ਮਿਸ਼ੇਲ ਫੂਕੋ ਇਤਿਹਾਸ ਦਾ ਪਹਿਲਾ ਦਾਰਸ਼ਨਿਕ, ਜੋ ਏਂਡਸ ਦੇ ਵਾਇਰਸ ਦੇ ਨਤੀਜੇ ਵਜੋਂ ਮਰਿਆ ਗਿਆ, ਨੇ ਸਾਨੂੰ
ਮਹਾਂਮਾਰੀ ਦੇ ਰਾਜਨੀਤਿਕ ਪ੍ਰਬੰਧਨ ਦੇ ਵਿਚਾਰਾਂ ਦੇ ਕੁਝ ਪ੍ਰਭਾਵਸ਼ਾਲੀ ਉਪਕਰਣਾਂ ਨਾਲ ਜਾਣੂ
ਕਰਵਾਇਆ ਹੈ, ਜੋ ਉਗਰ ਅਤੇ ਗੈਰ-ਬਰਾਬਰੀ ਵਾਲੇ ਮਾਹੌਲ ਵਿੱਚ ਗਿਆਨ ਦੇ ਸੁਰੱਖਿਆਤ ਉਪਕਰਣਾਂ ਵਰਗੇ
ਹਨ। ਇਸ
ਸੰਦਰਭ ਵਿਚ ਫੂਕੋਡੀਅਨ-ਚਿੰਤਨ ਤੋਂ ਜੋ ਅਸੀਂ ਸਭ ਤੋਂ ਮਹੱਤਵਪੂਰਨ ਗੱਲ ਸਿੱਖੀ ਉਹ ਇਹ ਹੈ ਕਿ ਜੀਵਤ-ਦੇਹ
(living body) ਸਾਰੀਆਂ ਰਾਜਨੀਤੀਆਂ ਦੇ ਉਦੇਸ਼ਾਂ ਦਾ ਕੇਂਦਰ ਹੈ
ਅਤੇ ਕੋਈ ਅਜਿਹੀ ਰਾਜਨੀਤੀ ਨਹੀਂ ਜੋ ਦੇਹ ਕੇਂਦਰਿਤ ਨਾ ਹੋਵੇ। ਦੇਹ ਫੂਕੋ ਲਈ ਇਕਮਾਤਰ ਪਹਿਲਾਂ
ਮੌਜੂਦ ਜੈਵਿਕ-ਜੀਵ ਮਾਤਰ ਨਹੀਂ, ਜਿਸ ਉੱਤੇ ਸ਼ਕਤੀ ਕਾਰਜਸ਼ੀਲ ਹੁੰਦੀ ਹੈ ਜਾਂ ਅਭਿਆਸ ਵਿਚ ਆਉਂਦੀ
ਹੈ। ਸਗੋਂ ਫੂਕੋ ਲਈ ਸ਼ਕਤੀ ਦਾ ਕਾਰਜ ਦੇਹ ਨੂੰ
ਗੜਨਾ, ਇਸ ਨੂੰ ਕਾਰਜਸ਼ੀਲ ਕਰਨਾ, ਇਸ ਦੇ ਉਤਪਾਤਨ ਤੇ ਪ੍ਰਜਨਣ ਦੇ ਤਰੀਕਿਆਂ ਨੂੰ ਨਿਯਮਤ ਕਰਨਾ ਅਤੇ
ਪ੍ਰਵਚਨ ਦੇ ਉਨ੍ਹਾਂ ਤਰੀਕਿਆਂ ਨੂੰ ਪੁਨਰ-ਪਰਿਭਾਸ਼ਤ ਕਰਨਾ ਹੈ, ਜਿਨਾਂ ਦੁਆਰਾ ਦੇਹ ਨੂੰ ਉਦੋ ਤੱਕ
ਕਾਲਪਨਿਕ ਕੀਤਾ ਜਾਂਦਾ ਹੈ ਜਦੋਂ ਤੱਕ ਦੇਹ "ਮੈਂ" ਕਹਿਣ ਦੇ ਕਾਬਿਲ ਨਾ ਹੋ ਜਾਵੇ।1 ਦੇਹ ਸੰਬੰਧੀ
ਸ਼ਕਤੀ ਦੀ ਇਹ ਧਾਰਨਾ ਦੇਹ ਨੂੰ ਅਨੁਸ਼ਾਸਤ ਤੇ ਨਿਯੰਤਰਤ ਰੱਖਣ ਨਾਲ ਸੰਬੰਧ ਰੱਖਦੀ ਹੈ। ਇੱਥੇ ਜ਼ਰੂਰੀ ਹੈ ਕਿ ਦਲੀਲ ਨੂੰ ਅੱਗੇ ਤੌਰ ਤੋਂ ਪਹਿਲਾਂ
ਮਸ਼ਹੂਰ ਫੂਕੋਡੇਰੀਅਨ 'ਸ਼ਕਤੀ' ਦੀ ਧਾਰਨਾਂ ਨੂੰ ਸੰਖੇਪ ਵਿਚ
ਸਮਝ ਲਿਆ ਜਾਵੇ, ਜਿਸ ਨੂੰ ਫੂਕੋ ਨੇ ਆਪਣੇ ਪੂਰੇ ਕੈਰੀਅਰ ਵਿੱਚ ਵਿਸਥਾਰ ਦਿੱਤਾ ਹੈ।
ਫੂਕੋ ਦੀ ਸ਼ਕਤੀ ਦੀ ਧਾਰਨਾ:
ਫੂਕੋ 1970 ਦੇ ਆਪਣੇ ਅਧਿਐਨ-ਕਾਰਜਾਂ ਵਿੱਚ ਸ਼ਕਤੀ ਦੀ ਧਾਰਨਾਂ ਦੇ ਨੇੜੇ
ਪਹੁੰਚਦਾ ਹੈ ਅਤੇ ਰਵਾਇਤੀ ਦਾਰਸ਼ਨਿਕ ਦ੍ਰਿਸ਼ਟੀਕੋਣ, ਜੋ ਸ਼ਕਤੀ ਨੂੰ ਕਾਨੂੰਨ ਜਾਂ ਸਰਬ-ਸ਼ਕਤੀਮਾਨ
ਵਿਅਕਤੀ/ਵਰਗ/ਰਾਜ ਆਦਿ ਵਿਚ ਕੇਂਦਰਿਤ ਸਮਝਦੇ ਹਨ, ਤੋਂ ਸ਼ਕਤੀ ਨੂੰ ਵੇਖਣ ਦੀ ਬਜਾਇ ਸ਼ਕਤੀ ਨੂੰ ਇਕ
ਇਕਾਂਈ ਵੱਲੋਂ ਦੂਜੀ ਇਕਾਂਈ ਨੂੰ ਪ੍ਰਭਾਵ ਕਰਨ ਦੀ ਬਹੁ-ਕੇਂਦਰੀ ਤੇ ਬਹੁ-ਪਰਤੀ ਸਮਰੱਥਾ ਵਜੋਂ ਸਮਝਿਆ। ਫੂਕੋ ਜ਼ੋਰ ਦੇਕੇ ਕਹਿੰਦਾ ਹੈ ਕਿ ਸ਼ਕਤੀ
ਨੂੰ ਸਿਰਫ਼ ਕਾਨੂੰਨਾਂ ਜਾਂ ਮਨਾਹੀਆਂ ਦੇ ਜ਼ਾਬੀਏ ਤੋਂ ਨਹੀਂ ਸੋਚਿਆ ਜਾ ਸਕਦਾ ਅਤੇ ਨਾ ਹੀ ਸ਼ਕਤੀ
ਨੂੰ ਸਰਬਸ਼ਕਤੀਮਾਨ-ਮਾਡਲ ਤੱਕ ਘਟਾਉਣਾ ਕਾਫ਼ੀ ਹੈ। ਇਸ ਦੇ ਬਦਲ ਵਿਚ ਫੂਕੋ ਨੇ ਸ਼ਕਤੀ ਦੀ ਸਮਝ ਲਈ ਪ੍ਰਭੂਸੱਤਾ
ਦੇ ਸਰੋਤਾਂ ਦੀ ਬਜਾਇ ਦਬਦਬੇ ਦੇ ਸੰਬੰਧਾਂ ਨੂੰ ਪ੍ਰਗਟ ਕਰਨਾ ਜ਼ਰੂਰੀ ਸਮਝਿਆ ਹੈ।2 ਇਸ
ਸਮਝ ਲਈ ਇਕ ਪਾਸੇ ਉਨ੍ਹਾਂ ਸੰਬੰਧਾਂ ਅਤੇ ਅਮਲਾਂ ਨੂੰ ਸਮਝਿਆ ਜਾਂਦਾ ਹੈ ਜਿਨ੍ਹਾਂ ਦੁਆਰਾ ਮਨੁੱਖ ਕੁੱਝ
ਸਮਾਜਿਕ ਭੂਮਿਕਾਵਾਂ (ਵਿਦਿਆਰਥੀ, ਕਰਮਚਾਰੀ, ਪਾਗਲ
ਆਦਿ) ਵਿਚ ਬੱਝਦਾ ਹੈ ਅਤੇ ਦੂਜਾ ਪਾਸੇ ਸ਼ਕਤੀ ਨੂੰ ਉਨ੍ਹਾਂ ਸੰਬੰਧਾਂ ਵਜੋਂ ਵੀ ਸਮਝਿਆ ਜਾਂਦਾ ਹੈ
ਜਿਨ੍ਹਾਂ ਦੁਆਰਾ ਮਨੁੱਖੀ ਕਿਰਿਆ ਦੀ ਸਥਿਤੀ ਨੂੰ ਲਗਾਤਾਰ ਬਦਲਿਆ ਜਾਂਦਾ ਹੈ (ਨਿਯੰਤਰਣ, ਕਾਨੂੰਨ, ਵਿਅਕਤੀਗਤ ਪ੍ਰਤੀਕਰਮ ਆਦਿ)।
ਇਸ ਤੋਂ ਇਲਾਵਾ, ਫੂਕੋ ਦੇ ਮੱਤ ਵਿਚ ਹਰੇਕ ਮਨੁੱਖੀ-ਸੰਬੰਧ ਵਿੱਚ ਇੱਕ ਸ਼ਕਤੀ ਦਾ
ਸੰਬੰਧ ਵੀ ਸ਼ਾਮਲ ਹੁੰਦਾ ਹੈ ਅਤੇ ਸ਼ਕਤੀ ਦਾ ਰੂਪ ਜਿਨਸੀ ਸੰਬੰਧਾਂ ਅਤੇ ਰਾਜਨੀਤਿਕ ਦਲੀਲਾਂ ਵਿੱਚ
ਵੱਖਰਾ ਹੋ ਸਕਦਾ ਹੈ। ਭਾਵੇਂ
ਕਿ ਸ਼ਕਤੀ-ਸੰਬੰਧਾਂ ਵਿਚ ਗੈਰ-ਬਰਾਬਰੀ ਵਾਲੇ ਰਿਸ਼ਤੇ ਹੁੰਦੇ ਹਨ, ਪਰ ਉਹ ਇਕ-ਦੂਜੇ ਨਾਲ ਜੁੜ੍ਹੇ ਵੀ
ਹੁੰਦੇ ਹਨ ਅਤੇ ਇਕ ਦੂਜੇ ਨੂੰ ਸੋਧਦੇ ਵੀ ਹਨ। ਇਸ
ਲਈ ਫੂਕੋ ਦੇ ਦ੍ਰਿਸ਼ਟੀਕੋਣ ਵਿਚ ਸ਼ਕਤੀ-ਸੰਬੰਧਾਂ ਵਿਚ ਦੂਜਿਆਂ ਦੀ ਕਿਰਿਆ ਉੱਤੇ ਪ੍ਰਤੀਕਿਰਿਆ ਦੀ
ਸੰਭਾਵਨਾ ਬਣੀ ਰਹਿੰਦੀ ਹੈ ਭਾਵ ਕਿ ਸ਼ਕਤੀ ਦਾ ਪ੍ਰਤੀਰੋਧ ਵੀ ਸ਼ਕਤੀ-ਸੰਬੰਧਾਂ ਵਿਚ ਆਪਣੀ ਹੋਂਦ
ਬਣਾਈ ਰੱਖਦਾ ਹੈ ਅਤੇ ਸ਼ਕਤੀ ਸੰਪੂਰਨ ਅਧੀਨਤਾ ਦੀ ਬਜਾਇ ਇਕ ਦਬਦਬੇ ਦੀ ਸਥਿਤੀ ਪੈਂਦਾ ਕਰਦੀ ਹੈ।3
ਸ਼ਕਤੀ ਦਾ ਢਾਂਚਾ ਸਮਾਜਿਕ-ਸਭਿਆਚਾਰ ਅਭਿਆਸਾਂ ਵਿਚ ਬਹੁ-ਕੇਂਦਰੀ ਹੋਂਦ ਰੱਖਦਾ ਹੈ
ਅਤੇ ਸਮਾਜਿਕ ਤਬਦੀਲੀਆਂ ਸ਼ਕਤੀ ਵਿੱਚ ਤਬਦੀਲੀਆਂ ਨਾਲ ਸੰਬੰਧਿਤ ਹਨ। ਇਸ ਕਰਕੇ ਸ਼ਕਤੀ ਨਵੇਂ ਰੂਪਾਂ ਨੂੰ ਬਦਲਣ ਦੀ ਬਜਾਇ, ਨਵੇਂ ਉਦੇਸ਼ਾਂ ਅਧੀਨ ਸ਼ਕਤੀ ਦੇ ਪੁਰਾਣੇ ਰੂਪਾਂ ਨੂੰ ਆਪਣੇ ਅਧੀਨ ਕਰ ਲੈਂਦੀ ਹੈ4
ਅਤੇ ਇਕ ਨੈੱਟਵਰਕ ਵੱਜੋਂ ਸ਼ਕਤੀ ਗੁੰਝਲਦਾਰ ਅਤੇ ਸਵੈ-ਵਿਰੋਧੀ ਸੰਜੋਗੀ
ਤੱਤਾਂ ਦਾ ਦਾਖਲ ਰੱਖਦੀਆਂ ਹੋਈ5 ਉੱਭਰ ਰਹੀਆਂ ਸਮੱਸਿਆਵਾਂ
ਦੇ ਹੱਲ ਵਿਚ ਲੱਗੀ ਹੁੰਦੀ ਹੈ। ਸਮਾਜਿਕ
ਢਾਂਚੇ ਨੂੰ ਬਦਲਣਾ, ਨਵਾਂ ਕਰਨਾ ਜਾਂ ਸੋਧਣਾ ਨਵੀਆਂ ਸਮੱਸਿਆਵਾਂ ਦਾ ਮੂਲ ਕਾਰਨ ਬਣਦਾ ਹੈ। ਨਤੀਜੇ
ਵਜੋਂ ਨਵੀਆਂ ਜਾਂ ਸੋਧ ਕਰਨ ਵਾਲੀਆਂ ਸਮੱਸਿਆਵਾਂ ਵਾਲੀਆਂ ਥਾਂਵਾਂ ਨੂੰ ਪੁਰਾਣੇ ਸ਼ਕਤੀ-ਨੈੱਟਵਰਕ ਨਾਲ
ਸੰਭਾਲਣ ਦੀ ਸੰਭਾਵਨਾ ਨਹੀਂ ਹੁੰਦੀ, ਕਿਉਂਕਿ ਹਰੇਕ ਸ਼ਕਤੀ-ਨੈੱਟਵਰਕ ਇੱਕ ਵਿਸ਼ੇਸ਼ ਸਮਾਜਿਕ
ਪ੍ਰਸੰਗ ਵਿੱਚ ਉਭਰਦਾ ਹੈ ਜੋ ਕਿ ਖਾਸ ਸਮੱਸਿਆਵਾਂ ਦੁਆਰਾ ਹੀ ਦਰਸਾਇਆ/ਮੁਖ਼ਾਤਰ ਹੁੰਦਾ ਹੈ।
ਸ਼ਕਤੀ ਦੀ ਇਸ ਪ੍ਰਕਿਰਿਆਂ
ਨੂੰ ਅਸੀਂ ਆਧੁਨਿਕਤਾ ਦੇ ਉਭਾਰ ਨਾਲ ਉੱਭਰ ਰਹੇ ਨਵੇਂ ਸ਼ਕਤੀ-ਨੈੱਟਵਰਕ ਦੇ ਰੂਪ ਵਿਚ ਵੇਖ/ਸਮਝ
ਸਕਦੇ ਹਾਂ, ਜਿਸ ਵਿਚ ਪੂਰਾਣੀ ਪ੍ਰਭੂਸੱਤਾਪੂਰਨ-ਸ਼ਕਤੀ (sovereignty power) ਨੇ
ਆਪਣਾ ਰੂਪ 'ਅਨੁਸ਼ਾਸਨੀ-ਸ਼ਕਤੀ' (Disciplinary
Power) ਤੇ 'ਬਾਇਓ-ਸ਼ਕਤੀ' (Bio-Power) ਵਿਚ ਤਬਦੀਲ ਕੀਤਾ ਹੈ। ਫੂਕੋ
ਅਨੁਸਾਰ 'ਪੂਰਾਣੀ ਪ੍ਰਭੂਸੱਤਾ ਸ਼ਕਤੀ' ਵਿਅਕਤੀ ਦੇ 'ਜੀਵਨ
ਅਤੇ ਮੌਤ ਉੱਤੇ ਅਧਿਕਾਰ' ਰੱਖਦੀ ਸੀ, ਜਿਸ ਵਿਚ
ਸ਼ਕਤੀ-ਧਾਰਕ ਹਰ ਚੀਜ਼ (ਸਮੇਤ ਜੀਵਨ ਦੇ) ਨੂੰ ਵੀ ਆਪਣੇ ਕਬਜ਼ੇ ਵਿਚ ਲੈਣ ਦੀ ਸਮਰੱਥਾ ਰੱਖਦਾ ਸੀ।6 ਪਰ
ਆਧੁਨਿਕਤਾ ਦੇ ਉਭਾਰ ਨੇ ਇਕ ਪਾਸੇ ਪ੍ਰਭੂਸੱਤਾਪੂਰਨ-ਸ਼ਕਤੀ ਨੂੰ ਵੱਡੇ ਪੱਧਰ 'ਤੇ ਅਨੁਸ਼ਾਸਨੀ-ਸ਼ਕਤੀ ਵਿਚ ਬਦਲਿਆ ਦਿੱਤਾ ਹੈ। ਇਹ ਅਨੁਸ਼ਾਸਨੀ-ਸ਼ਕਤੀ ਸ਼ਕਤੀ-ਧਾਰਕ ਦੇ ਸਿੱਧੇ ਪ੍ਰਦਰਸ਼ਨਾਂ
ਦੀ ਥਾਂ ਲੈਂਦਾ ਹੋਈ ਨਿਆਂਇਕ ਢੰਗ ਨਾਲ ਸਥਾਪਿਤ ਹੋਈ ਹੈ ਅਤੇ ਵਿਅਕਤੀਗਤ ਪ੍ਰਾਣੀਆਂ ਨੂੰ ਨਿਯੰਤਰਣ, ਸੁਧਾਰ ਅਤੇ ਸੋਧਣ ਦੇ ਨਿਰੰਤਰ ਯਤਨਾਂ ਅਧੀਨ ਵਿਅਕਤੀ ਦੀ ਦੇਹ 'ਤੇ ਕੇਂਦਰਿਤ ਹੁੰਦੀ ਹੈ। ਦੂਜੇ ਪਾਸੇ ਬਾਇਓ-ਰਾਜਨੀਤੀ ਦੇ ਰੂਪ ਵਿਚ
ਆਧੁਨਿਕ-ਸ਼ਕਤੀ, ਜਨਸੰਖਿਆ, ਮਹਾਂਮਾਰੀ ਵਿਗਿਆਨ ਅਤੇ ਜੀਵ-ਵਿਗਿਆਨ ਅੰਕੜੇ ਦੇ ਇਕੱਤਰੀਕਰਨ
ਨਾਲ ਗਿਆਨ ਪੈਂਦਾ ਕਰਦੀ ਹੈ ਅਤੇ ਪ੍ਰਭੂਸੱਤਾਪੂਰਨ-ਸ਼ਕਤੀ ਨੂੰ ਨਵੇਂ ਬਾਇਓ-ਸ਼ਕਤੀ ਦੇ ਰੂਪਾਂ ਵਿਚ
ਤਬਦੀਲ ਕਰਦੀ ਹੈ। ਇਸ
ਅਰਥ ਵਿਚ ਬਾਈਓ-ਸ਼ਕਤੀ ਮਨੁੱਖੀ-ਜੀਵਨ ਨੂੰ ਜੀਵ-ਵਿਗਿਆਨ ਦੀ ਸਹਾਇਤਾ ਨਾਲ ਬਦਲਣ ਵਾਲੇ ਕੁਝ ਖਾਸ
ਅਭਿਆਸਾਂ ਤੇ ਤਕਨੀਕਾਂ ਦੇ ਸਮੂਹ ਵਜੋਂ ਇਕ ਵਿਸ਼ਲੇਸ਼ਣਕਾਰੀ ਉਪਕਰਣ ਬਣ ਜਾਂਦੀ ਹੈ। ਇਸ ਤਰ੍ਹਾਂ ਨਵੀਂ ਸ਼ਕਤੀ ਦੇ ਇਹ ਦੋਵੇਂ ਰੂਪ,
ਅਨੁਸ਼ਾਸਨ ਅਤੇ ਬਾਇਓ-ਰਾਜਨੀਤੀ, ਮਨੁੱਖ ਨੂੰ ਸ਼ਾਸਨ ਦੀ ਵਸਤੂ ਵਿੱਚ ਬਦਲ ਦਿੰਦੇ ਹਨ। ਇਸ ਲਈ ਸਾਨੂੰ ਹੁਣ ਅਨੁਸ਼ਾਸਨੀ-ਸ਼ਕਤੀ ਤੇ
ਬਾਇਓ-ਸ਼ਕਤੀ ਦੇ ਸਰੂਪ, ਸੁਭਾਅ ਤੇ ਸੰਬੰਧਾਂ ਨੂੰ ਸਮਝ ਦੀ ਕੋਸ਼ਿਸ਼ ਕਰਨੀ ਪਵੇਗੀ ਤਾਂ ਜੋ ਬਾਅਦ ਵਿਚ
ਕੋਰੋਨਾ-ਕਾਲ ਦੌਰਾਨ 'ਅਨੁਸ਼ਾਸਨ' ਤੇ 'ਬਾਇਓ-ਸ਼ਕਤੀ' ਦੀ ਭੂਮਿਕਾ ਨੂੰ ਸਮਝਣ ਦੇ ਸਮਰੱਥ ਹੋ ਸਕੀਏ।
ਫੂਕੋ ਦੀ ਅਨੁਸ਼ਾਸਨ-ਸ਼ਕਤੀ:
ਫੂਕੋ ਆਪਣੀ ਪੁਸਤਕ Discipline and Punish. The Birth of the Prison (1975) ਦੇ “Panopticism” ਨਾਮੀ ਅਧਿਆਇ ਵਿਚ ਪਲੇਗ-ਪ੍ਰਬੰਧਨ ਵਿਚ
ਮੌਜੂਦ ਸ਼ਕਤੀ ਦੇ ਸਰੂਪ ਤੇ ਸੁਭਾਅ ਦੇ ਇਕ ਪਰਿਪੇਖ ਬਾਰੇ ਚਰਚਾ ਕਰਦਾ ਹੈ, ਜੋ ਅਸਲ ਵਿਚ ਅੱਜ ਦੇ
ਕੋਰੋਨਾ-ਪ੍ਰਬੰਧਨ ਮਾਡਲ ਨਾਲ ਸਮਾਨਤਾ ਰੱਖਦਾ ਹੈ।7 ਫੂਕੋ ਇਸ
ਅਧਿਆਇ ਵਿਚ ਦਰਸਾਉਂਦਾ ਹੈ ਕਿ 17ਵੀਂ ਸਦੀ ਦੀ ਸ਼ੁਰੂਆਤ ਵਿਚ ਪਲੇਗ ਦੇ
ਪ੍ਰਬੰਧਨ/ਇਲਾਜ਼ ਲਈ ਸ਼ਕਤੀ ਨੇ “ਪਲੇਗ
ਪੀੜਤਾਂ ਨੂੰ ਸਮਾਜ ਵਿਚ ਸ਼ਾਮਲ ਰੱਖਣ ਵਾਲੇ ਮਾਡਲ” (model of
the inclusion of plague victims) ਨੂੰ
ਅਪਣਾਕੇ, ਕੋੜ੍ਹ ਦੇ ਇਲਾਜ਼ ਲਈ ਪ੍ਰਯੋਗ ਹੁੰਦੇ “ਕੋੜ੍ਹੀਆਂ ਨੂੰ ਸਮਾਜ ਵਿਚੋਂ ਬਾਹਰ ਕੱਢਣ ਦੇ ਮਾਡਲ” (model
of the exclusion of the lepers) ਨੂੰ ਤਿਆਗ
ਦਿੱਤਾ। ਇਸ
ਕਰਕੇ ਕੀਤਾ ਗਿਆ ਸੀ ਕਿਉਂਕਿ ਕੋੜ੍ਹ ਇੱਕ ਹੌਲੀ ਫੈਸਣ ਵਾਲੀ ਅਤੇ ਬਹੁਤ ਜ਼ਿਆਦਾ ਛੂਤਕਾਰੀ ਬਿਮਾਰੀ
ਨਹੀਂ ਸੀ ਅਤੇ ਇਸਦੇ ਬਾਹਰੀ ਗੁਣ ਸਪੱਸ਼ਟ ਤੌਰ 'ਤੇ ਧਿਆਨਯੋਗ ਵੀ ਹੁੰਦੇ
ਸਨ, ਜਿਸ ਨਾਲ ਆਮ ਲੋਕਾਂ ਦੀ ਬਿਮਾਰੀ ਦੀ ਪਰਖ ਅਸਾਨੀ ਨਾਲ ਕੀਤੀ ਜਾ
ਸਕਦੀ ਸੀ। ਪਰ ਇਸਦੇ ਉਲਟ ਪਲੇਗ (ਅੱਜ ਦੇ ਕੋਰੋਨਾ ਵਾਂਗ) ਸਿੱਧੇ ਜਾਂ ਅਸਿੱਧੇ ਸੰਪਰਕ ਰਾਹੀਂ ਬਹੁਤ
ਤੇਜ਼ੀ ਨਾਲ ਛੂਤ ਰਾਹੀਂ ਫੈਲਦੀ ਸੀ ਅਤੇ ਜੋ ਥੋੜੇ ਸਮੇਂ ਵਿੱਚ ਪੂਰੀ ਆਬਾਦੀ ਨੂੰ ਪ੍ਰਭਾਵਿਤ ਕਰਨ
ਦੀ ਸਮਰੱਥਾ ਨਾਲ ਲੈਸ ਸੀ। ਇਸ
ਲਈ ਪਲੇਗ-ਪ੍ਰਬੰਧਨ ਤੋਂ ਪਹਿਲਾਂ ਕੋੜ੍ਹ-ਪ੍ਰਬੰਧਨ ਵਿਚ ਜਿੱਥੇ ਹਰੇਕ ਵਿਆਕਤੀ ਨੂੰ ਖਤਰੇ ਤੋਂ
