Conflict of Identity and Existence: The Black Prince
ਪਛਾਣ ਤੇ ਅਸਤਿਤਵ ਦਾ ਦਵੰਦ : ਬਲੈਕ ਪ੍ਰਿੰਸ
ਡਾ.
ਹਰਜੀਤ ਸਿੰਘ
ਡੀ.ਏ.ਵੀ.
ਕਾਲਜ, ਚੰਡੀਗੜ੍ਹ।
9876501737,
harjeet23gill@yahoo.com
ਆਮ ਭਾਸ਼ਾਈ ਰੂਪ ਵਿਚ ‘ਅਸਤਿਤਵ’ ਤੇ ‘ਪਛਾਣ’ ਸ਼ਬਦੀ-ਰੂਪ ਪਰਸਪਰ
ਸਮਾਨਾਰਥਕ ਹੋਣ ਦਾ ਭਰਮ ਸਿਰਜਦੇ ਹਨ। ਪਰ ਦਾਰਸ਼ਨਿਕ ਪੱਧਰ ’ਤੇ ਇਨ੍ਹਾਂ ਸ਼ਬਦਾਂ ਦੇ ਅਰਥਾਂ ਵਿਚ ਕਾਫ਼ੀ
ਵਿੱਥ ਮੌਜੂਦ ਹੈ। ‘ਅਸਤਿਤਵ’ ਦਾ ਅੰਗਰੇਜ਼ੀ ਵਿਚ ਸਮਭਾਵੀ ਸ਼ਬਦ Existence ਹੈ, ਜੋ ਸਧਾਰਨ ਅਰਥਾਂ ਵਿਚ ਇੰਦਰੀਆਂ ਸਹਿਤ ਹਰੇਕ ਵਸਤੂ ਦੇ ਅਸਤਿਤਵਸ਼ੀਲ ਹੋਣ ਦੇ ਅਰਥ ਨਾਲ
ਸੰਬੰਧਿਤ ਹੈ। ਅਸਤਿਤਵਵਾਦੀ ਚਿੰਤਨ ‘ਅਸਤਿਤਵ’ ਸ਼ਬਦ ਦਾ ਪ੍ਰਯੋਗ ਵਿਸ਼ੇਸ਼ ਅਰਥਾਂ ਵਿਚ ਕਰਦਾ ਹੋਇਆ ਕੇਵਲ ਮਨੁੱਖ ਨੂੰ ਹੀ ਅਸਤਿਤਵਸ਼ੀਲ
ਕਿਆਸ ਕਰਦਾ ਹੈ, ਕਿਉਂਕਿ ਵਸਤੂਆਂ ਦੀ ਸੱਤਾ ਆਪਣੇ ਅਸਤਿਤਵ ਨੂੰ ਨਹੀਂ ਜਾਣਦੀ, ਪਰ ਵਿਅਕਤੀ
ਚਿੰਤਨਸ਼ੀਲ ਹੋਣ ਦੇ ਨਾਤੇ ਜਾਣਦਾ ਹੈ ਕਿ 'ਉਹ ਹੈ'। ਉਸਦੀ 'ਮੈਂ ਹਾਂ' ਦੀ ਇਹ ਭਾਵਨਾ ਹੀ ਉਸ ਨੂੰ ਬਾਕੀ ਜਗਤ ਨਾਲੋਂ
ਵਿਸ਼ੇਸ਼/ਵਿਸ਼ਿਸ਼ਟ ਸਿੱਧ ਕਰਦੀ ਹੈ। ਜਿੱਥੇ ਹੋਰਨਾਂ ਜੀਵਾਂ ਦੀ ਸੱਤਾ ਉਨ੍ਹਾਂ ਦੇ ਆਵਾਸ ਸਥਾਨ ਨਾਲ
ਸੰਬੰਧਿਤ ਹੁੰਦੀ ਹੈ ਅਤੇ ਉਨ੍ਹਾਂ ਦੀ ਚੇਤਨਾ ਵਰਤਮਾਨ ਤੇ ਭੂਤਕਾਲ ਦਾ ਸਫ਼ਰ ਨਹੀਂ ਕਰ ਸਕਦੀ, ਉੱਥੇ
ਇਸ ਦੇ ਨਾਲ ਮਨੁੱਖੀ-ਸੱਤਾ ਆਪਣੇ ਤੋਂ ਪਰ੍ਹੇ ਵਸਤੂਗਤ-ਜਗਤ ਵਿਚ ਵਿਦਮਾਨ ਹੁੰਦੀ ਹੈ। ਇਸ ਲਈ ‘ਅਸਤਿਤਵ’ ਸ਼ਬਦ ਵਿਸ਼ੇਸ਼
