹੈ।
ਇਸ ਪ੍ਰਸੰਗ ਵਿਚ ਕੇਵਲ ਕਲੋਟੀ ਦਾ ਨਾਵਲ 'ਹੋਣੀ ਮਨੁੱਖੀ ਸਭਿਅਤਾ ਦੀ' ਇਕਮਾਤਰ ਮਾਨਵੀ-ਸਭਿਅਤਾ ਦੀ ਇਤਿਹਾਸਕ ਯਾਤਰਾ ਅਤੇ ਇਸ ਦੀ ਸਤਹੀ ਚੇਤਨਾ ਦਾ ਹੀ ਰੂਪਾਂਤ੍ਰਣ ਨਹੀਂ ਕਰਦਾ, ਸਗੋਂ ਇਸ ਚੇਤਨਾ ਦੇ ਚਿੰਤਨੀ-ਰੂਪ ਨੂੰ ਗਲਪੀ-ਬਿੰਬ ਵਿਚ ਰੂਪਾਂਤ੍ਰਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਮਨੁੱਖੀ-ਵਿਕਾਸ ਤੇ ਮਨੁੱਖੀ-ਸਮਾਜ ਦੇ ਸਿਸਟਮ ਤੇ ਸੰਰਚਨਾ ਦੀਆਂ ਵਿਗਿਆਨਿਕ ਤੇ ਤਰਕਸੰਗਤ ਪਰਤਾਂ ਤੇ ਪਸਾਰਾਂ ਨੂੰ ਵੀ ਗਲਪੀ-ਪ੍ਰਰੂਪ ਰਾਹੀਂ ਦ੍ਰਿਸ਼ਟੀਗੋਚਰ ਕਰਨ ਦਾ ਯਤਨ ਕਰਦਾ ਹੈ। ਇਸ ਯਤਨ ਅਧੀਨ ਰਚਨਾਕਾਰ ਮਨੁੱਖੀ ਸਭਿਅਤਾ ਤੇ ਸਾਂਸਕ੍ਰਿਤੀ ਦੇ ਇਤਿਹਾਸਕ ਸਫ਼ਰ ਅਤੇ ਇਸ ਦੀ ਸੱਤਾ-ਸ਼ਕਤੀ ਦੇ ਪ੍ਰਤੱਖ/ਪ੍ਰੋਖ ਸਾਧਨਾਂ ਦੀ ਸਮਰੱਥਾ ਅਤੇ ਇਨ੍ਹਾਂ ਦੀ ਕਾਰਜ-ਭੂਮੀ ਨੂੰ ਵਾਸਤਵਿਕ ਭੂਮਿਕਾ ਸਹਿਤ ਇਤਿਹਾਸਕ-ਪਦਾਰਥਵਾਦੀ ਸਿਧਾਂਤਕ ਦ੍ਰਿਸ਼ਟੀ ਦੀ ਰੌਸ਼ਨੀ ਅਧੀਨ ਅਭਿਵਿਅਕਤ ਕਰਦਾ ਹੈ। ਭਾਵੇਂ ਨਾਵਲੀ-ਪਾਠ ਦੀ ਪੜ੍ਹਤ ਤੋਂ ਰਚਨਾਕਾਰ ਦੀ ਰਚਨਾ-ਦ੍ਰਿਸ਼ਟੀ ਪਰਾ-ਮਨੋਵਿਗਿਆਨਿਕ ਆਧਾਰ ਤੋਂ ਹੋਂਦ ਗ੍ਰਹਿਣ ਕਰਦੀ ਪ੍ਰਤੀਤ ਹੁੰਦੀ ਹੈ, ਪ੍ਰੰਤੂ ਇਸ ਪ੍ਰਸੰਗ ਵਿਚ ਧਿਆਨਯੋਗ ਨੁਕਤਾ ਇਹ ਹੈ ਕਿ ਪਰਾ-ਮਨੋਵਿਗਿਆਨ ਰਚਨਾਕਾਰ ਦੀ ਦ੍ਰਿਸ਼ਟੀ ਦਾ ਆਧਾਰ ਨਹੀਂ, ਸਗੋਂ ਉਸ ਦੀ ਇਕ ਵਿਧੀ ਹੈ, ਜਿਸ ਦੀ ਸਹਾਇਤਾ ਨਾਲ ਰਚਨਾਕਾਰ ਸ਼੍ਰੇਣੀ-ਸੰਘਰਸ਼ ਉੱਤੇ ਅਧਾਰਿਤ ਮਨੁੱਖੀ-ਸਭਿਅਤਾ ਦੇ ਉੱਚੇ ਤੋਂ ਉੱਚੇ (ਉੱਤਮ ਨਹੀਂ) ਵਿਕਾਸ ਪੜ੍ਹਾਵਾਂ ਨੂੰ ਕਥਾ ਦੇ ਗਿਆਨਮੂਲਕ ਸੰਗਠਿਨ ਵਿਚ ਰੂਪਾਂਤ੍ਰਣ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਕੋਸ਼ਿਸ਼ ਦੇ ਅੰਤਰਗਤ ਰਚਨਾਕਾਰ ਮਾਰਕਸਵਾਦੀ ਸਿਧਾਂਤ-ਚਿੰਤਨ ਨਾਲ ਪ੍ਰਤੀਬੱਧਤਾ ਰੱਖਦਾ ਹੋਇਆ, ਮਨੁੱਖੀ-ਹੋਂਦ ਦਾ ਇਕਮਾਤਰ ਆਧਾਰ ਉਤਪਾਦਨ ਤੇ ਪੁਨਰ-ਉਤਪਾਦਨ ਦੀ ਪ੍ਰਕਿਰਿਆ ਵਿਚੋਂ ਤਲਾਸ਼ਦਾ ਹੈ (ਜਿਵੇਂ ਦੁਮੇਲ ਤੇ ਕੁਨਬ-ਕਥਾ ਵਾਲੇ ਕਾਂਡ ਵਿਚ), ਜਿਹੜਾ ਮਨੁੱਖ ਨੂੰ ਪ੍ਰਕਿਰਤੀ ਵਸਤੂ ਤੇ ਵਰਤਾਰਿਆਂ ਨਾਲ ਨਾਲ ਸੰਦਾਂ (tools) ਤੇ ਕਿਰਤ (labour) ਦੇ ਸੁਮੇਲ ਦੁਆਰਾ (ਉਤਪਾਦਨ ਸ਼ਕਤੀਆਂ) ਉਤਪਾਦਨ ਪ੍ਰਕਿਰਿਆ ਵਿਚ ਕਾਰਜਸ਼ੀਲ ਹੋਣ ਲਈ ਮਜ਼ਬੂਰ ਵੀ ਕਰਦਾ ਹੈ। ਇਸ ਸੰਦਰਭ ਵਿਚ ਮਨੁੱਖ ਪ੍ਰਕਿਰਤੀ ਦੇ ਮੁਕਾਬਲਨ ਆਪਣੀ ਵਿਅਕਤੀਗਤ ਸ਼ਕਤੀ ਦੀਆਂ ਸੀਮਾਵਾਂ ਨੂੰ ਸੰਭਾਵਨਾਵਾਂ ਵਿਚ ਤਬਦੀਲ ਕਰਨ ਲਈ ਬਾਹਰਮੁੱਖੀ ਨਿਯਮਾਂ ਅਧੀਨ ਨਿਸ਼ਚਿਤ ਸਮੂਹਿਕ ਸੰਬੰਧਾਂ ਵਿਚ ਬੱਝਦਾ ਹੈ (ਜਿਵੇਂ ਝੀਲ ਅੰਮਾਂ ਅਤੇ ਉਸ ਦੇ ਵੰਸ਼ਾਂ ਦਾ ਕੁਨਬਾ)। ਇਨ੍ਹਾਂ ਸੰਬੰਧਾਂ ਦੀ ਪ੍ਰਵਿਰਤੀ ਮੂਲ ਰੂਪ ਵਿਚ ਉਤਪਾਦਨ ਦੀਆਂ ਸ਼ੈਆਂ ਤੇ ਸੰਦਾਂ (ਉਤਪਾਦਨ ਦੇ ਸਾਧਨਾਂ) ਦੀ ਮਲਕੀਅਤ 'ਤੇ ਨਿਰਭਰ ਕਰਦੀ ਹੈ ਅਤੇ ਪ੍ਰਚਲਿਤ ਉਤਪਾਦਨ-ਢੰਗਾਂ ਅਧੀਨ ਕਾਰਜਸ਼ੀਲ ਮਨੁੱਖੀ ਗੁੱਟਾਂ ਜਾਂ ਦਾਰਿਆਂ ਦੀ ਭਾਰੂ ਜਾਂ ਪ੍ਰਾਧੀਨ ਸਥਿਤੀ ਨਿਰਧਾਰਿਤ ਕਰਦੀ ਹੈ (ਜਿਵੇਂ ਅੰਨ੍ਹਾ ਖੂਹ/ਹਨੇਰ ਗੁਫਾ ਵਾਲੇ ਕਾਂਡ ਦੇ ਦੂਜੇ ਭਾਗ ਵਿਚ ਨਿੱਜੀ ਜਾਈਦਾਦ ਤੋਂ ਬਾਅਦ ਪੈਂਦਾ ਹੋਈ ਸਥਿਤੀ)। ਇਸ ਅਧੀਨ ਭਾਰੂ ਗੁੱਟ ਜਾਂ ਦਾਇਰੇ (ਬੁਨਿਆਦੀ ਰੂਪ ਵਿਚ ਸ਼ੋਸ਼ਕ-ਸ਼੍ਰੇਣੀਆਂ) ਆਪਣੀ ਹੋਂਦ ਦੇ ਆਰੰਭ ਤੋਂ ਸਮਕਾਲ ਤੱਕ ਕਿਸੇ ਨਾ ਕਿਸੇ ਰੂਪ ਵਿਚ ਉਤਪਾਦਨ ਦੀ ਪ੍ਰਕਿਰਿਆ ਤੋਂ ਬਾਹਰ ਰਹਿਕੇ ਵੀ ਉਪਜ ਦੇ ਵਧੇਰੇ ਹਿੱਸੇ 'ਤੇ ਕਾਬਜ਼ ਹੁੰਦੇ ਆਏ ਹਨ ਅਤੇ ਪ੍ਰਾਧੀਨ ਗੁੱਟਾਂ ਜਾਂ ਦਾਰਿਆਂ (ਬੁਨਿਆਦੀ ਰੂਪ ਵਿਚ ਸ਼ੋਸ਼ਿਤ-ਸ਼੍ਰੇਣੀ) ਦਾ ਸ਼ੋਸ਼ਣ ਕਰਦੇ ਰਹੇ ਹਨ (ਜਿਵੇਂ ਮਹਾਂ ਦੋਸ਼ ਵਾਲੇ ਕਾਂਡ ਵਿਚ ਆਰੀਆਂ ਤੇ ਬ੍ਰਾਮਣ ਜਾਤੀ ਦਾ ਦਾਵਿੜ ਜਾਤੀ ਦਾ ਸ਼ੋਸ਼ਣ)। ਇਸ ਸ਼ੋਸ਼ਣ ਦਾ ਅੰਤ ਸਦਾ ਸੰਬੰਧਿਤ ਸਮਾਜ ਦੀਆਂ ਸ਼ੋਸ਼ਿਤ-ਸ਼੍ਰੇਣੀਆਂ ਦੀ ਸ਼ੋਸ਼ਕ-ਸ਼ੇਣੀਆਂ ਵਿਰੁੱਧ ਵਿਕਸਤ ਹੋਈ ਚੇਤਨਾ ਤੇ ਯਤਨਾਂ ਦੁਆਰਾ ਵਿਕਾਸਮੁੱਖੀ-ਪਰਿਵਰਤਨ ਨੂੰ ਵਿਹਾਰਿਕ ਰੂਪ ਦੇਕੇ ਕੀਤਾ ਗਿਆ ਹੈ (ਜਿਵੇਂ ਮਹਾਂ ਦੋਸ਼ ਵਾਲੇ ਕਾਂਡ ਵਿਚ ਮੋਹਨੀ ਵੱਲੋਂ ਦਾਵਿੜ ਜਾਤ ਨੂੰ ਜਾਗ੍ਰਿਤ ਕਰਨਾ)। ਇਸ ਆਧਾਰ 'ਤੇ ਹੁਣ ਤੱਕ ਦੇ ਮਨੁੱਖੀ-ਸਮਾਜ ਦੇ ਇਤਿਹਾਸ ਵਿਚ, ਮੁੱਢਲੀ ਸ਼੍ਰੇਣੀ-ਰਹਿਤ ਵਿਵਸਥਾ (ਦੁਮੇਲ, ਕੁਨਬ ਕਥਾ, ਆਮਲਾ ਅਤੇ ਤੁਲਸੀ ਵਾਲੇ ਕਾਂਡ), ਗੁਲਾਮਦਾਰੀ (ਮਹਾਂ ਦੋਸ਼, ...ਇਹ ਭਲੇ...ਇਹ ਮੰਦੇ... ਵਾਲੇ ਕਾਂਡ), ਸਾਮੰਤਵਾਦੀ (ਮਹਾਂ ਦੋਸ਼ ਵਾਲਾ ਕਾਂਡ), ਪੂੰਜੀਵਾਦੀ (ਅੰਨ੍ਹਾ ਖੂਹ/ਹਨੇਰ ਗੁਫਾ ਦਾ ਪਹਿਲਾ ਕਾਂਡ) ਤੇ ਕਮਿਉਨਿਜ਼ਮ (ਮਾਰਕਸ ਦੀ ਭਵਿੱਖਬਾਣੀ ਅਨੁਸਾਰ ਸ਼੍ਰੇਣੀ ਰਹਿਤ ਵਿਵਸਥਾ ਜਿਸ ਦੀ ਉੱਤਮਤਾ ਦੀਆਂ ਕਨਸੋਈਆਂ ਨਾਵਲੀ-ਸਿਰਜਨਾ ਵਿਚੋਂ ਸੁਣਾਈ ਦਿੰਦੀਆਂ ਹਨ) ਵਰਗੀਆਂ ਸਮਾਜਿਕ-ਆਰਥਿਕ ਵਿਵਸਥਾਵਾਂ ਵਿਕਸਤ ਹੋਈਆਂ ਹਨ। ਇਸ ਕਾਰਨ ਹੁਣ ਤੱਕ ਦਾ ਵਿਦਮਾਨ ਸਮੁੱਚੇ ਮਨੁੱਖੀ-ਸਮਾਜ ਦਾ ਇਤਿਹਾਸ ਇਨ੍ਹਾਂ ਵਿਰੋਧੀ ਸ਼੍ਰੇਣੀਆਂ ਵਿਚਲੇ ਸੰਘਰਸ਼ ਦੇ ਸਿੱਟੇ ਵਜੋਂ ਹੀ ਹੋਂਦ ਗ੍ਰਹਿਣ ਕਰਦਾ ਆਇਆ, ਜਿਸ ਦੀ ਪੇਸ਼ਕਾਰੀ ਹੱਥਲੀ ਨਾਵਲੀ-ਸਿਰਜਨਾ ਅਧੀਨ ਸਹਿਜੇ ਹੀ ਨਜ਼ਰੀ ਪੈਂਦੀ ਹੈ। ਪ੍ਰੰਤੂ ਇਸ ਨਾਵਲੀ-ਸਿਰਜਨਾ ਦੀ ਰਚਨਾ-ਵਸਤੂ ਦੇ ਸੰਦਰਭ ਵਿਚ ਵਿਚਾਰਨਯੋਗ ਨੁਕਤਾ ਇਹ ਹੈ ਕਿ ਇਸ ਅਧੀਨ ਮਾਨਵੀ ਸਭਿਅਤਾ ਤੇ ਸਾਂਸਕ੍ਰਿਤੀ ਦੇ ਇਤਿਹਾਸ ਤੇ ਪਰਾ-ਇਤਿਹਾਸ ਦੀ ਸੰਭਾਵੀ ਚਰਿੱਤਰ ਦੀ ਮਕਾਨਕੀ ਤੇ ਲਕੀਰੀ ਪੇਸ਼ਕਾਰੀ ਦੀ ਬਜਾਇ ਮਾਨਵੀ ਸਭਿਅਤਾ ਤੇ ਸਾਂਸਕ੍ਰਿਤੀ ਦੇ ਦਵੰਦਾਤਮਿਕ ਸੰਬੰਧਾਂ ਦੀਆਂ ਕਨਸੋਈਆਂ ਵੀ ਸੁਣਾਈ ਦਿੰਦੀਆਂ ਹਨ। ਇਸ ਕਾਰਨ ਨਾਵਲੀ-ਸਿਰਜਨਾ ਦੇ ਅੰਤਰਗਤ ਤਤਕਾਲੀਨ ਸੰਭਾਵੀ ਸਮਾਜਿਕ ਢਾਂਚੇ ਦਾ ਸਮੁੱਚਾ ਤੇ ਸੰਗਠਿਤ ਚਿੱਤਰ ਤੇ ਚਰਿੱਤਰ ਪ੍ਰਤੱਖ ਤੇ ਪ੍ਰੋਖ ਰੂਪ ਵਿਚ ਉਜਾਗਰ ਹੁੰਦਾ ਹੈ। ਇਸ ਚਿੱਤਰ ਤੇ ਚਰਿੱਤਰ ਦਾ ਉਭਰਨਾ ਰਚਨਾਕਾਰ ਦੇ ਵਿਸ਼ਾਲ ਅਧਿਐਨ ਤੇ ਗਹਿਨ ਵਿਸ਼ਲੇਸ਼ਣੀ ਦ੍ਰਿਸ਼ਟੀ ਦਾ ਹੀ ਪ੍ਰਮਾਣ ਹੈ। ਇਸ ਦੇ ਫਲਸਰੂਪ ਵਿਸ਼ਾਲ ਕੈਨਵਸ ਅਤੇ ਚੇਤਨਾ ਤੇ ਚਿੰਤਨ ਦੇ ਸਮਾਵੇਸ਼ ਵਾਲੀ ਬੌਧਿਕ ਸਿਰਜਨਾ ਦਾ ਅਸਤਿਤਵ ਸੰਭਵ ਹੋ ਸਕਿਆ ਹੈ। ਜਿਹੜੀ ਆਪਣੀ ਵਸਤੂ ਦੇ ਅੰਤਰਗਤ ਜਿਥੇ ਮਾਨਵੀ ਇਤਿਹਾਸ ਦੇ ਭਾਰਤੀ ਪ੍ਰਸੰਗ ਨੂੰ ਉਭਾਰਦੀ ਹੈ, ਉਥੇ ਵਿਸ਼ਵ ਰਾਜ ਸੱਤਾ ਤੇ ਸ਼ਕਤੀ ਦੀਆਂ ਲੁਪਤ ਨੀਤੀਆਂ ਤੇ ਨੀਤ ਦੇ ਯਥਾਰਥ ਨੂੰ ਵੀ ਉਜਾਗਰ ਕਰਦੀ ਹੈ (ਜਿਵੇਂ ਅੰਨ੍ਹਾਂ ਖੂਹ/ਹਨੇਰ ਗੁਫਾ ਵਾਲੇ ਕਾਂਡ ਵਿਚ Supreme Chamber of Commerce and Industry ਦੇ ਯਥਾਰਥ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਡੇਵਿਡ ਤੇ ਅਮਰੀਕ ਦੀਆਂ ਪਰਾ-ਮਨੋਵਿਗਿਆਨਿਕ ਉਡਾਣਾਂ)। ਇਸ ਯਥਾਰਥ ਅਧੀਨ ਰਚਨਾਕਾਰ ਆਲੋਚਨਾਤਮਿਕ ਪ੍ਰਵਿਰਤੀ ਅਖ਼ਤਿਆਰ ਕਰਦਾ ਹੋਇਆ ਸਮਕਾਲੀ ਅਸੰਤੁਲਿਤ ਵਿਵਸਥਾ ਦੇ 'ਦਮਨਕਾਰੀ ਉਪਕਰਣਾਂ' (repressive state apparatuses) ਤੇ 'ਵਿਚਾਰਧਾਰਕ ਉਪਕਰਣਾਂ' (ideological state apparatuses)3 ਦੇ ਪ੍ਰਯੋਗ ਦੁਆਰਾ ਮਨੁੱਖੀ ਸੋਚ ਤੇ ਸਰੀਰ ਨੂੰ ਵਿਦਮਾਨ ਰਾਜ ਸੱਤਾ ਤੇ ਸ਼ਕਤੀ ਦੇ ਅਨੁਕੂਲ ਕਰਨ ਦੇ ਸਾਧਨਾਂ ਅਤੇ ਸਥਾਪਿਤ ਸ਼੍ਰੇਣੀਆਂ ਵੱਲੋਂ ਸਵੈ-ਹਿੱਤ ਦੇ ਸੁਆਰਥ ਅਧੀਨ ਜੰਗਾਂ, ਬੀਮਾਰੀਆਂ, ਵਿਸ਼ਵੀਕਰਨ, ਹਥਿਆਰਾਂ, ਖਾਣੇ ਤੇ ਟੈਕਨਾਲੋਜੀ ਵਰਗੇ ਵਸਤੂਆਂ ਤੇ ਵਰਤਾਰਿਆਂ ਦੇ ਮਨੁੱਖ-ਦਵੈਸ਼ੀ ਪ੍ਰਤੱਖ ਤੇ ਪ੍ਰੋਖ ਪ੍ਰਯੋਗ ਨੂੰ ਵੀ ਆਪਣੇ ਚਿੰਤਨ ਦਾ ਵਿਸ਼ਾ ਬਣਾਉਂਦਾ ਹੈ। ਇਸ ਨਾਵਲੀ-ਸਿਰਜਨਾ ਦੀ ਵੱਡੀ ਪ੍ਰਾਪਤੀ ਹੀ ਇਸ ਚੇਤਨਾ ਅਤੇ ਚਿੰਤਨ ਦੀਆਂ ਭਵਿੱਖਮੂਖੀ ਸੰਭਾਵਨਾਵਾਂ ਨੂੰ ਗਿਆਨਮੂਲਕ ਰੂਪ ਵਿਚ ਪੇਸ਼ ਕਰਨ ਵਿਚ ਲੁਪਤ ਹੈ, ਜਿਹੜਾ ਨਾ ਕੇਵਲ ਵਿਦਮਾਨ ਵਾਸਤਵਿਕਤਾ ਦਾ ਹੀ ਤੱਤ-ਸਾਰ ਪੇਸ਼ ਨਹੀਂ ਕਰਦਾ ਹੈ ਸਗੋਂ ਇਸ ਵਾਸਤਕਿਤਾ ਦੇ ਲੁਪਤ ਯਥਾਰਥ ਨੂੰ ਵੀ ਦ੍ਰਿਸ਼ਟੀਗੋਚਰ ਕਰਦਾ ਹੈ।