ਬਚਾਉਣ ਲਈ ਕੋੜ੍ਹੀ ਨੂੰ ਸਮਾਜ ਵਿਚੋਂ ਬਾਹਰ ਕੱਢਣਾ ਲਾਜ਼ਮੀ ਸੀ, ਉੱਥੇ ਪਲੇਗ-ਪ੍ਰਬੰਧਨ ਵਿਚ ਸਮੁੱਚੀ ਆਬਾਦੀ ਲਈ ਇਕ ਅਨੁਸ਼ਾਸਨੀ-ਵਿਧੀ ਕੇਂਦਰ ਵਿਚ ਲਿਆਉਣ
ਦੀ ਦਰਕਾਰ ਸੀ, ਜਿਸ ਅਨੁਸ਼ਾਸਨੀ ਤੰਤਰ (disciplinary
mechanism) ਦਾ ਉਦੇਸ਼ ਦੇਹਾਂ/ਸਰੀਰਾਂ ਦੀ ਗਤੀਸ਼ੀਲਤਾ (movement) ਉੱਤੇ ਸਖ਼ਤ ਨਿਯੰਤਰਣ ਲਗਾ ਕੇ ਲਾਗ ਦੀਆਂ ਬਿਮਾਰੀਆਂ ਦੇ ਫੈਲਵ ਨੂੰ ਰੋਕਣਾ ਬਣਨਾ ਸੀ।8 ਦੇਹ
ਇਹ ਅਨੁਸ਼ਾਸਨੀ-ਵਿਧੀ ਇਸ ਲਈ ਵੀ ਲਾਜ਼ਮੀ ਸੀ ਕਿਉਂਜੋ ਦੇਹ ਦੀ ਵਿਆਪਕ-ਗਤੀਸ਼ੀਲਤਾ ਜ਼ਿਆਦਾ ਸੰਚਾਰ
ਨੈੱਟਵਰਕ ਕਰਕੇ ਵਧੇਰੀ ਹੁੰਦੀ ਹੈ, ਜਿਸ ਕਾਰਨ ਵਾਇਰਸ ਦਾ ਸੰਚਾਰ ਵੀ ਵਧੇਰੇ ਸੌਖਾ ਹੋ ਜਾਂਦਾ ਹੈ। ਇਸ ਕਾਰਨ ਪਲੇਗ-ਪ੍ਰਬੰਧਨ ਵਿਚ ਨਿਸ਼ਾਨਦੇਹੀ ਦੁਆਰਾ ਦੇਹ
ਦੀ ਗਤੀਸ਼ੀਲਤਾ 'ਤੇ ਨਿਯੰਤਰਣ ਕਰਕੇ ਬਿਮਾਰੀ ਦੇ ਪ੍ਰਵਾਹ ਨੂੰ ਸੰਭਾਲਣ ਦੀ
ਕੋਸ਼ਿਸ਼ ਕੀਤੀ ਗਈ ਸੀ ਅਤੇ ਇਸ ਉਦੇਸ਼ ਦੀ ਪ੍ਰਾਪਤੀ 'ਵੰਡ ਨੂੰ
ਵਿਅਕਤੀਗਤ ਬਣਾਕੇ' (individualizing distributions), ਅਬਾਦੀ (population) ਅਤੇ ਥਾਂਵਾਂ (space) ਦੇ ਕਈ ਵੱਖਰੇਵਿਆਂ ਨੂੰ ਨਿਸਚਿਤ
ਕਰਕੇ ਕੀਤੀ ਗਈ ਸੀ, ਕਿਉਂਜੋ ਵੰਡ ਜਾਂ ਘੇਰਾਬੰਦੀ ਕਿਸੇ ਸੰਚਾਰ ਵਿੱਚ ਰੁਕਾਵਟ ਪੈਂਦਾ ਕਰਦੀ ਹੋਈ,
ਵਿਵਹਾਰ ਦੇ ਮੁਲਾਂਕਣ ਅਤੇ ਦੁਰਵਿਵਹਾਰ ਦੇ ਮਾਮਲੇ ਵਿੱਚ ਸੰਭਾਵਿਤ ਪਾਬੰਦੀਆਂ ਲਾਗੂ ਕਰਨ ਦਾ ਮੂਲ
ਕਾਰਕ ਬਣ ਸਕਦੀ ਹੈ।9 ਮਹਾਂਮਾਰੀ ਦੇ ਇਸ ਪ੍ਰਕਾਰ ਦੇ ਨਿਯੰਤਰਣ
ਵਿਚ ਟੌਪੋਲੋਜੀ (topology) ਦੀ ਭਾਵਨਾ ਸ਼ਾਮਿਲ ਹੁੰਦੀ ਹੈ, ਜਿਸ ਅਧੀਨ ਇਕ ਨੈੱਟਵਰਕ ਦੀ ਦਖਲਅੰਦਾਜ਼ੀ, ਨਿਰਣੇ/ਚੋਣ ਜਾਂ ਸੰਚਾਰ ਵਿਚ ਰੁਕਾਵਟ ਦਾ ਇਕ
ਰੂਪ ਵੀ ਸ਼ਾਮਿਲ ਹੁੰਦਾ ਹੈ। ਦੇਹ ਦੀ ਅਜਿਹੀ ਟੌਪੋਗ੍ਰਾਫੀ (topography) ਦੇ ਅੰਦਰ, ਹਰ ਕੋਈ "ਉਸਦੀ ਜਗ੍ਹਾ 'ਤੇ ਸਥਿਰ ਹੁੰਦਾ ਹੈ ਅਤੇ ਜੇ ਉਹ ਚਲਦਾ ਹੈ,
ਤਾਂ ਉਹ ਆਪਣੀ ਜਾਨ, ਲਾਗ ਜਾਂ ਸਜ਼ਾ ਦੇ ਜੋਖਮ 'ਤੇ ਅਜਿਹਾ ਕਰਦਾ ਹੈ"।10 ਦੇਹ ਦਾ 'ਲੜੀਵਾਰ ਨਿਰੀਖਣ' (hierarchical observation)11 ਨਿਰੰਤਰ ਕੰਮ
ਕਰਦਾ ਹੈ ਅਤੇ ਨਿਗਾਹਬਾਨੀ (gaze) ਹਮੇਸ਼ਾ ਸਚੇਤ ਰਹਿੰਦੀ ਹੈ ਭਾਵ ਕਿ ਹਰੇਕ
ਨੂੰ ਉਹ ਥਾਂ ਤੇ ਨਿਸਚਿਤ ਕਰ ਦਿੱਤਾ ਜਾਂਦਾ ਹੈ ਜਿਥੇ ਉਹ ਸੀ ਅਤੇ ਇਸ ਵੰਡ ਤੇ ਵੱਖਰਤਾ ਨੂੰ ਬਣਾਈ
ਰੱਖਣ ਲਈ 'ਇਕ ਸੰਗਠਨ ਦੁਆਰਾ ਡੂੰਘਾਈ ਨਾਲ ਨਿਗਰਾਨੀ ਅਤੇ ਨਿਯੰਤਰਣ' (an organization in depth of surveillance and control) ਕੀਤਾ ਜਾਂਦਾ ਹੈ। ਇਸ
ਤਰ੍ਹਾਂ ਕੋੜ੍ਹ ਦੇ 'ਅਲੱਗ ਕਰਨਾ' ਦੇ ਮਾਡਲ ਦੀ ਥਾਂ ਪਲੇਗ
ਦੇ 'ਵੰਡਣਾ ਵਾਲਾ' ਮਹਾਂਮਾਰੀ ਦਾ ਪ੍ਰਬੰਧ
ਵਿਅਕਤੀਗਤ ਸੰਸਥਾਵਾਂ ਨੂੰ ਅਨੁਸ਼ਾਸਨੀ ਸੰਬੰਧਾਂ ਦੇ ਇੱਕ ਵਿਸ਼ੇਸ਼ ਨੈੱਟਵਰਕ ਵਿਚ ਪਾਉਂਦਾ ਹੈ
ਅਤੇ ਫੂਕੋ ਇਸ ਵਿਚ 'ਇੱਕ ਤੀਬਰ ਅਤੇ ਪ੍ਰਭਾਵਮਈ ਸ਼ਕਤੀ' ਦੇ ਅਭਿਆਸ ਨੂੰ ਦੇਖਦਾ ਹੈ।12
ਇਹ ਪ੍ਰਭਾਵਸ਼ਾਲੀ ਸ਼ਕਤੀ ਦਾ ਅਭਿਆਸ ਸਿਰਫ਼ ਥਾਂਵਾਂ ਦੀ ਵੰਡ ਤੱਕ ਹੀ ਸੀਮਿਤ ਨਹੀਂ,
ਸਗੋਂ ਸ਼ਕਤੀ ਕੋੜ੍ਹ-ਪ੍ਰਬੰਧਨ ਤੋਂ ਪਲੇਗ-ਪ੍ਰਬੰਧਨ ਵਿਚ ਵਧੇਰੇ ਪ੍ਰਭਾਵਸ਼ਾਲੀ ਰੂਪ ਵਿਚ ਦੇਹਾਂ ਦੀ
ਗਤੀਸ਼ੀਲਤਾ ਉੱਤੇ ਪਾਬੰਦੀ ਲਗਾਉਂਦੀ ਹੋਈ ਖ਼ਾਸ ਨਿਯਮਾਂ ਨੂੰ ਵੀ ਨਿਰਧਾਰਿਤ ਕਰਦੀ ਹੈ, ਜਿਸਦੀ
ਉਲੰਘਣਾ ਕਰਨ ਵਾਲੇ ਨੂੰ ਸਜ਼ਾ ਨਾਲ ਨਵਾਜਿਆ ਜਾਂਦਾ ਹੈ। ਫੂਕੋ Discipline
and Punish ਦੇ 'The Means of Correct Training' ਨਾਮੀ ਅਧਿਆਇ ਵਿਚ ਅਨੁਸ਼ਾਸਨੀ-ਵਿਧੀਆਂ ਦੇ ਢੰਗਾਂ ਨੂੰ ਵਿਸਥਾਰ ਨਾਲ ਬਿਆਨ ਕਰਦਾ ਹੈ
ਅਤੇ ਇੱਕ 'ਛੋਟੀ ਜ਼ੁਰਮਾਨਾ ਵਿਧੀ'13 ਨੂੰ ਹਰੇਕ ਆਧੁਨਿਕ ਅਨੁਸ਼ਾਸਨੀ ਨਿਯੰਤਰਣ ਦੇ ਕੇਂਦਰ ਵਿੱਚ ਸਥਿਤ ਹੁੰਦਾ ਵੇਖਦਾ ਹੈ,
ਜੋ ਵਿਵਸਥਾ ਦੀ ਆਗਿਆ ਅਨੁਸਾਰ ਨਿਰਧਾਰਤ ਹੁੰਦਾ ਹੋਇਆ,
'ਸਧਾਰਣ ਨਿਰਣਿਆਂ' (normalizing judgement) ਵਜੋਂ ਭੱਟਕੇ-ਵਿਵਹਾਰਾਂ ਨੂੰ ਨਿਰਧਾਰਿਤ ਕਰਦਾ ਹੈ। ਕਾਨੂੰਨ ਭਾਵੇ ਰਵਾਇਤੀ ਤੌਰ 'ਤੇ ਸਿਰਫ਼ ਨਕਾਰਾਤਮਕ ਰੂਪ ਵਿੱਚ ਨਿਰਧਾਰਤ ਹੁੰਦੇ ਹਨ, ਜੋ ਵਿਵਹਾਰ 'ਤੇ ਸੀਮਾ ਲਗਾਉਂਦੇ ਇਹ ਫੈਸਲਾ ਲੈਂਦੇ ਹਨ ਕਿ ਕਿਹੜੀ ਚੀਜ਼ ਮਨਜ਼ੂਰ ਨਹੀਂ ਹੈ। ਇਸ ਕਰਕੇ
ਸ਼ਕਤੀ ਦੇ ਇਕ ਰੂਪ ਵਜੋਂ ਕਾਨੂੰਨ ਰੋਕਪਾਉ ਹੁੰਦਾ ਹੈ, ਜੋ ਪ੍ਰਾਪਤ
ਕਰਨਯੋਗ ਮਿਆਰਾਂ ਨੂੰ ਨਿਰਧਾਰਤ ਨਹੀਂ ਕਰਦਾ। ਪਰ ਅਨੁਸ਼ਾਸਨੀ-ਸ਼ਕਤੀ ਬਹੁਤ ਵੱਖਰੀ ਸ਼ੈਅ ਹੈ, ਇਹ
ਸਿਰਫ ਸਜ਼ਾ ਹੀ ਨਹੀਂ ਦਿੰਦੀ, ਸਗੋਂ ਪਾਲਣਾ ਦਾ ਇਨਾਮ ਵੀ ਦੇਂਦੀ ਹੈ
ਅਤੇ ਉਹ ਰੁਝਾਨ, ਜੋ ਇਸਦੇ ਆਦੇਸ਼ਾਂ ਅਨੁਸਾਰ ਨਹੀਂ ਹੁੰਦੇ, ਉਨ੍ਹਾਂ ਨੂੰ ਨਾ ਸਿਰਫ ਮਾੜਾ ਬਲਕਿ 'ਅਸਾਧਾਰਣ' ਵਜੋਂ ਪਰਿਭਾਸ਼ਤ ਵੀ ਕਰਦੀ ਹੈ। ਇਹ ਸ਼ਕਤੀ ਦੀ ਢੁੱਕਵੀ ਵਰਤੋਂ ਹੈ ਜੋ ਅੰਦਰੂਨੀ ਰੂਪ
ਵਿਚ ਅਪਰਾਧ ਕਰਨ ਵਾਲੇ 'ਤੇ ਕੰਮ ਕਰਦੀ ਹੈ ਅਤੇ ਦੂਜਿਆਂ ਦੇ ਵਿਰੁੱਧ 'ਸਧਾਰਣ' ਦਰਜੇ ਨੂੰ ਮਜ਼ਬੂਤ ਕਰਦੀ ਹੈ।14 ਇਸ 'ਸਧਾਰਣੀਕਰਨ' ਦਾ ਉਦੇਸ਼ ਪ੍ਰਦਰਸ਼ਨ
ਕਰਨਾ ਹੁੰਦਾ ਹੈ, ਨਾ ਕਿ ਬਦਲਾ ਲੈਣਾ ਜਿਵੇਂ ਕਿ ਤਸ਼ੱਦਦਮਈ ਪੁਰਾਣੀਆਂ
ਸਜਾਵਾਂ ਦੇ ਰੂਪ ਵਿਚ ਸ਼ਾਮਿਲ ਵਿਚ ਹੁੰਦਾ ਸੀ, ਸਗੋਂ ਇਹ 'ਸਧਾਰਣ ਨਿਰਣੇ' ਮਹਾਂਮਾਰੀ ਦੀ ਸਥਿਤੀ ਵਿਚ ਜ਼ੁਰਮਾਨੇ ਦੇ ਡਰ ਨਾਲ ਇਕ ਅਸੀਲ ਦੇਹ ਦੀ ਸਿਰਜਣਾ ਕਰਦੇ ਹਨ,
ਜੋ ਅਜੋਕੇ ਸਮੇਂ ਵਿਚ ਜ਼ੁਰਮਾਨੇ ਤੋਂ ਅੱਗੇ ਕਈ ਪੱਧਰ ਉੱਤੇ ਕੈਦ/ਮੁਕੱਦਮੇ ਦਾ
ਰੂਪ ਧਾਰਨ ਕਰ ਗਏ ਹਨ।15 ਪਰ ਪ੍ਰਭਾਵਸ਼ਾਲੀ ਸ਼ਕਤੀ ਦੇ ਸਥਾਪਿਤ ਪ੍ਰਵਚਨ
ਦੁਆਰਾ ਨਿਰਧਾਰਿਤ ਵਿਹਾਰ ਦੀ ਸਜ਼ਾ ਤੋਂ ਇਲਾਵਾ, ਇੱਥੇ ਚਰਿੱਤਰ ਦੀ ਨੈਤਿਕਤਾ ਵੀ ਦਾਅ 'ਤੇ ਲੱਗਦੀ ਹੈ, ਕਿਉਂਕਿ ਦੇਹਾਂ ਦਾ 'ਲਾਪਰਵਾਹ' ਗਤੀਮਾਨ ਰੂਪ ਨਾ ਸਿਰਫ ਇੱਕ ਅਪਰਾਧ ਹੀ ਹੁੰਦਾ ਹੈ, ਬਲਕਿ
ਇੱਕ ਨੈਤਿਕ ਅਪਰਾਧ ਵੀ ਬਣ ਜਾਂਦਾ ਹੈ। ਫੂਕੋ ਲਿਖਦਾ ਹੈ:
ਅਨੁਸ਼ਾਸਨੀ ਸ਼ਕਤੀ ਦੇ ਸ਼ਾਸਨ ਵਿੱਚ, ਸਜ਼ਾ ਦੇਣ ਦੀ ਕਲਾ ਦਾ
ਉਦੇਸ਼ ਨਾ ਤਾਂ ਮੁਆਫ਼ ਕਰਨਾ ਹੈ ਅਤੇ ਨਾ ਹੀ ਬਿਲਕੁਲ ਜਬਰ ਕਰਨਾ।......... ਸਦੀਵੀ ਜ਼ੁਰਮਾਨਾ,
ਜੋ ਸਾਰੇ ਬਿੰਦੂਆਂ ਨੂੰ ਪਾਰ ਕਰਦਾ ਹੈ ਅਤੇ ਅਨੁਸ਼ਾਸਨੀ ਸੰਸਥਾਵਾਂ ਵਿੱਚ ਹਰੇਕ ਮੁਲਾਂਕਣ ਦੀ
ਨਿਗਰਾਨੀ ਕਰਦਾ ਹੈ, ਤੁਲਨਾ ਕਰਦਾ ਹੈ, ਵੱਖਰਾ
ਕਰਦਾ ਹੈ, ਸ਼੍ਰੇਣੀਬੱਧਤਾ ਕਰਦਾ ਹੈ, ਇਕਸਾਰ
ਕਰਦਾ ਹੈ, ਬਾਹਰ ਕੱਢਦਾ ਹੈ। ਸੰਖੇਪ ਵਿੱਚ, ਇਹ ਸਧਾਰਨ ਕਰਦਾ ਹੈ।16
ਫੂਕੋ
ਸਪੱਸ਼ਟ ਕਰਦਾ ਹੈ ਕਿ ਕੋੜ੍ਹ-ਪ੍ਰਬੰਧਨ ਅਤੇ ਪਲੇਗ-ਪ੍ਰਬੰਧਨ ਇਕੋ 'ਰਾਜਨੀਤਿਕ ਸੁਪਨੇ' ਨਾਲ ਸਬੰਧਿਤ ਨਹੀਂ ਹਨ। ਕੋੜ੍ਹ-ਪ੍ਰਬੰਧਨ ਵਿਚ ਲੱਗਿਆ ਰਾਜਨੀਤਿਕ ਸੁਪਨਾ ਇਕ 'ਸ਼ੁੱਧ ਭਾਈਚਾਰੇ' ਦਾ ਸੁਪਨਾ ਹੈ ਅਤੇ ਇਸ ਦੇ ਉਲਟ, ਪਲੇਗ-ਪ੍ਰਬੰਧਨ ਵਿਚ ਇਕ 'ਅਨੁਸ਼ਾਸਿਤ ਸਮਾਜ' ਦਾ ਸੁਪਨਾ ਹੈ। ਇਹ ਉਸ
ਸ਼ਕਤੀ ਦਾ 'ਸੁਪਨਾ' ਹੈ, ਜੋ ਕਿ ਸੰਕ੍ਰਮਿਤ ਵਾਇਰਸ ਨੂੰ ਰੋਕਣ ਦੇ ਨਾਮ 'ਤੇ ਅਬਾਦੀ ਨੂੰ
ਡਰਾਉਂਦਾ ਹੋਇਆ, ਸਮੁੱਚੇ ਤੌਰ 'ਤੇ ਸਮੁੱਚੇ ਸਮਾਜ 'ਤੇ ਇਕ ਸੰਪੂਰਨ ਢੰਗ ਨਾਲ ਹਰ ਕਰਤੇ ਨੂੰ
ਅਨਿੱਜੀ/ਪਾਰਦਰਸ਼ੀ/ਨੰਗਾ ਕਰ ਦੇਂਦਾ ਹੈ। ਫੂਕੋ ਅਨੁਸਾਰ ਪਲੇਗ ਤੋਂ ਪ੍ਰਭਾਵਿਤ ਸਹਿਰ "ਮੁਕੰਮਲ ਸ਼ਾਸਨ ਵਾਲੇ ਸ਼ਹਿਰ ਦੇ ਯੂਟੋਪੀਆ" (utopia of the
perfectly governed city)17 ਨੂੰ ਦਰਸਾਉਂਦਾ ਹੈ। ਇਹ ਇਕ ਅਜਿਹਾ ਸ਼ਹਿਰ ਹੈ ਜੋ “ਲੜੀਵਾਰ, ਨਿਗਰਾਨੀ, ਨਿਰੀਖਣ,
ਲਿਖਤ-(ਪੜ੍ਹਤ) ਵਿਚ ਫਸਿਆ ਹੋਇਆ ਹੈ; ਇਹ ਸ਼ਹਿਰ ਇਕ
ਵਿਸ਼ਾਲ ਸ਼ਕਤੀ ਦੇ ਅਭਿਆਸ ਨਾਲ ਜੁੜਿਆ ਹੋਇਆ ਹੈ ਜੋ ਸਾਰੇ ਵਿਅਕਤੀਗਤ ਦੇਹ ਉੱਤੇ ਵੱਖਰੇ ਢੰਗ ਨਾਲ
ਧਾਰਣਾ ਰੱਖਦਾ ਹੈ।”18
ਪਲੇਗ ਦੀ ਮਹਾਂਮਾਰੀ, 'ਘੱਟੋ ਘੱਟ ਇਕ ਕਾਲਪਿਤ ਸੰਭਾਵਨਾ ਵਜੋਂ', ਜਿਵੇਂ ਕਿ ਫੂਕੋ
ਕਹਿੰਦਾ ਹੈ, ਅਨੁਸ਼ਾਸਨੀ ਸ਼ਕਤੀ ਦੀ ਵਰਤੋਂ ਦੀ ਜਾਂਚ ਕਰਨ ਲਈ ਇਕ 'ਆਦਰਸ਼'
ਪ੍ਰਯੋਗਸ਼ਾਲਾ ਹੈ। ਹਕੂਮਤ
ਵੀ ਪਲੇਗ ਦੀ ਸਥਿਤੀ ਨੂੰ ਇਕ 'ਸੰਪੂਰਨ ਅਨੁਸ਼ਾਸ਼ਨ ਨੂੰ ਕਾਰਜਸ਼ੀਲ'
ਕਰਨ ਵਾਲੇ ਇਕ ਸੁਪਨੇ ਦੇ ਅਵਸਰ ਵਜੋਂ ਵੇਖਦੀ ਹੈ।19
ਇਸ ਤਰ੍ਹਾਂ
ਪਲੇਗ ਦੇ
ਮਾਡਲ ਦੁਆਰਾ ਕੋੜ੍ਹ ਦੇ ਮਾਡਲ ਦੀ ਥਾਂ ਲੈਣਾ ਇਕ ਮਹੱਤਵਪੂਰਣ ਇਤਿਹਾਸਕ ਪ੍ਰਕਿਰਿਆ ਸੀ, ਜਿਸ ਨੂੰ ਫੂਕੋ ਨੇ 'ਸ਼ਕਤੀ ਦੀਆਂ ਸਕਾਰਾਤਮਕ ਤਕਨੀਕਾਂ ਦੀ
ਖੋਜ' ਕਿਹਾ ਹੈ। ਕੋੜ੍ਹ ਦਾ ਪ੍ਰਤੀਕਰਮ 'ਨਕਾਰਾਤਮਕ ਪ੍ਰਤੀਕਰਮ' ਹੈ ਭਾਵ 'ਰੱਦਣ, ਬਾਹਰ ਕੱਢਣ ਦੀ
ਆਦਤ' ਦੀ ਪ੍ਰਕਿਰਿਆ, ਇਸ ਦੇ ਉਲਟ ਪਲੇਗ ਜਾਂ ਅੱਜ ਦੇ ਕੋਰੋਨਾਵਾਇਰਸ ਪ੍ਰਤੀ
ਹੁੰਗਾਰਾ ਇਕ 'ਸਕਾਰਾਤਮਕ ਪ੍ਰਤੀਕ੍ਰਿਆ' ਹੈ। ਇਹ ਇਕ ਪ੍ਰਤੀਕ੍ਰਿਆ ਹੈ, ਜਿਸ ਵਿਚ ਨਿਰੀਖਣ, ਗਿਆਨ ਦਾ ਉਤਪਾਦਨ ਅਤੇ ਅੰਤ ਵਿਚ, ਨਿਰੀਖਣ ਅਤੇ ਗਿਆਨ ਦੇ
ਇਕੱਠੇ ਹੋਣ ਦੁਆਰਾ ਸ਼ਕਤੀ ਦੇ ਬਹੁ-ਪਰਤੀ ਪ੍ਰਭਾਵ ਸ਼ਾਮਿਲ ਹੁੰਦੇ ਹਨ।
ਫੂਕੋ ਦੀ ਬਾਇਓ-ਪਾਵਰ:
ਫੂਕੋ ਬਾਇਓ-ਪਾਵਰ ਦੇ ਸੰਕਲਪ ਨੂੰ ਮੁੱਖ ਤੌਰ 'ਤੇ
The History of Sexuality
Volume-I ਦੇ ਆਖਰੀ ਅਧਿਆਇ “Right of Death and Power over Life” ਵਿਚ
ਸੰਬੋਧਿਤ ਹੁੰਦਾ ਹੈ ਅਤੇ ਨਾਲ ਹੀ 17 ਮਾਰਚ, 1976 ਦੇ “Society Must Be Defended” ਨਾਮੀ ਆਪਣੇ ਭਾਸ਼ਣ ਵਿਚ ਬਾਇਓ-ਪਾਵਰ
ਨੂੰ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਫੂਕੋ ਲਿਖਦਾ ਹੈ : "ਅਸੀਂ