ਮਾਨਵੀ ਅਰਥਾਂ ਨੂੰ ਸੰਚਾਲਿਤ ਕਰਦਾ ਹੋਇਆ 'ਹੋਣ' ਤੋਂ ਪਹਿਲਾਂ 'ਹੈ' ਦੀ ਸੰਘਿਆ ਦੀ ਮਹੱਤਤਾ ਨੂੰ ਪ੍ਰਗਟ ਕਰਦਾ ਹੈ, ਜਿਸ ਨੂੰ ਕਿਸੇ ਸਾਰ/ਸਿਧਾਂਤ/ਧਾਰਨਾ
ਵਿਚ ਨਹੀਂ ਬੰਨਿਆ ਜਾ ਸਕਦਾ। ਇਸ ਦੇ ਮੁਕਾਬਲਨ ‘ਪਛਾਣ’ ਅੰਗਰੇਜ਼ੀ ਦੇ ਸ਼ਬਦ Identity
ਦਾ ਪ੍ਰਾਰੂਪ ਹੈ, ਜਿਸ ਦਾ ਅਰਥ ਵਿਆਕਤੀ ਦੇ ‘ਪਰ’ (other) ਨਾਲ ਸੰਬੰਧ ਵਿਚ
ਪਿਆ ਹੋਇਆ ਹੈ। ਇਕ ਵਿਅਕਤੀ ‘ਪਰ’ ਵਸਤੂ/ ਵਿਅਕਤੀ/ਵਰਤਾਰੇ/ਵਿਚਾਰ/ਵਿਹਾਰ ਵਿਚੋਂ ਆਪਣੇ ਆਪ ਨੂੰ ਪਰਿਭਾਸ਼ਤ ਕਰਨ ਦੀ
ਕੋਸ਼ਿਸ਼ ਕਰਦਾ ਹੋਇਆ ਸਮੂਹ ਵਿਚੋਂ ਆਪਣੀ ਪਛਾਣ ਘੜਦਾ ਹੈ, ਜੋ ਮਨੁੱਖੀ-ਅਵਚੇਤਨ ਦੇ ਭ੍ਰਮਕ ਰੂਪ ਵਿਚ
ਸਥਾਪਿਤ ਕੀਤੀ ਜਾ ਸਕਦੀ ਹੈ। ਕਹਿਣ ਦਾ ਭਾਵ ਅਸਤਿਤਵ ‘ਸਵੈ’ ਅਹਿਸਾਸ ਨਾਲ ਅਤੇ ਪਛਾਣ ‘ਪਰ’ ਦੇ ਸੰਬੰਧ ਨਾਲ
ਸੰਬੰਧਿਤ ਪ੍ਰਕਿਰਿਆਵਾਂ ਹਨ। ਅਨੇਕਾਂ ਬਾਰ ਵਿਅਕਤੀ ‘ਅਸਤਿਤਵ’ ਤੇ ‘ਪਛਾਣ’ ਦੇ ਇਸ ਦਵੰਦ ਵਿਚ ਥੀਦਾ/ਜੀਂਦਾ ਹੈ ਅਤੇ ਜ਼ਿੰਦਗੀ ਦੇ ਅਰਥ ਤਲਾਸ਼ਦਾ ਹੈ।
ਇਸ ਸੂਤਰ ਨੂੰ ਵਧੇਰੇ ਪ੍ਰਮਾਣਿਕ ਰੂਪ ਪੰਜਾਬ
ਦੇ ਇਤਿਹਾਸਕ ਸਮੇਂ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਨ ’ਤੇ ਅਧਾਰਿਤ ਕਵੀ
ਰਾਜ ਦੁਆਰਾ ਲਿਖਤ ਤੇ ਨਿਰਮਤ ਫਿਲਮ ‘‘ਬਲੈਕ ਪ੍ਰਿੰਸ’’ ਪੇਸ਼ ਕਰਦੀ ਹੈ। ਇਹ ਫਿਲਮ ਇਤਿਹਾਸਕ
ਘਟਨਾ ਕਰਮ ’ਤੇ ਅਧਾਰਿਤ ਸਮਕਾਲੀ ਪੰਜਾਬੀ-ਜਗਤ ਦੀ ਹੋਣੀ/ਹੋਂਦ ਨੂੰ ਤਲਾਸ਼ਦੀ ਡਾਈਸਪੋਰਕ ਤੇ ਰਾਜਨੀਤਿਕ ਚੇਤਨਾ ਵਾਲੀ ਫਿਲਮ ਹੈ। ਇਸ ਫਿਲਮ