ਇਸ ਤਰ੍ਹਾਂ ਰਚਨਾਕਾਰ ਸੁਚੇਤ ਤੇ ਸੁਨਿਸ਼ਚਿਤ ਰੂਪ ਵਿਚ ਮਨੁੱਖ-ਹਿਤੈਸ਼ੀ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਰੱਖਦਾ ਹੋਇਆ ਗਤੀਸ਼ੀਲ ਮਾਰਕਸਵਾਦੀ-ਸਿਧਾਂਤ ਚੌਖਟ ਨੂੰ 'ਹੋਣੀ ਮਨੁੱਖੀ ਸਭਿਅਤਾ ਦੀ' ਨਾਵਲ ਦੇ ਸਿਰਜਨਾਤਮਿਕ ਵਿਧਾਨ ਵਿਚ ਗਿਆਨਮੂਲਕ ਰੂਪ ਵਿਚ ਰੂਪਾਂਤ੍ਰਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਗਿਆਨਮੂਲਕ ਸੰਗਠਿਨ ਦੇ ਅੰਤਰਗਤ ਰਚਨਾਕਾਰ ਨਾਵਲੀ-ਸਿਰਜਨਾ ਅਧੀਨ ਸਿਧਾਂਤ-ਚਿੰਤਨ ਨੂੰ ਅਗਰਭੂਮੀ ਵਿਚ ਕਾਰਜਸ਼ੀਲ ਕਰਨ ਦੇ ਵਿਪਰੀਤ ਪਿਠਭੂਮੀ ਵਿਚ ਗਤੀਸ਼ੀਲਤਾ ਪ੍ਰਦਾਨ ਕਰਨ ਦਾ ਭਰਪੂਰ ਯਤਨ ਕਰਦਾ ਪ੍ਰਤੀਤ ਹੁੰਦਾ ਹੈ। ਇਸ ਯਤਨ ਕਾਰਨ ਹੀ ਸਮੁੱਚੇ ਨਾਵਲੀ-ਸਿਰਜਨਾ ਦੀ ਬਿਰਤਾਂਤਕਾਰੀ ਸਰਲ ਜਾਂ ਲਕੀਰੀ ਸੰਗਠਿਨ ਦਾ ਅਨੁਸ਼ਰਨ ਕਰਨ ਦੀ ਬਜਾਇ ਖੰਡਨੀ ਸਰੂਪ ਤੇ ਸੁਭਾਅ ਵਾਲੀਆਂ ਜਟਿਲ ਬਿਰਤਾਂਤਕ-ਜੁਗਤਾਂ ਦਾ ਸਹਾਰਾ ਲੈਦੀ ਹੈ, ਜਿਸ ਅਧੀਨ ਨਾਵਲੀ-ਸੰਗਠਿਨ ਅਮਰੀਕ ਦੇ ਜੀਵਨ-ਅਨੁਭਵ, ਜੈਨੀ ਦੀ ਸਿਰਜਨਾਤਮਿਕ ਸ਼ਬਦ-ਸ਼ਕਤੀ ਅਤੇ ਮਾਨਵੀ-ਇਤਿਹਾਸ ਦੇ ਦ੍ਰਿਸ਼ ਆਦਿ ਦੇ ਰੂਪ ਵਿਚ ਸਕਾਰ ਹੁੰਦਾ ਹੈ। ਇਹ ਸਕਾਰ ਰੂਪ ਹੱਥਲੀ ਨਾਵਲੀ-ਸਿਰਜਨਾ ਦੇ ਅੰਤਰਗਤ ਦੱਸਣ ਦੀ ਬਜਾਇ ਦਿਖਾਉਣ ਦੀ ਰਚਨਾਤਮਿਕ-ਜੁਗਤ ਦੁਆਰਾ ਪੇਸ਼ ਹੁੰਦਾ ਹੈ ਜਿਸ ਦੇ ਅੰਤਰਗਤ ਰਚਨਾਕਾਰ ਨਾਵਲੀ-ਸਿਰਜਨਾ ਅਧੀਨ (ਵਧੇਰੇ ਪੱਧਰਾਂ 'ਤੇ) ਲੁਪਤ ਤਰੀਕੇ ਨਾਲ ਵਿਦਮਾਨ ਹੁੰਦਾ ਹੋਇਆ ਨਾਵਲੀ-ਬਿੰਬ ਤੇ ਪਾਤਰਾਂ ਦੇ ਅਸਤਿਤਵ ਨੂੰ ਸੁਰੱਖਿਅਤ ਰੱਖਕੇ ਆਪਣੇ ਜੀਵਨ-ਫ਼ਲਸਫ਼ੇ ਨੂੰ ਪੇਸ਼ ਕਰਦਾ ਹੈ। ਪਰ ਧਿਆਨਦੇਣ-ਯੋਗ ਨੁਕਤਾ ਇਹ ਹੈ ਕਿ ਹੱਥਲੀ ਸਮੁੱਚੀ ਨਾਵਲੀ-ਸਿਰਜਨਾ ਇਸ ਤਾਰਕਿਕ ਵਿਧੀ ਦਾ ਪ੍ਰਯੋਗ ਵਿਆਪਕ ਰੂਪ ਵਿਚ ਨਹੀਂ ਹੋਇਆ ਮਿਲਦਾ, ਸਗੋਂ ਇਸ ਵਿਧੀ ਨੂੰ ਰਚਨਾਕਾਰ ਕਈ ਵਾਰ ਦਰਕਿਨਾਰ ਕਰਦਾ ਹੋਇਆ ਪਾਤਰਾਂ ਦੇ ਅਸਤਿਤਵ ਅਤੇ ਗਲਪੀ-ਬਿੰਬ ਦੀ ਤਾਰਕਿਕਤਾਂ ਨੂੰ ਖੰਡਿਤ ਕਰਦਾ ਸਵੈ-ਪ੍ਰਚਾਰ ਕਰਤਾ ਦੇ ਰੂਪ ਵਿਚ ਸਕਾਰ ਹੁੰਦਾ ਵੀ ਪ੍ਰਤੀਤ ਹੁੰਦਾ ਹੈ। ਭਾਵੇਂ ਰਚਨਾਕਾਰ ਦਾ ਇਹ ਚਿੰਤਨ ਨਿਰਸੰਦੇਹ ਮਨੁੱਖ-ਹਿਤੈਸ਼ੀ ਦ੍ਰਿਸ਼ਟੀ ਤੇ ਅਗਰਗਾਮੀ ਚੇਤਨਾ ਦਾ ਧਾਰਨੀ ਹੈ ਪ੍ਰੰਤੂ ਕਈ ਪੱਧਰ 'ਤੇ ਨਾਵਲੀ-ਵਿਧਾਨ ਦੀ ਸਮੱਸਿਆ ਇਸ ਮਨੁੱਖ-ਹਿਤੈਸ਼ੀ ਚਿੰਤਨ ਵਿਚ ਹੀ ਲੁਪਤ ਹੈ, ਜਿਸ ਅਧੀਨ ਰਚਨਾਕਾਰ ਮਨੁੱਖ ਦੇ ਸਮਾਜਿਕ ਇਤਿਹਾਸ ਦੇ ਤੱਥਾਂ ਨੂੰ ਇਕਮਾਤਰ 'ਜਾਣਕਾਰੀ' ਦੇ ਧਰਾਤਲ ਉੱਤੇ ਪੇਸ਼ ਕਰਦਾ ਹੋਇਆ ਇਨ੍ਹਾਂ ਤੱਥਾਂ ਨੂੰ ਗਲਪੀ-ਸੱਚ ਵਿਚ ਰੂਪਾਂਤ੍ਰਤ ਕਰਕੇ 'ਗਿਆਨਮੂਲਕ-ਰੂਪ' ਵਿਚ ਨਹੀਂ ਢਾਲ ਸਕਿਆ। ਇਸ ਕਾਰਨ ਨਾਵਲ ਵਿਚੋਂ ਰਚਨਾਤਮਿਕ-ਵਿਵੇਕ ਦੀ ਬਜਾਇ ਰਚਨਾਕਾਰ ਦਾ ਵਿਵੇਕ ਹੀ ਜਾਣਕਾਰੀ ਤੇ ਵਰਨਣ ਦੇ ਰੂਪ ਵਿਚ ਹੀ (ਗਿਆਨ ਰੂਪ ਵਿਚ ਨਹੀਂ) ਸਾਹਮਣੇ ਆਉਂਦਾ ਹੈ। ਇਸ ਨਾਲ ਜਿਥੇ ਨਾਵਲੀ-ਸਿਰਜਨਾ ਦਾ ਰਚਨਾਤਮਿਕ-ਵਿਵੇਕ ਵਿਖੰਡਤ ਹੁੰਦਾ ਹੈ ਉਥੇ ਗਲਪ ਦੀ ਮੰਨਣਯੋਗਤਾ ਤੇ ਸਿਰਜਨਾ ਦੀ ਸੁਹਜਾਤਮਿਕ ਸਮਰੱਥਾ ਵੀ ਪ੍ਰੋਖੇ ਹੋ ਜਾਂਦੀ ਹੈ। ਇਸ ਦੇ ਨਾਲ ਹੀ ਰਚਨਾਕਾਰ ਪਾਤਰਾਂ ਦੀ ਵਾਰਤਾਲਾਪ, ਜੋ ਪਾਤਰ ਨੂੰ ਚਰਿੱਤਰ ਤੇ ਕਥਾ ਨੂੰ ਗਤੀ ਪ੍ਰਦਾਨ ਕਰਦੀ ਹੈ, ਦੀ ਸੰਭਾਵਨਾ ਨੂੰ ਪਹਿਚਾਣਨ ਤੋਂ ਸਹਿਜ ਹੀ ਅਵੇਸਲਾ ਰਹਿ ਜਾਂਦਾ ਹੈ। ਜਿਸ ਕਾਰਨ ਹੱਥਲੀ ਨਾਵਲੀ-ਸਿਰਜਨਾ ਵਿਚਲਾ ਬੌਧਿਕਤਾ ਦਾ ਅੰਸ਼ ਕਈ ਪੱਧਰ 'ਤੇ ਇਕਮਾਤਰ ਸਮਝ ਦੇ ਧਰਾਤਲ ਉੱਤੇ ਹੀ ਕਾਰਜਸ਼ੀਲ ਰਹਿੰਦਾ ਹੋਇਆ ਪਾਠਕ ਦੀ ਸੁਹਜਾਤਮਿਕ ਮਨੋ-ਦਸ਼ਾ ਦੇ ਅਨੁਰੂਪ ਨਾ ਹੁੰਦਾ ਹੋਇਆ ਬੋਝਲ ਵੀ ਮਹਿਸੂਸ ਹੁੰਦਾ ਹੈ।
ਇਨ੍ਹਾਂ ਸੰਗਠਨੀ ਵਿਸੰਗਤੀਆਂ ਦੇ ਬਾਵਜੂਦ ਇਸ ਨਾਵਲੀ-ਸਿਰਜਨਾ ਦੀ ਅਹਿਮ ਪ੍ਰਾਪਤੀ ਮਨੁੱਖ-ਹਿਤੈਸ਼ੀ ਵਿਹਾਰਿਕ ਮਾਰਕਸਵਾਦੀ-ਸਿਧਾਂਤਕ ਮਾਡਲ ਨੂੰ ਗਤੀਸ਼ੀਲ ਰੂਪ ਵਿਚ ਵਿਖਾਉਣ ਦੀ ਹੈ, ਜਿਹੜਾ ਸ਼੍ਰੇਣੀਗਤ-ਸਮਾਜ ਦੀਆਂ ਸ਼੍ਰੇਣੀਆਂ ਦੇ ਅੰਤਰ ਤੇ ਅੰਦਰਲੇ ਵਿਰੋਧਾਂ ਨੂੰ ਸਮਾਜਿਕ ਵਿਕਾਸ ਦਾ ਆਧਾਰ ਦਿਖਾਉਂਦਾ ਹੈ ਅਤੇ ਸ਼੍ਰੇਣੀਗਤ-ਸਮਾਜਿਕ ਵਿਵਸਥਾ ਦੀ ਸ਼ੋਸ਼ਣਕਾਰੀ ਤੇ ਮਨੁੱਖ-ਦਵੈਸ਼ੀ ਪ੍ਰਵਿਰਤੀ ਨੂੰ ਉਜਾਗਰ ਕਰਦਾ ਹੋਇਆ ਇਸ ਦੇ ਵਿਕਲਪ ਵਜੋਂ ਸ਼੍ਰੇਣੀ-ਰਹਿਤ ਵਿਵਸਥਾ ਨੂੰ ਸਥਾਪਿਤ ਕਰਨ ਵਾਲੀ ਮਨੁੱਖ-ਹਿਤੈਸ਼ੀ ਚੇਤਨਾ ਦੀ ਧੁਨੀ ਸੰਚਾਲਿਤ ਕਰਦਾ ਹੈ। ਇਸ ਪ੍ਰਸੰਗ ਵਿਚ ਹੱਥਲੀ ਨਾਵਲੀ-ਸਿਰਜਨਾ ਆਰਥਿਕ-ਆਧਾਰ ਤੋਂ ਇਲਾਵਾ ਸੰਸਕ੍ਰਿਤਕ-ਉਸਾਰ ਦੀਆਂ ਵਿਭਿੰਨ ਪਰਤਾਂ ਨੂੰ ਵੀ ਆਪਣੇ ਕਲੇਵਰ ਵਿਚ ਲੈਂਦੀ ਹੋਈ ਸਥਾਪਿਤ-ਵਿਵਸਥਾ ਵਲੋਂ ਸੱਤਾ-ਸਥਾਪਤੀ ਲਈ ਪ੍ਰਯੋਗ ਵਿਚ ਲਿਆਂਦੇ ਸਥੂਲ-ਸੂਖਮ ਉਪਕਰਣਾਂ ਦੀ ਵੀ ਪਹਿਚਾਣ ਕਰਵਾਉਂਦੀ ਹੈ। ਇਸ ਸੰਦਰਭ ਵਿਚ ਮਹੱਤਵਪੂਰਨ ਨੁਕਤਾ ਇਹ ਵੀ ਹੈ ਕਿ ਰਚਨਾਕਾਰ ਦਾ ਦ੍ਰਿਸ਼ਟੀਕੋਣ ਸਮਾਜਵਾਦੀ ਬਲਾਕ ਦੇ ਵਿਗਠਨ ਉਪਰੰਤ ਵੀ ਮਾਰਕਸੀ-ਚਿੰਤਨ ਵਿਚੋਂ ਆਪਣਾ ਆਧਾਰ ਤਲਾਸ਼ਦ ਕਰਦਾ ਹੈ ਅਤੇ ਸਮਕਾਲੀ ਸਥਿਤੀ ਤੋਂ ਹਤਾਸ਼ ਜਾਂ ਨਿਰਾਸ਼ ਹੋਣ ਦੀ ਬਜਾਇ ਵਿਸ਼ਵੀਕਰਨ ਵਰਗੇ ਭ੍ਰਮਕ ਵਰਤਾਰਿਆਂ, ਵਿਚਾਰਾਂ, ਵਸਤੂਆਂ ਆਦਿ ਦੇ ਸਮਵਿੱਥ ਸਮਾਜਵਾਦੀ-ਨਿਜ਼ਾਮ ਦੀ ਪ੍ਰਸੰਗਿਕਤਾ ਅਤੇ ਸਾਰਥਕਤਾ ਨੂੰ ਪ੍ਰੋਖ ਰੂਪ ਵਿਚ ਤਾਰਕਿਕ, ਵਿਗਿਆਨਿਕ ਤੇ ਸੁਹਿਰਦਤਾ ਅਧਾਰਿਤ ਵਿਖਾਉਂਦਾ ਹੈ, ਜੋ ਨਿਰਸੰਦੇਹ ਮਨੁੱਖੀ-ਵਿਕਾਸ ਦੀ ਸੰਭਾਵੀ ਮਨੁੱਖੀ-ਹਿਤੈਸ਼ੀ ਦਿਸ਼ਾ ਹੋ ਸਕਦੀ ਹੈ।
ਹਵਾਲੇ :
1. ਹਰਜੀਤ ਸਿੰਘ, ਮਾਰਕਸਵਾਦੀ ਪੰਜਾਬੀ ਗਲਪ ਆਲੋਚਨਾ-ਦ੍ਰਿਸ਼ਟੀ, ਪੰਨਾ-30
2. ਉਹੀ, ਪੰਨਾ-42
3. ''ਅਲਥੂਸਰ, ਰਾਜ ਸ਼ਕਤੀ ਤੇ ਰਾਜ ਨਿਯੰਤ੍ਰਣ ਵਿਚਕਾਰ ਇਕ ਮਹੱਤਵਪੂਰਨ ਅੰਤਰ ਸਥਾਪਿਤ ਕਰਦਾ ਹੈ। ਰਾਜ ਸ਼ਕਤੀ ਨੂੰ ਬਣਾਈ ਰੱਖਣ ਲਈ ਅਲਥੂਸਰ 'ਦਮਨਕਾਰੀ ਸੰਰਚਨਾ' ਦੇ ਸੰਕੇਤਕ-ਪਦ ਵਰਤੋਂ ਕਰਦਾ ਹੈ ਜਿਸ ਤੋਂ ਉਸ ਦਾ ਭਾਵ ਬਾਹਰੀ ਸ਼ਕਤੀਆਂ (ਜਿਵੇਂ ਅਦਾਲਤਾਂ, ਜੇਲਾਂ, ਪੁਲਿਸ ਤੇ ਫੌਜ ਆਦਿ ਸੰਸਥਾਵਾਂ) ਤੋਂ ਹੈ। ਪਰ ਰਾਜ ਸ਼ਕਤੀ ਨੂੰ ਬਣਾਈ ਰੱਖਣਾ ਵਧੇਰੇ ਸੂਖ਼ਮ (ਮਸਲਾ) ਹੈ ਜੋ ਦਿਖਾਵੇ ਦੀ ਸਰੁੱਖਿਆ ਰਾਹੀਂ ਨਾਗਰਿਕਾ ਦੀ ਅੰਦਰੂਨੀ ਸਹਿਮਤੀ ਪ੍ਰਾਪਤ ਕਰਕੇ ਕੀਤਾ ਜਾਂਦਾ ਹੈ। ਇਸ ਨੂੰ ਅਲਥੂਸਰ 'ਵਿਚਾਰਧਾਰਕ ਸੰਰਚਨਾ' ਜਾਂ 'ਵਿਚਾਰਧਾਰਕ ਉਪਕਰਣ' ਕਹਿੰਦਾ ਹੈ। ਇਥੇ ਰਾਜਨੀਤਿਕ ਪਾਰਟੀਆਂ, ਸਕੂਲ, ਮੀਡੀਆ, ਚਰਚ, ਪਰਿਵਾਰ ਅਤੇ ਕਲਾ (ਸਾਹਿਤ ਸਹਿਤ) ਆਦਿ ਅਜਿਹੇ ਗਰੁੱਪ ਹਨ ਜਿਹੜੇ ਵਿਚਾਰਧਾਰਾ (ਵਿਚਾਰਾਂ ਤੇ ਵਿਹਾਰਾਂ ਦਾ ਸਮੂਹ) ਨੂੰ ਸੰਜੋ ਕੇ ਰੱਖਦੇ ਹਨ ਤੇ ਜਿਨ੍ਹਾਂ ਦਾ ਉਦੇਸ਼ ਸਹਾਨਭੂਤੀ ਨਾਲ ਰਾਜ ਤੇ ਰਾਜਨੀਤਿਕ ਪੱਧਰ ਨੂੰ ਬਣਾਈ ਰੱਖਣਾ ਹੁੰਦਾ ਹੈ। ਇਸ ਪ੍ਰਕਾਰ ਅਸੀਂ ਮਹਿਸੂਸ ਤਾਂ ਇਹ ਕਰਦੇ ਹਾਂ ਕਿ ਅਸੀਂ ਸਭ ਕੁਝ ਆਪਣੀ ਮਰਜ਼ੀ ਨਾਲ ਕੀਤਾ ਹੈ ਪਰ ਵਾਸਤਵ ਵਿਚ ਇਹ ਸਾਰਾ ਕੁਝ ਸਾਡੇ 'ਤੇ ਠੋਸਿਆ ਹੁੰਦਾ ਹੈ।'' Peter Barry, Beginning Theory: An Introduction to Literary and Cultural Theory,  p. 164