ਸ਼ਕਤੀ ਦੇ ਢੰਗਾਂ, ਤਕਨੀਕਾਂ ਅਤੇ ਤਕਨਾਲੋਜੀਆਂ ਵਿਚ ਇਸ ਤਬਦੀਲੀ ਨੂੰ
ਵੇਖਦੇ ਹਾਂ.... ਸਤਾਰ੍ਹਵੀਂ ਅਤੇ ਅਠਾਰਵੀਂ ਸਦੀ ਵਿਚ ਸ਼ਕਤੀ ਦੀਆਂ ਤਕਨੀਕਾਂ ਜ਼ਰੂਰੀ ਤੌਰ 'ਤੇ ਵਿਅਕਤੀਗਤ ਦੇਹਾਂ ਤੇ ਕੇਂਦਰਿਤ ਸਨ। ਇਸ ਵਿੱਚ ਉਹ ਉਪਕਰਣ ਸ਼ਾਮਲ ਸਨ ਜੋ ਦੇਹਾਂ ਦਾ ਨਿਖੇੜਾ, ਅਨੁਕੂਲਣ, ਸਿਲਸਿਲੇਵਾਰੀ, ਨਿਗਰਾਨੀ
ਅਤੇ ਦ੍ਰਿਸ਼ਟੀਗੋਚਰਤਾ ਨੂੰ ਯਕੀਨੀ ਬਣਾਉਂਦੇ ਸਨ।.... ਅਠਾਰਵੀਂ ਸਦੀ ਦੇ ਦੂਜੇ ਅੱਧ ਵਿਚ ਸ਼ਕਤੀ ਦੀ ਇਕ
ਨਵੀਂ ਅਨੁਸ਼ਾਸਨੀ ਤਕਨਾਲੋਜੀ ਸਾਹਮਣੇ ਆਈ। ਇਹ
ਮਨੁੱਖ 'ਤੇ ਇਕ ਦੇਹ ਵਜੋਂ ਲਾਗੂ ਨਹੀਂ ਹੁੰਦੀ ਸੀ, ਸਗੋਂ ਇੱਕ ਜੀਵਿਤ
ਮਨੁੱਖ-ਜੀਵ-ਜਾਤੀ ਉੱਤੇ ਲਾਗੂ ਹੁੰਦੀ ਸੀ। ਸ਼ਕਤੀ ਦੀ ਇਸ ਨਵੀਂ ਲਹਿਰ ਨੇ ਵਿਸ਼ਾਲ ਰੂਪ ਧਾਰਨ ਕਰ ਲਿਆ, ਜੋ ਹੁਣ ਮਨੁੱਖੀ ਦੇਹ
ਦੀ ਐਨਾਟੋਮੋ-ਰਾਜਨੀਤੀ ਨਹੀਂ ਹੈ, ਪਰ ਮੈਂ (ਫੂਕੋ) ਇਸ ਨੂੰ ਮਨੁੱਖ-ਜਾਤੀ
ਦੀ 'ਬਾਇਓਪੋਲਿਟਿਕਸ' ਕਹਾਂਗਾ।"20
ਫੂਕੋ ਲਈ 'ਮਨੁੱਖੀ ਦੇਹ ਦੀ ਐਨਾਟੋਮੋ-ਰਾਜਨੀਤੀ'21
ਸ਼ਕਤੀ ਦਾ ਉਹ ਰੂਪ ਹੈ ਜੋ ਇਕ ਨਿਯੰਤਰਣ ਪ੍ਰਣਾਲੀ ਵਜੋਂ ਅਸੀਲ-ਦੇਹ ਨੂੰ ਪੈਂਦਾ
ਕਰਨ ਲਈ ਦੇਹ ਦੇ ਅਨੁਸ਼ਾਸ਼ਨ ਦੁਆਲੇ ਘੁੰਮਦਾ ਹੈ। ਸ਼ਕਤੀ ਦੇ ਅਜਿਹੇ ਰੂਪ ਦੀ ਇਕ ਉਦਾਹਰਣ ਉਪਰ ਦਰਸਾਇਆ
ਪਲੇਗ ਮੈਨੇਜਮੈਂਟ ਮਾਡਲ ਹੈ। ਫੂਕੋ
ਦੁਆਰਾ ਮੰਨਿਆ ਗਿਆ ਸ਼ਕਤੀ ਦਾ ਦੂਜਾ ਰੂਪ 'ਆਬਾਦੀ ਦੀ ਬਾਇਓਪੋਲਿਟਿਕਸ' ਦਾ ਹੈ, ਜੋ ਜੀਵਨ
ਨੂੰ ਮਜ਼ਬੂਤ ਕਰਨ, ਸੰਗਠਿਤ ਕਰਨ, ਸੁਰੱਖਿਅਤ ਕਰਨ ਅਤੇ ਸਿਹਤਯਾਬਤਾ ਕਰਨ ਨਾਲ ਸੰਬੰਧਿਤ ਹੈ ਅਤੇ ਵਿਆਕਤੀ ਦੀ
ਅਸਹਿਮਤੀ ਨੂੰ ਕਮਜ਼ੋਰ ਕਰਦਾ ਹੋਇਆ, ਜੀਵਨ ਵਿਚ ਦਖਲਅੰਦਾਜ਼ੀ ਅਤੇ ਨਿਯਮਿਤ ਨਿਯੰਤਰਣ ਦੁਆਲੇ
ਘੁੰਮਦਾ ਹੈ, ਜਿਸਦਾ ਉਦੇਸ਼ ਵਿਅਕਤੀਗਤ ਸੰਸਥਾਵਾਂ ਨਹੀਂ ਬਲਕਿ ਆਬਾਦੀ ਦਾ ਪ੍ਰਬੰਧਨ ਹੁੰਦਾ ਹੈ।
ਵਿਸਤ੍ਰਤ ਰੂਪ ਵਿਚ ਬਾਇਓ-ਪਾਵਰ ਨੂੰ ਸਮਝ ਲਈ ਇਸ ਦੀ ਤੁਲਨਾ ਪ੍ਰਭੂਸੱਤਾਪੂਰਨ-ਸ਼ਕਤੀ
(sovereign power) ਨਾਲ ਕੀਤੀ ਜਾ ਸਕਦੀ ਹੈ। ਫੂਕੋ ਅਨੁਸਾਰ ਪੁਰਾਣੀ ਪ੍ਰਭੂਸੱਤਾਪੂਰਨ-ਸ਼ਕਤੀ
(sovereign power) (ਜਿਸ ਨੂੰ ਮਾਰਕਸਵਾਦੀ ਭਾਸ਼ਾ ਵਿਚ ਜਗੀਰਦਾਰੀ
ਪ੍ਰਬੰਧ ਵਿਚ ਰਾਜੇ ਦੀ ਸ਼ਕਤੀ ਵਜੋਂ ਸਮਝ ਸਕਦੇ ਹਾਂ) ਕੋਲ ਦੇਹ ਦੇ ਜੀਵਨ ਅਤੇ ਮੌਤ ਬਾਰੇ ਫੈਸਲਾ
ਲੈਣ ਦਾ ਅਧਿਕਾਰ ਸੀ ਅਤੇ ਪ੍ਰਭੂਸੱਤਾਪੂਰਨ-ਸ਼ਕਤੀ ਨੇ ਕਰਤੇ ਦੇ 'ਜੀਵਨ
ਤੇ ਮੌਤ 'ਤੇ ਅਸਿੱਧਾ ਅਧਿਕਾਰ' ਪ੍ਰਾਪਤ ਕਰ
ਲਿਆ ਸੀ।22 ਦਰਾਸਲ ਜੀਵਨ ਤੇ ਮੌਤ ਦਾ ਅਸਲ ਤੱਤ ਮੌਤ ਦਾ ਅਧਿਕਾਰ ਹੈ, ਕਿਉਂਜੋ
ਜੀਵਨ ਦਾ ਅਧਿਕਾਰ ਉਸ ਸਮੇਂ ਹੀ ਅਭਿਆਸ ਵਿਚ ਆਉਂਦਾ ਹੈ ਜਦੋਂ ਪ੍ਰਭੂਸੱਤਾ ਮੌਤ ਦੇਣ ਦੇ ਸਮਰੱਥ ਹੁੰਦੀ
ਸੀ। ਇਥੇ ਧਿਆਨਯੋਗ ਹੈ ਕਿ ਮੌਤ ਦੇ ਕਾਰਨਾਂ,
ਜੀਵਨ ਦੇਣ ਦੇ ਅਧਿਕਾਰ ਜਾਂ ਉਨ੍ਹਾਂ ਨੂੰ ਮਰਨ ਦੀ ਆਗਿਆ ਦੇਣ ਦੇ ਅਧਿਕਾਰ ਬਾਰੇ ਗੱਲ ਨਹੀਂ ਹੋ
ਰਹੀ, ਸਗੋਂ ਇਥੇ ਜੀਵਨ ਲੈਣ ਜਾਂ ਜੀਉਣ ਦੇਣ ਦੇ ਅਧਿਕਾਰ ਬਾਰੇ ਨੁਕਤਾ ਸਾਂਝਾ ਕੀਤਾ ਜਾ ਰਿਹਾ ਹੈ।23 ਪ੍ਰਭੂਸੱਤਾ ਮਾਰਨ ਦੇ ਅਧਿਕਾਰ ਦੀ ਵਰਤੋਂ ਕਰਦੀ ਹੀ ਜੀਵਨ ਉੱਤੇ ਆਪਣੇ ਅਧਿਕਾਰ ਨੂੰ
ਵਰਤੋਂ ਵਿਚ ਲਿਆਉਂਦੀ ਸੀ। ਮੌਤ
ਰਾਹੀਂ ਜੀਵਨ 'ਤੇ ਪ੍ਰਾਪਤ ਕਰਨ ਦੀ ਸਥਿਤੀ ਜੀਵਨ ਅਤੇ ਮੌਤ ਦੇ ਅਧਿਕਾਰ ਨੂੰ
ਗੈਰ-ਬਰਾਬਰੀ ਵਾਲੇ (dissymmetrical) ਸੰਬੰਧਾਂ ਵਿੱਚ ਪਾ ਦਿੰਦੀ ਹੈ। ਇਸ ਲਈ ਫੂਕੋ ਕਹਿੰਦਾ ਹੈ ਕਿ "(ਸਰਬ-ਸ਼ਕਤੀਮਾਨ) ਨੇ ਜੀਵਨ ਉੱਤੇ ਆਪਣੀ ਸ਼ਕਤੀ ਦਾ ਪ੍ਰਮਾਣ
ਕੇਵਲ ਵਿਅਕਤੀ ਦੀ ਮੌਤ ਰਾਹੀਂ ਹੀ ਪ੍ਰਾਪਤ ਕੀਤਾ, ਜਿਸ ਦੇ ਉਹ ਸਮਰੱਥ ਸੀ।"24
ਪਰ ਉਨੀਵੀਂ ਸਦੀ ਦੀ ਸ਼ੁਰੂਆਤ ਤੋਂ ਪੱਛਮੀ-ਸਮਾਜਾਂ ਨੇ ਸ਼ਕਤੀ ਦੇ ਪ੍ਰਭੂਸੱਤਾ-ਪੂਰਨ
ਢੰਗਾਂ ਵਿਚ ਮਹੱਤਵਪੂਰਨ ਤਬਦੀਲੀ ਕੀਤੀ ਹੈ। ਇਹ ਇਸ
ਲਈ ਨਹੀਂ ਸੀ ਕਿ ਪੁਰਾਣੀ ਪ੍ਰਭੂਸੱਤਾ ਦੀ 'ਜੀਵਨ ਲੈਣ ਜਾਂ ਜੀਉਣ ਦੇਣ' (to take life or let live) ਦੀ ਧਾਰਨਾਂ ਦੀ ਥਾਂ ਨੂੰ ਬਦਲ
ਦਿੱਤੀ ਗਿਆ ਹੈ, ਬਲਕਿ ਇਸਦੇ ਉਲਟ 'ਜਿਉਣਯੋਗ
ਬਣਾਉਣ ਅਤੇ ਮਰਨ ਦਿਓ' (to make live and let die) ਦਾ ਨਵਾਂ ਸਿਧਾਂਤ ਲਿਆਦਾ ਗਿਆ ਹੈ।25 ਲੜਾਈਆਂ
ਹੁਣ ਪ੍ਰਭੂਸੱਤਾਪੂਰਨ ਸ਼ਕਤੀ ਦੇ ਨਾਮ ਤੇ ਨਹੀਂ ਲੜੀਆਂ ਜਾਂਦੀਆਂ, ਸਗੋਂ ਲੋਕਾਂ ਦੀ ਜ਼ਿੰਦਗੀ ਦੀ ਜ਼ਰੂਰਤ
ਵੱਜੋਂ ਅਤੇ ਜ਼ਿੰਦਗੀ ਦੀ ਹੋਂਦ ਬਣਾਈ ਰੱਖਣ ਲਈ ਲੜੀਆਂ ਜਾਂਦੀਆਂ ਹਨ।26 ਇਸ
ਲਈ ਦਬਦਬੇ ਦੇ ਸੰਬੰਧਾ ਵਿਚ, ਜਿਥੇ ਪ੍ਰਭੂਸੱਤਾ ਨੇ ਵਿਅਕਤੀਆਂ ਦੀ ਮੌਤ ਅਤੇ ਜੀਵਨ 'ਤੇ ਅਧਿਕਾਰ ਪ੍ਰਾਪਤ ਕੀਤਾ ਸੀ, ਹੁਣ ਇੱਥੇ 'ਸਰਕਾਰ ਦੀ ਕਲਾ' (art of government) ਨੇ ਜਨਮ ਲਿਆ ਹੈ, ਜਿਸ ਵਿਚ ਸ਼ਾਸ਼ਕ ਤੋਂ ਕਰਤਿਆਂ ਦੇ ਹੱਕ
ਵਿਚ ਕੰਮ ਕਰਨ ਦੀ ਉਮੀਦ ਬੱਝਦੀ ਹੈ ਅਤੇ ਲੋਕਾਂ ਦੀ ਤੰਦਰੁਸਤ ਤੇ ਬੇਹਤਰ ਜ਼ਿੰਦਗੀ ਲਈ ਯਤਨ ਕੀਤੇ
ਜਾਂਦੇ ਹਨ। ਇਸ ਪ੍ਰਸੰਗ ਵਿਚ ਆਧੁਨਿਕ ਜੀਵ-ਵਿਗਿਆਨ (Biology) ਦੀ
ਅਹਿਮ ਭੂਮਿਕਾ ਨੂੰ ਵੇਖਿਆ ਜਾ ਸਕਦਾ ਹੈ, ਜੋ ਫੂਕੋ ਲਈ ਮਨੁੱਖੀ-ਦੇਹ ਦੀ ਪੜਚੋਲ ਕਰਨ ਵਾਲਾ 'ਹਾਰਡ' ਵਿਗਿਆਨ ਹੈ। ਮਾਰਕਸ ਕਹਿੰਦਾ ਹੈ ਕਿ ਜੀਵ-ਵਿਗਿਆਨ ਇਕ
ਦਿੱਤਾ ਗਏ ਅਤੇ ਪੂਰਵ-ਰਾਜਨੀਤਿਕ ਪ੍ਰਵਚਨਾਂ ਵਾਂਗ ਜ਼ਿੰਦਗੀ ਦੇ ਪ੍ਰਬੰਧ, ਉਤਪਾਦਨ ਅਤੇ ਜ਼ਿੰਦਗੀ ਨੂੰ ਕਾਇਮ ਰੱਖਣ ਵਾਲੇ ਪ੍ਰਵਚਨ ਵਜੋਂ ਕੰਮ ਕਰਦੀ ਹੈ।27 ਇਸ ਵਜ੍ਹਾ ਕਰਕੇ ਹੀ ਜੀਵ-ਵਿਗਿਆਨ ਨੂੰ ਜੀਵਿਤ ਮਨੁੱਖ ਦੀ ਢੁੱਕਵੀਂ ਸਮਝ ਰੱਖਣ ਵਾਲੀ ਇੱਕ
ਕੂੰਜੀ ਵਜੋਂ ਸਵੀਕਾਰਿਆ ਜਾਣਾ ਚਾਹੀਦਾ ਹੈ। ਮਨੁੱਖ, ਇੱਕ ਜੀਵ-ਵਿਗਿਆਨਕ ਵਸਤੂ ਦੇ ਰੂਪ ਵਿੱਚ, ਅਣੂਆਂ ਦੇ ਇੱਕ ਸੰਗਠਨ ਤੋਂ ਇਲਾਵਾ ਕੁਝ ਵੀ ਨਹੀਂ, ਜਿਸਦਾ
ਉਦੇਸ਼ ਆਪਣੀ ਹੋਂਦ ਨੂੰ ਕਾਇਮ ਰੱਖਣਾ ਅਤੇ ਵਿਸਤਾਰ ਕਰਨਾ ਹੈ। ਇਸ ਕਰਕੇ ਪ੍ਰਜਨਨ ਨੂੰ ਫੂਕੋ ਵਿਅਕਤੀਗਤ ਰੂਪ
ਵਿੱਚ ਨਹੀਂ ਸਮਝਦਾ, ਬਲਕਿ ਅਣੂ ਦੇ ਦੋ ਬਣਨ ਦੇ ਸੁਪਨੇ ਵਜੋਂ ਵੇਖੇ ਜਾਣ ਲਈ ਕਹਿੰਦਾ
ਹੈ, ਜੋ ਮਨੁੱਖੀ-ਆਬਾਦੀ ਦਾ ਵਿਸਥਾਰ ਵੀ ਹੈ। ਆਬਾਦੀ ਅਜਿਹੇ ਵਿਅਕਤੀਆਂ ਦੀ ਹੁੰਦੀ ਹੈ ਜੋ ਕਦੇ
ਇਕੋ ਜਿਹੇ ਨਹੀਂ ਹੁੰਦੇ, ਜਿਸ ਕਰਕੇ ਅੰਕੜਿਆਂ ਦੁਆਰਾ ਸਮੁੱਚੀ ਆਬਾਦੀ ਨਾਲ ਸੰਬੰਧਿਤ ਜਾਣਕਾਰੀ ਦਾ
ਹੋਣਾ ਮਹੱਤਵਪੂਰਨ ਬਣ ਜਾਂਦਾ ਹੈ।28 ਜਨਮ ਅਤੇ ਮੌਤ ਦੇ ਅਨੁਪਾਤ, ਪ੍ਰਜਨਨ ਦੀ ਦਰ, ਆਬਾਦੀ ਦੀ ਉਪਜਾਉ-ਸ਼ਕਤੀ ਨੂੰ ਵਰਗੀਕ੍ਰਿਤ ਕਰਕੇ
ਬਾਇਓ-ਪਾਵਰ ਦੀ ਨਵੀਂ ਤਕਨੀਕ ਨੇ ਬਿਲਕੁਲ ਇਹੀ ਕੀਤਾ ਹੈ। ਆਰਥਿਕ ਅਤੇ ਰਾਜਨੀਤਿਕ ਸਮੱਸਿਆਵਾਂ ਦੇ ਨਾਲ ਮਿਲਕੇ ਇਹ ਸ਼੍ਰੇਣੀਆਂ,
ਬਾਇਓ-ਰਾਜਨੀਤੀ ਵਜੋਂ, ਗਿਆਨ ਅਤੇ ਨਿਯੰਤਰਣ ਦੀਆਂ ਮੁੱਢਲੀਆਂ ਚੀਜ਼ਾਂ ਬਣ ਗਈਆਂ ਹਨ।29
ਇਸ ਕਰਕੇ ਹੁਣ ਮਨੁੱਖ ਦੀ ਜੀਵ-ਵਿਗਿਆਨਿਕ ਹੋਂਦ ਨੂੰ ਮੌਤ-ਦਰ ਦੇ ਨਿਯੰਤਰਣ ਦੇ ਤੌਰ
'ਤੇ ਨਹੀਂ ਸਮਝਿਆ ਜਾ ਸਕਦਾ, ਸਗੋਂ ਇਸਦਾ ਜ਼ਰੂਰੀ ਹਿੱਸਾ ਹੁਣ ਗਿਆਨ ਦੇ ਖੇਤਰ ਦੇ
ਨਿਯੰਤਰਣ ਅਤੇ ਸ਼ਕਤੀ ਦੇ ਖੇਤਰ ਦੇ ਦਖਲ ਦੇ ਪ੍ਰਭਾਵ ਹੇਠ ਆ ਗਿਆ ਹੈ।30 ਇਸ ਨਾਲ ਮਨੁੱਖੀ-ਜੀਵਨ ਨਾਲ ਸੰਬੰਧਿਤ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ। ਦਵਾਈਆਂ ਦੇ ਨਵੇਂ ਸਥਾਪਿਤ ਖੇਤਰ ਨੇ ਜਨਤਕ ਸਿਹਤ/ਜ਼ਿੰਦਗੀ
ਦੀ ਦੇਖ-ਭਾਲ (public hygiene) ਲਈ ਜਿੰਮੇਵਾਰੀ ਲਈ ਹੈ, ਜਿਹੜਾ ਸ਼ਕਤੀ ਦੇ
ਕੇਂਦਰੀਕਰਨ ਦੁਆਰਾ, ਗਿਆਨ ਦਾ ਸਧਾਰਣੀਕਰਨ ਕਰਕੇ, ਆਬਾਦੀ ਨੂੰ ਸਿਹਤ
ਅਤੇ ਸਫ਼ਾਈ ਰੱਖਣ ਦੇ ਤਰੀਕਿਆਂ ਤੋਂ ਜਾਣੂ ਕਰਾਉਂਦਾ ਹੈ।31 ਇਸ
ਤਰ੍ਹਾਂ ਬਾਇਓ-ਰਾਜਨੀਤੀ ਨੇ ਮਨੁੱਖ ਅਤੇ ਉਸ ਦੇ ਵਾਤਾਵਰਣ ਦੇ ਸੰਬੰਧਾਂ ਵਿਚਕਾਰ ਵਿਚੋਲਗੀ ਦਾ ਕੰਮ
ਕੀਤਾ ਹੈ ਅਤੇ "ਆਪਣੇ ਗਿਆਨ ਤੇ ਸ਼ਕਤੀ ਦੇ ਖੇਤਰ ਦੀ ਦਖ਼ਲਅੰਦਾਜ਼ੀ ਨੂੰ
ਜਨਮ-ਦਰ, ਮੌਤ-ਦਰ, ਵੱਖਰੀਆਂ ਜੈਵਿਕ-ਬਿਮਾਰੀਆਂ
ਅਤੇ ਵਾਤਾਵਰਣ ਦੇ ਪ੍ਰਭਾਵਾਂ ਦੇ ਰੂਪ ਵਿੱਚ ਪਰਿਭਾਸ਼ਾ ਕੀਤਾ ਹੈ।"32
ਬਾਇਓ-ਪਾਵਰ ਜੀਵਨ-ਨਿਯਮਿਤ ਕਰਨ ਵਾਲੀ ਸ਼ਕਤੀ ਦਾ ਇਕ ਆਧੁਨਿਕ ਰੂਪ ਹੈ, ਜੋ ਮਨੁੱਖੀ-ਦੇਹ
ਅਤੇ ਕੁਦਰਤੀ ਵਰਤਾਰੇ ਨੂੰ ਨਵੀਆਂ ਕਿਸਮਾਂ ਦੀਆਂ ਵਿਗਿਆਨਕ ਜਾਣਕਾਰੀਆਂ ਨਾਲ ਪੁਨਰ-ਪਰਿਭਾਸ਼ਤ ਕਰਨ
ਦੇ ਯਤਨ ਕਰਦਾ ਹੈ। ਜੀਵ-ਵਿਗਿਆਨ
ਦੇ ਇਹ ਸਾਰੇ ਵਿਕਾਸ ਸ਼ਾਸਨ ਦੇ ਨਵੇਂ ਤਰੀਕਿਆਂ ਅਤੇ ਮਨੁੱਖੀ ਜੀਵਨ ਦੀ ਹੇਰਾਫੇਰੀ ਨੂੰ ਸੰਭਵ
ਬਣਾਉਂਦੇ ਹਨ। ਫੂਕੋ ਨੇ ਇਤਿਹਾਸ ਦੇ ਇਸ ਪਲ ਨੂੰ 'ਆਧੁਨਿਕਤਾ ਦੀ ਦਹਲੀਜ਼' (thershold of modernity) ਵਜੋਂ ਦਰਸਾਇਆ ਹੈ ਭਾਵ ਉਹ ਬਿੰਦੂ ਜਿਸ ਵਿੱਚ ਮਨੁੱਖ ਹੁਣ ਉਹ ਨਹੀਂ ਰਿਹਾ ਜੋ ਅਰਸਤੂ
ਅਨੁਸਾਰ "ਇੱਕ ਰਾਜਨੀਤਿਕ ਸਮਰੱਥਾ ਰੱਖਣ ਵਾਲਾ ਇੱਕ ਜੀਵਤ ਜਾਨਵਰ ਸੀ"33,
ਬਲਕਿ ਮਨੁੱਖ ਕਈ ਤਕਨੀਕਾਂ ਦੁਆਰਾ ਪ੍ਰਭਾਵਿਤ ਕੀਤਾ ਜਾਣ ਵਾਲੀ ਇੱਕ ਜਾਤੀ ਦਾ
ਸਦੱਸ ਬਣ ਗਿਆ ਹੈ। ਫੂਕੋ ਇੱਥੇ ਜੀਵਨ ਉੱਤੇ ਸ਼ਕਤੀ ਅਤੇ ਪੂੰਜੀਵਾਦ ਦੇ ਉਭਾਰ ਦੇ ਵਿਚਕਾਰ ਸੰਬੰਧ ਉੱਤੇ
ਜ਼ੋਰ ਦਿੰਦਾ ਹੈ। ਪੂਰਵ-ਆਧੁਨਿਕਤਾ ਤੋਂ ਲੈ ਕੇ ਆਧੁਨਿਕਤਾ
ਤੱਕ ਦਾ ਯੁੱਗ ਬੇਸ਼ੱਕ ਮਹਾਨ ਇਤਿਹਾਸਕ ਮਹੱਤਤਾ ਵਾਲੇ ਵਰਤਾਰੇ ਨਾਲ ਭਰਪੂਰ ਯੁੱਗ ਹੈ, ਜਿਸ ਵਿਚ ਉਦਯੋਗੀਕਰਨ, ਵਿਗਿਆਨਕ ਤੇ ਤਕਨੀਕੀ ਤਰੱਕੀ ਅਤੇ ਸਿਵਲ
ਸੁਸਾਇਟੀ ਦਾ ਜਨਮ ਵੇਖਿਆ ਗਿਆ ਹੈ, ਪਰ Discipline and