ਨੇ ਪੰਜਾਬ ਦੇ ਇਤਿਹਾਸ ਨੂੰ ਵਿਸ਼ਵ-ਪੱਧਰ ’ਤੇ ਪਛਾਣਯੋਗ ਬਣਾਉਣ ਦਾ ਯਤਨ ਕੀਤਾ ਹੈ ਅਤੇ ਆਪਣੇ ਇਤਿਹਾਸਕ ਅਧਾਰ ਕਾਰਨ
ਸਮਾਜਿਕ-ਮੀਡਿਆ ਤੇ ਅਖ਼ਬਾਰਾਂ ਵਿਚ ਬਹੁ-ਭਾਸ਼ਾਈ ਪੱਧਰ ’ਤੇ
ਵਿਸ਼ਲੇਸ਼ਣ ਲਈ ਸਪੇਸ ਦਾ ਨਿਰਮਾਣ ਕੀਤਾ ਹੈ। ਇਸ ਵਿਸ਼ਲੇਸ਼ਣ ਦਾ ਅਧਾਰ ਨਿਰਵਿਵਾਦ ਪ੍ਰਸੰਸਾਮਈ ਜਾਂ
ਗਹਿਨ ਆਲੋਚਨਾਤਿਮਕ ਰੂਪ ਅਖ਼ਤਿਆਰ ਕਰਦਾ ਹੈ, ਜਿਸ ਦੇ ਅੰਤਰਗਤ ਸਿੱਖ-ਇਤਿਹਾਸ ਅਤੇ ਫਿਲਮ ਦੇ
ਗਲਪੀ-ਜਗਤ ਵਿਚਕਾਰ ਤੁਲਨਾ ਕਰਨ ਦੀ ਪ੍ਰਵਿਰਤੀ ਭਾਰੂ ਦਿਖਾਈ ਦੇਂਦੀ ਹੈ। ਪਰ ਇਸ ਮਜ਼ਮੂਨ ਵਿਚ ਫਿਲਮ
ਨੂੰ ਪਾਠ (text) ਰੂਪ ਵਿਚ ਗ੍ਰਹਿਣ ਕਰਕੇ ਸੰਖੇਪ ਰੂਪ ਵਿਚ ਵਿਚਾਰਧਾਰਾਕ/ਸਿਧਾਂਤਕ ਆਧਾਰਾਂ ਨੂੰ
ਨਿਰਧਾਰਤ ਕਰਨ ਦਾ ਹੀ ਯਤਨ ਹੈ।
‘ਬਲੈਕ ਪ੍ਰਿੰਸ’ ਦੇ ਆਰੰਭ ਤੋਂ ਹੀ ਮਹਾਰਾਜਾ ਦਲੀਪ ਸਿੰਘ ਬਸਤੀਵਾਦੀ ਹੈਜ਼ਮਨੀਕਲ ਸਥਿਤੀਆਂ ਵਿਚ
ਬਣਾਈ ਗਈ ‘ਪਛਾਣ’ ਦਾ ਭੋਗਣਹਾਰ ਅਤੇ ਆਪਣੇ ‘ਅਸਤਿਤਵ’ ਦੀ ਤਲਾਸ਼ ਦੀ ਸਿਰਜਨਾ ਵਿਚ ਭਟਕਦਾ ਵਿਖਾਈ
ਦੇਂਦਾ ਹੈ। ਫਿਲਮ ਦੀ ਸ਼ੁਰੂਆਤ ਤੋਂ ਹੀ ਦਲੀਪ ਸਿੰਘ ਦਾ 'ਮੈਂ ਹਾਂ' ਕਿਸੇ ਨਿਸ਼ਚਿਤ ਸਰੂਪ ਵਿਚ ਨਹੀਂ ਹੈ, ਬਲਕਿ
ਫਿਲਮ ਦੀ ਕਥਾ ਦੇ ਵਿਕਾਸ ਨਾਲ ਦਲੀਪ ਸਿੰਘ ਦਾ ਪਾਤਰ ‘ਹੋਣ ਦੀ ਪ੍ਰਕਿਰਿਆ’ ਵਿਚ ਇਹ ਗੱਲ
ਅਨੁਭਵ ਕਰਦਾ ਹੈ ਕਿ ਉਹ ਕੋਈ ਨਿਸ਼ਕ੍ਰਿਆ/ਨਿਰਜੀਵ ਵਸਤੂ ਨਹੀਂ ਹੈ। ਇਸੇ ਕਾਰਣ ਫਿਲਮ ਦਾ ਮਾਹੌਲ