Friday, 2 December 2016

ਡਾ. ਸੁਰਿੰਦਰ ਕੁਮਾਜ ਦਵੇਸ਼ਵਰ ਦੀ ਆਲੋਚਨਾ ਦਾ ਨਵੀਨ ਪਸਾਰ "ਪੰਜਾਬੀ ਸਾਹਿਤ ਤੇ ਸਾਹਿਤ ਆਲੋਚਨਾ"


ਪੰਜਾਬੀ ਸਾਹਿਤ-ਆਲੋਚਨਾ ਅੰਤਰ-ਸੰਬਾਦੀ ਪ੍ਰਕਿਰਿਆ ਦੁਆਰਾ ਵਿਕਾਸ ਕਰਦੀ ਰਹੀ ਹੈ। ਇਸ ਸੰਬਾਦ ਦੇ ਅੰਤਰਗਤ ਸਮਕਾਲੀ ਪੰਜਾਬੀ ਸਾਹਿਤ-ਆਲੋਚਨਾ ਮਾਰਕਸਵਾਦੀ ਪੰਜਾਬੀ ਆਲੋਚਨਾ ਦੀਆਂ ਵਿਰੋਧਤਾਈਆਂ/ਅਪ੍ਰਾਪਤੀਆਂ ਅਤੇ ਰੂਪਵਾਦੀ-ਸੰਰਚਨਾਵਾਦੀ ਪੰਜਾਬੀ ਆਲੋਚਨਾ ਦੀਆਂ ਸੀਮਾਵਾਂ/ਸੰਭਾਵਨਾਵਾਂ ਤੋਂ ਸੁਚੇਤ ਸਾਹਿਤ-ਪਾਠ ਦੇ ਪ੍ਰਕਾਰਜ ਅਤੇ ਰੂਪ ਦੇ ਸੰਮਿਸ਼ਰਤ ਅਧਿਐਨ ਨੂੰ ਮਹੱਤਤਾ ਦਿੰਦੀ ਹੈ। ਇਸ ਸੰਮਿਸ਼ਰਤ ਸਰੂਪ ਅਧੀਨ ਪੰਜਾਬੀ ਸਾਹਿਤ-ਆਲੋਚਨਾ ਜਿਥੇ ਇਕ ਪਾਸੇ ਪੰਜਾਬੀ ਸਾਹਿਤ ਦੀ ਮੌਲਿਕਤਾ ਤੇ ਮਹੱਤਤਾ ਨੂੰ ਅੰਤਰ-ਅਨੁਸ਼ਾਸਨੀ ਪਹੁੰਚ ਵਿਧੀਆਂ ਦੁਆਰਾ ਸਮਝਣ-ਸਮਝਾਉਣ ਦਾ ਯਤਨ ਕਰਦੀ ਹੈ, ਉਥੇ ਦੁਜੈ ਪਾਸੇ ਸਮਾਜ-ਸ਼ਾਸਤਰੀ, ਵਿਧਾ-ਸ਼ਾਸਤਰੀ, ਮਾਨਵ-ਸ਼ਾਸਤਰੀ ਤੇ ਵਿਚਾਰਧਾਰਕ ਆਦਿ ਮਾਡਲਾਂ ਨੂੰ ਆਤਮ-ਸਾਤ ਕਰਕੇ ਗਿਆਨ-ਸ਼ਾਸਤਰੀ ਰੂਪ ਅਖ਼ਤਿਆਰ ਕਰਦੀ ਹੈ। ਇਸ ਪ੍ਰਕਾਰ ਦੀ ਗਿਆਨ-ਸ਼ਾਸਤਰੀ ਪਹੁੰਚ-ਵਿਧੀ ਨੂੰ ਅਪਣਾਉਣ ਵਾਲੇ ਪੰਜਾਬੀ ਚਿੰਤਕਾਂ ਵਿਚ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਦਾ ਨਾਂ ਵਿਸ਼ੇਸ਼ ਅਰਥਾਂ ਦਾ ਧਾਰਨੀ ਹੈ। ਉਸ ਦੀ ਆਲੋਚਨਾਤਮਿਕ ਪਹੁੰਚ-ਵਿਧੀ ਦੀ ਖ਼ੂਬਸੂਰਤੀ ਵਿਸ਼ਵ ਪੱਧਰੀ ਚਿੰਤਨ/ਚਿੰਤਕਾਂ ਦੇ ਵਿਭਿੰਨ ਸੰਕਲਪਾਂ ਤੇ ਵਿਧੀਆਂ ਦੀ ਪ੍ਰੇਰਣਾ ਤੇ ਪ੍ਰਭਾਵਾਂ ਨੂੰ ਪ੍ਰਤੱਖ/ਪ੍ਰੋਖ ਰੂਪ ਵਿਚ ਗ੍ਰਹਿਣ ਕਰਨ ਅਤੇ ਉਨ੍ਹਾਂ ਦੀ ਰੌਸ਼ਨੀ ਵਿਚ ਪੰਜਾਬੀ ਸਮਾਜ, ਸਭਿਆਚਾਰ ਤੇ ਸਾਹਿਤ ਦਾ ਅਧਿਐਨ ਕਰਨ ਵਿਚ ਨਿਹਿਤ ਹੈ। ਪ੍ਰੰਤੂ ਇਥੇ ਵਿਚਾਰਨ-ਯੋਗ ਨੁਕਤਾ ਇਹ ਹੈ ਕਿ ਅਜਿਹਾ ਕਰਦੇ ਸਮੇਂ ਡਾ. ਦਵੇਸ਼ਵਰ ਵਿਸ਼ਵ-ਚਿੰਤਨ ਦੀਆਂ ਧਾਰਨਾਵਾਂ ਨੂੰ ਕਿਸੇ ਫੈਸ਼ਨਪ੍ਰਸਤੀ ਅਧੀਨ ਗ੍ਰਹਿਣ ਕਰਨ ਦੀ ਬਜਾਇ ਵਿਸ਼ਵ-ਚਿੰਤਨ ਦੀਆਂ ਧਾਰਨਾਵਾਂ ਨੂੰ ਆਤਮ-ਸਾਤ ਕਰਦਾ ਹੈ ਅਤੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਦੇ ਸੁਭਾਅ/ਸਰੂਪ ਦੇ ਅਨੁਸਾਰ ਲਾਗੂ ਕਰਦਾ ਵਿਭਿੰਨ ਪਸਾਰ ਗ੍ਰਹਿਣ ਕਰਦਾ ਹੈ। ਡਾ. ਦਵੇਸ਼ਵਰ ਦੀ ਆਲੋਚਨਾ ਦੇ ਇਨ੍ਹਾਂ ਪਸਾਰਾਂ ਨੂੰ ਉਸ ਦੀ ਨਵੀਨ ਪੁਸਤਕ “ਪੰਜਾਬੀ ਸਾਹਿਤ ਤੇ ਸਾਹਿਤ ਆਲੋਚਨਾ” ਵਿਚੋਂ ਵੇਖਿਆ ਜਾ ਸਕਦਾ ਹੈ।
“ਪੰਜਾਬੀ ਸਾਹਿਤ ਤੇ ਸਾਹਿਤ ਆਲੋਚਨਾ” ਪੁਸਤਕ ਡਾ. ਦਵੇਸ਼ਵਰ ਦੀ ਛੇਵੀਂ ਮੌਖਿਕ ਆਲੋਚਨਾਤਮਿਕ ਪੁਸਤਕ ਹੈ, ਜਿਸ ਰਾਹੀਂ ਡਾ. ਦਵੇਸ਼ਵਰ ਸਾਹਿਤ ਅਤੇ ਸਮਾਜ ਦੇ ਅੰਤਰ-ਸੰਬੰਧਾਂ ਤੇ ਅੰਤਰ-ਸੰਵਾਦ ਨੂੰ ਪਹਿਚਾਣਦਾ ਹੈ। ਇਸ ਪਹਿਚਾਣ ਅਧੀਨ ਡਾ. ਦਵੇਸ਼ਵਰ 'ਸਾਹਿਤ' ਨੂੰ ਮਨੁੱਖੀ-ਚੇਤਨਾ ਦਾ ਇਕ ਅੰਗ ਕਿਆਸ ਕਰਦਾ ਹੈ, ਜਿਹੜਾ ਵਸਤੂਗਤ-ਜਗਤ ਤੋਂ ਪ੍ਰੇਰਿਤ ਤੇ ਪ੍ਰਭਾਵਿਤ ਹੁੰਦਾ ਹੋਇਆ ਪਰਤਵੇਂ ਰੂਪ ਵਿਚ ਵਸਤੂ-ਜਗਤ ਨੂੰ ਪ੍ਰਭਾਵਿਤ ਕਰਨ ਦਾ ਯਤਨ ਵੀ ਕਰਦਾ ਹੈ। ਅਜਿਹਾ ਯਤਨ ਨੂੰ ਵਿਹਾਰਿਕ ਅਧਿਐਨ ਵਿਚ ਲਾਗੂ ਕਰਨ ਸਮੇਂ ਡਾ. ਦਵੇਸ਼ਵਰ ਪੰਜਾਬੀ ਸਾਹਿਤ ਦੀ ਮੌਲਿਕ ਸਾਹਿਤਕ ਪਰੰਪਰਾ ਨੂੰ ਆਪਣੇ ਅਧਿਐਨ ਦੀ ਵਸਤੂ ਬਣਾਉਂਦਾ, ਪੰਜਾਬੀ ਸਮਾਜ ਦੀ ਸੰਵੇਦਨਾ ਦੀ ਇਤਿਹਾਸਿਕ ਪ੍ਰਕ੍ਰਿਆ ਦਾ ਵਿਸ਼ਲੇਸ਼ਣ ਕਰਦਾ ਪੰਜਾਬੀ ਸਾਹਿਤ ਦੀ ਪ੍ਰਤੀਰੋਧੀ/ਵਿਰੋਧੀ ਸ਼ਕਤੀ ਨੂੰ ਮੁੱਲਾਂਕਣ ਕਰਦਾ ਹੈ। ਇਸ ਦੇ ਨਾਲ ਹੀ ਡਾ. ਦਵੇਸ਼ਵਰ ਦੀ ਪਹੁੰਚ-ਵਿਧੀ ਪੱਛਮੀ ਚਿੰਤਨ ਦਾ ਸਹਾਰਾ ਲੈਂਦੀ ਵੀ ਨਜ਼ਰੀ ਪੈਂਦੀ ਹੈ। ਜਿਸ ਅਧੀਨ ਡਾ. ਦਵੇਸ਼ਵਰ ਪੱਛਮੀ ਸਾਹਿਤ-ਚਿੰਤਕਾਂ ਜਿਵੇਂ ਨਾਰਥ੍ਰਪ ਫਰਾਈ, ਮਿਸ਼ੈਲ ਜ਼ਿਰਾਫ਼ਾ, ਲੂਈਸ ਗੋਲਡਮਾਨ, ਟੈਰੀ ਇਗਲਟਨ, ਫ਼ਰੈਡ੍ਰਿਕ ਜੇਮਸਨ ਆਦਿ ਦੇ ਚਿੰਤਨ ਦੀਆਂ ਅੰਤਰ-ਦ੍ਰਿਸ਼ਟੀਆਂ ਨੂੰ ਗ੍ਰਹਿਣ ਕਰਦਾ ਹੈ। ਇਸ ਸੰਦਰਭ ਵਿਚ ਡਾ. ਦਵੇਸ਼ਵਰ ਦੀ ਪ੍ਰਾਪਤੀ ਇਨ੍ਹਾਂ ਸੰਕਲਪਾਂ ਨੂੰ ਆਪਣੇ ਚਿੰਤਨ-ਮੰਨਨ ਦਾ ਅੰਗ ਬਣਾਕੇ ਪੰਜਾਬੀ ਸਾਹਿਤਕ-ਪਰੰਪਰਾ ਤੇ ਪ੍ਰਵਾਹ ਦੇ ਸਮਾਨਾਂਤਰ ਰੱਖਕੇ ਸਰਲ, ਸਪੱਸ਼ਟ ਤੇ ਮੌਲਿਕ ਰੂਪ ਪ੍ਰਦਾਨ ਕਰਕੇ ਸਮਝਣ-ਸਮਝਾਉਣ ਦੀ ਵਿਆਖਿਆਮਈ-ਸ਼ੈਲੀ ਅਧੀਨ ਨਿਹਿਤ ਹੈ। ਜਿਹੜੀ ਅੱਗੋਂ ਦਵੇਸ਼ਵਰ ਦੀ ਸੰਤੁਲਿਤ ਯਥਾਰਥ-ਬੋਧ ਦੀ ਵਿਗਿਆਨਿਕ ਵਿਧੀ ਨਾਲ ਸੁਮੇਲ ਕਰਦੀ, ਸਾਹਿਤਕ/ਸਮਾਜਿਕ ਪਾਠ ਦੀਆਂ ਵਿਭਿੰਨ ਪਰਤਾਂ, ਪਾਸਾਰਾਂ ਤੇ ਸਿਧਾਂਤਾਂ ਨੂੰ ਵਿਗਿਆਨਿਕ ਤੇ ਵਸਤੂਭਾਵੀ ਢੰਗ ਨਾਲ ਅਗਰਭੂਮਿਤ ਕਰਦੀ ਹੈ। ਜਦੋਂ ਕਿ ਇਸ ਦੇ ਮੁਕਾਬਲੇ ਪੰਜਾਬੀ ਦੀ ਵਧੇਰੇ ਸਾਹਿਤ-ਆਲੋਚਨਾ ਚਿੰਤਨ-ਮੰਨਨ ਤੋਂ ਨਿਰਲੇਪ ਨਿਰੋਲ ਪੱਛਮੀ ਸਿਧਾਂਤਕ-ਪੱਧਤੀਆਂ ਦੇ ਮਕਾਨਕੀ ਰੂਪ ਉੱਤੇ ਨਿਰਭਰ ਕਰਦੀ ਹੋਈ ਜਾਂ ਤਾਂ ਸ਼ੁੱਧ ਰੂਪ-ਕੇਂਦਰਿਤ ਪਹੁੰਚ ਅਪਣਾਉਂਦੀ ਸਾਹਿਤ ਦੇ ਸਮਾਜਿਕ ਤੇ ਇਤਿਹਾਸਕ ਪਰਿਪੇਖ ਤੋਂ ਨਿਰਲੇਪ ਰਹਿੰਦੀ ਹੈ ਜਾਂ ਫਿਰ ਸ਼ੁੱਧ ਸਮਾਜ-ਕੇਂਦਰਿਤ ਵਿਧੀ ਧਾਰਨ ਕਰਦੀ ਹੋਈ ਪ੍ਰਸੰਗ ਨੂੰ ਅਧਿਕ ਮਹੱਤਵ ਦੇ ਕੇ ਸਾਹਿਤਕ-ਪਾਠ ਨੂੰ ਪ੍ਰੋਖੇ ਕਰ ਜਾਂਦੀ ਹੈ। ਪ੍ਰੰਤੂ ਇਸ ਪ੍ਰਸੰਗ ਵਿਚ ਡਾ. ਦਵੇਸ਼ਵਰ ਆਪਣੇ ਸੰਤੁਲਿਤ ਮਾਰਕਸਵਾਦੀ-ਦ੍ਰਿਸ਼ਟੀਕੋਣ ਦੁਆਰਾ ਇਨ੍ਹਾਂ ਵਿਸੰਗਤੀਆਂ ਤੇ ਉਲਾਰਾਂ ਤੋਂ ਰਹਿਤ ਵਧੇਰੇ ਸੰਤੁਲਿਤ ਤੇ ਮੌਲਿਕ ਧਰਾਤਲ 'ਤੇ ਵਿਚਰਦਾ ਹੈ। ਇਹ ਮੌਲਿਕ ਧਰਾਤਲ ‘ਤੇ ਹੀ ਡਾ. ਦਵੇਸ਼ਵਰ ਪੱਛਮੀ-ਚਿੰਤਨ ਦੀ ਰੌਸ਼ਨੀ ਅਧੀਨ ਪੰਜਾਬੀ ਸਮਾਜ/ਸਭਿਆਚਾਰ/ਸਾਹਿਤ ਦੇ ਸੰਬੰਧਾਂ ਨੂੰ ਪਹਿਚਾਣਦਾ ਹੈ।
          ਇਸ ਪੁਸਤਕ ਵਿਚ ਡਾ. ਦਵੇਸ਼ਵਰ ਦਾ ਅਧਿਐਨ ਪੰਜਾਬੀ ਸਮਾਜ/ਸਾਹਿਤ ਦੇ ਵਿਸ਼ਲੇਸ਼ਣ, ਪੱਛਮੀ ਚਿੰਤਨ ਦੀ ਵਿਆਖਿਆ ਅਤੇ ਪ੍ਰਮੁੱਖ ਪੰਜਾਬੀ ਚਿੰਤਕਾਂ ਦੇ ਆਲੋਚਨਾਤਮਿਕ ਕਾਰਜ ਦੇ ਮੁੱਲਾਂਕਣ ਦੀ ਦਿਸ਼ਾ ਵਿਚ ਫੈਲਦਾ ਹੈ। ਪੰਜਾਬੀ ਸਮਾਜ ਤੇ ਸਾਹਿਤ ਨਾਲ ਸੰਬੰਧਿਤ ਮਜ਼ਮੂਨਾਂ ਵਿਚ ਡਾ. ਦਵੇਸ਼ਵਰ ਤੱਥਾਂ ਅਧਾਰਿਤ ਵਿਚਾਰ ਕਰਦਾ ਹੋਇਆ ਪੰਜਾਬੀ ਸਾਹਿਤ/ਸਮਾਜ ਵਿਚ ਪ੍ਰਚਿਲਤ ਹੋਈਆਂ ਵਿਭਿੰਨ ਇਤਿਹਾਸਕ ਲਹਿਰਾਂ ਦੇ ਅਧਾਰ ਤੇ ਪੰਜਾਬੀ ਸੰਵੇਦਨਾ ਨੂੰ ਫੜਦਾ ਹੈ ਅਤੇ ਇਨ੍ਹਾਂ ਲਹਿਰਾਂ ਦੇ ਸਮਾਜਿਕ ਤੇ ਸਾਹਿਤਕ ਅਧਾਰ ਨੂੰ ਫਰੋਲਦਾ ਹੈ। ਡਾ. ਦਵੇਸ਼ਵਰ ਦਾ ਇਤਿਹਾਸ ਦਾ ਵਿਦਿਅਰਾਥੀ ਹੋਣ ਦਾ ਲਾਭ ਉਨ੍ਹਾਂ ਦੇ ਪੰਜਾਬੀ ਸੰਵੇਦਨਾਂ ਦੇ ਪ੍ਰਸੰਗ ਵਿਚ ਕੀਤੇ ਚਿੰਤਨ ਵਿਚ ਦਿਖਾਈ ਦਿੰਦਾ ਹੈ। ਇਨ੍ਹਾਂ ਲਹਿਰਾਂ ਜਾਂ ਚਿੰਤਨ ਪ੍ਰਵਿਰਤੀਆਂ ਦਾ ਮੁਤਾਲਿਆ ਡਾ. ਦਵੇਸ਼ਵਰ ਮਾਰਕਸਵਾਦੀ ਪਹੁੰਚ-ਵਿਧੀ ਦੇ ਅਧਾਰ ਤੇ ਕਰਦਾ ਹੈ, ਇਸ ਸਿਧਾਂਤਕ ਸੁਝ ਤੇ ਅਧਾਰਿਤ ਵਿਸ਼ਲੇਸ਼ਣ ਸਦਕੇ ਹੀ ਡਾ. ਦਵੇਸ਼ਵਰ ਦੁਆਰਾ ਇਕ ਤੋਂ ਵੱਧ ਮਜ਼ਮੂਨਾਂ ਵਿਚ ਇਕੋਂ ਲਹਿਰ/ਚਿੰਤਨ ਪ੍ਰਵਿਰਤੀ ਬਾਰੇ ਕੀਤੇ ਮੁੱਲਾਂਕਣ (ਕੱਢੇ ਸਿੱਟਿਆਂ) ਵਿਚ ਕੋਈ ਅੰਤਰ/ਵਿਰੋਧ ਨਹੀਂ ਆਉਂਦਾ ਹੈ। ਇਸ ਦਾ ਕਾਰਨ ਡਾ. ਦਵੇਸ਼ਵਰ ਦੀ ਮਜਬੂਤ ਸਿੱਧਾਂਤਕ ਪੱਕੜ ਤੇ ਪ੍ਰਤੀਬੱਧਤਾ ਹੈ।