Punishment ਅਤੇ History of Sexuality Vol-II ਵਿਚ ਫੂਕੋ ਨੂੰ ਲਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਜੀਵਨ ਉੱਤੇ ਸ਼ਕਤੀ ਦੁਆਰਾ ਲਗਾਈਆਂ
ਗਈਆਂ ਤਕਨੀਕਾਂ ਦੇ ਪ੍ਰਭਾਵ ਸਨ।
ਅਨੁਸ਼ਾਸਨੀ-ਸ਼ਕਤੀ ਅਤੇ ਬਾਈਓ-ਪਾਵਰ ਨੇ ਪ੍ਰਭੂਸੱਤਾਪੂਰਨ-ਸ਼ਕਤੀ ਅਤੇ ਜਾਗੀਰਦਾਰੀ ਸਮਾਜਿਕ
ਰਿਸ਼ਤਿਆਂ ਦੇ ਅਧਾਰ 'ਤੇ ਮੌਜੂਦਾ ਸ਼ਕਤੀ ਸੰਬੰਧਾਂ ਵਿਚ ਇਕ ਬੁਨਿਆਦੀ ਤਬਦੀਲੀ ਲਿਆਂਦੀ
ਹੈ। ਇਸ
ਲਈ ਫੂਕੋ ਕਹਿੰਦਾ ਹੈ: ਬਿਨ੍ਹਾਂ ਕਿਸੇ ਸੰਕੇ ਤੋਂ ਬਾਇਓ-ਪਾਵਰ ਸਰਮਾਏਦਾਰੀ ਦੇ ਵਿਕਾਸ ਵਿਚ ਇਕ
ਲਾਜ਼ਮੀ ਤੱਤ ਸੀ; (ਜੋ) ਬਾਅਦ ਵਿੱਚ ਉਤਪਾਦਨ ਦੀ ਮਸ਼ੀਨਰੀ ਵਿੱਚ ਦੇਹਾਂ ਨੂੰ
ਨਿਯੰਤਰਿਤ ਕਰਨ ਅਤੇ ਆਬਾਦੀ ਦੇ ਵਰਤਾਰੇ ਨੂੰ ਆਰਥਿਕ ਪ੍ਰਕਿਰਿਆਵਾਂ ਵਿੱਚ ਸਮਾਯੋਜਿਤ ਕੀਤੇ ਬਿਨਾਂ
ਸੰਭਵ ਨਹੀਂ ਹੋਣਾ।34
ਫੂਕੋ ਦੀ ਅਨੁਸ਼ਾਸਨ-ਸ਼ਕਤੀ ਤੇ ਬਾਇਓ-ਪਾਵਰ ਵਿਚ ਸੰਬੰਧ:
ਹੁਣ ਤੱਕ ਸਾਨੂੰ ਪਤਾ ਹੈ ਕਿ ਫੂਕੋ 'ਅਨੁਸ਼ਾਸਨ-ਸ਼ਕਤੀ' ਤੇ 'ਬਾਇਓ-ਪਾਵਰ' ਦੇ ਰੂਪ ਵਿਚ ਆਧੁਨਿਕ
ਸ਼ਕਤੀ ਦੀਆਂ ਦੋ ਤਕਨੀਕਾਂ ਦਾ ਜ਼ਿਕਰ ਕਰਦਾ ਹੈ। ਇਕ ਪਾਸੇ ਜਿੱਥੇ ਅਨੁਸ਼ਾਸਨੀ-ਤਕਨੀਕ ਹਿਤੈਸੀ
ਤੇ ਅਸੀਲ ਮੰਨੀਆਂ ਜਾਂਦੀਆਂ ਵਿਅਕਤੀਗਤ ਦੇਹ 'ਤੇ ਕੇਂਦਰਿਤ ਹੁੰਦੀ ਹੈ
ਅਤੇ ਉੱਥੇ ਦੂਜੇ ਪਾਸੇ ਬਾਇਓ-ਪਾਵਰ ਦਾ ਉਦੇਸ਼ ਦੇਹ ਦੀ ਬਜਾਇ ਦੇਹ ਦੀ ਜ਼ਿੰਦਗੀ ਹੁੰਦੀ ਹੈ, ਜਿਸ
ਨੇ ਅਬਾਦੀ ਦੇ ਵਿਆਪਕ ਪ੍ਰਭਾਵਾਂ ਨੂੰ ਇਕੱਠਾ ਕਰਕੇ, ਵਾਪਰ ਰਹੀਆਂ ਘਟਨਾਵਾਂ ਦੀ ਭਵਿੱਖਬਾਣੀ ਕਰਨ
ਅਤੇ ਉਨ੍ਹਾਂ ਨੂੰ ਨਿਯੰਤਰਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਫੂਕੋ ਨੇ ਸਿੱਟਾ ਕੱਢਿਆ ਹੈ ਕਿ "ਦੋਵੇਂ ਤਕਨੀਕਾਂ ਸਪੱਸ਼ਟ ਤੌਰ 'ਤੇ ਦੇਹਾਂ ਦੀਆਂ ਤਕਨੀਕਾਂ ਹਨ,
ਇੱਕ ਤਕਨੀਕ ਵਿੱਚ ਦੇਹ ਨੂੰ ਸਮਰੱਥਾਵਾਂ ਵਾਲੇ ਇੱਕ ਜੀਵ ਦੇ ਰੂਪ ਵਿੱਚ ਗੜਿਆ
ਜਾਂਦਾ ਹੈ ਅਤੇ ਦੂਜੀ ਵਿੱਚ ਸਧਾਰਣ ਜੀਵ-ਵਿਗਿਆਨਕ ਪ੍ਰਕਿਰਿਆਵਾਂ ਦੁਆਰਾ ਦੇਹ ਨੂੰ ਬਦਲ ਦਿੱਤਾ ਜਾਂਦਾ
ਹੈ।"35 ਇਸ
ਦੇ ਮਾਇਨੇ ਇਹ ਨਿਕਲਦੇ ਪ੍ਰਤੀਤ ਹੁੰਦੇ ਹਨ ਕਿ ਇਹ ਦੋਵੇਂ ਤਕਨੀਕਾਂ ਇਕੋ ਪੱਧਰ 'ਤੇ ਮੌਜੂਦ ਨਹੀਂ ਹਨ, ਪਰ ਫੂਕੋ ਸ਼ਕਤੀ ਦੇ ਇਹ ਦੋਵੇਂ ਰੂਪਾਂ
(ਅਨੁਸ਼ਾਸਨੀ ਤੇ ਬਾਇਓਪਾਵਰ) ਦੇ ਮੇਲ ਨੂੰ ਦਿਖਾਉਂਦਾ ਹੋਇਆ ਇਕ ਬਾਈਪੋਲਰ ਡਾਇਗਰਾਮ (biopolor
digram) ਦੁਆਰਾ ਜੀਵਨ ਉੱਤੇ ਸ਼ਕਤੀ ਦੀ ਵਿਆਖਿਆ ਕਰਦਾ ਹੈ। ਉਹ ਲਿਖਦਾ ਹੈ:
ਬਾਇਓ-ਪਾਵਰ ਦਾ ਇਕ ਖੰਭਾ ਮਨੁੱਖੀ ਦੇਹ ਦੀ ਇਕ ਰਾਜਨੀਤਿਕ-ਰਣਨੀਤੀ 'ਤੇ ਕੇਂਦਰਿਤ ਹੈ ਅਤੇ ਆਪਣੀ ਤਾਕਤਾਂ ਨੂੰ ਵੱਧ ਤੋਂ ਵੱਧ ਕੁਸ਼ਲ ਪ੍ਰਣਾਲੀਆਂ ਵਿਚ
ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੂਜਾ ਧਰੁਵ ਨਿਯਮਿਤ ਨਿਯੰਤਰਣਾ ਵਿਚੋਂ ਇਕ ਹੈ, ਜੀਵ ਦੀ ਦੇਹ 'ਤੇ ਧਿਆਨ ਕੇਂਦਰਿਤ ਕਰਦਾ ਹੋਇਆ ਜੀਵਨ ਦੇ
ਢੰਗਾਂ ਨੂੰ (ਜਿਵੇਂ) ਰੰਗ, ਜਨਮ, ਰੋਗੀ, ਮੌਤ,
ਲੰਬੀ ਉਮਰ ਆਦਿ ਨੂੰ ਆਪਣੇ ਘੇਰੇ ਵਿਚ ਲੈਂਦਾ ਹੈ। ਇਹ ਆਬਾਦੀ ਦੀ ਇਕ ਬਾਇਓਪੋਲਿਟਿਕਸ
ਹੈ।36
ਅਨੁਸ਼ਾਸਨੀ-ਸ਼ਕਤੀ ਦੁਆਰਾ ਵਿਅਕਤੀਆਂ ਦੇ ਪੱਧਰ 'ਤੇ ਅਤੇ ਬਾਇਓ-ਪਾਵਰ ਦੁਆਰਾ ਆਬਾਦੀ ਦੇ ਪੱਧਰ 'ਤੇ ਆਧੁਨਿਕ
ਸ਼ਕਤੀ ਆਪਣਾ ਕਾਰਜ ਕਰਦੀ ਹੈ।
ਸ਼ਕਤੀ ਦੇ ਇਹ ਦੋਵੇਂ ਰੂਪ ਮਨੁੱਖੀ-ਦੇਹ ਨੂੰ ਵੱਧ ਤੋਂ ਵੱਧ ਆਪਣੇ ਅਧੀਨ ਲਿਆਉਣਾ ਲੋਚਦੇ ਹਨ। ਅਨੁਸ਼ਾਸਨੀ-ਸ਼ਕਤੀ
ਅਧੀਨਤਾ ਰਾਹੀਂ ਅਤੇ ਬਾਇਓ-ਪਾਵਰ ਜੀਵਨ ਨੂੰ ਮਜ਼ਬੂਤ ਕਰਨ ਦੀਆਂ ਬਾਇਓ-ਰਾਜਨੀਤਿਕ ਤਕਨੀਕਾਂ ਦੀ
ਵਰਤੋਂ ਰਾਹੀਂ, ਇੱਕ ਦਿੱਤੇ ਰੂਪ ਵਿੱਚ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰਦੀਆਂ ਹਨ।37
ਅਨੁਸ਼ਾਸਨੀ-ਸ਼ਕਤੀ ਤੇ ਬਾਇਓ-ਸ਼ਕਤੀ ਦੇ ਅੰਤਰ ਤੇ ਅੰਤਰ-ਸੰਬੰਧਾਂ ਨੂੰ ਦਰਸਾਉਣ ਵਾਲੀ ਇਕ
ਅਰਥ-ਸੰਰਚਨਾ ਇਹ ਹੋ ਸਕਦੀ ਹੈ ਕਿ ਕੋਈ ਕਿਸੇ ਦੇਹ ਨੂੰ ਅਨੁਸ਼ਾਸਤ ਕਰਨਾ ਚਹੁੰਦਾ ਹੈ ਜਾਂ ਜਿਵੇਂ
ਕੋਈ ਆਬਾਦੀ ਨੂੰ ਨਿਯਮਤ ਕਰਨਾ ਚਾਹੁੰਦਾ ਹੈ।
ਇਸ ਤਰ੍ਹਾਂ ਫੂਕੋ ਨੇ ਅਨੁਸ਼ਾਸਨੀ-ਸ਼ਕਤੀ ਅਤੇ ਬਾਇਓ-ਸ਼ਕਤੀ ਨੂੰ ਸ਼ਕਤੀ ਦੇ ਦੋ
ਵੱਖਰੇ ਰੂਪਾਂ (ਹਾਲਾਂਕਿ ਇਹ ਦੋਵੇਂ ਇਕ ਦੂਜੇ ਨੂੰ ਓਵਰਲੈਪ ਕਰਦੀਆਂ ਹਨ) ਦਰਸਾਇਆ ਹੈ, ਜਿਸ ਵਿਚ ਕਈ ਵਾਰ ਉਹ ਬਾਇਓ-ਪਾਵਰ ਦੇ ਅੰਦਰ ਅਨੁਸ਼ਾਸਨ ਨੂੰ ਸ਼ਾਮਲ ਕਰਦਾ ਹੈ ਅਤੇ ਕਈ ਵਾਰ
ਅਨੁਸ਼ਾਸਨ ਨੂੰ ਦੋ ਪੱਧਰਾਂ ਵਿੱਚੋਂ ਇੱਕ ਪੱਧਰ ਵਜੋਂ ਦਰਸਾਉਂਦਾ ਹੈ ਜਿੱਥੇ ਬਾਇਓਪਾਵਰ ਕਾਰਜਸ਼ੀਲ
ਹੁੰਦੀ ਹੈ। ਭਾਵੇਂ ਕਿ ਜਿੱਥੇ ਅਨੁਸ਼ਾਸਨੀ-ਸ਼ਕਤੀ ਮੁੱਖ
ਤੌਰ 'ਤੇ ਅਨੇਕਾਂ ਅਦਾਰਿਆਂ (ਸਕੂਲ, ਵਰਕਸ਼ਾਪਾਂ,
ਜੇਲ੍ਹਾਂ ਅਤੇ ਮਾਨਸਿਕ ਰੋਗਾਂ ਦੇ ਹਸਪਤਾਲ ਵਿਅਕਤੀਗਤ ਸੰਸਥਾਵਾਂ) ਰਾਹੀਂ ਕੰਮ
ਕਰਦੀ ਹੈ, ਉੱਥੇ ਬਾਇਓ-ਪਾਵਰ ਮੁੱਖ ਤੌਰ 'ਤੇ
ਰਾਜ ਦੇ ਅਧਿਕਾਰ ਵਿਚ ਕਾਰਜਸ਼ੀਲ ਹੁੰਦੀ ਹੈ, ਹਾਲਾਂਕਿ ਰਾਜ ਵੀ ਕਈ
ਸੰਸਥਾਵਾਂ (ਜਿਵੇਂ ਕਿ ਜੇਲ੍ਹ, ਹਸਪਤਾਲ ਆਦਿ) ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ। ਇਸ ਤਰ੍ਹਾਂ
ਅਨੁਸ਼ਾਸਨ-ਸ਼ਕਤੀ ਤੇ ਬਾਇਓ-ਸ਼ਕਤੀ ਦਾ ਉਭਾਰ ਦੇਹ ਕੇਂਦਰਿਤ ਰਾਜਨੀਤੀ ਦਾ ਇਕ ਨਵਾਂ ਢੰਗ ਹੈ, ਜੋ ਦੇਹ
ਨੂੰ ਮੌਤ ਦੇਣ ਦੀ ਬਜਾਇ ਇਕ ਅਨੁਸ਼ਾਸਤ ਜ਼ਿੰਦਗੀ ਪ੍ਰਦਾਨ ਕਰਦਾ ਹੈ ਅਤੇ ਦੇਹ ਦੀ ਉਤਪਾਦਕਤਾ ਨੂੰ
ਵਧੇਰੇ ਕੁਸ਼ਲ ਬਣਾਉਣ ਲਈ ਲਗਾਤਾਰ ਯਤਨਸ਼ੀਲ ਰਹਿੰਦਾ ਹੈ। ਇਨ੍ਹਾਂ ਸ਼ਕਤੀਆਂ ਤਕਨੀਕਾਂ ਦੇ
ਸਿੱਧੇ/ਸਪੱਸ਼ਟ ਯਤਨ ਜਾਂ ਉਭਾਰ ਅਸੀਂ ਕਿਸੇ ਵੀ ਮਹਾਂਮਾਰੀ ਦੌਰਾਨ ਜਿਆਦਾ ਕ੍ਰਿਆਸ਼ੀਲ ਜਾਂ ਉਗਰ ਰੂਪ
ਵਿਚ ਵੇਖ/ਮਹਿਸੂਸ ਕਰ ਸਕਦੇ ਹਾਂ।
ਕੋਰੋਨਾ ਪ੍ਰਬੰਧਨ ਅਤੇ ਫੂਕੋ ਦੀ ਅਨੁਸ਼ਾਸਨੀ ਤੇ ਬਾਇਓ-ਸ਼ਕਤੀ:
ਅਸੀਂ ਪਹਿਲਾਂ ਸਮਝਿਆ ਹੈ ਕਿ ਮਹਾਂਮਾਰੀ ਸਮਾਜਿਕ ਨਵੀਨਤਾ ਦੀਆਂ ਮਹਾਨ
ਪ੍ਰਯੋਗਸ਼ਾਲਾਵਾਂ ਵਜੋਂ ਸਰੀਰਕ ਪ੍ਰਕਿਰਿਆਵਾਂ ਅਤੇ ਸ਼ਕਤੀ ਦੀਆਂ ਤਕਨੀਕਾਂ ਦੇ ਵੱਡੇ ਪੱਧਰ 'ਤੇ ਪੁਨਰਗਠਨ ਦਾ ਇੱਕ ਮੌਕਾ ਪ੍ਰਦਾਨ ਕਰਦੀ ਹੈ। ਫੂਕੋ ਨੇ ਕੋੜ੍ਹ-ਪ੍ਰਬੰਧਨ ਤੋਂ ਪਲੇਗ-ਪ੍ਰਬੰਧਨ
ਵਿੱਚ ਹੋਈ ਸ਼ਕਤੀ ਦੀ ਤਬਦੀਲੀ ਦਾ ਵਿਸ਼ਲੇਸ਼ਣ ਉਸ ਪ੍ਰਕਿਰਿਆ ਵਜੋਂ ਹੀ ਕੀਤਾ ਹੈ, ਜਿਸ ਰਾਹੀਂ ਸ਼ਕਤੀ
ਦੀਆਂ ਅਨੁਸ਼ਾਸਨੀ ਤਕਨੀਕਾਂ ਨੂੰ ਆਧੁਨਿਕਤਾ ਵਿੱਚ ਲਾਗੂ ਕੀਤਾ ਗਿਆ ਸੀ। ਜਦੋਂ ਕਿ ਕੋੜ੍ਹ-ਪ੍ਰਬੰਧ
ਵਿਚ ਸਖ਼ਤੀ ਨਾਲ ਗੈਰ-ਰਾਜਨੀਤਿਕ ਢੰਗਾਂ ਨੂੰ ਲਾਗੂ ਕਰਦਿਆਂ ਕੋੜ੍ਹੀਆਂ ਨੂੰ ਸਮਾਜ ਵਿਚੋਂ ਬਾਹਰ
ਰੱਖਿਆ ਗਿਆ ਸੀ ਅਤੇ ਉਨ੍ਹਾਂ ਦੀ ਨਿਖੇਧੀ ਕੀਤੀ ਗਈ ਸੀ। ਇਸ ਨਾਲ ਜੇਕਰ ਕੌੜ੍ਹੀਆਂ ਨੂੰ ਸਰੀਰਕ ਮੌਤ ਨਹੀਂ ਤਾਂ ਘੱਟੋ-ਘੱਟ ਉਨ੍ਹਾਂ ਦੀ ਸਮਾਜਿਕ ਮੌਤ ਦੇ ਫ਼ਤਵੇਂ ਜਰੂਰ
ਪੜ੍ਹ ਦਿੱਤੇ ਗਏ ਸਨ। ਭਾਵੇਂ ਇਹ ਮਹਾਂਮਾਰੀ
ਨੂੰ ਨਿਯੰਤਰਣ ਕਰਨ ਲਈ ਮੁੱਢਲੇ-ਆਧੁਨਿਕ ਯਤਨ ਸਨ, ਜਿਸ
ਨਾਲ ਪਲੇਗ-ਪ੍ਰਬੰਧਨ ਵਿਚ ਅਨੁਸ਼ਾਸਨੀ-ਸ਼ਕਤੀ ਨੇ ਥਾਵਾਂ (spaces) ਦੀ ਵੰਡ ਰਾਹੀਂ ਹਰ ਘਰ ਵਿੱਚ ਮਨੁੱਖੀ-ਦੇਹ ਨੂੰ ਸੀਮਿਤ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਹੀ ਹੁਣ ਦੇ ਦੌਰ ਵਿਚ ਕੋਰੋਨਾ
ਮਹਾਂਮਾਰੀ ਦੌਰਾਨ ਵੀ ਅਨੁਸ਼ਾਸਨੀ-ਸ਼ਕਤੀ ਵਿਚ ਬਹੁਤ ਵੱਡੇ ਵਾਧੇ ਨੂੰ ਵੇਖਿਆ ਗਿਆ ਹੈ, ਜਿਹੜਾ ਖ਼ਾਸ ਰਣਨੀਤੀਆਂ ਦੇ ਵਿਕਾਸ ਤਹਿਤ ਮਨੁੱਖੀ-ਦੇਹ ਨੂੰ ਸੀਮਾਂ ਵਿਚ ਬੰਧਨਦਾ ਹੈ ਅਤੇ
ਕੋਰੋਨਾ-ਮਹਾਂਮਾਰੀ ਦਾ
ਸਾਹਮਣਾ ਕਰਨ ਵਾਲੇ ਦੇਸ਼ਾਂ ਦੁਆਰਾ ਅਪਣਾਈਆਂ ਗਈਆਂ ਰਣਨੀਤੀਆਂ ਪੂਰੀ ਤਰ੍ਹਾਂ ਵੱਖ-ਵੱਖ ਕਿਸਮਾਂ
ਦੀ ਬਾਇਓ-ਰਾਜਨੀਤਿਕ ਤਕਨੀਕਾਂ ਦੀ ਮਿਸਾਲ ਬਣਕੇ ਸਾਹਮਣੇ ਆਈਆ ਹਨ। ਇਨ੍ਹਾਂ ਵਿਚ ਪਹਿਲੀ ਤਕਨੀਕ ਵੁਹਾਨ ਚੀਨ, ਫਿਰ ਇਟਲੀ, ਸਪੇਨ, ਫਰਾਂਸ, ਯੂ.ਕੇ., ਯੂ.ਐਸ.ਏ. ਅਤੇ
ਭਾਰਤ ਵਿਚ ਪੂਰੀ ਆਬਾਦੀ ਲਈ ਘਰੇਲੂ ਕੈਦ ਦਾ ਕਾਰਜ ਕਰਦੀ, ਸਖ਼ਤ ਅਨੁਸ਼ਾਸਨੀ ਉਪਾਵਾਂ ਨੂੰ ਲਾਗੂ ਕਰਨ ਨਾਲ ਸੰਬੰਧਿਤ ਸੀ, ਜੋ ਬਹੁਤ
ਸਾਰੇ ਮਾਮਲਿਆਂ ਵਿਚ ਅਠਾਰ੍ਹਵੀਂ ਸਦੀ ਦੇ ਪਲੇਗ-ਪ੍ਰਬੰਧ ਤੋਂ ਬਹੁਤ ਵੱਖਰੀ ਨਹੀਂ ਹੈ। ਦੂਸਰੀ ਰਣਨੀਤੀ, ਜੋ ਸਿੰਗਾਪੁਰ, ਦੱਖਣੀ ਕੋਰੀਆ, ਤਾਈਵਾਨ, ਹਾਂਗ ਕਾਂਗ ਅਤੇ ਜਾਪਾਨ ਵਿੱਚ ਲਾਗੂ ਕੀਤੀ ਗਈ, ਵਿੱਚ ਹੋਰਨਾਂ ਥਾਵਾਂ ਦੇ ਨਾਲ ਅਨੁਸ਼ਾਸਨ
ਤੇ ਸਪੇਸ ਨਿਯੰਤਰਣ ਦੀਆਂ ਆਧੁਨਿਕ ਤਕਨੀਕਾਂ ਤੋਂ ਡੀਜ਼ੀਟਲ ਤਕਨੀਕਾਂ (digital
technology) ਵੱਲ ਜਾਣਾ ਸ਼ਾਮਿਲ ਹੈ। ਇਸ ਤਕਨੀਕ ਵਿਚ ਜਿਆਦਾ ਜ਼ੋਰ ਪ੍ਰਭਾਵਿਤ
ਵਿਅਕਤੀਆਂ ਦੇ ਮੋਬਾਈਲ ਉਪਕਰਣਾਂ ਅਤੇ ਟੈਸਟਾਂ ਦੇ ਵਾਧੇ ਰਾਹੀਂ ਵਾਇਰਸ ਦੀ ਵਿਅਕਤੀਗਤ ਖੋਜ ਉੱਤੇ ਹੈ। ਇਸ ਕਾਰਨ ਮਹਾਂਮਾਰੀ ਦੌਰਾਨ ਮੋਬਾਈਲ ਫੋਨ
ਅਤੇ ਕ੍ਰੈਡਿਟ ਕਾਰਡ ਨਿਗਰਾਨੀ ਦੇ ਉਹ ਸਾਧਨ ਬਣ ਗਏ ਹਨ, ਜੋ ਵਾਇਰਸ ਨਾਲ ਲਿਜਾਣ ਵਾਲੀਆਂ
ਵਿਅਕਤੀਗਤ ਸੰਸਥਾਵਾਂ ਦੀ ਨੇੜੇ ਤੋਂ ਨਿਗਰਾਨੀ ਕਰ ਸਕਦੇ ਹਨ। ਯੁਵਾਲ ਨੋਵਾ ਹਰਾਰੀ, ਜੋ ਆਧੁਨਿਕ
ਇਤਿਹਾਸਕਾਰ ਵਜੋਂ ਭੂਤ-ਕਾਲ ਦੇ ਨਾਲ-ਨਾਲ ਭਵਿੱਖ ਦੇ ਇਤਿਹਾਸ ਦੀ ਵੀ ਗੱਲ ਕਰਦਾ ਹੈ, ਆਪਣੇ ਲੇਖ 'The World After Coronavirus'
ਵਿਚ ਦੱਸਦਾ ਹੈ ਕਿ "ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਬਹੁਤ
ਸਾਰੀਆਂ ਸਰਕਾਰਾਂ ਨੇ ਨਿਗਰਾਨੀ ਦੇ ਨਵੇਂ ਉਪਕਰਣ ਤੇ ਵਿਵਸਥਾਵਾਂ ਲਾਗੂ ਕਰ ਕੀਤੀਆ ਹਨ। ਇਸ ’ਚ ਸਭ ਤੋਂ ਖਾਸ