ਅਤੇ ਦਲੀਪ ਸਿੰਘ ਦੇ ਚਰਿੱਤਰ ਵਿਚਕਾਰ ਇਕ ਅੰਤਰ-ਤਨਾਉ ਫਿਲਮ ਵਿਚ ਉਸ ਵਕਤ ਤੱਕ ਦਿਖਾਈ ਦੇਂਦਾ ਹੈ,
ਜਦੋਂ ਤੱਕ ਦਲੀਪ ਸਿੰਘ ਗਵਾਚ ਗਏ ਸਿੱਖ-ਰਾਜ ਦੀ ਪ੍ਰਾਪਤੀ ਦਾ ਨਿਰਣਾ ਅਤੇ ਚੋਣ ਨਹੀਂ ਕਰ ਲੈਂਦਾ
ਹੈ। ਇਹ ਚੋਣ ਤੇ ਨਿਰਣਾ ਹੀ ਦਲੀਪ ਸਿੰਘ ਨੂੰ ਬਸਤੀਵਾਦੀ-ਪਛਾਣ ਤੋਂ ਅੱਗੇ ਸਿੱਖ-ਅਸਿਤਤਵ
ਨਾਲ ਜੋੜਦਾ ਹੈ, ਕਿਉਂਕਿ ਦਲੀਪ ਸਿੰਘ ਦੇ ਰਾਜ ਪ੍ਰਾਪਤੀ ਦਾ ਨਿਰਣੇ ਉਸ ਨੂੰ ਚੋਣ, ਚੋਣ ਤੋਂ
ਅਕਾਂਖਿਆ, ਅਕਾਂਖਿਆ ਤੋਂ ਕਰਤੱਵ ਨਾਲ ਜੋੜਦਾ ਹੈ, ਜੋ ਮਨੁੱਖੀ-ਹੋਂਦ
ਦਾ ਪਛਾਣ ਚਿੰਨ੍ਹ ਹੈ। ਦਲੀਪ ਸਿੰਘ ਦੀ ਇਹ ਚੋਣ ਹੀ ਉਸ ਨੂੰ ਬਸਤੀਵਾਦੀ-ਪਛਾਣ ਤੋਂ ਅੱਗੇ ਤੋਰਦੀ, ਦਲੀਪ
ਸਿੰਘ ਦੇ ਚਰਿਤਰ (ਕਰੈਕਟਰ) ਨੂੰ ਫਿਲਮ ਵਿਚ ਅੱਗੇ ਵਧਾਉਂਦੀ ਵਖਾਉਂਦੀ ਹੈ। ਜਿਸ ਕਾਰਨ ਫਿਲਮ
ਦੀ ਸ਼ੁਰੂਆਤ ਵਿਚ ਦਲੀਪ ਸਿੰਘ ਦਾ ਚਿਤਰਨ ਸੰਵਾਦ (dialogue) ਦੀ ਘਾਟ ਅਤੇ ਮਾਨਸਿਕ ਤੌਰ ’ਤੇ ਦੱਬੇ ਵਿਆਕਤੀ
ਦੇ ਰੂਪ ਵਿਚ ਦਿਖਾਈ ਦੇਂਦਾ, ਫਿਲਮ ਦੇ ਵਿਕਾਸ ਨਾਲ ਸਮਰੱਥ, ਸਪੱਸ਼ਟ ਤੇ ਸਕ੍ਰਿਆਸ਼ੀਲ ਹੁੰਦਾ ਆਪਣੇ
ਅਸਤਿਤਵ ਦੀ ਨਿਸ਼ਾਨਦੇਈ ਕਰਦਾ ਪ੍ਰਤੀਤ ਹੁੰਦਾ ਹੈ। ਇਸ ਕਾਰਨ ਦਲੀਪ
ਸਿੰਘ ਦਾ ਪਾਤਰ ਫਿਲਮ ਵਿਚ ਪੂਰਵਵਾਦੀ-ਪ੍ਰਵਚਨ ਤੋਂ ਨਿਜਾਤ ‘ਸਵੈ-ਮੁਕਤੀ’ ਦੇ ਅਹਿਸਾਸ ਨਾਲ ਪਾਉਂਦਾ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਨ੍ਹਾਂ ਦਾ ਸੰਬੰਧ ਦਲੀਪ ਸਿੰਘ ਦੀ ਆਤਮ-ਪਰਕਤਾ ਨਾਲ ਹੋਣ ਦੇ ਨਾਲ-ਨਾਲ ਦਲੀਪ
ਸਿੰਘ ਦੀ ਸਰੀਰਕ-ਹੋਂਦ ਅਤੇ ਫਿਲਮ ਦੇ ਗਲਪੀ-ਜਗਤ/ਪੰਜਾਬ ਦੇ ਇਤਿਹਾਸਕ ਧਰਾਤਲ ਨਾਲ ਵੀ ਜੁੜਿਆ
ਹੋਇਆ ਹੈ। ਇਸ ਦੇ ਅੰਤਰਗਤ ਦਲੀਪ ਸਿੰਘ ਆਪਣੀ ਮਾਂ (ਮਹਾਰਾਣੀ ਜਿੰਦਾਂ) ਦੇ ਸੰਪਰਕ (ਕਲਕੱਤੇ ਵਿਚ
ਮੁਲਾਕਾਤ) ਦੁਆਰਾ ਇਤਿਹਾਸਕ/ਪਰੰਪਰਕ ਬੋਧ ਨਾਲ ਜੁੜਦਾ ਵਰਤਮਾਨ ਸਥਿਤੀ ਨੂੰ ਸਮਝਣ ਲਈ ਉਸ ਜਗਤ ਤੋਂ
ਵਿੱਥ ਸਥਾਪਿਤ ਕਰ ਲੈਂਦਾ ਹੈ, ਜਿਸ ਵਿਚ ਉਸ ਦੇ ‘ਪਛਾਣ’ ਦਾ ਨਿਰਮਾਣ ਹੋਇਆ ਹੈ। ਇਥੇ ਵਿਸ਼ੇਸ਼ ਨੁਕਤਾ
ਇਹ ਹੈ ਕਿ ਫਿਲਮ ਦੇ ਅਵਚੇਤਨੀ ਧਰਾਤਲ ’ਤੇ ਦਲੀਪ ਸਿੰਘ ਦਾ ਅਸਤਿਤਵ ਸਿਰਫ਼ ਵਿਅਕਤੀਵਾਦੀ ਨਹੀਂ, ਸਗੋਂ ਪੂਰਵਵਾਦੀ ਧਾਰਨਾ
ਅਧੀਨ ਸਿਰਜਤ ਸਮੁੱਚੀ ਸਿੱਖ ਕੌਮ ਦੀ ‘ਪਛਾਣ’ ਦੀ ਚਿੰਤਾ ਦੀ ਕਨਸੋਈਆਂ ਦੇਂਦਾ ਪ੍ਰਤੀ ਹੁੰਦਾ ਹੈ।
ਮਨੁੱਖੀ-ਹੋਂਦ ਅਪੂਰਨ, ਮਰਨਸ਼ੀਲ ਤੇ ਸੀਮਿਤ ਹੈ। ਆਪਣੀ ਹੋਂਦ ਦੀ ਇਸੇ ਸੀਮਾ ਕਾਰਨ ਹੀ ਮਨੁੱਖ ਨੂੰ ਸਮਾਜਿਕ,
ਆਰਥਿਕ ਤੇ ਰਾਜਨੀਤਿਕ ਸੰਘਰਸ਼ਾਂ ਵਿਚ ਸ਼ਾਮਿਲ ਹੋਣ ਦੀ
ਚੋਣ ਕਰਨੀ ਪੈਂਦੀ ਹੈ, ਜਿਹੜੀ ਚੋਣ ਹੋਰਨਾਂ ਸੰਭਾਵਿਤ ਚੋਣਾਂ/ਰਾਸਤਿਆਂ ਨੂੰ ਤਿਆਗ ਕੇ ਹੀ ਸੰਭਵ ਹੁੰਦੀ
ਹੈ। ਇਹ ਤਿਆਗ ਦੀ ਸੰਭਾਵਾਨਾ ਮਨੁੱਖੀ-ਸੁਤੰਤਰਤਾ ਉੱਤੇ ਬੰਧਨ ਲਗਾਉਂਦੀ ਹੋਈ, ਮਨੁੱਖੀ-ਮਨ ਵਿਚ
ਗੁਨਾਹ ਦਾ ਅਹਿਸਾਸ ਪੈਦਾ ਕਰਦੀ ਹੈ। ਦਲੀਪ ਸਿੰਘ ਵੀ ਸਮੁੱਚੀ ਫਿਲਮ ਵਿਚ ਇਸ ਗੁਨਾਹ ਦੇ ਅਹਿਸਾਸ ਵਿਚੋਂ ਗੁਜ਼ਰਦਾ ਦਿਖਾਈ
ਦੇਂਦਾ ਹੈ, ਜਿਸ ਤੋਂ ਮੁਕਤੀ ਦਲੀਪ ਸਿੰਘ ਪ੍ਰਸਥਿਤੀਆਂ/ਹੋਰਨਾਂ ਮਨੁੱਖਾਂ ਉੱਤੇ ਗੁਨਾਹ ਆਰੋਪਿਤ