ਪਰ ਇਸ ਦੇ ਨਾਲ ਹੀ ਇਸ ਪ੍ਰਸੰਗ ਵਿਚ ਇਕ ਗੱਲ ਵੇਖਣਯੋਗ ਹੈ ਕਿ ਡਾ. ਦਵੇਸ਼ਵਰ ਸਿਧਾਂਤਕ ਪੱਧਰ ਤੇ ਇਸ ਪੁਸਤਕ ਦੁਆਰਾ ਇਕ ਪੁਲਾਂਘ ਅੱਗੇ ਪੁੱਟਣ ਦਾ ਯਤਨ ਕਰਦਾ ਹੈ। ਇਹ ਯਤਨ ਡਾ. ਦਵੇਸ਼ਵਰ ਦੇ ਸਿਧਾਂਤਕ ਅਧਾਰ ਦੇ ਵਿਕਾਸ ਦਾ ਲਖਾਇਕ ਹੈ, ਜਿਸ ਅਧੀਨ ਡਾ. ਦਵੇਸ਼ਵਰ ਆਪਣੇ ਕਲਾਸੀਕਲ ਮਾਰਕਸਵਾਦੀ ਸਿਧਾਂਤਕ ਅਧਾਰ ਨੂੰ ਨਵ-ਮਾਰਕਸਵਾਦੀ ਸਿਧਾਂਤ ਨਾਲ ਜੋੜਕੇ ਵਿਸਥਾਰਦਾ ਵੀ ਹੈ ਅਤੇ ਨਵੀਉਂਦਾ ਵੀ। ਇਸ ਵਿਕਾਸ ਦਾ ਵੱਡਾ ਉਦਾਹਰਨ ਡਾ. ਦਵੇਸ਼ਵਰ ਦੇ ਮਜ਼ਮੂਨ ‘ਸਮਾਜ ਸ਼ਾਸਤਰ : ਸਿਧਾਂਤਕ ਤੇ ਵਿਹਾਰਕ ਮਸਲੇ’ ਅਤੇ ‘ਸੁਹਰ ਤੇ ਸੁਹਜ ਸ਼ਾਸਤਰ : ਇਤਿਹਾਸਕ ਤੇ ਦਾਰਸ਼ਨਿਕ ਸੰਦਰਭ’ ਵਿਚ ਵੇਖਿਆ ਜਾ ਸਕਦਾ ਹੈ। ਇਨ੍ਹਾਂ ਮਜ਼ਮੂਨਾਂ ਵਿਚ ਡਾ. ਦਵੇਸ਼ਵਰ ਨੇ ਨਵ-ਮਾਰਕਸਵਾਦੀ ਚਿੰਤਕਾਂ ਅਤੇ ਪੱਛਮੀ ਚਿੰਤਨ ਪਰੰਪਰਾਂ ਦਾ ਵਿਸਥਾਰ ਪੂਰਵਕ ਸਿਧਾਂਤਕ ਅਧਾਰ ਸਾਹਮਣੇ ਆਉਂਦਾ ਹੈ। ਪੰਜਾਬੀ ਸਾਹਿਤ-ਚਿੰਤਨ ਵਿਚ ਭਾਵੇਂ ਇਨ੍ਹਾਂ ਸਿਧਾਂਤਾਂ ਦੀ ਸਤੱਹੀ ਜਾਣਕਾਰੀ ਵਿਭਿੰਨ ਆਲੋਚਨਾਤਮਿਕ ਮਜ਼ਮੂਨਾਂ/ਪੁਸਤਕਾਂ ਰਾਹੀਂ ਪਹਿਲਾ ਵੀ ਸਾਹਮਣੇ ਆਈ ਹੈ, ਪ੍ਰੰਤੂ ਡਾ. ਦਵੇਸ਼ਵਰ ਨੇ ਇਨ੍ਹਾਂ ਸਿਧਾਂਤਕਾਂ ਦੇ ਇਤਿਹਾਸਕ ਪਰਿਪੇਖ (ਸੁਹਜ ਸ਼ਾਸਤਰ ਵਾਲੇ ਮਜ਼ਮੂਨ ਵਿਚ) ਨੂੰ ਜਿਸ ਤਰ੍ਹਾਂ ਵਿਧੀਵੱਧ ਤਰੀਕੇ ਨਾਲ ਪ੍ਰਸਤੁਤ ਕੀਤਾ ਹੈ, ਇਹ ਉਸ ਦੀ ਅਹਿਮ ਪ੍ਰਾਪਤੀ ਹੈ। ਜਿਸ ਅਧੀਨ ਡਾ. ਦਵੇਸ਼ਵਰ ਦਾ ਇਹ ਵਿਧੀਬੱਧ ਤੇ ਤਾਰਕਿਕ ਕਾਰਜ ਅਮੂਰਤ/ਕਾਲਪਨਿਕ ਆਧਾਰ ਉੱਤੇ ਆਸ਼ਰਿਤ ਨਹੀਂ ਹੁੰਦਾ, ਸਗੋਂ ਹਵਾਲਿਆਂ ਦੁਆਰਾ ਤੱਥਮੂਲਕਤਾ ਨੂੰ ਆਪਣੀ ਵਿਧੀ ਸਵੀਕਾਰ ਕਰਦਾ ਵਿਗਿਆਨਿਕ ਤੇ ਪ੍ਰਮਾਣਿਕ ਪ੍ਰਤੀਮਾਨ ਸਿਰਜਦਾ ਹੈ। ਇਸ ਨਾਲ ਡਾ. ਦਵੇਸ਼ਵਰ ਆਪਣੇ ਸਿਧਾਂਤ ਨੂੰ ਅੰਤਰ-ਰਾਸ਼ਟਰੀ ਪਰਿਪੇਖ ਨਾਲ ਜੋੜਦਾ ਹੈ ਅਤੇ ਇਸ ਨਾਲ ਭਾਰਤੀ/ਪੰਜਾਬੀ ਸਮਾਜਿਕ-ਆਰਥਿਕ ਵਿਵਸਥਾ ਤੇ ਸਾਹਿਤ ਦਾ ਅਧਿਐਨ ਕਰਦਾ, ਵਿਸ਼ਵ/ਰਾਸ਼ਟਰੀ/ਸਥਾਨਿਕ ਪ੍ਰਸੰਗ ਦੀ ਸੋਝੀ ਦਿੰਦਾ ਹੈ।
          ਡਾ. ਦਵੇਸ਼ਵਰ ਇਸ ਪੁਸਤਕ ਵਿਚ ਪੰਜਾਬੀ ਦੇ ਨਾਮਵਰ ਚਿੰਤਕਾਂ ਦੇ ਆਲੋਚਨਾਤਮਿਕ ਕਾਰਜ ਦਾ ਵੀ ਵਿਸ਼ਲੇਸ਼ਣ-ਮੁੱਲਾਂਕਣ ਪੇਸ਼ ਕਰਦਾ ਹੈ। ਇਸ ਵਿਚ ਡਾ. ਅਤਰ ਸਿੰਘ, ਡਾ. ਕੇਸਰ ਸਿੰਘ ਕੇਸਰ, ਡਾ. ਟੀ. ਆਰ. ਵਿਨੋਦ, ਡਾ. ਰਵਿੰਦਰ ਸਿੰਘ ਰਵੀ ਸੁਰਜੀਤ ਸਿੰਘ ਭੱਟੀ, ਹਰਿਭਜਨ ਸਿੰਘ ਭਾਟੀਆ ਅਤੇ ਡਾ. ਅਮਰਜੀਤ ਸਿੰਘ ਕਾਂਗ ਦੇ ਆਲੋਚਨਾਤਮਿਕ ਕਾਰਜ ਨੂੰ ਆਪਣੀ ਅਧਿਐਨ ਵਸਤੂ ਬਣਾਇਆ ਹੈ। ਇਸ ਪ੍ਰਸੰਗ ਵਿਚ ਡਾ. ਦਵੇਸ਼ਵਰ ਦੀ ਅਧਿਐਨ ਦਾ ਸੰਬੰਧਿਕ ਆਲੋਚਕ ਨਾਲ ਸੰਬੰਧਿਤ ਪ੍ਰਚਿੱਲਤ ਪੂਰਵ ਧਾਰਨਾਵਾਂ ਦੇ ਵਿਸ਼ਲੇਸ਼ਣ ਤੋਂ ਸ਼ੁਰੂ ਹੁੰਦਾ ਹੋਇਆ, ਉਸ ਆਲੋਚਕ ਦੀ ਵਿਚਾਰਧਾਰਾ ਤੇ ਵਿਧੀ ਦੇ ਅਧਿਐਨ ਤੱਕ ਪਸਾਰ ਲੈਂਦਾ ਹੈ। ਇਸ ਅਧਿਐਨ ਦੀ ਖ਼ੂਬਸੂਰਤੀ ਡਾ. ਦਵੇਸ਼ਵਰ ਦੁਆਰਾ ਪੇਸ਼ ਸਿੱਟਿਆਂ ਨੂੰ ਸੂਤ੍ਰਿਕ ਸ਼ੈਲੀ ਵਿਚ ਪੇਸ਼ ਕਰਨ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ, ਜਿਵੇਂ  ਡਾ. ਅਤਰ ਸਿੰਘ ਬਾਰੇ ਡਾ. ਦਵੇਸ਼ਵਰ ਦਾ ਮੱਤ ਹੈ ਕਿ “ਡਾ. ਅਤਰ ਸਿੰਘ ਦੀ ਵਿਧੀ-ਦ੍ਰਿਸ਼ਟੀ ਇਤਿਹਾਸ-ਮੁਖੀ (Historicism) ਤਾਂ ਹੈ, ਪਰੰਤੂ ਇਤਿਹਾਸਕ (Historical) ਨਹੀਂ।” ਡਾ. ਕੇਸਰ ਸਿੰਘ ਕੇਸਰ ਡਾ. ਦਵੇਸ਼ਵਰ ਲਈ “ਮਾਰਕਸਵਾਦੀ ਦਰਸ਼ਨ ਨੂੰ ਕਿਸੇ ਫੈਸ਼ਨ ਜਾਂ ਫ਼ਰਜ਼ੀ ਬੌਧਿਕਤਾ ਦੀ ਇਸ਼ਤਿਹਾਰਬਾਜੀ ਕਰਨ ਹਿੱਤ ਨਹੀਂ ਅਪਣਾਉਂਦਾ ਸਗੋਂ ਉਹ ਇਸ ਨੂੰ ਜੀਵਨ ਜਾਚ ਦੀ ਇਕ ਸਾਰਥਕ ਦ੍ਰਿਸ਼ਟੀ ਅਤੇ ਵਿਗਿਆਨਕ ਤੇ ਅਮਲੀ ਸੂਝ ਵਿਧੀ ਵਜੋਂ ਗ੍ਰਹਿਣ ਕਰਦਾ ਹੈ।” ਡਾ. ਟੀ. ਆਰ. ਵਿਨੋਦ ਨੂੰ ਡਾ. ਦਵੇਸ਼ਵਰ “ਪਾਠ, ਪ੍ਰਸੰਗ ਅਤੇ ਪਾਠ ਦੇ ਅੰਦਰੂਨੀ ਪ੍ਰਸੰਗ ਸਮੇਤ ਇਨ੍ਹਾਂ ਦੇ ਵਿਚਾਰਧਾਰਾਈ ਆਧਾਰਾਂ ਦੇ ਡਾ. ਵਿਨੋਦ ਦੀ ਸਮੀਖਿਆ ਦ੍ਰਿਸ਼ਟੀ ਦੀ ਬੌਧਿਕ ਇਕਾਗਰਤਾ ਅਤੇ ਵਿਸ਼ਲੇਸ਼ਣੀ ਵਿਧੀ/ਵਿਆਖਿਆ ਵਿਚ ਹਮੇਸ਼ਾ ਹਾਜ਼ਰ ਰਹਿੰਦੇ” ਵੇਖਦਾ ਹੈ। ਡਾ. ਰਵਿੰਦਰ ਸਿੰਘ ਰਵੀ ਨੂੰ ਡਾ. ਦਵੇਸ਼ਵਰ “ਪ੍ਰਕਿਤਰੀ, ਸਮਾਜ ਅਤੇ ਸਿਰਜਣਾ ਦੇ ਹਰੇਕ ਰੂਪ ਨੂੰ ਉਸ ਦੀ ਸਮੁੱਚਤਾ, ਜਟਿਲਤਾ ਅਤੇ ਗਤੀਸ਼ੀਲਤਾ ਵਿੱਚ ਗ੍ਰਹਿਣ ਕਰਦਾ ਅਤੇ ਇਨ੍ਹਾਂ ਦੇ ਅੰਤਰ-ਸੰਬੰਧਤਾ ਅਤੇ ਅੰਤਰ-ਨਿਰਭਰ ਹੋਂਦਾਂ ਦੇ ਰੂਪ ਵਿੱਚ ਵਿਚਾਰਦਾ ਹੋਇਆ ਇਨ੍ਹਾਂ ਦੀ ਵਿਆਖਿਆ ਤੇ ਮੁੱਲਾਂਕਣ ਕਰਦਾ” ਨਜ਼ਰਸਾਨੀ ਕਰਦਾ ਹੈ। ਸੁਰਜੀਤ ਸਿੰਘ ਭੱਟੀ ਦੀ ਆਲੋਚਨਾ ਡਾ. ਦਵੇਸ਼ਵਰ ਲਈ ਸਾਹਿਤ “ਦੀਆਂ ਆਂਤਰਿਕ ਪਰਤਾ ਨੂੰ ਘੋਖਦੀ-ਨਿਰਖਦੀ ਤੇ ਇਸ ਦੇ ਵਿਚਾਰਧਾਰਈ ਆਧਾਰਾਂ ਨੂੰ ਪਰਖਦੀ ਅਧਿਐਨ ਵਸਤ ਦੀ ਪਹੁੰਚ-ਦ੍ਰਿਸ਼ਟੀ ਦੀ ਬਾਹਰਮੁਖਤਾ; ਵਿਗਿਆਨਕਤਾ-ਭਾਵਕੁਤਾ; ਤੱਥ ਮੁਕਤਾ-ਕਥ ਮੁਕਤਾ ਆਦ ਦਾ ਮੁਤਾਲਿਆ ਉਸ ਚਿੰਤਕ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਦੀ ਤਰਕਸੰਗਤ ਵਿਆਖਿਆ ਵਿੱਚ ਕਰਦੀ ਹੈ।” ਹਰਿਭਜਨ ਸਿੰਘ ਭਾਟੀਆ ਡਾ. ਦਵੇਸ਼ਵਰ ਦੇ ਮੱਤ ਵਿਚ “ਪੰਜਾਬੀ ਸਾਹਿਤ ਚਿੰਤਨ ਦਾ ਪਹਿਲਾ ਅਜਿਹਾ ਸਮਰਥਾਵਾਨ ਚਿੰਤਕ ਹੈ ਜਿਸ ਨੇ ਇਸ ਤਰ੍ਹਾਂ ਦੇ ਆਪਣੇ ਵਿਸਤ੍ਰਿਤ, ਗੰਭੀਰ ਅਤੇ ਬਹੁ-ਦ੍ਰਿਸ਼ਟੀਕੋਣੀ ਗਿਆਨ-ਸ਼ਾਸਤਰ ਦੇ ਸੁਭਾਅ ਦੇ ਸਾਰ ਦੀ ਸਾਰ ਲੈਣ ਪਹਿਲ ਕਦਮੀ ਵੀ ਕੀਤੀ ਹੈ।” ਅਤੇ ਡਾ. ਦਵੇਸ਼ਵਰ ਅਨੁਸਾਰ ਡਾ. ਅਮਰਜੀਤ ਸਿੰਘ ਕਾਂਗ “ਸਾਹਿਤ ਚਿੰਤਨ ਵਿੱਚ ਆਪਣੀ ਸਿਧਾਂਤਕ ਪਕੜ, ਸੰਬਾਦੀ ਵਿਧੀ, ਸਰਲ ਤੇ ਸਪਸ਼ਟ ਸਮੀਖਿਆਕ ਸ਼ੈਲੀ, ਸੰਤੁਲਤ ਅਤੇ ਸਜੱਗ ਪਹੁੰਚ-ਦ੍ਰਿਸ਼ਟੀ ਸਦਕਾ ਆਪਣੀ ਵਿਲੱਖਣ ਪਛਾਣ ਸਥਾਪਿਤ ਕਰਦਾ ਹੈ।” ਇਹ ਸੂਤ੍ਰਿਕ ਫਿਕਰੇ ਡਾ. ਦਵੇਸ਼ਵਰ ਦੀ ਭਾਸ਼ਾਈ ਮੁਹਾਰਤ ਅਤੇ ਭਾਸ਼ਾਈ ਪ੍ਰਯੋਗ ਦੀ ਪਕਾਈ ਦਾ ਪ੍ਰਮਾਣ ਹਨ, ਜਿਸ ਦੇ ਪ੍ਰਮਾਣ ਸਰੂਪ ਡਾ. ਦਵੇਸ਼ਵਰ ਇਨ੍ਹਾਂ ਪ੍ਰਮੁੱਖ ਪੰਜਾਬੀ ਆਲੋਚਕਾਂ ਦੇ ਚਿੰਤਨ ਕਾਰਜ ਬਾਰੇ ਪ੍ਰਮਾਣਿਕ ਸਿੱਟੇ ਕੱਢ ਸਕਿਆ ਅਤੇ ਪਾਠਕ ਵਰਗ ਲਈ ਸਮਝਣਯੋਗ ਬਣਾ ਸਕਿਆ ਹੈ।
         ਇਸ ਦੇ ਨਾਲ ਡਾ. ਦਵੇਸ਼ਵਰ ਦੁਆਰਾ ਸਮਕਾਲੀਨ ਭਾਰਤੀ/ਪੰਜਾਬੀ ਸਮਾਜਿਕ-ਆਰਥਿਕ ਵਿਵਸਥਾ ਦਾ ਵਿਵੇਚਨ ਵਿਸ਼ੇਸ਼ ਅਰਥਾਂ ਦਾ ਧਾਰਨੀ ਹੈ। ਉਸ ਸਮਕਾਲੀਨ ਪੂੰਜੀਵਾਦੀ-ਵਿਵਸਥਾ ਨੂੰ ਮਨੁੱਖੀ ਵਿਕਾਸ ਦੀ ਉੱਚ ਅਵਸਥਾ ਨਿਰਸੰਦੇਹ ਸਵੀਕਾਰਦਾ ਹੈ, ਪ੍ਰੰਤੂ ਇਹ ਵਿਵਸਥਾ ਦੇ ਸ਼੍ਰੇਣੀਗਤ ਸੁਭਾਅ ਅਧੀਨ ਆਰਥਿਕ-ਸਾਧਨਾਂ ਦੀ ਅਸਾਂਵੀਂ ਵੰਡ ਤੇ ਮੰਡੀਕਰਨ ਦੀ ਪ੍ਰਵਿਰਤੀ ਕਾਰਨ ਤਿਖੇਰੀਆਂ ਵਿਅਕਤੀਗਤ ਲਾਲਸਾਵਾਂ ਤੇ ਸ਼ੋਸ਼ਣਕਾਰੀ ਪ੍ਰਵਿਰਤੀ ਕਾਰਨ ਉੱਤਮ ਵਿਵਸਥਾ ਨਹੀਂ ਮੰਨਦਾ। ਕਿਉਂਕਿ ਡਾ. ਦਵੇਸ਼ਵਰ ਅਨੁਸਾਰ ਇਹ ਵਿਵਸਥਾ ਦਾ ਉਪਰੋਕਤ ਸੁਭਾਅ ਤੇ ਸਰੂਪ ਮਨੁੱਖੀ-ਸਮਾਜ ਵਿਚ ਅਸੰਤੁਲਿਨ (ਭਾਵੇਂ ਪੂਰਵਵਰਤੀ ਵਿਵਸਥਾਵਾਂ ਵਿਚਲਾ ਅਸੰਤੁਲਿਨ ਤਿਖੇਰਾ ਨਹੀਂ ਸੀ) ਪੈਦਾ ਕਰਦਾ ਹੈ ਅਤੇ ਪੈਸਾ, ਪ੍ਰਸਿੱਧੀ ਤੇ ਪੱਧਵੀਂ ਦੀ ਦੌੜ ਨੂੰ ਤਿੱਖਾ ਕਰਦਾ ਮਨੁੱਖੀ ਤਨਾਉ/ਟਕਰਾਉ ਦੀ ਸਥਿਤੀ ਨੂੰ ਜਨਮ ਦਿੰਦਾ ਹੈ ਅਤੇ ਮਨੁੱਖ ਨੂੰ ਪਾਸ਼ਵਿਕ ਪੱਧਰ ਤੇ ਲੈ ਜਾਂਦਾ ਹੈ। ਮੰਡੀ ਕਲਚਰ ਦੇ ਇਸ ਪਾਸਾਰ ਨੂੰ ਡਾ. ਦਵੇਸ਼ਵਰ ਐਰਕ ਹੋਬਸਬਾਉਨ ਦੀ ਪੁਸਤਕ “ਦੀ ਏਜ਼ ਆਫ਼ ਐਕਟਰੀਮਸ: ਹਿਸਮਟਰੀ ਆਫ਼ ਦੀ ਵਰਲਡ” (The Age of Extremes: History of the world) ਅਤੇ ਰੇਮਿਡ ਵਿਲੀਅਮ ਦੇ ਕਲਚਰ ਇੰਡਸਟਰੀ ਦੇ ਸੰਕਲਪ ਨਾਲ ਜੋੜਕੇ ਸਮਝਦਾ Industrial Cultural ਦੀ Cultural Industry ਕਹਿੰਦਾ ਹੈ। ਇਸ ਪ੍ਰਕਾਰ ਦਾ ਸਿਧਾਂਤਕ ਤੇ ਵਿਹਾਰਿਕ ਵਿਸ਼ਲੇਸ਼ਣ ਪੰਜਾਬੀ ਸਾਹਿਤ ਚਿੰਤਨ ਦਾ ਹਾਸਲ ਹੈ।