ਮਾਮਲਾ ਚੀਨ ਦਾ ਹੈ। ਲੋਕਾਂ ਦੇ ਸਮਾਰਟ ਫ਼ੋਨ ਦੀ ਡੂੰਘਾਈ ਨਾਲ ਨਿਗਰਾਨੀ ਕਰ ਕੇ, ਲੱਖਾਂ ਕੈਮਰਿਆਂ ਦੇ ਰਾਹੀਂ, ਚਿਹਰੇ ਪਹਿਚਾਨਣ ਵਾਲੀ ਤਕਨੀਕ
ਦੀ ਵਰਤੋਂ ਕਰਕੇ, ਲੋਕਾਂ ਦੇ ਸਰੀਰ ਦਾ ਤਾਪਮਾਨ ਲੈ ਕੇ, ਬਿਮਾਰ ਲੋਕਾਂ ਦੀ ਰਿਪੋਰਟਿੰਗ ਨੂੰ ਸਖਤ ਬਣਾ ਕੇ ਸੰਦੇਹਜਨਕ ਲੋਕਾਂ ਦੀ ਪਹਿਚਾਣ ਕੀਤੀ
ਗਈ। ਇਹੀ ਨਹੀਂ, ਉਨ੍ਹਾਂ ਦੇ ਆਉਣ-ਜਾਣ ਨੂੰ ਟਰੈਕ ਕੀਤਾ ਗਿਆ ਤਾਂਕਿ
ਪਤਾ ਲੱਗ ਸਕੇ ਕਿ ਉਹ ਕਿਹੜੇ ਲੋਕਾਂ ਨਾਲ ਮਿਲੇ-ਜੁਲੇ ਹਨ। (ਆਰੋਗਿਆ-ਸੇਤੂ ਵਰਗੇ ਅਨੇਕਾਂ) ਅਜਿਹੇ
ਮੋਬਾਇਲ ਐਪ ਵੀ ਹਨ, ਜੋ ਰੋਗ-ਗ੍ਰਸਤ ਹੋਣ ਦੀ ਆਸ਼ੰਕਾ ਵਾਲੇ ਲੋਕਾਂ ਦੀ
ਪਹਿਚਾਣ ਕਰ ਕੇ ਨਾਗਰਿਕਾਂ ਨੂੰ ਖ਼ਬਰਦਾਰ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਤੋਂ ਦੂਰ ਰਹੋ।"38 ਇਸ ਸਾਰੇ ਪ੍ਰਕਰਣ ਵਿਚ ਸਮਾਰਟ ਫੋਨ
ਅਨੁਸ਼ਾਸਨੀ-ਸ਼ਕਤੀ ਦਾ ਨਵਾਂ ਉਪਕਰਨ ਬਣਕੇ ਉਭਰਿਆ ਹੈ, ਜੋ ਬੰਦ ਹੋਣ ਦੇ ਬਾਵਜੂਦ ਵੀ ਆਪਣੇ ਪ੍ਰਭਾਵ
ਤੋਂ ਮੁਕਤ ਨਹੀਂ ਹੋ ਦੇਂਦਾ। Global
Positioning System (GPS) ਕਿਸੇ ਵੀ ਦੇਹ ਦੀ ਗਤੀ ਬਾਰੇ ਨਿਗਰਾਨੀ
ਕਰਤਾ ਨੂੰ ਸੂਚਨਾ ਦੇ ਸਕਦਾ ਹੈ ਅਤੇ ਡਿਜੀਟਰ-ਘੜੀ (ਜੋ ਹੱਥ 'ਤੇ ਬੰਨੀ
ਹੋਈ ਇੰਟਰਨੈੱਟ ਨਾਲ ਜੁੜੀ ਰਹਿੰਦੀ ਹੈ) ਵਿਅਕਤੀਗਤ ਤਾਪਮਾਨ ਤੇ ਹੋਰ ਮਹੱਤਵਪੂਰਣ ਸੰਕੇਤਾਂ ਨੂੰ
ਸਾਇਬਰ-ਅਥਾਉਰਟੀ ਦੀ ਡਿਜੀਟਲ-ਅੱਖ ਤੱਕ ਅਸਲ ਸਮੇਂ ਵਿੱਚ ਪਹੁੰਚਾ ਸਕਦੀ ਹੈ। ਇੱਥੇ ਸਮਾਜ ਉਪਭੋਗਤਾਵਾਂ ਦੇ ਸਮੂਹ ਤੋਂ ਵੱਧ ਕੁੱਝ ਨਹੀਂ ਰਹਿੰਦਾ, ਜਿਨ੍ਹਾਂ ਉਪਰ ਸ਼ਕਤੀ
ਡਿਜੀਟਲ ਦਬਦਬੇ ਅਤੇ ਵੱਡੇ ਅੰਕੜਦਿਆਂ ਦੇ ਪ੍ਰਬੰਧਨ ਰਾਹੀਂ ਅਭਿਆਸ ਵਿਚ ਆਉਂਦੀ ਹੈ। ਸ਼ਕਤੀ ਦਾ ਇਹ ਉੱਤਰ-ਆਧੁਨਿਕ ਡਿਜ਼ੀਟਲ ਰੂਪ
ਵਧੇਰੇ ਮਾਇਕਰੋ ਪੱਧਰ ਉੱਤੇ ਆਪਣੀ ਭੂਮੀਕਾ ਨਿਭਾਅ ਰਿਹਾ ਹੈ ਅਤੇ ਇਸ ਦਾ ਪ੍ਰਭਾਵ ਵੀ ਵਧੇਰੇ ਤੀਬਰ
ਤੇ ਸਟੀਕ ਬਣਦਾ ਜਾ ਰਿਹਾ ਹੈ। ਇਸ ਪ੍ਰਸੰਗ ਵਿਚ ਯੁਵਾਲ ਨੋਵਾ ਹਰਾਰੀ ਸਾਨੂੰ ਸਮਝਾਉਂਦਾ ਕਹਿੰਦਾ ਹੈ : ਸਰਕਾਰਾਂ ਤੇ ਵੱਡੀਆਂ ਕੰਪਨੀਆਂ ਲੋਕਾਂ ਨੂੰ
ਚਿੰਨ੍ਹਤ ਕਰਨ, ਨਿਗਰਾਨੀ ਕਰਨ ਤੇ ਆਪਣੇ ਹਿਤਾਂ ਮੁਤਾਬਿਕ ਵਰਤਣ ਲਈ ਆਧੁਨਿਕ
ਤਕਨਾਲੋਜੀ ਦੀ ਵਰਤੋਂ ਕਰਦੀਆਂ ਰਹੀਆਂ ਹਨ। ਉਨ੍ਹਾਂ ਦੇਸ਼ਾਂ ’ਚ
ਅਜਿਹੀ ਵਿਆਪਕ ਨਿਗਰਾਨੀ ਵਿਵਸਥਾ ਨੂੰ ਲਾਗੂ ਕਰਨਾ ਸੌਖਾ ਹੋ ਜਾਵੇਗਾ ਜਿਥੋ ਦੇ ਲੋਕ ਹੁਣ ਤੱਕ ਇਸ
ਤੋਂ ਇਨਕਾਰ ਕਰਦੇ ਰਹੇ ਹਨ। ਇਹੀ ਨਹੀਂ, ਇਹ 'ਓਵਰ ਦ ਸਕਿਨ' ਨਿਗਰਾਨੀ ਦੀ ਜਗ੍ਹਾ 'ਅੰਡਰ ਦ ਸਕਿਨ' ਨਿਗਰਾਨੀ ’ਚ ਬਦਲ ਰਾਹੀ ਹੈ।.....ਮਿਸਾਲ
ਵਜੋਂ, ਜੇਕਰ ਤੁਹਾਨੂੰ ਇਹ ਪਤਾ ਹੋਵੇ ਕਿ ਮੈਂ ਫ਼ਾਕਸ ਨਿਊਜ਼ ਦੀ ਜਗ੍ਹਾ
ਸੀ.ਐਨ.ਐਨ. ਦੇ
ਲਿੰਕ ’ਤੇ ਕਲਿੱਕ ਕੀਤਾ ਹੈ ਤਾਂ ਤੁਸੀਂ ਮੇਰੇ ਰਾਜਨੀਤਿਕ
ਵਿਚਾਰਾਂ ਤੇ ਇੱਥੋਂ ਤੱਕ ਕਿ ਕੁਝ ਹੱਦ ਤੱਕ ਮੇਰੇ ਵਿਅਕਤਿਤਵ (ਸ਼ਖ਼ਸੀਅਤ) ਨੂੰ ਸਮਝ ਸਕੋਗੇ,
ਪਰ ਜੇਕਰ ਤੁਸੀਂ ਇੱਕ ਵੀਡਿਓ ਕਲਿੱਪ ਦੇਖਣ ਦੇ ਦੌਰਾਨ ਮੇਰੇ ਸਰੀਰ ਦੇ ਤਾਪਮਾਨ,
ਬਲੱਡ ਪ੍ਰੈਸ਼ਰ ਤੇ ਹਾਰਟ ਰੇਟ ਨੂੰ ਮੋਨੀਟਰ ਕਰ ਰਹੇ ਹੋ ਤਾਂ ਤੁਸੀਂ ਜਾਣ ਸਕਦੇ
ਹੋ ਕਿ ਮੈਨੂੰ ਕਿਹੜੀਆਂ ਗੱਲਾਂ ਉੱਤੇ ਗੁੱਸਾ, ਹਾਸਾ ਜਾਂ ਰੋਣਾ ਆਉਂਦਾ
ਹੈ।39
ਕੋਰੋਨਾ ਸੰਕਟ ਨੂੰ ਦਰਸਾਉਂਦੀ ਨਿਗਰਾਨੀ ਤਕਨੀਕਾਂ ਵਿਚ ਇਕ ਬੁਨਿਆਦੀ
ਬਾਇਓ-ਰਾਜਨੀਤਿਕ ਤਬਦੀਲੀਆਂ ਇਹ ਹੈ ਕਿ ਘਰੇਲੂ ਥਾਂ, ਸਮਾਜਿਕ ਕੈਦ ਅਤੇ ਸਧਾਰਣੀਕਰਨ ਦੀਆਂ ਰਵਾਇਤੀ
ਸੰਸਥਾਵਾਂ (ਹਸਪਤਾਲ, ਫੈਕਟਰੀ, ਜੇਲ੍ਹ, ਸਕੂਲ ਆਦਿ) ਹੁਣ
ਇਸ ਦੇ ਨਵੇਂ ਕੇਂਦਰ ਵਜੋਂ ਦਿਖਾਈ ਨਹੀਂ ਦੇ ਰਹੀਆਂ। ਘਰ ਹੁਣ ਉਹ ਜਗ੍ਹਾ ਨਹੀਂ ਰਿਹਾ ਜਿੱਥੇ ਦੇਹ ਸੀਮਿਤ ਹੈ, ਜਿਵੇਂ ਕਿ ਪਲੇਗ ਪ੍ਰਬੰਧਨ ਦੇ ਅਧੀਨ ਸੀ,
ਸਗੋਂ ਘਰ ਹੁਣ ਟੈਲੀ-ਖਪਤ ਅਤੇ ਟੈਲੀ-ਉਤਪਾਦਨ ਦੀ ਆਰਥਿਕਤਾ ਦੇ ਕੇਂਦਰ ਬਣ ਗਏ ਹਨ ਅਤੇ ਹਰ ਮਨੁੱਖੀ-ਦੇਹ ਨਿਗਰਾਨੀ ਅਧੀਨ ਹੈ। ਜਿਸ ਨਾਲ ਘਰ/ਅਪਾਰਟਮੈਂਟ ਜੀਵ-ਨਿਗਰਾਨੀ ਦੇ
ਨਵੇਂ ਸੈੱਲ ਬਣਨ ਗਏ ਹਨ ਅਤੇ ਮਨੁੱਖੀ-ਦੇਹ ਬਾਇਓ-ਪਾਵਰ ਦੇ ਨਵੇਂ ਸੰਬੰਧਾਂ ਵਿਚ ਆ ਗਈ ਹੈ। ਪਰ ਨਿਗਰਾਨੀ ਅਧਾਰਿਤ ਇਹ 'ਰਾਜਸੀ ਅਭਿਆਨ' ਦੀਆਂ ਅਜਿਹੀਆਂ ਤਕਨੀਕਾਂ ਭਾਰਤ ਲਈ ਵੀ ਨਵੀਆਂ
ਨਹੀਂ ਹਨ, ਇਹ ਪਹਿਲਾਂ ਹੀ 'ਵਿਸ਼ੇਸ਼ ਪਛਾਣ ਪੱਤਰ' ਅੰਕ (ਅਧਾਰ-ਕਾਰਡ) ਨੂੰ ਮੋਬਾਇਲ ਨਾਲ ਜੋੜ ਦੀ ਪ੍ਰਕਿਰਿਆ ਵਿਚ ਸ਼ਾਮਿਲ ਪ੍ਰਵਚਨਾਂ
ਵਿਚੋਂ ਇਕ 'ਅੱਤਵਾਦ ਨੂੰ ਰੋਕਣ' ਨਾਲ ਸ਼ੁਰੂ
ਹੋ ਚੁੱਕੀਆਂ ਸਨ। ਕੋਰੋਨਾ-ਮਹਾਂਮਾਰੀ ਨੇ ਬਾਇਓ-ਨਿਗਰਾਨੀ ਅਤੇ ਡਿਜੀਟਲ ਨਿਯੰਤਰਣ ਦੀਆਂ ਅਜਿਹੀਆਂ
ਸਰਕਾਰੀ ਪ੍ਰਥਾਵਾਂ ਨੂੰ ਕੌਮੀ ਸਿਹਤ ਦੀ ਭਾਵਨਾ ਲਈ ਜ਼ਰੂਰੀ ਬਣਾ ਕੇ, ਕਾਨੂੰਨੀ ਤੌਰ 'ਤੇ ਜਾਇਜ਼ ਠਹਿਰਾਇਆ ਹੈ। ਪਰ ਇਕ ਨੁਕਤਾ ਨਿਗਾਹ ਇਹ ਹੈ ਕਿ ਜਿਹੜੀਆਂ ਸਰਕਾਰਾਂ ਨੇ ਬਹੁਤ ਜ਼ਿਆਦਾ ਡਿਜੀਟਲ-ਨਿਗਰਾਨੀ
ਉਪਾਵਾਂ ਲਾਗੂ ਕੀਤੇ ਹਨ ਉਨ੍ਹਾਂ ਨੇ ਅਜੇ ਤੱਕ ਜੰਗਲੀ ਜਾਨਵਰਾਂ/ਪੰਛੀਆਂ ਦੀ ਆਵਾਜਾਈ/ਖਪਤ 'ਤੇ ਰੋਕ ਲਗਾਉਣ ਦੀ ਕਲਪਨਾ ਵੀ ਨਹੀਂ ਕੀਤੀ, ਜੋ ਕਿ ਵਾਇਰਲ
ਫੈਲਾਉਣ/ਉਤਪਾਦਨ ਦੇ ਕਾਰਕ ਬਣੇ ਹਨ।
ਇਸ ਦੇ ਨਾਲ ਹੀ ਅਨੁਸ਼ਾਸਨੀ-ਸ਼ਕਤੀ ਦਾ ਇਕ ਨਵਾਂ ਰੂਪ ਵਿਚਾਰਾਂ ਦੇ ਉਤਪਾਦਨ/ਪਸਾਰਨ ਵਿਚ ਵੀ ਸਾਮਹਣੇ ਆ ਰਿਹਾ ਹੈ, ਜਿਹੜਾ
ਅਧਿਐਨ ਤੇ ਅਧਿਆਪਨ ਦੇ ਆਨਲਾਈਨ ਰੂਪ ਵਿਚ ਨਸ਼ਰ ਹੋਇਆ ਹੈ। ਆਨਲਾਈਨ ਅਧਿਆਪਨ ਵਿੱਚ
ਨਿਗਰਾਨੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿਉਂਜੋ ਨਿਗਰਾਨੀ ਸਦਾ ਵਿਚਾਰਾਂ/ਵਿਹਾਰਾਂ ਨੂੰ ਰੋਕਣ
ਦਾ ਇਕ ਪ੍ਰਭਾਵੀ ਤਰੀਕਾ ਰਿਹਾ ਹੈ। ਪਰ
ਜੇਕਰ ਅਧਿਆਪਕ ਆਪਣੇ ਵਿਚਾਰਾਂ/ਵਿਹਾਰਾਂ ਨੂੰ ਸੁਤੰਤਰ ਤੌਰ 'ਤੇ
ਜ਼ਾਹਰ ਕਰਨ ਦੇ ਯੋਗ ਨਹੀਂ ਹੁੰਦਾ, ਤਦ ਆਨਲਾਇਨ-ਅਧਿਆਪਨ ਵਿਚ ਨਿਗਰਾਨੀ ਜਾਂ ਨਿਗਰਾਨੀ ਦਾ ਅਹਿਸਾਸ
(gaze) ਵਿਚਾਰਾਂ ਦੇ ਉਤਪਾਦਨ ਜਾਂ ਸਮਾਜਿਕ-ਰਾਜਨੀਤਿਕ ਵਿਵਸਥਾ ਦੀ
ਆਲੋਚਨਾਤਿਮਕ ਵਿਆਖਿਆ ਕਰਨ ਦੀ ਅਸਮਰੱਥ ਦਾ ਕਾਰਨ ਬਣੇਗਾ। ਇਸ ਸਥਿਤੀ ਵਿਚ ਸੰਭਾਵਨਾਂ ਹੈ ਕਿ ਅਧਿਆਪਕ
ਦੇਹ ਜਾਂ ਸ਼ਬਦਾਂ ਦੀ ਹਿੰਸਾ ਦਾ ਸਾਹਮਣਾ ਕਰਦਾ ਹੋਇਆ ਜਾਂ ਹੋਣ ਦੇ ਡਰ ਤੋਂ ਕੋਪਰਨਿਕਸ ਵਾਂਗ
ਪੱਥਰਾਂ ਦਾ ਸਾਹਮਣਾ ਕਰੇਗਾ ਜਾਂ ਗੈਲੀਲੀਓ ਵਾਂਗ ਮੁਆਫ਼ੀ ਦੀ ਸਰਣ ਵਿਚ ਚਲਾ ਜਾਵੇਗਾ।40
ਕੁੱਲ ਮਿਲਾਕੇ ਲਗਾਤਾਰ ਦੇਖੇ ਜਾਣ ਦਾ ਅਹਿਸਾਸ ਵਿਚਾਰਾਂ ਦੇ ਉਤਪਾਦਨ/ਪਸਾਰ ਵਿਚ ਸਵੈ-ਸਥਾਪਿਤ ਸੈਂਸਰਸਿੱਪ ਦਾ ਕਾਰਜ ਕਰਦਾ ਹੈ, ਜੋ ਸਥਾਪਿਤ-ਪ੍ਰਬੰਧਨ ਪ੍ਰਤੀ
ਸਹਿਮਤੀ ਜਾਂ ਸਹਿਣਸ਼ੀਲਤਾ ਦਾ ਨਿਰਮਾਣ ਵੀ ਕਰਦਾ ਹੈ। ਭਾਰਤੀ ਸਿੱਖਿਆ-ਤੰਤਰ ਵਿਚ ਵਿਚਾਰਾਂ ਦੀ ਅਭਿਵਿਆਕਤੀ ਦੇ
ਸੰਕਟ ਦਾ ਮਸਲਾ ਪਿਛਲੇ ਕਾਫ਼ੀ ਸਮੇਂ ਤੋਂ ਅਭਿਆਸ ਵਿਚ ਰਿਹਾ ਹੈ, ਜਿਸ ਨੂੰ ਆਨਲਾਇਨ ਅਧਿਆਪਨ ਨੇ
ਅਸਿੱਧੇ ਰੂਪ ਵਿਚ ਹੋਰ ਜੋਰ ਦਿੱਤਾ ਹੈ ਜਾਂ ਨਿਗਰਾਨੀ ਦਾ ਅਹਿਸਾਸ ਕਰਵਾਇਆ ਹੈ।
ਸਹਿਮਤੀ ਜਾਂ ਸਹਿਣਸ਼ੀਲਤਾ ਨਿਰਣੇ ਵਿਚ ਪ੍ਰਸੰਗ ਵਿਚ ਅਸੀਂ ਭਾਰਤੀ ਨੇਤਾਵਾਂ ਦੁਆਰਾ
ਵਰਤੇ ਗਏ ਨਾਅਰਿਆਂ ਨੂੰ ਵੀ ਵੇਖ ਸਕਦੇ ਹੈ, ਜੋ "ਅਸੀਂ ਲੜ ਰਹੇ ਹਾਂ", "ਆਪਣਾ ਘਰ ਨਾ ਛੱਡੋ",
"ਦੂਰ ਸੰਚਾਰ", "ਦੋ ਗਜ਼ ਦੀ ਦੂਰੀ, ਹੈ ਜ਼ਰੂਰੀ" "ਕਰੋਨਾ ਵਾਰੀਅਰ" ਆਦਿ ਦੇ ਰੂਪ ਵਿਚ ਕੋਰੋਨਾ ਸੰਕਟ ਦੇ
ਸਮੇਂ ਲਗਾਏ ਗਏ ਛੂਤ-ਪ੍ਰਬੰਧਨ ਦੀ ਬਾਇਓ-ਰਾਜਨੀਤਿਕ ਉਪਾਅ ਦਾ ਹੀ ਇਕ ਭਾਗ ਹਨ। ਇਹ ਨਾਹਰੇ ਮਹਾਂਮਾਰੀ ਦੇ ਸਭ ਤੋਂ ਵੱਧ ਸੰਭਾਵਿਤ ਬਚਾਅ
ਵਿੱਚ ਬਦਲ ਗਏ ਹਨ, ਭਾਵੇਂ ਇਨ੍ਹਾਂ ਨਾਲ ਕੋਈ ਬਚਾਅ ਤਾਂ ਨਹੀਂ ਹੋਇਆ, ਪਰ ਇਸ ਦੌਰਾਨ ਜੋ ਚੀਜ਼ ਵਧੀ
ਹੈ ਉਹ ਰਾਜ ਅਤੇ ਕਾਰਪੋਰੇਸ਼ਨਾਂ ਦੇ ਸਾਈਬਰਨੇਟਿਕ (cybernetic)
ਨਿਯੰਤਰਣ ਅਧੀਨ ਨਾਗਰਿਕਾਂ ਦੀ ਸਹਿਣਸ਼ੀਲਤਾ। ਇਹ
ਇਸ ਸਹਿਣਸ਼ੀਲਤਾ ਦਾ ਹੀ ਨਤੀਜਾ ਰਿਹਾ ਹੈ ਕਿ ਵਿਅਕਤੀਆਂ ਨੇ ਸਵੈ-ਨਿਗਰਾਨੀ ਤੇ ਨਿਯੰਤਰਣ ਦੀ ਮੰਗ
ਕੀਤੀ ਹੈ। ਇਨ੍ਹਾਂ ਨਾਹਰਿਆਂ ਦੇ ਵਿਕੰਲਪ ਦੀ ਤਲਾਸ਼ ਲਈ
UNESCO Courier ਨਾਲ ਕੀਤੀ ਯੁਵਲ ਨੂਹ ਹਰਾਰੀ ਦੀ ਇੱਕ ਇੰਟਰਵਿਊ
ਵੱਲ ਚੱਲਦੇ ਹਾਂ, ਜਿਸ ਵਿਚ ਹਰਾਰੀ ਤਰਕ ਦਿੰਦਾ ਹੈ ਕਿ ਮੈਂ ਖਾਸ ਤੌਰ 'ਤੇ
ਚਿੰਤਤ ਹੁੰਦਾ ਹਾਂ ਜਦੋਂ ਮੈਂ ਸੁਣਦਾ ਹਾਂ ਕਿ ਲੋਕ ਕੋਵਿਡ-19 ਸੰਕਟ ਦੀ
ਤੁਲਨਾ ਜੰਗ ਨਾਲ ਕਰਦੇ ਹਨ ਅਤੇ ਸੁਰੱਖਿਆ ਸੇਵਾਵਾਂ ਨੂੰ ਸੰਭਾਲਣ ਲਈ ਕਹਿੰਦੇ ਹਨ। ਇਹ ਕੋਈ ਯੁੱਧ ਨਹੀਂ ਹੈ। ਇਹ ਸਿਹਤ-ਸੰਭਾਲ ਦਾ ਸੰਕਟ ਹੈ। ਮਾਰਨ ਲਈ ਕੋਈ ਮਨੁੱਖੀ ਦੁਸ਼ਮਣ ਨਹੀਂ ਹਨ। ਇਹ ਸਭ ਲੋਕਾਂ ਦੀ ਦੇਖਭਾਲ ਬਾਰੇ ਹੈ। ਲੜਾਈ ਵਿਚ ਪ੍ਰਮੁੱਖ ਚਿੱਤਰ ਇਕ ਰਾਈਫਲ ਅੱਗੇ ਖੜ੍ਹਾ ਇਕ
ਸਿਪਾਹੀ ਹੈ। ਹੁਣ ਸਾਡੇ ਦਿਮਾਗ਼ ਵਿਚਲੇ ਚਿੱਤਰ ਨੂੰ
ਹਸਪਤਾਲ ਵਿਚ ਬੈੱਡ-ਸ਼ੀਟ ਬਦਲਣ ਵਾਲੀ ਇਕ ਨਰਸ ਹੋਣੀ ਚਾਹੀਦੀ ਹੈ। ਸੈਨਿਕਾਂ ਅਤੇ ਨਰਸਾਂ ਦੀ ਸੋਚਣ ਦਾ ਇਕ ਵੱਖਰਾ ਤਰੀਕਾ
ਹੈ, ਜੇ ਤੁਸੀਂ ਕਿਸੇ ਨੂੰ ਇੰਚਾਰਜ ਬਣਾਉਣਾ ਚਾਹੁੰਦੇ ਹੋ, ਤਾਂ ਕਿਸੇ ਸਿਪਾਹੀ ਨੂੰ ਇੰਚਾਰਜ ਨਾ ਬਣਾਓ, ਸਗੋਂ ਇੱਕ ਨਰਸ ਬਣਾਉ।41
ਜਿਵੇਂ ਪਹਿਲਾ ਸਪੱਸ਼ਟ ਕੀਤਾ ਕਿ ਮਹਾਂਮਾਰੀ ਦੇ ਦੌਰ ਨੂੰ ਰਾਜ-ਪ੍ਰਬੰਧ ਆਪਣੀ ਸ਼ਕਤੀ
ਨੂੰ ਪਸਾਰਨ ਤੇ ਵਿਸਥਾਰਨ ਦੇ ਇਕ ਮੌਕਾ ਵਜੋਂ ਵੇਖਦਾ ਹੈ ਅਤੇ ਕੋਰੋਨਾ-ਮਹਾਂਮਾਰੀ ਦੇ ਮੌਜੂਦਾ