ਕਰਨ ਦੀ ਬਜਾਇ ‘ਸਵੈ’ ਸੁਤੰਤਰਤਾ ਪ੍ਰਤੀ ਉੱਤਰਦਾਈ ਹੋਕੇ ਪਾਉਂਦਾ ਹੈ। ਇਸ ਕਾਰਨ ਹੀ ਦਲੀਪ ਸਿੰਘ ਦੀ ਪਹਿਲੀ
ਪਤਨੀ ਬਾਮਬਾ ਆਪਣੀ ਮੌਜੂਦਗੀ ਦੇ ਅਹਿਸਾਸ ਵਿਚੋਂ ‘ਚੁੱਪ ਦੇ ਸੰਬਾਦ’ (ਕੋਈ ਡਾਈਲੌਂਗ
ਨਹੀਂ ਬੋਲਦੀ) ਦੁਆਰਾ ਦਲੀਪ ਸਿੰਘ ਨੂੰ ਗੁਨਾਹ ਦਾ ਅਨੁਭਵ ਕਰਵਾਉਂਣਾ ਲੋਚਦੀ ਹੈ, ਜਿਸ ਦਾ
ਪ੍ਰਤੀਉੱਤਰ ਦਲੀਪ ਸਿੰਘ ਵੀ ਚੁੱਪ ਦੇ ਸੰਬਾਦ ਰਾਹੀਂ ਅਤੇ ਰਾਜ-ਪ੍ਰਾਪਤੀ ਲਈ ਕੀਤੇ ਕਾਰਜਾਂ ਦੁਆਰਾ
ਦੇਂਦਾ ਹੈ। ਦਲੀਪ ਸਿੰਘ ਦੇ ਚਰਿਤਰ ਦਾ ਇਹ ਪਾਸਾਰ
ਪਰੰਪਰਾ ਤੋਂ ਟੁੱਟਿਆ ਹੋਇਆ (ਇਸਾਈਮੱਤ ਗ੍ਰਹਿਣ ਕਰਨ ਕਾਰਨ) ਇੱਕਲੇ, ਨਿਰਾਸ਼ ਤੇ ਵਿਸੰਗਤੀ ਗ੍ਰਸਤ ਇਨਸਾਨ ਦੇ ਰੂਪ ਵਿਚ ਵੀ ਸਾਹਮਣੇ ਆਉਂਦਾ ਹੈ,
ਜੋ ਇਸ ਸੰਸਾਰ ਵਿਚ ਜੀਵਨ ਦੇ ਸਾਰਥਕ ਅਰਥ ਲੱਭਣ ਦੀ
ਕੋਸ਼ਿਸ਼ ਕਰਦਾ, ਆਪਣੀਆਂ ਅਸਮਰੱਥਾਵਾਂ/ਸੀਮਾਵਾਂ ਦੇ ਸਨਮੁੱਖ ਹੁੰਦਾ ਹੈ। ਇਹ ਅਸਮਰੱਥਾਵਾਂ/ਸੀਮਾਵਾਂ
ਹੀ ਦਲੀਪ ਸਿੰਘ ਦੇ ਜੀਵਨ ਦੇ ਦੁਖਾਂਤਕ ਹੋਣ ਦੇ ਅਹਿਸਾਸ ਨੂੰ ਪ੍ਰਬਲ ਕਰਦੀਆਂ ਹਨ। ਦਲੀਪ ਸਿੰਘ ਇਸ
ਦੁਖਾਂਤਕ ਅਹਿਸਾਸ ਨੂੰ ਸੁਖਾਂਤਕ ਵਿਚ ਤਬਦੀਲ ਕਰਨ ਲਈ ਦੁੱਖਾਂ ਦਾ ਖੰਡਨ ਕਰਨ ਦੀ ਬਜਾਇ ਇਕ ਬਿੰਦੂ
ਤੇ ਦੁੱਖਾਂ ਨੂੰ ਸੁੱਖਾਂ ਵਿਚ ਰੂਪਾਂਤ੍ਰਤ ਕਰਨਾ ਜ਼ਰੂਰੀ ਸਮਝਦਾ ਹੈ। ਇਸ ਲਈ ਦਲੀਪ ਸਿੰਘ ਨੂੰ ਸਿੱਖ-ਰਾਜ ਦੀ ਖੁਦਮੁਖ਼ਤਾਰੀ ਦੀ ਗੱਲ ਬਰਤਾਨਵੀ ਸਰਕਾਰ
ਅੱਗੇ ਰੱਖਦਾ ਹੈ, ਜੋ ਅੰਤ ਤੱਕ ਪੂਰ ਨਾ ਚੜਦੀ ਹੋਈ ਦੁਖਾਂਤਕ ਪ੍ਰਭਾਵ ਨੂੰ ਸਿਰਜਦੀ ਹੈ, ਜਿਸ ਨੂੰ