ਇਸ ਪ੍ਰਕਾਰ ਸਾਰ ਰੂਪ ਵਿਚ ਡਾ. ਦਵੇਸ਼ਵਰ ਸਿਧਾਂਤਕ ਤੇ ਵਿਹਾਰਿਕ ਧਰਾਤਲ ਉੱਤੇ ਸੰਤੁਲਿਤ ਤੇ ਤਰਕ-ਸੰਗਤ ਸੁਭਾਅ ਦੀ ਧਾਰਨੀ ਹੈ। ਜਿਸ ਅਧੀਨ ਇਹ ਆਲੋਚਨਾ ਵਿਆਖਿਆ, ਵਿਸ਼ਲੇਸ਼ਣ ਤੇ ਮੁੱਲਾਂਕਣ ਲਈ 'ਪਾਠ, ਪਰਿਵੇਸ਼ ਤੇ ਵਿਚਾਰਧਾਰਾ' ਦੇ ਅੰਤਰ ਤੇ ਅੰਦਰਲੇ ਸੰਬੰਧਾਂ ਨੂੰ ਪਹਿਚਾਣਦੀ ਹੋਈ ਸਮਾਜਿਕ-ਸਾਹਿਤਕ ਮੁੱਲਾਂ ਨੂੰ ਅੰਕਿਤ ਕਰਦੀ ਹੈ। ਵਿਸ਼ਵ-ਚਿੰਤਨ ਤੋਂ ਲੈਕੇ ਸਥਾਨਿਕ ਮਸਲਿਆਂ ਦੀ ਸਮਝ ਤੱਕ ਪਸਰਿਆ ਇਸ ਪ੍ਰਕਾਰ ਦਾ ਬੌਧਿਕ ਮੁਸ਼ੱਕਤ ਵਾਲਾ ਕਾਰਜ ਪੰਜਾਬੀ ਚਿੰਤਨ ਪਰੰਪਰਾ ਨੂੰ ਨਵੀ ਦਿਸ਼ਾ ਦੇਣ ਵਾਲਾ ਹੈ ਅਤੇ ਪੰਜਾਬੀ ਸਾਹਿਤ-ਆਲੋਚਨਾ ਦੇ ਖੇਤਰ ਵਿਚ ਭਵਿੱਖਮੁੱਖੀ ਸੰਭਾਵਾਨਾ ਨੂੰ ਸਿਰਜਦਾ ਹੈ।

Thursday, 21 April 2016

ਮਿੱਥ ਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ): ਮੈਟਾ-ਆਲੋਚਨਾਤਿਮਕ ਅਧਿਐਨ

https://www.researchgate.net/publication/301611406_Mith_Te_Vartman_Sawrajbir_Da_Nat-Parpekh_mitha_te_varatamana_savarajabira_da_nata-paripekha_maita-alocanatimaka_adhi%27aina

ਸਾਹਿਤ-ਆਲੋਚਨਾ ਵਿਚਾਰਧਾਰਕ, ਸਿਧਾਂਤਕ, ਦਾਰਸ਼ਨਿਕ ਤੇ ਬੌਧਿਕ ਕਿਸਮ ਦਾ ਜਟਿਲ ਕਾਰਜ ਹੈ, ਜੋ ਨਾਟ-ਸਿਰਜਨਾ ਦੇ ਸੰਦਰਭ ਵਿਚ ਹੋਰ ਵੀ ਵਧੇਰੇ ਮੁਸ਼ਕਿਲ ਪ੍ਰਤੀਤ ਹੁੰਦਾ ਹੈ। ਇਸ ਦਾ ਕਾਰਨ ਨਾਟ-ਸਿਰਜਨਾ ਦੇ ਪ੍ਰਦਰਸ਼ਨੀ ਤੇ ਸ਼ਬਦੀ ਸੁਭਾਅ ਵਾਲੀ ਦੋਹਰੀ ਪ੍ਰਵਿਰਤੀ ਵਿਚ ਲੁਪਤ ਹੈ, ਜਿਸ ਦਾ ਇਕ ਪੱਖ ਜਿਥੇ ਸ਼ਾਬਦਿਕ ਰੂਪ ਵਿਚ ਪਾਠਕ ਸਾਵੇਂ ਅਪੂਰਨ ਰੂਪ ਵਿਚ ਹੋਂਦ ਗ੍ਰਹਿਣ ਕਰਦਾ ਹੈ ਅਤੇ ਇਸ ਦਾ ਦੂਜਾ ਰੂਪ ਰੰਗਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਦੇ ਰੂਪ ਵਿੱਚ ਸੰਪੂਰਨ ਪੇਸ਼ ਹੁੰਦਾ ਹੈ। ਇਸ ਦੇ ਅੰਤਰਗਤ ਲਿਖਤ ਪਾਠ ਦੇ ਨਾਲ ਪ੍ਰਦਰਸ਼ਤ ਪਾਠ ਵੀ ਸ਼ਾਮਿਲ ਹੁੰਦਾ ਹੈ, ਇਸ ਲਈ ਨਾਟਕਕਾਰ ਆਪਣੀ ਸਿਰਜਣਾ ਅਧੀਨ ਪਾਠਕ (reader) ਅਤੇ ਦਰਸ਼ਕ (viewer) ਦੋਹਾਂ ਨੂੰ ਮੁਖ਼ਾਤਿਬ ਹੁੰਦਾ, ਸਿਰਜਕ ਦੇ ਨਾਲ-ਨਾਲ ਕਰਾਫ਼ਟਮੈਨ ਦੀ ਭੂਮਿਕਾ ਵੀ ਨਿਭਾਉਂਦਾ ਹੈ। ਇਸ ਕਾਰਨ ਹੀ ਨਾਟ-ਸਿਰਜਨਾ ਦੀ ਅੰਤਹਕਰਨ ਦੀ ਸੂਖ਼ਮਤਾ ਨੂੰ ਰੰਗ-ਮੰਚ ਤੇ ਸਮੂਰਤ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਜਿਸ ਵਿਚ ਪ੍ਰਦਰਸ਼ਿਤ ਕਲਾ ਤੱਤ ਨਾਟ-ਸਿਰਜਨਾ ਦੇ ਲਿਖਤ ਰੂਪ ਵਿੱਚ ਹੀ ਮੌਜੂਦ ਹੁੰਦੇ ਹਨ, ਜਿਨ੍ਹਾਂ ਨੂੰ ਰੰਗਮੰਚ ਤੇ ਡੀਕੋਡ ਕਰਨ ਦਾ ਕਾਰਜ ਨਿਰਦੇਸ਼ਕ ਕਰਦਾ ਹੋਇਆ ਨਾਟ-ਸਿਰਜਨਾ ਨੂੰ ਸੰਪੂਰਨਤਾ ਪ੍ਰਦਾਨ ਕਰਦਾ ਹੈ। ਇਸ ਪ੍ਰਕਾਰ ਨਾਟ-ਸਿਰਜਨਾ ਇੱਕ ਮਿਸ਼ਰਿਤ/ਜਟਿਲ ਕਲਾ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ, ਜਿਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਆਦਿ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਇਸ ਪ੍ਰਕਾਰ ਦੀ ਕਲਾ ਦਾ ਅਧਿਐਨ-ਵਿਸ਼ਲੇਸ਼ਣ ਵੀ ਵਿਸ਼ੇਸ਼ ਪ੍ਰਕਾਰ ਦੇ ਸਿਧਾਂਤਕ ਤੇ ਵਿਹਾਰਿਕ ਮਾਡਲ ਦੀ ਮੰਗ ਕਰਦਾ ਹੈ, ਜਿਸ ਦਾ ਪੈਰਾਡਾਇਮ ਲਿਖਤ ਦੀਆਂ ਵਿਭਿੰਨ ਪਰਤਾਂ ਤੇ ਪਸਾਰਾਂ ਦੇ ਵਿਸ਼ਲੇਸ਼ਣ ਤੋਂ ਲੈ ਕੇ ਰੰਗਮੰਚ ਦੀਆਂ ਵਿਭਿੰਨ ਸ਼ੈਲੀਆਂ, ਨਿਰਦੇਸ਼ਨ ਕਲਾ, ਸੰਗੀਤ ਆਦਿ ਤੱਕ ਫੈਲਿਆ ਹੋਵੇ।
ਪੰਜਾਬੀ ਸਾਹਿਤ-ਆਲੋਚਨਾ ਦੇ ਖੇਤਰ ਵਿਚ ਇਸ ਪ੍ਰਕਾਰ ਦੇ ਨਾਟ-ਅਧਿਐਨ ਦਾ ਕਾਰਜ ਪ੍ਰੋ. ਪਿਆਰਾ ਸਿੰਘ ਗਿੱਲ (ਨਾਟਕ ਰਤਨਾਕਰ, 1933), ਗੁਰਚਰਨ ਸਿੰਘ (ਪੰਜਾਬੀ ਨਾਟਕਕਾਰ, 1951), ਕੁਲਦੀਪ ਸਿੰਘ ਸੇਠੀ (ਨਾਟਕ ਸਿਧਾਂਤ ਤੇ ਪੰਜਾਬੀ ਨਾਟਕ, 1957), ਸੁਰਜੀਤ ਸਿੰਘ ਸੇਠੀ (ਨਾਟ ਕਲਾ, 1974), ਸੰਤ ਸਿੰਘ ਸੇਖੋਂ(ਨਾਟਕ ਕਲਾ ਤੇ ਮੇਰਾ ਅਨੁਭਵ, 1978), ਬਲਵੰਤ ਗਾਰਗੀ (ਰੰਗਮੰਚ, 1961 ਤੇ ਲੋਕ ਨਾਟਕ, 1999) ਆਦਿ ਤੋਂ ਹੁੰਦਾ ਹੈ ਅਤੇ ਸਮਕਾਲੀ ਪੰਜਾਬੀ ਨਾਟ-ਆਲੋਚਨਾ ਵਿਚ ਸਤੀਸ਼ ਕੁਮਾਰ ਵਰਮਾ, ਆਤਮਜੀਤ, ਪਾਲੀ ਭੁਪਿੰਦਰ, ਕਮਲੇਸ਼ ਉਪਲ ਆਦਿ ਦੇ ਆਲੋਚਨਾਤਿਮਕ ਕਾਰਜ ਦੇ ਰੂਪ ਵਿਚ ਅਗ੍ਰਸਰ ਰਹਿੰਦਾ ਹੈ। ਪ੍ਰੰਤੂ ਪੰਜਾਬੀ ਨਾਟ-ਚਿੰਤਨ ਦੀ ਸਮੱਸਿਆ ਇਸ ਖੇਤਰ ਵਿਚ ਵਿਸ਼ੇਸ਼ੱਗ ਆਲੋਚਨਾ ਦੀ ਘਾਟ ਜਾਂ ਵਿਕੋਲਿਤਰੇ ਰੂਪ ਵਿਚ ਸਾਹਮਣੇ ਆਉਣ ਵਿਚ ਨਿਹਿਤ ਹੈ। ਇਸ ਸੰਦਰਭ ਵਿਚ ਜਿਥੇ ਪੰਜਾਬੀ ਨਾਟ-ਸਿਰਜਨਾ ਆਪਣੇ ਆਰੰਭ ਤੋਂ ਯਥਾਰਥਵਾਦੀ ਸਰੂਪ ਗ੍ਰਹਿਣ ਕਰਦੀ, ਫੌਰੀ ਕਾਰਨਾਂ ਕਾਰਨ ਸਿਧਾਂਤਕ ਤੇ ਰੰਗਮੰਚ ਦੀ ਸਮਰੱਥਾ ਨਾਲ ਲਬਰੇਜ ਸੰਗਠਿਤ ਰੂਪ ਵਿਚ ਆਰੰਭ ਹੁੰਦੀ ਹੈ, ਉਥੇ ਪੰਜਾਬੀ ਨਾਟ-ਚਿੰਤਨ ਨਾਟ-ਪਾਠ ਦੇ ਵਿਸ਼ਲੇਸ਼ਣ-ਮੁੱਲਾਂਕਣ ਦਾ ਕਾਰਜ ਵਿਚ ਸਿਧਾਂਤਕ ਤੇ ਵਿਹਾਰਿਕ ਰੂਪ ਵਿਚ ਸੰਗਠਿਤ ਤੇ ਵਿਸ਼ੇਸ਼ੱਗਾਂ (ਅਪਵਾਦਾਂ ਮੌਜੂਦ ਹਨ) ਵਾਲਾ ਸਰੂਪ ਨਹੀਂ ਕਰ ਪਾਈ ਸੀ। ਇਸ ਪ੍ਰਸੰਗ ਵਿਚ ਵਧੇਰੇ ਨਾਟ-ਚਿੰਤਕ ਸਮਾਨਯ ਸਾਹਿਤ-ਸਿਧਾਂਤਾਂ ਜਾਂ ਕਿਸੇ ਹੋਰ ਵਿਧਾ ਦੇ ਵਿਸ਼ੇਸ਼ੱਗ ਚਿੰਤਕ ਹੀ ਪੰਜਾਬੀ ਨਾਟਕ ਦਾ ਅਧਿਐਨ ਕਰਨ ਵੱਲ ਰੁਚਿਤ ਹੁੰਦੇ ਹਨ। ਪ੍ਰੰਤੂ ਪੰਜਾਬੀ-ਨਾਟ ਚਿੰਤਨ ਦੇ ਵਿਕਾਸ ਲਈ ਪ੍ਰਾਪਤ ਵਿਲੋਕਲਿਤਰੇ ਮੌਲਿਕ ਤੇ ਵਿਸ਼ੇਸ਼ੱਗ ਖੋਜ/ਆਲੋਚਨਾਤਮਿਕ ਕਾਰਜਾਂ ਤੋਂ ਇਲਾਵਾ ਪੰਜਾਬੀ ਨਾਟਕ-ਸੰਰਚਨਾ ਦੀ ਸਮਝ ਹਿੱਤ ਹੋਰਾਨਾਂ ਵਿਧਾਵਾਂ ਦੇ ਆਲੋਚਕਾਂ ਨੇ ਆਪਣੀ ਸੰਪਾਦਿਤ ਕਲਾ ਦਾ ਪ੍ਰਦਰਸ਼ਨ ਕਰਦਿਆਂ ਅਨੇਕਾਂ ਸੰਪਾਦਿਤ ਪੁਸਤਕਾਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ, ਜਿਨ੍ਹਾਂ ਪੁਸਤਕਾਂ ਨੇ ਸੰਬੰਧਿਤ ਚਿੰਤਨ ਪਰੰਪਰਾ ਦੇ ਪ੍ਰਵਾਹ ਨੂੰ ਪਸਾਰਨ ਤੇ ਪ੍ਰਚਾਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਇਸ ਭੂਮਿਕਾ ਅਧੀਨ ਹੀ ਡਾ. ਸਰਬਜੀਤ ਸਿੰਘ ਦੁਆਰਾ ਸੰਪਾਦਿਤ ਪੁਸਤਕ ਮਿੱਥ ਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ) ਇਕ ਮਹੱਤਪੂਰਨ ਪੁਸਤਕ ਵਜੋਂ ਸਾਹਮਣੇ ਆਉਂਦੀ ਹੈ, ਜੋ ਸਮਕਾਲੀ ਨਾਟਕਕਾਰ ਸਵਰਾਜਬੀਰ ਦੀ ਨਾਟ-ਸਿਰਜਨ ਦੇ ਵਿਹਾਰ ਤੇ ਸ਼ਾਸਤਰ ਨੂੰ ਤਲਾਸ਼ਣ ਦਾ ਯਤਨ ਕਰਦੀ, ਕਲਾ ਭਾਰਤੀ ਮਿੱਥ-ਸੰਰਚਨਾ ਦੀਆਂ ਪਰਤਾਂ ਨੂੰ ਫਰੋਲਦੀ ਹੈ ਅਤੇ ਮਿੱਥ ਦੇ ਸਥਾਪਿਤ ਅਰਥਾਂ ਨੂੰ ਵਿਖੰਡਤ ਕਰਕੇ ਅਰਥਾਂ ਨੂੰ ਤਰਲਤਾ ਪ੍ਰਦਾਨ ਕਰਦੀਆਂ ਪਾਠ ਦੀਆਂ ਅਨੇਕਾਂ ਪਰਤਾਂ/ਪਸਾਰਾਂ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ। ਇਸ ਪੁਸਤਕ ਵਿਚਲੀ ਭੂਮਿਕਾ ਦੇ ਅੰਤਰਗਤ ਡਾ. ਸਰਬਜੀਤ ਸਿੰਘ ਆਪਣੀ ਕਲਾਸੀਕਲ ਮਾਰਕਸਵਾਦੀ-ਦ੍ਰਿਸ਼ਟੀ ਦਾ ਪ੍ਰਮਾਣ ਦਿੰਦਾ ਹੋਇਆ ਨਾਟਕੀ-ਵਿਧਾ ਦੀ ਰੀਤੀਆਂ, ਸਵਰਾਜਬੀਰ ਦੀ ਨਾਟ-ਸਿਰਜਨਾ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਮੁੱਖ ਰੂਪ ਵਿਚ ਆਪਣੇ ਅਧਿਐਨ-ਵਸਤੂ ਬਣਾ ਦਿੰਦਾ ਪੁਸਤਕ ਵਿਚਲੇ ਮਜ਼ਮੂਨਾਂ ਬਾਰੇ ਖ਼ਾਮੋਸ਼ੀ ਧਾਰਨ ਕਰਦਾ ਹੈ ਅਤੇ ਉਨ੍ਹਾਂ ਦੀ ਸੰਬਾਦਿਤਾ ਦੀ ਪਛਾਣ ਨੂੰ ਪਾਠਕ ਦੀ ਬੌਧਿਕਤਾ ਦੀ ਕਾਰਜ ਭੂਮੀ ਦੀ ਵਸਤ ਬਣਾਉਂਦਾ ਹੈ। ਇਸ ਤਰ੍ਹਾਂ ਦਾ ਆਲੋਚਨਾਤਿਮਕ ਨੁਕਤਾ ਨਿਰਸੰਦੇਹ ਪਾਠਕ ਨੂੰ ਪੁਸਤਕ ਨਾਲ ਜੋੜਨ ਦਾ ਇਕ ਮਹੱਤਵਪੂਰਨ ਬਿੰਦੂ ਹੈ, ਜਿਸ ਅਧੀਨ ਸਰਵ-ਪ੍ਰਥਮ ਅਧਿਐਨ-ਕਰਤਾ ਡਾ. ਗੁਰਇਕਬਾਲ ਸਿੰਘ ਦੇ ਆਲੋਚਨਾਤਮਿਕ-ਮਜ਼ਮੂਨ ਸਵਰਾਜਬੀਰ ਦੇ ਨਾਟਕ : ਮਿੱਥ ਦਾ ਨਵ-ਸਿਰਜਣ ਦੇ ਸਨਮੁੱਖ ਹੁੰਦਾ ਹੈ। ਇਸ ਆਲੋਚਨਾਤਿਮਕ ਪਾਠ ਵਿਚ ਗੁਰਇਕਬਾਲ-ਆਲੋਚਨਾ ਸਵਰਾਜਬੀਰ ਦੀ ਸਮੁੱਚੀ ਨਾਟ-ਸਿਰਜਨਾ ਨੂੰ ਆਾਪਣੇ ਅਧਿਐਨ ਖੇਤਰ ਵਿਚ ਲੈਂਦਾ ਹੋਇਆ, ਪਾਠ ਤੋਂ ਪਰਿਪੇਖ, ਪਰਿਪੇਖ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਵੱਲ ਆਪਣੇ ਅਧਿਐਨ ਨੂੰ ਫੈਲਾਉਂਦਾ ਹੈ। ਗੁਰਇਕਬਾਲ-ਆਲੋਚਨਾ ਇਸ ਮਜ਼ਮੂਨ ਅਧੀਨ ਸਵਰਾਜਬੀਰ ਦੀ ਨਾਟ-ਸਿਰਜਨਾ ਨੂੰ ਪੰਜਾਬੀ ਨਾਟ-ਪਰੰਪਰਾ ਅਧੀਨ ਰੱਖਕੇ ਵੇਖਦਾ, ਸਵਰਾਜਬੀਰ ਦੀ ਨਾਟ-ਸਿਰਜਨਾ ਦੀ ਵਿਭਿੰਨਤਾ ਤੇ ਨਵੀਨਤਾ ਨੂੰ ਸਥਾਪਿਤ ਕਰਦਾ ਹੈ ਅਤੇ ਉਸ ਦੀ ਨਾਟ-ਸਿਰਜਨਾ ਦੀਆਂ ਪ੍ਰਤੀਕ-ਪ੍ਰਬੰਧ ਨੂੰ ਨਵਿਆਉਂਦਾ ਹੋਇਆ, 'ਕ੍ਰਿਸ਼ਨ', 'ਮੇਦਨੀ' ਤੇ 'ਧਰਮ ਗੁਰੂ' ਨਾਟਕ ਵਿਚਲੇ ਅਰਥਾਂ ਨੂੰ ਵਰਤਮਾਨ ਪਰਿਪੇਖ ਵਿਚੋਂ ਤਲਾਸ਼ਦਾ ਹੈ। ਇਸ ਦੇ ਅਰਥ ਨਿਰਧਾਰਨ ਦੀ ਪ੍ਰਕਿਰਿਆ ਦੇ ਅੰਤਰਗਤ ਗੁਰਇਕਬਾਲ-ਆਲੋਚਨਾ ਪਾਠਮੂਲਕ ਵਿਧੀ ਆਪਣਾਉਂਦੀ ਹੋਈ ਪਾਠ ਤੋਂ ਰਾਜਨੀਤਿਕ ਪਰਿਪੇਖ, ਰਾਜਨੀਤੀ ਤੋਂ ਆਰਥਕਿ ਪਰਿਪੇਖ ਵੱਲ ਅਗ੍ਰਸ ਹੁੰਦੀ ਹੈ ਅਤੇ ਇਨ੍ਹਾਂ ਦੀ ਵਿਆਖਿਆ ਲਈ ਬਾਰ-ਬਾਰ ਪਾਠ ਵੱਲ ਮੁੜਦਾ ਹੈ। ਦਰਅਸਲ ਇਸ ਚੱਕਰੀ ਅਧਿਐਨ-ਵਿਧੀ ਦਾ ਅਧਾਰ-ਬਿੰਦੂ ਗੁਰਇਕਬਾਲ-ਆਲੋਚਨਾ ਦੀ ਨਵ-ਮਾਕਸਵਾਦੀ ਪਹੁੰਚ ਵਿਚ ਲੁਪਤ ਹੈ, ਜਿਸ ਅਧੀਨ ਉਹ ਬੰਧਨਯੁਕਤ ਸਿਧਾਂਤ ਚਿੰਤਨ ਦਾ ਮੁਦਾਈ ਹੋਣ ਦੀ ਬਜਾਇ ਸਥਾਪਿਤ ਦੀ ਵਿਸਥਾਪਿਤੀ ਦੀ ਦ੍ਰਿਸ਼ਟੀ ਤੋਂ ਸਮਸਤ ਸਰਵਰਾਜਬੀਰ ਨਾਟ-ਸਿਰਜਨਾ ਨੂੰ ਵੇਖਦੀ ਹੈ।1
ਇਸ ਤੋਂ ਅੱਗੇ ਵਸਤੂ-ਨਿਸ਼ਠ ਦ੍ਰਿਸ਼ਟੀ ਦੁਆਰਾ ਸਵਰਾਜਬੀਰ ਦੀ ਨਾਟ-ਸਿਰਜਨਾ ਦੀ ਹੋਂਦ-ਵਿਧੀ ਨੂੰ ਸਮਾਜਿਕ-ਇਤਿਹਾਸਕ ਪ੍ਰਕਿਰਿਆ ਨਾਲ ਅੰਤਰ-ਸੰਬੰਧਿਤ ਕਰਕੇ ਤਲਾਸ਼ਣ ਦਾ ਯਤਨ ਕਰਦਾ ਤੇ ਪਰਿਵੇਸ਼ ਤੇ ਪਾਠ ਦੇ ਅੰਤਰਲੇ/ਅੰਦਰਲੇ ਸੰਬੰਧਾਂ ਨੂੰ ਵੇਖਦਾ ਡਾ. ਰਜਨੀਸ਼ ਬਹਾਦਰ ਸਿੰਘ ਦਾ ਮਜ਼ਮੂਨ ਸਵਰਾਜਬੀਰ ਦੇ ਨਾਟਕ : ਵਿਚਾਰਧਾਰਕ ਆਧਾਰ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਮਜ਼ਮੂਨ ਸਰਲ, ਸੰਕੇਤਕ ਤੇ ਸਪੱਸ਼ਟ ਵਾਕ-ਸੰਰਚਨਾ ਦੁਆਰਾ ਸਵਰਾਜਬੀਰ ਦੀ ਨਾਟ-ਸਿਰਜਨਾ ਦੇ ਵਿਚਾਰਧਾਰਕ ਆਧਾਰ ਦੀ ਪਹਿਚਾਣ ਕਰਦਾ, ਮਾਰਕਸਵਾਦੀ ਪਹੁੰਚ ਵਿਧੀ ਦੀ ਰੌਸ਼ਨੀ ਅਧੀਨ ਭਾਰਤੀ ਮਿੱਥ-ਸ਼ਾਸਤਰ ਦੇ ਅੰਤਰਗਤ ਕਾਰਜਸ਼ੀਲ ਦਲਿਤ ਤੇ ਦਮਿਤ ਸ਼੍ਰੇਣੀ ਦੇ ਦ੍ਰਿਸ਼ਟੀਕੋਣ ਨੂੰ ਅਗ੍ਰਭੂਮਿਤ ਕਰਦਾ ਨਜ਼ਰੀ ਪੈਂਦਾ ਹੈ। ਇਸ ਪ੍ਰਸੰਗ ਵਿਚ ਇਸ ਆਲੋਚਨਾਤਿਮਕ ਮਜ਼ਮੂਨ ਦੀ ਵਿਸ਼ੇਸ਼ ਪ੍ਰਾਪਤੀ ਸਵਰਾਜਬੀਰ ਦੀ ਨਾਟ-ਸਿਰਜਨਾ ਅਧੀਨ ਕਾਰਜਸ਼ੀਲ ਵਿਚਾਰਧਾਰਕ ਅੰਸ਼ਾਂ ਤੇ ਸੁਹਾਤਮਿਕ ਰੀਤੀਆਂ ਦੀ ਸੰਤੁਲਿਨ ਪਹਿਚਾਣ ਕਰਨ ਵਿਚ ਨਿਹਿਤ ਹੈ, ਜੋ ਰਜਨੀਸ਼-ਆਲੋਚਨਾ ਅੰਤਰੰਗ ਤੇ ਬਾਹਰੰਗ ਆਲੋਚਨਾ ਤੋਂ ਪ੍ਰੇਰਿਤ ਮਿਸ਼ਰਤ ਭਾਂਤੀ ਆਲੋਚਨਾਤਿਮਕ ਪੱਧਤੀ ਦੀ ਦੇਣ ਹੈ। ਇਸ ਅਧੀਨ ਰਜਨੀਸ਼ ਨਾਟ-ਆਲੋਚਨਾ ਵਿਹਾਰਿਕ ਧਰਾਤਲ ਉੱਤੇ ਸਵਰਾਜਬੀਰ ਦੇ ਨਾਟ-ਪਾਠਾਂ ਦਾ ਮੁਤੱਲਿਆ ਕਰਨ ਸਮੇਂ (ਅਪਵਾਦਾਂ ਨੂੰ ਛੱਡਕੇ) ਪਾਠਮੂਲਕ ਅਧਿਐਨ ਵਿਧੀ ਅਪਣਾਉਂਦੀ ਹੋਈ ਪ੍ਰਸੰਗ ਤੋਂ ਪਾਠ, ਕਈ ਵਾਰ ਪਾਠ ਤੋਂ ਪ੍ਰਸੰਗ ਵੱਲ ਜਾਂਦੀ, ਪਾਠਮੂਲਕ ਆਲੋਚਨਾਤਿਮਕ-ਪਹੁੰਚ ਅਖ਼ਤਿਆਰ ਕਰਦੀ ਹੈ। ਇਸ ਪਹੁੰਚ ਕਾਰਨ ਹੀ ਰਜਨੀਸ਼ ਨਾਟ-ਆਲੋਚਨਾ ਸਵਰਾਜਬੀਰ ਨਾਟ-ਸਿਰਜਨਾ ਦੀ ਰਚਨਾ-ਵਸਤੂ, ਰਚਨਾ-ਵਿਧੀ ਤੇ ਰਚਨਾ-ਦ੍ਰਿਸ਼ਟੀ ਦੀ ਤ੍ਰੈ-ਦਿਸ਼ਾਵੀ ਪਹੁੰਚ ਅਪਣਾਉਂਦੀ ਹੈ।2
ਇਸ ਦੇ ਨਾਲ ਟੀਨਾ ਮਨਚੰਦਾ ਦਾ ਮਜ਼ਮੂਨ ਸਮਕਾਲੀ ਪੰਜਾਬੀ ਨਾਟਕ ਅਤੇ ਸਵਰਾਜਬੀਰ ਗੁਰਇਕਬਾਲ ਤੇ ਰਜਨੀਸ਼ ਬਹਾਦਰ ਦੀ ਆਲੋਚਨਾਤਮਿਕ ਪਹੁੰਚ ਤੋਂ ਵਿੱਥ ਉੱਤੇ ਵਿਚਰਦਾ ਹੋਇਆ, ਸਵਰਾਜਬੀਰ ਦੀ ਨਾਟ-ਸਿਰਜਨਾ ਨੂੰ ਪੰਜਾਬੀ ਨਾਟ-ਪਰੰਪਰਾ ਅਧੀਨ ਰੱਖਕੇ ਅਧਿਐਨ ਕਰਨ ਦਾ ਦਾਅਵਾ ਕਰਦਾ ਹੈ। ਪ੍ਰੰਤੂ ਅੱਠ ਪੰਨਿਆ ਦੇ ਇਸ ਆਲੋਚਨਾਤਿਮਕ ਨਿਬੰਧ ਵਿਚ ਦੋ ਪੰਨੇ ਹੀ ਸਵਰਾਜਬੀਰ ਦੀ ਨਾਟ-ਸਿਰਜਨਾ ਦਾ ਅਧਿਐਨ ਦਲਿਤ-ਦ੍ਰਿਸ਼ਟੀ ਦੀ ਰਹਿਨੁਮਾਈ ਵਿਚ ਕਰਦਾ, ਬੇਲੋੜੇ, ਨਿਰਾਰਥਕ ਤੇ ਅਪ੍ਰਸੰਗਿਕ ਵਿਸਥਾਰ ਦਾ ਸ਼ਿਕਾਰ ਹੈ। ਇਸ ਦੇ ਮੁਕਾਬਲਨ ਡਾ. ਮੋਹਨਜੀਤ ਦਾ ਮਜ਼ਮੂਨ ਨਟੂਆ ਭੇਖ ਦਿਖਾਵੇ ਬਹੁ ਬਿਧਿ, ਸਵਰਾਜਬੀਰ ਦੇ ਨਾਟਕਾਂ ਦੀਆਂ ਜੁਗਤਾਂ ਵਧੇਰੇ ਮਹੱਤਤਾ ਦਾ ਧਾਰਨੀ ਹੈ, ਜਿਸ ਵਿਚ ਮੋਹਨਜੀਤ ਨੇ ਭਾਰਤੀ ਤੇ ਪੱਛਮੀ ਨਾਟ-ਸ਼ਾਸਤਰ ਅਧੀਨ ਨਿਰਧਾਰਿਤ ਨਾਟ-ਜੁਗਤਾਂ ਦੀ ਦਾਰਸ਼ਨਿਕ ਵਿਆਖਿਆ ਦੁਆਰਾ ਸਵਰਾਜਬੀਰ ਦੇ ਨਾਟਕਾਂ ਦੀਆਂ ਕਲਾਤਮਿਕ ਰੀਤੀਆਂ ਨੂੰ ਤਲਾਸ਼ਿਆਂ ਹੈ। ਮੋਹਨਜੀਤ ਦਾ ਇਹ ਅਧਿਐਨ ਸਵਰਾਜਬੀਰ ਦੀ ਨਾਟ-ਸਿਰਜਨਾ ਤੇ ਭਾਰਤੀ-ਸਾਹਿਤ ਵਿਚਲੇ ਅੰਤਰਪਾਠਕ-ਸੰਬੰਧਾਂ (inter-textual relationship) ਨੂੰ ਪਹਿਚਾਨਣ ਦਾ ਵਿਸ਼ੇਸ਼ ਤੇ ਸਾਰਥਕ ਯਤਨ ਹੈ।
ਇਨ੍ਹਾਂ ਉਪਰੋਕਤ ਆਲੋਚਨਾਤਮਿਕ ਮਜ਼ਮੂਨਾਂ, ਜੋ ਸਵਰਾਜਬੀਰ ਨਾਟ-ਸਿਰਜਨਾ ਨੂੰ ਸਮੁੱਚੇ ਰੂਪ ਵਿਚ ਅਧਿਐਨ-ਵਸਤ ਵਜੋਂ ਗ੍ਰਹਿਣ ਕਰਦੇ ਹਨ, ਦੇ ਨਾਲ ਹੀ ਸੰਬੰਧਿਤ ਪੁਸਤਕ ਵਿਚ ਸਵਰਾਜਬੀਰ ਨਾਟ-ਸਿਰਜਨਾ ਦੇ ਵਿਭਿੰਨ ਪਸਾਰਾਂ ਨੂੰ ਅੰਸ਼ਕ ਰੂਪ (ਵੱਖਰੇ-ਵੱਖਰੇ ਨਾਟਕਾਂ ਨੂੰ) ਵਿਚ ਵੀ ਵਿਸ਼ਲੇਸ਼ਣ-ਮੁਲਾਂਕਣ ਦੇ ਘੇਰੇ ਵਿਚ ਲਿਆ ਗਿਆ ਹੈ। ਇਸ ਅਧੀਨ ਸਰਵ ਪ੍ਰਥਮ ਸਵਰਾਜਬੀਰ ਨਾਟ-ਸਿਰਜਨਾ ਦੇ ਪ੍ਰਮੁੱਖ ਅੰਸ਼ ਕ੍ਰਿਸ਼ਨ ਨੂੰ ਵਿਭਿੰਨ ਵਿਧਾਵਾਂ ਦੇ ਆਲੋਚਕਾਂ ਵੱਲੋਂ ਆਪਣੇ ਅਧਿਐਨ ਖੇਤਰ ਵਿਚ ਲਿਆ ਹੈ, ਜਿਸ ਦੇ ਅੰਤਰਗਤ ਤੇਜਵੰਤ ਸਿੰਘ ਗਿੱਲ ਦਾ ਆਲੋਚਨਾਤਿਮਕ-ਮਜ਼ਮੂਨ ਨਾਟਕ ਕ੍ਰਿਸ਼ਨ ਦੀਆਂ ਅੰਤਰੀਵ ਪਰਤਾਂ ਧਿਆਨਦੇਣ-ਯੋਗ ਤੇ ਸਿਰਨਾਤਮਿਕ ਨਿਬੰਧ ਹੈ। ਇਹ ਨਿਬੰਧ ਆਪਣੀ ਆਧਾਰ ਭੂਮੀ ਇਤਾਵਲੀ ਚਿੰਤਕ ਅਨਾਤੋਲ ਗ੍ਰਾਮਸ਼ੀ (Antonio Grahmsci) ਦੇ ਸਿਧਾਂਤਕ-ਚਿੰਤਨ ਨੂੰ ਅਵਚੇਤਨੀ ਧਰਾਤਲ ਉੱਤੇ ਕਾਰਜਸ਼ੀਲ ਕਰਦਾ ਹੋਇਆ ਸੁਬੋਧ ਤੇ ਲੋਕ-ਬੋਧ ਦੇ ਅੰਤਰ ਵਿਚੋਂ ਕ੍ਰਿਸ਼ਨ ਦੀ ਸਥਾਪਿਤ ਤੇ ਵਿਸਥਾਪਿਤ ਹੁੰਦੇ ਪ੍ਰਤੀਰੂਪ ਨੂੰ ਭਾਰਤੀ ਸਾਹਿਤ ਪਰੰਪਰਾ ਤੇ ਸਭਿਆਚਾਰਕ ਸਪੇਸ ਵਿਚੋਂ ਤਲਾਸ਼ਦਾ ਹੈ। ਅਜਿਹਾ ਕਰਦੇ ਸਮੇਂ ਗ੍ਰਾਮਸ਼ੀ ਦਾ ਹੈਜਮਨੀ (hegemony) ਦਾ ਸੰਕਲਪ ਅਤੇ ਦਵੰਦਾਤਿਮਕ-ਇਤਿਹਾਸਕ ਦ੍ਰਿਸ਼ਟੀ ਸਦਾ ਉਸਦੇ ਚਿੰਤਨ ਦੇ ਅਵਚੇਤਨੀ ਧਰਾਤਲ ਵਿਚੋਂ ਆਪਣੀ ਕਨਸੋਈਆਂ ਦਿੰਦੀ ਹੈ। ਇਸ ਦਾ ਇਕ ਪ੍ਰਮਾਣ ਕ੍ਰਿਸ਼ਨ ਨਾਟਕ ਦੀਆਂ ਅੰਤਰੀਵ ਪਰਤਾਂ ਫਰੋਲਦੇ ਹੋਏ ਸੁਪਨੇ ਦੀ ਵਿਆਖਿਆ ਸਮੇਂ ਨਜ਼ਰਸਾਨੀ ਹੁੰਦੀ ਹੈ, ਜਿਸ ਅਧੀਨ ਤੇਜਵੰਤ-ਆਲੋਚਨਾ ਸੁਪਨੇ ਦੀ ਵਿਆਖਿਆ ਲਈ ਫਰਾਇਡਵਾਦੀ ਚਿੰਤਨ ਦੀ ਟੇਕ ਲੈਣ ਦੀ ਬਜਾਇ ਆਪਣੀ ਵਿਚਾਰਧਾਰਕ ਸਪੱਸ਼ਟਤਾ ਕਾਰਨ ਸੁਪਨੇ ਦੇ ਸਰੂਪ ਤੇ ਸੁਭਾਅ ਨੂੰ ਦਵੰਦਾਤਿਮਕ-ਇਤਿਹਾਸ ਨਜ਼ਰੀਏ ਤੋਂ ਸਮਝ ਵੱਲ ਤੁਰਦੀ ਹੈ ਅਤੇ ਸੁਪਨੇ ਦੀ ਭੂਮੀ ਨੂੰ ਆਦਰਸਕ/ਭ੍ਰਮਕ ਸਥਿਤੀ ਵਜੋਂ ਹੀ ਸਪੱਸ਼ਟ ਕਰਦੀ ਹੈ।3 ਇਸ ਨਾਲ ਤੇਜਵੰਤ-ਆਲੋਚਨਾ ਸਵਰਾਜਬੀਰ ਨਾਟ-ਸਿਰਜਨਾ ਦੀਆਂ ਅੰਤਰੀਵ ਪਰਤਾਂ ਨੂੰ ਵਿਚਾਰਧਾਰਕ ਸਪੱਸ਼ਟਤਾ ਤੇ ਸੰਤੁਲਿਨਤਾ ਦੁਆਰਾ ਕਰਦੀ ਹੈ।