ਪ੍ਰਸੰਗ ਵਿੱਚ ਵੀ ਮਹਾਂਮਾਰੀ ਦੇ ਪ੍ਰਭਾਵ ਨੂੰ ਉਗਰ-ਰਾਸ਼ਟਰਵਾਦੀ ਭਾਵਨਾ, ਰਾਜ ਦੇ ਵਿਸਥਾਰ ਅਤੇ
ਸੱਤਾ ਦੇ ਕੇਂਦਰੀਕਰਨ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਮਹਿਸੂਸ ਕੀਤਾ ਜਾ ਸਕਦਾ ਹੈ। ਭਾਵੇਂ ਇਹ ਤਿੰਨੋ ਰੁਝਾਨ ਪਿਛਲੇ ਕੁਝ ਸਾਲਾਂ
ਤੋਂ ਭਾਰਤ ਵਿੱਚ ਦਿਖਾਈ ਦੇ ਰਹੇ ਹਨ, ਪਰ ਮਹਾਂਮਾਰੀ ਨੇ ਉਨ੍ਹਾਂ ਵਿੱਚ
ਤੇਜ਼ੀ ਲਿਆਉਣ ਦੀ ਸੰਭਾਵਨਾ ਪੈਂਦਾ ਕੀਤੀ ਹੈ ਕਿਉਂਜੋ ਕੇਂਦਰੀਕ੍ਰਿਤ ਫੈਸਲਿਆਂ ਨਾਲ ਮਹਾਂਮਾਰੀ
ਨੂੰ ਦੂਰ ਕਰਨ ਦੀ ਸੰਭਾਵਨਾ ਦਾ ਪ੍ਰਵਚਨ ਸਥਾਪਿਤ ਕੀਤਾ ਗਿਆ ਹੈ। ਭਾਰਤ ਵਿਚ 24 ਮਾਰਚ 2020 ਨੂੰ ਦੇਸ਼ ਵਿਆਪੀ ਤਾਲਾਬੰਦੀ ਲਗਾਉਣ ਦਾ ਸਰਕਾਰੀ ਫ਼ੈਸਲਾ ਕੁਝ ਘੰਟਿਆਂ ਵਿਚ
ਹੀ ਲਾਗੂ ਕਰ ਦਿੱਤਾ ਗਿਆ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਤਾਲਾਬੰਦੀ ਨੂੰ ਲਾਗੂ ਕਰਨ
ਲਈ ਕੋਈ ਵਿਆਪਕ ਤੌਰ 'ਤੇ ਸਲਾਹ ਮਸ਼ਵਰਾ ਕੀਤਾ ਹੋਵੇ। ਇਸ ਸੰਦਰਭ ਵਿਚ ਕੁੱਝ ਵਿਚਾਰਕਾਂ ਦਾ ਮੱਤ ਹੈ
ਕਿ ਇਹ ਤਿੱਖੀ ਰਾਜਨੀਤੀ ਸੀ ਜਿਸ ਕਰਕੇ ਪ੍ਰਧਾਨ-ਮੰਤਰੀ ਨੇ ਤਾਲਾਬੰਦੀ ਕਰਨ ਦਾ ਸਿਹਰਾ ਲਿਆ ਅਤੇ
ਮੁੱਖ-ਮੰਤਰੀਆਂ ਨੂੰ ਰਣਨੀਤੀ ਤੋਂ ਬਾਅਦ ਹੋਈ ਗੜਬੜ ਨਾਲ ਨਜਿੱਠਣ ਲਈ ਛੱਡ ਦਿੱਤਾ, ਜੋ ਅਫ਼ਸਰਸ਼ਾਹੀ ਦਾ ਭਿਆਨਕ ਸੁਪਨਾ ਸਾਬਤ ਹੋਇਆ ਹੈ।42
ਪ੍ਰਭੂਸੱਤਪੂਰਨ-ਸ਼ਕਤੀ ਦੇ ਅਭਿਆਸ ਵਿਚੋਂ ਪੈਂਦਾ ਹੋਏ ਇਸ ਭਿਆਨਕ ਸੁਪਨੇ ਦਾ ਇਕ
ਪਹਿਲੂ ਭਾਰਤ ਦੇ ਲਗਭਗ ਪੰਚਨਵੇਂ ਫ਼ੀਸਦੀ ਗੈਰ-ਰਸਮੀ ਕਾਮਿਆਂ ਨਾਲ ਵੀ ਜੁੜਿਆ ਹੋਇਆ ਹੈ, ਜਿਨਾਂ ਨੂੰ ਕੰਮ ਦੀ ਕੋਈ ਕਾਨੂੰਨੀ ਸੁਰੱਖਿਆ ਤੇ ਸਮਾਜਿਕ ਸੁਰੱਖਿਆ ਪ੍ਰਾਪਤ ਨਹੀਂ ਹੈ। ਅਜਿਹੇ ਸਾਰੇ ਕਾਮੇ ਤਾਲਾਬੰਦੀ ਹੋਣ ਤੋਂ
ਤੁਰੰਤ ਬਾਅਦ ਅਤੇ ਤੇਜ਼ੀ ਨਾਲ ਪ੍ਰਭਾਵਿਤ ਹੋਏ, ਜਿਸ ਕਾਰਨ ਉਨ੍ਹਾਂ ਨੇ
ਬਿਨਾਂ ਚਿਤਾਵਨੀ ਦਿੱਤੇ ਰੁਜ਼ਗਾਰ ਤੋਂ ਵਾਂਝੇ ਕਰ ਦਿੱਤੇ ਗਿਆ। ਇਸ ਨਾਲ ਜਿੱਥੇ ਇਕ ਪਾਸੇ ਉਨ੍ਹਾਂ
ਨੂੰ ਗੰਭੀਰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉੱਥੇ ਦੂਜੇ
ਪਾਸੇ ਬੇਰੁਜ਼ਗਾਰੀ ਕਾਰਨ ਪੈਂਦਾ ਹੋਈ ਭੁੱਖਮਰੀ ਨੂੰ ਰੋਕਣ ਲਈ ਬਹੁਤ ਘੱਟ ਮਾਨਵੀ ਸਹਾਇਤਾ ਪ੍ਰਾਪਤ
ਹੋਈ। ਇਸ ਨਾਲ ਉਹ ਕੋਰੋਨਾ-ਮਹਾਂਮਾਰੀ ਦੇ ਸ਼ਿਕਾਰ ਹੋਣ ਦੇ ਨਾਲ-ਨਾਲ ਭੁੱਖਮਾਰੀ ਦੇ ਸ਼ਿਕਾਰ ਵੀ ਬਣ
ਗਏ। ਇਸ ਤੋਂ ਇਲਾਵਾ, ਸ਼ਹਿਰੀ ਤੇ ਪੇਂਡੂ ਆਬਾਦੀ ਦਾ ਇਕ ਵੱਡਾ ਹਿੱਸਾ ਬਹੁਤ
ਸੰਘਣੀ ਭੀੜ ਵਾਲੇ ਹਾਲਾਤਾਂ ਵਿਚ ਰਹਿਣ ਲਈ ਮਜ਼ਬੂਰ, ਬਹੁਤ ਘੱਟ ਛੋਟੇ
ਘਰਾਂ ਵਿਚ ਜਾਂ ਇਕ ਕਮਰੇ ਵਿਚ ਸੀਮਿਤ ਹੋ ਗਿਆ। ਅਜਿਹੇ ਪ੍ਰਸੰਗਾਂ ਵਿੱਚ "Stay at
Home" ਜਿਹੀ ਨੀਤੀਆਂ ਗੈਰ-ਵਾਜਬ, ਦਮਨਕਾਰੀ ਅਤੇ
ਪ੍ਰਤੀਕ੍ਰਿਆਵਾਦੀ ਤੋਂ ਵੱਧ ਕੁੱਝ ਨਹੀਂ ਲਗਦੀਆਂ। ਅਕਸਰ ਸਾਬਣ ਨਾਲ ਹੱਥ ਧੋਣ ਵਰਗੀਆਂ ਨਸੀਹਤਾਂ, ਜਿੱਥੇ
ਸਾਫ਼ ਪਾਣੀ ਤੱਕ ਪਹੁੰਚ ਸੀਮਿਤ ਹੋਵੇ ਅਤੇ ਇਸ ਨੂੰ ਇਕੱਤਰ ਕਰਨ ਲਈ ਔਰਤਾਂ ਮੀਲਾਂ ਤੱਕ ਸਫ਼ਰ
ਕਰਦੀਆਂ ਹੋਣ, ਆਪਣੇ-ਆਪ ਵਿਚ ਤਰਕਹੀਣ ਤੇ ਇਸ ਤੋਂ ਜਿਆਦਾ ਅਨਿਆਇਸ਼ੀਲ ਮਹਿਸੂਸ ਹੁੰਦੀਆਂ ਹਨ। ਇਸ
ਪ੍ਰਸੰਗ ਵਿਚ ਦਲੀਲਾਂ ਭਾਵੇਂ ਕਿਨ੍ਹੀਆਂ ਵੀ ਹੋਣ ਪਰ ਬਦਕਿਸਮਤੀ ਨਾਲ, ਇਕ
ਖਾਸ ਸਮਾਜਿਕ-ਆਰਥਿਕ ਪ੍ਰਸੰਗਾਂ ਤੇ ਜੀਵਨ ਦੀਆਂ ਵਿਸ਼ੇਸ਼ਤਾਵਾਂ ਕਾਰਨ ਤਾਲਾਬੰਦੀ ਦਾ ਤਰੀਕਾਂ
ਭਾਰਤ ਵਿਚ ਕੰਮ ਕਰਨ ਵਿਚ ਅਸਫ਼ਲ ਰਿਹਾ ਹੈ ਅਤੇ ਇਸ ਰਣਨੀਤੀ ਦੇ ਨਤੀਜੇ ਵਧੇਰੇ ਨੁਕਸਾਨਦੇਹ ਤੇ ਅਪ੍ਰਭਾਵਸ਼ਾਲੀ
ਰਹੇ ਹਨ। ਇਸ ਦਾ ਕਾਰਨ ਇਸ ਉੱਤਰ-ਆਧੁਨਿਕ ਯੁੱਗ ਵਿਚ
ਮੱਧਕਾਲੀ ਪ੍ਰਭੂਸੱਤਾਪੂਰਨ-ਸ਼ਕਤੀ ਦੇ ਸੁਭਾਅ ਨੂੰ ਪੁਨਰ-ਸੁਰਜੀਤ ਕਰਨ ਦੀ ਭਾਵਨਾ ਨਾਲ ਸੰਬੰਧਿਤ
ਪ੍ਰਤੀਤ ਹੁੰਦਾ ਹੈ, ਜਿਸ ਵਿਚ ਬਹੁ-ਕੇਂਦਰਵਾਦੀ ਧਾਰਨਾਂ ਨੂੰ ਗੈਰ-ਹਾਜ਼ਰ ਕਰਦੇ ਹੋਏ, ਇਕਹਿਰੇ ਤੇ
ਇਕ-ਕੇਂਦਰਿਤ ਵਿਚਾਰਧਾਰਾ ਨੂੰ ਲਾਗੂ ਕੀਤੇ ਜਾਣਾ ਸ਼ਾਮਿਲ ਹੈ।43
ਇਸ ਪ੍ਰਭੂਸੱਤਾਪੂਰਨ-ਸ਼ਕਤੀ ਦੀ ਪੁਨਰ-ਸੁਰਜੀਤ ਤੋਂ ਪੈਂਦਾ ਹੋਈ ਇਕਹਿਰੀ-ਵਿਚਾਰਧਾਰਾ
ਦੀ ਧਾਰਨਾਂ ਕਰਕੇ ਹੀ ਭਾਰਤ ਵਿਚ ਕੋਰੋਨਾ-ਮਹਾਂਮਾਰੀ ਪ੍ਰਬੰਧਨ ਦਾ ਸੁਭਾਅ ਜਮਾਤ ਅਤੇ ਲਿੰਗ ਦੀਆਂ
ਮੌਜੂਦਾ ਗੈਰ-ਬਰਾਬਰੀ/ਅਸਮਾਨਤਾਵਾਂ 'ਤੇ ਅਧਾਰਿਤ ਹੈ। ਆਬਾਦੀ 'ਤੇ ਥੋਪੇ ਗਏ ਰੋਕਥਾਮ
ਉਪਾਵਾਂ ਵਿਚ ਜਮਾਤੀ ਵੰਡ ਸਭ ਤੋਂ ਸਪੱਸ਼ਟ ਹੈ, ਕਿਉਂਕਿ ਇਹ ਮੰਨੀਆਂ ਗਈਆਂ
ਜੀਵਨ ਦੀਆਂ ਸਥਿਤੀਆਂ ਸਿਰਫ਼ ਮੱਧ-ਵਰਗ ਅਤੇ ਕੁਲੀਨ-ਨਗਰਾਂ ਲਈ ਉਪਲਬਧ ਸਨ, ਜੋ ਸ਼ਹਿਰੀ ਗਰੀਬਾਂ
ਅਤੇ ਬਹੁਤ ਸਾਰੇ ਪੇਂਡੂ ਵਸਨੀਕਾਂ ਤੱਕ ਨਹੀਂ ਪਹੁੰਚ ਸਕੀਆਂ। ਗੈਰ-ਬਰਾਬਰੀ ਵਾਲੇ ਵਿਵਹਾਰ ਦੀਆਂ ਸਭ ਤੋਂ
ਉੱਤਮ ਉਦਾਹਰਣਾਂ ਗਤੀਸ਼ੀਲਤਾ 'ਤੇ ਨਿਯੰਤਰਣ ਅਤੇ ਪ੍ਰਵਾਸੀਆਂ ਨੂੰ ਆਉਣ-ਜਾਣ ਦੇ ਪ੍ਰਬੰਧਨ ਤੋਂ
ਮਿਲੀਆਂ ਹਨ। ਤਾਲਾਬੰਦੀ ਦੇ ਪੂਰੇ ਸਮੇਂ ਦੌਰਾਨ, ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਲਈ ਆਉਣ ਵਾਲੀਆਂ ਹਵਾਈ ਉਡਾਣਾਂ (ਜਨਤਕ ਖਰਚੇ 'ਤੇ) ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਆਮ ਤੌਰ 'ਤੇ ਬਿਹਤਰ ਸਥਿਤੀ ਵਿੱਚ ਹੁੰਦੇ ਹਨ। ਹਾਲਾਂਕਿ, ਭਾਰਤ ਵਿੱਚ ਫਸੇ
ਮਜ਼ਦੂਰਾਂ ਨੂੰ ਬਹੁਤ ਘੱਟ ਜਾਂ ਕੋਈ ਸਹਾਇਤਾ ਨਹੀਂ ਮਿਲੀ। ਜਿਨ੍ਹਾਂ ਲੋਕਾਂ ਨੇ, ਆਪਣੇ ਘਰਾਂ ਨੂੰ ਤੁਰਨ ਦੀ
ਕੋਸ਼ਿਸ਼ ਕੀਤੀ ਸੀ, ਉਨ੍ਹਾਂ ਨੂੰ ਦੇਹ ਨੂੰ ਕੈਣ ਨਾਲ ਸੀਮਾਬੱਧ ਕੀਤਾ ਗਿਆ,
ਰਾਜਾਂ ਦੀਆਂ ਸੀਮਾਵਾਂ ਤੇ ਰੋਕ ਦਿੱਤਾ ਗਿਆ ਜਾਂ "ਕਰਫਿਉ ਤੋੜਨ" ਦੇ
ਲਈ ਕਈ ਤਰੀਕਿਆਂ ਨਾਲ ਅਪਮਾਨਿਤ ਕੀਤਾ ਗਿਆ। ਜਦੋਂ ਅੰਤ ਵਿੱਚ ਪ੍ਰਵਾਸੀਆਂ ਲਈ ਕੁਝ ਰੇਲ ਗੱਡੀਆਂ
ਦਾ ਪ੍ਰਬੰਧ ਕੀਤਾ ਗਿਆ, ਗ਼ਰੀਬ ਮਜ਼ਦੂਰਾਂ ਨੂੰ ਪੂਰਾ ਕਿਰਾਇਆ ਅਦਾ
ਕਰਨਾ ਪਿਆ ਤੇ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਬਹੁਤ ਸਾਰੇ ਹੋਰ ਦੇਸ਼ਾਂ ਦੀ ਤਰ੍ਹਾਂ, ਭਾਰਤ ਵਿਚ ਵੀ ਤਾਲਾਬੰਦੀ ਔਰਤਾਂ 'ਤੇ ਘਰੇਲੂ ਹਿੰਸਾ ਦੀਆਂ
ਸ਼ਿਕਾਇਤਾਂ ਵਿਚ ਵਾਧੇ ਦੇ ਨਾਲ ਵੀ ਸਬੰਧਤ ਸੀ।
ਇਹ ਜਮਾਤੀ ਤੇ ਲਿੰਗ ਗੈਰ-ਬਰਾਬਰੀ ਦੇ ਨਾਲ-ਨਾਲ ਭਾਰਤੀ ਕੋਰੋਨਾ-ਪ੍ਰਬੰਧਨ ਵਿਚ ਇਕ ‘ਧਰਮ ਦੀ ਉੱਚਤਾ’ ਨੂੰ ਸਥਾਪਿਤ ਕਰਨ ਵਾਲੇ ਬਿਰਤਾਂਤ ਨੂੰ ਵੀ
ਵੇਖਿਆ ਜਾ ਸਕਦਾ ਹੈ। ਭਾਰਤੀ ਕੋਰੋਨਾ-ਕਾਲ ਦੀ ਸ਼ੁਰੂਆਤ ਵਿਚ ਤਾਲਾਬੰਦੀ ਦੇ ਨੇਮਾਂ ਨੂੰ ਦਰਕਿਨਾਰ
ਕਰਦੀ ਅਤੇ ਵਾਰਸ ਦੀ ਲਾਗ ਨੂੰ ਵਿਸ਼ੇਸ਼ ਸਥਾਨ ਤੋਂ ਮੁਕਤ ਕਰਦੀ ‘ਤਬਲੀਗੀ-ਜਮਾਤ’ (ਅਪ੍ਰੈਲ 2020 ਵਿਚ) ਦਾ ਧਾਰਮਿਕ-ਰੂਪਕ ਸਾਰੇ ਦੇਸ਼ ਵਿਚ ਸਾਹਮਣੇ ਪੇਸ਼ ਕੀਤਾ ਗਿਆ। ਇਸ ਪਰ-ਦ੍ਰਿਸ਼ ਨੇ ਇਕ ਅਜਿਹੇ ਪ੍ਰਵਚਨ ਦੀ ਸਿਰਜਨਾ ਕੀਤੀ, ਜਿਸ ਨੇ ਪਹਿਲਾਂ ਮੌਜੂਦ
ਸੰਪ੍ਰਦਾਇਕਤਾ ਨੂੰ ਬਾਇਓ-ਪਾਵਰ ਦੇ ਜਾਤੀਵਾਦ ਵਿਚ ਬਦਲਕੇ ਇਕ ਹਾਸ਼ੀਆਗਤ ਧਰਮ ਨੂੰ ਆਪਣਾ ਨਿਸ਼ਾਨਾ
ਬਣਾਇਆ ਸੀ ਅਤੇ ਇਸ ਘਟਨਾ ਨੇ ਸ਼ਕਤੀ ਦੇ ਪ੍ਰਭੂਸੱਤਾ ਵਾਲੇ ਰੂਪ ਨੂੰ ਵੱਧਣ ਤੇ ਤਰਕਸੰਗਤ ਸਿੱਧ ਕਰਨ
ਵਿਚ ਅਹਿਮ ਭੂਮੀਕਾ ਅਦਾ ਕੀਤੀ। ਪਰ
ਇਸ ਦੇ ਸਮਾਨਾਤਰ ਇਕ ਸਾਲ ਬਾਅਦ ਦੇ ਵਕਫ਼ੇ ਨਾਲ ਮਹਾਂ-ਕੁੰਡ (ਹਰਿਦੁਆਰਾ, ਅਪ੍ਰੈਲ 2021) ਵਿਚ
ਖ਼ਾਸ/ਪ੍ਰਧਾਨ ਧਰਮ ਨਾਲ ਸੰਬੰਧ ਰੱਖਦੇ ਘਟਨਾ-ਕ੍ਰਮ ਵਿਚੋਂ ਕੋਰੋਨਾ ਦਾ ਧਾਰਮਿਕ-ਬਿਰਤਾਂਤ
ਗੈਰ-ਹਾਜ਼ਰ ਹੀ ਨਹੀਂ ਹੋਇਆ, ਸਗੋਂ ਧਰਮ ਦੇ ਆਲੌਕਿਕ ਤੇ ਪਵਿੱਤਰ ਰੂਪ ਜਾਂ ਸਰਵ-ਉੱਚ ਹੋਣ ਦੇ
ਪ੍ਰਵਚਨ ਨੂੰ ਸਥਾਪਿਤ ਕਰਨ ਕੀਤੀ ਕੋਸ਼ਿਸ਼ ਵੀ ਕੀਤੀ ਗਈ। ਇਨ੍ਹਾਂ ਦੋਵੇ ਘਟਨਾਕ੍ਰਮ ਵਿਚ ਪ੍ਰਭੂਸੱਤਾਪੂਰਨ
ਸ਼ਕਤੀ (ਜੀਵਨ ਲੈਣ ਵਾਲੀ) ਨੇ ਆਪਣੇ ਆਪ ਨੂੰ ਬਾਇਓ-ਪਾਵਰ (ਜ਼ਿੰਦਗੀ ਬਚਾਉਣ ਵਾਲੀ) ਵਿਚ ਤਬਦੀਲ ਕਰਨ
ਦੀ ਬਜਾਇ ਬਾਇਓ-ਪਾਵਰ ਦੇ ਜਾਤੀਵਾਦ/ਧਾਰਮਿਕ ਉੱਚਤਾ ਵਿਚ ਬਦਲ ਲਿਆ ਹੈ ਅਤੇ ਇਸ ਨਾਲ
ਧਾਰਮਿਕ-ਭਾਵਨਾ ਨੂੰ ਜ਼ਿੰਦਗੀ ਨੂੰ ਕੰਟਰੋਲ ਕਰਨ ਵਾਲੀ ਮੈਡੀਕਲ-ਸਾਇੰਸ ਤੋਂ ਉਪਰ ਸਿੱਧ ਕੀਤਾ ਹੈ।
ਇਸ ਤਰ੍ਹਾਂ ਜਾਤੀਵਾਦ/ਸੰਪ੍ਰਦਾਇਕਤਾ ਕੋਰੋਨਾ-ਕਾਲ ਵਿਚ ਆਪਣੀਆਂ ਜੜ੍ਹਾ ਹੋਰ ਮਜ਼ਬੂਤੀ ਨਾਲ ਲਾਉਂਦੀ
ਨਜ਼ਰੀ ਪੈਂਦੀ ਹੈ।
ਅੱਗੇ ਵਧਦਿਆਂ, ਕਿਸਾਨੀ-ਬਿੱਲਾਂ ਦੀ ਸੰਸਦ ਵਿਚੋਂ ਸਫ਼ਲਤਾ ਨਾਲ ਗੁਜ਼ਰਨ ਦੀ
ਪ੍ਰਕਿਰਿਆ ਨੇ ਭਾਰਤ ਦੇ ਸੰਘੀ ਢਾਂਚੇ ਨੂੰ ਗੰਭੀਰ ਰਾਜਨੀਤਿਕ ਸੰਕਟਾਂ ਦੇ ਸਾਹਮਣੇ ਖੜ੍ਹਾ ਕਰ
ਦਿੱਤਾ ਹੈ। ਪੂੰਜੀ ਦੇ ਖੁੱਲ੍ਹੇ ਵਪਾਰ ਦੀਆਂ
ਸੰਭਾਵਨਾਵਾਂ, ਜਿੱਥੇ ਕੋਰੋਨਾ ਕਾਲ ਦੌਰਾਨ ਉਦਯੋਗਿਕ ਵਿਵਸਥਾਂ ਵਿਚ ਆਪਣੀ ਉੱਚ-ਸਥਿਤੀ ਤੱਕ ਪਹੁੰਚ
ਚੁੱਕੀਆਂ ਪ੍ਰਤੀਤ ਹੋਣ ਲੱਗੀਆਂ ਹਨ, ਉੱਥੇ ਖੇਤੀ-ਵਿਵਸਥਾ ਦੀਆਂ ਬਚੀਆਂ ਸੰਭਾਵਾਨਾਵਾਂ ਨੂੰ
ਖੁੱਲ੍ਹੀ-ਪੂੰਜੀ ਨੇ ਦਿਲ-ਫਰੇਬੀ ਨਿਗਾਹਾਂ ਨਾਲ ਵੇਖਿਆ ਹੈ। ਇਸ ਕਾਰਨ ਹੀ ਕੋਰੋਨਾ ਕਾਲ ਦੌਰਾਨ
ਖੇਤੀ ਦੇ ਨਿੱਜੀਕਰਨ ਵੱਲ ਅਨੇਕਾਂ ਕਦਮ ਚੁੱਕੇ ਜਾਣ ਲੱਗੇ ਹਨ, ਜਿਸ ਨੂੰ ਸਰਕਾਰ "ਢਾਂਚਾਗਤ"
ਸੁਧਾਰਾਂ ਦੇ ਨਾਮ ਅਧੀਨ ਪਸਾਰ ਰਹੀ ਹੈ ਜੋ ਮਹਾਂਮਾਰੀ ਜਾਂ ਤਾਲਾਬੰਦੀ ਨਾਲ ਪੈਦਾ ਹੋਏ ਆਰਥਿਕ
ਤਬਾਹੀ ਨਾਲ ਕੋਈ ਤਤਕਾਲੀ ਸੰਬੰਧ ਨਹੀਂ ਰੱਖਦੇ। ਦਰਾਸਲ, ਸਭ ਤੋਂ ਮਹੱਤਵਪੂਰਣ ਪ੍ਰਣਾਲੀਗਤ ਜ਼ਰੂਰਤ, ਜੋ ਕਿ ਜਨਤਕ ਸਿਹਤ
ਅਤੇ ਦੇਖਭਾਲ ਦੀ ਆਰਥਿਕਤਾ 'ਤੇ ਕਾਫ਼ੀ ਜ਼ਿਆਦਾ ਖਰਚੇ ਦੀ ਹੈ, ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾ ਰਿਹਾ। ਇਸ ਦੀ ਬਜਾਇ ਨਵ-ਉਦਾਰਵਾਦੀ ਸੁਧਾਰਾਂ ਦੀ ਇੱਕ