ਫਿਲਮ ਦਾ ਅਵਚੇਤਨੀ ਧਰਾਤਲ ਸਮੁੱਚੀ ਸਿੱਖ-ਕੌਮ ਦਾ ਦੁਖਾਂਤ ਬਣਉਣਾ ਲੋਚਦਾ ਹੈ।
ਭਾਵੇਂ ‘ਬਲੈਕ ਪ੍ਰਿੰਸ’ ਅਵਚੇਤਨੀ ਸਪੇਸ
ਉੱਤੇ ਸਿੱਖ-ਪਛਾਣ ਨੂੰ ਸਿੱਖ-ਅਸਿਤਤਵ ਵਿਚ ਪਰਿਵਰਤਤ ਕਰਨ ਦੀ ਕੋਸ਼ਿਸ਼ ਕਰਨ ਦਾ ਯਤਨ ਕਰਨ ਵਾਲੀ
ਫਿਲਮ ਹੈ। ਪ੍ਰੰਤੂ ਨੇਸ਼ਨ-ਸਟੇਟ ਦੀ ਧਾਰਨਾ ਅਧੀਨ ਸਿਰਜਤ ਸਿੱਖ-ਪਛਾਣ ਦੀ ਧਾਰਨਾ ਤੋਂ ਮੁਕਤ
ਸਿੱਖ-ਅਸਿਤਤਵ ਦੀ ਧਾਰਨਾ ਤੱਕ ਇਹ ਫਿਲਮ ਨਹੀਂ ਪਹੁੰਚ ਸਕੀ ਹੈ। ਇਸ ਧਾਰਨਾ ਅਧੀਨ ਬਲੈਕ-ਪ੍ਰਿੰਸ ਜਿੱਥੇ ਆਪਣੇ
ਅੰਤ ਤੋਂ ਪਹਿਲਾ ਤੱਕ ਸਿੱਖ-ਰਾਜ ਦੇ ਵਿਗੋਚੇ ਅਤੇ ਅਧੋਗਤੀ ਵਿਚ ਭਵਿੱਖ ਲਈ ਇਸ ਦੀਆਂ ਸੰਭਾਨਾਵਾਂ
ਨੂੰ ਸਿਰਜਦੀ ਸਿੱਖ-ਅਸਿਤਤਵ ਨੂੰ ਤਲਾਸਦੀ ਨਜ਼ਰੀ ਪੈਂਦੀ ਹੈ, ਉੱਥੇ ਅੰਤ ਤੱਕ ਪਹੁੰਚੇ ਹੋਏ ਇਹ
ਫਿਲਮ ਨੇਸ਼ਨ-ਸਟੇਟ ਦੀ ਧਾਰਨਾ ਦੇ ਅੰਤਰਗਤ ਪ੍ਰਤੀਰੋਧੀ-ਦ੍ਰਿਸ਼ਟੀ ਤੋਂ ਸੁਚੇਤ ਵਿੱਥ ਸਥਾਪਿਤ ਕਰਦੀ
ਹੋਈ, ਸਿੱਖ-ਅਸਿਤਤਵ ਨੂੰ ਭਾਰਤੀ ਸਿੱਖ-ਪਛਾਣ ਨਾਲ ਹੀ ਰਲਗੱਡ ਕਰਦੀ ਹੈ। ਇਸ ਰੱਲਗੱਡ ਦੇ ਅੰਤਰਗਤ ‘ਬਲੈਕ ਪ੍ਰਿੰਸ’ ਭਾਰਤੀ ਆਜ਼ਾਦੀ
ਨੂੰ ਸਿੱਖ ਰਾਜ ਦੀ ਸਥਾਪਨਾ ਦਾ ਪ੍ਰਭਾਵ ਸਿਰਜਦੀ, ਫਿਲਮ ਦੇ ਪਹਿਲੇ ਮੱਧ ਤੱਕ ਸਿੱਖ-ਰਾਜ ਨੂੰ
ਖਾਸਲਾ ਰਾਜ ਦੇ ਸੰਕਲਪ/ਸੁਪਨੇ ਨਾਲ ਜੋੜਦੀ ਨਜ਼ਰੀ ਪੈਂਦੀ ਹੈ। ਫਿਲਮ ਦੀ ਇਸ ਵਿਚਾਰਧਾਰਕ ਸਿਫ਼ਟ ਦਾ
ਇਕ ਕਾਰਨ ਨੇਸ਼ਨ-ਸਟੇਟ ਦੀਆਂ ਬੰਦਸ਼ਾਂ ਹੋ ਸਕਦੀਆਂ ਹਨ, ਜਿਸ ਕਾਰਨ ‘ਬਲੈਕ ਪ੍ਰਿੰਸ’ ਸਿੱਖ-ਅਸਤਿਤਵ ਦੀ