ਇਸ ਦੇ ਨਾਲ ਹੀ ਡਾ. ਸਰਬਜੀਤ ਸਿੰਘ ਨੇ ਆਪਣੇ ਆਲੋਚਨਾਤਿਮਕ-ਨਿਬੰਧ ਕ੍ਰਿਸ਼ਨ : ਰਾਜਨੀਤਕ ਪ੍ਰਵਚਨ ਅਧੀਨ ਵੀ ਸਵਰਾਜਬੀਰ ਨਾਟ-ਸਿਰਜਨਾ ਦੇ ਅਧਿਐਨ ਲਈ ਦਵੰਦਾਤਮਿਕ-ਇਤਿਹਾਸਵਾਦੀ ਦਰਸ਼ਨ ਦੀ ਸਹਾਇਤਾ ਲਈ ਹੈ। ਜਿਸ ਦੇ ਅੰਤਰਗਤ ਸਿਧਾਂਤ ਤੋਂ ਸਫ਼ਰ ਆਰੰਭ ਕਰਦਿਆਂ ਸਰਬਜੀਤ-ਆਲੋਚਨਾ ਰਾਜਨੀਤਿਕ ਚੇਤਨਾ ਤੋਂ ਆਰਥਿਕਤਾ ਅਤੇ ਆਰਥਿਕਤਾ ਤੋਂ ਭਵਿੱਖਮੁੱਖੀ ਵਿਕਾਸਮੁੱਖੀ-ਪਰਿਵਰਤਨ ਦੀ ਸੋਝੀ ਨੂੰ ਪਾਠ ਵਿਚੋਂ ਪਹਿਚਾਨਣ ਦਾ ਯਤਨ ਕਰਦਾ ਹੈ ਅਤੇ ਨਾਲ ਹੀ ਹੈਜਮਨੀਕਲ ਸਥਿਤੀ (hegemony situation) ਨੂੰ ਵੀ ਆਪਣੀ ਦ੍ਰਿਸ਼ਟੀ ਅਧੀਨ ਲਿਆਉਂਦਾ ਹੈ। ਪ੍ਰੰਤੂ ਇਥੇ ਸਰਬਜੀਤ-ਆਲੋਚਨਾ ਦੀ ਸਮੱਸਿਆ ਮਿਥਿਹਾਸ ਨੂੰ ਇਤਿਹਾਸ ਨਾਲੋਂ ਨਿਖੇੜਦਿਆਂ ਹੋਇਆ, ਮਿਥਿਹਾਸ ਨੂੰ ਕਾਲਪਨਿਕ/ਵਿਸ਼ਵਾਸ ਅਧਾਰਿਤ ਅਤੇ ਇਤਿਹਾਸ ਨੂੰ ਤੱਥ ਅਧਾਰਿਤ ਕਿਆਸ ਕਰਨ ਵਿਚ ਨਿਸਚਿਤ ਹੈ, ਜਿਸ ਕਾਰਨ ਸਰਬਜੀਤ-ਆਲੋਚਨਾ ਦੀ ਮਕਾਨਕੀ ਪਦਾਰਥਵਾਦੀ ਦ੍ਰਿਸ਼ਟੀ ਇਸ ਨੁਕਤੇ ਤੋਂ ਆਵੇਸਲੀ ਹੈ ਕਿ ਇਤਿਹਾਸ ਲਿਖਣ ਦਾ ਮੌਜੂਦਾ ਦਸਤਾਵੇਜੀ ਪੈਟਰਨ ਪੱਛਮੀ ਸਭਿਅਤਾ ਤੋਂ ਉਧਰਿਤ/ਆਰੋਪਿਤ ਕੀਤਾ ਗਿਆ ਹੈ, ਜਦੋਂ ਕਿ ਭਾਰਤੀ ਪ੍ਰਸੰਗ ਵਿਚ ਇਤਿਹਾਸ ਲਿਖਣ ਦਾ ਕਾਰਜ ਤਤਕਾਲੀਨ ਸਥਿਤੀਆਂ/ਪ੍ਰਸਥਿਤੀਆਂ ਨੂੰ ਸਿਰਜਨਾਤਿਮਕ ਬਿਰਤਾਂਤਕ ਰੂਪ ਅਧੀਨ ਕੋਡਿਡ (coded) ਕਰਨ ਦਾ ਹੈ। ਇਸ ਪ੍ਰਸੰਗ ਵਿਚ ਦਰਕਾਰ ਇਨ੍ਹਾਂ ਕੋਡਾਂ ਨੂੰ ਸੁਬੋਧ ਧਾਰਨੀ ਜੈਵਿਕ ਬੁੱਧੀਜੀਵੀਆਂ (organic intellectuals) ਵੱਲੋਂ ਡੀਕੋਡ ਕਰਨ ਦੀ ਮੰਗ ਕਰਦਾ ਹੈ, ਪ੍ਰੰਤੂ ਸਿਧਾਂਤਕ ਪੱਧਰ ਤੇ ਇਸ ਨੁਕਤੇ ਦੇ ਸੁਚੇਤ ਪੱਧਰ ਤੋਂ ਨਿਰਲੇਪ ਹੈ।4
ਪ੍ਰੰਤੂ ਉਪਰੋਕਤ ਸਿਧਾਂਤਕ ਵਿਸੰਗਤੀ ਦੇ ਬਾਵਜੂਦ ਸਰਬਜੀਤ-ਆਲੋਚਨਾ ਸਵਰਾਜਬੀਰ ਨਾਟ-ਸਿਰਜਨਾ ਦੇ ਰਾਜਨੀਤਿਕ ਪ੍ਰਵਚਨ ਦੇ ਲੁਪਤ ਤੇ ਮਹੀਨ ਬਿੰਦੂਆਂ ਤੇ ਆਧਾਰ ਤੱਤਾਂ ਨੂੰ ਪਹਿਚਾਨਣ ਵਿਚ ਸਫ਼ਲ ਰਹੀ ਹੈ, ਜਿਸ ਸਫ਼ਲਤਾ ਅਧੀਨ ਸਰਬਜੀਤ-ਆਲੋਚਨਾ ਰਾਜਨੀਤਿਕ ਮੁਕਤੀ ਦੇ ਪ੍ਰਵਚਨ ਨੂੰ ਉਭਾਰਦੀ, ਅਤੀਤ ਦੇ ਅਧਿਐਨ ਵਿਚ ਵਰਤਮਾਨ ਨੂੰ ਸਮਝਦੀ ਹੈ। ਇਸ ਪ੍ਰਕਾਰ ਦਾ ਯਤਨ ਹੀ ਅਗਲੇਰੇ ਮਜ਼ਮੂਨ ਨਾਟਕ ਕ੍ਰਿਸ਼ਨ : ਮਿੱਥ ਦਾ ਵਿਸਥਾਪਨ ਵਿਚ ਡਾ. ਓਮਾ ਸੇਠੀ ਕਰਦੀ ਨਜ਼ਰੀ ਪੈਂਦੀ ਹੈ, ਜੋ ਪੂਰਵਲੇ ਮਜ਼ਮੂਨਾਂ ਦਾ ਅਨੁਕਰਨ ਕਰਦੀ ਪ੍ਰਤੀਤ ਹੁੰਦੀ ਹੈ ਅਤੇ ਇਨ੍ਹਾਂ ਨਿਬੰਧਾਂ ਦੇ ਵਿਧਾਨ ਵਿਚ ਭਾਵੇਂ ਅੰਤਰ ਦ੍ਰਿਸ਼ਟੀਗੋਚਰ ਹੁੰਦਾ ਹੈ, ਪ੍ਰੰਤੂ ਦ੍ਰਿਸ਼ਟੀ, ਵਿਧੀ ਤੇ ਵਸਤੂ ਦੀ ਸਾਂਝ ਇਸ ਪੱਧਰ ਤੱਕ ਹੈ ਕਿ ਇਹ ਨਿਬੰਧ ਕਈ ਧਾਰਨਾਵਾਂ ਵਿਚ ਇਕ-ਦੂਜੇ ਦਾ ਪ੍ਰਤੀਰੂਪ ਜਾਪਦੇ ਹਨ।5
ਇਸ ਤੋਂ ਅੱਗੇ ਸਵਰਾਜਬੀਰ ਨਾਟ-ਸਿਰਜਨਾ ਦੀ ਅਧਿਐਨ-ਵਿਸ਼ਲੇਸ਼ਣ ਕਰਦੀ ਸੰਬੰਧਿਤ ਪੁਸਤਕ ਸਵਰਾਜਬੀਰ ਨਾਟ-ਸਿਰਜਨਾ ਦੇ ਦੂਜੇ ਮਹੱਤਵਪੂਰਨ ਪਾਸਾਰ 'ਧਰਮ ਗੁਰੂ' ਦਾ ਪੰਜ ਆਲੋਚਨਾਤਮਿਕ-ਮਜ਼ਮੂਨਾਂ ਅਧੀਨ ਮੁਲਾਂਕਣ ਕਰਦੀ ਹੈ। ਇਸ ਅਧੀਨ ਸ਼ਾਂਤੀ ਦੇਵ ਦੁਆਰਾ ਰਚਿਤ ਧਰਮ ਗੁਰੂ : ਕਥਾਵਸਤੂ ਦੀ ਪੁਨਰ ਸਿਰਜਣਾ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਸ ਦੇ ਅੰਤਰਗਤ ਸ਼ਾਂਤੀ ਦੇਵ ਨੇ ਭਾਰਤੀ ਮਿੱਥ ਸਿਰਜਣਾ ਦਾ ਬਿਆਨ ਕਰਦਿਆਂ ਇਸ ਦੀ ਪੁਨਰ-ਸਿਰਜਣਾ ਦੀ ਗੱਲ ਕੀਤੀ ਹੈ ਅਤੇ ਸਾਹਿਤ-ਸਿਰਜਨਾ ਦੀਆਂ ਵਿਸ਼ੇਸ਼ ਰੂਪਾਗਤ ਸੀਮਾਵਾਂ ਕਾਰਨ ਤਬਦੀਲ ਹੁੰਦੇ ਸੁਭਾਅ ਤੇ ਸਰੂਪ ਨੂੰ ਆਪਣੀ ਅਧਿਐਨ ਦ੍ਰਿਸ਼ਟੀ ਅਧੀਨ ਲਿਆਂਦਾ ਹੈ। ਇਸ ਦੇ ਨਾਲ ਹੀ ਚਮਨ ਲਾਲ ਨੇ 'ਧਰਮ ਗੁਰੂ' ਦੀ ਪਿਠਭੂਮੀ ਦੀ ਤਲਾਸ਼ ਕਰਦਿਆਂ ਬ੍ਰਾਹਮਵਾਦੀ ਕਰਦਾਂ-ਕਿਮਤਾਂ ਦੀ ਨਿਸ਼ਾਨਦੇਹੀ ਦੁਆਰਾ ਦਲਿਤ ਦ੍ਰਿਸ਼ਟੀ ਦੀ ਪਹਿਚਾਣ ਦੀ ਦਿਸ਼ਾ ਵਿਚ ਸਫ਼ਰ ਕੀਤਾ ਹੈ ਅਤੇ ਆਧੁਨਿਕ ਯੁੱਗ ਦੀਆਂ ਅੰਤਰ-ਸੰਬੰਧਿਤ ਕਦਰਿਆਂ ਕਥਾ ਦੀ ਪੁਨਰ-ਵਿਆਖਿਆ ਨੂੰ ਸਿਧਾਂਤ ਪੱਧਰ ਉੱਤੇ ਵਿਚਾਰਨ ਦਾ ਯਤਨ ਕੀਤਾ ਹੈ। ਪ੍ਰੰਤੂ ਇਸ ਮਜ਼ਮੂਨ ਦੀ ਸਮੱਸਿਆ ਸੰਕਲਪ ਦੀ ਅਸਪੱਸ਼ਟਤਾ ਵਿਚ ਦਿਖਾਦੀ ਦਿੰਦੀ ਹੈ, ਜਿਸ ਦੇ ਅੰਤਰਗਤ ਦਲਿਤ-ਦ੍ਰਿਸ਼ਟੀ ਤੇ ਪ੍ਰਗਤੀਵਾਦੀ-ਦ੍ਰਿਸ਼ਟੀ ਨੂੰ ਨਿਖੇੜਨ ਦਾ ਭ੍ਰਮਕ ਯਤਨ ਵੀ ਸਾਹਮਣੇ ਆਉਂਦਾ ਹੈ। ਇਸ ਭ੍ਰਮਕ ਯਤਨ ਨੂੰ ਤੋੜਨ ਦਾ ਕਾਰਜ ਸਰਬਜੀਤ ਸਿੰਘ ਨੇ ਆਪਣੇ ਆਲੋਚਨਾਤਮਿਕ ਪੱਤਰ ਧਰਮ ਗੁਰੂ : ਪਾਪ ਅਤੇ ਪੁੰਨ ਦਵੰਦ ਵਿਚ ਕੀਤਾ ਹੈ ਅਤੇ ਜਿਸ ਨੂੰ ਸਤਿੰਦਰ ਸਿੰਘ ਨੂਰ ਨੇ ਧਰਮ ਗੁਰੂ : ਪੰਜਾਬੀ ਨਾਟਕ ਦੇ ਵਿਧੀ-ਵਿਧਾਨ ਦੀ ਤਲਾਸ਼ ਅਧੀਨ ਨਵੀਨ ਪਰਿਪੇਖ ਪ੍ਰਦਾਨ ਕੀਤੇ ਹਨ।ਇਸ ਅਧੀਨ ਨੂਰ ਆਲੋਚਨਾ ਨੇ ਅੰਤਰ-ਅਨੁਸ਼ਾਸ਼ਨੀ ਪਹੁੰਚ ਵਿਧੀ ਦੁਆਰਾ ਧਰਮ ਗੁਰੂ ਦੀ ਵਸਤੂ ਤੇ ਵਿਧੀ ਨੂੰ ਸਮੁੱਚੇ ਰੂਪ ਵਿਚ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦਿਆਂ, ਭਾਰਤੀ ਬਿਰਤਾਂਤ ਦੇ ਪ੍ਰਸੰਗ ਵਿਚੋਂ ਪਹਿਚਾਨਣ ਦਾ ਉਪਰਾਲਾ ਕੀਤਾ ਅਤੇ ਸਵਰਾਜਬੀਰ ਦੇ ਨਾਟਕਾਂ ਦੇ ਅੰਤਰ-ਸੰਬੰਧਾਂ ਨੂੰ ਵੀ ਆਪਣੇ ਅਧਿਐਨ ਖੇਤਰ ਅਧੀਨ ਲਿਆ ਹੈ।ਅਜਿਹਾ ਕਦੇ ਸਮੇਂ ਨੂਰ-ਆਲੋਚਨਾ ਪੱਛਮੀ ਤੇ ਭਾਰਤੀ ਨਾਟ-ਵਿਧੀਆਂ ਦੇ ਅੰਤਰ-ਸੰਬੰਧ ਤੇ ਭਾਰਤੀ ਨਾਟ-ਸਿਰਜਨਾ ਦੇ ਅੰਦਰਲੇ-ਸੰਬੰਧਾਂ ਨੂੰ ਕੇਂਦਰ ਬਿੰਦੂ ਬਣਾਉਂਦੀ, ਸਵਰਾਜਬੀਰ ਨਾਟ-ਸਿਰਜਨਾ ਦੀ ਮੌਲਿਕਤਾ ਨੂੰ ਉਭਾਰਦੀ ਹੈ।6
ਸੰਬੰਧਿਤ ਪੁਸਤਕ ਇਸ ਅਧਿਐਨ ਤੋਂ ਅੱਗੇ ਖਿਸਕਦੀ ਸਵਰਾਜਬੀਰ ਨਾਟ-ਸਿਰਜਨਾ ਦੇ ਤੀਜੇ ਪਾਸਾਰ 'ਮੇਦਨੀ' ਵੱਲ ਤੁਰਦੀ ਹੈ, ਜਿਸ ਦੇ ਅੰਤਰਗਤ ਪਹਿਲਾਂ ਭਾਰਤੀ-ਮਿੱਥ ਪਰੰਪਰਾ ਦੀ ਕਥਾਮੂਲਕ ਵਿਆਖਿਆ ਕਰਦਾ, ਮੇਦਨੀ ਦਾ ਸਮੱਸਿਆਕਾਰ ਪਰਮਿੰਦਰ ਸਿੰਘ ਦਾ ਇਕ ਮਹੱਤਵਪੂਰਨ ਤੇ ਮਾਇਨੇਖੇਜ ਨਿਬੰਧ ਹੈ। ਭਾਰਤੀ ਮਿੱਥ-ਦਰਸ਼ਨ ਦੀ ਸਮਝ ਵਿਚ ਮਜ਼ਮੂਨ ਦੇ ਆਰ-ਪਾਰ ਫੈਲੀ ਹੋਈ ਹੈ ਅਤੇ ਖੋਜਮੂਲਕ ਗ੍ਰਹਿਨ ਦ੍ਰਿਸ਼ਟੀ ਇਸ ਮਜ਼ਮੂਨ ਦੇ ਸਦਾ ਅੰਗ-ਸੰਗ ਨਜ਼ਰੀ ਪੈਂਦੀ ਹੈ। ਇਸ ਕਾਰਨ ਹੀ ਸਮੁੱਚੇ ਆਲੋਚਨਾਤਮਿਕ ਨਿਬੰਧ ਵਿਚ ਮੇਦਨੀ ਤੋਂ ਪ੍ਰਿਥਵੀ ਬਣਨ ਦੀ ਯਾਤਰਾ ਤੇ ਔਰਤ ਦੇ ਅਸਿਸਤਵੀ ਮਸਲਿਆਂ ਤੱਕ ਅੰਤਰ-ਵਿਖਿਆਖਿਆ ਇਸ ਨਿਬੰਧ ਵਿਚ ਗਿਆਨਮੂਲਕ ਸਰੋਕਾਰਾਂ ਦੇ ਰੂਪ ਵਿਚ ਸਮਲਿਤ ਹੁੰਦੀ ਹੈ। ਇਸ ਦੇ ਪ੍ਰਮਾਣ ਸਰੂਪ ਇਸ ਨਿਬੰਧ ਵਿਚ ਧਿਆਨ ਦਾ ਸੰਘਣਾਪਨ/ਗੰਭੀਰਤਾ ਤੇ ਦ੍ਰਿਸ਼ਟੀ ਦੀ ਗਹਿਨਤਾ ਦਾ ਪ੍ਰਵੇਸ਼ ਹੁੰਦਾ, ਇਸ ਨਿਬੰਧ ਨੂੰ ਵਿਸ਼ੇਸ਼ ਅਰਥਾਂ ਦਾ ਧਾਰਨੀ ਬਣਾਉਂਦਾ ਹੈ। ਇਸ ਦਾ ਹੀ ਇਕ ਪਾਸਾਰ ਸਰਜਬੀਤ ਸਿੰਘ ਦੇ ਮਜ਼ਮੂਨ ਮੇਦਨੀ : ਧਰਮ, ਸੱਤਾ ਅਤੇ ਸਿਆਸਤ ਦੀ ਵਿਆਕਰਣ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਜਿਸ ਅਧੀਨ ਸਰਬਜੀਤ-ਆਲੋਚਨਾ ਆਪਣੀ ਮਾਰਕਸਵਾਦੀ ਦ੍ਰਿਸ਼ਟੀ ਦੇ ਘੇਰੇ ਦੇ ਅੰਤਰਗਤ ਹੀ ਵਿਚਰਦੀ ਹੋਈ ਮੇਦਨੀ ਦੀ ਮਿੱਥ-ਕਥਾ ਤੋਂ ਨਾਰੀ ਦੀ ਹੋਂਦ ਤੇ ਹੋਣੀ ਦੇ ਬਿਰਤਾਂਤ ਵੱਲ ਵੱਧਦਾ, ਇਸ ਨੂੰ ਸਮਾਜਿਕ-ਆਰਥਿਕ ਸਿਆਸਤ ਤੇ ਸੱਤਾ ਨਾਲ ਜੜਦਾ ਹੈ। ਇਸ ਪ੍ਰਕਿਰਿਆ ਅਧੀਨ ਸਰਬਜੀਤ-ਆਲੋਚਨਾ ਸੱਤਾ ਦੇ ਦਮਨ ਤੇ ਸ਼ਕਤੀ ਦੇ ਜਬਰ ਸਦਾ ਆਪਣੇ ਚਿੰਤਨ ਦੇ ਕੇਂਦਰ ਵਿਚ ਰੱਖਦੀ ਹੈ।7