ਸਿਲਸਿਲੇਵਾਰ ਲੜੀ ਆਰੰਭ ਕੀਤੀ ਗਈ, ਜਿਸ ਵਿਚ ਖੇਤੀਬਾੜੀ ਨੂੰ ਖੁੱਲ੍ਹੀ-ਮੰਡੀ ਨਾਲ ਜੋੜ ਦੀ ਕਵਾਇਤ
ਨੂੰ ਸ਼ਕਤੀਕਰਨ ਦਾ ਨਾਮ ਦੇ ਕੇ ਏਕਾਧਿਕਾਰਵਾਦੀ ਕਾਰਪੋਰੇਟ ਖਰੀਦਦਾਰਾਂ ਨੂੰ ਮਜ਼ਬੂਤ ਕਰਨ ਦੀ
ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿੱਜੀ ਨਿਵੇਸ਼ਕਾਂ ਨੂੰ ਭਰਮਾਉਣ ਲਈ ਵਾਤਾਵਰਣ ਸੰਬੰਧੀ ਨਿਯਮਾਂ ਨੂੰ
ਘੱਟ ਜਾਂ ਹਟਾਇਆ ਜਾ ਰਿਹਾ ਹੈ, ਜਨਤਕ ਖੇਤਰ ਦੇ ਨਿੱਜੀਕਰਨ ਕਰਨ ਦੀ ਗਤੀ ਨੂੰ ਤੇਜ਼ ਕਰਦਿਆਂ ਵਿਦੇਸ਼ੀ
ਨਿਵੇਸ਼ਕਾਂ ਲਈ ਬੈਂਕਿੰਗ ਤੇ ਪ੍ਰਚੂਨ ਵਪਾਰ ਨੂੰ ਖੋਲਿਆ ਜਾ ਰਿਹਾ ਹੈ।
ਇਸ ਪ੍ਰਸੰਗ ਵਿਚ ਬਹੁਤ ਸਾਰੇ 'ਸਰਕਾਰੀ ਉਪਾਵਾਂ' ਨੂੰ ਵੱਖਰੇ ਤੌਰ 'ਤੇ ਵਿਚਾਰਿਆ ਜਾ ਸਕਦਾ ਹੈ ਅਤੇ ਇਸਦੀ
ਅਲੋਚਨਾ ਵੀ ਕੀਤੀ ਜਾ ਸਕਦੀ ਹੈ, ਪਰ ਇਹ ਸਪੱਸ਼ਟ ਹੈ ਕਿ ਸਰਕਾਰ
ਮਹਾਂਮਾਰੀ ਦੁਆਰਾ ਪੈਦਾ ਕੀਤੇ ਗਏ ਮੌਕਿਆਂ ਨੂੰ "ਸੁਧਾਰਾਂ" ਦੇ ਨਾਮ ਰਾਹੀਂ ਆਪਣੇ
ਆਰਥਿਕ-ਰਾਜਨੀਤਿਕ ਮਕਸਦ ਨੂੰ ਅੱਗੇ ਵਧਾਉਣ ਲਈ ਵਰਤ ਰਹੀ ਹੈ ਜੋ ਕਿ ਹੋਰ ਸਮੂਹਾਂ ਦੇ ਸ਼ਕਤੀ-ਸੰਬੰਧਾਂ
ਨੂੰ ਬਦਲ ਦੇਵੇਗਾ। ਮਹਾਂਮਾਰੀ ਦੀ ਬਾਇਓ-ਰਾਜਨੀਤੀ ਇਕਮਾਤਰ ਆਰਥਿਕ ਨੁਕਤਿਆਂ ਉੱਤੇ ਆਕੇ ਹੀ ਦਮ
ਨਹੀਂ ਤੋੜ ਦੇਂਦੀ, ਸਗੋਂ ਤਾਲਾਬੰਦੀ ਤੋਂ ਠੀਕ ਪਹਿਲਾਂ ਦੇਸ਼ ਭਰ ਵਿਚ ਚੱਲ ਰਹੇ ਕਈ ਸ਼ਾਂਤਮਈ
ਵਿਰੋਧ ਪ੍ਰਦਰਸ਼ਨਾਂ ਨੂੰ ਦੜਨ ਦਾ ਮੌਕਾ ਵੀ ਬਣਾਉਂਦੀ ਹੈ। ਜਿਸ ਵਿਚ ਕੇਂਦਰ ਸਰਕਾਰ ਨੇ ਤਾਲਾਬੰਦੀ
ਦੁਆਰਾ ਪੇਸ਼ ਕੀਤੇ ਗਏ ਮੌਕਿਆਂ ਦੀ ਵਰਤੋਂ ਨਾ ਸਿਰਫ ਜਨਤਕ ਵਿਰੋਧ ਪ੍ਰਦਰਸ਼ਨ ਤੇ ਅਸਹਿਮਤੀ ਦੇ
ਪ੍ਰਵਚਨ 'ਤੇ ਰੋਕ ਲਗਾਉਣ ਲਈ ਕੀਤੀ, ਬਲਕਿ
ਸ਼ਾਂਤਮਈ ਪ੍ਰਦਰਸ਼ਨਾਂ (CAA-2019 ਦੇ ਵਿਰੁੱਧ ਅੰਦੋਲਨ) ਵਿਚ ਹਿੱਸਾ
ਲੈਣ ਵਾਲੇ ਕਈਆਂ ਨੂੰ ਦਮਨਕਾਰੀ-ਸ਼ਕਤੀ ਨਾਲ ਦੀ ਵਰਤੋਂ ਨਾਲ ਉਠਾ ਦਿੱਤਾ ਗਿਆ ਹੈ। ਮਹਾਂਮਾਰੀ ਦੌਰਾਨ ਇਸ ਤਰ੍ਹਾਂ ਦੇ ਕਾਰਜਾਂ
ਦਾ ਉਦੇਸ਼ ਉਸ ਅਬਾਦੀ ਨੂੰ ਸਬਕ ਸਿਖਾਉਣਾ ਜਾਪਦਾ ਹੈ ਜਿਨ੍ਹਾਂ ਨੇ ਸਰਕਾਰ ਦੇ ਇਰਾਦਿਆਂ ਅਤੇ
ਕੰਮਾਂ ਬਾਰੇ ਪ੍ਰਸ਼ਨ ਚਿੰਨ੍ਹ ਲਗਾਏ ਹਨ। ਇਸ
ਪ੍ਰਭੂਸੱਤਾਪੂਰਨ-ਸ਼ਕਤੀ ਨੇ ਪ੍ਰਤੀਰੋਧੀ ਸ਼ਕਤੀਆਂ ਨੂੰ ਬੂਰੀ ਤਰ੍ਹਾਂ ਹਾਸ਼ੀਏ ਤੋਂ ਬਾਹਰ ਕਰਨ ਦੀ
ਕੋਸ਼ਿਸ਼ ਕੀਤੀ ਹੈ।
ਇਸ ਸਾਰੀ ਪ੍ਰਕਿਰਿਆ ਵਿਚ ਇਹ ਸਮਝ ਬਣਦੀ ਹੈ ਕਿ ਇਸ ਉੱਤਰ-ਆਧੁਨਿਕ ਯੁੱਗ ਵਿਚ
ਮਹਾਂਮਾਰੀ ਨੇ ਪ੍ਰਭੂਸੱਤਾਪੂਰਨ-ਸ਼ਕਤੀ, ਅਨੁਸ਼ਾਸਨੀ-ਸ਼ਕਤੀ ਤੇ ਬਾਇਓ-ਸ਼ਕਤੀ ਦਾ ਇਕ ਸਮਾਵੇਸ਼ ਪੈਂਦਾ
ਕੀਤਾ ਹੈ, ਜਿਸ ਨੇ ਜਿੱਥੇ ਇਕ ਪਾਸੇ ਲੋਕਰਾਜੀ-ਸੱਤਾ ਦੇ ਰੂਪ ਨੂੰ ਸੰਕਟ ਵੱਲ ਧੱਕਿਆ ਹੈ, ਉੱਥੇ
ਦੂਜੇ ਪਾਸੇ ਕੇਂਦਰੀਕ੍ਰਿਤ ਸਰਵਸੱਤਾ ਦੇ ਫੈਲਵ ਨੂੰ ਮੌਕਾ ਦਿੱਤਾ ਹੈ। ਇਸ ਸਥਿਤੀ ਦਾ ਪ੍ਰਮਾਣ ਰਾਜ ਵੱਲੋਂ ਮਹਾਂਮਾਰੀ
ਨੂੰ ਇਕ ਮੌਕੇ ਵੱਜੋਂ ਵੇਖਣ ਤੇ ਵਰਤਣ ਵਿਚ ਵੇਖਿਆ ਜਾ ਸਕਦਾ ਹੈ ਅਤੇ ਜਿਸ ਦਾ ਸਾਹਮਣਾ
ਮਨੁੱਖ-ਜਾਤੀ ਨੇ ਕਈ ਚੌਣਾਂ ਕਰਕੇ ਕਰਨਾ ਹੈ। ਇਸ ਸਮੇਂ ਮਨੁੱਖ-ਜਾਤੀ ਨੂੰ ਰਾਸ਼ਟਰਵਾਦੀ-ਇਕੱਲਤਾ
ਅਤੇ ਵਿਸ਼ਵਵਿਆਪੀ-ਏਕਤਾ ਦੇ ਵਿਕਲਪਾਂ ਵਿਚਕਾਰ ਚੌਣ ਕਰਨੀ ਪੈਣੀ ਹੈ। ਇਸ ਕਾਰਨ ਇੱਥੇ ਹੋਰ ਮਹੱਤਵਪੂਰਣ ਪ੍ਰਸ਼ਨ ਇਹ ਹੈ ਕਿ ਕੀ ਮਨੁੱਖ-ਜਾਤੀ
ਤਾਨਾਸ਼ਾਹੀ ਦੇ ਉਭਾਰ ਦਾ ਸਮਰਥਨ ਕਰੇਗੀ ਜਾਂ ਲੋਕਤੰਤਰੀ ਢੰਗ ਨਾਲ ਐਮਰਜੈਂਸੀ ਨਾਲ ਨਜਿੱਠਣ 'ਤੇ ਜ਼ੋਰ ਦੇਵੇਗੀ? ਜਦੋਂ ਸਰਕਾਰਾਂ ਅਸਫ਼ਲ ਕਾਰੋਬਾਰਾਂ ਦੀ
ਸਹਾਇਤਾ ਲਈ ਅਰਬਾਂ ਖਰਚ ਕਰ ਰਹੀਆਂ ਹਨ, ਤਾਂ ਕੀ ਉਹ ਵੱਡੇ
ਕਾਰਪੋਰੇਸ਼ਨਾਂ ਜਾਂ ਛੋਟੇ ਪਰਿਵਾਰਕ ਕਾਰੋਬਾਰਾਂ ਨੂੰ ਬਚਾਉਣਗੀਆਂ ਜਾਂ ਖੇਤੀ ਖੇਤਰ ਅੰਦਰ
ਖੁੱਲ੍ਹੀ ਪੂੰਜੀ ਦੇ ਦਖ਼ਲ ਨੂੰ ਇਜ਼ਾਜਤ ਦੇਣਗੀਆਂ? ਜਿਵੇਂ ਕਿ ਲੋਕ ਘਰਾਂ
ਤੋਂ ਕੰਮ ਕਰਨ ਅਤੇ ਆਨਲਾਈਨ ਸੰਚਾਰ ਕਰਨ ਲਈ ਆਦੀ ਹੋ ਰਹੇ ਹਨ ਕੀ ਇਹ ਸੰਗਠਿਤ ਲੇਬਰਹੀਣ ਦਾ ਨਤੀਜਾ
ਹੈ, ਜਾਂ ਕੀ ਅਸੀਂ ਮਜ਼ਦੂਰਾਂ ਦੇ ਅਧਿਕਾਰਾਂ ਲਈ ਬਿਹਤਰ ਸੁਰੱਖਿਆ ਵੇਖ
ਸਕਾਗੇ? ਇਹ ਸਾਰੀਆਂ ਰਾਜਨੀਤਿਕ ਚੋਣਾਂ ਮਨੁੱਖ-ਜਾਤੀ ਨੂੰ ਭਵਿੱਖ ਵੱਲ
ਲੈ ਜਾਣਗੀਆਂ। ਕੁੱਲ
ਮਿਲਾਕੇ ਹੁਣ ਸਿਰਫ ਸਿਹਤ-ਸੰਭਾਲ ਦਾ ਸੰਕਟ ਨਹੀਂ, ਸਗੋਂ ਇਕ ਰਾਜਨੀਤਿਕ
ਸੰਕਟ ਵੀ ਸਾਹਮਣੇ ਖੜ੍ਹਾਅ ਹੋਇਆ ਹੈ। ਭਾਵੇਂ
ਸਹੀ ਅਰਥਾਂ ਵਿਚ ਇਸ ਸਥਿਤੀ ਨੂੰ ਬਾਇਓ-ਸ਼ਕਤੀ ਨਾਲ ਸੰਬੰਧਿਤ ਨਹੀਂ ਕੀਤਾ ਜਾ ਸਕਦਾ, ਪਰ ਇਸ ਪੂਰੀ
ਸਥਿਤੀ ਨੂੰ ਮਹਾਂਮਾਰੀ ਦੀ ਸ਼ਕਤੀ ਪਸਾਰਨ ਮੌਕਿਆ ਵਜੋਂ ਵੇਖਣ ਵਾਲੀ ਰਾਜ-ਵਿਵਸਥਾ ਨੂੰ ਸਮਝਣ ਲਈ
ਜ਼ਰੂਰ ਵਰਤਿਆ ਜਾ ਸਕਦਾ ਹੈ। ਇਹ ਅਸਹਿਮਤੀ ਜਾਂ ਨਾਬਰੀ ਦੇ ਪ੍ਰਵਚਨਾਂ ਦੇ ਅਧਿਐਨ ਦਾ ਮੌਕਾ ਹੈ,
ਉਨ੍ਹਾਂ ਦੀ ਰੂਪ-ਰੇਖਾ, ਭਾਵਨਾ, ਵਿਚਾਰ ਤੇ ਵਿਹਾਰ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਸਾਂਰੰਸ :
ਸਮੁੱਚੇ ਰੂਪ ਵਿਚ ਹੁਣ ਕਿਹਾ ਜਾ ਸਕਦਾ ਹੈ ਕਿ ਮਹਾਂਮਾਰੀ ਦੇ ਪ੍ਰਬੰਧਨ ਦੌਰਾਨ
ਸ਼ਕਤੀ ਦੇ 'ਰਾਜਨੀਤਿਕ ਸੁਪਨੇ' ਦਾ ਉਦੇਸ਼ ਜੀਵਨ
ਬਚਾਓ ਅਤੇ ਮੌਤ ਦੀ ਰੋਕਥਾਮ ਦੇ ਨਾਮ 'ਤੇ ਸ਼ਿਸ਼ਟਾਚਾਰ, ਅਨੁਸ਼ਾਸ਼ਿਤ ਸੰਸਥਾਵਾਂ ਦਾ ਉਤਪਾਦਨ ਕਰਨਾ ਸਪੱਸ਼ਟ ਤੌਰ 'ਤੇ
ਨਜ਼ਰੀ ਪੈਂਦਾ ਹੈ। ਇਸ
ਲਈ ਜੋ ਇਸ ਦੇ ਪ੍ਰਬੰਧਨ ਵਿਚ ਇਹ ਸਪੱਸ਼ਟ ਹੋ ਜਾਂਦਾ ਹੈ, ਉਹ ਇਹ ਹੈ ਕਿ ਅਸੀਂ ਅਜੇ ਵੀ ਸ਼ਕਤੀ ਪ੍ਰਣਾਲੀ ਦੇ ਅਧੀਨ ਜੀ ਰਹੇ ਹਾਂ, ਜਿਸਦੀ ਸ਼ੁਰੂਆਤ
ਪਲੇਗ ਦੇ ਰਾਜਨੀਤਿਕ ਅਤੇ ਡਾਕਟਰੀ ਪ੍ਰਬੰਧਨ ਦੁਆਰਾ ਆਧੁਨਿਕਤਾ ਦੇ ਆਗਮਨ ਨਾਲ ਹੋਈ ਸੀ ਅਤੇ ਜਿਸ
ਨੇ ਦੇਹ ਅਤੇ ਜੀਵਨ ਦੋਵਾਂ ਤੇ ਏਕਾਅਧਿਕਾਰ ਲਿਆ ਹੈ।44 ਭਾਰਤ
ਦੇ ਪ੍ਰਸੰਗ ਵਿਚ ਇਸ ਸ਼ਕਤੀ ਦਾ ਇਕ ਨਵਾਂ ਰੂਪ ਸਾਹਮਣੇ ਆਇਆ ਹੈ, ਜਿਸ ਨੇ ਮਹਾਂਮਾਰੀ ਪ੍ਰਬੰਧਨ ਦੇ
ਨਾਮ ‘ਤੇ ਆਪਣੀ ਸ਼ਕਤੀ ਨੂੰ ਪ੍ਰਭੂਸੱਤਾਪੂਰਨ ਸ਼ਕਤੀ ਦੇ ਰੂਪ ਵਿਚ ਬਦਲ
ਲਿਆ ਹੈ, ਪਰ ਅਜਿਹਾ ਕਰਨ ਲਈ ਇਸ ਪ੍ਰਭੂਸੱਤਾਪੂਰਨ ਸ਼ਕਤੀ ਨੇ ਆਧੁਨਿਕ ਅਨੁਸ਼ਾਸਨੀ-ਸ਼ਕਤੀ ਤੇ
ਬਾਇਓ-ਪਾਵਰ ਨੂੰ ਆਪਣੇ ਨਾਲ ਰਲਾਅ ਲਿਆ ਹੈ ਅਤੇ ਵਿਆਕਤੀਗਤ ਦੇਹ ਤੇ ਦੇਹ ਦੀ ਮਾਨਸਿਕਤਾ ਨੂੰ ਇਕ
ਨਿਸ਼ਚਤ ਅਕਾਰ ਦੇਣ ਲਈ ਯਤਨ ਕੀਤਾ ਹੈ। ਪਰ ਫੂਕੋ ਦਾ ਜਗਤ ਪ੍ਰਸਿੱਧਾ ਵਾਕ ਇੱਥੇ ਯਾਦ ਰੱਖਣਾ
ਲੋੜੀਦਾ ਹੈ ਕਿ “ਜਿੱਥੇ ਸ਼ਕਤੀ ਹੈ, ਉੱਥੇ ਉਸ ਦਾ ਪ੍ਰਤੀਰੋਧ ਹੈ।”
ਹਵਾਲੇ ਤੇ ਟਿੱਪਣੀਆਂ:
1.
https://biopoliticalphilosophy.com/2020/05/04/the-biopolitics-of-covid-19/
2.
Michel
Foucault. (2003). "Society Must Be Defended". Lectures at the
Collège de France, 1975-76. Trans. David Macey. Ed. Arnold I. Davidson.
Picador, New York. page-46
3.
Foucault,
Michel. (1978). History of Sexuality: An Introduction. Trans. Hurley,
Robert. Random House Inc., New York. pages-94-95
4.
Dreyfus, D.L. and Rabinow, P., (1983). Michel
Foucault. Beyond Structuralism and Hermeneutics .2nd. Chicago: Chicago
University Press. page-153
5.
Dean, M., (2007). Governing
Societies. Berkshire: Open University Press. page-201
6.
Foucault, M., (1978). History of Sexuality: An
Introduction. page-136
7.
ਇੱਥੇ ਇਹ ਯਾਦਰੱਖਣ ਯੋਗ ਹੈ ਕਿ ਫੂਕੋ ਦੀ ਸ਼ਕਤੀ ਦੀ ਧਾਰਨਾਂ ਬਹੁ-ਕੇਂਦਰੀ ਪ੍ਰਵਿਰਤੀ ਦੀ ਧਾਰਨੀ ਹੈ, ਜੋ ਕਿਸੇ ਵਿਅਕਤੀ ਦੇ ਹੱਥਾਂ ਵਿਚ ਨਾ ਹੋਕੇ, ਸਮਾਜਿਕ-ਸੰਬੰਧਾਂ ਦੇ ਹਰ ਪੱਧਰ ਉੱਤੇ ਪ੍ਰਤੱਖ/ਪ੍ਰੋਖ ਰੂਪ ਵਿਚ ਆਪਣੀ ਮੌਜੂਦਗੀ ਰੱਖਦੀ ਹੈ। ਮੌਟੇ ਤੌਰ ਤੇ ਫੂਕੋ ਲਈ ਸ਼ਕਤੀ ਇਕ ਇਕਾਂਈ/ਕਰਤੇ ਦੀ ਦੂਜੀ ਇਕਾਂਈ/ਕਰਤੇ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਦਾ ਨਾਮ ਹੈ। ਵਧੇਰੇ ਵਿਰਥਾਰ ਲਈ 'ਪਰਖ' ਦੇ 2020 ਦੇ ਅੰਕ ਵਿਚ ਪ੍ਰਕਾਸ਼ਤ ਹੋਣ ਵਾਲੇ ਖੋਜ-ਪੱਤਰ 'ਫੂਕੋ ਦਾ ਸ਼ਕਤੀ ਸਿਧਾਂਤ: ਸਰੂਪ ਤੇ ਸੁਭਾਅ' ਨੂੰ ਪੜ੍ਹਿਆ ਜਾ ਸਕਦਾ ਹੈ। Singh, Harjeet. ਮਿਸ਼ੇਲ ਫੂਕੋ ਦਾ ਸ਼ਕਤੀ ਸਿਧਾਂਤ : ਸਰੂਪ ਤੇ ਸੁਭਾਅ (Michel Foucault's
Theory of Power: Form and Nature), https://www.researchgate.net/publication/349621690_misela_phuko_da_sakati_sidhanta_sarupa_te_subha'a_Michel_Foucault's_Theory_of_Power_Form_and_Nature.
Singh, H. (2020). ਮਿਸ਼ੇਲ ਫੂਕੋ ਦਾ ਸ਼ਕਤੀ ਸਿਧਾਂਤ : ਸਰੂਪ ਤੇ ਸੁਭਾਅ (Michel Foucault's Theory of Power:
Form and Nature). Parkh, II, 136–152.
8. "If it is true that the leper
gave rise to rituals of exclusion, which to a certain extent provided the model
for and general form of the great Confinement, then the plague gave rise to