ਗੱਲ ਸ਼ੁਰੂ ਕਰਦੀ ਹੋਈ, ਭਾਰਤੀ ਸਿੱਖ-ਪਛਾਣ ਤੱਕ ਪਹੁੰਚਦੀ ਵਿਖਾਈ ਦਿੰਦੀ ਹੈ (ਜਿਸ ਨੂੰ ਫਿਲਮ ‘ਹੈਦਰ’ ਕਸ਼ਮੀਰ ਦੇ
ਪ੍ਰਸੰਗ ਵਿਚ ਵਧੇਰੇ ਸਤੁੰਲਿਤ ਰੂਪ ਵਿਚ ਪੇਸ਼ ਕਰਨ ਵਿਚ ਸਫ਼ਲ ਰਹੀ ਸੀ)।
‘ਬਲੈਕ ਪ੍ਰਿੰਸ’ ਸਿੱਖ-ਇਤਿਹਾਸ ਦੇ ਇਕ ਅਹਿਮ ਦੌਰ ਨੂੰ ਆਪਣੇ ਵਸਤੂ ਵਜੋਂ ਗ੍ਰਹਿਣ ਕਰਦੀ, ਸਿੱਖ ਅਸਤਿਤਵ
ਦੀ ਪੁਨਰ-ਸੁਰਜੀਤੀ ਕਾਰਨ ਪ੍ਰਵਚਨ ਸਥਾਪਿਤ ਕਰਨ ਦਾ ਯਤਨ ਕਰਦੀ ਹੈ। ਪ੍ਰੰਤੂ ਦੌਰ ਦੇ ਪਰੀਦ੍ਰਿਸ਼
ਨੂੰ ਸਿਰਜਨ ਵਿਚ ਸਫ਼ਲਤਾ ਹਾਸਲ ਕਰਨ ਦੇ ਬਾਵਜੂਦ ‘ਬਲੈਕ ਪ੍ਰਿੰਸ’
ਬੌਧਿਕ-ਸੰਘਣੇਪਨ ਵਿਚੋਂ ਬਾਹਰ ਨਹੀਂ ਆ ਪਾਉਂਦੀ ਅਤੇ ਵਧੇਰੇ ਭਾਵਪੂਰਨ ਦ੍ਰਿਸ਼ (ਦਲੀਪ ਸਿੰਘ ਦਾ
ਮਹਾਰਾਣੀ ਜਿੰਦਾਂ ਨੂੰ ਲੰਬੇ ਵਕਫ਼ੇ ਬਾਅਦ ਮਿਲਣਾ ਦਾ ਦ੍ਰਿਸ਼) ਵੀ ਮਾਨਵੀ-ਸੰਵੇਦਨਾ ਤੋਂ ਵਿਹੂਣਾ
ਰਹਿ ਜਾਂਦਾ ਹੈ। ਇਸ ਕਾਰਨ ਹੀ ‘ਬਲੈਕ ਪ੍ਰਿੰਸ’ ਸਤੱਹੀ ਚੇਤਨਧਾਰੀ ਪੰਜਾਬੀ ਦਰਸ਼ਕ ਨੂੰ ਆਪਣੇ ਅਸਤਿਤਵ ਨਾਲ ਜੋੜਨ ਤੋਂ ਨਾਦਾਰਤ
ਰਹਿੰਦੀ ਹੈ ਅਤੇ ਦਲੀਪ ਸਿੰਘ ਦਾ ਚਰਿੱਤਰ ਅਸਤਿਤਵ ਦੀ ਤਾਲਸ਼ ਵਿਚ ਭਟਕਦਾ ਹੋਇਆ ਪੰਜਾਬੀ, ਦਰਸ਼ਕ
ਨਹੀਂ ਮਜ਼ਾਕ ਦਾ ਪਾਤਰ ਬਣਦਾ ਹੈ। ਪ੍ਰੰਤੂ ਬਣਤਰ ਦੀਆਂ ਵਿਸੰਗਤੀਆਂ ਦੇ ਬਾਵਜੂਦ ਵੀ ‘ਬਲੈਕ
ਪ੍ਰਿੰਸ’ ਪੰਜਾਬੀ ਇਤਿਹਾਸ ਨੂੰ ਵਿਸ਼ਵ-ਪੱਧਰ ਉੱਤੇ ਪਛਾਣ ਦੇਣ ਵਿਚ ਸਫ਼ਲ ਤੇ ਸਾਰਥਕ ਯਤਨ ਹੈ,
ਜੋ ਪੰਜਾਬੀ ਪਛਾਣ ਨੂੰ ਪੂਨਰ-ਪਰਿਭਾਸ਼ਤ ਕਰਨ ਦੀਆਂ ਕਨਸੋਈ ਦਿੰਦਾ ਹੋਇਆ, ਪੰਜਾਬੀ ਅਸਤਿਤਵ ਨੂੰ
ਤਲਾਸ਼ਣ ਦਾ ਮਾਰਗ ਦੱਸਦਾ ਹੈ।