ਇਸ ਵਿਚਾਰ ਨੂੰ ਹੀ ਡਾ. ਮਨਮੋਹਨ ਦਾ ਮਜ਼ਮੂਨ ਮੇਦਨੀ : ਸਮ-ਸਾਮਿਅਕਤਾ ਦਾ ਮਿਥਕ ਵਸਤੂਕਰਣ ਹੈ, ਜੋ ਸੱਤਾ-ਸ਼ਕਤੀ ਦੇ ਪ੍ਰਵਚਨ ਨੂੰ ਸਮਝਦਾ-ਸਮਝਾਉਂਦਾ ਹੋਇਆ, ਭਾਰਤੀ ਨਿਆਇ ਵਿਵਸਥਾ ਤੇ ਭਾਰਤੀ ਸਮਾਜ ਵਿਚਲੀ ਔਰਤ ਦੀ ਸਥਿਤੀ ਦੇ ਅਧਿਐਨ-ਵਿਸ਼ਲੇਸ਼ਣ ਦੇ ਨਾਲ-ਨਾਲ ਮੇਦਨੀ ਨਾਟ-ਸਿਰਜਨਾ ਦੇ ਇਕਹਿਰੀ ਸੰਬੰਧਿਤਾ ਦੇ ਨੁਕਤੇ ਨੂੰ ਉਭਾਰਦਾ ਹੈ ਅਤੇ ਹੋਰਨਾਂ ਮਜ਼ਮੂਨਾਂ ਤੋਂ ਵਿੱਥ ਸਥਾਪਿਤ ਕਰਦਾ, ਨਾਟ-ਸਿਰਜਨਾ ਦੀ ਵਿਸੰਗਤੀਆਂ ਨੂੰ ਕੇਂਦਰ ਵਿਚ ਲਿਆਉਂਦਾ ਹੈ। ਇਹ ਸੰਬੰਧਿਤ ਪੁਸਤਕ ਵਿਚ ਸੰਖੇਖ ਆਕਾਰ ਤੇ ਸੰਬਾਦੀ ਸੁਭਾਅ ਵਾਲਾ ਪ੍ਰਥਮ ਮਜ਼ਮੂਨ ਹੈ।ਇਸ ਤੋਂ ਅੱਗੇ ਉਪਰੋਕਤ ਆਲੋਚਕਾਂ ਸਤਿੰਦਰ ਸਿੰਘ ਨੂਰ ਸ਼ਾਇਰੀ ਦਾ ਪਰਿਪੇਖ, ਡਾ. ਮਨਮੋਹਨ ਸ਼ਬਦ ਦੇ ਹੋਂਦ ਦੇ ਸੰਘਰਸ਼ ਦਾ ਪ੍ਰਵਚਨ : ਸ਼ਾਇਰੀ ਤੇ ਸਰਬਜੀਤ ਸਿੰਘ ਵਿਪਰੀਤ ਦੀ ਰੀਤ : ਸ਼ਾਇਰੀ ਦੇ ਆਲੋਚਨਾਤਮਿਕ-ਮਜ਼ਮੂਨ ਹੀ ਸਰਵਰਾਜਬੀਰ ਨਾਟ-ਚਿੰਤਨ ਦੇ ਅਗਲੇਰੇ ਪਾਸਾਰ ਸ਼ਾਇਰੀ ਦਾ ਵਿਸ਼ਲੇਸ਼ਣ-ਮੁੱਲਾਂਕਣ ਕਰਦੇ ਹਨ। ਇਨ੍ਹਾਂ ਮਜ਼ਮੂਨਾਂ ਦੇ ਅੰਤਰਗਤ ਵੀ ਉਪਰੋਕਤ ਆਲੋਚਕਾਂ ਨਿਸ਼ਚਿਤ ਆਲੋਚਨਾ ਦ੍ਰਿਸ਼ਟੀ ਤੇ ਵਿਧੀ ਨੂੰ ਵੇਖਿਆ ਜਾ ਸਕਦਾ ਹੈ, ਭਿੰਨਤਾ ਸਿਰਫ਼ ਵਸਤੂ ਦੇ ਪੱਧਰ 'ਤੇ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ।
ਇਸ ਪ੍ਰਕਾਰ ਸਮੁੱਚੇ ਰੂਪ ਵਿਚ ਮਿੱਥ ਅਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ) ਸਮੁੱਚੇ ਰੂਪ ਵਿਚ ਵਿਭਿੰਨ ਆਲੋਚਨਾਤਮਿਕ ਦ੍ਰਿਸ਼ਟੀਆਂ ਵਾਲੇ ਵਿਭਿੰਨ ਪੰਜਾਬੀ ਆਲੋਚਕਾਂ ਦੇ ਮਜ਼ਮੂਨਾਂ ਸਪੇਸ ਸਿਰਜਦੇ ਹਨ, ਜੋ ਸਵਰਾਜਬੀਰ ਨਾਟ-ਸਿਰਜਨਾ ਦੀਆਂ ਗ੍ਰਹਿਨ ਪਰਤਾਂ/ਪਸਾਰਾਂ ਨੂੰ ਗੰਭੀਰ ਤੇ ਵਿਭਿੰਨ ਦ੍ਰਿਸ਼ਟੀਆਂ ਨਾਲ ਅਗ੍ਰਭੂਮਿਤ ਕਰਦੇ ਹਨ। ਇਸ ਪੁਸਤਕ ਦੀ ਅਹਿਮ ਪ੍ਰਾਪਤ ਭਾਰਤੀ ਮਿੱਥ/ਇਤਿਹਾਸ ਦੀ ਰਹਿਨੁਮਾਈ ਦੁਆਰਾ ਸਵਰਾਜਬੀਰ ਨਾਟ-ਸਿਰਜਨਾ ਨੂੰ ਵੇਖਣ ਵਿਚ ਨਿਹਿਤ ਹੈ, ਜਿਸ ਅਧੀਨ ਪੱਛਮੀ ਸਿਧਾਂਤ ਚੇਤਨਾ ਦਾ ਮਕਾਨਕੀ ਰੂਪ (ਜੋ ਵਧੇਰੇ ਪੰਜਾਬੀ ਆਲੋਚਨਾ ਵਿਚ ਵਿਖਦਾ ਹੈ) ਸਵਰਾਜਬੀਰ ਨਾਟ-ਸਿਰਜਨਾ ਉੱਤੇ ਜਬਰੀ ਆਰੋਪਿਤ ਕਰਨਾ ਕਰਨ ਦੀ ਬਜਾਇ ਪੰਜਾਬੀ/ਭਾਰਤੀ ਨਾਟ-ਚਿੰਤਨ ਤੋਂ ਅੰਤਰ-ਦ੍ਰਿਸ਼ਟੀਆਂ ਗ੍ਰਹਿਣ ਕਰਦੇ ਹਨ। ਨਿਰਸ਼ੰਦੇਹ, ਇਸ ਪੁਸਤਕ ਪੰਜਾਬੀ ਨਾਟ-ਚਿੰਤਨ ਦੀ ਪਰੰਪਰਾ ਤੇ ਪ੍ਰਵਾਹ ਵਿਚ ਮਹੱਤਵਪੂਰਨ ਵਾਧਾ ਹੈ।

ਹਵਾਲੇ ਤੇ ਟਿੱਪਣੀਆਂ :
1. ''(ਸਵਰਾਜਬੀਰ ਦੇ) ਨਾਟਕ ਜਿਥੇ ਸੰਰਚਨਾ ਪੱਖੋਂ ਜਟਿਲ ਹਨ ਉਥੇ ਵਿਚਾਰਧਾਰਕ ਦ੍ਰਿਸ਼ਟੀ ਤੋਂ ਭਾਰਤੀ ਇਤਿਹਾਸ-ਮਿਥਿਹਾਸ ਦੀਆਂ ਤੰਦਾਂ ਵਿਚੋਂ ਵਿਵਸਥਾਈ ਤੱਤਾਂ ਦੀ ਪਛਾਣ ਕਰਕੇ ਅਜੋਕੇ ਸਮਾਜ ਵਿਚ ਫੈਲੇ ਦਮਨ ਅਤੇ ਸੋਸ਼ਣ ਨੂੰ ਉਭਾਰਦੇ ਹੋਏ ਮਿੱਥ ਦਾ ਪੁਨਰ ਸਿਰਜਣ ਨਹੀਂ ਸਗੋਂ ਨਵ-ਸਿਰਜਨ ਕਰਦੇ ਹਨ। ਇਹੋ ਨਵ-ਸਿਰਜਨਾ ਵਰਤਮਾਨ ਵਿਚ ਪ੍ਰਸੰਗਿਕ ਗ੍ਰਹਿਣ ਕਰਦਾ ਹੈ।'' ਸਰਬਜੀਤ ਸਿੰਘ (ਸੰਪਾ.),ਮਿੱਥ ਅਤੇ ਵਰਤਮਾਨ (ਸਵਰਾਜਬੀਰ ਦਾ ਨਾਟ-ਪਰਿਪੇਖ), ਗੁਰਇਕਬਾਲ ਸਿੰਘ, 'ਸਵਰਾਜਬੀਰ ਦੇ ਨਾਟਕ : ਮਿੱਥ ਦਾ ਨਵ-ਸਿਰਜਣ', ਪੰਨਾ-35
2. ''ਉਹ (ਸਵਰਾਜਬੀਰ) ਵਿਚਾਰ ਨੂੰ ਨਾਟਕਾਂ ਵਿਚ ਪੇਸ਼ ਕਰਦੇ ਹੋਏ ਕਲਾਤਮਕ ਜੁਗਤਾਂ ਦੀ ਸੁਚੇਤ ਵਰਤੋਂ ਕਰਕੇ ਕਲਾਤਮਕ ਵਸਤ ਵਿਚ ਰੂਪਾਂਤਰਿਤ ਕਰਦਾ ਹੈ। ਪਾਤਰ੍ਹਾਂ ਦੇ ਲਾਊਡ ਹੋਣ ਦਾ ਵੀ ਵਿਚਾਰਧਾਰਾਈ ਤਰਕ ਨਾਟਕਾਂ ਦੀ ਟੈਕਸਟ ਵਿਚੋਂ ਉਭਾਰਦਾ ਹੈ।'' ਉਹੀ, ਰਜਨੀਸ਼ ਬਹਾਦਰ ਸਿੰਘ, 'ਸਵਰਾਜਬੀਰ ਦੇ ਨਾਟਕ : ਵਿਚਾਰਧਾਰਕ ਆਧਾਰ', ਪੰਨਾ-35
3. ''ਆਰੰਭ ਦੇ ਸਮੂਹ ਗਾਣ ਤੋਂ ਪ੍ਰਭਾਵ ਲਿਆ ਜਾ ਸਕਦਾ ਹੈ ਕਿ ਦ੍ਰਿਸ਼ ਸੁਪਨੇ ਦੀ ਨਿਆਈਂ ਹੈ, ਜਿਸ ਨੂੰ ਮਨੋਵਿਗਿਆਨਕ ਦੀ ਥਾਂ ਵਿਚਾਰਧਾਰਾ ਅਨੁਸਾਰ ਸਮਝਣਾ ਵਧੇਰੇ ਲਾਭਵੰਦ ਹੋ ਸਕਦਾ ਹੈ। ਇਸ ਪਰਖ ਤੋਂ ਸਿੱਧ ਹੋ ਜਾਂਦਾ ਹੈ ਕਿ ਇਹ ਸੁਪਨਾ ਤਾਂ ਦਰਅਸਲ ਭੁਲਾਵਾ ਹੈ, ਜਿਸ ਨੂੰ ਸੱਤਾਧਾਰੀ ਵਰਗ ਆਪਣੀ ਹਿੱਤ-ਪੂਰਤੀ ਖਾਤਰ ਸਾਧਾਰਣ ਜਨਤਾ ਨੂੰ ਦਬਾਉਣ ਅਤੇ ਕੁਚਲਣ ਲਈ ਵਰਤੋਂ ਵਿਚ ਲਿਆਉਂਦਾ ਆਇਆ ਹੈ।'' ਉਹੀ, ਤੇਜਵੰਤ ਸਿੰਘ ਗਿੱਲ,'ਨਾਟਕ ਕ੍ਰਿਸ਼ਨ ਦੀਆਂ ਅੰਤਰੀਵ ਪਰਤਾਂ', ਪੰਨਾ-83
4. ''(ਮਿੱਥ) ਵਿਚ ਦਰਸ਼ਨ, ਵਿਚਾਰਧਾਰਾ, ਤਰਕ ਅਤੇ ਕਲਪਨਾ ਦਾ ਅਦਭੁੱਤ ਮਿਸ਼ਰਣ ਹੁੰਦਾ ਹੈ। ਇਹ ਮਿਸ਼ਰਣ ਐਨਾ ਸੰਘਣਾ, ਜਟਿਲ, ਕਲਾਤਮਕ ਅਤੇ ਸੁਹਜ-ਭਰਪੂਰ ਹੁੰਦਾ ਹੈ ਕਿ ਇਹ ਇਤਿਹਾਸ ਦਾ ਭਰਮ ਸਿਰਜ ਦਿੰਦਾ ਹੈ।ਇਸ ਵਿਚ ਇਤਿਹਾਸਕ ਤੱਥ, ਤੱਤ ਅਤੇ ਤਰਕ ਭਾਵੇਂ ਕੁਝ ਵੀ ਨਾ ਹੋਵੇ ਪਰੰਤੂ ਵਿਸ਼ਵਾਸ਼/ਆਸਥਾ ਦਾ ਆਧਾਰ ਆਵੱਸ਼ਕ ਹੁੰਦਾ ਹੈ।'' ਉਹੀ, ਸਰਬਜੀਤ ਸਿੰਘ, 'ਕ੍ਰਿਸ਼ਨ : ਰਾਜਨੀਤਕ ਪ੍ਰਵਚਨ', ਪੰਨਾ-95
5. ''ਇਹ ਕਾਵਿ-ਨਾਟ ਦਾ ਵਿਸ਼ਾ-ਵਸਤੂ ਕ੍ਰਿਸ਼ਨ ਦੀ ਜੀਵਨ ਲੀਲ੍ਹਾ ਨਾਲ ਸੰਬੰਧ ਰਖਦਾ ਹੈ। ਲਾਡ ਲਡੰਦੇ ਬਾਲਕ, ਮਨਮੋਹਕ ਪ੍ਰੇਮੀ, ਸ਼ਕਤੀਸ਼ਾਲੀ ਸਾਸ਼ਕ ਅਤੇ ਜਾਣੀ-ਜਾਣ ਭਗਵਾਨ ਦੇ ਰੂਪ ਵਿਚ ਯੁਗਾਂ ਯੁਗ੍ਹਾਂਤਰ੍ਹਾਂ ਤੋਂ ਭਗਤੀ ਲੋਕ-ਬੋਧ ਵਿਚ ਕ੍ਰਿਸ਼ਨ ਦਾ ਸਥਾਨ ਸਰੱਖਿਅਤ ਆਇਆ ਹੈ।.....ਸਵਰਾਜਬੀਰ ਦੇ ਕਾਵਿ-ਨਾਟ ਵਿਚ ਵੀ ਕ੍ਰਿਸ਼ਨ ਅਨਾਇਕ ਵਜੋਂ ਹੀ ਪੇਸ਼ ਹੁੰਦਾ ਹੈ।'' ਉਹੀ, ਤੇਜਵੰਤ ਸਿੰਘ ਗਿੱਲ, 'ਨਾਟਕ ਕ੍ਰਿਸ਼ਨ ਦੀਆਂ ਅੰਤਰੀਵ ਪਰਤਾਂ', ਪੰਨਾ-79 ਤੇ 81
''ਪਰੰਪਰਾ ਵਿਚ ਕ੍ਰਿਸ਼ਨ ਮੱਖਣਚੋਰ ਜਾਂ ਰਾਸ ਲੀਲਾ ਵਿਚ ਵਧੇਰੇ ਅਰਥਵਾਨ ਬਣਦਾ ਹੈ ਅਤੇ ਸਮਾਜੀ ਰੂੜ੍ਹੀਗਤ ਰੂਪ ਵਿਚ ਪ੍ਰਮਾਤਮਾ ਬਣਦਾ ਹੈ ਤਾਂ ਸਵਰਾਜਬੀਰ ਉਸਨੂੰ ਛਣ/ਪਲ/ਵੇਰਵ੍ਹੇ/ਘਟਨਾ ਆਦਿ ਵਿਚੋਂ....ਪਛਾਣ ਰਿਹਾ।'' ਉਹੀ, ਸਰਬਜੀਤ ਸਿੰਘ,'ਕ੍ਰਿਸ਼ਨ : ਰਾਜਨੀਤਕ ਪ੍ਰਵਚਨ', ਪੰਨਾ-97
''ਕ੍ਰਿਸ਼ਨ ਨਾਟਕ ਵਿਚ ਉਸ ਨੇ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਰਾਸ ਲੀਲਾਵਾਂ ਜਾਂ ਕ੍ਰਿਸ਼ਨ-ਭਗਤੀ ਦੇ ਵੇਰਵਿਆਂ ਨੂੰ ਆਪਣੀ ਰਚਨਾ ਦੀ ਕਥਾ-ਵਸਤੂ ਨਹੀਂ ਬਣਾਇਆ।'' ਉਹੀ, ਓਮਾ ਸੇਠੀ,'ਨਾਟਕ ਕ੍ਰਿਸ਼ਨ : ਮਿੱਥ ਦਾ ਵਿਸਥਾਪਨ', ਪੰਨਾ-117
6. ''ਇਸ ਨਾਟਕ ਤੋਂ ਸਵਰਾਜਬੀਰ ਦੀ ਜੋ ਨਾਟਕੀ ਦ੍ਰਿਸ਼ਟੀ ਤੋਂ ਅਗੇਰੇ ਤੁਰਨ ਦੀ ਸਮੱਰਥਾ ਪ੍ਰਗਟ ਹੋਣੀ ਸ਼ੁਰੂ ਹੁੰਦੀ ਹੈ, ਉਸ ਦਾ ਸਰੋਕਾਰ ਨਾਟਕੀ ਵਿਧੀਆਂ ਨਾਲ ਹੈ। ਉਹ ਕਈ ਪਿਛਲੇ ਨਾਟਕਕਾਰਾਂ ਵਾਂਗ ਨਾਟ-ਵਿਧੀਆਂ ਕੇਵਲ ਪੱਛਮੀ ਦੀਆਂ ਵਿਧੀਆਂ ਚੋਂ ਨਹੀਂ ਤਲਾਸ਼ਦਾ, ਸਗੋਂ ਆਪਣੇ ਵਿਰਸੇ ਚੋਂ ਤਲਾਸ਼ਣ ਦਾ ਯਤਨ ਕਰਦਾ ਹੈ।.......ਅੰਤ ਤਕ ਪਹੁੰਚਦਿਆਂ ਬਰੈਖ਼ਤੀ ਵਿਧੀਆਂ ਵੀ ਨਾਟਕ ਵਿਚ ਰਚ ਮਿਚ ਗਈਆਂ ਹਨ, ਪਰ ਉਸ ਕਥਾ ਨੂੰ ਰੂਪਾਂਤ੍ਰਿਤ ਕਰਦਾ ਹੈ, ਜਿਸ ਨਾਲ ਉਹ ਭਾਰਤੀ ਮਨੁੱਖ ਦੇ ਅਵਚੇਤਨ ਤਕ ਇਕ ਲੀਕ ਪਾ ਸਕੇ।'' ਉਹੀ, ਸਤਿੰਦਰ ਸਿੰਘ ਨੂਰ, 'ਧਰਮ ਗੁਰੂ : ਪੰਜਾਬੀ ਨਾਟਕ ਦੇ ਵਿਧੀ-ਵਿਧਾਨ ਦੀ ਤਲਾਸ਼', ਪੰਨਾ-155
7. ਸਵਰਾਜਬੀਰ ਦਮਨ ਅਤੇ ਜ਼ਬਰ ਦੇ ਵਿਰੋਧ ਵਿਚ ਸੁੰਨ ਹੋ ਚੁੱਕੀਆਂ ਧਿਰਾਂ ਨੂੰ ਹਲੂਣਦਾ ਹੈ ਜੋ ਲਾਸ਼ ਬਣ ਗਈਆਂ ਹਨ। ਪ੍ਰਤੀਕਾਤਮਕ ਤੌਰ ਤੇ ਸਭ ਲਾਸ਼ਾਂ ਬਣਨ ਪਿੱਛੇ ਉਸਦਾ ਗੰਭੀਰ ਅਰਥ ਸਿਰਜਣ ਪਿਆ ਹੈ। ਇਕ ਤਾਂ ਸਿਸਟਮ ਨੇ ਲਾਸ਼ ਬਣਾ ਦਿਤੇ ਹਨ ਅਤੇ ਦੂਸਰੇ ਸਿਸਟਮ ਦੀ ਲਾਸ਼ ਹਨ।....ਬੁਰਜ਼ੂਆਂ ਡੈਮੋਕਰੇਸੀ ਅਤੇ ਤੰਤਰ-ਪ੍ਰਬੰਧ ਨੇ ਨਿਆਂਇਕ ਸ਼ਕਤੀਆਂ ਅਤੇ ਧਿਰਾਂ ਨੂੰ ਨਿਪੁੰਨਸਕ ਕਰਕੇ ਲਾਸ਼ ਵਿਚ ਤਬਦੀਲ ਕਰ ਦਿੱਤਾ ਹੈ। ਉਹੀ, ਸਰਜਬੀਤ ਸਿੰਘ, 'ਮੇਦਨੀ : ਧਰਮ, ਸੱਤਾ ਅਤੇ ਸਿਆਸਤ ਦੀ ਵਿਆਕਰਣ', ਪੰਨਾ-191

‘ਸਪਤ-ਸਿੰਧੂ-ਪੰਜਾਬ’ ਦੀ ਆਲੋਚਨਾਤਮਿਕ ਪੜ੍ਹਤ

  ‘ ਸਪਤ-ਸਿੰਧੂ-ਪੰਜਾਬ ’ ਦੀ ਆਲੋਚਨਾਤਮਿਕ ਪੜ੍ਹਤ ‘ ਸਪਤ-ਸਿੰਧੂ-ਪੰਜਾਬ ’ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਹਰੀਸ਼ ਜੈਨ ਹੋਰਾਂ ਵੱਲੋਂ ਸੰਪਾਦਤ ਅਹਿਮ ਪੁਸਤਕ ਹੈ, ਜਿਹੜੀ...