disciplinary projects." Foucault, Michel. (1995). Discipline and Punish: The
Birth of the Prison. Translated form the French by Alan Sheridan. New York:
Vintage Books. page-198
9.
"Rather than the massive, binary division between
one set of people and another, it called for multiple separations,
individualizing distributions, an organization in depth o f surveillance and
control, an intensification and a ramification of power. The leper was caught
up in a practice of rejection, of exile-enclosure; he was left to his doom in a
mass among which it was useless to differentiate; those sick o f the plague
were caught up in a meticulous tactical partitioning in which individual
differentiations were the constricting effects of a power that multiplied,
articulated and subdivided itself; the great confinement on the one hand; the
correct training on the other. The leper and his separation; the plague and its
segmentations. The first is marked; the second analysed and distributed." Ibid.
10. Ibid. page-195
11. Ibid. page-170
12.
"Rather
than the massive, binary division between one set of people and another, it
called for multiple separations, individualizing distributions, an organization
in depth o f surveillance and control, an intensification and a ramification of
power. The leper was caught up in a practice of rejection, of exile-enclosure;
he was left to his doom in a mass among which it was useless to differentiate;
those sick o f the plague were caught up in a meticulous tactical partitioning
in which individual differentiations were the constricting effects of a power
that multiplied, articulated and subdivided itself; the great confinement on
the one hand; the correct training on the other. The leper and his separation;
the plague and its segmentations. The first is marked; the second analysed and
distributed." Ibid. page-198
13. "At the heart of all disciplinary systems
functions a small penal mechanism". Ibid. page-177
14.
Lydia Alix Fillingham. (2008). Foucault
for Beginners. Orient
BlackSwan. page-125
15. ਪੰਜਾਬ ਵਿਚ 500 ਰੁਪਏ ਜ਼ੁਰਮਾਨਾਂ ਲਗਾਇਆ ਗਿਆ ਹੈ ਅਤੇ ਭਾਰਤ ਵਿਚ ਇਹ ਵਿਧਾਨ ਸਜਾ ਤੱਕ ਰੱਖਿਆ ਫੈਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯੂਰਪੀਅਨ ਦੇਸ਼ਾਂ ਵਿਚ ਵੀ ਜ਼ੁਰਮਾਨਾਂ ਤੇ ਸਜਾ ਦਾ ਵਿਧਾਨ ਲਗਾਤਾਰ ਦੇਹ ਦੀ ਗਤੀਸ਼ੀਲਤਾ ਨਾਲ ਜੋੜ ਦਿੱਤਾ ਗਿਆ ਹੈ।
16. Foucault,
Michel. (1995). Discipline and Punishment. page-101-102
17. Ibid. page-198
18. Ibid
19. Ibid. page-199
20. Foucault, Michel. (2003a). Society Must Be
Defended: lectures at the Collège de France, 1975-76, page-242
21. Foucault,
Michel. (1978). The History of Sexuality, Volume 1.
An Introduction.
page-139
22.
Ibid. page
-195
23. Ibid. page-136
24.
Foucault,
Michel. (2003). Society Must Be Defended: lectures at the Collège de France,
1975-76. page-240, 241
25. Ibid.
page-241
26. Foucault, Michel. (1978). The History of
Sexuality in An Introduction. Volume I. page-137
27.
Marks, John.
2008. “Michel Foucault: Biopolitics and Biology” in Foucault in an
Age of Terror: Rethinking Biopolitics and the Defense of Society. Ed.
Morton, Stephen and Bygrave, Stephen. New York: Palgrave Macmillan. page-98
28. Marks, John. 2008. “Michel Foucault:
Biopolitics and Biology” in Foucault in an Age of Terror: Rethinking
Biopolitics and the Defense of Society. Ed. Morton, Stephen and Bygrave,
Stephen. New York: Palgrave Macmillan. pages-99, 100
29. Foucault, Michel. (2003). Society Must Be
Defended: lectures at the Collège de France, 1975-76. page-244
30. Foucault, Michel. (1978). The History of
Sexuality in An Introduction. Volume I. pages-142, 145
31. Ibid
32. Ibid. page-245
33. Ibid.
pages-143
34.
"This bio-power was without question an
indispensable element in the development of capitalism; the latter would not
have been possible without the controlled insertion of bodies into the
machinery of production and the adjustment of the phenomena of population to
economic processes. But this was not all it required; it also needed the growth
of both these factors, their reinforcement as well as their availability and
docility; it had to have methods of power capable of optimizing forces,
aptitudes, and life in general without at the same time making them more
difficult to govern.”
Ibid. pages-140-141
35. Foucault,
Michel. (1978). The History of Sexuality in An Introduction. Volume
I. pages-249
36.
Rabinow, P., Rose, N. (2006). Biopower
Today. BioSocieties. https://doi.org/10.1017/S1745855206040014. page-196.
37. “Both
technologies are obviously technologies of the body, but one is a technology in
which the body is individualized as an organism endowed with capacities, while
the other is a technology in which bodies are replaced by general biological
processes.” Foucault,
Michel. (2003). Society Must Be Defended: lectures at the Collège de France,
1975-76. page-249.
38. https://anhadmagazine.blogspot.com/search/label/ਸਮਕਾਲੀ%ਚਿੰਤਨ
39. Ibid
40. Singh, Harjeet.
(2020). Online Teaching and its Apocalyptic Futuristic Effect. https://www.researchgate.net/publication/341380050_Online_Teaching_and_its_Apocalyptic_Futuristic_Effect
41. Yuval Noah Harari: “Every crisis is also an
opportunity”.
https://en.unesco.org/courier/2020-3/yuval-noah-harari-every-crisis-also opportunity?fbclid=IwAR085ymZjp72vJ2kqI-3grNcYY9U8badrNQsAud0f9eunck3jpJWL-MaPTs
42. Ronojoy
Sen. Politics and COVID-19: Will the Pandemic Result in State
Power Expanding?. https://thewire.in/politics/india-politics-coronavirus-state-power
43. Ghosh, Jayati. (2020). A Critique of
The Indian Government’s Response
to the COVID-19 Pandemic. Journal of Industrial and Business
Economics. Pages-519–530
44.
Foucault,
Michel. (1978). The History of Sexuality in An Introduction. Volume
I. New York: Vintage Books. pages-140-141